ਸੀਰੀਅਲ ਕਿੱਲਰ ਜਿਸ ਦੇ ਨਿਸ਼ਾਨੇ ’ਤੇ ਮਜ਼ਦੂਰ ਔਰਤਾਂ, ਕੀ ਹੈ ਮਾਮਲਾ

ਪੁਲਿਸ

ਤਸਵੀਰ ਸਰੋਤ, Police

ਤਸਵੀਰ ਕੈਪਸ਼ਨ, ਸੀਸੀਟੀਵੀ ਸਹਾਰੇ ਪੁਲਿਸ ਦੇ ਹੱਥੇ ਚੜ੍ਹਿਆ ਕਿਸ਼ਟੱਪਾ
    • ਲੇਖਕ, ਬਾਲਾ ਸਤੀਸ਼
    • ਰੋਲ, ਬੀਬੀਸੀ ਤੇਲੁਗੂ ਪੱਤਰਕਾਰ

29 ਨਵੰਬਰ ਦਿਨ ਬੁੱਧਵਾਰ ਦੀ ਗੱਲ ਹੈ ਜਦੋਂ 42 ਸਾਲ ਦੀ ਮਹਿਲਾ ਮਜ਼ਦੂਰ ਸਰਵਾਬੀ ਤੇਲੰਗਾਨਾ ਸੂਬੇ ਦੇ ਤਾਂਡੂਰ ਸ਼ਹਿਰ ਦੇ ਸ਼ਾਂਤੀ ਮਾਲ ਦੇ ਨੇੜੇ ਇੱਕ ਚੋਰਾਹੇ ਉੱਤੇ ਸਥਿਤ 'ਮਜ਼ਦੂਰ ਅੱਡ' ਉੱਤੇ ਖੜ੍ਹੇ ਸੀ।

ਸਰਵਾਬੀ ਇੱਕ ਮਜ਼ਦੂਰ ਦੇ ਤੌਰ ਉੱਤੇ ਕੰਮ ਕਰਦੇ ਹਨ ਅਤੇ ਹੋਰ ਮਜ਼ਦੂਰਾਂ ਨਾਲ ਕੰਮ ਦੀ ਭਾਲ ਵਿੱਚ ਇੱਥੇ ਹਰ ਰੋਜ਼ ਖੜ੍ਹੇ ਹੁੰਦੇ ਹਨ। ਜਿੰਨ੍ਹਾਂ ਲੋਕਾਂ ਨੂੰ ਵੀ ਇੱਥੋਂ ਕੰਮ ਮਿਲਦਾ ਹੈ, ਉਹ ਆਪਣੀ ਦਿਹਾੜੀ ਲੈਣ ਤੋਂ ਬਾਅਦ ਘਰ ਪਰਤ ਜਾਂਦੇ ਹਨ।

ਸਰਵਾਬੀ ਦਾ ਜੱਦੀ ਘਰ ਕਰਨਾਟਕ ਦੇ ਗੁਰਬਰਗ ਸ਼ਹਿਰ ਨੇੜੇ ਮਡਕਲ ਪਿੰਡ ਹੈ ਤੇ ਇਹ ਪਿੰਡ ਤਾਂਡੂਰ ਦੀ ਸਰਹੱਦ ਉੱਤੇ ਹੈ।

ਬੁੱਧਵਾਰ 29 ਨਵੰਬਰ ਦੀ ਸਵੇਰ ਜਦੋਂ ਸਰਵਾਬੀ ਸ਼ਾਂਤੀ ਮਾਲ ਕੋਲ ਕੰਮ ਲਈ ਰੋਜ਼ਾਨਾ ਵਾਂਗ ਮੌਜੂਦ ਸਨ ਤਾਂ 55 ਸਾਲ ਦੇ ਕਿਸ਼ਟੱਪਾ ਸਰਵਾਬੀ ਦੇ ਕੋਲ ਗਏ।

