ਓਸ਼ੋ ਦੇ ਆਸ਼ਰਮ ਦੀ ਕਹਾਣੀ ਉਨ੍ਹਾਂ ਦੇ ਬਾਡੀਗਾਰਡ ਦੀ ਜ਼ੁਬਾਨੀ

ਤਸਵੀਰ ਸਰੋਤ, Hugh Milne
- ਲੇਖਕ, ਮਾਇਲਸ ਬੋਨਰ ਅਤੇ ਸਟੀਵਨ ਬ੍ਰੋਕਲਹਸਰਟ
- ਰੋਲ, ਬੀਬੀਸੀ ਸਕੌਟਲੈਂਡ ਨਿਊਜ਼
ਹਿਊਗ ਮਿਲ ਸ਼ੁਰੂਆਤੀ ਦਿਨਾਂ 'ਚ ਹੀ 'ਸੈਕਸ ਗੁਰੂ' ਕਹੇ ਜਾਣ ਵਾਲੇ ਭਗਵਾਨ ਸ਼੍ਰੀ ਰਜਨੀਸ਼ ਦੇ ਚੇਲੇ ਬਣ ਗਏ ਸਨ ਪਰ ਪਿਆਰ ਅਤੇ ਤਰਸ 'ਤੇ ਆਧਾਰਿਤ ਸਮਾਜ ਦਾ ਉਨ੍ਹਾਂ ਦਾ ਸੁਪਨਾ ਤਾਸ਼ ਦੇ ਪੱਤਿਆਂ ਵਾਂਗ ਖਿੱਲਰ ਗਿਆ।
ਆਨਲਾਈਨ ਪਲੇਟਫਾਰਮ ਨੈਟਫਿਲਕਸ ਨੇ ਹਾਲ ਹੀ ਵਿੱਚ ਓਸ਼ੋ 'ਤੇ 'ਵਾਈਲਡ ਵਾਈਲਡ ਕਾਊਂਟ੍ਰੀ' ਟਾਈਟਲ ਤੋਂ ਇੱਕ ਦਸਤਾਵੇਜ਼ੀ ਸੀਰੀਜ਼ ਬਣਾਈ ਸੀ।
ਸੀਰੀਜ਼ 'ਚ ਰਜਨੀਸ਼ ਦੇ ਆਸ਼ਰਮ ਦਾ ਭਾਰਤ ਤੋਂ ਅਮਰੀਕਾ ਸ਼ਿਫਟ ਹੋਣਾ ਦਿਖਾਇਆ ਗਿਆ ਹੈ।
ਅਮਰੀਕਾ ਦੇ ਓਰੇਗਨ ਸੂਬੇ 'ਚ 64,000 ਏਕੜ ਜ਼ਮੀਨ 'ਤੇ ਰਜਨੀਸ਼ ਦੇ ਹਜ਼ਾਰਾਂ ਸਮਰਥਕਾਂ ਨੇ ਇੱਕ ਆਸ਼ਰਮ ਵਸਾਇਆ ਸੀ।
ਫਿਰ ਉੱਥੇ 5 ਸਾਲਾਂ ਤੱਕ ਲੋਕਾਂ ਦੇ ਨਾਲ ਤਣਾਅ, ਕਾਨੂੰਨੀ ਵਿਵਾਦ, ਕਤਲ ਦੀਆਂ ਕੋਸ਼ਿਸ਼ਾਂ ਦੇ ਮਾਮਲੇ, ਚੋਣਾਂ ਦੌਰਾਨ ਧੋਖਾਧੜੀ, ਹਥਿਆਰਾਂ ਦੀ ਤਸਕਰੀ, ਜ਼ਹਿਰ ਦੇਣ ਵਰਗੇ ਇਲਜ਼ਾਮ ਸਾਹਮਣੇ ਆਉਂਦੇ ਰਹੇ।
ਜ਼ਹਿਰ ਦੇਣ ਵਾਲਾ ਮਾਮਲਾ ਤਾਂ ਅਮਰੀਕਾ ਦੇ ਇਤਿਹਾਸ ਦਾ ਸਭ ਤੋਂ ਵੱਡਾ 'ਬਾਓ-ਟੇਰਰ' ਅਟੈਕ ਮੰਨਿਆਂ ਜਾਂਦਾ ਹੈ।

ਤਸਵੀਰ ਸਰੋਤ, Hugh Milne
ਬਾਡੀਗਾਰਡ ਦੀ ਜ਼ਿੰਮੇਵਾਰੀ
ਏਡਿਨਬਰਾ ਦੇ ਰਹਿਣ ਵਾਲੇ ਹਿਊਗ ਮਿੱਲ ਨੇ 90 ਰੌਲਸ ਰੌਇਸ ਕਾਰਾਂ ਲਈ ਮਸ਼ਹੂਰ ਰਹੇ ਰਜਨੀਸ਼ ਦੇ ਨਾਲ ਦਹਾਕੇ ਗੁਜ਼ਾਰੇ ਸਨ।
ਇਸ ਦੌਰਾਨ ਰਜਨੀਸ਼ ਨੇ ਹਿਊਗ ਨੂੰ ਪ੍ਰੇਰਿਤ ਕੀਤਾ, ਉਸ ਦੀ ਗਰਲਫ੍ਰੈਂਡ ਨਾਲ 'ਸੁੱਤੇ' ਅਤੇ ਉਸ ਨੂੰ ਸਖ਼ਤ ਮਿਹਨਤ ਕਰਨ ਲਾ ਦਿੱਤਾ।
