ਅਮ੍ਰਿਤਪਾਲ ਸਿੰਘ ਦੇ ਪੰਜਾਬ ਵਾਪਸ ਲਿਆਂਦੇ ਜਾ ਰਹੇ 7 ਸਾਥੀ ਕਿਹੜੇ ਹਨ, ਜਾਣੋ ਪੁਲਿਸ ਨੇ ਹੁਣ ਤੱਕ ਕੀ ਦੱਸਿਆ

ਪੰਜਾਬ ਪੁਲਿਸ ਵੱਲੋਂ ਅਮ੍ਰਿਤਪਾਲ ਸਿੰਘ ਦੀ ‘ਵਾਰਿਸ ਪੰਜਾਬ ਦੇ’ ਜਥੇਬੰਦੀ ਨਾਲ ਸਬੰਧਤ ਸੱਤ ਲੋਕਾਂ ਨੂੰ ਪੰਜਾਬ ਵਾਪਸ ਲਿਆਂਦਾ ਜਾ ਰਿਹਾ ਹੈ।
ਦੱਸ ਦੇਈਏ ਕਿ ਇਨ੍ਹਾਂ ਸਭਨਾਂ 'ਤੇ ਕੌਮੀ ਸੁਰੱਖਿਆ ਐਕਟ (ਐੱਨਐੱਸਏ) ਲਗਾਇਆ ਗਿਆ ਸੀ ਅਤੇ ਉਹ ਪਿਛਲੇ ਦੋ ਸਾਲਾਂ ਤੋਂ ਅਸਾਮ ਦੀ ਜੇਲ੍ਹ ਵਿੱਚ ਬੰਦ ਹਨ।
ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਅਜਨਾਲਾ ਪੁਲਿਸ ਸਟੇਸ਼ਨ ਹਮਲੇ ਦੇ ਮਾਮਲੇ ਵਿੱਚ ਉਨ੍ਹਾਂ ਨੂੰ ਰਸਮੀ ਤੌਰ 'ਤੇ ਗ੍ਰਿਫ਼ਤਾਰ ਕੀਤਾ ਜਾਵੇਗਾ ਅਤੇ ਮੁਲਜ਼ਮਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਆਰੰਭੀ ਜਾਵੇਗੀ।
ਡੀਜੀਪੀ ਨੇ ਪੰਜਾਬ ਵਾਪਸ ਲਿਆਂਦੇ ਜਾ ਰਹੇ ਅਮ੍ਰਿਤਪਾਲ ਦੇ ਸਾਥੀਆਂ ਦੀ ਜਾਣਕਾਰੀ ਦਿੱਤੀ ਹੈ।
ਇਸ ਜਾਣਕਾਰੀ ਅਨੁਸਾਰ ਬਸੰਤ ਸਿੰਘ, ਭਗਵੰਤ ਸਿੰਘ ਉਰਫ਼ ਪ੍ਰਧਾਨ ਮੰਤਰੀ ਬਾਜੇਕੇ, ਗੁਰਮੀਤ ਸਿੰਘ ਗਿੱਲ ਉਰਫ਼ ਗੁਰਮੀਤ ਬੁੱਕਣਵਾਲਾ, ਸਰਬਜੀਤ ਸਿੰਘ ਕਲਸੀ ਉਰਫ਼ ਦਲਜੀਤ ਸਿੰਘ ਕਲਸੀ, ਗੁਰਿੰਦਰਪਾਲ ਸਿੰਘ ਔਜਲਾ ਉਰਫ਼ ਗੁਰੀ ਔਜਲਾ, ਅਮ੍ਰਿਤਪਾਲ ਦੇ ਚਾਚਾ ਹਰਜੀਤ ਸਿੰਘ ਅਤੇ ਕੁਲਵੰਤ ਸਿੰਘ ਧਾਲੀਵਾਲ ਨੂੰ ਪੰਜਾਬ ਲਿਆਂਦਾ ਜਾ ਰਿਹਾ ਹੈ।

ਡੀਜੀਪੀ ਮੁਤਾਬਕ ਕੇਸ ਵਿੱਚ ਜਾਂਚ ਕਾਰਵਾਈ ਨੂੰ ਸ਼ੁਰੂ ਕਰਨ ਲਈ ਅਜਨਾਲਾ ਪੁਲਿਸ ਸਟੇਸ਼ਨ ਵਿੱਚ ਦਰਜ ਐੱਫਆਈਆਰ ਨੰਬਰ 39/23 ਵਿੱਚ ਉਕਤ ਮੁਲਜ਼ਮਾਂ (ਸੱਤ ਵਿਅਕਤੀਆਂ) ਦੀ ਰਸਮੀ ਗ੍ਰਿਫ਼ਤਾਰੀ ਕੀਤੀ ਜਾ ਰਹੀ ਹੈ।
ਅਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੀ ਗ੍ਰਿਫ਼ਤਾਰੀ ਸਮੇਂ ਬੀਬੀਸੀ ਦੀ ਟੀਮ ਨੇ ਪੰਜਾਬ ਦੇ ਵੱਖ-ਵੱਖ ਪਿੰਡਾਂ ਦੇ ਰਹਿਣ ਵਾਲੇ ਇਨ੍ਹਾਂ ਲੋਕਾਂ ਦੇ ਪਰਿਵਾਰ ਅਤੇ ਪਿੰਡਵਾਸੀਆਂ ਨਾਲ ਗੱਲਬਾਤ ਕੀਤੀ ਸੀ।
ਇਨ੍ਹਾਂ ਵਿੱਚੋਂ ਬਹੁਤੇ ਮੁਲਜ਼ਮ ਆਮ ਪਰਿਵਾਰਾਂ ਨਾਲ ਸਬੰਧਤ ਹਨ, ਇੱਕ ਅਦਾਕਾਰ ਹੈ ਅਤੇ ਇੱਕ ਵਿਅਕਤੀ ਅਮ੍ਰਿਤਪਾਲ ਸਿੰਘ ਦਾ ਚਾਚਾ ਹਰਜੀਤ ਸਿੰਘ ਹੈ।
ਕੁਲਵੰਤ ਸਿੰਘ ਰਾਊਕੇ

ਤਸਵੀਰ ਸਰੋਤ, kulwantsinghrauke
ਬੀਬੀਸੀ ਸਹਿਯੋਗੀ ਸੁਰਿੰਦਰ ਮਾਨ ਦੀ ਜਾਣਕਾਰੀ ਅਨੁਸਾਰ ਕੁਲਵੰਤ ਸਿੰਘ ਰਾਊਕੇ ਜ਼ਿਲ੍ਹਾ ਮੋਗਾ ਦੇ ਪਿੰਡ ਰਾਊਕੇ ਦੇ ਵਸਨੀਕ ਹਨ।
ਐੱਨਐੱਸਏ ਤਹਿਤ ਨਜ਼ਰਬੰਦੀ ਤੋਂ ਪਹਿਲਾਂ ਉਹ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮੀਟਡ (ਪੀਐੱਸਪੀਸੀਐੱਲ) ਵਿੱਚ ਬਤੌਰ ਕਲਰਕ ਤੈਨਾਤ ਸਨ।
ਕੁਲਵੰਤ ਸਿੰਘ ਰਾਊਕੇ ਦੇ ਪਿਤਾ ਜਥੇਦਾਰ ਚੜਤ ਸਿੰਘ ਵੀ ਖਾੜਕੂ ਦੌਰ ਸਮੇਂ ਪੰਥਕ ਸਫਾਂ ਵਿੱਚ ਕਾਫੀ ਸਰਗਰਮ ਸਨ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕੁਲਵੰਤ ਸਿੰਘ ਰਾਊਕੇ ਦੇ ਪਿਤਾ ਜਥੇਦਾਰ ਚੜਤ ਸਿੰਘ ਰਾਊਕੇ ਨੂੰ 1993 ਵਿੱਚ ਉਨ੍ਹਾਂ ਘਰ ਤੋਂ ਪੁਲਿਸ ਨੇ ਕਥਿਤ ਤੌਰ 'ਤੇ ਚੁੱਕ ਲਿਆ ਸੀ ਜਿਸ ਤੋਂ ਬਾਅਦ ਉਹ ਕਦੇ ਘਰ ਵਾਪਸ ਨਹੀਂ ਪਰਤੇ।
