ਕੀ ਔਰਤ ਦੇ ਜੀਵਨ ’ਚ ਪਤੀ ਦਾ ਨਾ ਹੋਣਾ, ਉਸ ਦੀ ਜ਼ਿੰਦਗੀ 'ਚੋਂ ਹਰ ਰੰਗ ਖ਼ਤਮ ਕਰ ਦਿੰਦਾ ਹੈ? - ਨਜ਼ਰੀਆ

ਕੈਪਟਨ ਅੰਸ਼ੁਮਾਨ ਸਿੰਘ ਦੀ ਪਤਨੀ ਸਮ੍ਰਿਤੀ ਸਿੰਘ

ਤਸਵੀਰ ਸਰੋਤ, RASHTRAPATIBHVN

ਤਸਵੀਰ ਕੈਪਸ਼ਨ, ਰਾਸ਼ਟਰਪਤੀ ਦਰੋਪਦੀ ਮੁਰਮੂ ਤੋਂ ਸਨਮਾਨ ਲੈਂਦੇ ਹੋਏ ਕੈਪਟਨ ਅੰਸ਼ੁਮਾਨ ਸਿੰਘ ਦੀ ਪਤਨੀ ਸਮ੍ਰਿਤੀ ਸਿੰਘ
    • ਲੇਖਕ, ਨਸੀਰੂਦਿਨ
    • ਰੋਲ, ਬੀਬੀਸੀ ਹਿੰਦੀ ਦੇ ਲਈ

ਪਿਛਲੇ ਕੁਝ ਦਿਨਾਂ ਦੌਰਾਨ ਇੱਕ 'ਨੂੰਹ' ਕਾਫ਼ੀ ਸੁਰਖੀਆਂ 'ਚ ਰਹੀ। ਦਰਅਸਲ ਉਸ ਦੇ ਸੱਸ-ਸਹੁਰੇ ਨੇ ਉਸ 'ਤੇ ਕੁਝ ਇਲਜ਼ਾਮ ਲਗਾਏ ਹਨ।

ਉਹ ਫ਼ੌਜ ਦੇ ਕੈਪਟਨ ਅੰਸ਼ੁਮਾਨ ਸਿੰਘ ਦੀ ਪਤਨੀ ਹੈ। ਅੰਸ਼ੁਮਾਨ ਸਿੰਘ ਦੀ ਮੌਤ ਮਗਰੋਂ ਹਾਲ ਹੀ ਵਿੱਚ ਉਨ੍ਹਾਂ ਨੂੰ ਕੀਰਤੀ ਚੱਕਰ ਨਾਲ ਸਨਮਾਨਿਤ ਕੀਤਾ ਗਿਆ।

ਇਹ ਸਨਮਾਨ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਉਨ੍ਹਾਂ ਦੀ ਪਤਨੀ ਸਮ੍ਰਿਤੀ ਸਿੰਘ ਅਤੇ ਮਾਂ ਮੰਜੂ ਸਿੰਘ ਨੂੰ ਦਿੱਤਾ ਹੈ। ਇਸ ਤੋਂ ਬਾਅਦ ਹੀ ਉਨ੍ਹਾਂ ਦੇ ਸੱਸ-ਸਹੁਰੇ ਦੇ ਹਵਾਲੇ ਤੋਂ ਕਈ ਤਰ੍ਹਾਂ ਦੀਆਂ ਗੱਲਾਂ ਮੀਡੀਆ ਵਿੱਚ ਆ ਰਹੀਆਂ ਹਨ। ਉਹ ਗੱਲਾਂ ਕੁਝ ਇਸ ਤਰ੍ਹਾਂ ਹਨ...

  • ਨੂੰਹ ਸਭ ਕੁਝ ਲੈ ਕੇ ਚਲੀ ਗਈ।
  • ਸਾਡੇ ਕੋਲ ਪੁੱਤ ਦੀ ਤਸਵੀਰ ਤੋਂ ਇਲਾਵਾ ਹੋਰ ਕੁਝ ਨਹੀਂ ਹੈ।
  • ਅਸੀਂ ਤਾਂ ਨੂੰਹ ਨੂੰ ਧੀ ਦੀ ਤਰ੍ਹਾਂ ਰੱਖਦੇ ਸੀ।
  • ਜੇ ਉਹ ਵਿਆਹ ਵੀ ਕਰਨਾ ਚਾਹੁੰਦੀ ਤਾਂ ਅਸੀਂ ਨਾ ਰੋਕਦੇ।
  • ਅਸੀਂ ਤਾਂ ਆਪਣੇ ਛੋਟੇ ਪੁੱਤ ਨਾਲ ਉਸ ਦਾ ਵਿਆਹ ਕਰ ਦਿੰਦੇ।
  • ਫ਼ੌਜ ਦੀ ਨੀਤੀ ਵਿੱਚ ਪਰਿਵਾਰ ਦੀ ਪਰਿਭਾਸ਼ਾ 'ਚ ਬਦਲਾਅ ਹੋਵੇ।
  • ਉਸ ਨੂੰ ਪਿਆਰ ਹੀ ਨਹੀਂ ਸੀ।
  • ਉਹ ਦੇਸ਼ ਛੱਡ ਕੇ ਚਲੀ ਜਾਵੇਗੀ।

