ਵਿਦੇਸ਼ੀ ਸੈਲਾਨੀ ਨਾਲ ਗੈਂਗਰੇਪ: ਇਸ ਅਪਰਾਧ ਨੂੰ ਠੱਲ੍ਹ ਕਿਉਂ ਨਹੀਂ ਪੈ ਰਹੀ?

ਤਸਵੀਰ ਸਰੋਤ, ANI
- ਲੇਖਕ, ਨਾਸਿਰੂਦੀਨ
- ਰੋਲ, ਸੀਨੀਅਰ ਪੱਤਰਕਾਰ, ਬੀਬੀਸੀ ਲਈ
ਪੰਜ ਸਾਲ ਤੋਂ ਦੁਨੀਆਂ ਦੀ ਸੈਰ, 65 ਤੋਂ ਜ਼ਿਆਦਾ ਦੇਸ਼ਾਂ ਦੀ ਯਾਤਰਾ, ਲਗਭਗ ਪੌਣੇ ਦੋ ਲੱਖ ਕਿਲੋਮੀਟਰ ਦਾ ਸਫ਼ਰ। ਭਾਰਤ ਵਿੱਚ ਆਉਣ ਦੀ ਖ਼ੁਸ਼ੀ। ਭਾਰਤ ਵਿੱਚ ਵੀ ਪਿਛਲੇ ਕੁਝ ਮਹੀਨਿਆਂ ਦੌਰਾਨ ਕਈ ਸੂਬਿਆਂ ਦਾ ਦੌਰਾ।
ਇਹ ਇੱਕ ਜੋੜੇ ਦੀ ਆਮ ਜਿਹੀ ਕਹਾਣੀ ਹੈ। ਇਹ ਸਪੇਨ ਦੇ ਨਾਗਰਿਕ ਹਨ। ਵਲੌਗਰ ਹਨ।
ਯਾਨੀ ਇਹ ਦੁਨੀਆਂ ਘੁੰਮਦੇ ਹਨ। ਵੀਡਿਓ ਬਣਾਉਂਦੇ ਹਨ। ਸੋਸ਼ਲ ਮੀਡੀਆ ਜ਼ਰੀਏ ਉਸ ਨੂੰ ਆਪਣੇ ਚਾਹੁਣ ਵਾਲਿਆਂ ਤੱਕ ਪਹੁੰਚਾਉਂਦੇ ਹਨ।
ਹੁਣ ਤੱਕ ਸਭ ਕੁਝ ਠੀਕ ਚੱਲ ਰਿਹਾ ਸੀ। ਕੁਝ ਦਿਨ ਪਹਿਲਾਂ ਵਾਪਰੀ ਇੱਕ ਭਿਆਨਕ ਘਟਨਾ ਨੇ ਭਾਰਤ ਦੇ ਸਫ਼ਰ ਉੱਤੇ ਕਾਲਖ ਮਲ ਦਿੱਤੀ।
ਹੋਇਆ ਇਸ ਤਰ੍ਹਾਂ ਕਿ ਉਹ ਭਾਰਤ ਦੇ ਅਲੱਗ-ਅਲੱਗ ਹਿੱਸਿਆਂ ਦਾ ਸਫ਼ਰ ਕਰਦੇ ਹੋਏ ਝਾਰਖੰਡ ਪਹੁੰਚੇ।
ਝਾਰਖੰਡ ਦੇ ਇੱਕ ਜ਼ਿਲ੍ਹੇ ਦੁਮਕਾ ਵਿੱਚ ਰਾਤ ਕੱਟਣ ਲਈ ਆਪਣੇ ਹੀ ਟੈਂਟ ਵਿੱਚ ਰੁਕੇ। ਉਸੇ ਦੌਰਾਨ ਕੁਝ ਲੋਕ ਪਹੁੰਚ ਗਏ। ਦੋਵਾਂ ਨਾਲ ਕੁੱਟ ਮਾਰ ਕੀਤੀ। ਉਨ੍ਹਾਂ ਨੂੰ ਕਾਬੂ ਵਿੱਚ ਕਰ ਲਿਆ।
