ਪ੍ਰੋਟੇਮ ਸਪੀਕਰ ਨੇ ਚੁੱਕੀ ਸਹੁੰ, ਕੌਣ ਹੁੰਦਾ ਹੈ ਪ੍ਰੋਟੇਮ ਸਪੀਕਰ ਅਤੇ ਕਿਵੇਂ ਹੁੰਦੀ ਹੈ ਲੋਕ ਸਭਾ ਦੇ ਸਪੀਕਰ ਦੀ ਚੋਣ?

ਰਾਸ਼ਟਰਪਤੀ ਦਰੌਪਦੀ ਮੁਰਮੂ ਨੇ ਸੋਮਵਾਰ ਸਵੇਰੇ ਭਰਤਰੀ ਮਹਤਾਬ ਨੂੰ ਨੂੰ ਪ੍ਰੋਟੇਮ ਸਪੀਕਰ ਦੇ ਅਹੁਦੇ ਦੀ ਸਹੁੰ ਚੁਕਾਈ ਹੈ।

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਰਾਸ਼ਟਰਪਤੀ ਦਰੌਪਦੀ ਮੁਰਮੂ ਨੇ ਸੋਮਵਾਰ ਸਵੇਰੇ ਭਰਤਰੀ ਮਹਤਾਬ ਨੂੰ ਨੂੰ ਪ੍ਰੋਟੇਮ ਸਪੀਕਰ ਦੇ ਅਹੁਦੇ ਦੀ ਸਹੁੰ ਚੁਕਾਈ

ਰਾਸ਼ਟਰਪਤੀ ਦਰੌਪਦੀ ਮੁਰਮੂ ਨੇ ਸੋਮਵਾਰ ਸਵੇਰੇ ਭਰਤਰੀ ਮਹਤਾਬ ਨੂੰ ਨੂੰ ਪ੍ਰੋਟੇਮ ਸਪੀਕਰ ਦੇ ਅਹੁਦੇ ਦੀ ਸਹੁੰ ਚੁਕਾਈ ਹੈ। ਪ੍ਰੋਟੇਮ ਸਪੀਕਰ ਦੇ ਅਹੁਦੇ ਲਈ ਮਹਤਾਬ ਦਾ ਨਾਮ ਕਈ ਵਿਵਾਦਾਂ ਵਿੱਚ ਵੀ ਰਿਹਾ ਹੈ।

ਸੋਮਵਾਰ ਤੋਂ 18ਵੀਂ ਲੋਕ ਸਭਾ ਦੇ ਪਹਿਲੇ ਇਜਲਾਸ ਵਿੱਚ ਨਵੇਂ ਸਾਂਸਦਾਂ ਨੂੰ ਮਹਤਾਬ ਹੀ ਸਹੁ ਚੁਕਾਉਣਗੇ। ਇਸਦੇ ਨਾਲ ਹੀ ਲੋਕ ਸਭਾ ਦੇ ਸਪੀਕਰ ਦੀਆਂ ਚੋਣਾਂ ਵੀ ਹੋਣੀਆਂ ਹਨ।

ਭਾਜਪਾ ਨੇ ਕਿਹਾ ਹੈ ਕਿ ਉਹ ਸੱਤਵੀਂ ਵਾਰ ਚੁਣ ਕੇ ਆਏ ਹਨ ਇਸ ਲਈ ਉਨ੍ਹਾਂ ਦਾ ਨਾਮ ਦਿੱਤਾ ਗਿਆ ਹੈ। ਜਦਕਿ ਕਾਂਗਰਸ ਦਾ ਕਹਿਣਾ ਹੈ ਕਿ ਭਾਜਪਾ ਨੇ ਇਸ ਦੌਰਾਨ ਨਿਯਮਾਂ ਦੀ ਉਲੰਘਣਾ ਕੀਤੀ ਹੈ।

ਕਾਂਗਰਸ ਪਾਰਟੀ ਆਗੂ ਜੈ ਰਾਮ ਰਮੇਸ਼ ਨੇ ਕਿਹਾ ਹੈ ਕਿ ਇਸ “ਅਹੁਦੇ ਲਈ ਕਾਂਗਰਸ ਦੇ ਕੋਡੀਕੁਨੀਲ ਸੁਰੇਸ਼ ਨਾਮ ਕਿਉਂ ਨਹੀਂ ਵਿਚਾਰਿਆ ਗਿਆ ਜੋਂ ਅੱਠਵੀਂ ਵਾਰ ਚੁਣ ਕੇ ਆਏ ਹਨ। ਕੀ ਇਸ ਲਈ ਕਿ ਉਹ ਦਲਿਤ ਹਨ?

