ਸੰਸਦ ਵਿੱਚ ਸੁਰੱਖਿਆ ਕੁਤਾਹੀ: ਕਿਉਂ ਦਰਸ਼ਕ ਗੈਲਰੀ ਤੱਕ ਪਹੁੰਚਣਾ ਆਸਾਨ ਨਹੀਂ

ਤਸਵੀਰ ਸਰੋਤ, ANI
- ਲੇਖਕ, ਰਾਘਵੇਂਦਰ ਰਾਓ
- ਰੋਲ, ਬੀਬੀਸੀ ਪੱਤਰਕਾਰ
ਬੁੱਧਵਾਰ ਨੂੰ ਭਾਰਤੀ ਸੰਸਦ 'ਚ ਹੋਈ ਸੁਰੱਖਿਆ ਕੁਤਾਹੀ ਤੋਂ ਬਾਅਦ ਇਸ ਦੇ ਸੁਰੱਖਿਆ ਪ੍ਰਬੰਧਾਂ 'ਤੇ ਸਵਾਲ ਉੱਠ ਰਹੇ ਹਨ।
ਇਹ ਸੁਰੱਖਿਆ ਕੁਤਾਹੀ ਉਦੋਂ ਹੋਈ ਜਦੋਂ ਲੋਕ ਸਭਾ ਦੇ ਸਿਫ਼ਰ ਕਾਲ ਦੌਰਾਨ ਦੋ ਲੋਕ ਸਦਨ ਵਿੱਚ ਕੁੱਦ ਪਏ।
ਇਨ੍ਹਾਂ ਲੋਕਾਂ ਨੇ ਸਦਨ ਵਿੱਚ ਰੰਗੀਨ ਧੂੰਆਂ ਫੈਲਾ ਦਿੱਤਾ। ਕੁਝ ਸੰਸਦ ਮੈਂਬਰਾਂ ਨੇ ਇਕੱਠੇ ਹੋ ਕੇ ਉਨ੍ਹਾਂ ਵਿੱਚੋਂ ਇੱਕ ਨੂੰ ਘੇਰ ਲਿਆ ਅਤੇ ਬਾਅਦ ਵਿੱਚ ਦੋਵਾਂ ਨੂੰ ਸੁਰੱਖਿਆ ਕਰਮਚਾਰੀਆਂ ਨੇ ਹਿਰਾਸਤ ਵਿੱਚ ਲੈ ਲਿਆ।
ਉਸ ਸਮੇਂ, ਲੋਕ ਸਭਾ ਦੇ ਸਿੱਧੇ ਪ੍ਰਸਾਰਨ ਵਿੱਚ ਇਨ੍ਹਾਂ ਵਿੱਚੋਂ ਇੱਕ ਵਿਅਕਤੀ ਸਦਨ ਦੇ ਬੈਂਚਾਂ 'ਤੇ ਦੌੜਦਾ ਦੇਖਿਆ ਗਿਆ ਸੀ। ਇਹ ਘਟਨਾ 2001 'ਚ ਸੰਸਦ 'ਤੇ ਹੋਏ ਹਮਲੇ ਦੀ ਬਰਸੀ 'ਤੇ ਵਾਪਰੀ ਹੈ।
ਭਾਰਤੀ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇੰਟੈਲੀਜੈਂਸ ਬਿਊਰੋ ਦੇ ਅਧਿਕਾਰੀਆਂ ਨੇ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਚਾਰ ਲੋਕਾਂ ਤੋਂ ਪੁੱਛਗਿੱਛ ਕੀਤੀ ਹੈ।
ਦਰਸ਼ਕ ਗੈਲਰੀ ਤੱਕ ਪਹੁੰਚਣ ਦੀ ਪ੍ਰਕਿਰਿਆ

ਤਸਵੀਰ ਸਰੋਤ, ani