ਇਹ ਸਭ ਪੜ੍ਹ-ਸੁਣ ਕੇ ਇਸ ਤਰ੍ਹਾਂ ਲੱਗ ਰਿਹਾ ਹੈ ਜਿਵੇਂ ਉਹ ਆਪਣੀ ਨੂੰਹ ਬਾਰੇ ਨਹੀਂ ਕਿਸੇ ਮੁਲਜ਼ਮ ਬਾਰੇ ਗੱਲ ਕਰ ਰਹੇ ਹੋਣ।

ਜੇਕਰ ਉਹ ਇਨ੍ਹਾਂ ਗੱਲਾਂ ਜ਼ਰੀਏ ਕਿਸੇ ਅਸਲ ਮੁੱਦੇ 'ਤੇ ਧਿਆਨ ਦਿਵਾਉਣਾ ਚਾਹੁੰਦੇ ਹਨ ਤਾਂ ਉਸ ਦਾ ਤਰੀਕਾ ਇਹ ਨਹੀਂ ਹੈ ਜੋ ਉਨ੍ਹਾਂ ਨੇ ਅਪਣਾਇਆ ਹੈ।

ਬੀਬੀਸੀ ਪੰਜਾਬੀ ਵੱਟਸਐਪ ਚੈਨਲ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਮੀਡੀਆ ਦਾ ਨਜ਼ਰੀਆ ਵੀ ਧਿਆਨ ਦੇਣ ਵਾਲਾ ਹੈ। ਉਹ ਆਮ ਤੌਰ 'ਤੇ ਅਜਿਹੇ ਮਾਮਲਿਆਂ ਨੂੰ ਬਹੁਤ ਵਧਾ-ਚੜ੍ਹਾ ਕੇ ਪੇਸ਼ ਕਰਦੇ ਹਨ। ਜੇਕਰ ਇਨ੍ਹਾਂ ਸਭ ਦੇ ਕੇਂਦਰ ਵਿੱਚ ਇੱਕ ਔਰਤ ਹੋਵੇ ਤਾਂ ਖ਼ਬਰ ਨੂੰ ਪੇਸ਼ ਕਰਨ ਦਾ ਅੰਦਾਜ਼ ਹੋਰ ਵੱਖਰਾ ਹੋ ਜਾਂਦਾ ਹੈ।

ਹਾਲਾਂਕਿ, ਇਸ ਪੂਰੇ ਵਿਵਾਦ ਦੇ ਕੇਂਦਰ ਵਿੱਚ ਜੋ ਵਿਅਕਤੀ ਹੈ, ਉਸ ਦੀ ਗੱਲ ਅਜੇ ਤੱਕ ਸੁਣਾਈ ਨਹੀਂ ਦਿੱਤੀ। ਇਸ ਸਭ 'ਤੇ ਜਨਤਕ ਤੌਰ 'ਤੇ ਇੰਨੀ ਚਰਚਾ ਹੋ ਰਹੀ ਹੈ ਕਿ ਹੁਣ ਇਹ ਮੁੱਦਾ ਨਿੱਜੀ ਦਾਇਰੇ ਤੋਂ ਬਾਹਰ ਨਿਕਲ ਚੁਕਿਆ ਹੈ। ਇਸ ਲਈ ਇਸ 'ਚੋਂ ਬਾਹਰ ਨਿਕਲਣ ਵਾਲੇ ਮੁੱਦਿਆਂ 'ਤੇ ਚਰਚਾ ਕਰਨਾ ਵੀ ਗ਼ਲਤ ਨਹੀਂ ਹੋਵੇਗਾ।

ਇੱਕ ਔਰਤ ਦੇ ਜੀਵਨ ਬਾਰੇ ਫ਼ੈਸਲਾ ਕੌਣ ਲਵੇਗਾ?

ਸਮ੍ਰਿਤੀ ਸਿੰਘ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਸਮ੍ਰਿਤੀ ਸਿੰਘ ਨਾਲ ਗੱਲ ਕਰਦੇ ਹੋਏ ਭਾਰਤੀ ਫ਼ੌਜ ਦੇ ਮੁਖੀ ਜਨਰਲ ਉਪੇਂਦਰ ਦਿਵੇਦੀ

ਤਾਂ ਕੀ ਇੱਕ ਔਰਤ ਵੱਲੋਂ ਆਪਣੇ ਬਾਰੇ ਕੋਈ ਫੈਸਲਾ ਲੈਣਾ ਗੁਨਾਹ ਹੈ ? ਕੀ ਇੱਕ ਔਰਤ ਦਾ ਆਪਣੇ ਮ੍ਰਿਤਕ ਪਤੀ ਨਾਲ ਜੁੜੀਆਂ ਚੀਜ਼ਾਂ 'ਤੇ ਹੱਕ ਜਤਾਉਣਾ ਗ਼ਲਤ ਹੈ ? ਉਸ ਦਾ ਕੋਈ ਹੱਕ ਹੈ ਵੀ ਜਾਂ ਨਹੀਂ ?

