ਮੱਧ ਪ੍ਰਦੇਸ਼: ਦੋ ਔਰਤਾਂ ਜਿਨ੍ਹਾਂ ਨੂੰ ਲੱਕ ਅਤੇ ਧੌਣ ਤੱਕ ਮਿੱਟੀ 'ਚ ਦੱਬਣ ਦਾ ਵੀਡੀਓ ਵਾਇਰਲ ਹੋਇਆ, ਉਹ ਕੌਣ ਹਨ

ਤਸਵੀਰ ਸਰੋਤ, SURAIH NIAZI/BBC
- ਲੇਖਕ, ਸ਼ੁਰੈਹ ਨਿਯਾਜ਼ੀ
- ਰੋਲ, ਭੋਪਾਲ ਤੋਂ, ਬੀਬੀਸੀ ਦੇ ਲਈ
ਮੱਧ ਪ੍ਰਦੇਸ਼ ਦੇ ਰੀਵਾ ਜ਼ਿਲ੍ਹੇ ਵਿੱਚ ਰਹਿਣ ਵਾਲੀ ਮਮਤਾ ਪਾਂਡੇ ਨੂੰ ਵਾਰ-ਵਾਰ ਉਹੀ ਖ਼ਿਆਲ ਆ ਰਿਹਾ ਹੈ, ਜਿਸ ਵਿੱਚੋਂ ਉਹ ਬੀਤੇ ਵੀਰਵਾਰ ਲੰਘੇ ਸਨ।
ਇੱਕ ਜ਼ਮੀਨੀ ਵਿਵਾਦ ਕਰਕੇ ਉਨ੍ਹਾਂ ਅਤੇ ਉਨ੍ਹਾਂ ਦੀ ਜੇਠਾਨੀ ਆਸ਼ਾ ਪਾਂਡੇ ਨੂੰ ਸੜਕ ਉੱਤੇ ਲੱਕ ਤੱਕ ਮਿੱਟੀ ਵਿੱਚ ਦੱਬ ਦਿੱਤਾ ਗਿਆ ਸੀ, ਮਤਲਬ ਲੱਕ ਤੋਂ ਹੇਠਾਂ ਦਾ ਹਿੱਸਾ ਸੜਕ 'ਤੇ ਮਿੱਟੀ ਵਿੱਚ ਦੱਬ ਦਿੱਤਾ ਗਿਆ ਸੀ ।
ਮਿੱਟੀ ਵਿੱਚ ਦੱਬੀਆਂ ਇਨ੍ਹਾਂ ਔਰਤਾਂ ਦਾ ਵੀਡੀਓ ਦੇਖਦੇ ਹੀ ਦੇਖਦੇ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਗਿਆ ਸੀ।
ਮਮਤਾ ਇਸ ਸਮੇਂ ਰੀਵਾ ਦੇ ਸੰਜੇ ਗਾਂਧੀ ਜ਼ਿਲ੍ਹਾ ਹਸਪਤਾਲ ਵਿੱਚ ਭਰਤੀ ਹੈ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਉਨ੍ਹਾਂ ਨੇ ਇਸ ਘਟਨਾ ਦੇ ਬਾਰੇ ਵਿੱਚ ਦੱਸਿਆ,“ਘਰ ਵਿੱਚ ਕੋਈ ਨਹੀਂ ਸੀ ਅਤੇ ਉਹ ਲੋਕ ਸਾਡੀ ਜ਼ਮੀਨ ਤੋਂ ਸੜਕ ਕੱਢ ਰਹੇ ਸਨ। ਸਾਡਾ ਪਰਿਵਾਰ ਸ਼ੁਰੂ ਤੋਂ ਹੀ ਉਨ੍ਹਾਂ ਦਾ ਵਿਰੋਧ ਕਰਦਾ ਰਿਹਾ ਹੈ”।