ਸੁਰੱਖਿਆ ’ਚ ਹੋਈ ਇਸ ਕੁਤਾਹੀ ਨੂੰ ਲੈ ਕੇ ਲੋਕ ਸਭਾ ਦੀ ਦਰਸ਼ਕ ਗੈਲਰੀ ਸੁਰਖੀਆਂ ਵਿੱਚ ਹੈ।
ਆਓ ਇਸ ਪ੍ਰਕਿਰਿਆ ਨੂੰ ਸਮਝੀਏ, ਜਿਸ ਤਹਿਤ ਕੋਈ ਵੀ ਵਿਅਕਤੀ ਲੋਕ ਸਭਾ ਦੀ ਦਰਸ਼ਕ ਗੈਲਰੀ ਵਿੱਚ ਜਾ ਕੇ ਸਦਨ ਦੀ ਕਾਰਵਾਈ ਦੇਖ ਸਕਦਾ ਹੈ।
ਲੋਕ ਸਭਾ ਦੇ ਸਾਬਕਾ ਜਨਰਲ ਸਕੱਤਰ ਪੀ.ਡੀ.ਟੀ.ਆਚਾਰੀ ਦੱਸਦੇ ਹਨ ਕਿ ਦਰਸ਼ਕ ਗੈਲਰੀ ਵਿੱਚ ਜਾਣ ਲਈ ਇੱਕ ਸੰਸਦ ਮੈਂਬਰ ਰਾਹੀਂ ਪਾਸ ਬਣ ਸਕਦਾ ਹੈ। ਲੋਕ ਅਕਸਰ ਆਪਣੇ ਇਲਾਕੇ ਦੇ ਸੰਸਦ ਮੈਂਬਰ ਤੋਂ ਸਿਫਾਰਿਸ਼ ਪੱਤਰ ਲੈ ਕੇ ਜਾਂਦੇ ਹਨ, ਜਿਸ ਦੇ ਆਧਾਰ 'ਤੇ ਉਨ੍ਹਾਂ ਨੂੰ ਗੈਲਰੀ 'ਚ ਜਾਣ ਲਈ ਪਾਸ ਮਿਲਦਾ ਹੈ।
ਆਚਾਰੀ ਕਹਿੰਦੇ ਹਨ, "ਦਰਸ਼ਕ ਗੈਲਰੀ ’ਚ ਜਾਣ ਲਈ ਇੱਕ ਸੰਸਦ ਮੈਂਬਰ ਦੁਆਰਾ ਲਿਖਿਆ ਗਿਆ ਪੱਤਰ ਹੋਣਾ ਜ਼ਰੂਰੀ ਹੈ।"
ਦਰਸ਼ਕਾਂ ਜਾਂ ਆਪਣੇ ਮਹਿਮਾਨਾਂ ਲਈ ਗੈਲਰੀ ਪਾਸ ਬਣਵਾਉਣ ਲਈ, ਸੰਸਦ ਮੈਂਬਰਾਂ ਨੂੰ ‘ਸੈਂਟ੍ਰਲਾਈਜ਼ਡ ਪਾਸ ਇਸ਼ੂ ਸੈੱਲ’ 'ਚ ਅਰਜ਼ੀ ਦੇਣੀ ਪੈਂਦੀ ਹੈ। ਇਹ ਅਰਜ਼ੀ ਫਾਰਮ ਜਮਾ ਕਰਵਾਇਆ ਜਾ ਸਕਦਾ ਹੈ ਜਾਂ ਔਨਲਾਈਨ ਦਿੱਤਾ ਜਾ ਸਕਦਾ ਹੈ।
ਨਿਯਮਾਂ ਦੇ ਤਹਿਤ, ਇੱਕ ਸੰਸਦ ਮੈਂਬਰ ਉਸ ਵਿਅਕਤੀ ਲਈ ਵਿਜ਼ਟਰ ਪਾਸ ਦੀ ਅਰਜ਼ੀ ਦੇ ਸਕਦਾ ਹੈ, ਜਿਸਨੂੰ ਉਹ ਨਿੱਜੀ ਤੌਰ 'ਤੇ ਜਾਣਦਾ ਹੈ।