ਸਾਲਾਂ ਤੱਕ ਹਿਊਗ ਮਿਲ ਨੇ ਭਗਵਾਨ ਰਜਨੀਸ਼ ਦੇ ਬਾਡੀਗਾਰਡ ਵਜੋਂ ਕੰਮ ਕੀਤਾ। ਇਸ ਭੂਮਿਕਾ 'ਚ ਹਿਊਗ ਦਾ ਕੰਮ ਇਹ ਦੇਖਣਾ ਸੀ ਕਿ ਚੇਲੇ ਓਸ਼ੋ ਨੂੰ ਹੱਥ ਨਾ ਲਾ ਸਕਣ।
ਹਿਊਗ ਜਿਸ ਦੌਰਾਨ ਰਜਨੀਸ਼ ਨਾਲ ਸਨ। ਉਹ ਉਨ੍ਹਾਂ ਦੇ ਆਸ਼ਰਮ ਦੇ ਵਿਸਤਾਰ ਦਾ ਵੇਲਾ ਸੀ। ਰਜਨੀਸ਼ ਦੇ ਸਮਰਥਕਾਂ ਦੀ ਗਿਣਤੀ ਇਸ ਦੌਰਾਨ 20 ਤੋਂ 20 ਹਜ਼ਾਰ ਹੋ ਗਈ ਸੀ।
ਹਿਊਗ ਦੱਸਦੇ ਹਨ, "ਉਹ 20 ਹਜ਼ਾਰ ਸਿਰਫ਼ ਮੈਗ਼ਜ਼ੀਨ ਖਰੀਦਣ ਵਾਲੇ ਲੋਕ ਨਹੀਂ ਸਨ। ਇਹ ਉਹ ਲੋਕ ਸਨ ਜਿੰਨ੍ਹਾਂ ਨੇ ਰਜਨੀਸ਼ ਲਈ ਆਪਣਾ-ਘਰ ਪਰਿਵਾਰ ਛੱਡ ਦਿੱਤਾ ਸੀ।"
"ਇਹ ਲੋਕ ਹਫ਼ਤੇ 'ਚ ਬਿਨਾਂ ਕੋਈ ਤਨਖਾਹ ਲਏ 60 ਤੋਂ 80 ਘੰਟੇ ਲਗਾਤਾਰ ਕੰਮ ਕਰ ਰਹੇ ਸਨ ਅਤੇ ਡੌਰਮੈਟਰੀ 'ਚ ਰਹਿ ਰਹੇ ਸਨ। ਰਜਨੀਸ਼ ਲਈ ਉਨ੍ਹਾਂ ਦਾ ਸਮਰਪਣ ਇਸ ਹੱਦ ਤੱਕ ਸੀ।"

ਤਸਵੀਰ ਸਰੋਤ, Hugh Milne
ਰਜਨੀਸ਼ ਦੇ ਪ੍ਰਵਚਨ
ਹਿਊਗ ਹੁਣ 70 ਸਾਲਾਂ ਦੇ ਹੋ ਗਏ ਹਨ। ਉਨ੍ਹਾਂ ਦਾ ਜਨਮ ਸਕਾਟਲੈਂਡ ਦੇ ਲੈਨਾਰਕ 'ਚ ਹੋਇਆ ਸੀ ਅਤੇ ਪਾਲਣ-ਪੋਸ਼ਣ ਏਡਿਨਬਰਾ 'ਚ ਹੋਇਆ ਸੀ।
ਸਾਲ 1973 ਵਿੱਚ ਓਸਿਟਿਓਪੈਥ (ਮਾਂਸਪੇਸ਼ੀਆਂ ਤੇ ਹੱਡੀਆਂ ਨਾਲ ਸੰਬੰਧਤ ਮੈਡੀਕਲ ਸਾਇੰਸ) ਦੀ ਆਪਣੀ ਸਿਖਲਾਈ ਪੂਰੀ ਕਰਕੇ ਹਿਊਗ ਭਾਰਤ ਚਲੇ ਗਏ। ਉਸ ਵੇਲੇ ਉਹ 25 ਸਾਲਾਂ ਦੇ ਸਨ।
ਉਹ ਦੱਸਦੇ ਹਨ, "ਜਦੋਂ ਤੁਸੀਂ ਅਜਿਹੇ ਪ੍ਰਭਾਵਸ਼ਾਲੀ ਵਿਅਕਤੀ ਨਾਲ ਮਿਲਦੇ ਹੋ ਤਾਂ ਉਸ ਦਾ ਤੁਹਾਡੀ ਹੋਂਦ 'ਤੇ ਡੂੰਗਾ ਅਸਰ ਪੈਂਦਾ ਹੈ।
ਹਾਲਾਂਕਿ ਹਿਊਗ ਸਵਾਮੀ ਸ਼ਿਵਮੂਰਤੀ ਦਾ ਨਾਮ ਸੁਣ ਕੇ ਭਾਰਤ ਗਏ ਸਨ।

