ਮੱਧ ਪ੍ਰਦੇਸ਼ ਵਿੱਚ 11 ਮੁਸਲਮਾਨਾਂ ਦੇ ਘਰਾਂ ਉੱਤੇ 'ਬੁਲਡੋਜ਼ਰ ਐਕਸ਼ਨ' ਦਾ ਸੱਚ ਕੀ ਹੈ?- ਗਰਾਊਂਡ ਰਿਪੋਰਟ

ਭੈਂਸਵਾਹੀ ਵਿੱਚ ਮਲਬੇ ਵਿੱਚ ਖੜ੍ਹਾ ਪੁਲਿਸ ਅਧਿਕਾਰੀ

ਤਸਵੀਰ ਸਰੋਤ, SALMAN RAVI/BBC

    • ਲੇਖਕ, ਸਲਮਾਨ ਰਾਵੀ
    • ਰੋਲ, ਬੀਬੀਸੀ ਪੱਤਰਕਾਰ, ਮੰਡਲਾ, ਮੱਧ ਪ੍ਰਦੇਸ਼ ਤੋਂ

ਮੱਧ ਪ੍ਰਦੇਸ਼ ਦੇ ਮੰਡਲਾ ਜ਼ਿਲ੍ਹਾ ਹੈਡ ਕੁਆਰਟਰ ਤੋਂ ਭੈਂਸਵਾਹੀ ਲਗਭਗ 45 ਕਿਲੋਮੀਟਰ ਦੂਰ ਹੈ।

ਇਸੇ ਥਾਂ ਈਦਗਾਹ ਟੋਲਾ ਵੀ ਹੈ ਜਿੱਥੇ 30 ਘਰ ਹੁੰਦੇ ਸਨ। ਹੁਣ ਇਹ ਖੰਡਰ ਬਣ ਚੁੱਕਿਆ ਹੈ।

ਥਾਂ-ਥਾਂ ਮਲਬੇ ਦੇ ਢੇਰ, ਟੁੱਟੀਆਂ ਕੰਧਾਂ ਅਤੇ ਇਸ ਮਲਬੇ ਵਿੱਚ ਆਪਣੀਆਂ ਚੀਜ਼ਾਂ ਤਲਾਸ਼ਦੇ ਬੱਚੇ, ਔਰਤਾਂ। ਬੱਚੇ ਆਪਣੇ ਖਿਡੌਣੇ ਲੱਭ ਰਹੇ ਹਨ ਅਤੇ ਔਰਤਾਂ ਕੀਮਤੀ ਸਮਾਨ, ਜੋ ਮਲਬੇ ਵਿੱਚ ਦੱਬਿਆ ਗਿਆ ਹੈ।

ਰੋਸ਼ਨੀ ਬੀ ਦੀਆਂ ਅੱਖਾਂ ਵਿੱਚ ਹੰਝੂ ਹਨ। ਉਹ ਕਹਿੰਦੇ ਹਨ, “ਕਿਸੇ ਹੋਰ ਦੇ ਕੀਤੇ ਗੁਨਾਹ ਦੀ ਸਜ਼ਾ ਕਿਸੇ ਹੋਰ ਨੂੰ ਦਿੱਤੀ ਜਾ ਰਹੀ ਹੈ। ਸਾਡੇ ਘਰੋਂ ਕੁਝ ਨਹੀਂ ਮਿਲਿਆ। ਸਾਡਾ ਘਰ ਅਚਾਨਕ ਤੋੜ ਦਿੱਤਾ।”

ਉਹ ਕਹਿੰਦੇ ਹਨ, “ਘੱਟੋ-ਘੱਟ ਸਾਨੂੰ ਸਾਵਧਾਨ ਤਾਂ ਕਰ ਦਿੰਦੇ ਤਾਂ ਅਸੀਂ ਖਾਣ-ਪੀਣ ਦਾ ਸਮਾਨ ਤਾਂ ਕੱਢ ਲੈਂਦੇ। ਹੁਣ ਚਾਰ ਦਿਨ ਹੋ ਗਏ ਹਨ ਇੱਕ ਦਾਣਾ ਨਸੀਬ ਨਹੀਂ ਹੋਇਆ।”

“ਸਾਡੇ ਬੱਚੇ ਭੁੱਖੇ ਹਨ। ਪਤੀ ਕਿੱਥੇ ਚਲੇ ਗਏ ਕੁਝ ਪਤਾ ਨਹੀਂ। ਹੁਣ ਅਸੀਂ ਕੀ ਕਰੀਏ? ਕਿੱਥੇ ਜਾਈਏ?”

ਉਨ੍ਹਾਂ ਦੇ ਪਤੀ ਵੀ ਉਨ੍ਹਾਂ ਦਸ ਜਣਿਆਂ ਵਿੱਚ ਸ਼ਾਮਲ ਹਨ, ਜਿਨ੍ਹਾਂ ਨੂੰ ਪੁਲਿਸ ਫਰਾਰ ਐਲਾਨ ਕਰ ਚੁੱਕੀ ਹੈ ਅਤੇ ਉਨ੍ਹਾਂ ਉੱਤੇ ਪੰਜ ਹਜ਼ਾਰ ਰੁਪਏ ਦਾ ਇਨਾਮ ਵੀ ਰੱਖ ਚੁੱਕੀ ਹੈ।