ਲੜਕੀ ਨੇ ਇਸ ਘਟਨਾ ਦੇ ਬਾਅਦ ਸੋਸ਼ਲ ਮੀਡੀਆ ਉੱਤੇ ਇੱਕ ਵੀਡਿਓ ਪੋਸਟ ਕੀਤੀ। ਉਸ ਵਿੱਚ ਉਹ ਜੋ ਦੱਸਦੇ ਹਨ, ਉਸ ਤੋਂ ਪਤਾ ਲੱਗਦਾ ਹੈ ਕਿ ਹਮਲਾਵਰਾਂ ਦਾ ਮਕਸਦ ਲੁੱਟ ਮਾਰ ਕਰਨਾ ਨਹੀਂ ਸਗੋਂ ਬਲਾਤਕਾਰ ਕਰਨਾ ਸੀ।
ਉਸ ਔਰਤ ਮੁਤਾਬਿਕ ਉਸ ਨਾਲ ਸੱਤ ਜਣਿਆਂ ਨੇ ਬਲਾਤਕਾਰ ਕੀਤਾ। ਉਸ ਨੇ ਅਤੇ ਉਸ ਦੇ ਸਾਥੀ ਨੇ ਹਿੰਮਤ ਨਾਲ ਜੋ ਬਿਆਨ ਕੀਤਾ ਹੈ, ਉਹ ਰੌਂਗਟੇ ਖੜ੍ਹੇ ਕਰਨ ਵਾਲਾ ਹੈ।

ਤਸਵੀਰ ਸਰੋਤ, FACEBOOK
ਹਿੰਮਤ ਵਾਲੀ ਔਰਤ ਜਾਂ ਸਿਰਫ਼ ਇੱਕ ਸਰੀਰ
ਇੱਕ ਔਰਤ, ਉਹ ਵੀ ਵਿਦੇਸ਼ੀ ਜੇਕਰ ਆਪਣੇ ਪੁਰਸ਼ ਸਾਥੀ ਨਾਲ ਮੋਟਰ ਸਾਈਕਲ ਉੱਤੇ ਘੁੰਮ ਰਹੀ ਹੈ ਤਾਂ ਸਾਡੇ ਸਮਾਜ ਦੇ ਜ਼ਿਆਦਾ ਤਬਕੇ ਨੂੰ ਇਹੀ ਗੱਲ ਰੜਕਣ ਲਗਦੀ ਹੈ।
ਵਿਦੇਸ਼ੀ ਕੁੜੀਆਂ ਨੂੰ ਸਮਾਜ ਦਾ ਮਰਦਾਨਾ ਤਬਕਾ ਕਿਵੇਂ ਘੂਰਦਾ ਹੈ, ਇਹ ਕਿਸੇ ਤੋਂ ਛੁਪਿਆ ਨਹੀਂ ਹੈ। ਅਜਿਹਾ ਨਹੀਂ ਹੈ ਕਿ ਸਾਰੇ ਭਾਰਤ ਵਿੱਚ ਅਤੇ ਭਾਰਤ ਦੇ ਸਾਰੇ ਮਰਦ ਅਜਿਹਾ ਹੀ ਦੇਖਦੇ ਜਾਂ ਸੋਚਦੇ ਹਨ।
ਜ਼ਿਆਦਾਤਰ ਪੁਰਸ਼ ਸਮਾਜ ਅਜਿਹੀ ਕੁੜੀ ਨੂੰ ਜਿਸ ਨਜ਼ਰ ਨਾਲ ਦੇਖਦਾ ਹੈ, ਉਹ ਸਨਮਾਨਯੋਗ ਨਹੀਂ ਹੁੰਦੀ। ਉਹ ਉਸ ਬਾਰੇ ਜੋ ਸੋਚਦਾ ਹੈ, ਉਹ ਸਨਮਾਨਯੋਗ ਨਹੀਂ ਸੋਚਦਾ।
ਆਖ਼ਿਰ ਇੱਕ ਕੁੜੀ ਬੇਖ਼ੌਫ਼ ਇੱਧਰ-ਉੱਧਰ ਆਪਣੀ ਮਰਜ਼ੀ ਨਾਲ ਕਿਵੇਂ ਘੁੰਮ ਸਕਦੀ ਹੈ। ਬਲਾਤਕਾਰ ਦੇ ਮੁਲਜ਼ਮਾਂ ਨੂੰ ਵੀ ਹੌਸਲੇ ਵਾਲੀ ਲੜਕੀ, ਸਿਰਫ ਇੱਕ ਜਿਣਸੀ ਸਰੀਰ ਨਜ਼ਰ ਆਈ ਹੋਵੇਗੀ। ਇਸ ਲਈ ਉਹ ਉਸ ਦੇ ਸਰੀਰ ਉੱਤੇ ਟੁੱਟ ਪਏ।