ਤਸਵੀਰ ਸਰੋਤ, Hugh Milne
'ਈਸ਼ਵਰ ਜੋ ਅਸਫਲ ਹੋ ਗਿਆ'
ਹਿਊਗ ਦੱਸਦੇ ਹਨ, "ਮੈਨੂੰ ਲੱਗਾ ਕਿ ਉਹ ਕਿੰਨੇ ਪ੍ਰਮਾਣਿਕ, ਸੂਝਵਾਨ, ਦਯਾਲੂ, ਪਿਆਰੇ ਅਤੇ ਪ੍ਰਫੁੱਲਤ ਸ਼ਖਸ ਸਨ। ਮੈਂ ਉਨ੍ਹਾਂ ਦੇ ਚਰਨਾਂ ਵਿੱਚ ਬੈਠਣਾ ਚਾਹੁੰਦਾ ਸੀ, ਉਨ੍ਹਾਂ ਕੋਲੋਂ ਸਿੱਖਣਾ ਚਾਹੁੰਦਾ ਸੀ।"
ਹਿਊਗ ਨੇ ਰਜਨੀਸ਼ ਬਾਰੇ 'ਦਿ ਗੌਡ ਦੈਟ ਫੇਲ੍ਹਡ' ਦੇ ਸਿਰਲੇਖ ਹੇਠ ਕਿਤਾਬ ਪ੍ਰਕਾਸ਼ਿਤ ਕੀਤੀ ਹੈ।
ਪੰਜਾਬੀ ਵਿੱਚ ਇਸ ਕਿਤਾਬ ਦੇ ਸਿਰਲੇਖ ਦਾ ਤਰਜਮਾ ਕੁਝ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ, 'ਈਸ਼ਵਰ ਜੋ ਅਸਫਲ ਹੋ ਗਿਆ।'
ਉਹ ਦੱਸਦੇ ਹਨ, ਮੈਂ ਉਨ੍ਹਾਂ ਨੂੰ ਇੱਕ ਜਾਗਰੂਕ ਇਨਸਾਨ ਵਜੋਂ ਦੇਖਿਆ ਜਿਸ ਵਿੱਚ ਅਸਾਧਾਰਣ ਗਿਆਨ ਅਤੇ ਬੋਧ ਦੀ ਭਾਵਨਾ ਸੀ।
ਭਾਰਤ 'ਚ ਜ਼ਿੰਦਗੀ
ਰਜਨੀਸ਼ ਦੀ 1990 'ਚ ਮੌਤ ਹੋ ਗਈ ਸੀ। ਮਰਨ ਤੋਂ ਕੁਝ ਸਾਲ ਪਹਿਲਾਂ ਉਨ੍ਹਾਂ ਨੇ ਓਸ਼ੋ ਨਾਮ ਅਪਣਾ ਲਿਆ ਸੀ।
ਹਿਊਗ ਮਿੱਲ ਦੱਸਦੇ ਹਨ ਕਿ ਓਸ਼ੋ ਇੱਕ ਅਜਿਹੇ 'ਬਹਿਰੂਪੀਏ' ਵਾਂਗ ਸਨ ਜੋ ਲੋਕਾਂ ਦੀਆਂ ਜ਼ਰੂਰਤਾਂ ਮੁਤਾਬਕ ਖ਼ੁਦ ਨੂੰ ਪੇਸ਼ ਕਰ ਸਕਦੇ ਸਨ।

ਤਸਵੀਰ ਸਰੋਤ, Hugh Milne
ਹਾਲਾਂਕਿ ਹਿਊਗ ਦਾ ਕਹਿਣਾ ਹੈ ਕਿ 'ਆਹਮੋ-ਸਾਹਮਣੇ ਦੀਆਂ ਮੁਲਾਕਾਤਾਂ' 'ਚ ਰਜਨੀਸ਼ 'ਪੂਰੀ ਤਰ੍ਹਾਂ ਮਨ ਦੀ ਗੱਲ ਸਮਝ ਕੇ ਅਗੇਤਰ ਬਾਰੇ' ਦੱਸ ਦਿੰਦੇ ਸਨ।
ਆਹਮੋ-ਸਾਹਮਣੇ ਦੀਆਂ ਇਨ੍ਹਾਂ ਮੁਲਾਕਾਤਾਂ ਨੂੰ ਰਜਨੀਸ਼ ਦੇ ਆਸ਼ਰਮ 'ਚ 'ਦਰਸ਼ਨ' ਕਿਹਾ ਜਾਂਦਾ ਸੀ। ਉਨ੍ਹਾਂ ਦਿਨਾਂ 'ਚ ਹਿਊਗ ਨੂੰ ਭਾਰਤ 'ਚ ਜ਼ਿੰਦਗੀ ਰਾਸ ਨਹੀਂ ਆ ਰਹੀ ਸੀ ਅਤੇ ਉਹ ਪ੍ਰੇਸ਼ਾਨ ਹੋ ਰਹੇ ਸਨ।