ਕੋਡੀਕੁਨੀਲ ਸੁਰੇਸ਼ ਜੋ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਹਨ ਅਤੇ ਕੇਰਲ ਦੇ ਨਾਵਿਲਕਾਰਾ ਹਲਕੇ ਤੋਂ ਲੋਕ ਸਭਾ ਮੈਂਬਰ ਹਨ, ਇਸ ਵਾਰ ਉਨ੍ਹਾਂ ਦੇ ਅੰਤਰਿਮ ਸਪੀਕਰ ਬਣਨ ਦੀ ਸੰਭਾਵਨਾ ਸੀ।

ਲੋਕ ਸਭਾ ਦੇ ਸਪੀਕਰ ਦੀ ਚੋਣ 28 ਜੂਨ ਨੂੰ ਹੋਣੀ ਹੈ ਉਦੋਂ ਤੱਕ ਸਪੀਕਰ ਦੇ ਕੰਮਕਾਜ ਅਹਮਦ ਹੀ ਸੰਭਾਲਣਗੇ।

ਇਸ ਦੌਰਾਨ ਜਾਣਦੇ ਹਾਂ ਕਿ ਲੋਕ ਸਭਾ ਦੇ ਸਪੀਕਰ ਦੀ ਚੋਣ ਕਿਵੇਂ ਹੁੰਦੀ ਹੈ ਅਤੇ ਇਹ ਅਹੁਦਾ ਕਿਉਂ ਇੰਨਾ ਅਹਿਮ ਹੈ-

ਬੀਬੀਸੀ ਪੱਤਰਕਾਰ ਅੰਮ੍ਰਿਤਾ ਦੁਰਵੇ ਦੀ ਰਿਪੋਰਟ

ਲੋਕ ਸਭਾ ਸਪੀਕਰ ਦੀ ਚੋਣ ਕਿਵੇਂ ਹੁੰਦੀ ਹੈ

ਬਲਰਾਮ ਜਾਖੜ

ਤਸਵੀਰ ਸਰੋਤ, Lashman Dost/FB

ਭਾਰਤ ਦੀ 18ਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ 24 ਜੂਨ ਨੂੰ ਸ਼ੁਰੂ ਹੋਣ ਜਾ ਰਿਹਾ ਹੈ। ਨਵੇਂ ਚੁਣ ਕੇ ਆਏ ਲੋਕ ਸਭਾ ਮੈਂਬਰ ਸਹੁੰ ਚੁੱਕਣਗੇ ਅਤੇ ਫਿਰ ਨਵੇਂ ਲੋਕ ਸਭਾ ਸਪੀਕਰ ਦੀ ਚੋਣ ਕੀਤੀ ਜਾਵੇਗੀ।

ਮੀਡੀਆ ਅਤੇ ਸਿਆਸੀ ਹਲਕਿਆ ਵਿੱਚ ਚਰਚਾ ਜ਼ੋਰਾਂ ਉੱਤੇ ਹੈ ਕਿ ਐੱਨਡੀਏ ਸਰਕਰਾ ਦੀ ਭਾਈਵਾਲ ਪਾਰਟੀ ਤੇਲਗੂ ਦੇਸਮ ਸਪੀਕਰ ਦੇ ਅਹੁਦੇ ਦੀ ਮੰਗ ਕਰ ਰਹੀ ਹੈ।

ਅਜਿਹੇ ਵਿੱਚ ਕੁਝ ਲੋਕਾਂ ਵਿੱਚ ਇਹ ਜਾਣਨ ਦੀ ਜਗਿਆਸਾ ਹੈ ਕਿ ਲੋਕ ਸਭਾ ਦੇ ਸਪੀਕਰ ਦੀ ਚੋਣ ਕਿਵੇਂ ਕੀਤੀ ਜਾਂਦੀ ਹੈ, ਇਹ ਅਹੁਦਾ ਇੰਨਾ ਅਹਿਮ ਕਿਉਂ ਹੈ? ਇੱਥੇ ਇਨ੍ਹਾਂ ਹੀ ਸਾਰੇ ਸਵਾਲਾਂ ਦੇ ਜਵਾਬ ਜਾਣਦੇ ਹਾਂ—

ਭਾਰਤੀ ਸੰਸਦ ਦੇ ਦੋ ਸਦਨ ਲੋਕ ਸਭਾ ਅਤੇ ਰਾਜ ਸਭਾ ਹਨ। ਰਾਜ ਸਭਾ ਨੂੰ ਉੱਚ ਸਦਨ ਅਤੇ ਲੋਕ ਸਭਾ ਨੂੰ ਹੇਠਲਾ ਸਦਨ ਕਿਹਾ ਜਾਂਦਾ ਹੈ।

ਰਾਜ ਸਭਾ ਦੇ ਸਦਨ ਦਾ ਸੰਚਾਲਨ ਉੱਪ ਰਾਸ਼ਟਰਪਤੀ ਕਰਦਾ ਹੈ। ਉਸ ਨੂੰ ਰਾਜ ਸਭਾ ਸਪੀਕਰ ਜਾਂ ਚੇਅਰਐਨ ਕਿਹਾ ਜਾਂਦਾ ਹੈ।

