ਓਸ਼ੋ: ਇੱਕ ਤੋਂ ਵੱਧ ਵਿਅਕਤੀਆਂ ਨਾਲ ਸਰੀਰਕ ਸਬੰਧ ਬਣਾਉਣ ਦੀ ਵਕਾਲਤ ਕਰਦੇ ਓਸ਼ੋ ਨੇ ਕਿਵੇਂ ਲੋਕਾਂ ਨੂੰ ਆਕਰਸ਼ਿਤ ਕੀਤਾ

ਓਸ਼ੋ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਓਸ਼ੋ ਦਾ ਅਸਲੀ ਨਾਮ ਚੰਦਰਮੋਹਨ ਜੈਨ ਸੀ
    • ਲੇਖਕ, ਰੇਹਾਨ ਫ਼ਜ਼ਲ
    • ਰੋਲ, ਬੀਬੀਸੀ ਪੱਤਰਕਾਰ

ਆਪਣੇ ਲੱਖਾਂ ਪ੍ਰਸ਼ੰਸਕਾਂ, ਚੇਲਿਆਂ ਅਤੇ ਪੈਰੋਕਾਰਾਂ ਲਈ ਉਹ ਸਿਰਫ਼ ‘ਓਸ਼ੋ’ ਸਨ। ਭਾਰਤ ਤੇ ਫਿਰ ਬਾਅਦ ਵਿੱਚ ਪੂਰੀ ਦੁਨੀਆ ਵਿੱਚ ਉਨ੍ਹਾਂ ਨੂੰ ‘ਆਚਾਰਿਆ ਰਜਨੀਸ਼’ ਅਤੇ ‘ਭਗਵਾਨ ਸ਼੍ਰੀ ਰਜਨੀਸ਼’ ਦੇ ਨਾਂ ਨਾਲ ਜਾਣਿਆ ਜਾਂਦਾ ਸੀ।

‘ਓਸ਼ੋ’ ਦਾ ਅਰਥ ਹੈ ਉਹ ਸ਼ਖ਼ਸ ਜਿਸ ਨੇ ਆਪਣੇ ਆਪ ਨੂੰ ਸਮੁੰਦਰ ਵਿੱਚ ਮਿਲਾ ਲਿਆ ਹੋਵੇ। ਉਨ੍ਹਾਂ ਨੂੰ ਦੁਨੀਆ ਤੋਂ ਗਏ ਲਗਭਗ 33 ਸਾਲ ਹੋ ਚੁੱਕੇ ਹਨ, ਪਰ ਅੱਜ ਵੀ ਉਨ੍ਹਾਂ ਦੀਆਂ ਲਿਖੀਆਂ ਕਿਤਾਬਾਂ ਵਿੱਕ ਰਹੀਆਂ ਹਨ।

ਉਨ੍ਹਾਂ ਦੇ ਵੀਡਿਓ ਅਤੇ ਆਡੀਓ ਸੋਸ਼ਲ ਮੀਡੀਆ ’ਤੇ ਅੱਜ ਵੀ ਖ਼ੂਬ ਦੇਖੇ ਤੇ ਸੁਣੇ ਜਾਂਦੇ ਹਨ।

ਓਸ਼ੋ ਵਿੱਚ ਲੋਕਾਂ ਦੀ ਦਿਲਚਸਪੀ ਇਸ ਲਈ ਵੀ ਪੈਦਾ ਹੋਈ ਕਿਉਂਕਿ ਉਹ ਕਿਸੇ ਪਰੰਪਰਾ, ਦਾਰਸ਼ਨਿਕ ਵਿਚਾਰਧਾਰਾ ਜਾਂ ਧਰਮ ਦਾ ਹਿੱਸਾ ਕਦੇ ਨਹੀਂ ਰਹੇ।

11 ਦਸੰਬਰ, 1931 ਨੂੰ ਮੱਧ ਪ੍ਰਦੇਸ਼ ਵਿੱਚ ਪੈਦਾ ਹੋਏ ਓਸ਼ੋ ਦਾ ਅਸਲੀ ਨਾਂ ਚੰਦਰਮੋਹਨ ਜੈਨ ਸੀ।

ਵਸੰਤ ਜੋਸ਼ੀ ਓਸ਼ੋ ਦੀ ਜੀਵਨੀ ‘ਦਿ ਲਿਊਮਨਸ ਰੇਬੇਲ ਲਾਈਫ਼ ਸਟੋਰੀ ਆਫ਼ ਅ ਮੈਵਰਿਕ ਮਿਸਟਿਕ’ ਵਿੱਚ ਲਿਖਦੇ ਹਨ, ‘‘ਓਸ਼ੋ ਇੱਕ ਆਮ ਬੱਚੇ ਦੀ ਤਰ੍ਹਾਂ ਵੱਡੇ ਹੋਏ, ਪਰ ਉਦੋਂ ਵੀ ਉਨ੍ਹਾਂ ਵਿੱਚ ਕੁਝ ਅਜਿਹਾ ਅਲੱਗ ਸੀ ਜੋ ਉਨ੍ਹਾਂ ਨੂੰ ਆਮ ਬੱਚਿਆਂ ਤੋਂ ਵੱਖਰਾ ਕਰਦਾ ਸੀ।’’

‘‘ਬਚਪਨ ਤੋਂ ਹੀ ਉਨ੍ਹਾਂ ਵਿੱਚ ਇੱਕ ਗੁਣ ਸੀ ਸਵਾਲ ਪੁੱਛਣਾ ਅਤੇ ਪ੍ਰਯੋਗ ਕਰਨਾ। ਸ਼ੁਰੂ ਤੋਂ ਹੀ ਲੋਕਾਂ ਵਿੱਚ ਉਨ੍ਹਾਂ ਦੀ ਦਿਲਚਸਪੀ ਸੀ। ਮਨੁੱਖੀ ਵਿਹਾਰ ’ਤੇ ਨਜ਼ਰ ਰੱਖਣਾ ਉਨ੍ਹਾਂ ਦਾ ਮੁੱਖ ਸ਼ੁਗਲ ਹੋਇਆ ਕਰਦਾ ਸੀ।’’

‘‘ਨਤੀਜਾ ਇਹ ਹੋਇਆ ਕਿ ਖ਼ੁਦ ਤੋਂ ਬਾਹਰ ਦੀ ਦੁਨੀਆ ਤੇ ਮਨੁੱਖੀ ਦਿਮਾਗ਼ ’ਤੇ ਉਨ੍ਹਾਂ ਦੀ ਗਹਿਰੀ ਨਜ਼ਰ ਹੁੰਦੀ ਸੀ।’’

ਕਾਲਜ ਤੋਂ ਕੱਢਿਆ

ਓਸ਼ੋ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਵਾਨੀ ਦੌਰਾਨ ਰਜਨੀਸ਼ ਨੂੰ ਹਮੇਸ਼ਾ ਸਿਰ ਦਰਦ ਦੀ ਸ਼ਿਕਾਇਤ ਰਹੀ

ਜਦੋਂ 1951 ਵਿੱਚ ਬੀਏ ਪਾਸ ਕਰਨ ਤੋਂ ਬਾਅਦ ਓਸ਼ੋ ਨੇ ਜਬਲਪੁਰ ਦੇ ਹਿਤਕਾਰਿਣੀ ਕਾਲਜ ਵਿੱਚ ਦਾਖਲਾ ਲਿਆ ਤਾਂ ਦਰਸ਼ਨ ਸ਼ਾਸਤਰ (ਫ਼ਿਲੌਸਫ਼ੀ) ਦੇ ਇੱਕ ਪ੍ਰੋਫ਼ੈਸਰ ਨਾਲ ਉਨ੍ਹਾਂ ਦੀ ਲੜਾਈ ਹੋ ਗਈ।

ਉਹ ਲੈਕਚਰ ਦੌਰਾਨ ਉਨ੍ਹਾਂ ਤੋਂ ਸਵਾਲ ਪੁੱਛਦੇ ਸਨ ਤਾਂ ਪ੍ਰੋਫ਼ੈਸਰ ਸਾਹਿਬ ਉਨ੍ਹਾਂ ਦੇ ਉੱਤਰ ਦਿੰਦੇ-ਦਿੰਦੇ ਤੰਗ ਆ ਜਾਂਦੇ ਸਨ ਅਤੇ ਸਮੇਂ ’ਤੇ ਆਪਣਾ ਕੋਰਸ ਪੂਰਾ ਨਹੀਂ ਕਰ ਪਾਉਂਦੇ ਸਨ।

