ਅਮ੍ਰਿਤਪਾਲ ਕੋਲੋਂ ਡਿਬਰੂਗੜ੍ਹ ਜੇਲ੍ਹ ਵਿੱਚ ਅਜਿਹਾ ਕੀ ਮਿਲਿਆ, ਜੋ ਜੇਲ੍ਹ ਅਧਿਕਾਰੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ

ਅਮ੍ਰਿਤਪਾਲ ਸਿੰਘ

ਤਸਵੀਰ ਸਰੋਤ, ANI

ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਸਿੰਘ ਦੇ ਕਮਰੇ ਵਿੱਚੋਂ ਮੋਬਾਇਲ ਫੋਨ ਅਤੇ ਸਪਾਈ ਕੈਮਰਾ ਸਣੇ ਹੋਰ ਪਾਬੰਦੀਸ਼ੁਦਾ ਚੀਜ਼ਾਂ ਮਿਲਣ ਦੇ ਮਾਮਲੇ ਵਿੱਚ ਇੱਕ ਜੇਲ੍ਹ ਅਧਿਕਾਰੀ ਦੀ ਗ੍ਰਿਫ਼ਤਾਰੀ ਹੋਈ ਹੈ।

ਬੀਬੀਸੀ ਸਹਿਯੋਗੀ ਦਿਲੀਪ ਕੁਮਾਰ ਸ਼ਰਮਾ ਮੁਤਾਬਕ ਅਸਾਮ ਦੀ ਪੁਲਿਸ ਨੇ ਵੀਰਵਾਰ ਰਾਤ ਨੂੰ ਡਿਬਰੂਗੜ੍ਹ ਸੈਂਟਰਲ ਜੇਲ੍ਹ ਦੇ ਸੁਪਰੀਟੈਂਡੈਂਟ ਨਿਪੇਨ ਦਾਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਦੁਬਈ ਤੋਂ ਪੰਜਾਬ ਪਰਤੇ ਅਮ੍ਰਿਤਪਾਲ ਸਿੰਘ ਨੂੰ 23 ਅਪ੍ਰੈਲ 2023 ਨੂੰ ਨੈਸ਼ਨਲ ਸਕਿਓਰਟੀ ਐਕਟ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ। ਅਮ੍ਰਿਤਪਾਲ ਸਿੰਘ ਉੱਤੇ ਵੱਖ-ਵੱਖ ਮਾਮਲੇ ਦਰਜ ਹੋਏ ਸਨ।

ਅਮ੍ਰਿਤਪਾਲ ਸਿੰਘ

ਤਸਵੀਰ ਸਰੋਤ, THEWARISPANJABDE/INSTAGRAM

ਤਸਵੀਰ ਕੈਪਸ਼ਨ, ਡਿਬਰੂਗੜ੍ਹ ਦੇ ਏਐੱਸਪੀ(ਕ੍ਰਾਈਮ) ਸੀਜ਼ਲ ਅਗਰਵਾਲ ਨੇ ਇਸ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ

ਡਿਬਰੂਗੜ੍ਹ ਦੇ ਏਐੱਸਪੀ(ਕ੍ਰਾਈਮ) ਸੀਜ਼ਲ ਅਗਰਵਾਲ ਨੇ ਇਸ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ।

ਉਨ੍ਹਾਂ ਨੇ ਕਿਹਾ ਕਿ ਡਿਬਰੂਗੜ੍ਹ ਜੇਲ੍ਹ ਦੇ ਸੁਪਰੀਟੈਂਡੈਂਟ ਨਿਪੇਨ ਦਾਸ ਨੂੰ ਯੂਏਪੀਏ ਗ਼ੈਰ ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਦੀ ਧਾਰਾ 13(1) ਬੀ ਅਤੇ ਅਸਾਮ ਜੇਲ੍ਹ ਐਕਟ ਦੀ ਧਾਰਾ 75 ਦੇ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ।