ਕਿਸ਼ਟੱਪਾ ਨੇ ਸਰਵਾਬੀ ਨੂੰ ਕਿਹਾ ਕਿ ਅੰਤਰਾਮ ਪਿੰਡ ਵਿੱਚ ਮਜ਼ਦੂਰੀ ਦਾ ਕੰਮ ਹੈ। ਸਰਵਾਬੀ ਕਿਸ਼ਟੱਪਾ ਦੇ ਨਾਲ ਚਲੇ ਗਏ।

ਸਰਵਾਬੀ ਨੇ ਆਪਣੇ ਪਤਨੀ ਨੂੰ ਕਾਲ ਕੀਤੀ ਅਤੇ ਦੱਸਿਆ ਕਿ ਉਹ ਅੰਤਰਾਮ ਪਿੰਡ ਵਿੱਚ ਕੰਮ ਉੱਤੇ ਜਾ ਰਹੇ ਹਨ।

ਸਵੇਰ ਦੇ ਕਰੀਬ 11 ਵਜੇ ਸਰਵਾਬੀ ਤੇ ਕਿਸ਼ਟੱਪਾ ਜ਼ਹੀਰਾਬਾਦ ਜਾਣ ਵਾਲੀ ਬੱਸ ਵਿੱਚ ਸਵਾਰ ਹੋਏ। ਦੋਵੇਂ ਪੇਡਾਮੁੱਲ ਬਲਾਕ ਦੇ ਥੱਟੇਪੱਲੀ ਕੋਲ ਬੱਸ ਤੋਂ ਉੱਤਰ ਗਏ ਅਤੇ ਜੰਗਲ ਵੱਲ ਨੂੰ ਤੁਰ ਪਏ।

ਜੰਗਲ ਵਿੱਚ ਕਾਫ਼ੀ ਰਾਹ ਤੈਅ ਕਰਨ ਅਤੇ ਦੋ ਪਹਾੜੀਆਂ ਚੜ੍ਹਨ ਮਗਰੋਂ ਕਿਸ਼ਟੱਪਾ ਨੇ ਸਰਵਾਬੀ ਨੂੰ ਮਾਰ ਦਿੱਤਾ। ਜਿੱਥੇ ਸਰਵਾਬੀ ਨੂੰ ਮਾਰਿਆ ਗਿਆ ਉੱਥੇ ਕੋਈ ਨਹੀਂ ਸੀ।

ਕਿਸ਼ਟੱਪਾ ਨੇ ਸਰਵਾਬੀ ਦੇ ਗਲੇ ਵਿੱਚ ਉਨ੍ਹਾਂ ਦੀ ਹੀ ਸਾੜੀ ਨੂੰ ਲਪੇਟਿਆ ਅਤੇ ਗਲਾ ਘੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ।

ਸੀਸੀਟੀਵੀ ਫੁਟੇਜ ਵਿੱਚ ਕੀ ਸੁਰਾਗ ਮਿਲੇ

ਹਰ ਰੋਜ਼ ਕੰਮ ਤੋਂ ਬਾਅਦ ਸਰਵਾਬੀ ਘਰ ਪਹੁੰਚ ਜਾਂਦੇ ਸਨ, ਪਰ ਉਸ ਸ਼ਾਮ ਸਰਵਾਬੀ ਘਰ ਨਹੀਂ ਪਹੁੰਚੇ।

ਉਨ੍ਹਾਂ ਦੇ ਪਤੀ ਮੁਹੰਮਦ ਨੂੰ ਸ਼ੱਕ ਹੋਇਆ ਅਤੇ ਉਹ ਪਤਨੀ ਦੀ ਭਾਲ ਵਿੱਚ ਲੱਗ ਗਏ, ਪਰ ਉਨ੍ਹਾਂ ਹੱਥ ਕੋਈ ਸਫ਼ਲਤਾ ਨਹੀਂ ਲੱਗੀ।