ਕੀ ਇੱਕ ਔਰਤ ਦਾ ਜੀਵਨ ਸਿਰਫ਼ ਉਸ ਦੇ ਪਤੀ ਅਤੇ ਪਤੀ ਦੇ ਪਰਿਵਾਰ ਨਾਲ ਹੀ ਜੁੜਿਆ ਹੈ? ਔਰਤ ਦੇ ਹੋਣ ਨਾਲ ਪਤੀ ਦੀ ਹੋਂਦ ਦੀ ਭੂਮਿਕਾ ਕਿੰਨੀ ਹੈ ?

ਕੀ ਪਤੀ ਦੀ ਮੌਤ ਤੋਂ ਬਾਅਦ ਵੀ ਉਹ ਉਸ ਨਾਲ ਜੁੜੇ ਰਹਿਣ ਲਈ ਬੱਝੀ ਹੈ? ਕੀ ਕਿਸੇ ਔਰਤ ਦੇ ਜੀਵਨ ਵਿੱਚ ਪਤੀ ਦਾ ਨਾ ਹੋਣਾ, ਉਸ ਦੀ ਜ਼ਿੰਦਗੀ 'ਚੋਂ ਹਰ ਤਰ੍ਹਾਂ ਦੇ ਰੰਗ ਦਾ ਦੂਰ ਹੋ ਜਾਣਾ ਹੈ?

ਉਹ ਚਾਹੇ ਤਾਂ ਕੀ ਆਪਣਾ ਨਵਾਂ ਵਿਆਹੁਤਾ ਜੀਵਨ ਸ਼ੁਰੂ ਨਹੀਂ ਕਰ ਸਕਦੀ ? ਜੇਕਰ ਉਸ ਨੇ ਨਵੇਂ ਵਿਆਹੁਤਾ ਜੀਵਨ ਦੀ ਸ਼ੁਰੂਆਤ ਕਰਨੀ ਹੈ ਤਾਂ ਉਸ ਦਾ ਵਿਕਲਪ ਵੀ ਕੀ ਉਹੀ ਘਰ ਹੈ ? ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਕਿਸੇ ਔਰਤ ਦੀ ਸੁਤੰਤਰ ਪਛਾਣ ਹੈ ਜਾਂ ਨਹੀਂ ? ਜਾਂ ਔਰਤ ਦਾ ਜੀਵਨ ਪਤੀ ਤੋਂ ਸ਼ੁਰੂ ਹੋ ਕੇ ਪਤੀ 'ਤੇ ਹੀ ਖ਼ਤਮ ਹੋ ਜਾਂਦਾ ਹੈ ?

ਵਿਆਹ ਤੋਂ ਬਾਅਦ ਪਤੀ ਦਾ ਨਾ ਰਹਿਣਾ ਕੀ ਔਰਤ ਦੇ ਜੀਵਨ ਦਾ ਵੀ ਅੰਤ ਮੰਨਿਆ ਜਾਵੇਗਾ? ਕੀ ਵਿਆਹ ਤੋਂ ਬਾਅਦ ਉਸ ਦੀ ਸੁਤੰਤਰ ਪਛਾਣ ਵੀ ਖ਼ਤਮ ਹੋ ਜਾਵੇਗੀ? ਜਾਂ ਉਸ ਦੀ ਆਪਣੀ ਵਿਅਕਤੀਗਤ ਜ਼ਿੰਦਗੀ ਅਤੇ ਸਖਸ਼ੀਅਤ ਨੂੰ ਖ਼ਤਮ ਹੀ ਸਮਝ ਲਿਆ ਜਾਵੇ?

ਇਹ ਵੀ ਪੜ੍ਹੋ-

ਸਭ ਦਾ ਦੁੱਖ, ਦੁੱਖ ਹੀ ਹੈ

ਦੁੱਖਾਂ ਦੀ ਤੁਲਨਾ ਕਰਨ ਦਾ ਕੋਈ ਅਰਥ ਨਹੀਂ ਹੈ। ਦੁੱਖ ਕੋਈ ਤੋਲੇ ਜਾਣ ਵਾਲੀ ਚੀਜ਼ ਨਹੀਂ ਹੈ। ਅਜਿਹਾ ਕਰਨਾ ਦੁਖੀ ਲੋਕਾਂ ਦੇ ਦੁੱਖ ਨੂੰ ਨੀਵਾਂ ਵਿਖਾਉਣਾ ਹੈ।