ਸ਼ੁਰੂਆਤੀ 18 ਮਹੀਨਿਆਂ 'ਚ ਰਜਨੀਸ਼ ਹਿਊਗ ਦੀ ਗਰਲਫ੍ਰੈਂਡ ਨਾਲ 'ਸੌਣ' ਲੱਗੇ ਅਤੇ ਫਿਰ ਉਨ੍ਹਾਂ ਨੂੰ ਭਾਰਤ ਦੀਆਂ ਸਭ ਤੋਂ ਗਰਮ ਥਾਵਾਂ 'ਚੋਂ ਇੱਕ 'ਤੇ ਖੇਤਾਂ 'ਚ ਕੰਮ ਕਰਨ ਲਈ ਭੇਜ ਦਿੱਤਾ।

ਤਸਵੀਰ ਸਰੋਤ, Hugh Milne
ਰਜਨੀਸ਼ ਨਾਲ ਈਰਖਾ
ਹਿਊਗ ਦੀ ਉਮਰ ਉਸ ਵੇਲੇ 40 ਤੋਂ ਟੱਪ ਗਈ ਸੀ। ਉਹ ਦੱਸਦੇ ਹਨ ਕਿ ਰਜਨੀਸ਼ ਸਵੇਰੇ ਚਾਰ ਵਜੇ ਆਪਣੀਆਂ ਚੇਲੀਆਂ ਨੂੰ 'ਵਿਸ਼ੇਸ਼ ਦਰਸ਼ਨ' ਦਿੰਦੇ ਸਨ।
"ਰਜਨੀਸ਼ ਨੂੰ ਕੁਝ ਹਦ ਤੱਕ 'ਸੈਕਸ ਗੁਰੂ' ਇਸ ਲਈ ਕਿਹਾ ਜਾਂਦਾ ਸੀ ਕਿਉਂਕਿ ਉਹ ਆਪਣੇ ਜਨਤਕ ਪ੍ਰਵਚਨਾਂ ਵਿੱਚ ਸੈਕਸ ਅਤੇ ਆਰਗੇਜ਼ਮ ਦਾ ਅਕਸਰ ਜ਼ਿਕਰ ਕਰਦੇ ਸਨ।"

ਤਸਵੀਰ ਸਰੋਤ, Hugh Milne
"ਇਹ ਗੱਲ ਸਾਰਿਆਂ ਨੂੰ ਪਤਾ ਸੀ ਕਿ ਉਹ ਆਪਣੀਆਂ ਚੇਲੀਆਂ ਨਾਲ ਸੌਂਦੇ ਸਨ।"
ਹਿਊਗ ਇਹ ਵੀ ਮੰਨਦੇ ਹਨ ਕਿ ਉਨ੍ਹਾਂ ਨੂੰ ਰਜਨੀਸ਼ ਤੋਂ ਈਰਖਾ ਹੋਣ ਲੱਗੀ ਸੀ ਅਤੇ ਉਹ ਇਸ ਕਰਕੇ ਆਸ਼ਰਮ ਛੱਡਣ ਬਾਰੇ ਸੋਚਣ ਲੱਗੇ ਸਨ।
ਪਰ ਫਿਰ ਉਨ੍ਹਾਂ ਦੇ ਅੰਦਰੋਂ ਆਵਾਜ਼ ਆਈ ਕਿ ਇਹ ਕਿਤੇ ਨਾ ਕਿਤੇ ਚੰਗੇ ਲਈ ਹੋ ਰਿਹਾ ਹੋਵੇਗਾ।
ਰਜਨੀਸ਼ ਦੀ ਹਿਫ਼ਾਜ਼ਤ
ਹਿਊਗ ਕਹਿੰਦੇ ਹਨ, "ਮੈਂ ਜਾਣਦਾ ਸੀ ਕਿ ਉਹ ਸੈਕਸ ਗੁਰੂ ਹਨ। ਸਾਨੂੰ ਸਾਰਿਆਂ ਨੂੰ ਸੈਕਸ ਦੀ ਆਜ਼ਾਦੀ ਸੀ। ਇੱਕ ਹੀ ਸਹਿਯੋਗੀ ਨਾਲ ਰਹਿਣ ਵਾਲੇ ਉਥੇ ਘੱਟ ਹੀ ਲੋਕ ਸਨ। 1973 ਵਿੱਚ ਇਹ ਗੱਲ ਵੱਖਰੀ ਜਿਹੀ ਸੀ।

ਤਸਵੀਰ ਸਰੋਤ, Hugh Milne
ਉਨ੍ਹਾਂ ਨੇ ਦੱਸਿਆ ਕਿ ਰਜਨੀਸ਼ ਦੇ ਵਿਸ਼ੇਸ਼ ਦਰਸ਼ਨ ਤੋਂ ਬਾਅਦ ਆਪਣੀ ਗਰਲਫ੍ਰੈਂਡ ਨਾਲ ਉਨ੍ਹਾਂ ਦਾ ਰਿਸ਼ਤਾ ਇੱਕ ਨਵੇਂ ਮੁਕਾਮ 'ਤੇ ਪਹੁੰਚ ਗਿਆ ਪਰ ਇਹ ਜ਼ਿਆਦਾ ਦਿਨਾਂ ਤੱਕ ਬਰਕਰਾਰ ਨਹੀਂ ਰਹਿ ਸਕਿਆ।