“ਉਸ ਦਿਨ ਉਹ ਲੋਕ ਅਚਾਨਕ ਡੰਪਰ ਵਿੱਚ ਮਿੱਟੀ ਲੈ ਕੇ ਆ ਗਏ। ਇਸ ਲਈ ਅਸੀਂ ਉਨ੍ਹਾਂ ਨੂੰ ਰੋਕਣ ਲਈ ਡੰਪਰ ਦੇ ਪਿੱਛੇ ਬੈਠ ਗਏ, ਉਸ ਦੇ ਬਾਅਦ ਡਰਾਈਵਰ ਨੇ ਗੇਟ ਖੋਲ ਕੇ ਸਾਡੇ ਉੱਤੇ ਮਿੱਟੀ ਪਾ ਦਿੱਤੀ ਅਤੇ ਸਾਨੂੰ ਦੱਬ ਦਿੱਤਾ”।

ਮਮਤਾ ਇਸ ਘਟਨਾ ਦੇ ਬਾਅਦ ਬੇਹੋਸ਼ ਹੋ ਗਏ ਅਤੇ ਪਿੰਡ ਵਿੱਚ ਹੱਲਾ ਹੋਣ ਦੇ ਬਾਅਦ ਛੇਤੀ ਨਾਲ ਲੋਕ ਪਹੁੰਚ ਗਏ । ਉਨ੍ਹਾਂ ਨੇ ਫੌਹੜੇ ਦੀ ਮਦਦ ਨਾਲ ਮਿੱਟੀ ਹਟਾ ਕੇ ਬਾਹਰ ਕੱਢਿਆ।
ਉਨ੍ਹਾਂ ਨੇ ਉਸ ਪਲ ਬਾਰੇ ਦੱਸਿਆ,“ਮੈਨੂੰ ਅਜਿਹਾ ਮਹਿਸੂਸ ਹੋ ਰਿਹਾ ਸੀ ਜਿਵੇਂ ਮੇਰੀ ਜਾਨ ਨਿਕਲ ਰਹੀ ਹੈ, ਜੇ ਥੋੜੀ ਦੇਰ ਹੋ ਜਾਂਦੀ ਤਾਂ ਸ਼ਾਇਦ ਮੈਂ ਬਚਦੀ ਨਾ”।
ਇਸ ਘਟਨਾ ਵਿੱਚ ਆਸ਼ਾ ਲੱਕ ਤੱਕ ਦੱਬ ਗਈ ਸੀ ਪਰ ਮਮਤਾ ਪੂਰੇ ਗਲੇ ਤੱਕ ਮਿੱਟੀ ਦੇ ਅੰਦਰ ਚਲੇ ਗਏ ਸਨ।
ਮਮਤਾ ਅਤੇ ਆਸ਼ਾ ਦੋਵਾਂ ਨੂੰ ਹੁਣ ਵੀ ਇਹ ਫਿਕਰ ਹੋ ਰਿਹਾ ਹੈ ਕਿ ਉਨ੍ਹਾਂ ਦੀ ਜਾਨ ਲੈਣ ਦੀ ਕੋਸ਼ਿਸ਼ ਫਿਰ ਤੋਂ ਕੀਤੀ ਜਾਵੇਗੀ ਕਿਉਂਕਿ ਉਨ੍ਹਾਂ ਨੇ ਸੜਕ ਬਣਾਉਣ ਦਾ ਵਿਰੋਧ ਕੀਤਾ ਸੀ।
ਦੋਵਾਂ ਦਾ ਕਹਿਣਾ ਹੈ ਕਿ ਉਨ੍ਹਾਂ ਲੋਕਾਂ ਨੇ ਉਸ ਸਮੇਂ ਧਮਕੀ ਦਿੱਤੀ ਸੀ ਕਿ ਉਨ੍ਹਾਂ ਨੂੰ ਜਿਉਂਦਾ ਨਹੀਂ ਛੱਡਣਾ ।
ਆਸ਼ਾ ਨੇ ਦੱਸਿਆ ਕਿ ਜਿਸ ਸਮੇਂ ਇਹ ਘਟਨਾ ਹੋਈ, ਉਸ ਸਮੇਂ ਉਹ ਘਰ ਇਕੱਲੇ ਸਨ।