ਖਬਰਾਂ ਦੇ ਮੁਤਾਬਕ, ਅੰਸ਼ੁਮਾਨ ਅਤੇ ਸਮ੍ਰਿਤੀ ਦਾ ਵਿਆਹ ਆਪਸੀ ਪਸੰਦ ਦਾ ਸੀ। ਉਹ ਦੋਵੇਂ ਕਾਫ਼ੀ ਸਮੇਂ ਤੋਂ ਇੱਕ-ਦੂਜੇ ਨੂੰ ਜਾਣਦੇ ਸਨ। ਜ਼ਾਹਿਰ ਹੈ ਅੰਸ਼ੁਮਾਨ ਦਾ ਨਾ ਰਹਿਣਾ, ਸਮ੍ਰਿਤੀ ਦੀ ਜ਼ਿੰਦਗੀ ਵਿੱਚ ਵੀ ਵੱਡਾ ਇੱਕਲਾਪਨ ਪੈਦਾ ਕਰ ਗਿਆ ਹੋਵੇਗਾ।

ਦੁੱਖਾਂ ਦਾ ਪਹਾੜ ਸਿਰਫ਼ ਮਾਂ-ਪਿਓ 'ਤੇ ਹੀ ਨਹੀਂ ਡਿੱਗਿਆ। ਸਮ੍ਰਿਤੀ ਲਈ ਵੀ ਇਹ ਇੱਕ ਵੱਡਾ ਦੁੱਖ ਹੈ। ਉਨ੍ਹਾਂ ਦਾ ਵਿਆਹੁਤਾ ਜੀਵਨ ਤਾਂ ਅਜੇ ਸ਼ੁਰੂ ਹੀ ਹੋਇਆ ਸੀ, ਜਿਸ ਦਾ ਇੱਕ ਝਟਕੇ 'ਚ ਅੰਤ ਹੋ ਗਿਆ। ਉਸ ਨੇ ਆਪਣੇ ਸਾਥੀ ਗੁਆਇਆ ਹੈ।

ਕਿਸੇ ਔਰਤ ਦਾ ਆਪਣੇ ਸਾਥੀ ਨੂੰ ਗੁਆ ਲੈਣਾ ਕੀ ਹੁੰਦਾ ਹੈ, ਇਹ ਸਾਨੂੰ ਸਮਝਣਾ ਪਵੇਗਾ। ਅਜਿਹੇ ਹਲਾਤ ਵਿੱਚ ਉਨ੍ਹਾਂ ਦੇ ਸਾਹਮਣੇ ਲੰਬੀ ਜ਼ਿੰਦਗੀ ਪਈ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਜਦੋਂ ਅਸੀਂ ਇਨ੍ਹਾਂ ਮੁੱਦਿਆਂ 'ਤੇ ਗੱਲ ਕਰੀਏ ਤਾਂ ਇਸ ਗੱਲ ਦਾ ਧਿਆਨ ਰੱਖੀਏ। ਮੀਡੀਆ ਦੇ ਜ਼ਰੀਏ ਇਨ੍ਹਾਂ ਵਿਅਕਤੀਗਤ ਜ਼ਿੰਦਗੀਆਂ ਦੀ ਪੜਚੋਲ ਨਾ ਕਰੀਏ।

ਕੈਪਟਨ ਅੰਸ਼ੁਮਾਨ ਸਿੰਘ

ਤਸਵੀਰ ਸਰੋਤ, SOCIALMEDIA

ਤਸਵੀਰ ਕੈਪਸ਼ਨ, ਕੈਪਟਨ ਅੰਸ਼ੁਮਾਨ ਸਿੰਘ (ਫਾਈਲ ਫੋਟੋ)

ਔਰਤ ਦਾ ਜੀਵਨ ਅਤੇ ਸੱਤ ਜਨਮਾਂ ਦਾ ਰਿਸ਼ਤਾ

ਹਾਲ ਹੀ ਵਿੱਚ ਇੱਕ ਵਿਆਹ ਕਾਫ਼ੀ ਸੁਰਖੀਆਂ 'ਚ ਰਿਹਾ ਹੈ। ਉਸ ਵਿਆਹ ਵਿੱਚ ਕੰਨਿਆਦਾਨ ਦੀ ਮਹਿਮਾ ਗਾਈ ਗਈ। ਇਹ ਨਹੀਂ ਕਿਹਾ ਗਿਆ ਕਿ ਵਿਆਹ ਤਾਂ ਸੱਤ ਜਨਮਾਂ ਦਾ ਸਾਥ ਹੈ। ਸੱਤ ਜਨਮਾਂ ਦੇ ਸਾਥ ਦਾ ਵਿਚਾਰ ਹੀ ਔਰਤ ਨੂੰ ਹਮੇਸ਼ਾ ਬੰਨ੍ਹਦਾ ਆਇਆ ਹੈ।

