ਨੇਪਾਲ ਹਵਾਈ ਹਾਦਸਾ: ਬਲੈਕ ਬਾਕਸ ਕੀ ਹੁੰਦਾ ਹੈ ਤੇ ਹਾਦਸੇ ਲਈ ਜ਼ਿੰਮੇਵਾਰ ਚੀਜ਼ਾਂ ਬਾਰੇ ਕਿਵੇਂ ਦੱਸਦਾ ਹੈ

ਨੇਪਾਲ ਹਵਾਈ ਹਾਦਸਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

ਨੇਪਾਲ ਵਿੱਚ ਹਾਦਸੇ ਦਾ ਸ਼ਿਕਾਰ ਹੋਏ ਹਵਾਈ ਜਹਾਜ਼ ਦੇ ਜਿਸ ਬਲੈਕ ਬਾਕਸ ਦਾ ਜਾਂਚ ਕਮੇਟੀ ਨੂੰ ਇੰਤਜ਼ਾਰ ਸੀ, ਉਹ ਬਲੈਕ ਬਾਕਸ ਸੋਮਵਾਰ ਨੂੰ ਮਿਲ ਗਿਆ।

ਇਹ ਬਲੈਕ ਬਾਕਸ ਘਟਨਾ ਵਾਲੀ ਥਾਂ ਤੋਂ ਮਿਲਿਆ ਹੈ।

ਸ਼ਹਿਰੀ ਹਵਾਬਾਜ਼ੀ ਅਥਾਰਟੀ ਦੇ ਬੁਲਾਰੇ ਜਗਨਨਾਥ ਨਿਰੌਲਾ ਨੇ ਦੱਸਿਆ ਕਿ ਹਾਦਸੇ ਦਾ ਸ਼ਿਕਾਰ ਹੋਏ ਯੇਤੀ ਏਅਰਲਾਈਨਜ਼ ਦੇ ਮਲਬੇ ਵਿੱਚੋਂ ਬਲੈਕ ਬਾਕਸ ਮਿਲਿਆ ਹੈ।

ਉਨ੍ਹਾਂ ਕਿਹਾ, “ਜਹਾਜ਼ ਦਾ ਬਲੈਕ ਬਾਕਸ ਮਿਲ ਗਿਆ ਹੈ। ਜਹਾਜ਼ ਦਾ ਪਿਛਲਾ ਪਾਸਾ ਕੱਲ੍ਹ ਨਹੀਂ ਮਿਲ ਸਕਿਆ ਸੀ ਪਰ ਸੋਮਵਾਰ ਇਸ ਨੂੰ ਲੱਭ ਲਿਆ ਗਿਆ।”

ਇਸ ਨਾਲ ਹਵਾਈ ਹਾਦਸੇ ਦਾ ਪਤਾ ਲਗਾਉਣ ਵਿੱਚ ਮਦਦ ਮਿਲੇਗੀ।

ਅਧਿਕਾਰੀਆਂ ਮੁਤਾਬਕ ਉਹ ਐਤਵਾਰ ਨੂੰ ਦੇਰ ਰਾਤ ਤੱਕ ਲਾਪਤਾ ਲੋਕਾਂ ਨੂੰ ਭਾਲਦੇ ਰਹੇ ਅਤੇ ਹੁਣ ਤੱਕ 68 ਲੋਕਾਂ ਦੀਆਂ ਲਾਸ਼ਾਂ ਨੂੰ ਕੱਢ ਲਿਆ ਗਿਆ ਹੈ।

