ਨੇਪਾਲ: ਕਾਠਮੰਡੂ ਹਵਾਈ ਹਾਦਸੇ ਦੇ ਕਾਰਨ ਬਾਰੇ ਮੁੱਢਲੀ ਜਾਂਚ ਦੌਰਾਨ ਕੀ ਪਤਾ ਲੱਗਿਆ, 18 ਮੌਤਾਂ ਦੀ ਪੁਸ਼ਟੀ

ਨੇਪਾਲ ਹਵਾਈ ਹਾਦਸਾ

ਤਸਵੀਰ ਸਰੋਤ, BBC

ਤਸਵੀਰ ਕੈਪਸ਼ਨ, ਦੁਰਘਟਨਾ ਤੋਂ ਬਾਅਦ ਪਾਇਲਟ ਨੂੰ ਹਵਾਈ ਜਹਾਜ਼ ਵਿੱਚੋਂ ਜਲਦੇ ਹੋਏ ਬਾਹਰ ਕੱਢ ਲਿਆ ਗਿਆ

ਨੇਪਾਲ ਦੀ ਰਾਜਧਾਨੀ ਕਾਠਮੰਡੂ ਵਿੱਚ ਤ੍ਰਿਭੁਵਨ ਕੌਮਾਂਤਰੀ ਏਅਰਪੋਰਟ ਉੱਤੇ ਬੁੱਧਵਾਰ ਸਵੇਰੇ ਹਾਦਸਾ ਹੋਇਆ ਹੈ। ਹਾਦਸੇ ਵਿੱਚ 18 ਲੋਕਾਂ ਦੀ ਮੌਤਾਂ ਦੀ ਪੁਸ਼ਟੀ ਹੋਈ ਹੈ।

ਪੁਲਿਸ ਦੇ ਬੁਲਾਰੇ ਦਾਨ ਬਹਾਦੁਰ ਕਾਰਕੀ ਨੇ ਬੀਬੀਸੀ ਨੂੰ ਦੱਸਿਆ ਕਿ ਪਾਇਲਟ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਦੁਰਘਟਨਾ ਵਾਲੀ ਥਾਂ ਤੋਂ 18 ਲੋਕਾਂ ਦੀਆਂ ਲਾਸ਼ਾਂ ਮਿਲ ਚੁੱਕੀਆਂ ਹਨ।

ਸੌਰਯਾ ਏਅਰਲਾਈਨਜ਼ ਦੇ ਇਸ ਹਵਾਈ ਜਹਾਜ਼ ਵਿੱਚ ਕੰਪਨੀ ਦੇ ਹੀ 17 ਮੁਲਾਜ਼ਮਾਂ ਸਮੇਤ 2 ਕਰੂ ਦੇ ਮੈਂਬਰ ਸਵਾਰ ਸਨ।

ਕਾਠਮੰਡੂ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਹਵਾਈ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੀ ਜਾਣਕਾਰੀ ਸਵੇਰ ਸਵਾ ਗਿਆਰਾਂ ਵਜੇ ਮਿਲੀ। ਪਾਇਲਟ ਨੂੰ ਸੜਦੇ ਹੋਏ ਹਵਾਈ ਜਹਾਜ਼ ਵਿੱਚੋਂ ਕੱਢ ਲਿਆ ਗਿਆ ਹੈ।

ਬੀਬੀਸੀ ਪੰਜਾਬੀ ਦਾ ਵੱਟਸਐਪ ਚੈਨਲ

ਤਸਵੀਰ ਸਰੋਤ, BBC

ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਪਾਇਲਟ ਨੂੰ ਨੇੜਲੇ ਹਸਪਤਾਲ ਭਰਤੀ ਕਰਵਾਇਆ ਗਿਆ ਹੈ।