ਵਸੰਤ ਜੋਸ਼ੀ ਲਿਖਦੇ ਹਨ, ‘‘ਆਖ਼ਿਰਕਾਰ ਜਦੋਂ ਪ੍ਰੋਫ਼ੈਸਰ ਤੋਂ ਬਰਦਾਸ਼ਤ ਨਹੀਂ ਹੋਇਆ ਤਾਂ ਉਨ੍ਹਾਂ ਨੇ ਪ੍ਰਿੰਸੀਪਲ ਨੂੰ ਅਲਟੀਮੇਟਮ ਦੇ ਦਿੱਤਾ ਕਿ ਉਸ ਕਾਲਜ ਵਿੱਚ ਜਾਂ ਤਾਂ ਉਹ ਰਹਿਣਗੇ ਜਾਂ ਚੰਦਰਮੋਹਨ ਜੈਨ।’’

‘‘ਪ੍ਰਿੰਸੀਪਲ ਨੇ ਚੰਦਰਮੋਹਨ ਨੂੰ ਆਪਣੇ ਦਫ਼ਤਰ ਵਿੱਚ ਬੁਲਾ ਕੇ ਕਾਲਜ ਛੱਡਣ ਲਈ ਕਿਹਾ। ਹਾਲਾਂਕਿ ਉਨ੍ਹਾਂ ਨੇ ਮੰਨਿਆ ਕਿ ਇਸ ਮਾਮਲੇ ਵਿੱਚ ਉਨ੍ਹਾਂ ਦਾ ਕੋਈ ਕਸੂਰ ਨਹੀਂ ਹੈ, ਪਰ ਉਹ ਨਹੀਂ ਚਾਹੁੰਦੇ ਕਿ ਇਸ ਮੁੱਦੇ ’ਤੇ ਉਨ੍ਹਾਂ ਦੇ ਕਾਲਜ ਦੇ ਸੀਨੀਅਰ ਪ੍ਰੋਫ਼ੈਸਰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣ।’’

‘‘ਚੰਦਰਮੋਹਨ ਨੇ ਇਸ ਸ਼ਰਤ ’ਤੇ ਕਾਲਜ ਛੱਡਣ ਦਾ ਫ਼ੈਸਲਾ ਕੀਤਾ ਕਿ ਪ੍ਰਿੰਸੀਪਲ ਉਨ੍ਹਾਂ ਦਾ ਦਾਖਲਾ ਕਿਸੇ ਹੋਰ ਕਾਲਜ ਵਿੱਚ ਕਰਵਾ ਦੇਣਗੇ।’’

ਰਜਨੀਸ਼ ਇੰਨੇ ਬਦਨਾਮ ਹੋ ਚੁੱਕੇ ਸਨ ਕਿ ਸ਼ੁਰੂ ਵਿੱਚ ਹਰ ਕਾਲਜ ਨੇ ਉਨ੍ਹਾਂ ਨੂੰ ਆਪਣੇ ਕੋਲ ਦਾਖਲਾ ਦੇਣ ਤੋਂ ਇਨਕਾਰ ਕਰ ਦਿੱਤਾ। ਬਾਅਦ ਵਿੱਚ ਬੜੀ ਮੁਸ਼ਕਲ ਨਾਲ ਡੀਐੱਨ ਜੈਨ ਕਾਲਜ ਵਿੱਚ ਉਨ੍ਹਾਂ ਦਾ ਦਾਖਲਾ ਹੋਇਆ।

ਜਵਾਨੀ ਦੌਰਾਨ ਰਜਨੀਸ਼ ਨੂੰ ਹਮੇਸ਼ਾ ਸਿਰ ਦਰਦ ਦੀ ਸ਼ਿਕਾਇਤ ਰਹੀ। ਇੱਕ ਵਾਰ ਜਦੋਂ ਉਨ੍ਹਾਂ ਦਾ ਸਿਰ ਦਰਦ ਬਹੁਤ ਵੱਧ ਗਿਆ ਤਾਂ ਉਨ੍ਹਾਂ ਦੀ ਭੂਆ ਦੇ ਮੁੰਡੇ ਕ੍ਰਾਂਤੀ ਅਤੇ ਅਰਵਿੰਦ ਨੂੰ ਉਨ੍ਹਾਂ ਦੇ ਪਿਤਾ ਨੂੰ ਬੁਲਾਉਣਾ ਪਿਆ।

ਉਨ੍ਹਾਂ ਦੇ ਪਿਤਾ ਦਾ ਮੰਨਣਾ ਸੀ ਕਿ ਜ਼ਿਆਦਾ ਪੜ੍ਹਾਈ ਕਾਰਨ ਰਜਨੀਸ਼ ਦੇ ਸਿਰ ਵਿੱਚ ਦਰਦ ਹੁੰਦਾ ਹੈ। ਉਨ੍ਹਾਂ ਨੂੰ ਯਾਦ ਹੈ ਕਿ ਕਿਸ ਤਰ੍ਹਾਂ ਰਜਨੀਸ਼ ਆਪਣੇ ਮੱਥੇ ’ਤੇ ਬਾਮ ਲਗਾ ਕੇ ਪੜ੍ਹਨਾ ਜਾਰੀ ਰੱਖਦੇ ਸਨ।

ਪ੍ਰੋਫ਼ੈਸਰ ਦੀ ਨੌਕਰੀ ਛੱਡੀ ਤੇ ਅਧਿਆਤਮਕ ਗੁਰੂ ਬਣੇ

ਓਸ਼ੋ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਓਸ਼ੋ ਨੇ ਅਧਿਆਤਮਕ ਗੁਰੂ ਦੇ ਰੂਪ ਵਿੱਚ ਕਰੀਅਰ ਸ਼ੁਰੂ ਕੀਤਾ ਤੇ ਪੂਰੇ ਭਾਰਤ ਦਾ ਦੌਰਾ ਕੀਤਾ

ਰਜਨੀਸ਼ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1957 ਵਿੱਚ ਸੰਸਕ੍ਰਿਤ ਯੂਨੀਵਰਸਿਟੀ, ਰਾਏਪੁਰ ਵਿੱਚ ਲੈਕਚਰਾਰ ਬਣ ਕੇ ਕੀਤੀ। 1960 ਵਿੱਚ ਉਹ ਜੱਬਲਪੁਰ ਯੂਨੀਵਰਸਿਟੀ ਵਿੱਚ ਦਰਸ਼ਨ ਸ਼ਾਸਤਰ ਦੇ ਪ੍ਰੋਫ਼ੈਸਰ ਬਣ ਗਏ।

ਉਨ੍ਹਾਂ ਨੂੰ ਉਸ ਜ਼ਮਾਨੇ ਵਿੱਚ ਬਹੁਤ ਹੁਸ਼ਿਆਰ ਅਧਿਆਪਕ ਮੰਨਿਆ ਜਾਂਦਾ ਸੀ।

ਇਸ ਦੌਰਾਨ ਇੱਕ ਅਧਿਆਤਮਕ ਗੁਰੂ ਦੇ ਰੂਪ ਵਿੱਚ ਉਨ੍ਹਾਂ ਨੇ ਆਪਣਾ ਕਰੀਅਰ ਸ਼ੁਰੂ ਕੀਤਾ ਤੇ ਪੂਰੇ ਭਾਰਤ ਦਾ ਦੌਰਾ ਕਰਨ ਲੱਗੇ।

ਇਸ ਦੌਰਾਨ ਰਾਜਨੀਤੀ, ਧਰਮ ਅਤੇ ਸੈਕਸ ’ਤੇ ਵਿਵਾਦਪੂਰਨ ਭਾਸ਼ਣ ਦੇਣ ਲੱਗੇ।

ਕੁਝ ਦਿਨਾਂ ਬਾਅਦ ਉਨ੍ਹਾਂ ਨੇ ਪ੍ਰੋਫ਼ੈਸਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਅਤੇ ਪੂਰੀ ਤਰ੍ਹਾਂ ਨਾਲ ਗੁਰੂ ਬਣ ਗਏ।

ਸਾਲ 1969 ਵਿੱਚ ਉਨ੍ਹਾਂ ਨੇ ਮੁੰਬਈ ਵਿੱਚ ਆਪਣਾ ਹੈੱਡਕੁਆਰਟਰ ਸਥਾਪਿਤ ਕੀਤਾ। ਇੱਕ ਸਾਲ ਪਹਿਲਾਂ ਉਨ੍ਹਾਂ ਨੂੰ ਮਿਲੇ ਮਾਂ ਯੋਗ ਲਕਸ਼ਮੀ ਉਨ੍ਹਾਂ ਦੇ ਪ੍ਰਮੁੱਖ ਸਹਾਇਕ ਬਣ ਗਏ ਅਤੇ ਸਾਲ 1981 ਤੱਕ ਇਸ ਅਹੁਦੇ ’ਤੇ ਰਹੇ।