ਟੋਲੇ ਦੇ ਮੁਹਾਣੇ ਉੱਤੇ ਹੀ 70 ਸਾਲ ਦੇ ਅਬਦੁੱਲ ਰਫ਼ੀਕ ਆਪਣੇ ਝੌਂਪੜੇ ਵਿੱਚ ਬੈਠੇ ਹਨ। ਉਹ ਬੀਮਾਰ ਹਨ ਅਤੇ ਉਨ੍ਹਾਂ ਨੂੰ ਪਿਸ਼ਾਬ ਦੀ ਥੈਲੀ ਲਾਈ ਗਈ ਹੈ। ਇਸ ਟੋਲੇ ਵਿੱਚ ਸਿਰਫ਼ ਉਹੀ ਇੱਕ ਪੁਰਸ਼ ਮੌਜੂਦ ਹਨ।

ਇਸ ਟੋਲੇ ਵਿੱਚ 15 ਅਤੇ 16 ਜੂਨ ਨੂੰ ਕੀ ਹੋਇਆ ਸੀ ਇਸ ਸਵਾਲ ਦੇ ਜਵਾਬ ਤੋਂ ਅਗਿਆਨਤਾ ਜ਼ਾਹਰ ਕਰਦੇ ਹੋਏ ਉਹ ਕਹਿੰਦੇ ਹਨ, “ਮੈਂ ਤਾਂ ਆਪਣੇ ਝੌਂਪੜੇ ਵਿੱਚ ਸੀ, ਕੀ ਹੋਇਆ ਪਤਾ ਨਹੀਂ। ਇੱਥੇ ਕੌਣ ਕੀ ਕਰਦਾ ਹੈ,ਮੈਨੂੰ ਬੀਮਾਰ ਆਦਮੀ ਨੂੰ ਭਿਣਕ ਵੀ ਨਹੀਂ ਹੈ।”

ਇਸੇ ਮਹੀਨੇ ਦੀ 16 ਤਰੀਕ ਨੂੰ ਕਥਿਤ ਕਬਜ਼ੇ ਦੇ ਖਿਲਾਫ਼ ਚਲਾਏ ਗਏ ਅਭਿਆਨ ਦੇ ਦੌਰਾਨ ਟੋਲੇ ਦੇ ਮੁਸਲਮਾਨ ਪਰਿਵਾਰਾਂ ਦੇ 11 ਘਰਾਂ ਉੱਤੇ ਬੁਲਡੋਜ਼ਰ ਚੱਲਿਆ।

ਮੰਡਾਲਾ ਦੇ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜਿਹੜੇ ਮਕਾਨ ਤੋੜੇ ਗਏ ਹਨ, ਉਨ੍ਹਾਂ 11 ਜਣਿਆਂ ਦੇ ਹਨ ਜਿਨ੍ਹਾਂ ਨੂੰ ਗਊ ਹੱਤਿਆ ਅਤੇ ਗਊ ਤਸਕਰੀ ਦੇ ਮਾਮਲੇ ਵਿੱਚ ਮੁਲਜ਼ਮ ਬਣਾਇਆ ਗਿਆ ਹੈ।

ਪੁਲਿਸ ਨੇ ਕੀ ਦਾਅਵਾ ਕੀਤਾ?

ਮੰਡਾਲਾ ਦੇ ਵਧੀਕ ਡਿਪਟੀ ਕਮਿਸ਼ਨਰ ਰਾਜੇਂਦਰ ਕੁਮਾਰ ਸਿੰਘ

ਤਸਵੀਰ ਸਰੋਤ, SALMAN RAVI/BBC

ਤਸਵੀਰ ਕੈਪਸ਼ਨ, ਮੰਡਾਲਾ ਦੇ ਵਧੀਕ ਡਿਪਟੀ ਕਮਿਸ਼ਨਰ ਰਾਜੇਂਦਰ ਕੁਮਾਰ ਸਿੰਘ

ਮੰਡਾਲਾ ਦੇ ਵਧੀਕ ਡਿਪਟੀ ਕਮਿਸ਼ਨਰ ਰਾਜੇਂਦਰ ਕੁਮਾਰ ਸਿੰਘ ਦਾ ਕਹਿਣਾ ਹੈ ਕਿ ਵੈਸੇ ਤਾਂ ਪੂਰਾ ਦੇ ਪੂਰਾ ਟੋਲਾ ਹੀ ਗੈਰ-ਕਨੂੰਨੀ ਤਰੀਕੇ ਨਾਲ ਸਰਕਾਰੀ ਜ਼ਮੀਨ ਉੱਤੇ ਵਸਿਆ ਹੋਇਆ ਹੈ।

ਉਹ ਕਹਿੰਦੇ ਹਨ, “ਕਬਜ਼ਾ ਹਟਾਉਣ ਦੀ ਪ੍ਰਕਿਰਿਆ ਚੱਲ ਰਹੀ ਹੈ ਅਤੇ ਬਹੁਤ ਪਹਿਲਾਂ ਹੀ ਇੱਥੋਂ ਦੇ ਲੋਕਾਂ ਨੂੰ ਹਟ ਜਾਣ ਲਈ ਕਿਹਾ ਗਿਆ ਸੀ। ਅਜੇ ਸਿਰਫ 11 ਘਰ ਤੋੜੇ ਗਏ ਹਨ ਜਾਂ ਕਬਜ਼ਾ ਹਟਾਇਆ ਗਿਆ ਹੈ।”