ਏਅਰਲਾਈਨ ਕੰਪਨੀ ਦੇ ਅਧਿਕਾਰੀ ਨੇ ਬੀਬੀਸੀ ਨੇਪਾਲੀ ਸੇਵਾ ਨੂੰ ਦੱਸਿਆ ਕਿ ਜਹਾਜ਼ ਮੁਰੰਮਤ ਦੌਰਾਨ ਚੈਕਿੰਗ ਕੀਤੀ ਜਾ ਰਹੀ ਸੀ।

ਹਵਾਈ ਜਹਾਜ਼ ਕਾਠਮੰਡੂ ਦੇ ਤ੍ਰਿਭੁਵਨ ਏਅਰਪੋਰਟ ਉੱਤੇ ਪੋਖ਼ਰਾ ਦੇ ਲਈ ਉਡਾਣ ਭਰਨ ਦੇ ਦੌਰਾਨ ਹਾਦਸਾਗ੍ਰਸਤ ਹੋਇਆ ਹੈ।

ਹਾਦਸੇ ਦੀ ਵਜ੍ਹਾ ਬਾਰੇ ਕੀ ਪਤਾ ਲੱਗਿਆ

ਨੇਪਾਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਤ੍ਰਿਭੁਵਨ ਹਵਾਈ ਅੱਡੇ ਦੇ ਪ੍ਰਮੁੱਖ ਨੇ ਕਿਹਾ ਹਵਾਈ ਜਹਾਜ਼ ਨੇ ਗਲਤ ਮੋੜ ਲੈ ਲਿਆ ਸੀ।

ਤ੍ਰਿਭੁਵਨ ਹਵਾਈ ਅੱਡੇ ਉੱਤੇ ਹੋਏ ਹਾਦਸੇ ਦੀ ਵਜ੍ਹਾ ਬਾਰੇ ਕੁਝ ਮੁੱਢਲੀ ਜਾਣਕਾਰੀ ਸਾਹਮਣੇ ਆ ਰਹੀ ਹੈ।

ਬੀਬੀਸੀ ਨੇਪਾਲੀ ਸੇਵਾ ਦੇ ਮੁਤਾਬਕ, ਤ੍ਰਿਭੁਵਨ ਹਵਾਈ ਅੱਡੇ ਦੇ ਪ੍ਰਮੁੱਖ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਿਆ ਹੈ ਕਿ ਕਾਠਮੰਡੂ ਤੋਂ ਪੋਖਰਾ ਵੱਲ ਜਾਣ ਵਾਲੇ ਇਸ ਹਵਾਈ ਜਹਾਜ਼ ਨੇ ਗਲਤ ਮੋੜ ਕੱਟ ਲਿਆ ਸੀ।

ਹਵਾਈ ਅੱਡੇ ਦੇ ਮੁਖੀ ਜਗਨਨਾਥ ਨਿਰੌਲਾ ਨੇ ਬੀਬੀਸੀ ਨੇਪਾਲੀ ਸੇਵਾ ਨੂੰ ਕਿਹਾ, “ਉਡਾਣ ਭਰਦੇ ਹੀ ਜਹਾਜ਼ ਸੱਜੇ ਪਾਸੇ ਮੁੜ ਗਿਆ ਜਦਕਿ ਇਸ ਨੇ ਖੱਬੇ ਪਾਸੇ ਮੁੜਨਾ ਸੀ”।

“ਹਾਦਸੇ ਦੀ ਵਜ੍ਹਾ ਦੇ ਬਾਰੇ ਵਿੱਚ ਪੂਰੀ ਜਾਂਚ ਦੇ ਬਾਅਦ ਪਤਾ ਲੱਗ ਸਕੇਗਾ। ਹਾਦਸਾ ਉਡਾਣ ਭਰਨ ਦੇ ਇੱਕ ਮਿੰਟ ਦੇ ਅੰਦਰ ਹੀ ਹੋ ਗਿਆ”।