ਇਸੇ ਦੌਰਾਨ ਉਨ੍ਹਾਂ ਦੀ ਮੁਲਾਕਾਤ ਇੱਕ ਅੰਗਰੇਜ਼ ਔਰਤ ਕ੍ਰਿਸਟੀਨਾ ਵੁਲਫ਼ ਨਾਲ ਹੋਈ। ਉਨ੍ਹਾਂ ਨੂੰ ਰਜਨੀਸ਼ ਨੇ ਸੰਨਿਆਸੀ ਨਾਂ ‘ਮਾਂ ਯੋਗਾ ਵਿਵੇਕ’ ਦਿੱਤਾ।

ਉਹ ਉਨ੍ਹਾਂ ਨੂੰ ਆਪਣੇ ਪਿਛਲੇ ਜਨਮ ਦੀ ਦੋਸਤ ਮੰਨਦੇ ਸਨ। ਉਹ ਉਨ੍ਹਾਂ ਦੇ ਨਿੱਜੀ ਸਹਿਯੋਗੀ ਬਣ ਗਏ।

ਮੌਲਿਕ ਵਿਚਾਰਾਂ ਕਾਰਨ ਪ੍ਰਸਿੱਧੀ

ਓਸ਼ੋ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਓਸ਼ੋ ਨੇ ਧਰਮ ਤੇ ਰਾਜਨੀਤੀ ਨੂੰ ਇੱਕ ਹੀ ਸਿੱਕੇ ਦੇ ਦੋ ਪਹਿਲੂ ਮੰਨਿਆ

ਰਜਨੀਸ਼ ਨੇ ਸ਼ੁਰੂ ਤੋਂ ਹੀ ਸਦੀਆਂ ਤੋਂ ਚੱਲੀਆਂ ਆ ਰਹੀਆਂ ਧਾਰਮਿਕ ਧਾਰਨਾਵਾਂ ਅਤੇ ਕਰਮਕਾਂਡਾਂ ਖ਼ਿਲਾਫ਼ ਆਪਣੀ ਆਵਾਜ਼ ਚੁੱਕੀ।

ਇੱਕ ਅਧਿਆਤਮਕ ਗੁਰੂ ਦੇ ਤੌਰ ’ਤੇ ਓਸ਼ੋ ਦਾ ਮੰਨਣਾ ਸੀ ਕਿ ਸੰਗਠਿਤ ਧਰਮ ਲੋਕਾਂ ਦੇ ਅਧਿਆਤਮਕ ਗਿਆਨ ਦੀ ਥਾਂ ਲੋਕਾਂ ਵਿੱਚ ਵੰਡ ਦਾ ਜ਼ਰੀਆ ਬਣਿਆ ਹੈ।

ਉਨ੍ਹਾਂ ਦੀ ਨਜ਼ਰ ਵਿੱਚ ਧਰਮ ਕੁਰੀਤੀਆਂ ਦਾ ਸ਼ਿਕਾਰ ਹੋ ਕੇ ਆਪਣੀ ਜੀਵਨ ਸ਼ਕਤੀ ਗੁਆ ਚੁੱਕਿਆ ਹੈ।

ਓਸ਼ੋ ਨੇ ਧਰਮ ਤੇ ਰਾਜਨੀਤੀ ਨੂੰ ਇੱਕ ਹੀ ਸਿੱਕੇ ਦੇ ਦੋ ਪਹਿਲੂ ਮੰਨਿਆ ਜਿਸ ਦਾ ਇਕਲੌਤਾ ਉਦੇਸ਼ ਲੋਕਾਂ ’ਤੇ ਨਿਯੰਤਰਣ ਕਰਨਾ ਹੈ।

ਉਨ੍ਹਾਂ ਨੇ ਪੂਰਬੀ ਦਰਸ਼ਨ ਅਤੇ ਫਰਾਇਡ ਦੇ ਮਨੋਵਿਸ਼ਲੇਸ਼ਣ ਦਾ ਅਦਭੁੱਤ ਤਾਲਮੇਲ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਤੇ ਖੁੱਲ੍ਹੇ ਸ਼ਬਦਾਂ ਵਿੱਚ ‘ਸੈਕਸ਼ੁਅਲ ਲਿਬਰੇਸ਼ਨ’ ਦੀ ਵਕਾਲਤ ਕੀਤੀ।

ਗੁੰਝਲਦਾਰ ਧਾਰਨਾਵਾਂ ਨੂੰ ਆਮ ਭਾਸ਼ਾ ਵਿੱਚ ਪੇਸ਼ ਕਰਨ ਦੀ ਉਨ੍ਹਾਂ ਦੀ ਸਮਰੱਥਾ ਨੇ ਅਲੱਗ-ਅਲੱਗ ਪੇਸ਼ੇ ਦੇ ਕਈ ਲੋਕਾਂ ਨੂੰ ਆਪਣੇ ਵੱਲ ਖਿੱਚਿਆ।

ਉੱਘੇ ਲੇਖਕ ਖੁਸ਼ਵੰਤ ਸਿੰਘ ਨੇ ਉਨ੍ਹਾਂ ਦੀ ਤਾਰੀਫ਼ ਕਰਦੇ ਹੋਏ ਲਿਖਿਆ ਸੀ,‘‘ਓਸ਼ੋ ਭਾਰਤ ਵਿੱਚ ਪੈਦਾ ਹੋਏ ਸਭ ਤੋਂ ਵਧੀਆ ਮੌਲਿਕ ਵਿਚਾਰਕਾਂ ਵਿੱਚੋਂ ਇੱਕ ਸਨ। ਇਸ ਤੋਂ ਇਲਾਵਾ ਉਹ ਸਭ ਤੋਂ ਜ਼ਿਆਦਾ ਵਿਚਾਰਸ਼ੀਲ, ਵਿਗਿਆਨਕ ਅਤੇ ਨਵੇਂ ਵਿਚਾਰਾਂ ਵਾਲੇ ਸ਼ਖ਼ਸ ਸਨ।’’

ਅਮਰੀਕੀ ਲੇਖਕ ਟਾਮ ਰੌਬਿਨਸ ਦਾ ਮੰਨਣਾ ਸੀ ਕਿ ‘ਓਸ਼ੋ ਦੀਆਂ ਕਿਤਾਬਾਂ ਪੜ੍ਹ ਕੇ ਲੱਗਦਾ ਹੈ ਕਿ ਉਹ 20ਵੀਂ ਸਦੀ ਦੇ ਸਭ ਤੋਂ ਮਹਾਨ ਅਧਿਆਤਮਕ ਗੁਰੂ ਸਨ।’’

ਲੱਕੜ ਦੀ ਮਾਲਾ ਤੇ ਲਾਕੇਟ ’ਚ ਓਸ਼ੋ ਦਾ ਚਿੱਤਰ

ਓਸ਼ੋ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਓਸ਼ੋ ਮਹਿਲਾ ਪੈਰੋਕਾਰ ਨੂੰ ‘ਮਾਂ’ ਦਾ ਨਾਂ ਦਿੰਦੇ ਸਨ ਕਿਉਂਕਿ ਉਹ ਹਰ ਔਰਤ ਨੂੰ ਮਾਂ ਦਾ ਪ੍ਰਤੀਕ ਮੰਨਦੇ ਸਨ

ਕਈ ਸਾਲਾਂ ਤੱਕ ਓਸ਼ੋ ਦੀ ਸਕੱਤਰ ਰਹੀ ਮਾਂ ਆਨੰਦ ਸ਼ੀਲਾ ਬਹੁਤ ਘੱਟ ਉਮਰ ਵਿੱਚ ਉਨ੍ਹਾਂ ਦੇ ਸੰਪਰਕ ਵਿੱਚ ਆਏ ਸਨ।

ਓਸ਼ੋ ਆਪਣੀ ਹਰ ਮਹਿਲਾ ਪੈਰੋਕਾਰ ਨੂੰ ‘ਮਾਂ’ ਦਾ ਨਾਂ ਦਿੰਦੇ ਹੁੰਦੇ ਸਨ ਕਿਉਂਕਿ ਉਹ ਹਰ ਔਰਤ ਨੂੰ ਮਾਂ ਦਾ ਪ੍ਰਤੀਕ ਮੰਨਦੇ ਸਨ।