ਜ਼ਿਲ੍ਹਾ ਅਧਿਕਾਰੀ ਸਲੋਨੀ ਸਿਡਾਨਾ ਨੇ ਬੀਬੀਸੀ ਨਾਲ ਗੱਲ ਕਰਦੇ ਹੋਏ ਸਪਸ਼ਟ ਕੀਤਾ ਕਿ ਕਬਜ਼ੇ ਦੇ ਖਿਲਾਫ਼ ਕਾਰਵਾਈ 2022 ਤੋਂ ਕੀਤੀ ਜਾ ਰਹੀ ਹੈ।

ਉਹ ਕਹਿੰਦੇ ਹਨ, “ਭੈਂਸਵਾਹੀ ਵਿੱਚ ਮੁਸਲਮਾਨ ਅਬਾਦੀ ਰਹਿੰਦੀ ਹੈ ਅਤੇ ਈਦ-ਉਲ-ਅਜ਼੍ਹਾ ਦੇ ਕਾਰਨ ਸਿਰਫ ਉਨ੍ਹਾਂ 11 ਜਣਿਆਂ ਦੇ ਕਬਜ਼ਾਏ ਹੋਏ ਘਰ ਹਟਾਏ ਗਏ ਹਨ ਜਿਨ੍ਹਾਂ ਦੇ ਘਰਾਂ ਉੱਤੇ ਪੁਲਸ ਨੇ ਛਾਪੇ ਮਾਰੀ ਕੀਤੀ ਸੀ ਅਤੇ ਉਨ੍ਹਾਂ ਦੇ ਖਿਲਾਫ਼ ਗਊ ਤਸਕਰੀ ਅਤੇ ਗਊ ਦਾ ਮਾਸ ਵੇਚਣ ਦੇ ਸਬੂਤ ਮਿਲੇ ਸਨ।

ਭੈਂਸਵਾਹੀ ਵਿੱਚ ਮਲਬੇ ਦੇ ਢੇਰ ਉੱਤੇ ਬੈਠੀਆਂ ਔਰਤਾਂ ਅਤੇ ਬੱਚੇ

ਤਸਵੀਰ ਸਰੋਤ, SALMAN RAVI/BBC

ਉਹ ਕਹਿੰਦੇ ਹਨ ਕਿ ਭੈਂਸਵਾਹੀ ਵਿੱਚ ਪੁਲਿਸ ਪ੍ਰਸ਼ਾਸਨ ਦੇ ਲੋਕਾਂ ਦਾ ਜਾਣਾ ਬਹੁਤ ਖ਼ਤਰਨਾਕ ਵੀ ਹੈ ਕਿਉਂਕਿ ਕਈ ਵਾਰ ਉਨ੍ਹਾਂ ਉੱਤੇ ਹਮਲੇ ਕੀਤੇ ਗਏ ਹਨ। ਉਹ ਸਾਰੀਆਂ ਕਾਨੂੰਨੀ ਪ੍ਰਕਿਰਿਆਵਾਂ ਦਾ ਪਾਲਣ ਕਰਨ ਦਾ ਦਾਅਵੇ ਕਰਦੇ ਹਨ।

ਪੁਲਿਸ ਦਾ ਦਾਅਵਾ ਹੈ ਕਿ ਜੂਨ ਦੀ 15 ਤਰੀਕ ਨੂੰ ਸਥਾਨਕ ਥਾਣੇ ਨੂੰ ਭੈਂਸਵਾਹੀ ਵਿੱਚ ਗਊ ਮਾਸ ਹੋਣ ਦੀ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਵਧੇਰੇ ਫੋਰਸ ਨੂੰ ਬੁਲਾਇਆ ਗਿਆ ਅਤੇ ਨੈਨਪੁਰ ਥਾਣੇ ਇੰਚਾਰਜ ਅਤੇ ਅਨੁਮੰਡਲ ਥਾਣੇ ਦੇ ਪੁਲਿਸ ਅਧਿਕਾਰੀ ਨੇਹਾ ਪੱਚੀਸੀਆ ਦੀ ਅਗਵਾਈ ਵਿੱਚ ਛਾਪੇਮਾਰੀ ਕੀਤੀ ਗਈ।

ਪੁਲਿਸ ਦਾ ਦਾਅਵਾ ਹੈ ਕਿ ਸਾਰੇ 11 ਮੁਲਜ਼ਮਾਂ ਦੇ ਘਰਾਂ ਵਿੱਚੋਂ ਗਊ ਹੱਤਿਆ ਦੇ ਸਬੂਤ ਮਿਲੇ ਹਨ।

ਮੰਡਲਾ ਦੇ ਪੁਲਿਸ ਸੁਪਰੀਨਟੈਂਡੈਂਟ ਨੇ ਕੀ ਕਿਹਾ

ਰਜਤ ਸਕਲੇਚਾ ਮੰਡਲਾ ਦੇ ਪੁਲਿਸ ਸੁਪਰੀਨਟੈਂਡੈਂਟ ਹਨ।

ਤਸਵੀਰ ਸਰੋਤ, SALMAN RAVI/BBC

ਤਸਵੀਰ ਕੈਪਸ਼ਨ, ਰਜਤ ਸਕਲੇਚਾ ਮੰਡਲਾ ਦੇ ਪੁਲਿਸ ਸੁਪਰੀਨਟੈਂਡੈਂਟ ਹਨ

ਰਜਤ ਸਕਲੇਚਾ ਮੰਡਲਾ ਦੇ ਪੁਲਿਸ ਸੁਪਰੀਨਟੈਂਡੈਂਟ ਹਨ। ਉਨ੍ਹਾਂ ਨੇ ਕਿਹਾ, “ਗਊ ਹੱਤਿਆ ਅਤੇ ਗਊ ਤਸਕਰੀ ਦੇ ਖਿਲਾਫ ਕੀਤੀ ਗਈ ਕਾਰਵਾਈ ਅਤੇ ਕਬਜ਼ੇ ਹਟਾਉਣ ਦੀ ਕਾਰਵਾਈ ਵੱਖ-ਵੱਖ ਹਨ।