ਜਦੋਂ ਕਿਸਾਨ ਸੰਘਰਸ਼ ਵੇਲੇ ਫਿਲਮੀ ਐਕਟਰ ਦੀਪ ਸਿੱਧੂ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਮੁਹਿੰਮ ਵਿੱਢੀ ਗਈ ਸੀ ਤਾਂ ਉਸ ਵੇਲੇ ਕੁਲਵੰਤ ਸਿੰਘ ਰਾਊਕੇ ਦੀਪ ਸਿੱਧੂ ਨਾਲ ਜੁੜੇ ਸਨ।
ਦੀਪ ਸਿੱਧੂ ਦੀ ਮੌਤ ਤੋਂ ਬਾਅਦ ਕੁਲਵੰਤ ਸਿੰਘ ਰਾਊਕੇ 'ਵਾਰਸ ਪੰਜਾਬ ਦੇ' ਜਥੇਬੰਦੀ ਨਾਲ ਜੁੜੇ ਅਤੇ ਅਮ੍ਰਿਤਪਾਲ ਸਿੰਘ ਨਾਲ ਉਨ੍ਹਾਂ ਨੇ ਸਰਗਰਮੀਆਂ ਸ਼ੁਰੂ ਕੀਤੀਆਂ ਸਨ।
ਬਸੰਤ ਸਿੰਘ – ਦੌਲਤਪੁਰਾ

22 ਸਾਲਾ ਬਸੰਤ ਸਿੰਘ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਦੌਲਤਪੁਰਾ ਉੱਚਾ ਦੇ ਵਸਨੀਕ ਹਨ, ਇਨ੍ਹਾਂ ਨੂੰ ਵੀ ਪੰਜਾਬ ਪੁਲਿਸ ਨੇ ਐੱਨਐੱਸਏ ਦੇ ਤਹਿਤ ਗ੍ਰਿਫ਼ਤਾਰ ਕੀਤਾ ਹੋਇਆ ਹੈ।
ਉਹ ਦਲਿਤ ਸਿੱਖ ਪਰਿਵਾਰ ਨਾਲ ਸਬੰਧਤ ਹਨ। ਉਹ ਆਪਣੀ ਸਕੂਲੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਇੱਕ ਪ੍ਰਾਈਵੇਟ ਬੈਂਕ ਲਈ ਕੰਮ ਕਰਨ ਲੱਗ ਪਏ ਸੀ। ਫਿਰ ਉਨ੍ਹਾਂ ਨੇ ਕੀਟਨਾਸ਼ਕ ਫਰਮ ਲਈ ਵੀ ਕੰਮ ਕੀਤਾ।
ਅਮ੍ਰਿਤਪਾਲ ਅਤੇ ਉਨ੍ਹਾਂ ਦੇ ਸਾਥੀਆਂ ਦੇ ਗ੍ਰਿਫ਼ਤਾਰੀ ਸਮੇਂ ਬੀਬੀਸੀ ਪੱਤਰਕਾਰ ਨੇ ਦੌਲਤਪੁਰਾ ਉੱਚਾ ਦਾ ਦੌਰਾ ਕੀਤਾ ਸੀ।
ਉਸ ਸਮੇਂ ਪਿੰਡ ਦੇ ਸਾਬਕਾ ਸਰਪੰਚ ਸੁਰਜੀਤ ਸਿੰਘ ਨੇ ਦੱਸਿਆ ਸੀ ਕਿ ਉਨ੍ਹਾਂ ਦਾ ਲੜਕਾ ਪਿਛਲੇ ਦੋ-ਤਿੰਨ ਮਹੀਨਿਆਂ ਤੋਂ ਘਰ ਘੱਟ ਹੀ ਆਉਂਦਾ ਸੀ।
ਉਹ ਜ਼ਿਆਦਾਤਰ ‘ਵਾਰਿਸ ਪੰਜਾਬ ਦੇ’ ਮੁਖੀ ਅਮ੍ਰਿਤਪਾਲ ਸਿੰਘ ਦੇ ਪਿੰਡ ਜੱਲੂਖੇੜਾ ਅੰਮ੍ਰਿਤਸਰ ਵੱਲੋਂ ਚਲਾਏ ਜਾ ਰਹੇ ਨਸ਼ਾ ਮੁਕਤੀ ਕੇਂਦਰ ਵਿੱਚ ਰਹਿੰਦਾ ਸੀ।