ਸੁਪਰੀਟੈਂਡੈਂਟ ਨਿਪੇਨ ਦਾਸ

ਤਸਵੀਰ ਸਰੋਤ, Dillip Kumar Sharma

ਤਸਵੀਰ ਕੈਪਸ਼ਨ, ਡਿਬਰੂਗੜ੍ਹ ਜੇਲ੍ਹ ਦੇ ਸੁਪਰੀਟੈਂਡੈਂਟ ਨਿਪੇਨ ਦਾਸ ਨੂੰ ਯੂਏਪੀਏ ਗ਼ੈਰ ਕਾਨੂੰਨੀ ਗਤੀਵਿਧੀਆਂ ਰੋਕੂ ਐਕਟ ਦੀ ਧਾਰਾ 13(1) ਬੀ ਅਤੇ ਅਸਾਮ ਜੇਲ੍ਹ ਐਕਟ ਦੀ ਧਾਰਾ 75 ਦੇ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ

17 ਫਰਵਰੀ ਨੂੰ ਡਿਬਰੂਗੜ੍ਹ ਸੈਂਟ੍ਰਲ ਜੇਲ੍ਹ ਵਿੱਚ ਅਮ੍ਰਿਤਪਾਲ ਸਿੰਘ ਦੇ ਕੋਲੋਂ ਅਧਿਕਾਰੀਆਂ ਨੇ ਸਿਮ ਕਾਰਡ ਵਾਲੇ ਸਮਾਰਟਫੋਨ, ਕੀ ਪੈਡ ਵਾਲੇ ਫੋਨ, ਕੀ ਬੋਰਡ ਦੇ ਨਾਲ ਟੀਵੀ ਰਿਮੋਟ, ਸਪਾਈ ਕੈਮਰਾ ਪੈੱਨ, ਪੈੱਨ ਡਰਾਈਵ, ਬਲੂਟੁੱਥ ਹੈੱਡਫੋਨ, ਸਪੀਕਰ ਅਤੇ ਸਮਾਰਟਵਾਚ ਸਹਿਤ ਕਈ ਪਾਬੰਦੀਸ਼ੁਦਾ ਚੀਜ਼ਾਂ ਬਰਾਮਦ ਕੀਤੀਆਂ ਸੀ।

ਇਸ ਘਟਨਾ ਤੋਂ ਬਾਅਦ ਫਰਵਰੀ ਵਿੱਚ ਅਸਾਮ ਦੇ ਪੁਲਿਸ ਦੇ ਡਾਇਰੈਕਟਰ ਜਨਰਲ ਜੀਪੀ ਸਿੰਘ ਨੇ ਡਿਬਰੂਗੜ੍ਹ ਕੇਂਦਰੀ ਜੇਲ੍ਹ ਦਾ ਦੌਰਾ ਕੀਤਾ ਸੀ।

ਅਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਹੋਰ ਸਾਥੀ ਰਾਸ਼ਟਰੀ ਸੁਰੱਖਿਆ ਕਾਨੂੰਨ ਐੱਨਐੱਸਏ ਦੇ ਤਹਿਤ ਗ੍ਰਿਫ਼ਤਾਰ ਹੋਣ ਤੋਂ ਬਾਅਦ ਅਪ੍ਰੈਲ 2023 ਤੋਂ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ।

ਜ਼ਿਕਰਯੋਗ ਹੈ ਕਿ ਅਮ੍ਰਿਤਪਾਲ ਸਿੰਘ ਦੇ ਪਰਿਵਾਰਕ ਮੈਂਬਰ ਅਤੇ ਹੋਰ ਕਾਰਕੁਨ ਅਮ੍ਰਿਤਪਾਲ ਸਿੰਘ ਉਨ੍ਹਾਂ ਦੇ ਸਾਥੀਆਂ ਦੀ ਪੰਜਾਬ ਦੀ ਕਿਸੇ ਜੇਲ੍ਹ ਵਿੱਚ ਬਦਲੀ ਕੀਤੇ ਜਾਣ ਦੀ ਮੰਗ ਕਰ ਰਹੇ ਹਨ।

ਇਸ ਸਬੰਧ ਵਿੱਚ ਅਮ੍ਰਿਤਪਾਲ ਸਿੰਘ ਦੀ ਮਾਤਾ ਅਤੇ ਡਿਬਰੂਗੜ੍ਹ ਜੇਲ੍ਹ ਵਿੱਚ ਰੱਖੇ ਗਏ ਹੋਰ ਬੰਦੀਆਂ ਦੇ ਰਿਸ਼ਤੇਦਾਰ ਅਮ੍ਰਿਤਸਰ ਸਾਹਿਬ ਵਿਖੇ ਭੁੱਖ ਹੜਤਾਲ ਉੱਤੇ ਹਨ।