ਹਾਲਾਂਕਿ 4 ਲਾਸ਼ਾਂ ਨੂੰ ਲੱਭਣ ਦੀ ਕੋਸਿਸ਼ ਕੀਤੀ ਜਾ ਰਹੀ ਹੈ।

ਬਲੈਕ ਬਾਕਸ ਜਹਾਜ਼ ਦੇ ਪਿਛਲੇ ਹਿੱਸੇ ਵਿੱਚ ਲੱਗਾ ਹੁੰਦਾ ਹੈ।

ਜਾਂਚ ਕਮੇਟੀ ਦੇ ਮੈਂਬਰ ਸਕੱਤਰ ਬੁੱਧੀਸਾਗਰ ਲਾਮਿਛਾਨੇ ਨੇ ਬੀਬੀਸੀ ਨੇਪਾਲੀ ਨੂੰ ਕਿਹਾ, “ਬਲੈਕ ਬਾਕਸ ਦੱਸਦਾ ਹੈ ਕਿ ਹਾਦਸੇ ਤੋਂ ਪਹਿਲਾਂ ਜਹਾਜ਼ ਕਿਸ ਸਥਿਤੀ ਵਿੱਚ ਸੀ, ਜਹਾਜ਼ ਦੇ ਕਿਸ ਹਿੱਸੇ ਦਾ ਕੀ ਸੰਕੇਤ ਸੀ? ਕੀ ਹਾਦਸਾ ਅਚਾਨਕ ਹੋਈ ਕਿਸੇ ਗੜਬੜੀ ਕਾਰਨ ਹੋਇਆ ਹੈ? ਇਸ ਤੋਂ ਪਤਾਂ ਲੱਗੇਗਾ ਕਿ ਘਟਨਾ ਲਈ ਬਾਹਰੀ ਕਾਰਨ ਜ਼ਿੰਮੇਵਾਰ ਸਨ ਜਾਂ ਅੰਦਰੂਨੀ ਕਾਰਨ?”

ਲਾਮਿਛਾਨੇ ਦਾ ਕਹਿਣਾ ਹੈ ਕਿ ਬਲੈਕ ਬਾਕਸ ਵਿੱਚ ਫਲਾਇਟ ਦਾ ਡਾਟਾ ਰਿਕਾਰਡ ਅਤੇ ਕਾਕਪਿਟ ਵਾਇਸ ਰਿਕਾਰਡਰ ਦੋਵੇਂ ਹੁੰਦੇ ਹਨ। ਅਜਿਹੇ ਵਿੱਚ ਇਹ ਜਾਂਚ ਲਈ ਕਾਫ਼ੀ ਅਹਿਮ ਹੋਵੇਗਾ।

ਨੇਪਾਲ ਜਹਾਜ਼ ਹਾਦਸਾ
ਤਸਵੀਰ ਕੈਪਸ਼ਨ, ਐਤਵਾਰ ਨੂੰ ਹਾਦਸੇ ਦਾ ਸ਼ਿਕਾਰ ਹੋਇਆ ਯਤੀ ਏਅਰਲਾਈਨਜ਼ ਦਾ ਜਹਾਜ਼
ਨੇਪਾਲ 'ਚ ਯਾਤਰੀ ਜਹਾਜ਼ ਹਾਦਸਾਗ੍ਰਸਤ

ਹਾਦਸੇ ਬਾਰੇ ਖਾਸ ਗੱਲਾਂ:

  • ਨੇਪਾਲ ਦੇ ਪੋਖ਼ਰਾ ਹਵਾਈ ਅੱਡੇ ’ਤੇ ਯਤੀ ਏਅਰਲਾਇਨਜ਼ ਦਾ ਜਹਾਜ਼ ਹਾਦਸਾਗ੍ਰਸਤ ਹੋਇਆ ਸੀ
  • ਜਹਾਜ਼ ਦਾ ਬਲੈਕ ਬਾਕਸ ਮਿਲਿਆ ਜੋ ਘਟਨਾ ਦੇ ਕਾਰਨਾਂ ਦਾ ਪਤਾ ਕਰਨ ਵਿੱਚ ਹੋਵੇਗਾ ਸਹਾਇਕ
  • ਇਸ ਜਹਾਜ਼ ਵਿੱਚ ਕਰੂ ਮੈਂਬਰਾਂ ਸਮੇਤ ਕੁੱਲ 72 ਲੋਕ ਸਵਾਰ ਸਨ, ਜਿਨ੍ਹਾਂ ਵਿੱਚ 5 ਭਾਰਤੀ ਵੀ ਸ਼ਾਮਲ
  • ਹੁਣ ਤੱਕ 68 ਲਾਸ਼ਾਂ ਬਰਾਮਦ ਹੋ ਚੁੱਕੀਆਂ ਹਨ ਅਤੇ ਬਚਾਅ ਕਾਰਜ ਅਜੇ ਵੀ ਜਾਰੀ ਹਨ
ਨੇਪਾਲ 'ਚ ਯਾਤਰੀ ਜਹਾਜ਼ ਹਾਦਸਾਗ੍ਰਸਤ