ਉਹ ਬਲਾਤਕਾਰ ਕਰਨਾ ਚਾਹੁੰਦੇ ਸਨ। ਉਨ੍ਹਾਂ ਦਾ ਮਕਸਦ ਲੁੱਟ ਮਾਰ ਕਰਨਾ ਨਹੀਂ ਸੀ। ਇਸ ਲਈ ਉਨ੍ਹਾਂ ਨੇ ਬਹੁਤਾ ਕੁਝ ਲੁੱਟਿਆ ਵੀ ਨਹੀਂ, ਸਗੋਂ ਜਿਣਸੀ ਹਮਲਾ ਕੀਤਾ।
ਇਹ ਗੱਲ ਜਿੰਨੀ ਗੰਭੀਰ ਹੈ, ਓਨੀ ਹੀ ਸ਼ਿੱਦਤ ਨਾਲ ਮਰਦਾਨਾ ਸਮਾਜ ਬਾਰੇ ਬਹੁਤ ਕੁਝ ਕਹਿ ਰਹੀ ਹੈ।
ਬਲਾਤਕਾਰ ਕਰਨ ਵਾਲਿਆਂ ਨੂੰ ਉਹ ਔਰਤ ਸਿਰਫ ਇੱਕ ਸਰੀਰ ਦੇ ਰੂਪ ਵਿੱਚ ਦਿਸ ਰਹੀ ਸੀ। ਉਹ ਉਸ ਦੇ ਸਰੀਰ ਨੂੰ ਹੀ ਨਿਸ਼ਾਨਾ ਬਣਾਉਣਾ ਚਾਹੁੰਦੇ ਸਨ।
ਇਸ ਲਈ ਉਨ੍ਹਾਂ ਨੇ ਉਸ ਨੂੰ ਹੀ ਨਿਸ਼ਾਨਾ ਬਣਾਇਆ। ਉਹ ਕਾਮ ਇੱਛਾ ਦੀ ਪੂਰਤੀ ਲਈ ਬਲਾਤਕਾਰ ਕਰਨਾ ਚਾਹੁੰਦੇ ਸਨ। ਉਸ ਦਾ ਸਮੂਹਿਕ ਮਜ਼ਾ ਲੈਣਾ ਚਾਹੁੰਦੇ ਸਨ।
ਇਸ ਲਈ ਇੱਕ ਵਿਦੇਸ਼ੀ ਔਰਤ ਉਨ੍ਹਾਂ ਨੂੰ ਸੌਖਾ ਨਿਸ਼ਾਨਾ ਲੱਗੀ। ਜਦਕਿ ਉਹ ਲੜਕੀ ਚੁੱਪ ਰਹਿਣ ਵਾਲੀ ਨਹੀਂ ਸੀ। ਉਸ ਨੇ ਨਾ ਸਿਰਫ਼ ਪੁਲਿਸ ਨੂੰ ਆਪਣੇ ਨਾਲ ਹੋਈ ਘਟਨਾ ਦੀ ਗੱਲ ਦੱਸੀ, ਸਗੋਂ ਦੁਨੀਆਂ ਨੂੰ ਵੀ ਦੱਸਣ ਤੋਂ ਪਿੱਛੇ ਨਹੀਂ ਹਟੀ।
ਇਹ ਉਸ ਦੀ ਹਿੰਮਤ ਨੂੰ ਦਰਸਾਉਂਦਾ ਹੈ। ਉਸ ਦੀ ਹਿੰਮਤ ਦੀ ਇੱਕ ਮਿਸਾਲ ਇਹ ਵੀ ਹੈ ਕਿ ਉਹ ਆਪਣੇ ਸਫ਼ਰ ਉੱਤੇ ਝਾਰਖੰਡ ਤੋਂ ਅੱਗੇ ਨਿਕਲ ਚੁੱਕੀ ਹੈ।

ਤਸਵੀਰ ਸਰੋਤ, FACEBOOK
ਜੇਕਰ ਉਹ ਔਰਤ ਵਿਦੇਸ਼ੀ ਨਾ ਹੁੰਦੀ ਤਾਂ…