ਕਿਵੇਂ ਹੋਈ ਗ੍ਰਿਫ਼ਤਾਰੀ

ਰਾਕੇਸ਼ ਰੈੱਡੀ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਡਿਬਰੂਗੜ੍ਹ ਦੇ ਐੱਸਪੀ ਰਾਕੇਸ਼ ਰੈੱਡੀ

ਡਿਬਰੂਗੜ੍ਹ ਦੇ ਐੱਸਪੀ ਰਾਕੇਸ਼ ਰੈੱਡੀ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਜੇਲ੍ਹ ਦੀ ਤਲਾਸ਼ੀ ਲਈ ਗਈ ਸੀ ਜਿੱਥੇ ਮੋਬਾਇਲ ਫੋਨ, ਰਿਮੋਟ ਅਤੇ ਚੀਜ਼ਾਂ ਮਿਲੀਆਂ ਸਨ।

ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਦੀ ਜਾਂਚ ਸ਼ੁਰੂ ਕੀਤੀ ਅਤੇ ਟੈਕਨੀਕਲ ਡਾਟਾ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ।

ਉਨ੍ਹਾਂ ਅੱਗੇ ਕਿਹਾ, "ਜਾਂਚ ਕਰਨ ਉੱਤੇ ਸਾਨੂੰ ਪਤਾ ਲੱਗਾ ਕਿ ਜੇਲ੍ਹ ਅਧਿਕਾਰੀਆਂ ਅਤੇ ਐੱਨਐੱਸਏ ਤਹਿਤ ਫੜੇ ਗਏ ਹਵਾਲਾਤੀਆਂ ਵਿਚਾਲੇ ਇੱਕ ਨੈਕਸਸ (ਗਠਜੋੜ) ਹੈ, ਇਸ ਲਈ ਅਸੀਂ ਇੱਕ ਨਵਾਂ ਕੇਸ ਦਰਜ ਕਰ ਲਿਆ ਹੈ ਅਤੇ ਸਬੂਤਾਂ ਦੇ ਅਧਾਰ ਉੱਤੇ ਅਧਿਕਾਰੀ ਨੂੰ ਹਿਰਾਸਤ ਵਿੱਚ ਲਿਆ ਸੀ ਅਤੇ ਅੱਜ ਗ੍ਰਿਫ਼ਤਾਰੀ ਪਾਈ ਹੈ।"

ਉਨ੍ਹਾਂ ਕਿਹਾ ਕਿ ਮੁਲਜ਼ਮ ਨੇ ਗੈਰ-ਕਾਨੂੰਨੀ ਗਤੀਵਿਧੀਆਂ ਲਈ ਸਹੂਲਤ ਦਿੱਤੀ ਹੈ ਜਿਸ ਦੇ ਕਿ ਵੱਡੇ ਪੱਧਰ ਉੱਤੇ ਨਤੀਜੇ ਹੋ ਸਕਦੇ ਸਨ ਇਸ ਲਈ ਇਸ ਨੂੰ ਗੰਭੀਰ ਤੌਰ ਉੱਤੇ ਲਿਆ ਗਿਆ ਹੈ।

ਉਨ੍ਹਾਂ ਕਿਹਾ, "ਕਿਉਂਕਿ ਉਹ ਐੱਨਐੱਸਏ ਤਹਿਤ ਸਾਡੀ ਜੇਲ੍ਹ ਵਿੱਚ ਹਨ ਜੋ ਕਿ ਵੱਡੀ ਗੱਲ ਹੈ, ਇਸ ਲਈ ਇਹ ਜ਼ਰੂਰੀ ਹੈ ਕਿ ਜੇਲ੍ਹ ਮੈਨੂਅਲ ਵਿੱਚ ਦਰਜ ਨਿਯਮਾਂ ਦੀ ਪਾਲਣਾ ਹੋਵੇ, ਉਨ੍ਹਾਂ ਨੂੰ ਦਿੱਤੇ ਗਏ ਸਹਿਯੋਗ ਦਾ ਪ੍ਰਭੂਸੱਤਾ ਅਤੇ ਨੁਕਸਾਨ ਲਈ ਖ਼ਤਰਾ ਵੱਧ ਹੋਵੇਗਾ।"