ਸੰਤਰੀ ਰੰਗ ਦਾ ‘ਬਲੈਕ ਬਾਕਸ’

ਬਲੈਕ ਬਾਕਸ ਇੱਕ ਇਲੈਕਟ੍ਰਾਨਿਕ ਉਪਕਰਨ ਹੁੰਦਾ ਹੈ।

ਇਹ ਜਹਾਜ਼ ਦੇ ਪਿਛਲੇ ਹਿੱਸੇ ਵਿੱਚ ਲੱਗਾ ਹੁੰਦਾ ਹੈ।

ਹਾਦਸੇ ਦੀ ਸਥਿਤੀ ਵਿੱਚ ਇਹ ਬਹੁਤ ਮਹੱਤਵਪੂਰਨ ਹੁੰਦਾ ਹੈ।

ਬਲੈਕ ਬਾਕਸ ਕਾਲੇ ਰੰਗ ਦਾ ਨਹੀਂ ਹੁੰਦਾ ਸਗੋਂ ਇਹ ਗੂੜੇ ਸੰਤਰੀ ਰੰਗ ਦਾ ਹੁੰਦਾ ਹੈ।

ਇਸ ਨੂੰ ਸੰਤਰੀ ਰੰਗ ਦਾ ਇਸ ਲਈ ਬਣਾਇਆ ਜਾਂਦਾ ਹੈ ਤਾਂ ਕਿ ਹਾਦਸੇ ਦੀ ਸਥਿਤੀ ਵਿੱਚ ਝਾੜੀਆਂ ਦਾਂ ਧੂੜ ਮਿੱਟੀ ਵਿੱਚ ਡਿੱਗਣ ਤੋਂ ਬਾਅਦ ਇਹ ਦੂਰ ਤੋਂ ਦਿੱਖ ਜਾਵੇ।

ਨੇਪਾਲ ਜਹਾਜ਼ ਹਾਦਸਾ

ਤਸਵੀਰ ਸਰੋਤ, EPA-EFE/REX/SHUTTERSTOCK

ਇੱਕ ਦਰਜਨ ਤੋਂ ਵੀ ਵੱਧ ਜਾਂਚ ਦੇ ਕੇਸਾਂ ਵਿੱਚ ਰਹੇ ਏਅਰੋਨਾਟਿਕਲ ਇੰਜੀਨੀਅਰ ਰਤੀਸ਼ ਚੰਦਰਲਾਲ ਸੁਮਨ ਨੇ ਬੀਬੀਸੀ ਨੇਪਾਲੀ ਨਾਲ ਗੱਲਬਾਤ ਕਰਦਿਆਂ ਕਿਹਾ, “ਇਸ ਨੂੰ ਪਿਛਲੇ ਹਿੱਸੇ ਵਿੱਚ ਇਸ ਲਈ ਲਗਾਇਆ ਜਾਂਦਾ ਹੈ ਤਾਂ ਕਿ ਇਹ ਘਟਨਾਂ ਤੋਂ ਬਾਅਦ ਸਭ ਤੋਂ ਘੱਟ ਨੁਕਸਾਨ ਹੋਣ ਵਾਲਾ ਹਿੱਸਾ ਹੁੰਦਾ ਹੈ।”