ਲੋਕ ਸਭਾ ਦੀਆਂ ਹਰ ਪੰਜ ਸਾਲ ਬਾਅਦ ਹੁੰਦੀਆਂ ਆਮ ਚੋਣਾਂ ਵਿੱਚ 543 ਮੈਂਬਰ ਦੇਸ ਭਰ ਤੋਂ ਚੁਣੇ ਜਾਂਦੇ ਹਨ, ਜੋ ਲੋਕ ਸਭਾ ਦਾ ਕਾਰਜਕਾਲ ਸ਼ੁਰੂ ਹੋਣ ਸਮੇਂ ਸਪੀਕਰ ਅਤੇ ਉੱਪ ਸਪੀਕਰ ਦੀ ਚੋਣ ਕਰਦੇ ਹਨ।

ਭਾਜਪਾ ਦੇ ਓਮ ਬਿਰਲਾ 17ਵੀਂ ਲੋਕ ਸਭਾ ਦੇ ਸਪੀਕਰ ਸਨ। ਪਿਛਲੀ ਲੋਕ ਸਭਾ ਦਾ ਕਾਰਜਕਾਲ ਨਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ ਤੱਕ ਹੀ ਹੈ।

ਇਸ ਲਈ ਜਦੋਂ 18ਵੀਂ ਲੋਕ ਸਭਾ ਸ਼ੁਰੂ ਹੋਵੇਗੀ ਤਾਂ ਸਭ ਤੋਂ ਪਹਿਲਾਂ ਇੱਕ ਅੰਤਰਿਮ ਸਪੀਕਰ ਦੀ ਚੋਣ ਕੀਤੀ ਜਾਵੇਗੀ।

ਅੰਤਰਿਮ ਸਪੀਕਰ, ਨਵੇਂ ਸਪੀਕਰ ਦੀ ਚੋਣ ਤੱਕ ਸਦਨ ਦੀ ਕਾਰਵਾਈ ਚਲਾਉਂਦਾ ਹੈ, ਨਵੇਂ ਮੈਂਬਰਾਂ ਨੂੰ ਸਹੁੰ ਚੁਕਾਉਂਦਾ ਹੈ।

ਲੋਕ ਸਭਾ ਦੇ ਅੰਤਰਿਮ ਸਪੀਕਰ ਵਜੋਂ ਸਭ ਤੋਂ ਸੀਨੀਅਰ ਮੈਂਬਰ ਨੂੰ ਚੁਣਿਆ ਜਾਂਦਾ ਹੈ।

ਲੋਕ ਸਭਾ ਦੇ ਸਪੀਕਰ ਦੀ ਚੋਣ ਕਿਵੇਂ ਕੀਤੀ ਜਾਂਦੀ ਹੈ

ਲੋਕ ਸਭਾ ਦੇ ਸਪੀਕਰ ਦੀ ਚੋਣ ਸੰਵਿਧਾਨ ਦੀ ਧਾਰਾ 93 ਤਹਿਤ ਕੀਤੀ ਜਾਂਦੀ ਹੈ। ਲੋਕ ਸਭਾ ਦੇ ਮੈਂਬਰਾਂ ਦੀਆਂ ਵੋਟਾਂ ਮੁਤਾਬਕ ਸਪੀਕਰ ਅਤੇ ਡਿਪਟੀ ਸਪੀਕਰ ਦੇ ਦੋ ਅਹੁਦਿਆਂ ਲਈ ਚੋਣ ਕੀਤੀ ਜਾਂਦੀ ਹੈ।

ਚੋਣ ਵਾਲੇ ਦਿਨ ਲੋਕ ਸਭਾ ਦੇ ਸਪੀਕਰ ਦੀ ਚੋਣ ਸਧਾਰਨ ਬਹੁਮਤ ਨਾਲ ਕੀਤੀ ਜਾਂਦੀ ਹੈ। ਦੂਜੇ ਸ਼ਬਦਾਂ ਵਿੱਚ, ਜਿਹੜੇ ਵੀ ਉਮੀਦਵਾਰ ਨੂੰ ਉਸ ਦਿਨ ਸੰਸਦ ਵਿੱਚ ਹਾਜ਼ਰ ਮੈਂਬਰਾਂ ਵਿੱਚੋਂ ਅੱਧੇ ਵੋਟ ਕਰ ਦਿੰਦੇ ਹਨ, ਉਹ ਲੋਕ ਸਭਾ ਦਾ ਸਪੀਕਰ ਚੁਣ ਲਿਆ ਜਾਂਦਾ ਹੈ।

ਉਮੀਦਵਾਰਾਂ ਨੇ ਚੋਣ ਤੋਂ ਦੋ ਦਿਨ ਪਹਿਲਾਂ ਤੱਕ ਆਪਣੀ ਉਮੀਦਵਾਰੀ ਦਰਜ ਕਰਵਾਉਣੀ ਹੁੰਦੀ ਹੈ।

ਇਸ ਤੋਂ ਇਲਾਵਾ ਹੋਰ ਯੋਗਤਾ ਸ਼ਰਤਾਂ ਵੀ ਪੂਰੀਆਂ ਕਰਨੀਆਂ ਹੁੰਦੀਆਂ ਹਨ।

ਸਭ ਤੋਂ ਅਹਿਮ ਇਹ ਹੈ ਕਿ ਸਪੀਕਰ ਨੂੰ ਲੋਕ ਸਭਾ ਦੇ ਕੰਮਕਾਜ, ਦੇਸ ਦੇ ਸੰਵਿਧਾਨ ਅਤੇ ਕਾਨੂੰਨ ਦੀ ਚੰਗੀ ਸਮਝ ਹੋਵੇ।