ਉਹ ਕਹਿੰਦੇ ਹਨ, ਛਾਪੇਮਾਰੀ ਦੇ ਦੌਰਾਨ ਮੁਲਜ਼ਮਾਂ ਦੇ ਘਰਾਂ ਦੇ ਵੱਖ-ਵੱਖ ਫਰਿਜਾਂ ਵਿੱਚੋਂ ਗਊ ਮਾਸ ਮਿਲਿਆ ਸੀ। ਇਸ ਤੋਂ ਇਲਾਵਾ ਕੱਟਣ ਲਈ ਵਰਤੇ ਜਾਣ ਵਾਲੇ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਕਮਰਿਆਂ ਦੇ ਅੰਦਰ ਗਊਆਂ ਬੰਨ੍ਹੀਆਂ ਹੋਈਆਂ ਸਨ।”

ਉਹ ਦੱਸਦੇ ਹਨ ਕਿ ਘਰਾਂ ਦੇ ਪਿੱਛੇ ਵੀ ਲਗਭਗ 150 ਦੇ ਕਰੀਬ ਗਊਆਂ ਮੌਜੂਦ ਸਨ ਜਿਨ੍ਹਾਂ ਨੂੰ ਪੁਲਿਸ ਨੇ ਆਪਣੀ ਸੁਰੱਖਿਆ ਵਿੱਚ ਲੈ ਲਿਆ।

ਆਪਣੇ ਦਫ਼ਤਰ ਵਿੱਚ ਬੀਬੀਸੀ ਨਾਲ ਗੱਲ ਕਰਦੇ ਹੋਏ, ਉਨ੍ਹਾਂ ਨੇ ਦੱਸਿਆ, “ਸਾਨੂੰ ਉੱਥੇ ਵੱਖ-ਵੱਖ ਘਰਾਂ ਅਤੇ ਘਰਾਂ ਦੇ ਬਾਹਰ ਵੀ ਹੱਡੀਆਂ ਦੇ ਢੇਰ ਮਿਲੇ ਹਨ। ਕਈ ਘਰ ਅਜਿਹੇ ਹਨ ਜਿੱਥੋਂ ਗਊਆਂ ਦੇ ਮਾਸ ਤੋਂ ਇਲਾਵਾ ਉਨ੍ਹਾਂ ਦੀਆਂ ਖੱਲਾਂ ਅਤੇ ਚਰਬੀ ਵੀ ਮਿਲੀ ਹੈ। ਪਹਿਲੀ ਨਜ਼ਰੇ ਜੋ ਸਬੂਤ ਸਾਹਮਣੇ ਆਏ ਹਨ, ਉਨ੍ਹਾਂ ਦੇ ਅਧਾਰ ਉੱਤੇ 11 ਐੱਫਆਈਆਰ ਦਰਜ ਕੀਤੀਆਂ ਗਈਆਂ ਹਨ। ਮਾਸ ਦੇ ਸੈਂਪਲ ਨੂੰ ਜਾਂਚ ਲਈ ਹੈਦਰਾਬਾਦ ਵੀ ਭੇਜਿਆ ਗਿਆ ਹੈ।”

ਮੰਡਾਲਾ ਤੋਂ ਪਿੰਡਰਾਈ ਦੇ ਰਸਤੇ ਵਿੱਚ ਅੱਠ ਕਿਲੋਮੀਟਰ ਪਹਿਲਾਂ ਸੱਜੇ ਪਾਸੇ ਹੀ ਭੈਂਸਵਾਹੀ ਹੈ। ਇਸ ਵਿੱਚ ਤਿੰਨ ਟੋਲੇ ਹਨ— ਮਸਜਿਦ ਟੋਲਾ, ਕਿਸਾਨੀ ਟੋਲਾ ਅਤੇ ਈਦਗਾਹ ਟੋਲਾ।

ਈਦਗਾਹ ਟੋਲੇ ਵਿੱਚ ਜ਼ਿਆਦਾਤਰ ਕੁਰੈਸ਼ੀ ਮੁਸਲਮਾਨ ਰਹਿੰਦੇ ਹਨ ਜਦਕਿ ਕਿਸਾਨੀ ਟੋਲੇ ਵਿੱਚ ਆਦਿ ਵਾਸੀਆਂ ਦੀ ਗਿਣਤੀ ਜ਼ਿਆਦਾ ਹੈ। ਉੱਥੋਂ ਦੇ ਸਰਪੰਚ ਵੀ ਆਦਿ ਵਾਸੀ ਹਨ।