ਅਗਲੇ ਦਿਨ ਵੀ ਮੁਹੰਮਦ ਦੀ ਆਪਣੀ ਪਤਨੀ ਸਰਵਾਬੀ ਨੂੰ ਲੱਭਣ ਦੀ ਜੱਦੋ ਜਹਿਦ ਜਾਰੀ ਰਹੀ।

ਮੁਹੰਮਦ ਜਿਹੜੇ ਲੋਕਾਂ ਨੂੰ ਜਾਣਦੇ ਸਨ, ਉਨ੍ਹਾਂ ਨੂੰ ਵੀ ਸਰਵਾਬੀ ਬਾਰੇ ਪੁੱਛਿਆ ਪਰ ਕਿਤੇ ਵੀ ਕੋਈ ਥਹੁ-ਪਤਾ ਨਹੀਂ ਲੱਗਿਆ।

ਆਖ਼ਿਰਕਾਰ ਇੱਕ ਦਸੰਬਰ ਨੂੰ ਮੁਹੰਮਦ ਨੇ ਪਤਨੀ ਦੀ ਗੁਮਸ਼ੁਦਗੀ ਬਾਰੇ ਪੁਲਿਸ ਨੂੰ ਇਤਲਾਹ ਕੀਤੀ।

ਪੁਲਿਸ ਨੇ ਸਰਵਾਬੀ ਦੇ ਮੋਬਾਈਲ ਫ਼ੋਨ ਦੀ ਲੋਕੇਸ਼ਨ ਟ੍ਰੇਸ ਕਰਨ ਦੀ ਕੋਸ਼ਿਸ਼ ਕੀਤੀ ਪਰ ਅਸਫ਼ਲ ਰਹੀ।

ਤਾਂਡੂਰ ਪੁਲਿਸ ਨੇ ਉਸ ਥਾਂ ਦੀ ਸੀਸੀਟੀਵੀ ਫੁਟੇਜ ਦੇਖਣੀ ਸ਼ੁਰੂ ਕੀਤੀ ਜਿੱਥੇ ਸਰਵਾਬੀ ਹਰ ਰੋਜ਼ ਦਿਹਾੜੀ-ਮਜ਼ਦੂਰੀ ਦੇ ਕੰਮ ਲਈ ਖੜ੍ਹੇ ਹੁੰਦੇ ਸਨ।

ਮਜ਼ਦੂਰ
ਤਸਵੀਰ ਕੈਪਸ਼ਨ, ਇੱਕ ਦਿਹਾੜੀ ਮਜ਼ਦੂਰ ਦੀ ਤਸਵੀਰ

ਪੁਲਿਸ ਨੂੰ ਸੀਸੀਟੀਵੀ ਫੁਟੇਜ ਵਿੱਚ ਸੁਰਾਗ ਮਿਲਿਆ। ਇਸ ਫੁਟੇਜ ਵਿੱਚ ਸਰਵਾਬੀ ਦੇ ਨਾਲ ਕਿਸ਼ਟੱਪਾ ਸਨ। ਵੀਡੀਓ ਵਿੱਚ ਦੋਵੇਂ ਇੰਦੀਰਾ ਚੌਂਕ ਵੱਲ ਤੁਰੇ ਜਾਂਦੇ ਦਿਖ ਰਹੇ ਸਨ।

ਜਿਸ ਵਿਅਕਤੀ ਨਾਲ ਸਰਵਾਬੀ ਨੂੰ ਜਾਂਦੇ ਦੇਖਿਆ ਗਿਆ, ਉਸ ਦੀ ਪਛਾਣ ਤਾਂਡੂਰ ਦੇ ਅਲੀਪੁਰ ਪਿੰਡ ਦੇ ਮਾਲਾ ਕਿਸ਼ਟੱਪਾ ਵਜੋਂ ਹੋਈ।

7 ਦਸੰਬਰ ਨੂੰ ਪੁਲਿਸ ਨੇ ਕਿਸ਼ਟੱਪਾ ਨੂੰ ਫੜ੍ਹਿਆ ਅਤੇ ਪੁੱਛਗਿੱਛ ਸ਼ੁਰੂ ਕਰ ਦਿੱਤੀ। ਕਿਸ਼ਟੱਪਾ ਨੇ ਆਪਣਾ ਜੁਰਮ ਕਬੂਲ ਕਰ ਲਿਆ।