ਪਰ ਪੁਰਸ਼ ਨੂੰ ਇਸ ਵਿਚਾਰ ਨਾਲ ਕਦੇ ਬੰਨ੍ਹਿਆ ਨਹੀਂ ਪਾਇਆ ਗਿਆ। ਤਾਂ ਹੀ ਤਾਂ ਸਾਡੇ ਸਮਾਜ ਵਿੱਚ ਸਤੀ ਵਰਗੀ ਪ੍ਰਥਾ ਸੀ। ਔਰਤਾਂ ਮ੍ਰਿਤਕ ਪਤੀ ਦੇ ਨਾਲ ਖ਼ੁਦ ਨੂੰ ਖ਼ਤਮ ਕਰ ਲੈਂਦੀਆਂ ਸਨ। ਪੁਰਸ਼ ਮ੍ਰਿਤਕ ਪਤਨੀ ਦੇ ਨਾਲ ਖ਼ੁਦ ਨੂੰ ਖ਼ਤਮ ਕਰਦਾ ਹੋਵੇ, ਅਜਿਹਾ ਤੱਥ ਕਿਤੇ ਨਹੀਂ ਮਿਲਦਾ।

ਅੱਜ ਭਾਵੇਂ ਹੀ ਸਤੀ ਪ੍ਰਥਾ ਦਾ ਅੰਤ ਹੋ ਗਿਆ ਹੈ ਪਰ ਸਾਡੀਆਂ ਇਛਾਵਾਂ ਔਰਤ ਤੋਂ ਕੁਝ ਅਜਿਹੇ ਹੀ ਸਮਰਪਣ ਦੀਆਂ ਹਨ। ਅਸੀਂ ਔਰਤ ਤੋਂ ਇਹੀ ਆਸ ਰੱਖਦੇ ਹਾਂ ਕਿ ਉਹ ਪੂਰੀ ਤਰ੍ਹਾਂ ਆਪਣੇ ਪਤੀ ਨਾਲ ਬੱਝੀ ਰਹੇ। ਕਿਸੇ ਵੀ ਤਰੀਕੇ ਨਾਲ ਉਹ ਆਪਣੇ ਪਤੀ ਤੋਂ ਵੱਖ ਹੋ ਕੇ ਆਪਣੇ ਅਕਸ ਬਾਰੇ ਨਾ ਸੋਚੇ।

ਪਤੀ ਦੀ ਮੌਤ ਤੋਂ ਬਾਅਦ ਵੀ ਉਸ ਦਾ ਸਮਰਪਣ ਖ਼ਤਮ ਨਾ ਹੋਵੇ। ਇਹ ਉਮੀਦ ਪਤੀਆਂ ਤੋਂ ਤਾਂ ਨਹੀਂ ਦਿਖਦੀ ਯਾਨੀ ਇਹ ਇੱਕ ਪਾਸੜ ਉਮੀਦ ਹੀ ਹੈ। ਔਰਤ ਤੋਂ ਇਹ ਉਮੀਦ ਸਾਰੇ ਸਮਾਜਾਂ ਵਿੱਚ ਹੈ। ਕਿਸੇ ਥਾਂ 'ਤੇ ਇਹ ਧਰਮ ਦੇ ਨਾਮ 'ਤੇ ਹੈ ਤਾਂ ਕਿਤੇ ਰਿਵਾਜ਼ ਦੇ ਨਾਮ 'ਤੇ।

ਕੀਰਤੀ ਚੱਕਰ

ਤਸਵੀਰ ਸਰੋਤ, RASHTRAPATIBHVN

ਤਸਵੀਰ ਕੈਪਸ਼ਨ, ਮੌਤ ਮਗਰੋਂ ਕੈਪਟਨ ਅੰਸ਼ੁਮਾਨ ਸਿੰਘ ਨੂੰ ਕੀਰਤੀ ਚੱਕਰ ਨਾਲ ਸਨਮਾਨਿਤ ਕੀਤਾ ਗਿਆ

ਜਿਸ ਦਾ ਜੀਵਨ ਹੈ, ਉਹ ਖ਼ੁਦ ਤੈਅ ਕਰੇਗਾ

ਕੋਈ ਵੀ ਔਰਤ ਆਪਣੀ ਅੱਗੇ ਵੀ ਜ਼ਿੰਦਗੀ ਕਿਵੇਂ ਗੁਜ਼ਾਰੇਗੀ, ਇਹ ਤੈਅ ਕਰਨਾ ਉਸ ਦਾ ਹੱਕ ਹੈ। ਪਤੀ ਦੇ ਨਾ ਰਹਿਣ 'ਤੇ ਉਹ ਕਿਵੇਂ ਰਹੇਗੀ ਅਤੇ ਕਿਥੇ ਰਹੇਗੀ, ਇਹ ਵੀ ਉਸ ਨੂੰ ਹੀ ਤੈਅ ਕਰਨਾ ਚਾਹੀਦਾ ਹੈ।