ਇਹ ਵੀ ਪੜ੍ਹੋ-

17 ਫਰਵਰੀ ਤੋਂ ਅਮ੍ਰਿਤਪਾਲ ਅਤੇ ਸਾਥੀ ਭੁੱਖ ਹੜਤਾਲ ਉੱਤੇ

ਪੁਲਿਸ ਅਫ਼ਸਰ ਨੇ ਪੁਸ਼ਟੀ ਕੀਤੀ ਕਿ ਅਮ੍ਰਿਤਪਾਲ ਅਤੇ ਉਨ੍ਹਾਂ ਦੇ ਸਾਥੀ 17 ਫਰਵਰੀ ਤੋਂ ਭੁੱਖ ਹੜਤਾਲ ਉੱਤੇ ਹਨ।

ਇਹ ਕਿਹਾ ਜਾ ਰਿਹਾ ਹੈ ਕਿ ਅਮ੍ਰਿਤਪਾਲ ਅਤੇ ਉਸ ਦੇ ਸਾਥੀ ਉਨ੍ਹਾਂ ਨੂੰ ਜੇਲ੍ਹ ਵਿੱਚ ਆ ਰਹੀਆਂ ਕਥਿਤ ਦਿੱਕਤਾ ਕਰਕੇ ਭੁੱਖ ਹੜਤਾਲ ਉੱਤੇ ਹਨ।

ਉਨ੍ਹਾਂ ਨੇ ਕਿਹਾ ਕਿ ਦੋਵਾਂ ਦਾ ਰੋਜ਼ਾਨਾ ਮੈਡੀਕਲ ਚੈੱਕਅੱਪ ਹੁੰਦਾ ਹੈ।

ਉਨ੍ਹਾਂ ਨੇ ਕਿਹਾ, “ਬੰਦੀਆਂ ਵਿੱਚੋਂ ਤਿੰਨ ਜਣਿਆਂ ਨੇ ਦਿੱਕਤ ਦੀ ਸ਼ਿਕਾਇਤ ਕੀਤੀ ਸੀ ਡਾਕਟਰਾਂ ਨੇ ਉਨ੍ਹਾਂ ਦਾ ਇਲਾਜ ਕੀਤਾ ਹੈ ਅਤੇ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ।''

ਅਮ੍ਰਿਤਪਾਲ ਸਿੰਘ ਦੇ ਪਿਤਾ ਨੇ ਕੀ ਕਿਹਾ

ਅਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਇਸ ਸਾਰੇ ਮਾਮਲੇ ਨੂੰ ਸਾਜਿਸ਼ ਕਰਾਰ ਦਿੱਤਾ ਹੈ।

ਉਨ੍ਹਾਂ ਨੇ ਕਿਹਾ, “ਇਹ ਮਾਮਲਾ 16 ਤਰੀਕ ਦਾ ਸੀ ਜੇਕਰ ਸੁਪਰੀਟੈਂਡੈਂਟ ਦੀ ਕੋਈ ਗਲਤੀ ਸੀ ਤਾਂ ਉਸ ਨੂੰ ਉਦੋਂ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਸੀ, 22 ਦਿਨ ਬਾਅਦ ਇਸ ਪਾਸੇ ਲੈ ਕੇ ਜਾਣਾ ਗਲਤ ਸੰਕੇਤ ਲੱਗਦੇ ਹਨ।”

ਜਥੇਦਾਰ ਵੱਲੋਂ ਬਣਾਈ ਗਈ ਸੀ ਕਮੇਟੀ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਬੀਤੇ ਦਿਨੀਂ ਅਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੇ ਕੇਸ ਬਾਰੇ ਸਬ ਕਮੇਟੀ ਬਣਾਈ ਸੀ।