ਸਰਵਾਬੀ ਨੂੰ ਮਾਰਨ ਦੀ ਗੱਲ ਮੰਨਣ ਤੋਂ ਬਾਅਦ ਉਸ ਨੇ ਇਹ ਵੀ ਮੰਨਿਆ ਸਰਵਾਬੀ ਤੋਂ 1000 ਰੁਪਏ ਲਏ ਅਤੇ ਨਾਲ ਹੀ ਉਸ ਦਾ ਮੋਬਾਈਲ ਫ਼ੋਨ ਵੀ ਲੈ ਲਿਆ।

ਇਹ ਸਾਰਾ ਸਮਾਨ ਕਿਸ਼ਟੱਪਾ ਦੇ ਘਰੋਂ ਪੁਲਿਸ ਨੇ ਬਰਾਮਦ ਕਰ ਲਿਆ।

ਕਿਸ਼ਟੱਪਾ ਨਾਲ ਪੁੱਛਗਿੱਛ ਕਰਨ ਅਤੇ ਉਸ ਦੇ ਪਿਛੋਕੜ ਬਾਰੇ ਜਾਂਚ-ਪੜਤਾਲ ਮਗਰੋਂ ਤਾਂਡੂਰ ਪੁਲਿਸ ਨੂੰ ਕੁਝ ਹੈਰਾਨ ਕਰਨ ਵਾਲੇ ਤੱਥ ਮਿਲੇ।

ਪੁਲਿਸ ਮੁਤਾਬਕ ਇਹ ਕਿਸ਼ਟੱਪਾ ਦਾ 7ਵਾਂ ਕਤਲ ਸੀ। ਇਸ ਤੋਂ ਪਹਿਲਾਂ ਉਹ 6 ਹੋਰ ਲੋਕਾਂ ਨੂੰ ਮਾਰ ਚੁੱਕਿਆ ਸੀ।

ਦਿਹਾੜੀ-ਮਜ਼ਦੂਰੀ ਕਰਦੀਆਂ ਔਰਤਾਂ ਸੀ ਨਿਸ਼ਾਨਾ

ਪੁਲਿਸ
ਤਸਵੀਰ ਕੈਪਸ਼ਨ, ਤੇਲੰਗਾਨਾ ਪੁਲਿਸ ਕੇਸ ਬਾਰੇ ਜਾਣਕਾਰੀ ਦਿੰਦੀ ਹੋਈ

ਕਿਸ਼ਟੱਪਾ ਬਹੁਤ ਸ਼ਰਾਬ ਪੀਂਦਾ ਸੀ ਅਤੇ ਜਦੋਂ ਉਹ ਕੋਈ ਕਤਲ ਕਰਨ ਦੀ ਫ਼ਿਰਾਕ ਵਿੱਚ ਹੁੰਦਾ ਸੀ ਤਾਂ ਉਹ ‘ਮਜ਼ਦੂਰਾਂ ਦੇ ਅੱਡੇ’ ਉੱਤੇ ਕੂਲੀ ਬਣ ਕੇ ਖੜ੍ਹਾ ਹੋ ਜਾਂਦਾ ਸੀ।

ਇਸ ਤੋਂ ਬਾਅਦ ਉਹ ਇਸ ਗੱਲ ਦਾ ਫ਼ੈਸਲਾ ਕਰਦਾ ਸੀ ਕਿ ਉਹ ਕਿਸ ਨੂੰ ਮਾਰਨਾ ਚਾਹੁੰਦਾ ਹੈ, ਕਿਸ਼ਟੱਪਾ ਉਨ੍ਹਾਂ ਕੋਲ ਜਾਂਦਾ ਤੇ ਉਨ੍ਹਾਂ ਨਾਲ ਗੱਲ ਕਰਦਾ ਸੀ।