ਉਨ੍ਹਾਂ ਨੇ ਦੱਸਿਆ ਸੀ ਕਿ ਬਾਅਦ ਵਿੱਚ ਉਹ ਬਰਨਾਲਾ ਦੇ ਪਿੰਡ ਚੀਮਾ ਵਿੱਚ ਇੱਕ ਹੋਰ ਨਸ਼ਾ ਮੁਕਤੀ ਕੇਂਦਰ ਚਲਾਉਣ ਗਿਆ ਸੀ।
ਉਨ੍ਹਾਂ ਅੱਗੇ ਕਿਹਾ ਕਿ ਬਸੰਤ ਸਿੰਘ ਕਿਸਾਨ ਅੰਦੋਲਨ ਦੌਰਾਨ ਮ੍ਰਿਤਕ ਅਦਾਕਾਰ ਦੀਪ ਸਿੱਧੂ ਤੋਂ ਪ੍ਰੇਰਿਤ ਹੋ ਕੇ ਉਸ ਨਾਲ ਜੁੜ ਗਿਆ ਸੀ ਅਤੇ ਫਿਰ ਅਮ੍ਰਿਤਪਾਲ ਸਿੰਘ ਨਾਲ ਚਲਾ ਗਿਆ ਸੀ।
ਸੁਰਜੀਤ ਸਿੰਘ ਨੇ ਇਹ ਵੀ ਦੱਸਿਆ ਸੀ ਕਿ ਪਹਿਲਾਂ ਬਸੰਤ ਦੇ ਵਾਲ ਕੱਟੇ ਹੋਏ ਸਨ, ਫਿਰ ਉਸ ਨੇ ਕਰੀਬ 5 ਸਾਲ ਪਹਿਲਾਂ ਅੰਮ੍ਰਿਤ ਛਕਿਆ।
ਉਸ ਵੇਲੇ ਉਨ੍ਹਾਂ ਨੇ ਆਪਣੇ ਪੁੱਤਰ ਲਈ ਇਨਸਾਫ਼ ਦੀ ਮੰਗ ਕੀਤੀ ਸੀ ਅਤੇ ਕਿਹਾ ਸੀ ਕਿ ਬਸੰਤ ਨੇ ਕੋਈ ਅਪਰਾਧ ਨਹੀਂ ਕੀਤਾ ਹੈ।
ਸੁਰਜੀਤ ਸਿੰਘ ਨੇ ਦੱਸਿਆ ਸੀ ਕਿ ਉਨ੍ਹਾਂ ਦਾ ਲੜਕਾ ਨਸ਼ਿਆਂ ਵਿਰੁੱਧ ਮੁਹਿੰਮ ਚਲਾ ਰਿਹਾ ਸੀ।
ਗੁਰਮੀਤ ਸਿੰਘ - ਬੁੱਕਣ ਵਾਲਾ

38 ਸਾਲਾ ਗੁਰਮੀਤ ਸਿੰਘ ਮੋਗਾ ਜ਼ਿਲ੍ਹੇ ਦੇ ਪਿੰਡ ਬੁੱਕਣ ਵਾਲਾ ਦੇ ਰਹਿਣ ਵਾਲੇ ਹਨ ਅਤੇ ਜੱਟ ਸਿੱਖ ਪਰਿਵਾਰ ਨਾਲ ਸਬੰਧਿਤ ਹਨ।
ਉਹ ਪਿਛਲੇ ਕੁਝ ਸਾਲਾਂ ਤੋਂ ਮੋਗਾ ਜ਼ਿਲ੍ਹੇ ਦੇ ਪਿੰਡ ਸਿੰਘਾਵਾਲਾ ਦੇ ਰਹਿਣ ਵਾਲੇ ਆਪਣੇ ਜੀਜੇ ਤਰਨਦੀਪ ਸਿੰਘ ਨਾਲ ਭਾਈਵਾਲੀ ਵਿੱਚ ਫਰਨੀਚਰ ਦੀ ਦੁਕਾਨ ਚਲਾ ਰਹੇ ਸਨ।
ਉਸ ਸਮੇਂ ਪਿੰਡ ਦੇ ਪੰਚਾਇਤ ਘਰ ਵਿੱਚ ਤਿੰਨ ਬਜ਼ੁਰਗਾਂ ਨੇ ਬੀਬੀਸੀ ਨੂੰ ਦੱਸਿਆ ਸੀ ਕਿ ਗੁਰਮੀਤ ਸਿੰਘ ਨੇ ਹਮੇਸ਼ਾ ਹੀ ਪਿੰਡ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਰੋਕਿਆ।

ਉਨ੍ਹਾਂ ਦਾ ਘਰ ਪਿੰਡ ਦੇ ਬਾਹਰਵਾਰ ਸਥਿਤ ਹੈ। ਉਨ੍ਹਾਂ ਦੇ ਪਿਤਾ ਮਾਲ ਵਿਭਾਗ ਤੋਂ ਪਟਵਾਰੀ ਵਜੋਂ ਸੇਵਾਮੁਕਤ ਹੋਏ ਹਨ।