ਨੇਪਾਲ ’ਚ ਹਵਾਈ ਹਾਦਸਿਆਂ ਬਾਰੇ ਮਾਹਿਰਾਂ ਦੀ ਰਾਇ

ਤ੍ਰਿਭੁਵਨ ਕੌਮਾਂਤਰੀ ਏਅਰਪੋਰਟ
ਤਸਵੀਰ ਕੈਪਸ਼ਨ, ਤ੍ਰਿਭੁਵਨ ਕੌਮਾਂਤਰੀ ਏਅਰਪੋਰਟ ਉੱਤੇ ਹਾਦਸਾ ਵਾਪਰਿਆ

ਜਨਵਰੀ 2023 ਵਿੱਚ ਵੀ ਨੇਪਾਲ ਵਿੱਚ ਵੱਡਾ ਹਵਾਈ ਹਾਦਸਾ ਹੋਇਆ ਸੀ, ਜਿਸ ਵਿੱਚ 69 ਜਾਨਾਂ ਗਈਆਂ ਸਨ।

ਜਹਾਜ਼ ਨੇ ਪੋਖ਼ਰਾ ਲਈ ਕਾਠਮੰਡੂ ਤੋਂ ਉਡਾਨ ਭਰੀ ਸੀ ਅਤੇ ਲੈਂਡਿੰਗ ਤੋਂ ਐਨ ਪਹਿਲਾਂ ਇਹ ਹਾਦਸਾਗ੍ਰਸਤ ਹੋ ਗਿਆ ਸੀ।

ਬੀਬੀਸੀ ਨੇ ਉਸ ਵੇਲੇ ਨੇਪਾਲ ਵਿੱਚ ਲਗਾਤਾਰ ਹੁੰਦੇ ਹਵਾਈ ਹਾਦਸਿਆਂ ਬਾਰੇ ਮਾਹਰਿਆਂ ਨਾਲ ਗੱਲਬਾਤ ਕੀਤੀ ਸੀ।

ਮਾਹਿਰਾਂ ਦਾ ਕਹਿਣਾ ਸੀ ਕਿ ਇਹਨਾਂ ਹਾਦਸਿਆਂ ਦੇ ਕਈ ਕਾਰਨ ਹੋ ਸਕਦੇ ਹਨ।

ਬੀਬੀਸੀ ਨਾਲ ਗੱਲ ਕਰਦਿਆਂ ਇਸ ਖੇਤਰ ਦਾ ਮਾਹਿਰ ਕੁਮਾਰ ਚਾਲੀਸੇ ਨੇ ਕਿਹਾ ਸੀ, “ਕਰੀਬ 90 ਫ਼ੀਸਦੀ ਹਵਾਈ ਹਾਦਸਿਆਂ ਵਿੱਚ ਲਾਪ੍ਰਵਾਹੀ ਹੀ ਮੁੱਖ ਕਾਰਨ ਹੁੰਦੀ ਹੈ।”

ਉਨ੍ਹਾਂ ਕਿਹਾ, “ਉਡਾਨ ਲਈ ਕਿੱਤੇ ਦੀ ਗੰਭੀਰਤਾਂ ਨੂੰ ਲੈ ਕੇ ਅਸੀਂ ਸੱਚੀਂ ਜਿੰਮੇਵਾਰੀ ਨੂੰ ਸੰਭਾਲ ਨਹੀਂ ਪਾ ਰਹੇ।”

“ਸਾਡੇ ਇਲਾਕੇ ਵਿੱਚ ਕਈ ਵਿਦੇਸ਼ੀ ਪਾਇਲਟ ਹੈਲੀਕਾਪਟਰ ਚਲਾਉਂਦੇ ਹਨ। ਸਵਾਲ ਹੈ ਕਿ ਸਾਡੇ ਜਹਾਜ਼ਾਂ ਦੇ ਜਿਆਦਾ ਹਾਸਦੇ ਕਿਉਂ ਹੁੰਦੇ ਹਨ?”