ਕਿਸ਼ਟੱਪਾ ਦੇ ਨਿਸ਼ਾਨੇ ਉੱਤੇ ਮਜ਼ਦੂਰੀ ਦਾ ਕੰਮ ਲੱਭਣ ਵਾਲੀਆਂ ਔਰਤਾਂ ਹੁੰਦੀਆਂ ਸਨ।

ਕਿਸ਼ਟੱਪਾ ਇਹਨਾਂ ਔਰਤਾਂ ਨੂੰ ਕੰਮ ਦੀ ਪੇਸ਼ਕਸ਼ ਕਰਦਾ ਅਤੇ ਕਿਤੇ ਦੂਰ ਲੈ ਜਾਂਦਾ ਸੀ ਤੇ ਫ਼ਿਰ ਮੌਤ ਦੇ ਘਾਟ ਉਤਾਰ ਦਿੰਦਾ ਸੀ।

ਕਿਸ਼ਟੱਪਾ ਦੇ ਖ਼ਿਲਾਫ਼ ਕਈ ਮਾਮਲੇ ਦਰਜ ਹਨ...

  • ਵਿਕਾਰਾਬਾਦ ਪੁਲਿਸ ਸਟੇਸ਼ਨ ਵਿੱਚ ਤਿੰਨ ਕੇਸ
  • ਯਲਾਲ ਪੁਲਿਸ ਸਟੇਸ਼ਨ ਵਿੱਚ ਇੱਕ ਕੇਸ
  • ਤਾਂਡੂਰ ਪੁਲਿਸ ਸਟੇਸ਼ਨ ਵਿੱਚ ਇੱਕ ਕੇਸ

ਪੁਲਿਸ ਮੁਤਾਬਕ ਕੁੱਲ ਮਿਲਾ ਕੇ ਕਿਸ਼ਟੱਪਾ ਖ਼ਿਲਾਫ਼ ਪਹਿਲਾਂ ਹੀ 6 ਕਤਲ ਦੇ ਮਾਮਲੇ ਦਰਜ ਹਨ। ਸਰਵਾਬੀ ਦਾ ਕਤਲ 7ਵਾਂ ਅਜਿਹਾ ਮਾਮਲਾ ਹੈ।

ਪੁਲਿਸ ਮੁਤਾਬਕ ਇਸ ਤੋਂ ਪਹਿਲਾਂ ਦੇ 6 ਕਤਲ ਵੀ ਔਰਤਾਂ ਦੇ ਹੀ ਸਨ।

ਕਿਸ਼ਟੱਪਾ ਹਰ ਵਾਰ ਕਿਵੇਂ ਬੱਚ ਜਾਂਦਾ ਸੀ

ਪੁਲਿਸ
ਤਸਵੀਰ ਕੈਪਸ਼ਨ, ਕਿਸ਼ਟੱਪਾ ਨੂੰ ਲਿਜਾਂਦੀ ਪੁਲਿਸ

ਹੁਣ ਤੱਕ ਕਿਸ਼ਟੱਪਾ ਨੂੰ ਪੁਲਿਸ ਪੰਜ ਵਾਰ ਜੇਲ੍ਹ ਭੇਜ ਚੁੱਕੀ ਹੈ ਤੇ ਉਹ ਹਰ ਵਾਰ ਸਬੂਤਾਂ ਦੀ ਘਾਟ ਹੋਣ ਕਰਕੇ ਜੇਲ੍ਹ ਤੋਂ ਬਾਹਰ ਆ ਜਾਂਦਾ ਸੀ।

ਸਰਵਾਬੀ ਦੇ ਕਤਲ ਤੋਂ ਪਹਿਲਾਂ 6 ਵਿੱਚੋਂ 5 ਕਤਲ ਕੇਸਾਂ ਨੂੰ ਅਦਾਲਤ ਖਾਰਜ ਕਰ ਚੁੱਕੀ ਹੈ। ਇੱਕ ਕੇਸ ਅਜੇ ਵੀ ਅਦਾਲਤ ਵਿੱਚ ਟ੍ਰਾਇਲ ਅਧੀਨ ਹੈ।