ਉਸ 'ਤੇ ਕਿਸੇ ਤਰੀਕੇ ਦਾ ਵਿਚਾਰ ਥੋਪਣਾ, ਉਸ ਦੇ ਹੱਕਾਂ ਨੂੰ ਖ਼ਤਮ ਕਰਨਾ ਹੈ। ਇਹੀ ਨਹੀਂ, ਉਸ ਨੂੰ ਦਿਮਾਗੀ ਤੌਰ 'ਤੇ ਕਿਸੇ ਖ਼ਾਸ ਦਿਸ਼ਾ ਵੱਲ ਸੋਚਣ 'ਤੇ ਮਜਬੂਰ ਨਹੀਂ ਕਰਨਾ ਚਾਹੀਦਾ। ਉਸ ਨੂੰ ਆਪਣੇ ਬਾਰੇ ਫ਼ੈਸਲਾ ਲੈਣ ਦਾ ਪੂਰਾ ਮੌਕਾ ਮਿਲਣਾ ਚਾਹੀਦਾ ਹੈ।

ਇਹ ਵਿਚਾਰ ਕਿਥੋਂ ਆਉਂਦਾ ਹੈ ਕਿ ਉਹ ਚਾਹੇ ਤਾਂ ਆਪਣੇ ਛੋਟੇ ਦੇਵਰ ਨਾਲ ਵਿਆਹ ਕਰ ਲਵੇ। ਇਸ ਵਿੱਚ ਦੋ ਗੱਲਾਂ ਹਨ: ਪਹਿਲਾ, ਔਰਤ ਲਈ ਕੀ ਵਿਆਹ ਹੀ ਜ਼ਿੰਦਗੀ ਜੀਣ ਦਾ ਇੱਕੋ-ਇੱਕ ਜ਼ਰੀਆ ਹੈ। ਇਹ ਮੰਨ ਲਿਆ ਜਾਂਦਾ ਹੈ ਕਿ ਉਸ ਨੂੰ ਜੇਕਰ ਇੱਕ ਪਤੀ ਮਿਲ ਗਿਆ ਤਾਂ ਉਸ ਦਾ ਜੀਵਨ ਧੰਨ ਹੋ ਗਿਆ।

ਦੂਜਾ, ਉਹ ਖ਼ੁਦ ਨੂੰ ਉਸੇ ਘੇਰੇ ਵਿੱਚ ਰੱਖੇ ਜਿਸ ਘੇਰੇ ਵਿੱਚ ਹੋ ਸੀ। ਯਾਨੀ ਉਹ ਪਤੀ ਦੇ ਪਰਿਵਾਰ ਨਾਲ ਹੀ ਆਪਣਾ ਭਵਿੱਖ ਵੇਖੇ। ਸਮ੍ਰਿਤੀ ਜਾਂ ਕਿਸੇ ਵੀ ਹੋਰ ਔਰਤ ਨੂੰ ਇਸ ਮੁਸ਼ਕਿਲ ਵਿੱਚ ਕਿਉਂ ਪਾਇਆ ਜਾਵੇ ?ਜਾਂ ਔਰਤ ਦੀ 'ਸੁਰੱਖਿਆ' ਦਾ ਮਤਲਬ ਵਿਆਹ ਹੀ ਹੈ ਅਤੇ ਉਹ ਵਿਆਹ ਮ੍ਰਿਤਕ ਪਤੀ ਦੇ ਘਰ ਵਿੱਚ ਹੀ ਹੋਵੇ ?

ਅਜਿਹੇ ਵਿਚਾਰ ਉਸ ਨਜ਼ਰੀਏ ਦੀ ਦੇਣ ਹਨ, ਜੋ ਔਰਤਾਂ ਨੂੰ ਆਜ਼ਾਦ ਸਖਸ਼ੀਅਤ ਨਹੀਂ ਮੰਨਦਾ। ਇਹੀ ਨਹੀਂ ਔਰਤ ਨੂੰ ਜਦ ਬੁਰਾ ਸਾਬਿਤ ਕਰਨਾ ਹੁੰਦਾ ਹੈ ਤਾਂ ਉਸ 'ਤੇ ਕਈ ਤਰ੍ਹਾਂ ਦੇ ਇਲਜ਼ਾਮ ਲਗਾਏ ਜਾਂਦੇ ਹਨ। ਇਨ੍ਹਾਂ ਇਲਜ਼ਾਮਾਂ ਵਿੱਚ ਦਮ ਹੋਵੇ ਨਾ ਹੋਵੇ, ਸਮਾਜ ਦੀ ਨਜ਼ਰ ਵਿੱਚ ਤਾਂ ਉਸ ਨੂੰ ਬੁਰਾ ਬਣਾ ਹੀ ਦਿੰਦੇ ਹਨ।