ਉਨ੍ਹਾਂ ਨੇ ਕਿਹਾ ਕਿ ਜੇਲ੍ਹ ਵਿੱਚ ਬੰਦ ਵਿਅਕਤੀਆਂ ਦੀ ਨਿੱਜਤਾ ਨੂੰ ਦੇਖਿਆ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਬਾਥਰੂਮਾਂ ਵਿੱਚ ਕੈਮਰੇ ਲਾਉਣ ਦਾ ਜ਼ਿਕਰ ਕੀਤਾ ਗਿਆ ਜਿਸ ਦੇ ਵਿਰੋਧ ਵਿੱਚ ਅਮ੍ਰਿਤਪਾਲ ਅਤੇ ਉਸ ਦੇ ਸਾਥੀਆਂ ਵੱਲੋਂ ਭੁੱਖ ਹੜਤਾਲ ਰੱਖੀ ਗਈ ਹੈ।

ਉਨ੍ਹਾਂ ਨੇ ਕਿਹਾ ਸੀ ਇਸ ਮਾਮਲੇ ਦੀ ਨਜ਼ਰਸਾਨੀ, ਕਾਨੂੰਨੀ ਕਾਰਵਾਈ ਕਰਨ ਲਈ ਪਰਿਵਾਰ ਨਾਲ ਤਾਲਮੇਲ ਕਰਨ ਲਈ ਇੱਕ ਕਮੇਟੀ ਬਣਾਈ ਗਈ ਹੈ।

ਅਮ੍ਰਿਤਪਾਲ ਸਿੰਘ ਕੌਣ ਹਨ, ਉਨ੍ਹਾਂ ਦਾ ਪਿਛੋਕੜ ਕੀ ਹੈ

ਅਮ੍ਰਿਤਪਾਲ ਸਿੰਘ
ਤਸਵੀਰ ਕੈਪਸ਼ਨ, ਅਮ੍ਰਿਤਪਾਲ ਸਿੰਘ ਨੂੰ ਮਰਹੂਮ ਸੰਦੀਪ ਸਿੰਘ ਉਰਫ਼ ਦੀਪ ਸਿੱਧੂ ਵਲੋਂ ਬਣਾਈ ਗਈ 'ਵਾਰਸ ਪੰਜਾਬ ਦੇ' ਜਥੇਬੰਦੀ ਦਾ ਨਵਾਂ ਮੁਖੀ ਬਣਾਇਆ ਗਿਆ ਸੀ

ਅਮ੍ਰਿਤਪਾਲ ਸਿੰਘ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਹਨ, ਉਹ ਸਿੱਖਾਂ ਲਈ ਖੁਦਮੁਖਤਿਆਰ ਰਾਜ (ਖਾਲਿਸਤਾਨ) ਦੀ ਪਾਪ੍ਰਤੀ ਨੂੰ ਆਪਣਾ ਨਿਸ਼ਾਨਾ ਦੱਸਦੇ ਹਨ।

ਕਈ ਸਾਲ ਦੁਬਈ ਰਹਿਣ ਤੋਂ ਬਾਅਦ ਸਾਲ 2022 'ਚ ਅਗਸਤ ਮਹੀਨੇ ਪੰਜਾਬ ਵਿੱਚ ਵਾਪਸ ਆਏ ਅਤੇ ਉਨ੍ਹਾਂ ਨੇ ਅਮ੍ਰਿਤ ਸੰਚਾਰ ਅਤੇ ਨਸ਼ਾ ਛੁਡਾਊ ਲਹਿਰ ਦੇ ਨਾਂ ਉੱਤੇ ਨੌਜਵਾਨਾਂ ਨੂੰ ਆਪਣੇ ਨਾਲ ਜੋੜਨਾ ਸ਼ੁਰੂ ਕੀਤਾ।

ਅਮ੍ਰਿਤਪਾਲ ਸਿੰਘ ਨੂੰ ਮਰਹੂਮ ਸੰਦੀਪ ਸਿੰਘ ਉਰਫ਼ ਦੀਪ ਸਿੱਧੂ ਵਲੋਂ ਬਣਾਈ ਗਈ 'ਵਾਰਸ ਪੰਜਾਬ ਦੇ' ਜਥੇਬੰਦੀ ਦਾ ਨਵਾਂ ਮੁਖੀ ਬਣਾਇਆ ਗਿਆ ਸੀ।