7ਵੇਂ ਕਤਲ ਤੋਂ ਦੋ ਮਹੀਨੇ ਪਹਿਲਾਂ ਹੀ ਕਿਸ਼ਟੱਪਾ ਦੋ ਸਾਲ ਦੀ ਜੇਲ੍ਹ ਕੱਟ ਕੇ ਬਾਹਰ ਆਇਆ ਸੀ।

ਪੁਲਿਸ ਨੂੰ ਸ਼ੱਕ ਹੈ ਕਿ ਇਹਨਾਂ 7 ਕਤਲਾਂ ਤੋਂ ਇਲਾਵਾ ਦੋ-ਤਿੰਨ ਕਤਲ ਹੋਰ ਕੀਤੇ ਗਏ ਹੋਣਗੇ।

ਪੁਲਿਸ ਨੇ ਕਿਹਾ, ‘‘ਜਿੱਥੇ ਵੀ ਉਹ ਇਸ ਤੋਂ ਪਹਿਲਾਂ ਮਿਲਿਆ, ਉਸ ਨੇ ਜੁਰਮ ਨਹੀਂ ਕਬੂਲਿਆ। ਕਿਉਂਕਿ ਇਸ ਵਾਰ ਉਹ ਸੀਸੀਟੀਵੀ ਵਿੱਚ ਨਜ਼ਰ ਆ ਰਿਹਾ ਸੀ ਇਸ ਲਈ ਉਸ ਨੇ ਆਪਣਾ ਗੁਨਾਹ ਕਬੂਲ ਕੀਤਾ।’’

ਕਿਸ਼ਟੱਪਾ ਦੀ ਪਤਨੀ ਨੂੰ ਜਦੋਂ ਪਤੀ ਦੇ ਕਤਲ ਵਿੱਚ ਸ਼ਾਮਲ ਹੋਣ ਬਾਰੇ ਪਤਾ ਲੱਗਿਆ ਤਾਂ ਉਸ ਨੇ ਘਰ ਛੱਡ ਦਿੱਤਾ।

ਉਸ ਦੇ ਪਰਿਵਾਰ ਬਾਰੇ ਹੋਰ ਵੇਰਵਿਆਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।

ਦਿਮਾਗੀ ਹਾਲਤ, ਸਦਮਾ ਜਾਂ ਕੁਝ ਹੋਰ

ਮਾਨਸਿਕ ਸਿਹਤ

ਤਸਵੀਰ ਸਰੋਤ, SCIENCE PHOTO LIBRARY

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

ਡੀਐੱਸਪੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਇਸ ਕੇਸ ਬਾਰੇ ਹੋਰ ਗੱਲ ਕੀਤੀ।

ਉਨ੍ਹਾਂ ਕਿਹਾ, ‘‘ਮੈਨੂੰ ਇਸ ਕਤਲ ਪਿੱਛੇ ਕੋਈ ਵੱਡਾ ਕਾਰਨ ਨਜ਼ਰ ਨਹੀਂ ਆਉਂਦਾ। ਇਹ ਸੰਭਾਵਨਾ ਨਹੀਂ ਹੈ ਕਿ ਉਹ ਜਿਨ੍ਹਾਂ ਔਰਤਾਂ ਦਾ ਕਤਲ ਕਰ ਰਿਹਾ ਹੈ, ਉਨ੍ਹਾਂ ਕੋਲ ਵੱਡੀ ਮਾਤਰਾ ਵਿੱਚ ਗਹਿਣੇ ਅਤੇ ਪੈਸੇ ਹੋਣਗੇ। ਉਹ ਬਹੁਤ ਘੱਟ ਮਾਤਰਾ ਵਿੱਚ ਹਨ। ਬਲਾਤਕਾਰ ਦਾ ਕੋਈ ਨਿਸ਼ਾਨ ਨਹੀਂ ਹੈ।’’