ਗੁਰਮੀਤ ਸਿੰਘ ਦੀਆਂ ਦੋ ਨਾਬਾਲਗ ਧੀਆਂ ਹਨ ਅਤੇ ਉਨ੍ਹਾਂ ਨੇ ਆਪਣੀ ਪੜ੍ਹਾਈ +2 ਤੱਕ ਕੀਤੀ।
ਉਸ ਸਮੇਂ ਗੁਰਮੀਤ ਸਿੰਘ ਦੇ ਪਿਤਾ ਨੇ ਦੱਸਿਆ ਸੀ ਕਿ ਗੁਰਮੀਤ ਸਿੰਘ ਨੂੰ ਉਨ੍ਹਾਂ ਦੀ ਦੁਕਾਨ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।
ਉਨ੍ਹਾਂ ਦੇ ਪਿਤਾ ਨੇ ਅੱਗੇ ਦੱਸਿਆ ਸੀ ਕਿ ਗੁਰਮੀਤ ਸਿੰਘ ਮ੍ਰਿਤਕ ਐਕਟਰ ਦੀਪ ਸਿੱਧੂ ਦੇ ਸੰਪਰਕ ਵਿੱਚ ਨਵੀਂ ਦਿੱਲੀ ਵਿਖੇ ਇੱਕ ਸਾਲ ਲੰਬੇ ਚਲੇ ਕਿਸਾਨ ਅੰਦੋਲਨ ਦੌਰਾਨ ਆਇਆ ਸੀ।

ਗੁਰਮੀਤ ਦਾ ਪਰਿਵਾਰ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੀਆਂ ਗਤੀਵਿਧੀਆਂ ਬਾਰੇ ਅਣਜਾਣ ਹੈ ਅਤੇ ਕਿਹਾ ਕਿ ਉਹ ਕਦੇ ਅਮ੍ਰਿਤਪਾਲ ਨੂੰ ਨਿੱਜੀ ਤੌਰ 'ਤੇ ਨਹੀਂ ਮਿਲੇ।
ਪੁਲਿਸ ਸੂਤਰਾਂ ਨੇ ਦੱਸਿਆ ਸੀ ਕਿ ਗੁਰਮੀਤ ਸਿੰਘ ਖ਼ਾਲਿਸਤਾਨ ਵਿਚਾਰਧਾਰਕ ਅਮ੍ਰਿਤਪਾਲ ਸਿੰਘ ਦੀ ਅਗਵਾਈ ਵਾਲੇ ਵਾਰਿਸ ਪੰਜਾਬ ਦੇ ਸੰਗਠਨ ਦਾ ਅਹਿਮ ਮੈਂਬਰ ਹੈ।
ਪਰਿਵਾਰ ਕੋਲ ਵਾਹੀਯੋਗ ਜ਼ਮੀਨ ਵੀ ਹੈ।
ਗੁਰਮੀਤ ਦੀ ਗ੍ਰਿਫ਼ਤਾਰੀ ਮੌਕੇ ਉਨ੍ਹਾਂ ਦੀ ਮਾਤਾ ਸਵਰਨਜੀਤ ਕੌਰ ਨੇ ਕਿਹਾ ਸੀ, "ਮੇਰਾ ਲੜਕਾ ਬੇਕਸੂਰ ਹੈ ਅਤੇ ਨਸ਼ਿਆਂ ਵਿਰੁੱਧ ਮੁਹਿੰਮ ਚਲਾ ਰਿਹਾ ਸੀ।"
ਦਲਜੀਤ ਸਿੰਘ ਕਲਸੀ

ਤਸਵੀਰ ਸਰੋਤ, Ravinder Robin/BBC
ਦਲਜੀਤ ਸਿੰਘ ਕਲਸੀ ਇੱਕ ਫ਼ਿਲਮ ਅਦਾਕਾਰ ਹੈ ਜਿਸ ਨੇ ਵੱਖ-ਵੱਖ ਪੰਜਾਬੀ ਫ਼ਿਲਮਾਂ ਵਿੱਚ ਕੰਮ ਕੀਤਾ ਹੈ।
ਉਹ ਮ੍ਰਿਤਕ ਅਦਾਕਾਰ ਦੀਪ ਸਿੱਧੂ ਦੇ ਸਭ ਤੋਂ ਨਜ਼ਦੀਕੀ ਸਾਥੀ ਰਹੇ ਹਨ।