ਆਮ ਤੌਰ ’ਤੇ ਬਲੈਕ ਬਾਕਸ ਦੇ ਦੋ ਹਿੱਸੇ ਹੁੰਦੇ ਹਨ- ਫਲਾਇਟ ਡਾਟਾ ਰਿਕਾਰਡ ਅਤੇ ਕਾਕਪਿਟ ਵਾਇਸ ਰਿਕਾਰਡਰ। ਪਰ ਇਹ ਵੀ ਜ਼ਰੂਰੀ ਨਹੀਂ ਹੈ ਕਿ ਹਰੇਕ ਜਹਾਜ਼ ਵਿੱਚ ਇਹ ਦੋਵੇਂ ਹਿੱਸੇ ਹੋਣ।

ਬਲੈਕ ਬਾਕਸ ਨੂੰ ਇਸ ਤਰ੍ਹਾਂ ਬਣਾਇਆ ਜਾਂਦਾ ਹੈ ਤਾਂ ਕਿ ਇਹ ਵੱਧ ਤਾਪਮਾਨ ਅਤੇ ਗਹਿਰੇ ਪਾਣੀ ਅੰਦਰ ਵੀ ਨਸ਼ਟ ਨਾ ਹੋ ਸਕਣ।

ਬਲੈਕ ਬਾਕਸ ਵਿੱਚੋਂ ਆਵਾਜ਼ ਅਤੇ ਤਰੰਗਾਂ ਨਿਕਲਦੀਆਂ ਰਹਿੰਦੀਆਂ ਹਨ, ਜਿਸ ਨਾਲ ਇਸ ਨੂੰ ਡੂੰਘੇ ਪਾਣੀ ਵਿੱਚ ਵੀ ਲੱਭਿਆ ਜਾ ਸਕੇ।

ਨੇਪਾਲ 'ਚ ਯਾਤਰੀ ਜਹਾਜ਼ ਹਾਦਸਾਗ੍ਰਸਤ

ਇਹ ਵੀ ਪੜ੍ਹੋ-

ਨੇਪਾਲ 'ਚ ਯਾਤਰੀ ਜਹਾਜ਼ ਹਾਦਸਾਗ੍ਰਸਤ

ਫਲਾਇਟ ਡਾਟਾ ਰਿਕਾਰਡ

ਨੇਪਾਲ ਹਾਦਸਾ

ਤਸਵੀਰ ਸਰੋਤ, NARENDRA SHAHI

ਤਸਵੀਰ ਕੈਪਸ਼ਨ, ਫਾਈਲ ਫੋਟੋ

ਇਸ ਦਾ ਅਸਲ ਕੰਮ ਉਡਾਣ ਦੌਰਾਨ ਜਹਾਜ਼ ਦੀ ਸਾਰੀ ਤਕਨੀਕੀ ਗਤੀਵਿਧੀਆਂ ਨੂੰ ਰਿਕਾਰਡ ਕਰਨਾ ਹੁੰਦਾ ਹੈ।

ਇਸ ਵਿੱਚ ਜਹਾਜ਼ ਦੇ ਉਪਕਰਨਾਂ ਦੀ ਸਥਿਤੀ, ਉਚਾਈ, ਦਿਸ਼ਾ, ਤਾਪਮਾਨ, ਗਤੀ, ਇੰਧਨ ਦੀ ਮਾਤਰਾ, ਆਟੋ ਪਾਇਲਟ ਦੀ ਸਥਿਤੀ ਸਮੇਤ ਹੋਰ ਜਾਣਕਾਰੀ ਰਿਕਾਰਡ ਹੁੰਦੀ ਹੈ।