ਹਰ ਮਰਦ ਪੈਰੋਕਾਰ ਨੂੰ ਉਹ ‘ਸਵਾਮੀ’ ਕਹਿ ਕੇ ਬੁਲਾਉਂਦੇ ਸਨ ਤਾਂ ਕਿ ਉਨ੍ਹਾਂ ਨੂੰ ਹਮੇਸ਼ਾ ਇਹ ਗੱਲ ਯਾਦ ਰਹੇ ਕਿ ਉਨ੍ਹਾਂ ਨੂੰ ਆਪਣੇ ਉੱਪਰ ਕੰਟਰੋਲ ਰੱਖਣਾ ਹੈ।

ਸ਼ੀਲਾ ਆਪਣੀ ਆਤਮਕਥਾ ‘ਡੌਂਟ ਕਿਲ ਹਿਮ, ਦਿ ਸਟੋਰੀ ਆਫ਼ ਮਾਈ ਲਾਈਫ਼ ਵਿਦ ਭਗਵਾਨ ਰਜਨੀਸ਼’ ਵਿੱਚ ਲਿਖਦੇ ਹਨ, ‘‘ਜਦੋਂ ਮੈਂ ਉਨ੍ਹਾਂ ਦੇ ਕਮਰੇ ਵਿੱਚ ਦਾਖਲ ਹੋਈ ਤਾਂ ਭਗਵਾਨ ਮੇਰੇ ਵੱਲ ਦੇਖ ਕੇ ਮੁਸਕਰਾਏ ਤੇ ਆਪਣੀਆਂ ਬਾਹਾਂ ਫੈਲਾ ਦਿੱਤੀਆਂ।’’

‘‘ਉਨ੍ਹਾਂ ਨੇ ਮੈਨੂੰ ਆਪਣੀ ਛਾਤੀ ਨਾਲ ਲਾਇਆ ਤੇ ਹੌਲੀ ਜਿਹੇ ਮੇਰਾ ਹੱਥ ਫੜ ਲਿਆ। ਮੈਂ ਉਨ੍ਹਾਂ ਦੀ ਗੋਦੀ ਵਿੱਚ ਆਪਣਾ ਸਿਰ ਰੱਖ ਦਿੱਤਾ।’’

‘‘ਥੋੜ੍ਹੀ ਦੇਰ ਬਾਅਦ ਜਦੋਂ ਮੈਂ ਹੌਲੀ ਜਿਹੇ ਉੱਠ ਕੇ ਜਾਣ ਲੱਗੀ ਤਾਂ ਉਨ੍ਹਾਂ ਨੇ ਮੈਨੂੰ ਫਿਰ ਤੋਂ ਬੁਲਾ ਲਿਆ। ਉਨ੍ਹਾਂ ਨੇ ਕਿਹਾ ਸ਼ੀਲਾ ਕੱਲ੍ਹ ਤੁਸੀਂ ਮੈਨੂੰ ਢਾਈ ਵਜੇ ਮਿਲਣ ਆਉਣਾ। ਇਹ ਕਹਿ ਕੇ ਉਨ੍ਹਾਂ ਨੇ ਮੇਰੇ ਸਿਰ ’ਤੇ ਆਪਣਾ ਹੱਥ ਰੱਖ ਦਿੱਤਾ।’’

ਓਸ਼ੋ ਆਪਣੇ ਹਰ ਸ਼ਾਗਿਰਦ ਨੂੰ ਲੱਕੜ ਦੀ ਬਣੀ ਇੱਕ ਮਾਲਾ ਦਿੰਦੇ ਸਨ ਜਿਸ ਵਿੱਚ ਇੱਕ ਲਾਕੇਟ ਹੁੰਦਾ ਸੀ ਅਤੇ ਉਨ੍ਹਾਂ ਦੇ ਦੋਵੇਂ ਪਾਸੇ ਓਸ਼ੋ ਦਾ ਚਿੱਤਰ ਲੱਗਿਆ ਹੁੰਦਾ ਸੀ।

ਹਰ ਸੰਨਿਆਸੀ ਤੋਂ ਇਹ ਉਮੀਦ ਕੀਤੀ ਜਾਂਦੀ ਸੀ ਕਿ ਉਹ ਹਰ ਸਮੇਂ ਲਾਕੇਟ ਨੂੰ ਪਹਿਨਣ। ਉਹ ਹਰ ਸੰਨਿਆਸੀ ਨੂੰ ਇੱਕ ਨਵਾਂ ਨਾਂ ਵੀ ਦਿੰਦੇ ਸਨ ਤਾਂ ਕਿ ਉਹ ਭੂਤਕਾਲ ਤੋਂ ਆਪਣੇ ਆਪ ਨੂੰ ਅਲੱਗ ਰੱਖ ਸਕਣ।

ਉਹ ਚਾਹੁੰਦੇ ਸਨ ਕਿ ਉਨ੍ਹਾਂ ਦੇ ਸ਼ਾਗਿਰਦ ਨਾਰੰਗੀ ਜਾਂ ਲਾਲ ਕੱਪੜੇ ਪਹਿਨਣ। ਇਹ ਜ਼ਰੂਰੀ ਹੁੰਦਾ ਸੀ ਕਿ ਉਹ ਕੱਪੜੇ ਢਿੱਲੇ ਹੋਣ ਤਾਂ ਕਿ ‘ਆਸਾਨੀ ਨਾਲ ਸਰੀਰ ਵਿੱਚ ਊਰਜਾ ਦਾ ਸੰਚਾਰ ਹੋ ਸਕੇ।’’

ਵਿਵਾਦਾਂ ਭਰੇ ਵਿਸ਼ਿਆਂ ’ਤੇ ਭਾਸ਼ਣ

ਓਸ਼ੋ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਓਸ਼ੋ, ਰਾਤ ਨੂੰ ਕਿਸੇ ਹਾਲ ਜਾਂ ਆਪਣੇ ਘਰ ਤੋਂ ਹੀ ਲੋਕਾਂ ਨੂੰ ਸੰਬੋਧਨ ਕਰਦੇ ਸਨ

ਓਸ਼ੋ ਆਪਣਾ ਭਾਸ਼ਣ ਹਿੰਦੀ ਜਾਂ ਅੰਗਰੇਜ਼ੀ ਵਿੱਚ ਦਿੰਦੇ ਸਨ। ਪੈਰੋਕਾਰਾਂ ਨੂੰ ਨਿਰਦੇਸ਼ ਸਨ ਕਿ ਭਾਸ਼ਣ ਸਮੇਂ ਉਹ ਆਪਣੀਆਂ ਅੱਖਾਂ ਬੰਦ ਰੱਖਣ।

ਓਸ਼ੋ ਵਿਵਾਦਪੂਰਨ ਵਿਸ਼ਿਆਂ ’ਤੇ ਆਪਣੀ ਰਾਏ ਰੱਖਣ ਲਈ ਮਸ਼ਹੂਰ ਸਨ।

ਵਿਨ ਮੈਕੋਰਮਕ ਆਪਣੀ ਕਿਤਾਬ ‘ਦਿ ਰਜਨੀਸ਼ ਕ੍ਰੋਨੀਕਲ’ ਵਿੱਚ ਲਿਖਦੇ ਹਨ, ‘‘ਉਨ੍ਹਾਂ ਦੇ ਵਿਚਾਰ ਇੰਨੇ ਵਿਵਾਦਾਂ ਭਰੇ ਹੁੰਦੇ ਸਨ ਕਿ ਕਈ ਵਾਰ ਭਾਰਤੀ ਸੰਸਦ ਵਿੱਚ ਉਨ੍ਹਾਂ ’ਤੇ ਰੋਕ ਲਾਉਣ ਬਾਰੇ ਚਰਚਾ ਹੋਈ।’’

‘‘ਅਲੱਗ-ਅਲੱਗ ਲੋਕਾਂ ਨੂੰ ਆਕਰਸ਼ਿਤ ਕਰਨ ਲਈ ਓਸ਼ੋ ਕਈ ਅਲੱਗ-ਅਲੱਗ ਵਿਸ਼ੇ ਚੁਣਦੇ ਸਨ। ਉਨ੍ਹਾਂ ਦੇ ਸਰੋਤੇ ਮਿਲੇ ਜੁਲੇ ਪਿਛੋਕੜ ਤੋਂ ਆਉਂਦੇ ਸਨ।’’

‘‘ਹਰ ਉਮਰ, ਧਰਮ ਅਤੇ ਨਸਲ ਦੇ ਲੋਕ ਉਨ੍ਹਾਂ ਦਾ ਭਾਸ਼ਣ ਸੁਣਨ ਲਈ ਇਕੱਠੇ ਹੁੰਦੇ ਸਨ।’’