ਲੋਕ ਸਭਾ ਦੇ ਸਪੀਕਰ ਦੇ ਫਰਜ਼

ਉਸ ਦੀ ਸਭ ਤੋਂ ਅਹਿਮ ਜ਼ਿੰਮੇਵਾਰੀ ਇਹ ਹੁੰਦੀ ਹੈ ਕਿ ਸਦਨ ਦੀ ਕਾਰਵਾਈ ਠੀਕ ਢੰਗ ਨਾਲ ਚੱਲੇ। ਇਸੇ ਕਾਰਨ ਇਹ ਅਹੁਦਾ ਅਹਿਮ ਹੈ। ਸਪੀਕਰ ਹੀ ਸਦਨ ਦੀਆਂ ਬੈਠਕਾਂ ਦਾ ਏਜੰਡਾ ਸੈੱਟ ਕਰਦਾ ਹੈ।

ਸਦਨ ਵਿੱਚ ਕੋਈ ਵਿਵਾਦ ਹੋਣ ਦੀ ਸੂਰਤ ਵਿੱਚ ਸਪੀਕਰ ਨਿਯਮਾਂ ਮੁਤਾਬਕ ਕਾਰਵਾਈ ਕਰਦਾ ਹੈ।

ਭਾਰਤੀ ਸੰਸਦ ਦੀ ਨਵੀਂ ਇਮਾਰਤ

ਤਸਵੀਰ ਸਰੋਤ, PIB

ਸਦਨ ਵਿੱਚ ਸਰਕਾਰ ਅਤੇ ਵਿਰੋਧੀ ਧਿਰ ਦੋਵਾਂ ਦੇ ਮੈਂਬਰ ਹੁੰਦੇ ਹਨ। ਇਸ ਲਈ ਸਪੀਕਰ ਤੋਂ ਨਿਰਪੱਖ ਤਰੀਕੇ ਨਾਲ ਕੰਮ ਕਰਨ ਦੀ ਉਮੀਦ ਕੀਤੀ ਜਾਂਦੀ ਹੈ। ਸਪੀਕਰ ਕਿਸੇ ਮੁੱਦੇ ਉੱਤੇ ਆਪਣੀ ਰਾਇ ਪੇਸ਼ ਨਹੀਂ ਕਰਦਾ।

ਸਪੀਕਰ ਸਦਨ ਵਿੱਚ ਹੋਣ ਵਾਲੀ ਕਿਸੇ ਵੀ ਵੋਟਿੰਗ ਵਿੱਚ ਸ਼ਾਮਲ ਨਹੀਂ ਹੁੰਦਾ। ਹਾਲਾਂਕਿ ਜੇ ਕਿਸੇ ਵੋਟਿੰਗ ਦੌਰਾਨ ਦੋਵੇਂ ਪਾਸੇ ਬਰਾਬਰ ਵੋਟਾਂ ਹੋਣ ਤਾਂ ਸਪੀਕਰ ਦੀ ਵੋਟ ਨਿਰਣਾਇਕ ਮੰਨੀ ਜਾਂਦੀ ਹੈ।

ਲੋਕ ਸਭਾ ਦਾ ਸਪੀਕਰ ਕਈ ਕਿਸਮ ਦੀਆਂ ਕਮੇਟੀਆਂ ਦਾ ਗਠਨ ਕਰਦਾ ਹੈ ਜੋ ਉਸਦੀਆਂ ਹਦਾਇਤਾਂ ਮੁਤਾਬਕ ਕੰਮ ਕਰਦੀਆਂ ਹਨ।

ਮਹੱਤਵਪੂਰਨ ਰੂਪ ਵਿੱਚ ਜੇ ਕੋਈ ਸੰਸਦ ਮੈਂਬਰ ਮਰਿਆਦਾ ਤੋਂ ਉਲਟ ਵਿਹਾਰ ਕਰਦਾ ਹੈ ਤਾਂ ਸਪੀਕਰ ਉਸ ਦੀ ਮੈਂਬਰਸ਼ਿਪ ਰੱਦ ਕਰ ਸਕਦਾ ਹੈ।