ਬੁਲਡੋਜ਼ਰ

ਤਸਵੀਰ ਸਰੋਤ, SALMAN RAVI/BBC

ਸਰਪੰਚ ਦੇ ਪਤੀ ਰਮੇਸ਼ ਮਰਾਵੀ ਨਾਲ ਸਾਡੀ ਮੁਲਾਕਾਤ ਪੰਚਾਇਤ ਦਫ਼ਤਰ ਦੇ ਬਾਹਰ ਹੀ ਹੋਈ। ਉਨ੍ਹਾਂ ਦਾ ਕਹਿਣਾ ਸੀ ਕਿ ਗਊ ਤਸਕਰੀ ਦੀ ਜਾਣਕਾਰੀ ਪੰਚਾਇਤ ਵਾਲੇ ਪੁਲਿਸ ਨੂੰ ਦਿੰਦੇ ਰਹੇ ਹਨ। ਜਿਹੜੀ ਕਾਰਵਾਈ ਹੋਈ ਹੈ, ਉਹ ਦੇਰੀ ਨਾਲ ਹੋਈ ਹੈ। ਹਾਲਾਂਕਿ ਉਹ ਵੀ ਮਕਾਨ ਤੋੜੇ ਜਾਣ ਦੇ ਪੱਖ ਵਿੱਚ ਨਹੀਂ ਸਨ।

ਉੱਥੋਂ ਦੀ ਰਹਿਣ ਵਾਲੀ ਸਬੀਨੀ ਬਾਨੋ ਦਾ ਇਲਜ਼ਾਮ ਹੈ ਕਿ ਜੋ ਕੁਝ ਪੁਲਿਸ ਨੇ ਬਰਾਮਦ ਕੀਤਾ ਹੈ ਉਹ ਵਾਹਿਦ ਕੁਰੈਸ਼ੀ ਦੇ ਘਰੋਂ ਬਰਾਮਦ ਕੀਤਾ ਹੈ ਪਰ ਪੁਲਿਸ ਨੇ ਦੂਜਿਆਂ ਨੂੰ ਵੀ ਇਸ ਮਾਮਲੇ ਵਿੱਚ ਫਸਾ ਦਿੱਤਾ ਹੈ।

ਉਨ੍ਹਾਂ ਦੀ ਗੁਆਂਢੀ ਰਜ਼ੀਆ ਦਾ ਕਹਿਣਾ ਹੈ ਕਿ ਉਹ ਆਪਣੀ ਬੇਟੀ ਦੇ ਵਿਆਹ ਦੀਆਂ ਤਿਆਰੀਆਂ ਕਰ ਰਹੇ ਸਨ, ਵਿਆਹ ਵਿੱਚ ਜੋ ਸਮਾਨ ਖ਼ਰੀਦਿਆ ਸੀ ਉਹ ਘਰ ਤੋੜੇ ਜਾਣ ਕਾਰਨ ਬਰਬਾਦ ਹੋ ਗਿਆ ਹੈ।

ਟੋਲੇ ਦੀਆਂ ਕੁਝ ਔਰਤਾਂ ਨੇ ਪੁਲਿਸ ਉੱਤੇ ਪੈਸੇ ਅਤੇ ਮੁਰਗੀਆਂ ਲੈ ਜਾਣ ਦੇ ਇਲਜ਼ਾਮ ਲਾਏ, ਜਿਨ੍ਹਾਂ ਦਾ ਪੁਲਿਸ ਅਧਿਕਾਰੀਆਂ ਨੇ ਖੰਡਨ ਕੀਤਾ ਹੈ।

ਕਬਜ਼ਾ ਹਟਾਉਣ ਬਾਰੇ ਕਨੂੰਨੀ ਮਾਹਰ ਕੀ ਕਹਿੰਦੇ ਹਨ

ਮੰਡਾਲਾ ਦੇ ਮਸ਼ਹੂਰ ਵਕੀਲ ਮਨੋਜ ਕੁਮਾਰ ਸਾਗਵਾਨੀ

ਤਸਵੀਰ ਸਰੋਤ, SALMAN RAVI/BBC

ਤਸਵੀਰ ਕੈਪਸ਼ਨ, ਮੰਡਾਲਾ ਦੇ ਮਸ਼ਹੂਰ ਵਕੀਲ ਮਨੋਜ ਕੁਮਾਰ ਸਾਗਵਾਨੀ

ਡਾ਼ ਅਸ਼ੋਕ ਮਸਰਕਲੇ ਮੰਡਲਾ ਤੋਂ ਕਾਂਗਰਸ ਦੇ ਵਿਧਾਇਕ ਰਹਿ ਚੁੱਕੇ ਹਨ। ਉਹ ਕਹਿੰਦੇ ਹਨ ਕਿ ਗਊ ਹੱਤਿਆ ਦੇ ਖਿਲਾਫ਼ ਕਾਰਵਾਈ ਜ਼ਰੂਰੀ ਹੈ ਕਿਉਂਕਿ ਇਸ ਨਾਲ ਲੋਕਾਂ ਦੀ ਸ਼ਰਧਾ ਜੁੜੀ ਹੋਈ ਹੈ।

ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਪੁਲਿਸ ਨੂੰ ਚਾਹੀਦਾ ਹੈ ਕਿ ਉਹ ਇਸ ਵਿੱਚ ਸ਼ਾਮਲ ਲੋਕਾਂ ਉੱਤੇ ਸਖ਼ਤ ਤੋਂ ਸਖ਼ਤ ਸਜ਼ਾ ਦਵਾਉਣ ਦੀ ਅਦਾਲਤ ਵਿੱਚ ਕੋਸ਼ਿਸ਼ ਕਰੇ। ਲੇਕਿਨ ਮਸਰਕਲੇ ਬੁਲਡੋਜ਼ਰ ਚਲਾਏ ਜਾਣ ਦਾ ਵਿਰੋਧ ਕਰਦੇ ਹਨ।