‘‘ਜੋ ਵੀ ਉਨ੍ਹਾਂ ਦੇ ਸੰਪਰਕ ਵਿੱਚ ਆਉਂਦਾ ਸੀ ਜਾਂ ਤਾਂ ਉਨ੍ਹਾਂ ਦਾ ਸ਼ਾਗਿਰਦ ਬਣ ਜਾਂਦਾ ਸੀ ਜਾਂ ਉਨ੍ਹਾਂ ਦਾ ਵਿਰੋਧੀ। ਕੋਈ ਉਨ੍ਹਾਂ ਪ੍ਰਤੀ ਉਦਾਸੀਨ ਨਹੀਂ ਰਹਿ ਸਕਦਾ ਸੀ।’’

‘‘1972 ਦੌਰਾਨ ਭਾਰਤ ਆਉਣ ਵਾਲੇ ਵਿਦੇਸ਼ੀ ਸੈਲਾਨੀ ਉਨ੍ਹਾਂ ਵੱਲ ਆਕਰਸ਼ਿਤ ਹੋਣਾ ਸ਼ੁਰੂ ਹੋ ਗਏ ਸਨ। ਉਨ੍ਹਾਂ ਦੀ ਸਕੱਤਰ ਲਕਸ਼ਮੀ ਬਹੁਤ ਸਾਵਧਾਨੀ ਨਾਲ ਉਨ੍ਹਾਂ ਨੂੰ ਮਿਲਣ ਵਾਲਿਆਂ ਨੂੰ ਚੁਣਦੀ ਹੁੰਦੀ ਸੀ।’’

ਉਨ੍ਹਾਂ ਨੂੰ ਸਭ ਤੋਂ ਪਹਿਲਾਂ ਇੱਕ ‘ਡਾਇਨੈਮਿਕ ਮੈਡੀਟੇਸ਼ਨ’ ਵਿੱਚ ਸ਼ਾਮਲ ਹੋਣ ਲਈ ਕਿਹਾ ਜਾਂਦਾ ਸੀ ਅਤੇ ਫਿਰ ਓਸ਼ੋ ਨਾਲ ਉਨ੍ਹਾਂ ਦੀ ਮੁਲਾਕਾਤ ਕਰਵਾਈ ਜਾਂਦੀ ਸੀ।

ਸ਼ੁਰੂ ਵਿੱਚ ਉਹ ਰੋਜ਼ਾਨਾ ਸਵੇਰੇ 6 ਵਜੇ ਚੌਪਾਟੀ ਦੇ ਸਮੁੰਦਰੀ ਤੱਟ ’ਤੇ ਆਪਣਾ ਭਾਸ਼ਣ ਦਿੰਦੇ ਸਨ।

ਰਾਤ ਨੂੰ ਉਹ ਕਿਸੇ ਹਾਲ ਜਾਂ ਆਪਣੇ ਘਰ ਤੋਂ ਹੀ ਲੋਕਾਂ ਨੂੰ ਸੰਬੋਧਨ ਕਰਦੇ ਸਨ।

ਕਦੇ ਕਦੇ ਉਨ੍ਹਾਂ ਨੂੰ ਸੁਣਨ ਵਾਲਿਆਂ ਦੀ ਗਿਣਤੀ 100 ਤੋਂ 120 ਦੇ ਵਿਚਕਾਰ ਰਹਿੰਦੀ ਸੀ ਅਤੇ ਕਦੇ ਕਦੇ ਵੱਧ ਕੇ 5000 ਤੋਂ 8000 ਦੇ ਵਿਚਕਾਰ ਹੋ ਜਾਂਦੀ ਸੀ।

ਪੁਣੇ ਵਿੱਚ ਬਣਾਇਆ ਰਜਨੀਸ਼ ਆਸ਼ਰਮ

ਓਸ਼ੋ

ਤਸਵੀਰ ਸਰੋਤ, ALL FINGER PRINT

ਤਸਵੀਰ ਕੈਪਸ਼ਨ, ਮਾਂ ਆਨੰਦ ਸ਼ੀਲਾ ਨਾਲ ਓਸ਼ੋ

ਕੁਝ ਦਿਨਾਂ ਬਾਅਦ ਓਸ਼ੋ ਨੂੰ ਮੁੰਬਈ ਦੀ ਜ਼ਿੰਦਗੀ ਔਖੀ ਲੱਗਣ ਲੱਗੀ। ਮੁੰਬਈ ਦੀ ਤੇਜ਼ ਬਾਰਿਸ਼ ਕਾਰਨ ਉਨ੍ਹਾਂ ਦੀ ਐਲਰਜੀ ਅਤੇ ਦਮਾ ਦਿਨੋਂ ਦਿਨ ਵਧਣ ਲੱਗਿਆ।

ਉਨ੍ਹਾਂ ਦੇ ਵਿਦੇਸ਼ੀ ਪੈਰੋਕਾਰ ਵੀ ਮੁੰਬਈ ਦੀ ਮੌਨਸੂਨ ਦੀ ਬਰਸਾਤ ਦੇ ਆਦੀ ਨਹੀਂ ਸਨ। ਉਨ੍ਹਾਂ ਨੂੰ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਲੱਗਣ ਲੱਗੀਆਂ।

ਫਿਰ ਉਨ੍ਹਾਂ ਨੇ ਆਪਣੀ ਸਕੱਤਰ ਨੂੰ ਮੁੰਬਈ ਦੇ ਆਲੇ-ਦੁਆਲੇ ਕੋਈ ਜਗ੍ਹਾ ਲੱਭਣ ਲਈ ਕਿਹਾ।

ਕਾਫ਼ੀ ਸੋਚ ਵਿਚਾਰ ਤੋਂ ਬਾਅਦ ਤੈਅ ਕੀਤਾ ਗਿਆ ਕਿ ਉਹ ਪੁਣੇ ਵਿੱਚ ਆਪਣਾ ਆਸ਼ਰਮ ਬਣਾਉਣਗੇ। ਪੁਣੇ ਦਾ ਮੌਸਮ ਅਤੇ ਆਬੋ ਹਵਾ ਮੁੰਬਈ ਤੋਂ ਬਿਹਤਰ ਸਨ।

ਉਨ੍ਹਾਂ ਨੇ ਆਸ਼ਰਮ ਲਈ ਕੋਰੇਗਾਂਵ ਨੂੰ ਚੁਣਿਆ।

ਆਨੰਦ ਸ਼ੀਲਾ ਲਿਖਦੇ ਹਨ, ‘‘ਪੁਣੇ ਪਹੁੰਚਣ ਤੋਂ ਬਾਅਦ ਓਸ਼ੋ ਨੇ ਆਪਣੇ ਆਪ ਨੂੰ ਲੋਕਾਂ ਤੋਂ ਅਲੱਗ-ਥਲੱਗ ਕਰਨਾ ਸ਼ੁਰੂ ਕਰ ਦਿੱਤਾ।’’

‘‘ਸ਼ੁਰੂ ਵਿੱਚ ਉਹ ਆਸ਼ਰਮ ਦੇ ਗਾਰਡਨ ਵਿੱਚ ਲੋਕਾਂ ਨੂੰ ਮਿਲਿਆ ਕਰਦੇ ਸਨ। ਬਾਅਦ ਵਿੱਚ ਲੋਕਾਂ ਲਈ ਉਨ੍ਹਾਂ ਨੂੰ ਮਿਲਣਾ ਬਹੁਤ ਮੁਸ਼ਕਿਲ ਹੋ ਗਿਆ।’’

‘‘ਉਹ ਆਪਣੇ ਆਲੇ-ਦੁਆਲੇ ਸਿਰਫ਼ ਮਜ਼ਬੂਤ ਤੇ ਭਰੋਸੇਮੰਦ ਲੋਕਾਂ ਨੂੰ ਰੱਖਣਾ ਚਾਹੁੰਦੇ ਸਨ। ਦਰਅਸਲ, ਉਨ੍ਹਾਂ ਨੂੰ ਪੈਰੋਕਾਰਾਂ ਦੀ ਨਹੀਂ, ਸਗੋਂ ਮਜ਼ਦੂਰਾਂ ਦੀ ਤਲਾਸ਼ ਸੀ।’’

‘‘ਉਨ੍ਹਾਂ ਨੇ ਜ਼ਿਆਦਾਤਰ ਭਾਰਤੀਆਂ ਨੂੰ ਨਜ਼ਰਅੰਦਾਜ਼ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਉਨ੍ਹਾਂ ਨੂੰ ਲੱਗਣ ਲੱਗਿਆ ਕਿ ਕਈ ਲੋਕ ਸਿਰਫ਼ ਜਗਿਆਸਾ ਕਾਰਨ ਉਨ੍ਹਾਂ ਦੇ ਆਸ਼ਰਮ ਆ ਰਹੇ ਹਨ ਤਾਂ ਉਨ੍ਹਾਂ ਨੇ ਆਸ਼ਰਮ ਵਿੱਚ ਦਾਖਲੇ ਦੀ ਫੀਸ ਵਧਾ ਦਿੱਤੀ।’’