ਇੱਕ ਔਰਤ ਬੇਖ਼ੌਫ਼ ਮੋਟਰ ਸਾਈਕਲ ਉੱਤੇ ਆਪਣੇ ਸਾਥੀ ਨਾਲ ਘੁੰਮ ਰਹੀ ਹੈ। ਵਿਦੇਸ਼ੀ ਹੈ। ਇਹ ਕਿੰਨੇ ਹੌਸਲੇ ਅਤੇ ਮਾਣ ਵਾਲੀ ਗੱਲ ਹੈ। ਇਸ ਹੌਸਲੇ ਅਤੇ ਮਾਣ ਦਾ ਜਿੰਨਾ ਸਨਮਾਨ ਹੋਵੇ, ਘੱਟ ਹੈ। ਪਰ ਇੱਥੇ ਤਾਂ ਉਲਟਾ ਹੋ ਗਿਆ।
ਸਨਮਾਨ ਦੀ ਗੱਲ ਤਾਂ ਦੂਰ, ਉਸ ਨੂੰ ਅਜਿਹੀਆਂ ਦਰਦਨਾਕ ਯਾਦਾਂ ਦੇ ਦਿੱਤੀਆਂ ਗਈਆਂ ਹਨ ਕਿ ਜਦੋਂ ਵੀ ਭਾਰਤ ਦਾ ਜ਼ਿਕਰ ਆਵੇਗਾ, ਇਹ ਯਾਦਾਂ ਉਸ ਨੂੰ ਸਤਾਉਣਗੀਆਂ।
ਸਵਾਲ ਇਹ ਹੈ ਕਿ ਜੇਕਰ ਇਹ ਔਰਤ ਵਿਦੇਸ਼ੀ ਨਾ ਹੁੰਦੀ ਤਾਂ ਕੀ ਹੁੰਦਾ? ਇਹ ਕਹਿਣਾ ਮੁਸ਼ਕਿਲ ਹੈ, ਪਰ ਅਜਿਹਾ ਕਿਸੇ ਭਾਰਤੀ ਔਰਤ ਨਾਲ ਨਾ ਹੁੰਦਾ, ਇਹ ਕਹਿਣਾ ਹੋਰ ਵੀ ਮੁਸ਼ਕਿਲ ਹੈ।
ਹਰ ਅਜਿਹੀ ਵੱਡੀ ਘਟਨਾ ਦੇ ਬਾਅਦ ਸੋਸ਼ਲ ਮੀਡੀਆ ਉੱਤੇ ਔਰਤਾਂ ਆਪਣੇ ਤਜ਼ਰਬੇ ਸਾਂਝੇ ਕਰਦੀਆਂ ਹਨ।
ਉਨ੍ਹਾਂ ਤਜ਼ਰਬਿਆਂ ਵਿੱਚ ਇਹੀ ਹੁੰਦਾ ਹੈ ਕਿ ਜਨਤਕ ਜੀਵਨ ਵਿੱਚ ਸ਼ਾਇਦ ਹੀ ਕੋਈ ਔਰਤ ਅਜਿਹੀ ਹੋਵੇਗੀ, ਜਿਸ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਜਿਣਸੀ ਹਿੰਸਾ ਦਾ ਸਾਹਮਣਾ ਨਾ ਕਰਨਾ ਪਿਆ ਹੋਵੇ।
ਜਨਤਕ ਜੀਵਨ ਵਿੱਚ ਚਾਹੇ ਜੋ ਵੀ ਔਰਤਾਂ ਹੋਣ, ਉਨ੍ਹਾਂ ਨੂੰ ਜਿਣਸੀ ਹਿੰਸਾ ਦਾ ਵਤੀਰਾ ਝੱਲਣਾ ਪਿਆ ਹੈ।
ਇਹ ਵਤੀਰਾ ਉਨ੍ਹਾਂ ਨਾਲ ਕੌਣ ਕਰ ਰਹੇ ਹਨ? ਕੀ ਉਨ੍ਹਾਂ ਲੋਕਾਂ ਨੂੰ ਸਮੂਹਿਕ ਤੌਰ ਉੱਤੇ ਆਪਣੇ ਵਤੀਰੇ ਬਾਰੇ ਨਹੀਂ ਸੋਚਣਾ ਚਾਹੀਦਾ?
