ਲੋਕ ਸਭਾ: ਕੌਣ ਹਨ ਉਹ ਸ਼ਖਸ ਜਿਨ੍ਹਾਂ ਨੇ ਸਦਨ ਵਿੱਚ ਵੜ੍ਹ ਕੇ ਹੰਗਾਮਾ ਕੀਤਾ ਤੇ ਲਾਏ ਨਾਅਰੇ

ਤਸਵੀਰ ਸਰੋਤ, SANSAD TV
ਬੁੱਧਵਾਰ ਨੂੰ ਲੋਕ ਸਭਾ ਦੀ ਦਰਸ਼ਕ ਗੈਲਰੀ ਵਿੱਚ ਬੈਠੇ ਇੱਕ ਵਿਅਕਤੀ ਨੇ ਚੱਲਦੇ ਸੈਸ਼ਨ ਦੌਰਾਨ ਛਾਲ ਮਾਰ ਦਿੱਤੀ, ਜਿਸ ਤੋਂ ਬਾਅਦ ਸਦਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ।
ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਛਾਲ ਮਾਰਨ ਵਾਲਾ ਵਿਅਕਤੀ ਬੈਂਚਾਂ ਦੇ ਉੱਤੇ ਭੱਜਦਾ ਹੈ, ਜਿਸ ਤੋਂ ਬਾਅਦ ਉਸ ਨੂੰ ਸੰਸਦ ਮੈਂਬਰ ਘੇਰਾ ਪਾ ਲੈਂਦੇ ਹਨ।
ਇਸ ਘਟਨਾ ਦੇ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੇ ਹਨ। ਇੱਕ ਵੀਡੀਓ ਵਿੱਚ ਮਹਿਲਾ ਪੁਲਿਸ ਮੁਲਾਜ਼ਮ ਨੀਲੇ ਰੰਗ ਦੀ ਡ੍ਰੈਸ ਪਹਿਨੇ ਮਹਿਲਾ ਨੂੰ ਫੜ੍ਹੇ ਕੇ ਲੈ ਜਾਂਦੀ ਨਜ਼ਰ ਆ ਰਹੀ ਹੈ।
ਵੀਡੀਓ 'ਚ ਔਰਤ ਨੂੰ 'ਭਾਰਤ ਮਾਤਾ ਦੀ ਜੈ, ਤਾਨਾਸ਼ਾਹੀ ਬੰਦ ਕਰੋ, ਜੈ ਭੀਮ-ਜੈ ਭਾਰਤ, ਸੰਵਿਧਾਨ ਬਚਾਓ', "ਔਰਤਾਂ ਵਿਰੁੱਧ ਅੱਤਿਆਚਾਰ ਜਾਰੀ ਨਹੀਂ ਰਹਿਣਗੇ" ਦੇ ਨਾਅਰੇ ਲਾਉਂਦੇ ਸੁਣਿਆ ਜਾ ਸਕਦਾ ਹੈ।
ਇੱਕ ਔਰਤ ਸਣੇ ਹਿਰਾਸਤ ਵਿੱਚ ਲਏ ਗਏ ਦੋਵਾਂ ਲੋਕਾਂ ਨੂੰ ਟਰਾਂਸਪੋਰਟ ਭਵਨ ਲੈ ਗਏ ਹਨ।
ਬੀਬੀਸੀ ਸਹਿਯੋਗੀ ਸਤ ਸਿੰਘ ਦੀ ਰਿਪੋਰਟ ਮੁਤਾਬਕ ਇਨ੍ਹਾਂ ਵਿੱਚੋਂ ਇੱਕ 42 ਸਾਲਾ ਨੀਲਮ ਹੈ, ਜੋ ਹਰਿਆਣਾ ਦੇ ਜ਼ਿਲ੍ਹਾ ਹਿਸਾਰ ਦੀ ਰਹਿਣ ਵਾਲੀ ਹੈ। ਇਸ ਤੋਂ ਇਲਾਵਾ ਦੂਜਾ ਸ਼ਖ਼ਸ 42 ਸਾਲਾ ਅਮੋਲ ਸ਼ਿੰਦੇ ਹਨ, ਜੋ ਮਹਾਰਾਸ਼ਟਰ ਦੇ ਰਹਿਣ ਵਾਲੇ ਹਨ।
ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਸੁਦੀਪ ਬੰਦੋਪਾਧਿਆਏ ਅਤੇ ਸਮਾਜਵਾਦੀ ਪਾਰਟੀ ਦੀ ਸੰਸਦ ਡਿੰਪਲ ਯਾਦਵ ਨੇ ਇਸ ਨੂੰ ਸੁਰੱਖਿਆ 'ਚ ਕਮੀ ਦੱਸਿਆ ਹੈ।
ਫਤਿਹਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਅਮਰ ਸਿੰਘ ਨੇ ਦੱਸਿਆ, “ਅਸੀਂ ਉੱਥੇ ਹੀ ਸੀ ਦੋ ਲੜਕਿਆਂ ਨੇ ਛਾਲ ਮਾਰੀ। ਉਨ੍ਹਾਂ ਨੇ ਕੁਝ ਸੁੱਟਿਆ ਤੇ ਧੂੰਆ ਨਿਕਲਣ ਲੱਗਾ। ਅਸੀਂ ਘਬਰਾ ਗਏ ਤੇ ਉਹ ਦੋਵੇਂ ਸਾਡੇ ਟੇਬਲਾਂ ਤੋਂ ਚੜ੍ਹ ਕੇ ਆ ਰਹੇ ਸੀ। ਇਹ ਸੁਰੱਖਿਆ ਵਿੱਚ ਕੁਤਾਹੀ ਹੈ ਕਿ ਆਖਿਰ ਕਿਵੇਂ ਉਹ ਧੂੰਏ ਵਾਲੀ ਚੀਜ਼ ਲੈ ਕੇ ਸੰਸਦ ਵਿੱਚ ਦਾਖ਼ਲ ਹੋਏ।”
ਸਪੀਕਰ ਨੇ ਦਿੱਤੀ ਘਟਨਾ ਦੀ ਜਾਣਕਾਰੀ
ਘਟਨਾ ਵੇਲੇ ਸਪੀਕਰ ਦੀ ਕੁਰਸੀ 'ਤੇ ਮੌਜੂਦ ਭਾਜਪਾ ਦੇ ਸੰਸਦ ਮੈਂਬਰ ਰਾਜੇਂਦਰ ਅਗਰਵਾਲ ਨੇ ਉਸ ਵੇਲੇ ਵਾਪਰੀ ਘਟਨਾ ਦੀ ਜਾਣਕਾਰੀ ਦਿੱਤੀ।
ਰਾਜੇਂਦਰ ਅਗਰਵਾਲ ਨੇ ਸੰਸਦ ਤੋਂ ਬਾਹਰ ਆ ਕੇ ਮੀਡੀਆ ਨੂੰ ਕਿਹਾ, "ਇੱਕ ਵਿਅਕਤੀ ਦਰਸ਼ਕ ਗੈਲਰੀ ਤੋਂ ਡਿੱਗਿਆ, ਸਾਨੂੰ ਲੱਗਾ ਕਿ ਉਹ ਡਿੱਗ ਗਿਆ ਹੈ।"
"ਪਰ ਦੂਜਾ ਵਿਅਕਤੀ ਰੇਲਿੰਗ ਫੜ ਕੇ ਛਾਲ ਮਾਰ ਰਿਹਾ ਸੀ। ਫਿਰ ਧਿਆਨ ਵਿੱਚ ਆਇਆ ਕਿ ਦੋਹਾਂ ਨੇ ਛਾਲ ਮਾਰੀ ਹੋਵੇਗੀ। ਉਨ੍ਹਾਂ ਵਿੱਚੋਂ ਇੱਕ ਨੇ ਆਪਣੀ ਜੁੱਤੀ ਵਿੱਚੋਂ ਕੋਈ ਚੀਜ਼ ਕੱਢ ਕੇ ਧੂੰਆਂ ਫੈਲਾਇਆ।"
"ਕੁਝ-ਕੁਝ ਆਵਾਜ਼ਾਂ ਆਈਆਂ। ਬਾਅਦ ਵਿਚ ਸੁਰੱਖਿਆ ਕਰਮੀਆਂ ਨੇ ਉਨ੍ਹਾਂ ਨੂੰ ਫੜ੍ਹ ਲਿਆ ਸੀ। ਉਨ੍ਹਾਂ ਨੂੰ ਲੈ ਗਏ। ਹੁਣ ਪਤਾ ਲੱਗੇਗਾ ਕਿ ਕੌਣ ਹਨ ਅਤੇ ਕਿੱਥੋਂ ਆਏ ਹਨ। ਉਹ ਕਿਸ ਸੰਗਠਨ ਦੇ ਸਨ?"