‘‘ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਭਾਰਤੀ ਪੈਰੋਕਾਰਾਂ ਨੂੰ ਨਿਰਾਸ਼ ਕਰਨ ਦੇ ਉਦੇਸ਼ ਨਾਲ ਅੰਗਰੇਜ਼ੀ ਵਿੱਚ ਭਾਸ਼ਣ ਦੇਣਾ ਸ਼ੁਰੂ ਕਰ ਦਿੱਤਾ।’’

ਲਿੰਗਕਤਾ ਨਾਲ ਸਬੰਧਤ ਮੁੱਦਿਆਂ ਨੂੰ ਨਜ਼ਰਅੰਦਾਜ਼ ਕੀਤਾ

ਆਨੰਦ ਸ਼ੀਲਾ

ਉਹ ਹਮੇਸ਼ਾ ਕੁਰਸੀ ’ਤੇ ਅਤੇ ਉਨ੍ਹਾਂ ਦੇ ਚੇਲੇ ਜ਼ਮੀਨ ’ਤੇ ਬੈਠਦੇ ਸਨ। ਜਲਦੀ ਹੀ ਉਨ੍ਹਾਂ ਨੇ ਪੁਣੇ ਵਿੱਚ ਖ਼ੁਦ ਨੂੰ ਸਥਾਪਿਤ ਕਰ ਲਿਆ ਅਤੇ ਰੋਜ਼ਾਨਾ ਕਰੀਬ 5000 ਲੋਕ ਉਨ੍ਹਾਂ ਨੂੰ ਸੁਣਨ ਆਉਣ ਲੱਗੇ।

ਪੁਣੇ ਵਿੱਚ ਰਜਨੀਸ਼ ਆਸ਼ਰਮ ਕਾਰਨ ਸੈਲਾਨੀ ਵਧਣ ਲੱਗੇ। ਆਸ਼ਰਮ ਨੇ ਪੁਣੇ ਨੂੰ ਦੁਨੀਆ ਦੇ ਨਕਸ਼ੇ ’ਤੇ ਸਥਾਪਿਤ ਕਰਨ ਵਿੱਚ ਵੀ ਇੱਕ ਵੱਡੀ ਭੂਮਿਕਾ ਨਿਭਾਈ।

ਉਨ੍ਹਾਂ ਨੇ ਪੁਣੇ ਦੀ ਅਰਥਵਿਵਸਥਾ ਨੂੰ ਵੀ ਇੱਕ ਸਥਿਰਤਾ ਪ੍ਰਦਾਨ ਕੀਤੀ ਅਤੇ ਸ਼ਹਿਰ ਵਿੱਚ ਧੰਨ ਅਤੇ ਰੰਗਾਂ ਦੀ ਬਹਾਰ ਆ ਗਈ।

ਓਸ਼ੋ ਦੇ ਆਸ਼ਰਮ ਵਿੱਚ ਅਲੱਗ-ਅਲੱਗ ਤਰ੍ਹਾਂ ਦੀਆਂ ਥੈਰੇਪੀਆਂ ਦਿੱਤੀਆਂ ਜਾਣ ਲੱਗੀਆਂ ਤੇ ਪਾਣੀ ਦੀ ਤਰ੍ਹਾਂ ਪੈਸਾ ਆਉਣ ਲੱਗਿਆ।

ਇਨ੍ਹਾਂ ਥੈਰੇਪੀਆਂ ਵਿੱਚ ਸੈਕਸ ਥੈਰੇਪੀਜ਼ ਨੂੰ ਸਭ ਤੋਂ ਜ਼ਿਆਦਾ ਮਹੱਤਵ ਮਿਲਣ ਲੱਗਿਆ। ਇਨ੍ਹਾਂ ਵਿੱਚ ਲਿੰਗਕਤਾ ਨੂੰ ਬਿਨਾਂ ਕਿਸੇ ਪੱਖਪਾਤ ਦੇ ਸਵੀਕਾਰ ਕੀਤਾ ਜਾਣ ਲੱਗਿਆ।

ਲਿੰਗਕਤਾ ਦੇ ਨਾਲ ਜੁੜੇ ਨੈਤਿਕ ਮੁੱਦਿਆਂ ਅਤੇ ਰੋਕ-ਟੋਕ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ।

ਆਨੰਦ ਸ਼ੀਲਾ ਲਿਖਦੇ ਹਨ, ‘‘ਭਗਵਾਨ ਚਾਹੁੰਦੇ ਸਨ ਕਿ ਅਸੀਂ ਬਿਨਾਂ ਕਿਸੇ ਈਰਖਾ ਤੇ ਅਧਿਕਾਰ ਦੀ ਭਾਵਨਾ ਨਾਲ ਕੰਮ ਕਰੀਏ। ਭਾਰਤੀ ਲੋਕਾਂ ਨੂੰ ਇਨ੍ਹਾਂ ਥੈਰੇਪੀਜ਼ ਵਿੱਚ ਹਿੱਸਾ ਨਹੀਂ ਲੈਣ ਦਿੱਤਾ ਜਾਂਦਾ ਸੀ।’’

‘‘ਹਰ ਕੋਈ ਇਹ ਨਹੀਂ ਸਮਝ ਸਕਿਆ ਕਿ ਓਸ਼ੋ ਨੇ ਇਨ੍ਹਾਂ ਥੈਰੇਪੀਜ਼ ਵਿੱਚ ਭਾਰਤੀ ਲੋਕਾਂ ਦੇ ਹਿੱਸਾ ਲੈਣ ’ਤੇ ਕਿਉਂ ਰੋਕ ਲਗਾ ਦਿੱਤੀ?’’

‘‘ਉਨ੍ਹਾਂ ਤੋਂ ਇਸ ਬਾਰੇ ਕਈ ਸਵਾਲ ਪੁੱਛੇ ਗਏ, ਉਨ੍ਹਾਂ ਦਾ ਤਰਕ ਸੀ ਕਿ ਪੱਛਮ ਦੇ ਲੋਕ ਦਮਨਕਾਰੀ ਦੁਨੀਆ ਤੋਂ ਆਉਂਦੇ ਹਨ। ਉਨ੍ਹਾਂ ਦਾ ਰਹਿਣ-ਸਹਿਣ ਅਤੇ ਮਾਨਸਿਕਤਾ ਭਾਰਤੀ ਲੋਕਾਂ ਤੋਂ ਬਿਲਕੁਲ ਅਲੱਗ ਹੈ।’’

‘‘ਉਨ੍ਹਾਂ ਨੂੰ ਇੱਕ ਸਰਗਰਮ ਥੈਰੇਪੀ ਦੀ ਜ਼ਰੂਰਤ ਹੈ ਜਦਕਿ ਭਾਰਤੀ ਲੋਕਾਂ ਲਈ ਗੈਰ ਸਰਗਰਮ ਅਤੇ ਸ਼ਾਂਤ ਧਿਆਨ ਢੁੱਕਵਾਂ ਹੈ।’’

ਆਸ਼ਰਮ ਦੀਆਂ ਔਰਤਾਂ ਨਾਲ ਜਿਨਸੀ ਖੁੱਲ੍ਹਾਪਣ

ਓਸ਼ੋ

ਤਸਵੀਰ ਸਰੋਤ, Getty Images

ਓਸ਼ੋ ਨੇ ਆਪਣੇ ਆਸ਼ਰਮ ਵਿੱਚ ਜਿਨਸੀ ਪਾਰਟਨਰਾਂ ਨੂੰ ਬਦਲਣ ਨੂੰ ਹਮੇਸ਼ਾ ਹੱਲਾਸ਼ੇਰੀ ਦਿੱਤੀ।

ਓਸ਼ੋ ਦੇ ਚੇਲੇ ਰਹੇ ਟਿਮ ਗੇਸਟ ਆਪਣੀ ਕਿਤਾਬ ‘ਮਾਈ ਲਾਈਫ ਇਨ ਔਰੇਂਜ, ਗ੍ਰੋਇੰਗ ਅਪ ਵਿਦ ਦਿ ਗੁਰੂ’ ਵਿੱਚ ਲਿਖਦੇ ਹਨ, ‘‘ਕਈ ਭਾਰਤੀ ਉਨ੍ਹਾਂ ਦੀ ਕਿਤਾਬ ‘ਸੰਭੋਗ ਸੇ ਸਮਾਧੀ’ ਨੂੰ ਪੋਰਨੋਗ੍ਰਾਫ਼ਿਕ ਕਿਤਾਬ ਮੰਨਦੇ ਹਨ। ਇਸ ਨਾਲ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਕਿਉਂਕਿ ਇਸ ਵਿੱਚ ਸਰੇਆਮ ਸੈਕਸ ਬਾਰੇ ਗੱਲ ਕੀਤੀ ਗਈ ਹੈ।’’