ਇਹ ਸਮਾਜਿਕ ਤਬਦੀਲੀ ਦਾ ਵੀ ਸੰਕੇਤ ਹੈ

ਤਸਵੀਰ ਸਰੋਤ, Getty Images
ਪੁਲਿਸ ਕਾਰਵਾਈ ਕਰ ਰਹੀ ਹੈ। ਮੁਲਜ਼ਮ ਫੜੇ ਜਾ ਚੁੱਕੇ ਹਨ। ਪਰ ਇਸ ਘਟਨਾ ਨੇ ਜੋ ਧੱਬਾ ਲਾਇਆ ਹੈ, ਉਸ ਦਾ ਅਸਰ ਕਾਫ਼ੀ ਦਿਨਾਂ ਤੱਕ ਰਹੇਗਾ।
ਇਹ ਘਟਨਾ ਕਿਉਂਕਿ ਵਿਦੇਸ਼ੀ ਔਰਤ ਨਾਲ ਹੋਈ ਹੈ, ਇਸ ਲਈ ਇਸ ਦੀ ਗੂੰਜ ਵੀ ਵਿਆਪਕ ਹੈ।
ਆਮ ਤੌਰ ਉੱਤੇ ਮੰਨਿਆ ਜਾਂਦਾ ਹੈ ਕਿ ਝਾਰਖੰਡ ਵਰਗੇ ਆਦਿ ਵਾਸੀ ਸਮਾਜ ਵਿੱਚ ਤਾਂ ਇਸ ਤਰ੍ਹਾਂ ਦੀ ਜਿਣਸੀ ਹਿੰਸਾ ਨਹੀਂ ਹੁੰਦੀ ਹੋਵੇਗੀ। ਜਾਂ ਬਹੁਤ ਘੱਟ ਹੁੰਦੀ ਹੋਵੇਗੀ। ਇਹ ਘਟਨਾ ਇਸ ਵਿਸ਼ਵਾਸ ਨੂੰ ਵੀ ਝੰਜੋੜ ਦਿੰਦੀ ਹੈ।
ਆਦਿ ਵਾਸੀ ਸਮਾਜ ਵਿੱਚ ਔਰਤਾਂ ਨਾਲ ਵਿਹਾਰ ਵਿੱਚ ਜਿਣਸੀ ਹਿੰਸਾ ਦੀਆਂ ਗੱਲਾਂ ਕਾਫ਼ੀ ਘੱਟ ਸੁਣਨ ਨੂੰ ਮਿਲਦੀਆਂ ਹਨ। ਇਹ ਘਟਨਾ ਇਸ ਲਿਹਾਜ਼ ਨਾਲ ਵੀ ਹੈਰਾਨ ਕਰਨ ਵਾਲੀ ਹੈ।
ਕੀ ਇਹ ਘਟਨਾ ਨਹੀਂ ਦੱਸਦੀ ਕਿ ਆਦਿ ਵਾਸੀ ਸਮਾਜ ਵਿੱਚ ਔਰਤਾਂ ਪ੍ਰਤੀ ਨਜ਼ਰੀਏ ਉੱਤੇ ਬਾਹਰੀ ਅਸਰ ਪਿਆ ਹੈ।
ਵੱਡਾ ਗ਼ੈਰ ਆਦਿ ਵਾਸੀ ਸਮਾਜ ਔਰਤਾਂ ਨੂੰ ਵਸਤੂ ਦੇ ਰੂਪ ਵਿੱਚ ਜ਼ਿਆਦਾ ਦੇਖਦਾ ਹੈ ਅਤੇ ਉਸ ਨੂੰ ਸਿਰਫ਼ ਜਿਣਸੀ ਸਰੀਰ ਵਿੱਚ ਹੀ ਸਮੇਟ ਦਿੰਦਾ ਹੈ।
ਇਹ ਇੱਕ ਵਿਆਪਕ ਨਜ਼ਰੀਆ ਹੈ। ਇਹ ਪਿੱਤਰ ਸੱਤਾ ਮੁਖੀ ਨਜ਼ਰੀਆ ਹੈ। ਨਾਬਰਾਬਰੀ ਅਤੇ ਵਿਤਕਰਾ ਵਧਾਉਣ ਵਾਲਾ ਨਜ਼ਰੀਆ ਹੈ।