ਉਨ੍ਹਾਂ ਨੇ ਕਿਹਾ, “ਉਹ ਸੜਕ ਬਣਾਉਣ ਦੇ ਲਈ ਡੰਪਰ ਵਿੱਚ ਮਿੱਟੀ ਭਰ ਕੇ ਪਹੁੰਚ ਗਏ, ਉਨ੍ਹਾਂ ਨੂੰ ਕਿਹਾ ਗਿਆ ਕਿ ਇਸ ਮਾਮਲੇ ਵਿੱਚ ਘਰ ਦੇ ਮਰਦ ਆਉਣ 'ਤੇ ਗੱਲ ਕਰਾਂਗੇ ਪਰ ਉਹ ਲੋਕ ਕੁਝ ਹੋਰ ਸੋਚ ਕੇ ਆਏ ਸਨ, ਉਹ ਕਹਿ ਰਹੇ ਸਨ ਕਿ ਕੁਝ ਵੀ ਹੋ ਜਾਏ ਰਾਹ ਅਸੀਂ ਬਣਾਵਾਂਗੇ ਭਾਵੇਂ ਉਸ ਦੇ ਲਈ ਸਾਡੀ ਜਾਨ ਹੀ ਲੈਣੀ ਪਵੇ”।
ਆਸ਼ਾ ਕਹਿੰਦੀ ਹੈ ਕਿ ਜੇਕਰ ਇਹ ਵੀਡੀਓ ਸਾਹਮਣੇ ਨਾ ਆਉਂਦੀ ਤਾਂ ਸ਼ਾਇਦ ਉਹ ਲੋਕ ਉਨ੍ਹਾਂ ਦੀ ਜਾਨ ਲੈ ਲੈਂਦੇ ਅਤੇ ਉਨ੍ਹਾਂ ਦੇ ਖ਼ਿਲਾਫ ਕੋਈ ਕਾਰਵਾਈ ਵੀ ਨਾ ਹੁੰਦੀ ।
ਕੀ ਹੈ ਪੂਰਾ ਮਾਮਲਾ ?

ਮਾਮਲਾ ਰੀਵਾ ਜ਼ਿਲ੍ਹੇ ਦੇ ਹਨੌਤਾ ਕੋਠਾਰ ਪਿੰਡ ਦਾ ਹੈ,ਜਿੱਥੇ ਇਹ ਘਟਨਾ ਹੋਈ, ਮੁਲਜ਼ਮ ਅਤੇ ਪੀੜਤ ਦੋਵੇਂ ਇੱਕੋ ਹੀ ਪਰਿਵਾਰ ਨਾਲ ਸਬੰਧਿਤ ਹਨ।
ਪਰ ਉਨ੍ਹਾਂ ਦੇ ਦਰਮਿਆਨ ਇੱਕ ਸੜਕ ਵਿਵਾਦ ਦਾ ਵਿਸ਼ਾ ਹੈ। ਮੁਲਜ਼ਮ ਪੱਖ ਸੜਕ ਬਣਾਉਣਾ ਚਾਹੁੰਦਾ ਹੈ ਜਦਕਿ ਪੀੜਤ ਪੱਖ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਦੀ ਜ਼ਮੀਨ ਹੈ ਅਤੇ ਉਹ ਕਿਸੇ ਵੀ ਕੀਮਤ ਉੱਤੇ ਸੜਕ ਨਹੀਂ ਬਣਨ ਦੇਣਗੇ ।
ਹਾਲਾਂਕਿ ਇਹ ਮਾਮਲਾ ਅਦਾਲਤ ਵਿੱਚ ਵੀ ਚੱਲ ਰਿਹਾ ਹੈ। ਪੀੜਤ ਔਰਤਾਂ ਚਾਹੁੰਦੀਆਂ ਹਨ ਕਿ ਅਦਾਲਤ ਦਾ ਜੋ ਵੀ ਫੈਸਲਾ ਆਏ ਉਸ ਦੇ ਅਨੁਸਾਰ ਕੰਮ ਕੀਤਾ ਜਾ ਸਕਦਾ ਹੈ।
ਪਰ ਮੁਲਜ਼ਮ ਪੱਖ ਉਸ ਦਿਨ ਜ਼ਿੱਦ ਉੱਤੇ ਅੜ ਗਿਆ ਅਤੇ ਮਿੱਟੀ ਦਾ ਭਰਿਆ ਡੰਪਰ ਲੈ ਕੇ ਆ ਗਿਆ ਇਸ ਦੇ ਬਾਅਦ ਇਹ ਘਟਨਾ ਹੋਈ।