ਦਸੰਬਰ 2023 ਵਿੱਚ ਵਿਰੋਧੀ ਧਿਰ ਦੇ ਕੁੱਲ 141 ਮੈਂਬਰ ਜੋ ਕਿ ਸੰਸਦ ਦੀ ਸੁਰੱਖਿਆ ਵਿੱਚ ਕੁਤਾਹੀ ਬਾਰੇ ਬਹਿਸ ਦੀ ਮੰਗ ਕਰ ਰਹੇ ਸਨ। ਉਨ੍ਹਾਂ ਦੀ ਮੈਂਬਰਸ਼ਿਪ ਸਸਪੈਂਡ ਕਰ ਦਿੱਤੀ ਗਈ ਸੀ। ਸਸਪੈਂਡ ਕੀਤੇ ਸੰਸਦ ਮੈਂਬਰਾਂ ਵਿੱਚ 93 ਲੋਕ ਸਭਾ ਤੋਂ ਅਤੇ 46 ਰਾਜ ਸਭਾ ਮੈਂਬਰ ਸਨ। ਵਿਰੋਧੀ ਧਿਰ ਨੇ ਇਸ ਕਾਰਵਾਈ ਨੂੰ “ਲੋਕਤੰਤਰ ਦਾ ਮਜ਼ਾਕ” ਕਰਾਰ ਦਿੱਤਾ ਸੀ।

ਵਟਐਪ ਚੈਨਲ ਦਾ ਇਨਵਾਈਟ ਪੋਸਟਰ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਇਸ ਸਾਲ ਲੋਕ ਸਭਾ ਦੀ ਪ੍ਰਧਾਨਗੀ ਕੌਣ ਕਰੇਗਾ?

ਆਮ ਤੌਰ ਉੱਤੇ ਸਤਾਧਾਰੀ ਪਾਰਟੀ ਦੇ ਸੰਸਦ ਮੈਂਬਰਾਂ ਵਿੱਚ ਸਪੀਕਰ ਦੀ ਚੋਣ ਕੀਤੀ ਜਾਂਦੀ ਹੈ। ਜਦਕਿ ਡਿਪਟੀ ਸਪੀਕਰ ਵਿਰੋਧੀ ਧਿਰ ਵਿੱਚੋਂ ਹੁੰਦਾ ਹੈ।

ਅਜੇ ਤੱਕ ਅਜ਼ਾਦ ਭਾਰਤ ਦੇ ਇਤਿਹਾਸ ਵਿੱਚ ਲੋਕ ਸਭਾ ਦੇ ਸਪੀਕਰਾਂ ਦੀ ਚੋਣ ਆਮ ਸਹਿਮਤੀ ਨਾਲ ਹੁੰਦੀ ਆਈ ਹੈ। ਕਦੇ ਵੋਟਿੰਗ ਨਹੀਂ ਕੀਤੀ ਗਈ।

ਭਾਰਤੀ ਸੰਸਦ ਦੀ ਨਵੀਂ ਇਮਾਰਤ

ਤਸਵੀਰ ਸਰੋਤ, ANI

ਇਸ ਵਾਰ ਭਾਰਤੀ ਜਨਤਾ ਪਾਰਟੀ ਨੂੰ ਪੂਰਨ ਬਹੁਮਤ ਨਹੀਂ ਮਿਲਿਆ ਹੈ ਅਤੇ ਇਸ ਵਾਰ ਭਾਜਪਾ ਦੀ ਅਗਵਾਈ ਵਾਲੇ ਗਠਜੋੜ ਐੱਨਡੀਏ ਨੇ ਸਾਂਝੀ ਸਰਕਾਰ ਬਣਾਈ ਹੈ, ਮੁੱਖ ਤੌਰ ਉੱਤੇ ਭਾਜਪਾ ਨੇ ਤੇਲਗੂ ਦੇਸਮ ਅਤੇ ਜਨਤਾ ਦਲ ਯੂਨਾਈਟਡ ਦੇ ਸਹਿਯੋਗ ਨਾਲ ਸਰਕਾਰ ਦਾ ਗਠਨ ਕੀਤਾ ਹੈ।

ਇਸ ਲਈ ਲੋਕ ਸਭਾ ਸਪੀਕਰ ਦਾ ਅਹੁਦਾ ਭਾਜਪਾ ਆਪਣੇ ਕੋਲ ਰੱਖਦੀ ਹੈ ਜਾਂ ਆਪਣੇ ਸਹਿਯੋਗੀਆਂ ਨੂੰ ਦਿੰਦੀ ਹੈ। ਇਹ ਅਜੇ ਸਪੱਸ਼ਟ ਨਹੀਂ ਹੈ।

ਇੰਡੀਆ ਗਠਜੋੜ ਨੇ ਮੰਗ ਕੀਤੀ ਹੈ ਕਿ ਉਹ ਵਿਰੋਧੀ ਪਾਰਟੀਆਂ ਨੂੰ ਮਿਲਣ ਵਾਲੀ ਡਿਪਟੀ ਸਪੀਕਰ ਦੀ ਪੋਸਟ ਹਾਸਲ ਕਰੇਗਾ।