ਦੀਪ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਬਹੁਤ ਸਾਰੇ ਦੋਸਤ ਉਨ੍ਹਾਂ ਦੇ ਭਰਾ ਮਨਦੀਪ ਸਿੰਘ ਦੇ ਨਾਲ ਚਲੇ ਗਏ ਪਰ ਕਲਸੀ ਅਮ੍ਰਿਤਪਾਲ ਸਿੰਘ ਦੇ ਨਾਲ ਖੜੇ ਰਹੇ।
ਉਨ੍ਹਾਂ ਨੇ ਅਮ੍ਰਿਤਪਾਲ ਸਿੰਘ ਦੀ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਵਜੋਂ ਨਿਯੁਕਤੀ ਦਾ ਸਮਰਥਨ ਕੀਤਾ ਸੀ।
ਪੁਲਿਸ ਸੂਤਰਾਂ ਮੁਤਾਬਕ ਉਹ ‘ਵਾਰਿਸ ਪੰਜਾਬ ਦੇ’ ਸੰਸਥਾ ਨੂੰ ਵਿੱਤੀ ਸਹਾਇਤਾ ਮੁਹੱਈਆ ਕਰਵਾਉਣ ਤਹਿਤ ਜਾਂਚ ਅਧੀਨ ਹਨ।
ਉਨ੍ਹਾਂ ਨੇ 2017 ਵਿੱਚ ਰਿਲੀਜ਼ ਹੋਈ ਪੰਜਾਬੀ ਫਿਲਮ 'ਸਰਦਾਰ ਸਾਬ੍ਹ' ਵਿੱਚ ਮੁੱਖ ਭੂਮਿਕਾ ਵਿੱਚ ਵੀ ਕੰਮ ਕੀਤਾ ਸੀ।
ਦਲਜੀਤ ਕਲਸੀ ਗ੍ਰਿਫਤਾਰੀ ਵੇਲੇ ਗੁੜਗਾਉਂ ਵਿੱਚ ਸਨ।
ਆਪਣੇ ਫੇਸਬੁੱਕ ਪ੍ਰੋਫਾਈਲ ਵਿੱਚ ਕਲਸੀ ਨੇ ਦੱਸਿਆ ਕਿ ਉਹ ਆਲ ਟਾਈਮ ਮੂਵੀਜ਼ ਪ੍ਰਾਈਵੇਟ ਲਿਮੀਟਡ ਨਾਮ ਦੀ ਕੰਪਨੀ ਦੇ ਡਾਇਰੈਕਟਰ ਹਨ ਅਤੇ ਦਿੱਲੀ ਯੂਨੀਵਰਸਿਟੀ ਤੋਂ ਪੜ੍ਹੇ ਹਨ।
ਉਨ੍ਹਾਂ ਨੇ ਆਪਣੀ ਫੇਸਬੁੱਕ ਉਪਰ ਲਿਖਿਆ ਹੈ ਕਿ ਉਹ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ।
ਭਗਵੰਤ ਸਿੰਘ ਉਰਫ਼ ਪ੍ਰਧਾਨ ਮੰਤਰੀ ਬਾਜੇਕੇ

ਤਸਵੀਰ ਸਰੋਤ, Bhagwant Singh Pardhan Mantri/FB
ਭਗਵੰਤ ਸਿੰਘ ਉਰਫ਼ ਪ੍ਰਧਾਨ ਮੰਤਰੀ ਬਾਜੇਕੇ ਸੋਸ਼ਲ ਮੀਡੀਆ ’ਤੇ ਵੀਡਿਓ ਪਾਉਣ ਕਾਰਨ ਚਰਚਾ ਵਿੱਚ ਆਏ ਸਨ।
ਉਹ ਟਿੱਕਟੌਕ, ਯੂਟਿਊਬ, ਫੇਸਬੁੱਕ ਅਤੇ ਇੰਸਟਾਗ੍ਰਾਮ ਵਰਗੇ ਪਲੇਟਫਾਰਮਾਂ 'ਤੇ ਵੀਡੀਓ ਬਣਾਉਂਦਾ ਅਤੇ ਅਪਲੋਡ ਕਰਦੇ ਸਨ।
ਬਾਜੇਕੇ ਇੱਕ ਕਿਸਾਨ ਪਰਿਵਾਰ ਨਾਲ ਸਬੰਧਤ ਹਨ।