ਸਾਬਕਾ ਪਾਇਲਟ ਪਰਚੰਡਾ ਜੰਗ ਸ਼ਾਹ ਇਹਨਾਂ ਹਾਦਸਿਆਂ ਲਈ ਪਾਇਲਟਾਂ ਉਪਰ ਦਬਾਅ ਨੂੰ ਵੀ ਇੱਕ ਕਾਰਨ ਮੰਨਦੇ ਹਨ।

ਉਨ੍ਹਾਂ ਕਿਹਾ, “ਸਾਡੇ ਦਬਾਅ ਵਾਲਾ ਸੱਭਿਆਚਾਰ ਹੈ। ਇਸ ਕਾਰਨ ਸਾਨੂੰ ਹਾਦਸੇ ਦੇਖਣ ਨੂੰ ਮਿਲਦੇ ਹਨ।”

“ਨੇਪਾਲ ਵਰਗੇ ਦੇਸ ਦੀ ਭਗੋਲਿਕ ਸਥਿਤੀ ਨੂੰ ਦੇਖਦੇ ਹੋਏ ਹੋਰ ਵੀ ਸਾਵਧਾਨੀਆਂ ਵਰਤਣ ਦੀ ਲੋੜ ਹੈ। ਅਜਿਹੇ ਵਿੱਚ ਹੋਰ ਵੀ ਨਿਯਮਾਂ ਦੀ ਪਾਲਣਾ ਹੋਣੀ ਚਾਹੀਦੀ ਹੈ।”