ਤਸਵੀਰ ਸਰੋਤ, ANI
ਵਿਰੋਧੀ ਧਿਰ ਦੇ ਸੰਸਦ ਮੈਂਬਰ ਸੁਰੱਖਿਆ ਬਾਰੇ ਚਿੰਤਤ
ਜੋ ਧੂੰਆ ਉਨ੍ਹਾਂ ਵਿਅਕਤੀਆਂ ਵੱਲੋਂ ਸੁੱਟਿਆ ਗਿਆ ਉਹ ਅੰਮ੍ਰਿਤਸਰ ਦੇ ਸੰਸਦ ਮੈਂਬਰ ਗੁਰਜੀਤ ਔਜਲਾ ਦੇ ਹੱਥਾਂ ਉੱਤੇ ਵੀ ਡਿੱਗਿਆ।
ਉਨ੍ਹਾਂ ਨੇ ਦੱਸਿਆ, “ਇਹ ਸੁਰੱਖਿਆ ਵਿੱਚ ਕੁਤਾਹੀ ਤਾਂ ਹੈ। ਉਹ ਨਾਅਰੇ ਤਾਂ ਲਗਾ ਰਹੇ ਸੀ। ਜ਼ੀਰੋ ਆਵਰ ਚੱਲ ਰਿਹਾ ਸੀ। ਉਨ੍ਹਾਂ ਦੀਆਂ ਜੁੱਤੀਆਂਂ ਵਿੱਚ ਕੁਝ ਸੀ ਜਿਸ ਨੂੰ ਉਨ੍ਹਾਂ ਨੇ ਸੁੱਟਿਆ। ਇੱਕ ਸਪੀਕਰ ਦੀ ਚੇਅਰ ਵੱਲ ਜਾ ਰਿਹਾ ਸੀ। ਫਿਰ ਉਸ ਨੂੰ ਫੜ੍ਹ ਲਿਆ ਗਿਆ।”
“ਇਸ ਨਵੀਂ ਸੰਸਦ ਵਿੱਚ ਕੁਝ ਦਿੱਕਤਾਂ ਹਨ। ਅਜਿਹੀਆਂ ਦਿੱਕਤਾਂ ਪੁਰਾਣੀ ਸੰਸਦ ਵਿੱਚ ਨਹੀਂ ਸਨ। ਇਹ ਸੁਰੱਖਿਆ ਵਿੱਚ ਬਹੁਤ ਵੱਡੀ ਕੁਤਾਹੀ ਹੈ।”

ਤਸਵੀਰ ਸਰੋਤ, ANI
ਇਸ ਤੋਂ ਬਾਅਦ ਸੈਸ਼ਨ ਦੌਰਾਨ ਹੰਗਾਮਾ ਮਚ ਗਿਆ। ਕਾਂਗਰਸ ਦੇ ਸੰਸਦ ਮੈਂਬਰ ਅਧੀਰ ਰੰਜਨ ਚੌਧਰੀ ਨੇ ਦੱਸਿਆ ਕਿ ਛਾਲ ਮਾਰਨ ਵਾਲੇ ਦੋ ਵਿਅਕਤੀ ਸਨ।
ਕਈ ਸੰਸਦ ਮੈਂਬਰਾਂ ਨੇ ਇਸ ਨੂੰ ਸੁਰੱਖਿਆ 'ਚ ਕੁਤਾਹੀ ਦੱਸਿਆ ਹੈ।
ਜ਼ਿਕਰਯੋਗ ਹੈ ਕਿ ਅੱਜ ਯਾਨਿ 13 ਦਸੰਬਰ ਨੂੰ ਸੰਸਦ 'ਤੇ ਹੋਏ ਹਮਲੇ ਦੀ ਬਰਸੀ ਵੀ ਹੈ। ਕਈ ਸੰਸਦ ਮੈਂਬਰਾਂ ਨੇ ਇਸ ਦਾ ਜ਼ਿਕਰ ਵੀ ਕੀਤਾ। ਇਹ ਹਮਲਾ 13 ਦਸੰਬਰ 2001 ਨੂੰ ਸੰਸਦ ਵਿੱਚ ਹੋਇਆ ਸੀ।