ਕਿਤੇ ਇਹ ਨਜ਼ਰੀਆ ਆਦਿ ਵਾਸੀ ਸਮਾਜ ਨੂੰ ਵੀ ਆਪਣੇ ਕਲਾਵੇ ਵਿੱਚ ਲੈਣ ਵਿੱਚ ਕਾਮਯਾਬ ਤਾਂ ਨਹੀਂ ਹੋ ਗਿਆ।
ਜੇਕਰ ਅਜਿਹਾ ਹੈ ਤਾਂ ਇਹ ਚਿੰਤਾਜਨਕ ਹੈ। ਇਸ ਦਾ ਅਸਰ ਸਿਰਫ ਇਸ ਇੱਕ ਘਟਨਾ ਤੱਕ ਸੀਮਤ ਨਹੀਂ ਰਹਿਣ ਵਾਲਾ।
ਇਹ ਪੂਰੇ ਸਮਾਜ ਲਈ ਫ਼ਿਕਰ ਦੀ ਗੱਲ ਹੈ। ਅਜਿਹੇ ਸਮਾਜ ਵਿੱਚ ਜਿੱਥੇ ਔਰਤਾਂ ਪ੍ਰਤੀ ਹਿੰਸਕ ਨਜ਼ਰੀਆ ਕਮਜ਼ੋਰ ਹੋਵੇ ਜਾਂ ਜਨਤਕ ਤੌਰ ’ਤੇ ਜਿਣਸੀ ਹਿੰਸਾ ਜੀਵਨ ਦਾ ਹਿੱਸਾ ਨਾ ਹੋਵੇ, ਉੱਥੇ ਅਜਿਹੀ ਘਟਨਾ ਤਾਂ ਗੰਭੀਰ ਚਿੰਤਾ ਦਾ ਵਿਸ਼ਾ ਹੋਣੀ ਚਾਹੀਦੀ ਹੈ।
ਜੇਕਰ ਅਜਿਹਾ ਨਜ਼ਰੀਆ ਵਧ ਰਿਹਾ ਹੈ ਤਾਂ ਇਹ ਉਸ ਸਮਾਜ ਦੀਆਂ ਔਰਤਾਂ ਲਈ ਜ਼ਿਆਦਾ ਖ਼ਤਰਨਾਕ ਹੈ।
ਇਹ ਖ਼ਤਰੇ ਦੀ ਘੰਟੀ ਹੈ। ਇਸ ਘੰਟੀ ਦੀ ਆਵਾਜ਼ ਜਿੰਨੀ ਸ਼ਿੱਦਤ ਨਾਲ ਸੁਣੀ ਜਾਵੇ, ਓਨਾ ਉਸ ਸਮਾਜ ਲਈ ਬਿਹਤਰ ਹੈ।
ਮਰਦਾਨਾ ਵਿਹਾਰ ’ਤੇ ਗੱਲ ਕਰਨੀ ਜ਼ਰੂਰੀ

ਤਸਵੀਰ ਸਰੋਤ, ANI
ਅੱਜ ਜਦੋਂ ਇੱਕ ਵਿਦੇਸ਼ੀ ਔਰਤ ਨਾਲ ਇਸ ਤਰ੍ਹਾਂ ਦੀ ਜਿਣਸੀ ਹਿੰਸਾ ਹੋਈ ਹੈ ਤਾਂ ਅਸੀਂ ਵੱਡੇ ਪੱਧਰ ਉੱਤੇ ਰੌਲਾ ਪਾ ਰਹੇ ਹਾਂ ਜਾਂ ਔਰਤਾਂ ਨਾਲ ਹੋਣ ਵਾਲੀ ਹਿੰਸਾ ਦੀ ਗੱਲ ਕਰ ਰਹੇ ਹਾਂ।
ਅਜਿਹੀ ਹਰ ਘਟਨਾ ਮਰਦਾਨਾ ਵਿਹਾਰ ਬਾਰੇ ਗੱਲ ਕਰਨ ਲਈ ਮਜਬੂਰ ਕਰਦੀ ਹੈ। ਇਹ ਮਰਦ ਹੀ ਹਨ, ਜਿਨ੍ਹਾਂ ਦੇ ਵਿਵਹਾਰ ਹਰ ਘਟਨਾ ਵਿੱਚ ਸ਼ਰਮ ਸਾਰ ਕਰ ਦਿੰਦਾ ਹੈ।