ਉਹ ਕਹਿੰਦੇ ਹਨ, “ਜੇ ਬੁਲਡੋਜ਼ਰ ਹੀ ਤੁਸੀਂ ਰੱਖਣਾ ਹੈ ਤਾਂ ਅਦਾਲਤ ਵਿੱਚ ਮਾਮਲੇ ਜਾਣੇ ਹੀ ਨਹੀਂ ਚਾਹੀਦੇ। ਅਦਾਲਤਾਂ ਬੰਦ ਕਰ ਦੇਣੀਆਂ ਚਾਹੀਦੀਆਂ ਹਨ। ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਹੁਕਮ ਦੇਣਾ ਚਾਹੀਦਾ ਹੈ ਕਿ ਜੇ ਪ੍ਰਸ਼ਾਸਨ ਹੀ ਸਾਰੇ ਫੈਸਲੇ ਲੈਂਦਾ ਹੈ ਅਤੇ ਪ੍ਰਸ਼ਾਸਨ ਕੋਲ ਹੀ ਸਾਰੇ ਫੈਸਲੇ ਹਨ ਤਾਂ ਅਦਾਲਤਾਂ ਨੂੰ ਬੰਦ ਕਰ ਦੇਣਾ ਚਾਹੀਦਾ ਹੈ…”

ਕਨੂੰਨ ਦੇ ਜਾਣਕਾਰ ਵੀ ਕਹਿੰਦੇ ਹਨ ਕਿ ਪ੍ਰਸ਼ਾਸਨ ਦੀ ਕਾਰਵਾਈ ਮੁਲਜ਼ਮਾਂ ਨੂੰ ਫੜਨ ਅਤੇ ਉਨ੍ਹਾਂ ਨੂੰ ਸਜ਼ਾ ਦਵਾਉਣ ਤੱਕ ਸਹੀ ਹੈ। ਲੇਕਿਨ, ਉਹ ਕਹਿੰਦੇ ਹਨ ਕਿ ਪ੍ਰਸ਼ਾਸਨ ਨੂੰ ਵੀ ਕਨੂੰਨ ਹੱਥ ਵਿੱਚ ਲੈਣ ਦਾ ਹੱਕ ਨਹੀਂ ਹੈ।

ਮੰਡਾਲਾ ਦੇ ਮਸ਼ਹੂਰ ਵਕੀਲ ਮਨੋਜ ਕੁਮਾਰ ਸਾਗਵਾਨੀ ਕਨੂੰਨੀ ਦੀ ਚਰਚਾ ਕਰਦੇ ਹੋਏ ਕਹਿੰਦੇ ਹਨ ਕਿ ਜੇ ਕੋਈ ਸਰਕਾਰੀ ਜ਼ਮੀਨ ਹੈ ਤਾਂ ਮੱਧ ਪ੍ਰਦੇਸ਼ ਮਾਲ ਕਨੂੰਨ ਦੇ ਸੈਕਸ਼ਨ 248 ਦੇ ਤਹਿਤ ਤਸੀਲਦਾਰ ਦੇ ਪੱਧਰ ਦਾ ਅਧਿਕਾਰੀ ਉਨ੍ਹਾਂ ਨੂੰ ਨੋਟਿਸ ਦਿੰਦਾ ਹੈ ਅਤੇ ਸੁਣਵਾਈ ਦਾ ਮੌਕਾ ਵੀ। ਇਸ ਸਾਰੀ ਪ੍ਰਕਿਰਿਆ ਤੋਂ ਬਾਅਦ ਹੀ ਕਬਜ਼ਾ ਹਟਾਉਣ ਦੀ ਕਾਰਵਾਈ ਕੀਤੀ ਜਾ ਸਕਦੀ ਹੈ।

ਉਹ ਕਹਿੰਦੇ ਹਨ ਕਿ ਜੇ ਬਿਨਾਂ ਦੱਸੇ ਅਤੇ ਅਚਾਨਕ ਜਾ ਕੇ ਕਿਸੇ ਦੇ ਘਰ ਜਾਂ ਜਾਇਦਾਦ ਨੂੰ ਤੋੜ ਦਿੱਤਾ ਜਾਂਦਾ ਹੈ ਤਾਂ ਇਹ ਕਨੂੰਨ ਦਾ ਸਤਿਕਾਰ ਨਹੀਂ ਹੈ।

ਵਟਐਪ ਚੈਨਲ ਦਾ ਇਨਵਾਈਟ ਪੋਸਟਰ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਭੈਂਸਵਾਹੀ ਵਿੱਚ ਪ੍ਰਸ਼ਾਸਨ ਦੀ ਕਾਰਵਾਈ ਨੂੰ ਲੋਕ ਸਹੀ ਕਿਉਂ ਕਹਿ ਰਹੇ ਹਨ

ਨੈਨਪੁਰ ਦਾ ਇੱਕ ਛੋਟਾ ਜਿਹਾ ਕਸਬਾ ਹੈ, ਜਿੱਥੇ ਮੁਸਲਮਾਨਾਂ ਦੀ ਵੀ ਅਬਾਦੀ ਹੈ। ਉੱਥੇ ਹੀ ਇੱਕ ਵੱਡੀ ਮਸਜਿਦ ਹੈ, ਜਿਸ ਦੇ ਪ੍ਰਧਾਨ ਸ਼ੇਖ ਜ਼ਫਰ ਮੰਸੂਰੀ ਹਨ।