ਮੁਲਜ਼ਮ ਪੱਖ਼ ਦਾ ਕੀ ਕਹਿਣਾ ਹੈ

ਤਸਵੀਰ ਸਰੋਤ, SURAIH NIAZI/BBC
ਮਾਮਲੇ ਵਿੱਚ ਪੰਜ ਮੁਲਜ਼ਮਾਂ ਵਿੱਚੋਂ ਚਾਰ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ। ਡੰਪਰ ਮਾਲਕ ਰਾਜੇਸ਼ ਸਿੰਘ, ਚਾਲਕ ਪ੍ਰਮੋਦ ਕੌਲ ਅਤੇ ਔਰਤਾਂ ਦੇ ਰਿਸ਼ਤੇਦਾਰ ਵਿਪਿਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਮੰਗਲਵਾਰ ਨੂੰ ਮੁਲਜ਼ਮ ਗੋਕਰਣ ਪ੍ਰਸਾਦ ਪਾਂਡੇ ਨੇ ਅਦਾਲਤ ਵਿੱਚ ਆ ਕੇ ਗ੍ਰਿਫ਼ਤਾਰੀ ਦਿੱਤੀ। ਇੱਕ ਮੁਲਜ਼ਮ ਮਹੇਂਦਰ ਪ੍ਰਸਾਦ ਪਾਂਡੇ ਦੀ ਤਲਾਸ਼ ਕੀਤੀ ਜਾ ਰਹੀ ਹੈ।
ਗੋਕਰਣ ਪ੍ਰਸਾਦ ਪਾਂਡੇ ਨੇ ਕਿਹਾ ਕਿ ਉਸ ਉੱਪਰ ਝੂਠੇ ਇਲਜ਼ਾਮ ਗਏ ਹਨ।
ਉਨ੍ਹਾਂ ਨੇ ਕਿਹਾ,“ਡੰਪਰ ਵਿੱਚ ਲਾਲ ਮਿੱਟੀ ਅਸੀਂ ਆਪਣੇ ਨਿੱਜੀ ਕੰਮ ਦੇ ਲਈ ਲੈ ਕੇ ਜਾ ਰਹੇ ਸੀ। ਇਸ ਦੌਰਾਨ ਅਸੀਂ ਉਸ ਥਾਂ ਤੇ ਥੋੜੀ ਮਿੱਟੀ ਪਾ ਕੇ ਅੱਗੇ ਜਾਣ ਵਾਲੇ ਸੀ।
ਉਦੋਂ ਦੋਵੇਂ ਔਰਤਾਂ ਅਚਾਨਕ ਡੰਪਰ ਦੇ ਪਿੱਛੇ ਆ ਕੇ ਬੈਠ ਗਈਆਂ, ਡਰਾਈਵਰ ਉਨ੍ਹਾਂ ਨੂੰ ਦੇਖ ਨਹੀਂ ਸਕਿਆ ਅਤੇ ਇਹ ਘਟਨਾ ਹੋਈ”।
ਉਨ੍ਹਾਂ ਦਾ ਦਾਅਵਾ ਹੈ ਕਿ ਇਸ ਸਾਂਝੀ ਜ਼ਮੀਨ ਉੱਤੇ ਦੋਵੇਂ ਦਾ ਹੱਕ ਹੈ ਅਤੇ ਉਨ੍ਹਾਂ ਲੋਕਾਂ ਨੂੰ ਅਦਾਲਤ ਤੋਂ ਇਨਸਾਫ ਜ਼ਰੂਰ ਮਿਲੇਗਾ।