‘‘ਹੁਣ ਤੱਕ ਸਾਨੂੰ ਕਿਸ਼ਟੱਪਾ ਵੱਲੋਂ ਕੀਤੇ ਗਏ ਕਤਲਾਂ ਵਿੱਚ ਕੋਈ ਪੁਖ਼ਤਾ ਸਬੂਤ ਨਹੀਂ ਮਿਲੇ ਹਨ ਪਰ ਇਸ ਵਾਰ ਅਜਿਹਾ ਨਹੀਂ ਹੈ। ਅਸੀਂ ਉਸ ਨੂੰ ਪੁਖ਼ਤਾ ਸਬੂਤਾਂ ਨਾਲ ਫੜ੍ਹਿਆ ਹੈ, ਇਸ ਵਿੱਚ ਸੀਸੀਟੀਵੀ ਫੁਟੇਜ ਵੀ ਸ਼ਾਮਲ ਹੈ।’’

ਡੀਐੱਸਪੀ ਨੇ ਅੱਗੇ ਕਿਹਾ, ‘‘ਕਿਸਟੱਪਾ ਖ਼ੁਦ ਸਾਨੂੰ ਕਤਲ ਵਾਲੀ ਥਾਂ ਉੱਤੇ ਲੈ ਕੇ ਗਿਆ। ਇਸ ਵਾਰ ਅਸੀਂ ਕੋਸ਼ਿਸ਼ ਕਰਾਂਗੇ ਕਿ ਉਸ ਨੂੰ ਸਜ਼ਾ ਹੋਵੇ। ਅਤੀਤ ਵਿੱਚ ਉਸ ਵੱਲੋਂ ਕੀਤੇ ਗਏ ਅਪਰਾਧਾਂ ਨੂੰ ਦੇਖਦਿਆਂ ਅਸੀਂ ਅਦਾਲਤ ਨੂੰ ਕਹਾਂਗੇ ਕਿ ਉਹ ਇਸ ਕੇਸ ਦੀ ਸੁਣਵਾਈ ਜਲਦੀ ਤੋਂ ਜਲਦੀ ਕਰੇ ਅਤੇ ਉਸ ਨੂੰ ਸਜ਼ਾ ਵੀ ਛੇਤੀ ਹੋਵੇ।’’

ਦੂਜੇ ਪਾਸੇ ਬੀਬੀਸੀ ਨੇ ਮਨੋਵਿਗਿਆਨੀ ਡਾ. ਵੇਮਨਾ ਨਿਸ਼ਾਂਤ ਨਾਲ ਇਸ ਤਰ੍ਹਾਂ ਦੇ ਕਤਲਾਂ ਪਿੱਛੇ ਦੇ ਕਾਰਨਾਂ ਅਤੇ ਅਪਰਾਧੀ ਦੇ ਦਿਮਾਗੀ ਹਾਲਤ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ।

ਮਾਨਸਿਕ ਸਿਹਤ

ਤਸਵੀਰ ਸਰੋਤ, Getty Images

ਉਨ੍ਹਾਂ ਕਿਹਾ, ‘‘ਇਸ ਪਿੱਛੇ ਕਈ ਕਾਰਨ ਹੋ ਸਕਦੇ ਹਨ। ਬਚਪਨ ਦਾ ਸਦਮਾ, ਦੂਜੇ ਲਿੰਗ ਪ੍ਰਤੀ ਨਫ਼ਰਤ ਆਦਿ। ਕੁਝ ਮਾਮਲਿਆਂ ਵਿੱਚ ਅਜਿਹੇ ਕੰਮ ਕਰਨ ਦੇ ਰੋਮਾਂਚ ਅਤੇ ਅਤੀਤ ਵਿੱਚ ਜੋ ਵੀ ਕੀਤਾ ਗਿਆ ਹੈ, ਉਸ ਨੂੰ ਦੂਰ ਕਰਨ ਦੀ ਹਿੰਮਤ ਕਾਰਨ ਵੀ ਹੋ ਸਕਦਾ ਹੈ।’’