ਦੁਪਹਿਰ ਦੀ ਨਮਾਜ਼ ਤੋਂ ਬਾਅਦ ਮਸਜਿਦ ਦੇ ਨਮਾਜ਼ੀ ਇੱਕ-ਇੱਕ ਕਰਕੇ ਬਾਹਰ ਆ ਰਹੇ ਹਨ। ਇਨ੍ਹਾਂ ਵਿੱਚੋਂ ਕੁਝ ਕੁ ਨਾਲ ਗੱਲਬਾਤ ਹੋਈ। ਮੰਸੂਰੀ ਨਾਲ ਗੱਲਬਾਤ ਦੇ ਦੌਰਾਨ ਉਨ੍ਹਾਂ ਨੇ ਕਿਹਾ ਕਿ ਭੈਂਸਵਾਹੀ ਵਿੱਚ ਜਿਸ ਤਰ੍ਹਾਂ ਦਾ ਕੰਮ ਹੋ ਰਿਹਾ ਸੀ, “ਉਸ ਤੋਂ ਸਾਰੇ ਮੁਸਲਮਾਨ ਸ਼ਰਮਿੰਦਾ ਹਨ।”

ਅਬਦੁੱਲ ਵਹਾਬ ਅਲੀ ਦੇ ਮੁਤਾਬਕ, ਭੈਂਸਵਾਹੀ ਵਿੱਚ ਪ੍ਰਸ਼ਾਸਨ ਨੇ ਜੋ ਕਾਰਵਾਈ ਕੀਤੀ “ਉਹ ਸਹੀ ਹੈ।”

ਅਬਦੁੱਲ ਵਹਾਬ ਅਲੀ

ਤਸਵੀਰ ਸਰੋਤ, SALMAN RAVI/BBC

ਤਸਵੀਰ ਕੈਪਸ਼ਨ, ਅਬਦੁੱਲ ਵਹਾਬ ਅਲੀ

ਉਹ ਕਹਿੰਦੇ ਹਨ, “ਇਨ੍ਹਾਂ ਕੁਝ ਲੋਕਾਂ ਨੇ ਪੂਰੇ ਸਮਾਜ ਦਾ ਨਾਮ ਬਦਨਾਮ ਕਰ ਦਿੱਤਾ ਹੈ। ਹਿੰਦੂਆਂ ਦੀ ਸ਼ਰਧਾ ਨੂੰ ਠੇਸ ਪਹੁੰਚ ਰਹੀ ਹੈ। ਅਸੀਂ ਹਿੰਦੂ ਭਾਈਆਂ ਦੇ ਨਾਲ ਖੜ੍ਹੇ ਹਾਂ। ਪ੍ਰਸ਼ਾਸਨ ਨੇ ਜੋ ਕੀਤਾ ਉਹ ਸਹੀ ਕੀਤਾ ਅਤੇ ਇਸਦੀ ਲੋੜ ਕਈ ਸਾਲਾਂ ਤੋਂ ਸੀ।”

ਲੇਕਿਨ ਪ੍ਰਸ਼ਾਸਨ ਦੇ ਅਫ਼ਸਰਾਂ ਕੋਲ ਇਸ ਸਵਾਲ ਦਾ ਕੋਈ ਤਰਕ ਨਹੀਂ ਸੀ ਕਿ ਇਨ੍ਹਾਂ 11 ਘਰਾਂ ਵਿੱਚੋਂ ਤਿੰਨ ਅਜਿਹੇ ਸਨ ਜੋ ਕੇਂਦਰ ਸਰਕਾਰ ਦੀਆਂ ਘਰ ਦੇਣ ਦੀਆਂ ਯੋਜਨਾਵਾਂ ਤਹਿਤ ਦਿੱਤੇ ਗਏ ਸਨ।

ਇਨ੍ਹਾਂ ਵਿੱਚੋਂ ਇੱਕ ਘਰ ਆਸਿਆ ਦਾ ਵੀ ਹੈ। ਉਹ ਕਹਿੰਦੇ ਹਨ ਇੰਦਰਾ ਅਵਾਸ ਯੋਜਨਾ ਵਾਲੇ ਸਾਡੇ ਦੋ ਘਰ ਸਨ ਅਤੇ ਜਿਹੜੀ ਸਰਕਾਰ ਸੂਬੇ ਵਿੱਚ ਹੈ ਉਸੇ ਨੇ ਇਹ ਮਕਾਨ ਵੰਡੇ ਸਨ।

ਸਰਕਾਰ ਆਪਣੀ ਇਸ ਕਾਰਵਾਈ ਨੂੰ ਜਾਇਜ਼ ਦੱਸ ਰਹੀ ਹੈ। ਪ੍ਰਸ਼ਾਸਨਿਕ ਅਧਿਕਾਰੀ ਕਹਿੰਦੇ ਹਨ ਕਿ ਸਿਰਫ਼ ਉਨ੍ਹਾਂ ਮੁਲਜ਼ਮਾਂ ਦੇ ਘਰਾਂ ਨੂੰ ਤੋੜਿਆ ਗਿਆ ਜੋ ਗੈਰ ਕਨੂੰਨੀ ਢੰਗ ਨਾਲ ਬਣੇ ਸਨ ਅਥੇ ਜਿਨ੍ਹਾਂ ਉੱਤੇ ਪੁਲਿਸ ਨੇ ਐੱਫਆਈਆਰ ਦਰਜ ਕੀਤੀ ਹੈ।