ਰੀਵਾ ਦੇ ਪੁਲਿਸ ਅਧਿਕਾਰੀ ਵਿਵੇਕ ਸਿੰਘ ਨੇ ਦੱਸਿਆ, “ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕੀਤੀ ਗਈ ਅਤੇ ਜਿੰਨੇ ਵੀ ਮੁਲਜ਼ਮ ਹਨ, ਕਿਸੇ ਨੂੰ ਵੀ ਛੱਡਿਆ ਨਹੀਂ ਜਾਵੇਗਾ। ਪੁਲਿਸ ਦੀ ਟੀਮ ਬਚੇ ਹੋਏ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਛੇਤੀ ਗ੍ਰਿਫ਼ਤਾਰ ਕਰ ਲਿਆ ਜਾਏਗਾ”।
ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ਉੱਤੇ ਸੂਬਾ ਸਰਕਾਰ

ਤਸਵੀਰ ਸਰੋਤ, ANI
ਘਟਨਾ ਨੂੰ ਲੈ ਕੇ ਮੱਧ ਪ੍ਰਦੇਸ਼ ਸਰਕਾਰ ਵਿਰੋਧੀ ਧਿਰਾਂ ਅਤੇ ਨੇਤਾਵਾਂ ਦੇ ਨਿਸ਼ਾਨੇ ਉੱਤੇ ਆ ਗਈ ਹੈ।
ਬੰਗਾਲ ਵਿੱਚ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਨੇ ਇਸ ਮਾਮਲੇ ਨੂੰ ਚੁੱਕਦੇ ਹੋਏ ਮੁੱਖ ਮੰਤਰੀ ਮੋਹਨ ਯਾਦਵ ਨੂੰ ਕਿਹਾ ਕਿ ਉਨ੍ਹਾਂ ਨੂੰ ਆਪਣੇ ਸਿਰ ਸ਼ਰਮ ਨਾਲ ਨੀਵਾਂ ਕਰ ਲੈਣਾ ਚਾਹੀਦਾ।
ਟੀਐੱਮਸੀ ਨੇ ਲਿਖਿਆ,“ਆਈ ਐੱਨਡੀਏ ਦੀ ਸਰਕਾਰ, ਲਿਆਈ ਔਰਤਾਂ 'ਤੇ ਤਿੰਨ ਗੁਣਾ ਅੱਤਿਆਚਾਰ”।

ਤਸਵੀਰ ਸਰੋਤ, Twitter
ਮੱਧ ਪ੍ਰਦੇਸ਼ ਦੇ ਕਾਂਗਰਸ ਪ੍ਰਧਾਨ ਜੀਤੂ ਪਟਵਾਰੀ ਨੇ ਵੀ ਇਸ ਮਾਮਲੇ ਵਿੱਚ ਸਰਕਾਰ ਨੂੰ ਘੇਰਿਆ ਹੈ।
ਉਨ੍ਹਾਂ ਨੇ ਸੋਸ਼ਲ ਮੀਡੀਆ ਸਾਈਟ ਐਕਸ ਉੱਤੇ ਲਿਖਿਆ,“ਇਸ ਘਟਨਾ ਨੇ ਇੱਕ ਵਾਰ ਫਿਰ ਤੋਂ ਬੀਜੇਪੀ ਸ਼ਾਸਨ ਦੌਰਾਨ ਮਹਿਲਾ ਸੁਰੱਖਿਆ ਉੱਤੇ ਗੰਭੀਰ ਸਵਾਲ ਚੁੱਕੇ ਹਨ।