ਇਥੇ ਇਹ ਸਵਾਲ ਪੁੱਛਣਾ ਗ਼ਲਤ ਨਹੀਂ ਹੋਵੇਗਾ ਕਿ ਕਿੰਨੇ ਸਹੁਰੇ ਘਰ ਵਾਲੇ ਪੁੱਤ ਦੇ ਨਾ ਰਹਿਣ ਮਗਰੋਂ ਆਪਣੀ ਨੂੰਹ ਨੂੰ ਮਾਣ ਨਾਲ ਪਰਿਵਾਰ ਦਾ ਬਰਾਬਰ ਦਾ ਮੈਂਬਰ ਸਮਝ ਕੇ ਰੱਖਦੇ ਹਨ ? ਅਜਿਹੀਆਂ ਨੂੰਹਾਂ ਦੀ ਜ਼ਿੰਦਗੀ ਕਿੰਨੀ ਔਖੀ ਹੁੰਦੀ ਹੋਵੇਗੀ, ਅਸੀਂ ਆਪਣੇ ਸਮਾਜ ਵਿੱਚ ਵੇਖ ਹੀ ਸਕਦੇ ਹਾਂ।

ਸਮ੍ਰਿਤੀ ਬਣੋ ਅਤੇ ਫਿਰ ਸੋਚੋ

ਸਮ੍ਰਿਤੀ ਸਿੰਘ

ਤਸਵੀਰ ਸਰੋਤ, RASHTRAPATIBHVN

ਤਸਵੀਰ ਕੈਪਸ਼ਨ, ਸਮ੍ਰਿਤੀ ਸਿੰਘ

ਅਸਲ ਵਿੱਚ ਜਦੋਂ ਤੱਕ ਅਸੀਂ ਆਪਣੇ ਆਪ ਨੂੰ ਉਸ ਔਰਤ ਦੀ ਥਾਂ 'ਤੇ ਰੱਖ ਕੇ ਨਹੀਂ ਵੇਖਾਂਗੇ ਜਿਸ ਨੇ ਆਪਣੇ ਸਾਥੀ ਨੂੰ ਗੁਆ ਲਿਆ ਹੈ, ਉਦੋਂ ਤੱਕ ਸਾਨੂੰ ਉਸ ਦੀ ਦਿਮਾਗੀ ਹਾਲਤ ਦਾ ਅੰਦਾਜ਼ਾ ਨਹੀਂ ਲੱਗੇਗਾ, ਜਿਸ ਤੋਂ ਸਮ੍ਰਿਤੀ ਗੁਜ਼ਰੀ ਹੈ ਜਾਂ ਗੁਜ਼ਰ ਰਹੀ ਹੈ।

ਸਾਨੂੰ ਉਸ ਦੀ ਦਿਮਾਗੀ ਹਾਲਤ ਦਾ ਪਤਾ ਨਹੀਂ। ਸਾਨੂੰ ਉਨ੍ਹਾਂ ਦੀਆਂ ਗੱਲਾਂ ਵੀ ਨਹੀਂ ਪਤਾ। ਸਾਨੂੰ ਸਾਰੀਆਂ ਗੱਲਾਂ ਇੱਕ ਪਾਸਿਓਂ ਹੀ ਪਤਾ ਲੱਗ ਰਹੀਆਂ ਹਨ... ਅਤੇ ਮੀਡੀਆ ਦੇ ਜ਼ਰੀਏ ਜੋ ਪਤਾ ਚੱਲ ਰਿਹਾ ਹੈ, ਉਹ ਸਮ੍ਰਿਤੀ ਨੂੰ 'ਚੰਗੀ ਔਰਤ', 'ਚੰਗੀ ਜਾਂ ਸੰਸਕਾਰੀ ਨੂੰਹ' ਦੇ ਰੂਪ ਵਿੱਚ ਪੇਸ਼ ਨਹੀਂ ਕਰਦਾ।

ਸਾਰੀ ਚਰਚਾ ਇਸ ਦੇ ਆਲੇ-ਦੁਆਲੇ ਹੈ ਕਿ ਉਹ ਚਲੀ ਗਈ। ਕਿਉਂ ਗਈ ? ਕੀ ਉਸ ਨੂੰ ਨਹੀਂ ਜਾਣਾ ਚਾਹੀਦਾ ? ਕੀ ਉਸ ਨੂੰ ਨਾ ਚਾਹੁੰਦੇ ਹੋਏ ਵੀ ਖ਼ੁਦ ਨੂੰ ਬੰਨ੍ਹ ਲੈਣਾ ਚਾਹੀਦਾ ਹੈ ?