ਤਸਵੀਰ ਸਰੋਤ, Dr.Senthilkumar.S/X
ਸੰਸਦ ਦਾ ਸੁਰੱਖਿਆ ਪ੍ਰੋਟੋਕੋਲ ਕੀ ਹੈ
ਸੰਸਦ ਦੀ ਸੁਰੱਖਿਆ ਨੂੰ ਲੈ ਕੇ ਸੀਨੀਅਰ ਪੱਤਰਕਾਰ ਅਰਵਿੰਦ ਕੁਮਾਰ ਸਿੰਘ ਨੇ ਬੀਬੀਸੀ ਪੱਤਰਕਾਰ ਮਾਨਸੀ ਦਾਸ਼ ਨੂੰ ਦੱਸਿਆ ਕਿ ਉੱਥੇ ਸੁਰੱਖਿਆ ਪ੍ਰਣਾਲੀ ਕਿਵੇਂ ਕੰਮ ਕਰਦੀ ਹੈ।
ਅਰਵਿੰਦ ਕੁਮਾਰ ਸਿੰਘ ਕਹਿੰਦੇ ਹਨ, “ਇਸ ਤਰ੍ਹਾਂ ਦੇ ਦਿਨਾਂ ਵਿਚ ਕੀ, ਆਮ ਦਿਨਾਂ ਵਿਚ ਵੀ, ਸੰਸਦ ਦੀ ਆਪਣੀ ਸੁਰੱਖਿਆ ਪ੍ਰਣਾਲੀ ਹੈ ਅਤੇ ਇਹ ਕਾਫ਼ੀ ਮਜ਼ਬੂਤ ਰਹਿੰਦੀ ਹੈ।"
ਮਜ਼ਬੂਤ ਦਾ ਅਰਥ ਇਹ ਹੈ ਕਿ ਤੁਸੀਂ ਦੇਖੋਗੇ ਕਿ ਰੁਟੀਨ ਵਿਚ ਵੀ ਜਦੋਂ ਸੰਸਦ ਦਾ ਸੈਸ਼ਨ ਨਹੀਂ ਹੁੰਦਾ ਹੈ, ਉਨ੍ਹਾਂ ਦੀ ਜਾਂਚ ਦਾ ਸਿਸਟਮ ਹੁੰਦਾ ਹੈ।"
"ਹੁਣੇ ਜੋ ਵਾਪਰੀ ਘਟਨਾ ਦੇ ਸੰਦਰਭ 'ਤੇ ਨਜ਼ਰ ਮਾਰੀਏ ਤਾਂ ਇਹ ਲੋਕ ਜੋ ਆਏ ਸਨ, ਕਿਸੇ ਮੈਂਬਰ ਨੇ ਮੈਂਬਰ ਨੇ ਉਨ੍ਹਾਂ ਦੇ ਪਾਸ ਬਣਵਾਏ ਸਨ ਕਿਉਂਕਿ ਉਹ ਗੈਲਰੀ ਤੋਂ ਆਏ ਸਨ। ਉਨ੍ਹਾਂ ਕੋਲ ਪਾਸ, ਗੈਸ ਵਰਗਾ ਜੋ ਵੀ ਮਿਲਿਆ ਹੈ, ਉਹ ਕੀ ਹੈ, ਇਹ ਅਗਲੀ ਜਾਂਚ ਦਾ ਵਿਸ਼ਾ ਹੋਵੇਹਾ।"
ਪਾਰਲੀਮੈਂਟ ਸਿਕਿਓਰਿਟੀ ਸਰਵਿਸ ਦੀ ਭੂਮਿਕਾ ਦੇ ਸਵਾਲ 'ਤੇ ਉਨ੍ਹਾਂ ਨੇ ਦੱਸਿਆ, "ਰੂਟੀਨ ਵਿੱਚ ਸੰਸਦ ਦੀ ਸੁਰੱਖਿਆ ਦਾ ਜ਼ਿੰਮਾ ਲੋਕਸਭਾ ਕੋਲ ਹੁੰਦਾ ਹੈ। ਸੰਸਦ ਦੀ ਸੁਰੱਖਿਆ ਦੀ ਜੋ ਅੰਦਰੂਨੀ ਵਿਵਸਥਾ ਹੁੰਦੀ ਹੈ, ਉਸ ਦਾ ਇੰਚਾਰਜ ਲੋਕਸਭਾ ਕੋਲ ਹੁੰਦਾ ਹੈ।"