ਰਤੀਸ਼ਚੰਦਰ ਸੁਮਨ ਨੇ ਕਿਹਾ, “ਜੇਕਰ ਕੋਈ ਉਪਕਰਨ ਕੰਮ ਨਹੀਂ ਕਰਦਾ ਤਾਂ ਉਸ ਨੂੰ ਫਲਾਇਟ ਡਾਟਾ ਰਿਕਾਰਡ ਦੇ ਰਾਹੀਂ ਨੋਟ ਕਰ ਲਿਆ ਜਾਂਦਾ ਹੈ। ਇਸ ਨਾਲ ਜਹਾਜ਼ ਦੇ ਤਕਨੀਕੀ ਪਹਿਲੂਆਂ ਦਾ ਵਿਸ਼ਲੇਸ਼ਣ ਕੀਤਾ ਜਾਂਦਾ ਹੈ।”

ਪਰ ਕੁਝ ਛੋਟੇ ਜਹਾਜ਼ਾਂ ਅਤੇ 2 ਇੰਜਣ ਵਾਲੇ ਜਹਾਜ਼ਾਂ ਵਿੱਚ ਇਹ ਨਹੀਂ ਲੱਗਾ ਹੁੰਦਾ।

ਪਿਛਲੇ ਸਾਲ ਦੁਰਘਟਨਾ ਦਾ ਸ਼ਿਕਾਰ ਹੋਣ ਵਾਲੇ ਤਾਰਾ ਏਅਰ ਦੇ ਜਹਾਜ਼ ਵਿੱਚ ਇਹ ਉਪਕਰਨ ਨਹੀਂ ਲੱਗਾ ਹੋਇਆ ਸੀ।

ਕਾਕਪਿਟ ਵਾਇਸ ਦਾ ਰਿਕਾਰਡਰ

ਇਸ ਵਿੱਚ ਕਰੀਬ 25 ਘੰਟਿਆਂ ਦੀ ਰਿਕਾਰਡਿੰਗ ਹੋ ਸਕਦੀ ਹੈ।

ਇਸ ਡਿਵਾਇਸ ਵਿੱਚ 4 ਚੈਨਲ ਹੁੰਦੇ ਹਨ ਜੋ ਚਾਰ ਥਾਵਾਂ ਤੋਂ ਆਵਾਜ਼ ਰਿਕਾਰਡ ਕਰਦੇ ਹਨ।

ਰਤੀਸ਼ਚੰਦਰ ਸੁਮਨ ਮੁਤਾਬਕ ਕਾਕਪਿਟ ਵਾਇਸ ਰਿਕਾਰਡਰ ਵਿੱਚ ਪਾਇਲਟ, ਕਾਕਪਿਟ, ਟਾਵਰ ਨਾਲ ਸੰਚਾਰ ਅਤੇ ਪੈਸੇਂਜਰ ਅਨਾਊਂਸਰ ਦੀ ਆਵਾਜ਼ ਰਿਕਾਰਡ ਹੁੰਦੀ ਹੈ।

ਕਿਸੇ ਘਟਨਾ ਦੀ ਜਾਂਚ ਸਮੇਂ ਇਸ ਵਿੱਚ ਰਿਕਾਰਡ ਕੀਤੀਆਂ ਆਵਾਜ਼ਾਂ ਨੂੰ ਸੁਣ ਕੇ ਵਿਸ਼ਲੇਸ਼ਣ ਕੀਤਾ ਜਾਂਦਾ ਹੈ।

ਸੁਮਨ ਕਹਿੰਦੇ ਹਨ, “ਪਾਇਲਟ ਨੇ ਕੀ ਕਿਹਾ, ਉਸ ਨੇ ਕੀ ਸੁਣਿਆ, ਕੀ ਗਲਤ ਸੀ, ਉਸ ਨੇ ਸਹਿ-ਪਾਇਲਟ ਨੂੰ ਸੂਚਿਤ ਕੀਤਾ ਜਾਂ ਨਹੀਂ, ਯਾਤਰੀਆਂ ਅਤੇ ਟਾਵਰ ਦੀ ਆਵਾਜ਼ ਸੁਣਨ ਤੋਂ ਬਾਅਦ ਸਾਨੂੰ ਬਹੁਤ ਕੁਝ ਪਤਾ ਲੱਗ ਜਾਂਦਾ ਹੈ।”