ਕਿਉਂਕਿ ਰਜਨੀਸ਼ ਨੇ ਉਨ੍ਹਾਂ ਗਰਲਫ੍ਰੈਂਡ ਨੂੰ 400 ਮੀਲ ਦੂਰ ਭੇਜ ਦਿੱਤਾ ਸੀ। ਜਦੋਂ ਹਿਊਗ ਵਾਪਸ ਆਏ ਤਾਂ ਉਹ ਰਜਨੀਸ਼ ਦੀ ਨਿੱਜੀ ਸਕੱਤਰ ਮਾਂ ਯੋਗ ਲਕਸ਼ਮੀ ਦੇ ਬਾਡੀਗਾਰਡ ਬਣ ਗਏ।
ਦਰਸ਼ਨ ਦਾ ਮੌਕਾ ਨਹੀਂ ਮਿਲਿਆ ਪਰ ਇੱਕ ਚੇਲੇ ਨੇ ਮਾਂ ਯੋਗ ਲਕਸ਼ਮੀ 'ਤੇ ਹਮਲਾ ਕਰ ਦਿੱਤਾ ਸੀ ਜਿਸ ਤੋਂ ਬਾਅਦ ਲਕਸ਼ਮੀ ਨੇ ਉਨ੍ਹਾਂ ਨੂੰ ਬਾਡੀਗਾਰਡ ਦਾ ਕੰਮ ਕਰਨ ਲਈ ਕਿਹਾ।
ਹਿਊਗ ਨੂੰ ਭਗਵਾਨ ਰਜਨੀਸ਼ ਦੀ ਹਿਫ਼ਾਜ਼ਤ ਕਰਨ ਲਈ ਵੀ ਕਿਹਾ ਗਿਆ ਸੀ।
ਓਸ਼ੋ ਦਾ ਅੰਦਰੂਨੀਘੇਰਾ
ਕਿਹਾ ਜਾਂਦਾ ਹੈ ਕਿ ਰਜਨੀਸ਼ ਇਸ ਗੱਲ ਦੇ ਪੱਖ 'ਚ ਨਹੀਂ ਸਨ ਕਿ ਚੇਲਿਆਂ ਨੂੰ ਉਨ੍ਹਾਂ ਤੱਕ ਪਹੁੰਚਣ ਤੋਂ ਰੋਕਿਆ ਜਾਵੇ।
ਪਰ ਹਿਊਗ ਦਾ ਕਹਿਣਾ ਸੀ ਕਿ ਜਦੋਂ ਲੋਕ ਉਨ੍ਹਾਂ ਨੂੰ ਹੱਥ ਲਾਉਣ ਜਾਂ ਉਨ੍ਹਾਂ ਦੇ ਪੈਰ ਚੁੰਮਣ ਲਈ ਬੇਸਬਰੇ ਹੋਣ ਤਾਂ ਗੁਰੂ ਨੂੰ ਖੜ੍ਹਾ ਨਹੀਂ ਰਹਿਣਾ ਚਾਹੀਦਾ।

ਤਸਵੀਰ ਸਰੋਤ, Hugh Milne
ਹਿਊਗ ਦੱਸਦੇ ਹਨ, "ਭਗਵਾਨ ਨੂੰ ਇਹ ਪਸੰਦ ਨਹੀਂ ਆਇਆ।" ਪਰ ਅਗਲੇ 7 ਸਾਲਾਂ ਤੱਕ ਹਿਊਗ ਭਗਵਾਨ ਦੇ ਆਲੇ-ਦੁਆਲੇ ਰਹਿਣ ਵਾਲੇ ਪ੍ਰਭਾਵਸ਼ਾਲੀ ਸੰਨਿਆਸੀਆਂ ਵਿੱਚ ਸ਼ਾਮਿਲ ਸਨ।
ਓਸ਼ੋ ਦੇ ਅੰਦਰੂਨੀ ਘੇਰੇ 'ਚ ਇੱਕ ਨਾਮ ਮਾਂ ਆਨੰਦ ਸ਼ੀਲਾ ਦਾ ਵੀ ਸੀ। ਨੈਟਫਲਿਕਸ ਦੀ ਦਸਤਾਵੇਜ਼ੀ ਫਿਲਮ 'ਚ ਆਨੰਦ ਸ਼ੀਲਾ ਨੂੰ ਤਵੱਜੋ ਦਿੰਦਿਆਂ ਉਨ੍ਹਾਂ ਦਾ ਜ਼ਿਕਰ ਕੀਤਾ ਗਿਆ ਹੈ।
ਸ਼ੀਲਾ ਭਾਰਤੀ ਸੀ ਪਰ ਉਨ੍ਹਾਂ ਦੀ ਪੜ੍ਹਾਈ-ਲਿਖਾਈ ਨਿਊਜਰਸੀ ਵਿੱਚ ਹੋਈ ਸੀ। ਓਸ਼ੋ ਨਾਲ ਜੁੜਨ ਤੋਂ ਪਹਿਲਾਂ ਸ਼ੀਲਾ ਨੇ ਇੱਕ ਅਮਰੀਕੀ ਨਾਗਰਿਕ ਨਾਲ ਵਿਆਹ ਕਰਵਾਇਆ ਸੀ।
ਆਸ਼ਰਮ ਦੀ ਕੈਂਟੀਨ 'ਚ...