ਜਾਂ ਫਿਰ ਇੱਕ ਸੰਸਦ ਮੈਂਬਰ ਕਿਸੇ ਅਜਿਹੇ ਵਿਅਕਤੀ ਲਈ ਪਾਸ ਦੀ ਅਰਜ਼ੀ ਦੇ ਸਕਦਾ ਹੈ ਜਿਸਦੀ ਜਾਣ-ਪਛਾਣ ਕਿਸੇ ਅਜਿਹੇ ਵਿਅਕਤੀ ਵੱਲੋਂ ਹੋਈ ਹੋਵੇ, ਜਿਸਨੂੰ ਉਹ ਨਿੱਜੀ ਤੌਰ 'ਤੇ ਜਾਣਦਾ ਹੈ।
ਇਨ੍ਹਾਂ ਚੋਣਵੇਂ ਮਾਮਲਿਆਂ ਵਿੱਚ, ਸੰਸਦ ਮੈਂਬਰਾਂ ਤੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਉਹ ਅਰਜ਼ੀ ਦੇਣ ਵੇਲੇ ਸਾਵਧਾਨੀ ਵਰਤਣਗੇ।
ਸੰਸਦ ਮੈਂਬਰਾਂ ਨੂੰ ਖ਼ਾਸ ਧਿਆਨ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਉਨ੍ਹਾਂ ਦੀ ਬੇਨਤੀ 'ਤੇ ਜਾਰੀ ਕੀਤੇ ਗਏ ਕਾਰਡ ਧਾਰਕਾਂ ਦੁਆਰਾ ਦਰਸ਼ਕ ਗੈਲਰੀ ਵਿੱਚ ਹੋਣ ਵਾਲੀ ਕਿਸੇ ਵੀ ਅਣਸੁਖਾਵੀਂ ਘਟਨਾ ਜਾਂ ਅਣਚਾਹੇ ਗਤੀਵਿਧੀ ਲਈ ਜ਼ਿੰਮੇਵਾਰ ਹੋਣਗੇ।
ਹੁਣ ਤੱਕ ਜੋ ਜਾਣਕਾਰੀ ਸਾਹਮਣੇ ਆਈ ਹੈ, ਉਸ ਮੁਤਾਬਕ ਸਦਨ 'ਚ ਕੁੱਦਣ ਵਾਲੇ ਸਾਗਰ ਸ਼ਰਮਾ ਦੇ ਕੋਲ ਜਿਸ ਸੰਸਦ ਮੈਂਬਰ ਦਾ ਵਿਜ਼ਟਰ ਪਾਸ ਸੀ, ਉਹ ਹਨ ਮੈਸੂਰ ਤੋਂ ਭਾਜਪਾ ਦੇ ਸੰਸਦ ਮੈਂਬਰ ਪ੍ਰਤਾਪ ਸਿਮਹਾ।
ਵਿਜ਼ਟਰ ਪਾਸ ਆਮ ਤੌਰ 'ਤੇ ਇੱਕ ਬੈਠਕ ਲਈ ਜਾਰੀ ਕੀਤੇ ਜਾਂਦੇ ਹਨ ਜਿਸ ਵਿੱਚ ਵਿਜ਼ਟਰ ਵੱਧ ਤੋਂ ਵੱਧ ਇੱਕ ਘੰਟੇ ਲਈ ਗੈਲਰੀ ਵਿੱਚ ਬੈਠ ਸਕਦਾ ਹੈ।
ਇਹ ਕਾਰਡ ਤਬਾਦਲੇਯੋਗ ਨਹੀਂ ਹਨ ਯਾਨੀ ਜਿਸ ਦੇ ਨਾਮ ’ਤੇ ਇਹ ਪਾਸ ਜਾਰੀ ਹੁੰਦਾ ਹੈ, ਉਸ ਨੂੰ ਹੀ ਗੈਲਰੀ ’ਚ ਬੈਠਣ ਦੀ ਇਜਾਜ਼ਤ ਹੋਵੇਗੀ।