ਅਮ੍ਰਿਤਪਾਲ ਸਿੰਘ ਦੀ 'ਵਾਰਸ ਪੰਜਾਬ ਦੇ' ਮੁਖੀ ਵਜੋਂ ਦਸਤਾਰਬੰਦੀ ਜਥੇਬੰਦੀ ਦੀ ਪਹਿਲੀ ਵਰ੍ਹੇਗੰਢ ਮੌਕੇ 29 ਸਤੰਬਰ 2022 ਨੂੰ ਕੀਤੀ ਗਈ ਸੀ।

ਦਰਅਸਲ ਇਸ ਦਿਨ ਦਮਦਮੀ ਟਕਸਾਲ ਦੇ ਸਾਬਕਾ ਮੁਖੀ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਜਨਮ ਦਿਨ ਵੀ ਸੀ।

ਪਰ ਉਹ ਆਪਣੇ ਗਰਮਸੁਰ ਵਾਲੇ ਭਾਸ਼ਣਾ ਅਤੇ ਗੁਰਦੁਆਰਿਆਂ ਵਿਚਲੇ ਬੈਂਚ ਸਾੜਨ ਤੇ ਅਜਨਾਲਾ ਥਾਣੇ ਅੱਗੇ ਹੋਈ ਹਿੰਸਾ ਕਾਰਨ ਵਿਵਾਦਾਂ ਵਿੱਚ ਆ ਗਏ।

ਅਜਨਾਲਾ ਹਿੰਸਾ ਤੋਂ ਬਾਅਦ ਅਮ੍ਰਿਤਪਾਲ ਸਿੰਘ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ 16 ਕੇਸ ਦਰਜ ਕੀਤੇ ਗਏ ਸਨ। ਉਨ੍ਹਾਂ ਉੱਤੇ ਐਨਐੱਸਏ ਵੀ ਲਗਾਇਆ ਗਿਆ।

ਅਪ੍ਰੈਲ 2023 ਨੂੰ ਅਮ੍ਰਿਤਪਾਲ ਸਿੰਘ ਨੂੰ ਮੋਗਾ ਤੋਂ ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ।

ਡਿਬਰੂਗੜ੍ਹ ਜੇਲ੍ਹ ਵਿੱਚ ਅਮ੍ਰਿਤਪਾਲ ਸਣੇ ਹੋਰ ਕੌਣ-ਕੌਣ

ਅਮ੍ਰਿਤਪਾਲ ਦੇ ਸਾਥੀਆਂ ਵਿੱਚ ਮੋਗਾ ਜ਼ਿਲ੍ਹੇ ਦੇ ਦੌਲਤਪੁਰਾ ਉੱਚਾ ਦੇ ਵਾਸੀ ਬਸੰਤ ਸਿੰਘ, ਮੋਗਾ ਜ਼ਿਲ੍ਹੇ ਦੇ ਹੀ ਪਿੰਡ ਬੁੱਕਣ ਵਾਲਾ ਦੇ ਗੁਰਮੀਤ ਸਿੰਘ, ਫ਼ਿਲਮ ਅਦਾਕਾਰ ਅਤੇ ਦੀਪ ਸਿੱਧੂ ਦੇ ਸਾਥੀ ਰਹੇ ਦਲਜੀਤ ਸਿੰਘ ਕਲਸੀ, ਭਗਵੰਤ ਸਿੰਘ ਉਰਫ਼ ਪ੍ਰਧਾਨ ਮੰਤਰੀ ਬਾਜੇਕੇ ਅਤੇ ਅਮ੍ਰਿਤਪਾਲ ਦੇ ਚਾਚਾ ਜੀ ਹਰਜੀਤ ਸਿੰਘ ਵੀ ਹਨ।

ਇਨ੍ਹਾਂ ਪੰਜਾਂ ਨੂੰ ਐੱਨਐੱਸਏ ਲਗਾ ਕੇ ਅਸਾਮ ਦੀ ਜੇਲ੍ਹ ਵਿੱਚ ਭੇਜਿਆ ਗਿਆ ਸੀ।