ਹਿਊਗ ਦੱਸਦੇ ਹਨ ਕਿ ਭਗਵਾਨ ਦੀ ਸੁਰੱਖਿਆ ਦੇ ਨਾਲ ਆਸ਼ਰਮ ਦੀ ਕੰਟੀਨ ਚਲਾਉਣ ਵਿੱਚ ਸ਼ੀਲਾ ਦੀ ਮਦਦ ਵੀ ਕਰ ਰਹੇ ਸਨ।
ਕੰਟੀਨ ਦਾ ਕੰਮ ਵਧ ਰਿਹਾ ਸੀ ਕਿਉਂਕਿ ਆਸ਼ਰਮ ਆਉਣ ਵਾਲੇ ਭਗਤਾਂ ਦੀ ਗਿਣਤੀ ਲਗਾਤਾਰ ਵਧ ਰਹੀ ਸੀ।

ਤਸਵੀਰ ਸਰੋਤ, Hugh Milne
ਹਿਊਗ ਮੁਤਾਬਕ ਉਨ੍ਹਾਂ ਦਾ ਅਤੇ ਸ਼ੀਲਾ ਦਾ ਤਕਰੀਬਨ ਇੱਕ ਮਹੀਨੇ ਤੱਕ ਜ਼ਬਰਦਸਤ ਅਫੇਅਰ ਚੱਲਿਆ। ਇਹ ਗੱਲ ਉਨ੍ਹਾਂ ਦੇ ਪਤੀ ਤੱਕ ਪਹੁੰਚ ਗਈ ਅਤੇ ਪਤੀ ਨੇ ਰਜਨੀਸ਼ ਨੂੰ ਇਹ ਬੰਦ ਕਰਾਉਣ ਲਈ ਕਿਹਾ।
ਇਸ ਘਟਨਾ ਤੋਂ ਬਾਅਦ ਸ਼ੀਲਾ ਦਾ ਵਿਹਾਰ ਹਿਊਗ ਲਈ ਬਦਲ ਗਿਆ ਅਤੇ ਉਨ੍ਹਾਂ ਲਈ ਮੁਸ਼ਕਿਲਾਂ ਖੜੀਆਂ ਹੋਣ ਲੱਗੀਆਂ।
ਆਸ਼ਰਮ 'ਚ ਸ਼ੀਲਾ ਦਾ ਕੱਦ ਕੁਝ ਇਸ ਤਰ੍ਹਾਂ ਵਧਿਆ ਕਿ ਛੇਤੀ ਹੀ ਉਹ ਲਕਸ਼ਮੀ ਦੀ ਥਾਂ ਰਜਨੀਸ਼ ਦੀ ਨਿੱਜੀ ਸਕੱਤਰ ਬਣ ਗਈ।
ਰਜਨੀਸ਼ 'ਤੇ ਵਿਵਾਦ
ਓਸ਼ੋ ਦੇ ਆਸ਼ਰਮ ਨੂੰ ਭਾਰਤ ਤੋਂ ਓਰੇਗਨ ਲਿਜਾਣ ਦੇ ਫ਼ੈਸਲੇ ਪਿੱਛੇ ਜਿਨ੍ਹਾਂ ਲੋਕਾਂ ਦੀ ਵੱਡੀ ਭੂਮਿਕਾ ਸੀ ਉਨ੍ਹਾਂ ਵਿੱਚ ਸ਼ੀਲਾ ਦਾ ਨਾਮ ਮੁੱਖ ਸੀ।
ਭਾਰਤ 'ਚ ਰਜਨੀਸ਼ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ਸੀ ਅਤੇ ਉਹ ਚਾਹੁੰਦੇ ਸਨ ਕਿ ਉਨ੍ਹਾਂ ਦਾ ਆਸ਼ਰਮ ਕਿਸੇ ਸ਼ਾਂਤ ਥਾਂ 'ਤੇ ਹੋਵੇ ਤਾਂ ਜੋ ਹਜ਼ਾਰਾਂ ਚੇਲਿਆਂ ਨਾਲ ਕੇਂਦਰ ਵਸਾਇਆ ਜਾ ਸਕੇ।
ਸ਼ੀਲਾ ਨੇ 1981 'ਚ ਓਰੇਗਨ 'ਚ ਦਲਦਲੀ ਜ਼ਮੀਨ 'ਤੇ ਪਲਾਟ ਖਰੀਦਿਆ ਸੀ। ਉਨ੍ਹਾਂ ਨੂੰ ਸਥਾਨਕ ਕਾਨੂੰਨ ਦੀ ਜਾਣਕਾਰੀ ਘੱਟ ਹੀ ਸੀ।

ਤਸਵੀਰ ਸਰੋਤ, Hugh Milne
ਪਰ ਉਹ ਚਾਹੁੰਦੀ ਸੀ ਕਿ ਸੰਨਿਆਸੀ ਇੱਥੇ ਕੰਮ ਕਰਨ ਅਤੇ ਰਜਨੀਸ਼ ਦੀਆਂ ਮਾਨਤਾਵਾਂ ਮੁਤਾਬਕ ਨਵਾਂ ਸ਼ਹਿਰ ਵਸਾਇਆ ਜਾਵੇ।
ਹਿਊਗ ਕਹਿੰਦੇ ਹਨ, "ਮੈਨੂੰ ਲਗਦਾ ਹੈ ਕਿ ਓਰੇਗਨ ਜਾਣ ਦਾ ਫ਼ੈਸਲਾ ਇੱਕ ਗਲਤੀ ਸੀ। ਇਹ ਗਲਤ ਚੋਣ ਸੀ।"
ਓਰੇਗਨ 'ਚ ਵਿਵਾਦ