16ਵੀਂ ਅਤੇ17ਵੀਂ ਲੋਕ ਸਭਾ ਵਿੱਚ ਭਾਜਪਾ ਕੋਲ ਪੂਰਨ ਬਹੁਮਤ ਸੀ।। 16ਵੀਂ ਲੋਕ ਸਭਾ ਵਿੱਚ ਸੁਮਿਤਰਾ ਮਹਾਜਨ ਲੋਕ ਸਭਾ ਦੇ ਸਪੀਕਰ ਸਨ। ਏਆਈਡੀਐੱਮਕੇ ਦੇ ਆਗੂ ਐੱਮ ਥੰਬੀ ਦੁਰਈ ਉਸ ਸਮੇਂ ਡਿਪਟੀ ਸਪੀਕਰ ਸਨ।

ਭਾਜਪਾ ਦੇ ਓਮ ਬਿਰਲਾ 17ਵੀਂ ਲੋਕ ਸਭਾ ਦੇ ਸਪੀਕਰ ਸਨ, ਲੇਕਿਨ ਡਿਪਟੀ ਸਪੀਕਰ ਦੀ ਚੋਣ ਹੀ ਨਹੀਂ ਕਰਵਾਈ ਗਈ। ਇਹ ਪੋਸਟ ਲੋਕ ਸਭਾ ਦੇ ਸਾਰੇ ਕਾਰਜਕਾਲ ਦੌਰਾਨ ਹੀ ਖਾਲੀ ਰਹੀ ਸੀ।

ਕੁਝ ਸਪੀਕਰਾਂ ਦੇ ਕਿੱਸੇ

17ਵੀਂ ਲੋਕ ਸਭਾ ਦੇ ਸਪੀਕਰ, ਭਾਜਪਾ ਦੇ ਓਮ ਬਿਰਲਾ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, 17ਵੀਂ ਲੋਕ ਸਭਾ ਦੇ ਸਪੀਕਰ, ਭਾਜਪਾ ਦੇ ਓਮ ਬਿਰਲਾ

ਲੋਕ ਸਭਾ ਵਿੱਚ ਉਹ ਐੱਮਪੀ ਵੀ ਸਪੀਕਰ ਬਣਦੇ ਰਹੇ ਹਨ ਜੋ ਸੱਤਾਧਿਰ ਦੇ ਨਹੀਂ ਸਨ।

12ਵੀਂ ਲੋਕ ਸਭਾ ਦੇ ਸਪੀਕਰ ਜੀਐੱਮਸੀ ਬਾਲਾਯੋਗੀ ਸਨ। ਉਸ ਸਮੇਂ ਕੇਂਦਰ ਵਿੱਚ ਭਾਜਪਾ ਦੇ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਸੀ।

ਬਾਲਾਯੋਗੀ ਨੂੰ 13ਵੀਂ ਲੋਕ ਸਭਾ ਦਾ ਸਪੀਕਰ ਵੀ ਚੁਣ ਲਿਆ ਗਿਆ ਸੀ। ਅਹੁਦੇ ਉੱਤੇ ਰਹਿੰਦਿਆਂ ਇੱਕ ਹੈਲੀਕਾਪਟਰ ਕਰੈਸ਼ ਵਿੱਚ ਉਨ੍ਹਾਂ ਦੀ ਮੌਤ ਹੋ ਗਈ ਸੀ।

ਉਨ੍ਹਾਂ ਦੀ ਥਾਂ ਸ਼ਿਵ ਸੈਨਾ ਦੇ ਸੰਸਦ ਮੈਂਭਰ ਮਨੋਹਰ ਜੋਸ਼ੀ ਨੂੰ 13ਵੀਂ ਲੋਕ ਸਭਾ ਦਾ ਸਪੀਕਰ ਬਣਾਇਆ ਗਿਆ।

ਇਤਿਹਾਸ ਵਿੱਚ ਐੱਮਏ ਅਇੰਗਰ, ਜੀਐੱਸ ਢਿੱਲੋਂ, ਬਲਰਾਮ ਜਾਖੜ ਅਤੇ ਜੀਐੱਮਸੀ ਬਾਲਾਯੋਗੀ ਲਗਾਤਾਰ ਦੋ ਲੋਕ ਸਭਾਵਾਂ ਦੇ ਸਪੀਕਰ ਰਹੇ ਹਨ।

ਇਨ੍ਹਾਂ ਵਿੱਚੋਂ ਸਿਰਫ ਬਲਰਾਮ ਜਾਖੜ ਨੇ ਸੱਤਵੀਂ ਅਤੇ ਅੱਠਵੀਂ ਲੋਕ ਸਭਾ ਵਿੱਚ ਆਪਣਾ ਕਾਰਜਕਾਲ ਪੂਰਾ ਕੀਤਾ।

ਸਪੀਕਰ ਨਿਰਪੱਖ ਹੋਣਾ ਚਾਹੀਦਾ ਹੈ। ਬਲਰਾਮ ਜਾਖੜ ਨੇ ਇਸ ਸਿਧਾਂਤ ਦੀ ਪਾਲਣਾ ਕਰਨ ਲਈ ਕਾਂਗਰਸ ਪਾਰਟੀ ਛੱਡ ਦਿੱਤੀ ਸੀ।