ਨੇਪਾਲ ਹਵਾਈ ਹਾਦਸਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਫਾਈਲ ਫੋਟੋ

ਪਹਿਲਾਂ ਵਿਦੇਸ਼ ਜਾਣਾ ਪੈਂਦਾ ਸੀ

ਨੇਪਾਲ ਵਿੱਚ ਪੁਰਾਣੇ ਜਹਾਜ਼ਾਂ ਵਿੱਚ ਅਜਿਹੀਆਂ ਆਵਾਜ਼ਾਂ ਸੁਣਨ ਲਈ ਚੁੰਬਕੀ ਟੇਪ ਦੀ ਵਰਤੋਂ ਕੀਤੀ ਜਾਂਦੀ ਸੀ।

ਇਸ ਨੂੰ ਸੁਣਨ ਲਈ ਵਿਦੇਸ਼ ਜਾਣਾ ਪੈਂਦਾ ਸੀ।

ਇੰਜੀਨੀਅਰ ਸੁਮਨ ਨੇ ਕਿਹਾ ਕਿ ਉਹ ਸਾਲ 1992 ਵਿੱਚ ਕਾਕਨੀ ਵਿੱਚ ਹਾਦਸੇ ਦਾ ਸ਼ਿਕਾਰ ਹੋਏ ਥਾਈ ਏਅਰ ਦੇ ਜਹਾਜ਼ ਦੇ ਸੀਵੀਆਰ ਨਾਲ ਕੈਨੇਡਾ ਗਏ ਸਨ।

ਉਨ੍ਹਾਂ ਕਿਹਾ, “ਮੈਂ ਖੁਦ ਬਲੈਕ ਬਾਕਸ ਲੈ ਕੇ ਕੈਨੇਡਾ ਅਤੇ ਫਰਾਂਸ ਗਿਆ ਸੀ। ਪਰ ਹੁਣ ਜ਼ਿਆਦਾਤਰ ਕੰਮ ਨੇਪਾਲ ਵਿੱਚ ਹੀ ਹੋ ਜਾਂਦੇ ਹਨ।”

ਜਾਂਚ ਕਮੇਟੀ ਦੇ ਮੈਂਬਰ ਲਾਮਿਛਾਨੇ ਨੇ ਕਿਹਾ ਕਿ ਨੇਪਾਲ ਵਿੱਚ ਬਲੈਕ ਬਾਕਸ ਦਾ ਵਿਸ਼ਲੇਸ਼ਣ ਕੀਤਾ ਜਾਵੇਗਾ ਪਰ ਫਲਾਇਟ ਡਾਟਾ ਰਿਕਾਰਡ ਦੀ ਜਾਂਚ ਲਈ ਕੁਝ ਵਿਦੇਸ਼ੀ ਵਿਗਿਆਨੀਆਂ ਦੀ ਮਦਦ ਵੀ ਲਈ ਜਾਵੇਗੀ।

ਉਨ੍ਹਾਂ ਕਿਹਾ ਕਿ ਬਲੈਕ ਬਾਕਸ ਨੇ ਕਈ ਹਵਾਈ ਹਾਦਸਿਆਂ ਵਿੱਚ ਸੱਚਾਈ ਦੇ ਕਾਰਨਾਂ ਦਾ ਪਤਾ ਲਗਾਉਣ ਵਿੱਚ ਮਦਦ ਕੀਤੀ ਹੈ।

“ਇਨ੍ਹਾਂ ਵਿੱਚ ਕਾਠਮਾਂਡੂ ਦੇ ਹਵਾਈ ਅੱਡੇ ਉੱਪਰ ਹਾਦਸਾਗ੍ਰਸਤ ਹੋਇਆ ਤੁਰਕੀ ਦਾ ਜਹਾਜ਼ ਅਤੇ ਯੂਏਐੱਸ ਬਾਂਗਲਾ ਏਅਰ ਵੀ ਸ਼ਾਮਿਲ ਹੈ।”

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)