ਨੇਪਾਲ ਵਿੱਚ ਹੋਏ ਕੁਝ ਵੱਡੇ ਜਹਾਜ਼ ਹਾਦਸੇ

ਨੇਪਾਲ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਜਨਵਰੀ 2023 ਵਿੱਚ ਯੇਤੀ ਏਅਰਲਾਈਨਜ਼ ਦਾ ਜਹਾਜ਼ ਅੱਗ ਲੱਗਣ ਕਾਰਨ ਪੂਰੀ ਤਰ੍ਹਾਂ ਸੜ ਗਿਆ ਸੀ
  • ਜਨਵਰੀ 2023: ਨੇਪਾਲ ਦੇ ਪੋਖ਼ਰਾ ਕੌਮਾਂਤਰੀ ਹਵਾਈ ਅੱਡੇ ਦੇ ਨੇੜੇ ਯਤੀ ਏਅਰਲਾਇਨਜ਼ ਦਾ ਇੱਕ ਜਹਾਜ਼ ਐਤਵਾਰ ਨੂੰ ਹਾਦਸਾ ਗ੍ਰਸਤ ਹੋ ਗਿਆ ਸੀ ਅਤੇ 69 ਲੋਕਾਂ ਦੀ ਮੌਤ ਹੋਈ ਸੀ।
  • ਮਈ 2022 - ਪੋਖਰਾ ਤੋਂ ਜੋਮਸੋਮ ਜਾ ਰਹੇ ਯਾਤਰੀ ਹਵਾਈ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ 22 ਲੋਕਾਂ ਦੀ ਮੌਤ ਹੋ ਗਈ ਸੀ।
  • ਅਪ੍ਰੈਲ 2019 - ਸੋਲੁਖੁੰਬੂ ਜ਼ਿਲੇ ਦੇ ਲੁਕਲਾ ਹਵਾਈ ਅੱਡੇ 'ਤੇ ਰਨਵੇ ਨੇੜੇ ਸਮਿਟ ਏਅਰ ਦਾ ਜਹਾਜ਼ ਦੋ ਹੈਲੀਕਾਪਟਰਾਂ ਨਾਲ ਟਕਰਾਉਣ ਕਾਰਨ ਘੱਟੋ-ਘੱਟ ਤਿੰਨ ਲੋਕਾਂ ਦੀ ਮੌਤ ਹੋਈ।
  • ਫਰਵਰੀ 2019 - ਤਪਲੇਜੰਗ ਵਿੱਚ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋਣ ਕਾਰਨ ਤਤਕਾਲੀ ਸੱਭਿਆਚਾਰ, ਸੈਰ ਸਪਾਟਾ ਅਤੇ ਸ਼ਹਿਰੀ ਹਵਾਬਾਜ਼ੀ ਮੰਤਰੀ ਰਬਿੰਦਰ ਅਧਿਕਾਰੀ ਸਮੇਤ ਸੱਤ ਲੋਕਾਂ ਦੀ ਮੌਤ ਹੋਈ।
  • ਸਤੰਬਰ 2018 - ਗੋਰਖਾ ਤੋਂ ਕਾਠਮਾਂਡੂ ਆ ਰਿਹਾ ਇੱਕ ਹੈਲੀਕਾਪਟਰ ਜੰਗਲ ਵਿੱਚ ਹਾਦਸਾਗ੍ਰਸਤ ਹੋਣ ਕਾਰਨ ਇੱਕ ਜਾਪਾਨੀ ਸੈਲਾਨੀ ਅਤੇ ਪੰਜ ਹੋਰ ਦੀ ਮੌਤ ਹੋ ਗਈ ਸੀ।
  • ਮਾਰਚ 2018 - ਬੰਗਲਾਦੇਸ਼ ਤੋਂ ਨੇਪਾਲ ਜਾਣ ਵਾਲੀ ਯੂਐਸ-ਬੰਗਲਾ ਏਅਰਲਾਈਨਜ਼ ਦਾ ਜਹਾਜ਼ ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਹਾਦਸਾਗ੍ਰਸਤ ਹੋਇਆ ਤੇ 51 ਲੋਕਾਂ ਦੀ ਜਾਨ ਚਲੀ ਗਈ।
  • ਫਰਵਰੀ 2016 - ਪੋਖਰਾ ਤੋਂ ਜੋਮਸੋਮ ਜਾ ਰਹੀ ਤਾਰਾ ਏਅਰ ਦਾ ਜਹਾਜ਼ ਹਾਦਸਾਗ੍ਰਸਤ ਹੋਇਆ ਤੇ 23 ਲੋਕਾਂ ਦੀ ਮੌਤ ਹੋ ਗਈ।
  • ਮਈ 2015 - ਭੂਚਾਲ ਮਗਰੋਂ ਰਾਹਤ ਕਾਰਜਾਂ ਵਿੱਚ ਲੱਗਿਆ ਅਮਰੀਕੀ ਫੌਜ ਦਾ ਹੈਲੀਕਾਪਟਰ ਚਰੀਕੋਟ ਨੇੜੇ ਹਾਦਸਾਗ੍ਰਸਤ ਹੋਇਆ, ਜਿਸ 'ਚ ਛੇ ਅਮਰੀਕੀ ਫੌਜੀ, ਦੋ ਨੇਪਾਲੀ ਫੌਜ ਅਧਿਕਾਰੀ ਅਤੇ ਪੰਜ ਨਾਗਰਿਕ ਮਾਰੇ ਗਏ