ਵਧੀਕ ਡਿਪਟੀ ਕਮਿਸ਼ਨਰ ਰਾਜੇਂਦਰ ਕੁਮਾਰ ਸਿੰਘ ਨੇ ਬੀਬੀਸੀ ਨੂੰ ਦੱਸਿਆ ਕਿ ਜਿਨ੍ਹਾਂ ਲੋਕਾਂ ਦੇ ਘਰ ਤੋੜੇ ਗਏ ਹਨ ਉਹ ਪ੍ਰਕਿਰਿਆ ਦੇ ਤਹਿਤ ਹੀ ਤੋੜੇ ਗਏ ਹਨ।

ਭੈਂਸਵਾਹੀ ਵਿੱਚ ਘਰ ਢਾਹੇ ਜਾਣ ਮਗਰੋਂ ਬੇਘਰ ਹੋਏ ਲੋਕ

ਤਸਵੀਰ ਸਰੋਤ, SALMAN RAVI/BBC

ਉਨ੍ਹਾਂ ਦਾ ਕਹਿਣਾ ਸੀ, “ਫਿਲਹਾਲ ਜੋ ਮੁਲਜ਼ਮ ਹਨ ਉਨ੍ਹਾਂ ਉੱਤੇ ਐੱਫਆਈਆਰ ਦਰਜ ਹੋ ਚੁੱਕੀ ਹੈ। ਇਸ ਲਈ ਉਨ੍ਹਾਂ ਉੱਤੇ ਕਬਜ਼ਾ ਹਟਾਉਣ ਦੀ ਕਾਰਵਾਈ ਕੀਤੀ ਗਈ। ਉੱਥੇ ਅਵਾਸ ਯੋਜਨਾ ਦੇ ਘਰ ਵੀ ਸਨ, ਅਜਿਹਾ ਕੋਈ ਤੱਥ ਸਾਡੇ ਧਿਆਨ ਵਿੱਚ ਨਹੀਂ ਹੈ। ਚਲੋ ਜੇ ਮੰਨ ਵੀ ਲਿਆ ਜਾਵੇ ਕਿ ਅਜਿਹਾ ਹੈ ਤਾਂ ਕਿ ਕੋਈ ਸਰਕਾਰੀ ਯੋਜਨਾ ਦਾ ਮਕਾਨ ਹੈ, ਤਾਂ ਉੱਥੋਂ ਕੀ ਅਪਰਾਧਿਕ ਗਤੀਵਿਧੀ ਥੋੜ੍ਹੇ ਚਲਾਈ ਜਾ ਸਕਦੀ ਹੈ।”

ਪੁਲਿਸ ਦੇ ਦਸਤਾਵੇਜ਼ਾਂ ਅਤੇ ਸਥਾਨਕ ਲੋਕ ਦਾਅਵਾ ਕਰ ਰਹੇ ਹਨ ਕਿ ਭੈਂਸਵਾਹੀ ਵਿੱਚ ਪਿਛਲੇ ਕਈ ਦਹਾਕਿਆਂ ਤੋਂ ਗਊ ਤਸਕਰੀ ਦੇ ਮਾਮਲੇ ਸਾਹਮਣੇ ਆਉਂਦੇ ਰਹੇ ਹਨ।

ਇਸ ਥਾਂ ਉੱਤੇ 2016 ਵਿੱਚ ਛਾਪੇਮਾਰੀ ਦੇ ਲਈ ਪੁਲਿਸ ਦੇ ਇੱਕ ਜਵਾਨ ਦਾ ਕਤਲ ਵੀ ਕਰ ਦਿੱਤਾ ਗਿਆ ਸੀ। ਅਜਿਹੇ ਵਿੱਚ ਸਵਾਲ ਪ੍ਰਸ਼ਾਸਨ ਉੱਤੇ ਵੀ ਉੱਠਦਾ ਹੈ ਕਿ ਜੇ ਕੋਈ ਅਜਿਹਾ ਗੈਰ ਕਨੂੰਨੀ ਕਾਰੋਬਾਰ ਚੱਲ ਰਿਹਾ ਸੀ ਤਾਂ ਕੀ ਇਸ ਨੂੰ ਸੁਰੱਖਿਆ ਹਾਸਲ ਸੀ।

ਮੰਡਲਾ ਦੇ ਸੁਪਰੀਨਟੈਂਡੈਂਟ ਪੁਲਿਸ ਦਾ ਕਹਿਣਾ ਹੈ ਕਿ ਹੁਣ ਉਹ ਇਸ ਗੱਲ ਦੀ ਜਾਂਚ ਕਰ ਰਹੇ ਹਨ। ਇਹ ਸਵਾਲ ਵੀ ਲਗਾਤਾਰ ਉੱਠ ਰਿਹਾ ਹੈ ਕਿ ਕੀ ਬਿਨਾਂ ਅਦਾਲਤੀ ਹੁਕਮਾਂ ਦੇ ਬੁਲਡੋਜ਼ਰ ਦੀ ਵਰਤੋਂ ਕਰਕੇ ਘਰ ਢਾਹੁਣ ਦਾ ਪ੍ਰਸ਼ਾਸਨ ਦਾ ਫੈਸਲਾ ਸਹੀ ਹੈ?

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)