‘‘ਉਸ ਵੱਲੋਂ ਔਰਤਾਂ ਨੂੰ ਮਾਰਨ ਦੇ ਦੋ ਕਾਰਨ ਵੀ ਹੋ ਸਕਦੇ ਹਨ। ਪਹਿਲੀ ਗੱਲ, ਉਹ ਉਸ ਨਾਲੋਂ ਘੱਟ ਤਾਕਤਵਰ ਹਨ। ਦੂਸਰਾ, ਉਸ ਨੂੰ ਔਰਤਾਂ ਨਾਲ ਨਫ਼ਰਤ ਕਰਨ ਲਈ ਪਿਛਲੇ ਸਮੇਂ ਵਿੱਚ ਵਾਪਰੀਆਂ ਕੋਈ ਘਟਨਾਵਾਂ ਵੀ ਹੋ ਸਕਦੀਆਂ ਹਨ। ਹਾਵੀ ਹੋਣ ਦੀ ਇੱਛਾ ਵੀ ਹੋ ਸਕਦੀ ਹੈ।’’

ਡਾਕਟਰਾਂ ਦਾ ਕਹਿਣਾ ਹੈ ਕਿ ਆਮ ਤੌਰ 'ਤੇ ਅਜਿਹੇ ਕੰਮ ਕਰਨ ਵਾਲੇ ਲੋਕਾਂ ਦੀ ਪਛਾਣ ਕਰਨਾ ਆਸਾਨ ਨਹੀਂ ਹੈ।

ਡਾ. ਨਿਸ਼ਾਂਤ ਕਹਿੰਦੇ ਹਨ, ‘‘ਇਹ ਪਛਾਣਨਾ ਬਹੁਤ ਮੁਸ਼ਕਲ ਹੈ ਕਿ ਕਿਸ ਤਰ੍ਹਾਂ ਦੇ ਮਨੁੱਖਾਂ ਵਿੱਚ ਅਜਿਹੇ ਲੱਛਣ ਹੁੰਦੇ ਹਨ। ਹਾਣੀਆਂ ਪ੍ਰਤੀ ਹਮਦਰਦੀ ਦੀ ਘਾਟ, ਸਮਾਜਿਕ ਨਿਯਮਾਂ ਪ੍ਰਤੀ ਨਾਪਸੰਦਗੀ, ਪਰਿਵਾਰ ਵਿੱਚ ਵਾਪਰੀਆਂ ਘਟਨਾਵਾਂ ਦਾ ਪਿਛੋਕੜ, ਬਚਪਨ ਦੇ ਭਿਆਨਕ ਅਨੁਭਵ, ਬਚਪਨ ਦੀ ਹਿੰਸਕ ਪ੍ਰਵਿਰਤੀ ਅਤੇ ਪਛਤਾਵੇ ਦੀ ਘਾਟ ਇਸ ਦੇ ਕਾਰਨ ਹਨ। ਇਸ ਲਈ ਉਨ੍ਹਾਂ ਨੂੰ ਪਛਾਣਨਾ ਸੌਖਾ ਨਹੀਂ ਹੈ।’’

ਉਹ ਅੱਗੇ ਕਹਿੰਦੇ ਹਨ, ‘‘ਅਜਿਹੇ ਲੋਕਾਂ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ, ਨਾਲ ਹੀ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ। ਅਜਿਹੀ ਪ੍ਰਵਿਰਤੀ ਵਾਲੇ ਲੋਕਾਂ ਨੂੰ ਮੁੜ ਵਸੇਬੇ ਰਾਹੀਂ ਬਾਕੀ ਸਮਾਜ ਨਾਲੋਂ ਥੋੜ੍ਹਾ ਵੱਖ ਰੱਖਿਆ ਜਾ ਸਕਦਾ ਹੈ। ਮਨੋਵਿਗਿਆਨ ਦੀ ਗੱਲ ਕਰੀਏ ਤਾਂ ਅਜਿਹੇ ਬਹੁਤ ਸਾਰੇ ਮਾਮਲਿਆਂ ਦਾ ਅਧਿਐਨ ਕੀਤਾ ਗਿਆ ਹੈ, ਪਰ ਅਜਿਹੇ ਤਰੀਕੇ ਨਹੀਂ ਲੱਭੇ ਗਏ ਹਨ ਜੋ ਉਨ੍ਹਾਂ ਨੂੰ ਬਦਲ ਸਕਦੇ ਹਨ।’’

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)