‘‘ਇਹ ਕਿਤਾਬ ਲਿਖ ਕੇ ਉਹ ਸੈਕਸ ਨੂੰ ਦਬਾਉਣ ਦੀ ਸੋਚ ਰੱਖਣ ਵਾਲੇ ਸਾਧੂ-ਸੰਤਾਂ ਦੇ ਦੁਸ਼ਮਣ ਬਣ ਗਏ।’’

‘‘ਆਪਣੇ ਵਿਚਾਰਾਂ ਨੂੰ ਸਰੇਆਮ ਜ਼ਾਹਿਰ ਕਰਨ ਦੀ ਉਨ੍ਹਾਂ ਦੀ ਵਕਾਲਤ ਨੂੰ ਸੈਕਸ਼ੁਅਲ ਪਾਰਟਨਰ ਬਦਲਣ ਨੂੰ ਹੱਲਾਸ਼ੇਰੀ ਦੇ ਰੂਪ ਵਿੱਚ ਦੇਖਿਆ ਗਿਆ।’’

‘‘ਉਨ੍ਹਾਂ ’ਤੇ ਆਸ਼ਰਮ ਦੀਆਂ ਔਰਤਾਂ ਵਿੱਚ ਜਿਨਸੀ ਖੁੱਲ੍ਹੇਪਣ ਨੂੰ ਹੱਲਾਸ਼ੇਰੀ ਦੇਣ ਦੇ ਇਲਜ਼ਾਮ ਵੀ ਲੱਗੇ।’’

ਥੋੜ੍ਹੇ ਸਮੇਂ ਵਿੱਚ ਪੁਣੇ ਦੇ ਰਜਨੀਸ਼ ਆਸ਼ਰਮ ਦਾ ਕੁੱਲ ਖੇਤਰ 25 ਹਜ਼ਾਰ ਵਰਗ ਮੀਟਰ ਹੋ ਗਿਆ।

ਉੱਥੇ ਇੱਕ ਮੈਡੀਕਲ ਸਟੋਰ ਬਣਾਇਆ ਗਿਆ, ਜਿੱਥੇ ਦੁਨੀਆ ਭਰ ਤੋਂ ਲਿਆਂਦੇ ਗਏ ਡਾਕਟਰਾਂ ਅਤੇ ਨਰਸਾਂ ਨੂੰ ਰੱਖਿਆ ਗਿਆ।

ਆਸ਼ਰਮ ਵਿੱਚ ਰਹਿਣ ਵਾਲੇ ਲੋਕਾਂ ਤੇ ਫੁੱਲ ਟਾਈਮ ਕਰਮਚਾਰੀਆਂ ਲਈ ਮੈਡੀਕਲ ਸੇਵਾ ਮੁਫ਼ਤ ਰੱਖੀ ਗਈ।

ਆਨੰਦ ਸ਼ੀਲਾ ਲਿਖਦੇ ਹਨ, ‘‘ਓਸ਼ੋ ਨਹੀਂ ਚਾਹੁੰਦੇ ਸਨ ਕਿ ਉਸ ਤੰਗ ਜਗ੍ਹਾ ’ਤੇ ਨਵਜਾਤ ਬੱਚਿਆਂ ਨੂੰ ਰੱਖਿਆ ਜਾਵੇ, ਇਸ ਲਈ ਸੰਨਿਆਸਣਾਂ ਨੂੰ ਗਰਭ ਧਾਰਨ ਕਰਨ ਪ੍ਰਤੀ ਨਿਰਉਤਸ਼ਾਹਿਤ ਕੀਤਾ ਜਾਂਦਾ ਸੀ।’’

‘‘ਓਸ਼ੋ ਨੇ ਆਸ਼ਰਮ ਦੇ ਕਈ ਅਹੁਦੇਦਾਰਾਂ ਨੂੰ ਨਸਬੰਦੀ ਆਪਰੇਸ਼ਨ ਕਰਾਉਣ ਲਈ ਕਿਹਾ ਸੀ ਕਿਉਂਕਿ ਗਰਭਵਤੀ ਔਰਤਾਂ ਅਤੇ ਪੈਦਾ ਹੋਏ ਬੱਚੇ ਆਸ਼ਰਮ ਲਈ ਸਮੱਸਿਆ ਬਣ ਸਕਦੇ ਸਨ।’’

‘‘ਆਸ਼ਰਮ ਦੇ ਅੰਦਰ ਬੱਚੇ ਪੈਦਾ ਕਰਨ ’ਤੇ ਮਨਾਹੀ ਸੀ ਅਤੇ ਨਾ ਹੀ ਗਰਭਵਤੀ ਔਰਤਾਂ ਆਸ਼ਰਮ ਦੇ ਅੰਦਰ ਰਹਿ ਸਕਦੀਆਂ ਸਨ।’’

ਓਸ਼ੋ ਅਕਸਰ ‘ਜਿਨਸੀ ਰਿਪਰੇਸ਼ਨ’ ਦੀ ਗੱਲ ਕਰਦੇ ਸਨ, ਇਸ ਲਈ ਸੰਨਿਆਸੀ ਖੁੱਲ੍ਹਾ ਸੈਕਸ ਜੀਵਨ ਜਿਉਂਦੇ ਸਨ ਜਿਸ ਦੀ ਵਜ੍ਹਾ ਨਾਲ ਆਸ਼ਰਮ ਵਿੱਚ ਜਿਨਸੀ ਸੰਕਰਮਣ ਰੋਗ ਵਧਣ ਲੱਗੇ।

ਕੁਝ ਸੰਨਿਆਸੀਆਂ ਦੇ ਤਾਂ ਇੱਕ ਮਹੀਨੇ ਵਿੱਚ 90 ਦੇ ਕਰੀਬ ਜਿਨਸੀ ਸੰਪਰਕ ਦੇਖੇ ਗਏ।

ਆਨੰਦ ਸ਼ੀਲਾ ਲਿਖਦੇ ਹਨ,‘‘ਮੈਨੂੰ ਹੈਰਾਨੀ ਹੁੰਦੀ ਸੀ ਕਿ ਇੰਨੇ ਰੁਝੇਵਿਆਂ ਭਰੇ ਦਿਨ ਤੋਂ ਬਾਅਦ ਵੀ ਸੰਨਿਆਸੀਆਂ ਨੂੰ ਸੈਕਸ ਲਈ ਸਮਾਂ ਕਿਸ ਤਰ੍ਹਾਂ ਮਿਲ ਜਾਂਦਾ ਸੀ।’’

ਪਰਫ਼ਿਊਮ ਤੇ ਇਤਰ ਤੋਂ ਐਲਰਜੀ

ਓਸ਼ੋ

ਤਸਵੀਰ ਸਰੋਤ, ALL FINGER PRINT

ਤਸਵੀਰ ਕੈਪਸ਼ਨ, ਮਾਂ ਆਨੰਦ ਸ਼ੀਲਾ ਦੀ ਓਸ਼ੋ ਬਾਰੇ ਕਿਤਾਬ

ਇਸੇ ਦਰਮਿਆਨ ਓਸ਼ੋ ਦੀਆਂ ਬਿਮਾਰੀਆਂ ਵਧਣ ਲੱਗੀਆਂ। ਉਨ੍ਹਾਂ ਦੀ ਐਲਰਜੀ, ਅਸਥਮਾ ਅਤੇ ਪਿੱਠ ਵਿੱਚ ਦਰਦ ਹੋਰ ਵੱਧ ਗਿਆ।

ਜਦੋਂ ਉਨ੍ਹਾਂ ਦਾ ਸ਼ੂਗਰ ਲੈਵਲ ਵਧਿਆ ਤਾਂ ਉਨ੍ਹਾਂ ਨੇ ਆਪਣੇ ਨਿਵਾਸ ਤੋਂ ਨਿਕਲਣਾ ਅਤੇ ਭਾਸ਼ਣ ਦੇਣਾ ਬੰਦ ਕਰ ਦਿੱਤਾ।