ਉਹ 'ਪ੍ਰਧਾਨ ਮੰਤਰੀ ਬਾਜੇਕੇ' ਨਾਮ ਹੇਠ ਸੋਸ਼ਲ ਮੀਡੀਆ ਪੇਜ ਚਵਾਉੰਦੇ ਸਨ ਜਿਸ 'ਤੇ ਉਹ ਸਮਾਜਿਕ ਅਤੇ ਰਾਜਨੀਤਿਕ ਮੁੱਦਿਆਂ 'ਤੇ ਵਿਅੰਗਾਤਮਕ ਵੀਡੀਓ ਅਪਲੋਡ ਕਰਦੇ ਹੁੰਦੇ ਸਨ।
ਉਨ੍ਹਾਂ ਨੇ ਪਹਿਲਾਂ ਵਾਲ ਕੱਟੇ ਹੋਏ ਸਨ ਅਤੇ ਪਰ ਫਿਰ ਅਮ੍ਰਿਤਪਾਲ ਸਿੰਘ ਦੇ ਸੰਪਰਕ ਵਿੱਚ ਆਉਣ ਨਾਲ ਅੰਮ੍ਰਿਤ ਛੱਕ ਲਿਆ ਸੀ।

ਤਸਵੀਰ ਸਰੋਤ, Bhagwant Singh Pardhan Mantri/FB
ਭਗਵੰਤ ਸਿੰਘ 'ਤੇ ਕਈ ਅਪਰਾਧਿਕ ਮਾਮਲੇ ਵੀ ਦਰਜ ਹਨ ਜੋ ਕਿ ਜ਼ਿਆਦਾਤਰ ਥਾਣਾ ਧਰਮਕੋਟ 'ਚ ਦਰਜ ਹਨ।
ਮੋਗਾ ਪੁਲਿਸ ਨੇ ਭਗਵੰਤ ਸਿੰਘ ਨੂੰ ਉਸ ਸਮੇਂ ਗ੍ਰਿਫਤਾਰ ਕੀਤਾ ਜਦੋਂ ਉਹ ਆਪਣੇ ਖੇਤਾਂ ਵਿੱਚ ਕੰਮ ਕਰ ਰਹੇ ਸਨ।
ਭਗਵੰਤ ਨੇ ਪੁਲਿਸ ਤੋਂ ਭੱਜਦੇ ਹੋਏ ਆਪਣੀ ਵੀਡੀਓ ਵੀ ਸ਼ੂਟ ਕੀਤੀ ਅਤੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਪੋਸਟ ਕਰ ਦਿੱਤੀ ਸੀ।
ਪੁਲਿਸ ਤੋਂ ਭੱਜਣ ਲਈ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਵੀ ਟ੍ਰੋਲ ਕੀਤਾ ਗਿਆ ਕਿਉਂਕਿ ਪਹਿਲਾਂ ਉਹ ਸੋਸ਼ਲ ਮੀਡੀਆ 'ਤੇ ਵੱਖ-ਵੱਖ ਉੱਚ-ਪ੍ਰੋਫਾਈਲ ਲੋਕਾਂ ਨੂੰ ਚੁਣੌਤੀ ਦੇ ਰਹੇ ਸਨ।
ਉਸ ਸਮੇਂ ਪਿੰਡ ਦੇ ਸਰਪੰਚ ਹਰਨੇਕ ਸਿੰਘ ਨੇ ਦੱਸਿਆ ਸੀ ਕਿ ਭਗਵੰਤ ਸਿੰਘ ਛੋਟੇ ਕਿਸਾਨ ਪਰਿਵਾਰ ਨਾਲ ਸਬੰਧਤ ਹੈ ਅਤੇ ਆਪਣੀ ਪਰਿਵਾਰਕ ਜ਼ਮੀਨ ’ਤੇ ਖੇਤੀ ਕਰਦੇ ਸਨ।
ਉਨ੍ਹਾਂ ਦੇ ਗੁਆਂਢੀ ਹਰਜਿੰਦਰ ਸਿੰਘ ਨੇ ਬੀਬੀਸੀ ਨੂੰ ਦੱਸਿਆ ਸੀ ਕਿ ਪਿੰਡ ਵਿੱਚ ਭਗਵੰਤ ਦਾ ਕਿਸੇ ਨਾਲ ਕੋਈ ਝਗੜਾ ਨਹੀਂ ਹੋਇਆ ਜਦਕਿ ਸਰਕਾਰ ਨੂੰ ਉਸ ਦੇ ਪਰਿਵਾਰ ਨਾਲ ਇਨਸਾਫ਼ ਕਰਨਾ ਚਾਹੀਦਾ ਹੈ।