ਉਂਝ ਵੀ ਮੱਧ ਪ੍ਰਦੇਸ਼ ਮਹਿਲਾਵਾਂ ਉੱਤੇ ਅੱਤਿਆਚਾਰ ਵਿੱਚ ਪਹਿਲੇ ਨੰਬਰ ਉੱਤੇ ਹੈ, ਮੁੱਖ ਮੰਤਰੀ ਜੀ, ਕੀ ਤੁਹਾਡੀ ਸਰਕਾਰ ਤੋਂ ਇਹ ਭੈਣਾਂ ਉਮੀਦ ਰੱਖ ਸਕਦੀਆਂ ਹਨ ਕਿ ਇਸ ਘਟਨਾ ਦੀ ਨਿਰਪੱਖ ਜਾਂਚ ਹੋਵੇਗੀ”।
“ਤੁਹਾਡੀ ਸਰਕਾਰ ਮਹਿਲਾਵਾਂ ਦੇ ਵਿਰੁੱਧ ਹੁਣ ਵਾਲੇ ਜੁਰਮ ਨੂੰ ਰੋਕਣ ਵਿੱਚ ਵਾਰ-ਵਾਰ ਅਸਫਲ ਹੋ ਰਹੀ ਹੈ”।
ਘਟਨਾ ਦਾ ਵੀਡੀਓ ਵਾਇਰਲ ਹੋਣ ਦੇ ਬਾਅਦ ਮਾਮਲਾ ਗਰਮਾਇਆ ਅਤੇ ਰਾਜਧਾਨੀ ਭੋਪਾਲ ਵਿੱਚ ਪ੍ਰਸ਼ਾਸਨ ਸਰਗਰਮ ਹੋ ਗਿਆ। ਇਸਦੇ ਬਾਅਦ ਮੁੱਖ ਮੰਤਰੀ ਮੋਹਨ ਯਾਦਵ ਨੇ ਮਾਮਲੇ ਵਿੱਚ ਮੁਲਜ਼ਮਾਂ ਉੱਤੇ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਗੱਲ ਕਹੀ।
ਇਸੇ ਦਰਮਿਆਨ ਕੌਮੀ ਮਹਿਲਾ ਕਮਿਸ਼ਨ ਨੇ ਵੀ ਇਸ ਮਾਮਲੇ ਵਿੱਚ ਪੁਲਿਸ ਨੂੰ ਇੱਕ ਚਿੱਠੀ ਲਿਖ ਕੇ ਘਟਨਾ ਦੇ ਬਾਰੇ ਪੁੱਛਿਆ ਹੈ।
ਕਮਿਸ਼ਨ ਨੇ ਅਜਿਹੇ ਮਾਮਲਿਆਂ ਵਿੱਚ ਸੂਬੇ ਦੇ ਡੀਜੀਪੀ ਤੋਂ ਤਿੰਨ ਦਿਨ ਦੇ ਅੰਦਰ ਕਾਰਵਾਈ ਰਿਪੋਰਟ ਦੇਣ ਨੂੰ ਕਿਹਾ ਹੈ।
ਵੈਸੇ ਮੱਧ ਪ੍ਰਦੇਸ਼ ਮਹਿਲਾਵਾਂ ਖ਼ਿਲਾਫ ਹੋਣ ਵਾਲੇ ਅਪਰਾਧਾਂ ਵਿੱਚ ਪਹਿਲੇ ਨੰਬਰ ਉੱਤੇ ਆਉਂਦਾ ਹੈ।
ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੇ ਅੰਕੜੇ ਦੇਖੀਏ ਤਾਂ ਪਤਾ ਲੱਗਦਾ ਹੈ ਕਿ ਮੱਧ ਪ੍ਰਦੇਸ਼ ਵਿੱਚ ਔਰਤਾਂ ਨਾਲ ਜੁੜੇ ਅਪਰਾਧਾਂ ਦੇ 30,673 ਮਾਮਲੇ ਰਜਿਸਟਰਡ ਕੀਤੇ ਗਏ ਹਨ।