"ਦੋਵੇਂ ਸਦਨਾਂ ਦੇ ਆਪਣੇ ਸੁਰੱਖਿਆ ਕਰਮੀ ਹੁੰਦੇ ਹਨ, ਜਿਨ੍ਹਾਂ ਨੇ ਪੀਐੱਸਐੱਸ (ਪਾਰਲੀਮੈਂਟ ਸਿਕਿਓਰਿਟੀ ਸਰਵਿਸ) ਕਹਿੰਦੇ ਹਨ, ਇਹ ਸਰਵਿਸ ਓਵਰਆਲ ਸਾਰੀਆਂ ਚੀਜ਼ਾਂ ਦੇਖਦੀ ਹੈ।"
"ਜਦੋਂ ਸੰਸਦ ਦਾ ਸੈਸ਼ਨ ਚੱਲ ਰਿਹਾ ਹੁੰਦਾ ਹੈ ਤਾਂ ਇਸ ਵਿੱਚ ਦਿੱਲੀ ਪੁਲਿਸ ਦੇ ਲੋਕ ਵੀ ਸੁਰੱਖਿਆ ਵਿੱਚ ਹੁੰਦੇ ਹਨ। ਇਸ ਵਿੱਚ ਸੈਂਟਰਲ ਰਿਜ਼ਰਵ ਪੁਲਿਸ ਬਲ, ਆਈਟੀਬੀਪੀ ਦੇ ਜਵਾਨ ਹੁੰਦੇ ਹਨ।"
"ਇੰਟੈਲੀਜੈਂਸ ਬਿਓਰੋ, ਐੱਸਪੀਜੀ, ਐੱਨਐੱਸਜੀ, ਸਾਰਿਆਂ ਦੇ ਲੋਕ ਇੱਥੇ ਅਜਿਹੇ ਮੌਕਿਆਂ 'ਤੇ ਰਹਿੰਦੇ ਹਨ ਕਿਉਂਕਿ ਸੰਸਦ ਦਾ ਸੈਸ਼ਨ ਚੱਲ ਰਿਹਾ ਹੁੰਦਾ ਹੈ।"

ਤਸਵੀਰ ਸਰੋਤ, ANI
ਵੱਡੇ ਸਮਾਗਮਾਂ ਦੌਰਾਨ ਕੀਤੇ ਗਏ ਪ੍ਰਬੰਧਾਂ ਬਾਰੇ ਅਰਵਿੰਦ ਕੁਮਾਰ ਸਿੰਘ ਨੇ ਕਿਹਾ, "ਜਦੋਂ ਵੀ ਕੋਈ ਵੱਡਾ ਸਮਾਗਮ ਹੁੰਦਾ ਹੈ, ਜਿਵੇਂ ਪਿਛਲੇ ਦਿਨੀਂ ਜੀ-20 ਦੇਸ਼ਾਂ ਦੇ ਬੁਲਾਰਿਆਂ ਦਾ ਸੰਮੇਲਨ ਹੋਇਆ ਸੀ ਤਾਂ ਸੁਰੱਖਿਆ ਸਖ਼ਤ ਕਰ ਦਿੱਤੀ ਜਾਂਦੀ ਸੀ।"