ਇਸ ਤਰ੍ਹਾਂ ਨਹੀਂ ਹੈ ਕਿ ਅਜਿਹੀ ਕੋਈ ਘਟਨਾ ਸਿਰਫ ਕਿਸੇ ਵਿਦੇਸ਼ੀ ਔਰਤ ’ਤੇ ਤਾਂ ਅਸਰ ਪਾਵੇਗੀ, ਅਤੇ ਇਸ ਦਾ ਅਸਰ ਆਸ-ਪਾਸ ਦੀਆਂ ਔਰਤਾਂ ’ਤੇ ਨਹੀਂ ਪਵੇਗਾ।
ਜੇਕਰ ਮਰਦਾਂ ਦੇ ਇੱਕ ਤਬਕੇ ਨੇ ਔਰਤਾਂ ਪ੍ਰਤੀ ਨਜ਼ਰੀਏ ਵਿੱਚ ਅਜਿਹੀ ਤਬਦੀਲੀ ਪੈਦਾ ਕਰ ਲਈ ਹੈ, ਜਿੱਥੇ ਔਰਤ ਉਨ੍ਹਾਂ ਦੀ ਸੇਵਾ ਲਈ ਸਿਰਫ਼ ਇੱਕ ਸਰੀਰ ਹੈ, ਤਾਂ ਇਹ ਨਜ਼ਰੀਆ ਸਮਾਜ ਦੀਆਂ ਸਾਰੀਆਂ ਔਰਤਾਂ ਉੱਤੇ ਬੁਰਾ ਅਸਰ ਪਾਵੇਗਾ।
ਹਿੰਸਾ ਦਾ ਸਿਲਸਿਲਾ ਕਿਸੇ ਵੀ ਵਿਦੇਸ਼ੀ ਔਰਤ ਉੱਤੇ ਨਹੀਂ ਰੁਕੇਗਾ। ਹਿੰਸਾ ਆਪਣਾ ਸ਼ਿਕਾਰ ਆਪਣੇ ਹੀ ਲੋਕਾਂ ਵਿੱਚੋਂ ਲੱਭੇਗੀ। ਆਪਣੇ ਹੀ ਲੋਕਾਂ ਨੂੰ ਨਿਸ਼ਾਨਾ ਬਣਾਏਗੀ।
ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਮਰਦ, ਦਬਦਬਾ ਰੱਖਣ ਵਾਲਾ ਅਤੇ ਹਿੰਸਕ ਸੋਚ ਵਾਲਾ ਮਨੁੱਖ ਨਹੀਂ ਬਣਨਾ ਚਾਹੀਦਾ। ਇਸ ਦੀ ਕੋਸ਼ਿਸ਼ ਅਤੇ ਪਹਿਲ ਜਿੰਨੀ ਜਲਦੀ ਕੀਤੀ ਜਾਵੇ, ਓਨੀ ਜ਼ਰੂਰੀ ਹੈ।
ਨਹੀਂ ਤਾਂ ਇੱਕ ਅਜਿਹਾ ਸਮਾਜ, ਜਿਸ ਬਾਰੇ ਕਿਹਾ ਜਾਂਦਾ ਹੋਵੇ ਕਿ ਇੱਥੇ ਔਰਤਾਂ ਬਿਹਤਰ ਹਨ, ਉੱਥੋਂ ਦੀਆਂ ਕੁੜੀਆਂ ਅਤੇ ਔਰਤਾਂ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ।