ਹਰਜੀਤ ਸਿੰਘ

ਤਸਵੀਰ ਸਰੋਤ, Getty Images
ਮੰਨਿਆ ਜਾਂਦਾ ਹੈ ਕਿ ਅਮ੍ਰਿਤਪਾਲ ਦੇ ਪਰਿਵਾਰ ਵਿੱਚੋਂ ਸਭ ਤੋਂ ਨੇੜੇ ਉਨ੍ਹਾਂ ਦੇ ਚਾਚਾ ਹਰਜੀਤ ਸਿੰਘ ਹੀ ਸਨ।
ਬੀਬੀਸੀ ਨਾਲ ਗੱਲਬਾਤ ਦੌਰਾਨ ਹਰਜੀਤ ਸਿੰਘ ਨੇ ਦੱਸਿਆ ਸੀ ਕਿ ਉਨ੍ਹਾਂ ਦਾ ਦੁਬਈ ਵਿੱਚ ਟਰਾਂਸਪੋਰਟ ਦਾ ਕਾਰੋਬਾਰ ਸੀ।
“ਇਸ ਕਾਰੋਬਾਰ ਵਿੱਚ ਅਮ੍ਰਿਤਪਾਲ ਤੇ ਉਨ੍ਹਾਂ ਦੇ ਪਿਤਾ ਤਰਸੇਮ ਸਿੰਘ ਵੀ ਉਨ੍ਹਾਂ ਦੇ ਨਾਲ ਹੀ ਜੁੜੇ ਹੋਏ ਹਨ।”
ਅਮ੍ਰਿਤਪਾਲ ਸਿੰਘ ਮੰਨਦੇ ਸਨ ਕਿ ਪਰਿਵਾਰ ਦੇ ਆਰਥਿਕ ਹਾਲਾਤ ਠੀਕ ਹੋਣ ਵਿੱਚ ਹਰਜੀਤ ਸਿੰਘ ਦਾ ਵੱਡਾ ਯੋਗਦਾਨ ਸੀ।
ਗ੍ਰਿਫ਼ਤਾਰੀ ਤੋਂ ਪਹਿਲਾਂ ਕਈ ਮਹੀਨਿਆਂ ਤੋਂ ਹਰਜੀਤ ਸਿੰਘ ਤੇ ਉਨ੍ਹਾਂ ਦੇ ਵੱਡੇ ਭਰਾ ਤਰਸੇਮ ਸਿੰਘ ਪੰਜਾਬ ਵਿੱਚ ਹੀ ਸਨ ਤੇ ਬਹੁਤਾ ਸਮਾਂ ਆਪਣੇ ਪਿੰਡ ਜੱਲੂਪਰ ਖੇੜਾ ਵਿੱਚ ਬਿਤਾਉਂਦੇ ਸਨ।
ਗੁਰਿੰਦਰਪਾਲ ਸਿੰਘ ਔਜਲਾ
ਬੀਬੀਸੀ ਪੱਤਰਕਾਰ ਹਰਮਨਦੀਪ ਸਿੰਘ ਦੀ ਜਾਣਕਾਰੀਅਨੁਸਾਰ ਗੁਰਿੰਦਰਪਾਲ ਸਿੰਘ ਔਜਲਾ ਐੱਨਆਰਆਈ ਹਨ ਅਤੇ ਯੂਕੇ ਦੇ ਵਸਨੀਕ ਹਨ। ਹਾਲਾਂਕਿ ਫਗਵਾੜਾ ਵਿਖੇ ਉਨ੍ਹਾਂ ਦਾ ਜੱਦੀ ਘਰ ਹੈ ਪਰ ਉੱਥੇ ਕੋਈ ਨਹੀਂ ਰਹਿੰਦਾ। ਉਨ੍ਹਾਂ ਨੂੰ ਗੁਰੀ ਔਜਲਾ ਵਜੋਂ ਵੀ ਜਾਣਿਆ ਜਾਂਦਾ ਹੈ।
ਉਨ੍ਹਾਂ ਨੂੰ 9 ਮਾਰਚ, 2023 ਨੂੰ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਅਮ੍ਰਿਤਸਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