ਨੀਲਮ ਸੰਜੀਵਾ ਰੈੱਡੀ (ਚੌਥੀ ਲੋਕ ਸਭਾ) ਤੋਂ ਬਾਅਦ ਉਹ ਅਜਿਹਾ ਕਰਨ ਵਾਲੇ ਦੂਜੇ ਸਪੀਕਰ ਸਨ।

ਡਾ਼ ਮਨਮੋਹਨ ਸਿੰਘ ਦੀ ਅਗਵਾਈ ਵਾਲੀ ਯੂਪੀਏ ਦੀ ਪਹਿਲੀ ਸਰਕਾਰ ਨੂੰ ਸੀਪੀਆਈ (ਐੱਮ) ਦੀ ਬਾਹਰੋਂ ਹਮਾਇਤ ਸੀ। ਉਸ ਦੌਰਾਨ ਪਰਟੀ ਦੇ ਸੀਨੀਅਰ ਆਗੂ ਸੋਮ ਨਾਥ ਚੈਟਰਜੀ ਲੋਕ ਸਭਾ ਦੇ ਸਪੀਕਰ ਰਹੇ।

ਅੱਗੇ ਜਾ ਕੇ ਸੀਪੀਆਈ (ਐੱਮ) ਨੇ ਅਮਰੀਕਾ ਨਾਲ ਪ੍ਰਮਾਣੂ ਸਮਝੌਤੇ ਦੇ ਮਸਲੇ ਉੱਤੇ ਹਮਾਇਤ ਵਾਪਸ ਲੈ ਲਈ ਅਤੇ ਸੋਮ ਨਾਥ ਚੈਟਰਜੀ ਨੂੰ ਵੀ ਅਹੁਦੇ ਤੋਂ ਅਸਤੀਫ਼ਾ ਦੇਣ ਲਈ ਕਿਹਾ।

ਉਨ੍ਹਾਂ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾਂ ਤਾਂ ਉਨ੍ਹਾਂ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ।

ਮੀਰਾ ਕੁਮਾਰ, 15ਵੀਂ ਲੋਕ ਸਭਾ ਦੇ ਸਪੀਕਰ ਸਨ,ਜਿਸ ਦਾ ਕਾਰਜਕਾਲ 2009-2014 ਤੱਕ ਸੀ। ਉਹ ਲੋਕ ਸਭਾ ਦਾ ਸਪੀਕਰ ਬਣਨ ਵਾਲੀ ਪਹਿਲੀ ਮਹਿਲਾ ਸਨ।

ਉਨ੍ਹਾਂ ਤੋਂ ਬਾਅਦ ਭਾਜਪਾ ਦੇ ਸੁਮਿਤਰਾ ਮਹਾਜਨ, 16ਵੀਂ ਲੋਕ ਸਭਾ ਦੌਰਾਨ ਇਸ ਅਹੁਦੇ ਉੱਤੇ ਬੈਠਣ ਵਾਲੀ ਦੂਜੀ ਮਹਿਲਾ ਬਣੇ।

ਸਭ ਤੋਂ ਲੰਬਾ ਸਮਾਂ ਸਪੀਕਰ ਰਹੇ ਜਾਖੜ

ਭਾਰਤ ਦੀ ਸੰਸਦ ਦੀ ਨਵੀਂ ਇਮਾਰਤ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਰਤ ਦੀ ਸੰਸਦ ਦੀ ਨਵੀਂ ਇਮਾਰਤ

ਕਾਂਗਰਸ ਪਾਰਟੀ ਦੇ ਮਰਹੂਮ ਆਗੂ ਬਲਰਾਮ ਜਾਖ਼ੜ ਲੋਕ ਸਭਾ ਦੇ ਸਭ ਤੋਂ ਲੰਬਾ ਸਮਾਂ ਸਪੀਕਰ ਰਹੇ ਸਨ। ਉਹ 1980 ਤੋਂ 1989 ਤੱਕ ਲੋਕ ਸਭਾ ਦੇ ਦੋ ਕਾਰਜਕਾਲਾਂ ਦੌਰਾਨ ਸਪੀਕਰ ਰਹੇ।

ਬਲਰਾਮ ਜਾਖ਼ੜ, ਪੰਜਾਬ ਭਾਜਪਾ ਦੇ ਮੌਜੂਦਾ ਸੂਬਾ ਪ੍ਰਧਾਨ ਸੁਨੀਲ ਜਾਖੜ ਦੇ ਪਿਤਾ ਸਨ ਅਤੇ ਉਨ੍ਹਾਂ ਦੀ ਫਰਬਰੀ 2016 ਵਿੱਚ ਮੌਤ ਹੋ ਗਈ ਸੀ।

ਬਲਰਾਮ ਜਾਖੜ ਨਰਸਿਮ੍ਹਾ ਰਾਓ ਦੀ ਸਰਕਾਰ ਵਿੱਚ ਕੇਂਦਰੀ ਖੇਤੀ ਮੰਤਰੀ ਵੀ ਰਹੇ ਸਨ ਅਤੇ ਉਨ੍ਹਾਂ 1973 ਤੋਂ 1977 ਤੱਕ ਪੰਜਾਬ ਦੇ ਸਹਿਕਾਰਤਾ, ਸਿੰਚਾਈ ਅਤੇ ਬਿਜਲੀ ਮੰਤਰੀ ਵਜੋਂ ਕੰਮ ਕੀਤਾ।