"22 ਸਾਲ ਪਹਿਲਾਂ ਜੋ ਹਮਲਾ ਹੋਇਆ ਸੀ, ਉਸ ਤੋਂ ਬਾਅਦ ਪਾਰਲੀਮੈਂਟ ਦੀ ਸੁਰੱਖਿਆ ਨੂੰ ਲੈ ਕੇ ਬਹੁਤ ਸਾਰੀਆਂ ਚੀਜ਼ਾਂ ਨੂੰ ਹਾਈਟੈੱਕ ਬਣਾਇਆ ਗਿਆ ਹੈ। ਪਾਰਲੀਮੈਂਟ ਸਟਾਫ ਕੋਲ ਜੇਕਰ ਵੈਧ ਸ਼ਨਾਖਤੀ ਕਾਰਡ ਨਹੀਂ ਹੈ ਤਾਂ ਉਨ੍ਹਾਂ ਨੂੰ ਵੀ ਡਿਊਟੀ ਤੋਂ ਮੋੜ ਦਿੱਤਾ ਜਾਂਦਾ ਹੈ।"
"ਉਨ੍ਹਾਂ ਨੂੰ ਵੀ ਪਾਸ ਬਣਵਾਉਣਾ ਪੈਂਦਾ ਹੈ, ਅਤੇ ਉਨ੍ਹਾਂ ਨੂੰ ਵਿਭਾਗ ਦੇ ਮੁਖੀ ਜੇਕਰ ਆਗਿਆ ਦੇਣ ਤਾਂ ਹੀ ਉਨ੍ਹਾਂ ਨੂੰ ਅੰਦਰ ਆਉਣ ਦੀ ਇਜ਼ਾਜਤ ਦਿੱਤੀ ਜਾਵੇਗੀ।"
ਅੱਜ 22 ਸਾਲ ਪਹਿਲਾਂ ਸੰਸਦ 'ਤੇ ਹੋਏ ਹਮਲੇ ਦੀ ਬਰਸੀ ਹੈ। ਉਸ ਘਟਨਾ ਤੋਂ ਬਾਅਦ ਸੁਰੱਖਿਆ ਪ੍ਰਣਾਲੀ ਵਿਚ ਆਏ ਬਦਲਾਅ ਬਾਰੇ ਉਹ ਦੱਸਦੇ ਹਨ, "ਸੰਸਦ 'ਤੇ ਹਮਲੇ ਤੋਂ ਬਾਅਦ, ਇਸ ਦੀ ਸੁਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਕਰੋੜਾਂ ਰੁਪਏ ਖਰਚ ਕੀਤੇ ਗਏ ਹਨ।"
"ਇਹ ਪੂਰੀ ਤਰ੍ਹਾਂ ਆਧੁਨਿਕ ਡਿਜੀਟਲਾਈਜ਼ਡ ਕੀਤਾ ਗਿਆ ਹੈ। ਸੰਸਦ ਦੀ ਸੁਰੱਖਿਆ ਲਈ ਵੱਖਰੀ ਫੋਰਸ ਬਣੀ ਹੋਈ ਹੈ। ਅੰਦਰੂਨੀ ਪ੍ਰਣਾਲੀ ਨੂੰ ਮਜ਼ਬੂਤ ਕੀਤਾ ਗਿਆ ਹੈ। ਇਹ ਸਭ ਕੁਝ ਕੀਤਾ ਗਿਆ ਹੈ। ਇਹ ਕਾਫੀ ਮਜ਼ਬੂਤ ਹੈ। ਸੰਸਦ ਸੁਰੱਖਿਆ ਸਰਵਿਸ ਦੇ ਲੋਕ ਵੀ ਸੰਸਦ ਦੇ ਮੈਂਬਰਾਂ ਨੂੰ ਪਛਾਣਦੇ ਵੀ ਹਨ। ਪਾਰਲੀਮੈਂਟ ਸਿਕਿਓਰਿਟੀ ਸਰਵਿਸ ਸਿੱਧੇ ਸਪੀਕਰਨ ਦੇ ਅਧੀਨ ਕੰਮ ਕਰਦੀ ਹੈ।"