ਹਿਊਗ ਕਹਿੰਦੇ ਹਨ ਕਿ ਓਰੇਗਨ ਆਸ਼ਰਮ ਸ਼ੁਰੂ ਤੋਂ ਹੀ ਸਥਾਨਕ ਕਾਨੂੰਨਾਂ ਦੇ ਖ਼ਿਲਾਫ਼ ਜਾ ਰਿਹਾ ਸੀ।
"ਪਰ ਇਸ ਦੇ ਬਾਵਜੂਦ ਸ਼ੀਲਾ ਅਤੇ ਉਨ੍ਹਾਂ ਦੇ ਕਰੀਬੀ ਲੋਕਾਂ ਨੇ ਉਹ ਸਾਰੀਆਂ ਚੀਜ਼ਾਂ ਕੀਤੀਆਂ ਜੋ ਉਨ੍ਹਾਂ ਦੀਆਂ ਯੋਜਨਾਵਾਂ ਦੇ ਹਿਸਾਬ ਨਾਲ ਸਨ।"
"ਇਸ ਵਿੱਚ ਸਥਾਨਕ ਲੋਕਾਂ ਨੂੰ ਪਰੇਸ਼ਾਨ ਕਰਨ ਤੋਂ ਲੈ ਕੇ ਉਕਸਾਉਣ ਤੱਕ ਦੀ ਗਲਤੀ ਕੀਤੀ ਗਈ। ਇੱਥੋਂ ਤੱਕ ਕਿ ਸਰਕਾਰੀ ਅਧਿਕਾਰੀਆਂ ਦੇ ਕਤਲ ਦੀ ਸਾਜ਼ਿਸ਼ ਤੱਕ ਰਚੀ ਗਈ।"
"ਇੱਕ ਸਥਾਨਕ ਰੇਸਤਰਾਂ 'ਚ ਸੰਨਿਆਸੀਆਂ ਨੇ ਖਾਣੇ 'ਚ ਜ਼ਹਿਰ ਮਿਲਾਉਣ ਦੀ ਕੋਸ਼ਿਸ਼ ਕੀਤੀ ਅਤੇ ਇਸ ਨਾਲ 750 ਲੋਕ ਬੀਮਾਰ ਹੋ ਗਏ ਸਨ। ਇਸ ਦਾ ਮਕਸਦ ਚੋਣਾਂ ਨੂੰ ਪ੍ਰਭਾਵਿਤ ਕਰਨਾ ਸੀ। "

ਤਸਵੀਰ ਸਰੋਤ, Hugh Milne
ਰਜਨੀਸ਼ ਦੇ ਚੇਲੇ ਦਾਅਵਾ ਕਰਦੇ ਹਨ ਕਿ ਸਥਾਨਕ ਅਧਿਕਾਰੀਆਂ ਨੇ ਪ੍ਰੇਸ਼ਾਨ ਕੀਤਾ ਅਤੇ ਉਹ ਕੰਜ਼ਰਵੇਟਿਵ ਪ੍ਰਸ਼ਾਸਨ ਦੀ ਨਾਰਾਜ਼ਗੀ ਦਾ ਸ਼ਿਕਾਰ ਹੋਏ ਸਨ।
ਆਸ਼ਰਮ ਦੀਆਂ ਗਤੀਵਿਧੀਆਂ
ਪਰ ਹਿਊਗ ਦਾ ਕਹਿਣਾ ਹੈ ਕਿ ਆਸ਼ਰਮ ਦੇ ਲੋਕਾਂ ਨੇ ਇਹ ਮੁਸ਼ਕਿਲਾਂ ਆਪਣੇ ਲਈ ਖੁਦ ਹੀ ਪੈਦਾ ਕੀਤੀਆਂ ਸਨ ਕਿਉਂਕਿ ਉਨ੍ਹਾਂ ਨੇ ਉੱਥੇ ਕਾਨੂੰਨਾਂ ਦੀ ਕਦੇ ਪਰਵਾਹ ਹੀ ਨਹੀਂ ਕੀਤੀ।
ਹਿਊਗ ਮੁਤਾਬਕ ਅਪ੍ਰੈਲ 1982 ਤੱਕ ਉਨ੍ਹਾਂ ਨੂੰ ਆਸ਼ਰਮ ਦੀਆਂ ਗਤੀਵਿਧੀਆਂ 'ਤੇ ਸ਼ੱਕ ਹੋਣ ਲੱਗਾ ਸੀ।
ਓਰੇਗਨ ਆਸ਼ਰਮ ਦੇ ਹੈਲਥ ਸੈਂਟਰ 'ਚ ਓਸਟਿਓਪੈਥ ਦੀ ਹੈਸੀਅਤ ਨਾਲ ਕੰਮ ਕਰਨ ਵਾਲੇ ਕਹਿੰਦੇ ਹਨ, ਹੁਣ ਇਹ ਆਸ਼ਰਮ ਪਿਆਰ, ਦਯਾ ਅਤੇ ਧਿਆਨ ਕਰਨ ਦੀ ਥਾਂ ਨਹੀਂ ਰਹਿ ਗਿਆ ਸੀ।

ਤਸਵੀਰ ਸਰੋਤ, Hugh Milne
ਜੋ ਸੰਨਿਆਸੀ ਇਸ ਆਸ਼ਰਮ ਨੂੰ ਖੜਾ ਕਰਨ ਲਈ ਹਫ਼ਤੇ 'ਚ 80 ਤੋਂ 100 ਘੰਟੇ ਕੰਮ ਕਰਦੇ ਸਨ ਉਹ ਬੀਮਾਰ ਹੋਣ ਲੱਗੇ।
ਹਿਊਗ ਦੱਸਦੇ ਹਨ ਕਿ ਸ਼ੀਲਾ ਨੇ ਇਨ੍ਹਾਂ ਬੀਮਾਰ ਸੰਨਿਆਸੀਆਂ ਦੇ ਇਲਾਜ ਲਈ ਜੋ ਨਿਰਦੇਸ਼ ਦਿੱਤੇ ਉਹ ਬੇਹੱਦ 'ਅਣਮਨੁੱਖੀ' ਸਨ।