ਦਸ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਵਿਜ਼ਟਰ ਗੈਲਰੀ ਵਿੱਚ ਦਾਖਲ ਹੋਣ ਦੀ ਆਗਿਆ ਨਹੀਂ ਹੈ।
'ਪਾਸ ਬਣਾਉਣ ਤੋਂ ਪਹਿਲਾਂ ਬੈਕਗਰਾਊਂਡ ਇੰਟੈਲੀਜੈਂਸ ਜਾਂਚ ਕੀਤੀ ਜਾਂਦੀ ਹੈ'

ਤਸਵੀਰ ਸਰੋਤ, ani
ਲੋਕ ਸਭਾ ਦੇ ਸਾਬਕਾ ਜਨਰਲ ਸਕੱਤਰ ਪੀ.ਡੀ.ਟੀ. ਆਚਾਰੀ ਦਾ ਕਹਿਣਾ ਹੈ, "ਜਦੋਂ ਕੋਈ ਪਾਸ ਜਾਰੀ ਕੀਤਾ ਜਾਂਦਾ ਹੈ, ਤਾਂ ਜਿਸ ਵਿਅਕਤੀ ਨੂੰ ਪਾਸ ਦਿੱਤਾ ਜਾ ਰਿਹਾ ਹੈ, ਉਸ ਦੀ ਇੰਟੈਲੀਜੈਂਸ ਜਾਂਚ ਕੀਤੀ ਜਾਂਦੀ ਹੈ। ਉਸ ਵਿਅਕਤੀ ਬਾਰੇ ਸਾਰੀ ਜਾਣਕਾਰੀ ਪਾਸ ਬਣਾਉਣ ਲਈ ਦਿੱਤੇ ਜਾਂਦੇ ਅਰਜ਼ੀ ਫਾਰਮ ਵਿੱਚ ਦੇਣੀ ਪੈਂਦੀ ਹੈ। ਇਸ ਜਾਣਕਾਰੀ ਵਿੱਚ ਵਿਅਕਤੀ ਦੇ ਪਿਤਾ ਜਾਂ ਪਤੀ ਦਾ ਨਾਮ, ਪਤਾ, ਫੋਨ ਨੰਬਰ, ਈਮੇਲ ਆਈਡੀ ਸ਼ਾਮਲ ਹੈ। ਇਸ ਦੇ ਲਈ ਬਿਨੈਕਾਰ ਦੀ ਖੁਫੀਆ ਜਾਂਚ ਕੀਤੀ ਜਾਂਦੀ ਹੈ।”
ਉਨ੍ਹਾਂ ਅੱਗੇ ਦੱਸਿਆ, “ਸੰਸਦ ਵਿੱਚ ਆਉਣ ਵਾਲੇ ਦਰਸ਼ਕਾਂ ਦੀ ਕਈ ਥਾਵਾਂ 'ਤੇ ਸਰੀਰਕ ਜਾਂਚ ਕੀਤੀ ਜਾਂਦੀ ਹੈ, ਹਥੀਂ ਸਰੀਰ ਦੀ ਤਲਾਸ਼ੀ ਲਈ ਜਾਂਦੀ ਹੈ ਅਤੇ ਮੈਟਲ ਡਿਟੈਕਟਰ ਤੋਂ ਲੰਘਣਾ ਪੈਂਦਾ ਹੈ।"
ਆਚਾਰੀ ਦੱਸਦੇ ਹਨ ਕਿ ਦਰਸ਼ਕ ਗੈਲਰੀ ਵਿੱਚ ਵੀ ਬੈਂਚਾਂ ਦੇ ਦੋਵੇਂ ਸਿਰਿਆਂ ’ਤੇ ਸਾਦੇ ਕੱਪੜਿਆਂ ਵਿੱਚ ਸੁਰੱਖਿਆ ਮੁਲਾਜ਼ਮ ਬੈਠਦੇ ਹਨ।