ਔਰਤ ਦੀ ਸੁਤੰਤਰ ਹੋਂਦ

ਗੱਲ ਘੁੰਮ-ਫਿਰ ਕੇ ਉਸੀ ਮੁੱਖ ਮੁੱਦੇ 'ਤੇ ਆ ਮੁੱਕਦੀ ਹੈ। ਕੀ ਔਰਤ ਦਾ ਸੁਤੰਤਰ ਵਜੂਦ ਹੈ ਜਾਂ ਨਹੀਂ ? ਔਰਤ ਦੀ ਆਪਣੀ ਜ਼ਿੰਦਗੀ ਹੈ। ਸਮ੍ਰਿਤੀ ਦੇ ਕੋਲ ਤਾਂ ਅਜੇ ਬਹੁਤ ਲੰਬੀ ਜ਼ਿੰਦਗੀ ਪਈ ਹੈ। ਉਸ ਜ਼ਿੰਦਗੀ ਦਾ ਉਹ ਕੀ ਕਰਨਗੇ, ਕਿਵੇਂ ਗੁਜ਼ਾਰਣਗੇ, ਕਿਸ ਦੇ ਨਾਲ ਗੁਜ਼ਾਰਣਗੇ, ਇਹ ਸਿਰਫ਼ ਉਨ੍ਹਾਂ ਦਾ ਨਿੱਜੀ ਮਾਮਲਾ ਹੈ।

ਇਹ ਕਿਸੇ ਵੀ ਔਰਤ ਦਾ ਆਪਣਾ ਫੈਸਲਾ ਹੋਣਾ ਚਾਹੀਦਾ ਹੈ। ਜੇਕਰ ਉਹ ਨਹੀਂ ਚਾਹੁੰਦੀ ਤਾਂ ਉਸ ਵਿੱਚ ਦਖਲ ਦੇਣ ਦਾ ਕਿਸੇ ਨੂੰ ਕੋਈ ਹੱਕ ਨਹੀਂ ਹੈ। ਭਾਵੇਂ ਉਹ ਕੋਈ ਵੀ ਹੋਵੇ।

ਥੋੜੀ ਦੇਰ ਲਈ ਅਸੀਂ ਸੋਚਕੇ ਵੇਖਦੇ ਹਾਂ ਕਿ ਔਰਤ ਦੀ ਥਾਂ ਪੁਰਸ਼ ਹੁੰਦਾ.... ਤਾਂ ਕੀ ਉਸ ਦੇ ਬਾਰੇ ਵੀ ਅਜਿਹੀ ਹੀ ਚਰਚਾ ਹੁੰਦੀ ਜਾਂ ਉਸ ਨੂੰ ਅਜਿਹੀ ਹੀ ਸਲਾਹ ਦਿੱਤੀ ਜਾਂਦੀ ?

ਇਸ ਸਮਾਜ ਦੀ ਤਕੜੀ ਦਾ ਇੱਕ ਪੱਲਾ ਪੁਰਸ਼ਾਂ ਵੱਲ ਝੁਕਿਆ ਹੋਇਆ ਹੈ। ਇਹ ਉਨ੍ਹਾਂ ਨੂੰ ਜਿੰਨੀ ਆਜ਼ਾਦੀ ਦਿੰਦਾ ਹੈ, ਔਰਤਾਂ ਨੂੰ ਉਨਾਂ ਹੀ ਬੰਨ੍ਹ ਕੇ ਰੱਖਦਾ ਹੈ। ਜੋ ਹੋ ਰਿਹਾ ਹੈ, ਉਹ ਇੱਕ ਔਰਤ ਨੂੰ ਬੰਨ੍ਹਣ ਦੀ ਕੋਸ਼ਿਸ਼ ਹੈ।

ਇਹ ਸਭ ਇਹ ਦੱਸਦਾ ਹੈ ਕਿ ਬਤੌਰ ਸਮਾਜ ਅਸੀਂ ਔਰਤ ਨਾਲ ਕਿਵੇਂ ਦਾ ਵਿਵਹਾਰ ਕਰਦੇ ਹਾਂ। ਇਹ ਦੱਸਦਾ ਹੈ ਕਿ ਸਾਡੇ ਸਮਾਜ ਵਿੱਚ ਔਰਤ ਹੋਣਾ ਕਿੰਨਾ ਚੁਣੌਤੀ ਭਰਿਆ ਹੈ।

ਸਮਾਜ ਹਮੇਸ਼ਾ ਅਤੇ ਹਰ ਰੂਪ ਵਿੱਚ ਉਸ ਨੂੰ ਆਪਣੇ ਆਦਰਸ਼ਾਂ ਮੁਤਾਬਕ ਢਲਦੇ ਹੋਏ ਵੇਖਣਾ ਚਾਹੁੰਦਾ ਹੈ। ਜੇਕਰ ਔਰਤ ਨੇ ਉਨ੍ਹਾਂ ਆਦਰਸ਼ਾਂ ਤੋਂ ਉਲਟ ਕੁਝ ਵੀ ਕੀਤਾ ਤਾਂ ਉਸ ਨੂੰ ਨਕਾਰ ਦਿੱਤਾ ਜਾਂਦਾ ਹੈ। ਬੁਰੀ ਔਰਤ ਬਣਾ ਦਿੱਤਾ ਜਾਂਦਾ ਹੈ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)