ਉਨ੍ਹਾਂ ਦੀਆਂ ਅੱਖਾਂ ਕਮਜ਼ੋਰ ਹੁੰਦੀਆਂ ਗਈਆਂ ਤੇ ਕਿਤਾਬਾਂ ਪੜ੍ਹਨ ਮਗਰੋਂ ਉਨ੍ਹਾਂ ਦੇ ਸਿਰ ਵਿੱਚ ਇੱਕ ਵਾਰ ਫਿਰ ਦਰਦ ਰਹਿਣ ਲੱਗਿਆ।

ਆਨੰਦ ਸ਼ੀਲਾ ਲਿਖਦੇ ਹਨ, ‘‘ਉਨ੍ਹਾਂ ਨੂੰ ਪਰਫ਼ਿਊਮ ਤੋਂ ਬਹੁਤ ਐਲਰਜੀ ਸੀ। ਸਾਨੂੰ ਉਨ੍ਹਾਂ ਲੋਕਾਂ ਨੂੰ ਉਨ੍ਹਾਂ ਕੋਲ ਆਉਣ ਤੋਂ ਰੋਕਣ ਲਈ ਬਹੁਤ ਮੁਸ਼ੱਕਤ ਕਰਨੀ ਪੈਂਦੀ ਸੀ ਜਿਨ੍ਹਾਂ ਨੇ ਸੈਂਟ ਲਗਾਇਆ ਹੁੰਦਾ ਸੀ।’’

‘‘ਸਵੇਰ ਅਤੇ ਸ਼ਾਮ ਦੇ ਭਾਸ਼ਣਾਂ ਤੋਂ ਪਹਿਲਾਂ ਹਰ ਸਰੋਤੇ ਦੇ ਸਰੀਰ ਨੂੰ ਸੁੰਘਿਆ ਜਾਂਦਾ ਸੀ ਕਿ ਕਿਧਰੇ ਉਸ ਨੇ ਕੋਈ ਪਰਫ਼ਿਊਮ ਤਾਂ ਨਹੀਂ ਲਗਾ ਰੱਖਿਆ।’’

‘‘ਇਹ ਇੱਕ ਅਜੀਬ ਤਰ੍ਹਾਂ ਦੀ ਪ੍ਰਕਿਰਿਆ ਸੀ, ਪਰ ਓਸ਼ੋ ਨੂੰ ਐਲਰਜੀ ਤੋਂ ਬਚਾਉਣ ਲਈ ਇਹ ਜ਼ਰੂਰੀ ਸੀ।’’

ਅਮਰੀਕੀ ਜੇਲ੍ਹ ਵਿੱਚ 17 ਦਿਨ

ਓਸ਼ੋ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹਥਕੜੀ ਵਿੱਚ ਓਸ਼ੋ (ਖੁਲ੍ਹੀ ਦਾੜੀ ਵਿੱਚ)

ਪੁਣੇ ਤੋਂ ਵੀ ਓਸ਼ੋ ਦਾ ਦਿਲ ਭਰ ਗਿਆ। ਉਨ੍ਹਾਂ ਨੇ ਅਮਰੀਕਾ ਦੇ ਓਰੇਗਨ ਵਿੱਚ ਇੱਕ ਆਸ਼ਰਮ ਬਣਾਉਣ ਦੀ ਯੋਜਨਾ ਬਣਾਈ ਜਿਸ ਵਿੱਚ ਹਜ਼ਾਰਾਂ ਲੋਕ ਇਕੱਠੇ ਰਹਿ ਸਕਣ।

31 ਮਈ, 1981 ਨੂੰ ਉਹ ਮੁੰਬਈ ਤੋਂ ਆਪਣੇ ਨਵੇਂ ਆਸ਼ਰਮ ਲਈ ਰਵਾਨਾ ਹੋਏ।

ਜਹਾਜ਼ ਦੀਆਂ ਸਾਰੀਆਂ ਫਸਟ ਕਲਾਸ ਦੀਆਂ ਸੀਟਾਂ ਉਨ੍ਹਾਂ ਅਤੇ ਉਨ੍ਹਾਂ ਦੇ ਨਜ਼ਦੀਕੀ ਸਹਿਯੋਗੀਆਂ ਲਈ ਬੁੱਕ ਸਨ।

ਉਨ੍ਹਾਂ ਨਾਲ ਉਨ੍ਹਾਂ ਦੇ ਢਾਈ ਹਜ਼ਾਰ ਆਸ਼ਰਮ ਵਾਸੀਆਂ ਨੇ ਵੀ ਅਮਰੀਕਾ ਦਾ ਰੁਖ਼ ਕੀਤਾ। ਇਨ੍ਹਾਂ ਵਿੱਚ ਮਸ਼ਹੂਰ ਫ਼ਿਲਮੀ ਅਦਾਕਾਰ ਵਿਨੋਦ ਖੰਨਾ ਵੀ ਸਨ।

ਇਸ ਵਿਚਕਾਰ ਓਸ਼ੋ ਨੇ 93 ਰੋਲਸ ਰਾਇਸ ਕਾਰਾਂ ਖਰੀਦੀਆਂ, ਪਰ ਇੱਥੋਂ ਹੀ ਉਨ੍ਹਾਂ ਦੇ ਬੁਰੇ ਦਿਨ ਸ਼ੁਰੂ ਹੋ ਗਏ ਅਤੇ ਉਨ੍ਹਾਂ ਦਾ ਅਮਰੀਕਾ ਦਾ ਸੁਪਨਾ ਤਾਸ਼ ਦੇ ਪੱਤਿਆਂ ਦੀ ਤਰ੍ਹਾਂ ਢਹਿਣਾ ਸ਼ੁਰੂ ਹੋ ਗਿਆ।

ਉਨ੍ਹਾਂ ’ਤੇ ਪਰਵਾਸੀ ਨਿਯਮਾਂ ਦੀ ਉਲੰਘਣਾ ਕਰਨ ਲਈ ਮੁਕੱਦਮਾ ਚਲਾਇਆ ਗਿਆ। ਉਨ੍ਹਾਂ ਨੂੰ 17 ਦਿਨ ਅਮਰੀਕੀ ਜੇਲ੍ਹ ਵਿੱਚ ਰਹਿਣਾ ਪਿਆ।

ਜੇਲ੍ਹ ਤੋਂ ਨਿਜਾਤ ਮਿਲਣ ’ਤੇ ਉਹ ਅਮਰੀਕਾ ਛੱਡਣ ਲਈ ਰਾਜ਼ੀ ਹੋ ਗਏ।

ਇਸ ਤੋਂ ਬਾਅਦ ਉਨ੍ਹਾਂ ਨੇ ਕਈ ਦੇਸ਼ਾਂ ਵਿੱਚ ਸ਼ਰਣ ਲੈਣ ਦੀ ਕੋਸ਼ਿਸ਼ ਕੀਤੀ, ਪਰ ਇੱਕ ਤੋਂ ਬਾਅਦ ਕਈ ਦੇਸ਼ਾਂ ਨੇ ਉਨ੍ਹਾਂ ਨੂੰ ਆਪਣੇ ਕੋਲ ਰੱਖਣ ਤੋਂ ਇਨਕਾਰ ਕਰ ਦਿੱਤਾ।

ਆਖ਼ਿਰਕਾਰ ਉਹ ਆਪਣੇ ਦੇਸ਼ ਭਾਰਤ ਵਾਪਸ ਆਉਣ ਲਈ ਮਜਬੂਰ ਹੋਏ।

19 ਜਨਵਰੀ, 1990 ਨੂੰ ਉਨ੍ਹਾਂ ਨੇ ਸਿਰਫ਼ 58 ਸਾਲ ਦੀ ਉਮਰ ਵਿੱਚ ਦੁਨੀਆ ਨੂੰ ਅਲਵਿਦਾ ਕਿਹਾ।

ਪੁਣੇ ਦੇ ਉਨ੍ਹਾਂ ਦੇ ਨਿਵਾਸ ‘ਲਾਓ ਜ਼ੂ ਹਾਊਸ’ ਵਿੱਚ ਉਨ੍ਹਾਂ ਦੀ ਸਮਾਧੀ ਬਣਾਈ ਗਈ ਜਿਸ ਦੇ ਪੱਥਰ ’ਤੇ ਲਿਖਿਆ ਗਿਆ, ‘‘ਓਸ਼ੋ, ਜੋ ਨਾ ਕਦੇ ਪੈਦਾ ਹੋਏ, ਨਾ ਕਦੇ ਮਰੇ। ਉਨ੍ਹਾਂ ਨੇ 11 ਦਸੰਬਰ, 1931 ਅਤੇ 19 ਜਨਵਰੀ 1990 ਦੇ ਵਿਚਕਾਰ ਇਸ ਧਰਤੀ ਦੀ ਯਾਤਰਾ ਕੀਤੀ।’’

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)