  • ਜੂਨ 2015 - ਭੂਚਾਲ ਰਾਹਤ ਕਾਰਜਾਂ 'ਚ ਹੀ ਲੱਗਿਆ ਇੱਕ ਹੋਰ ਹੈਲੀਕਾਪਟਰ ਹਾਦਸਾਗ੍ਰਸਤ ਹੋਣ ਕਾਰਨ ਚਾਰ ਲੋਕਾਂ ਦੀ ਮੌਤ ਹੋਈ।
  • ਫਰਵਰੀ 2014 - ਪੋਖਰਾ ਤੋਂ ਜੁਮਲਾ ਜਾ ਰਿਹਾ ਨੇਪਾਲ ਏਅਰਲਾਈਨਜ਼ ਕਾਰਪੋਰੇਸ਼ਨ ਦਾ ਜਹਾਜ਼ ਅਰਘਾਖਾਂਚੀ ਵਿੱਚ ਹਾਦਸਾਗ੍ਰਸਤ ਹੋਣ ਕਾਰਨ 18 ਲੋਕਾਂ ਦੀ ਜਾਨ ਚਲੀ ਗਈ ਸੀ।
  • ਸਤੰਬਰ 2012 - ਕਾਠਮਾਂਡੂ ਤੋਂ ਲੁਕਲਾ ਜਾ ਰਿਹਾ ਸੀਤਾ ਏਅਰ ਦਾ ਜਹਾਜ਼ ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡੇ ਨੇੜੇ ਹਾਦਸਾਗ੍ਰਸਤ ਹੋਇਆ ਤੇ ਇਸ 'ਚ ਸਵਾਰ ਸਾਰੇ 19 ਲੋਕ ਮਾਰੇ ਗਏ।
  • ਮਈ 2012 - ਭਾਰਤੀ ਸ਼ਰਧਾਲੂਆਂ ਨੂੰ ਪੋਖਰਾ ਤੋਂ ਜੋਮਸੋਮ ਲੈ ਕੇ ਜਾ ਰਿਹਾ ਅਗਨੀ ਏਅਰ ਦਾ ਜਹਾਜ਼ ਜੋਮਸੋਮ ਹਵਾਈ ਅੱਡੇ ਨੇੜੇ ਹਾਦਸਾਗ੍ਰਸਤ ਹੋਇਆ ਤੇ 19 ਲੋਕਾਂ ਦੀ ਜਾਨ ਚਲੀ ਗਈ।
  • ਸਤੰਬਰ 2011 - ਕਾਠਮਾਂਡੂ ਨੇੜੇ ਕੋਟਡੰਡਾ ਵਿੱਚ ਜਹਾਜ਼ ਹਾਦਸੇ 'ਚ ਨੇਪਾਲੀ, ਭਾਰਤੀ ਅਤੇ ਹੋਰ ਦੇਸ਼ਾਂ ਦੇ ਕੁੱਲ 14 ਲੋਕਾਂ ਦੀ ਮੌਤ ਹੋ ਗਈ ਸੀ।
  • ਦਸੰਬਰ 2010 - 19 ਯਾਤਰੀਆਂ ਅਤੇ ਤਿੰਨ ਚਾਲਕ ਦਲ ਦੇ ਮੈਂਬਰਾਂ ਦੀ ਉਸ ਵੇਲੇ ਮੌਤ ਹੋ ਗਈ ਜਦੋਂ ਲਾਮੀਡਾਂਡਾ ਤੋਂ ਕਾਠਮਾਂਡੂ ਜਾ ਰਿਹਾ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ।
  • ਅਗਸਤ 2010 – ਕਾਠਮਾਂਡੂ ਤੋਂ ਲੁਕਲਾ ਜਾ ਰਿਹਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋਇਆ ਤੇ 14 ਲੋਕਾਂ ਦੀ ਮੌਤ ਹੋ ਗਈ ਸੀ।
  • ਅਕਤੂਬਰ 2008 - ਲੁਕਲਾ ਹਵਾਈ ਅੱਡੇ 'ਤੇ ਲੈਂਡਿੰਗ ਦੌਰਾਨ ਹੋਏ ਇੱਕ ਹਾਦਸੇ ਵਿੱਚ 18 ਲੋਕ ਮਾਰੇ ਗਏ ਸਨ।
  • ਸਤੰਬਰ 2006 - ਸੰਖੂਵਾਸਭਾ ਦੇ ਘੁੰਸਾ ਵਿੱਚ ਸ੍ਰੀ ਏਅਰ ਦਾ ਹੈਲੀਕਾਪਟਰ ਹਾਦਸਾਗ੍ਰਸਤ ਹੋਣ ਨਾਲ 24 ਲੋਕਾਂ ਦੀ ਮੌਤ ਹੋ ਗਈ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)