ਉਹ ਕਹਿੰਦੇ ਹਨ, "ਉਹ ਗੈਲਰੀ ਵਿੱਚ ਬੈਠੇ ਲੋਕਾਂ ਦੀ ਹਰ ਕਾਰਵਾਈ 'ਤੇ ਨਜ਼ਰ ਰੱਖਦੇ ਹਨ। ਜੇਕਰ ਕੋਈ ਦਰਸ਼ਕ ਅਚਾਨਕ ਨਾਅਰੇਬਾਜ਼ੀ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਇਹ ਸੁਰੱਖਿਆ ਕਰਮਚਾਰੀ ਤੁਰੰਤ ਆ ਕੇ ਉਨ੍ਹਾਂ ਨੂੰ ਰੋਕਦੇ ਹਨ ਅਤੇ ਉਨ੍ਹਾਂ ਨੂੰ ਚੁੱਕ ਕੇ ਉੱਥੋਂ ਬਾਹਰ ਲੈ ਜਾਂਦੇ ਹਨ।"
ਆਚਾਰੀ ਦਾ ਕਹਿਣਾ ਹੈ ਕਿ ਬੁੱਧਵਾਰ ਦੀ ਘਟਨਾ "ਸੁਰੱਖਿਆ ਵਿੱਚ ਇੱਕ ਗੰਭੀਰ ਕੁਤਾਹੀ ਹੈ।"
ਉਹ ਕਹਿੰਦੇ ਹਨ, "ਮੈਂ ਤਾਂ ਇਸ ਤਰ੍ਹਾਂ ਦੀਆਂ ਗੱਲਾਂ ਕਦੇ ਸੁਣੀਆਂ ਵੀ ਨਹੀਂ ਸਨ। ਮੈਂ 40 ਸਾਲ ਸੰਸਦ 'ਚ ਰਿਹਾ ਹਾਂ, ਪੰਜ ਸਾਲ ਸਕੱਤਰ ਜਨਰਲ ਰਿਹਾ ਹਾਂ। ਮੈਂ ਕਦੇ ਨਹੀਂ ਦੇਖਿਆ ਕਿ ਕੋਈ ਦਰਸ਼ਕ ਕੈਨੀਸਟਰ ਚੁੱਕ ਕੇ ਸੰਸਦ 'ਚ ਜਾ ਸਕੇ।"
ਬੁੱਧਵਾਰ ਦੀ ਘਟਨਾ ਨੂੰ ਸੁਰੱਖਿਆ ਦੀ ਵੱਡੀ ਘਾਟ ਇਸ ਲਈ ਮੰਨਿਆ ਜਾ ਰਿਹਾ ਹੈ ਕਿਉਂਕਿ ਸੰਸਦ ਭਵਨ ਵਿੱਚ ਸੁਰੱਖਿਆ ਦੇ ਕਈ ਪੱਧਰ ਦੇ ਪ੍ਰਬੰਧ ਹਨ। ਇਹ ਜਾਂਚ ਦਾ ਵਿਸ਼ਾ ਹੈ ਕਿ ਸੁਰੱਖਿਆ ਵਿਵਸਥਾ ਦੀਆਂ ਅੱਖਾਂ ’ਚ ਧੂਲ ਪਾ ਕੇ ਉਹ ਵਿਜ਼ੀਟਰ ਕੈਨੀਸਟਰ ਲੈ ਕੇ ਸਦਨ ਵਿੱਚ ਕਿਵੇਂ ਦਾਖਲ ਹੋ ਸਕਿਆ।
ਵੱਖ-ਵੱਖ ਸੁਰੱਖਿਆ ਜਾਂਚ ਪੁਆਇੰਟਾਂ ਦੇ ਸੀਸੀਟੀਵੀ ਫੁਟੇਜ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਹਥੀਂ ਕੀਤੀ ਗਈ ਤਲਾਸ਼ੀ ਦੌਰਾਨ ਕੋਈ ਲਾਪਰਵਾਹੀ ਤਾਂ ਨਹੀਂ ਕੀਤੀ ਗਈ।