ਹਿਊਗ ਦਾ ਤਜ਼ਰਬਾ
ਹਿਊਗ ਮੁਤਾਬਕ, "ਸ਼ੀਲਾ ਨੇ ਕਿਹਾ ਕਿ ਇਨ੍ਹਾਂ ਸੰਨਿਆਸੀਆਂ ਨੂੰ ਟੀਕੇ ਲਾ ਕੇ ਕੰਮ 'ਤੇ ਭੇਜ ਦਿਉ।"
ਇੱਕ ਹੋਰ ਮੌਕੇ 'ਤੇ ਹਿਊਗ ਦੇ ਇੱਕ ਦੋਸਤ ਬੇੜੀ ਦੁਰਘਟਨਾ ਦੇ ਸ਼ਿਕਾਰ ਹੋ ਗਏ ਸਨ ਪਰ ਉਨ੍ਹਾਂ ਨੂੰ ਆਪਣੇ ਦੋਸਤ ਨੂੰ ਦੇਖਣ ਜਾਣ ਤੋਂ ਰੋਕ ਦਿੱਤਾ ਗਿਆ ਅਤੇ ਕੰਮ 'ਤੇ ਆਉਣ ਲਈ ਕਿਹਾ।

ਤਸਵੀਰ ਸਰੋਤ, SAM PANTHAKY/AFP/GETTY IMAGES
ਉਹ ਕਹਿੰਦੇ ਹਨ, "ਮੈਨੂੰ ਲੱਗਾ ਕਿ ਅਸੀਂ ਰਾਕਸ਼ਸ 'ਚ ਬਣਦੇ ਜਾ ਰਹੇ ਹਾਂ। ਮੈਂ ਖ਼ੁਦ ਨੂੰ ਪੁੱਛਿਆ ਕਿ ਮੈਂ ਹੁਣ ਵੀ ਇੱਥੇ ਕਿਉਂ ਹਾਂ।"
ਹਿਊਗ ਨੇ ਨਵੰਬਰ 1982 'ਚ ਆਸ਼ਰਮ ਛੱਡ ਦਿੱਤਾ। ਉਨ੍ਹਾਂ ਨੇ ਕਿਹਾ, "ਕੁਝ ਸਮੇਂ ਲਈ ਮੈਨੂੰ ਲੱਗਿਆ ਕਿ ਮੈਂ ਖਾਲੀ ਹੋ ਗਿਆ ਹਾਂ। ਮੈਂ ਬੇਹੱਦ ਉਲਝਿਆ ਹੋਇਆ ਸੀ। ਮੇਰੇ ਤੋਂ ਹਾਲਾਤ ਸਾਂਭੇ ਨਹੀਂ ਜਾ ਰਹੇ ਸਨ।"
ਜ਼ਿੰਦਗੀ ਮੁੜ ਲੀਹ 'ਤੇ ਲਿਆਉਣ ਤੋਂ ਪਹਿਲਾਂ ਹਿਊਗ ਨੂੰ ਇੱਕ ਹਸਪਤਾਲ 'ਚ 6 ਮਹੀਨੇ ਰਹਿ ਕੇ ਆਪਣੀ ਕਾਊਂਸਲਿੰਗ ਕਰਾਉਣੀ ਪਈ।
'ਵਾਈਲਡ ਵਾਈਲਡ ਕਾਊਂਟਰੀ' ਡਾਕੂਮੈਂਟਰੀ
ਹਿਊਗ ਨੇ ਏਡਿਨਬਰਾ 'ਚ ਕੁਝ ਸਮੇਂ ਤੱਕ ਓਸਟਿਓਪੈਥ ਵਜੋਂ ਕੰਮ ਕੀਤਾ ਅਤੇ ਫਿਰ ਉਹ ਲੰਡਨ, ਮਿਊਨਿਖ ਅਤੇ ਉੱਥੋਂ ਕੈਲੀਫੋਰਨੀਆ ਚਲੇ ਗਏ।
ਸਾਲ 1985 ਤੋਂ ਹੀ ਹਿਊਗ ਕੈਲੀਫੋਰਨੀਆ ਵਿੱਚ ਰਹਿ ਰਹੇ ਹਨ।
ਹਿਊਗ ਦਾ ਕਹਿਣਾ ਹੈ ਕਿ 'ਵਾਈਲਡ ਵਾਈਲਡ ਕਾਊਂਟਰੀ' ਡਾਕੂਮੈਂਟਰੀ ਸੀਰੀਜ਼ 'ਚ ਜੋ ਚੀਜ਼ਾਂ ਦਿਖਾਈਆਂ ਗਈਆਂ ਹਨ ਉਹ ਉਨ੍ਹਾਂ ਦੇ ਓੇਰੇਗਨ ਛੱਡਣ ਤੋਂ ਬਾਅਦ ਦੀਆਂ ਹਨ।
ਸ਼ੀਲਾ ਦੀਆਂ ਗਤੀਵਿਧੀਆਂ ਬਾਰੇ ਹਿਊਗ ਦੇ ਕੋਲ ਪੂਰੀ ਜਾਣਕਾਰੀ ਨਹੀਂ ਸੀ।
ਪਰ ਕੀ ਸ਼ੀਲਾ ਜੋ ਕਰ ਰਹੀ ਸੀ ਉਸ ਬਾਰੇ ਓਸ਼ੋ ਨੂੰ ਸਭ ਕੁਝ ਪਤਾ ਸੀ?
ਹਿਊਗ ਜਵਾਬ ਦਿੰਦੇ ਹਨ, "ਮੈਨੂੰ ਇਸ ਵਿੱਚ ਕੋਈ ਸ਼ੱਕ ਨਹੀਂ...ਓਸ਼ੋ ਨੂੰ ਸਭ ਕੁਝ ਪਤਾ ਸੀ।"