ਬਲਰਾਮ ਜਾਖ਼ੜ 1977 ਤੋਂ 1979 ਤੱਕ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਵੀ ਰਹੇ। ਉਨ੍ਹਾਂ ਲੋਕ ਸਭਾ ਮੈਂਬਰ ਵਜੋਂ 1980 ਵਿੱਚ ਪਹਿਲੀ ਲੋਕ ਸਭਾ ਚੋਣ ਜਿੱਤੀ ਅਤੇ ਫੇਰ ਉਹ 1984, 1991 ਅਤੇ 1988 ਵਿੱਚ ਵੀ ਪੰਜਾਬ ਤੋਂ ਲੋਕ ਸਭਾ ਮੈਂਬਰ ਚੁਣੇ ਗਏ।

1980 ਤੋਂ 1989 ਤੱਕ ਉਹ ਦੋ ਵਾਰ ਲੋਕ ਸਭਾ ਦੇ ਸਪੀਕਰ ਰਹੇ ਅਤੇ ਉਨ੍ਹਾਂ ਸੰਸਦ ਦੇ ਕੰਮਕਾਰ ਦਾ ਕੰਪਿਊਟਰੀਕਰਨ ਕਰਵਾਉਣ ਵਿੱਚ ਮੁੱਖ ਰੋਲ ਅਦਾ ਕੀਤਾ।

ਉਨ੍ਹਾਂ ਨੂੰ ਸੰਸਦੀ ਲਾਇਬ੍ਰੇਰੀ, ਰੈਫਰੈਂਸ ਅਤੇ ਦਸਤਾਵੇਜੀ ਸਿਸਟਮ ਨੂੰ ਚੁਸਤ-ਦਰੁਸਤ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ।

ਉਹ ਕਾਂਗਰਸ ਪਾਰਟੀ ਦੇ ਕੌਮੀ ਜਨਰਲ ਸਕੱਤਰ ਅਤੇ ਆਲ ਇੰਡੀਆ ਵਰਕਿੰਗ ਕਮੇਟੀ ਮੈਂਬਰ ਵੀ ਰਹੇ।

ਕੀ ਲੋਕ ਸਭਾ ਸਪੀਕਰ ਨੂੰ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ?

ਸੰਵਿਧਾਨ ਦਾ ਆਰਟੀਕਲ 94, ਪਾਰਲੀਮੈਂਟ ਨੂੰ ਇਹ ਸ਼ਕਤੀ ਦਿੰਦਾ ਹੈ ਕਿ ਉਹ ਸਪੀਕਰ ਨੂੰ ਅਹੁਦੇ ਤੋਂ ਹਟਾ ਸਕੇ। ਕਿਸੇ ਸਪੀਕਰ ਨੂੰ ਹਟਾਉਣ ਦਾ ਮਤਾ 50 ਫੀਸਦੀ ਤੋਂ ਜ਼ਿਆਦਾ ਦੇ ਪ੍ਰਭਾਵੀ ਬਹੁਮਤ ਨਾਲ ਪਾਸ ਕਰਕੇ ਹਟਾਇਆ ਜਾ ਸਕਦਾ ਹੈ।

ਪ੍ਰਭਾਵੀ ਬਹੁਮਤ ਤੋਂ ਭਾਵ ਹੈ ਵੋਟਿੰਗ ਵਾਲੇ ਦਿਨ ਹਾਜ਼ਰ ਕੁੱਲ ਸੰਸਦ ਮੈਂਬਰਾਂ ਵਿੱਚੋਂ 50 ਫੀਸਦੀ ਤੋਂ ਜ਼ਿਆਦਾ ਦੀਆਂ ਵੋਟਾਂ ਨਾਲ 14 ਦਿਨਾਂ ਦੇ ਨੋਟਿਸ ਉੱਤੇ ਹਟਾਇਆ ਜਾ ਸਕਦਾ ਹੈ।

ਇਸ ਤੋਂ ਇਲਾਵਾ ਲੋਕ ਸਭਾ ਦੇ ਸਪੀਕਰ ਨੂੰ ਲੋਕ ਨੁਮਾਇੰਦਗੀ ਐਕਟ ਦੀ ਧਾਰਾ 7 ਅਤੇ 8 ਤਹਿਤ ਵੀ ਹਟਾਇਆ ਜਾ ਸਕਦਾ ਹੈ।

ਜੇ ਸਪੀਕਰ ਆਪ ਅਹੁਦਾ ਛੱਡਣਾ ਚਾਹੇ ਤਾਂ ਉਹ ਉਪ-ਰਾਸ਼ਟਰਪਤੀ ਨੂੰ ਆਪਣਾ ਅਸਤੀਫ਼ਾ ਦੇ ਸਕਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)