‘ਗੁਲਾਮਾਂ ਵਾਂਗ ਤਸੀਹੇ, ਜਿਣਸੀ ਸ਼ੋਸ਼ਣ ਤੇ ਭੁੱਖਿਆਂ ਮਾਰਨਾ...’ ਮਨੁੱਖੀ ਤਸਕਰੀ ਕਰ ਖਾੜੀ ਦੇਸ਼ਾਂ ’ਚ ਲਿਆਂਦੀਆਂ ਔਰਤਾਂ ਦੀ ਹੱਡਬੀਤੀ

- ਲੇਖਕ, ਫਲੋਰੈਂਸ ਫੇਰੀ ਅਤੇ ਤਾਮਾਸਿਨ ਫੋਰਡ
- ਰੋਲ, ਬੀਬੀਸੀ ਪੱਤਰਕਾਰ
ਚੇਤਾਵਨੀ: ਕੁਝ ਲੋਕਾਂ ਦੇ ਵੇਰਵੇ ਤੁਹਾਨੂੰ ਪਰੇਸ਼ਾਨ ਕਰ ਸਕਦੇ ਹਨ।
ਇੱਕ ਬਿਹਤਰੀ ਜ਼ਿੰਦਗੀ ਦੀ ਆਸ ਵਿੱਚ ਓਮਾਨ ਵਿੱਚ ਕੰਮ ਕਰਨ ਗਈ ਇੱਕ 32 ਸਾਲਾ ਔਰਤ, ਆਪਣੇ ਨਾਲ ਹੋਏ ਮਾੜੇ ਵਿਹਾਰ ਨੂੰ ਯਾਦ ਕਰ ਰੋਣ ਲੱਗਗੀ ਹੈ।
ਜਿਓਰਜੀਨਾ ਅੱਖਾਂ ਪੂੰਝਦੇ ਹੋਏ ਦੱਸਦੇ ਹਨ ਕਿ ਉਨ੍ਹਾਂ ਨੂੰ ਦੁਬਈ ਵਿੱਚ ਡਰਾਈਵਰ ਵਜੋਂ ਕੰਮ ਕਰਨ ਲਈ ਭਰਤੀ ਕੀਤਾ ਗਿਆ ਸੀ।
ਦਰਅਸਲ, ਜਿਓਰਜੀਨਾ ਇਕੱਲੇ ਹੀ ਅਜਿਹੇ ਹਨ, ਜਿਨ੍ਹਾਂ ਨੇ ਬੀਬੀਸੀ ਨਾਲ ਗੱਲ ਕਰਦਿਆਂ ਆਪਣੇ ਅਸਲੀ ਪਹਿਲੇ ਨਾਮ ਦੀ ਵਰਤੋਂ ਕੀਤੀ ਹੈ।
ਮਲਾਵੀ ਦੀ ਰਾਜਧਾਨੀ ਲਿਲੋਂਗਵੇ ਵਿੱਚ ਉਨ੍ਹਾਂ ਦਾ ਇੱਕ ਛੋਟਾ ਜਿਹਾ ਕਾਰੋਬਾਰ ਸੀ ਅਤੇ ਇੱਕ ਏਜੰਟ ਨੇ ਉਨ੍ਹਾਂ ਨੂੰ ਕਿਹਾ ਕਿ ਕਿ ਉਹ ਮੱਧ ਪੂਰਬ ਵਿੱਚ ਇਸ ਤੋਂ ਵੱਧ ਪੈਸੇ ਕਮਾ ਸਕਦੇ ਹਨ।
ਉਨ੍ਹਾਂ ਨੂੰ ਆਪਣੇ ਨਾਲ ਹੋਏ ਧੋਖੇ ਦਾ ਅਹਿਸਾਸ ਉਦੋਂ ਹੋਇਆ ਜਦੋਂ ਉਨ੍ਹਾਂ ਦਾ ਜਹਾਜ਼ ਓਮਾਨ ਦੀ ਰਾਜਧਾਨੀ ਮਸਕਟ ਵਿੱਚ ਉੱਤਰਿਆ।
ਉਹ ਉੱਥੇ ਇੱਕ ਪਰਿਵਾਰ ਦੇ ਜਾਲ ਵਿੱਚ ਫਸ ਗਈ, ਜੋ ਉਨ੍ਹਾਂ ਕੋਲੋਂ ਹਫ਼ਤੇ ਦੇ ਸੱਤੋਂ ਦਿਨ ਘੰਟਿਆਂਬੱਧੀ ਕੰਮ ਕਰਵਾਉਂਦਾ ਸੀ।
ਉਹ ਦੱਸਦੇ ਹਨ ਕਿ ਉਨ੍ਹਾਂ ਨੂੰ ਸਿਰਫ਼ ਦੋ ਘੰਟੇ ਸੌਣ ਨੂੰ ਮਿਲਦੇ ਸਨ, "ਇੱਕ ਵੇਲਾ ਤਾਂ ਅਜਿਹਾ ਆ ਗਿਆ ਸੀ ਜਦੋਂ ਇਹ ਸਭ ਮੇਰੀ ਬਰਦਾਸ਼ਤ ਤੋਂ ਬਾਹਰ ਹੋ ਗਿਆ।"
ਅਜੇ ਉਸ ਨੂੰ ਉੱਥੇ ਜ਼ਿਆਦਾ ਦੇਰ ਨਹੀਂ ਹੋਈ ਸੀ ਕਿ ਉਨ੍ਹਾਂ ਦੇ ਬੌਸ ਨੇ ਉਨ੍ਹਾਂ ਨੂੰ ਸਰੀਰਕ ਸਬੰਧ ਬਣਾਉਣ ਲਈ ਮਜਬੂਰ ਕਰਨਾ ਸ਼ੁਰੂ ਕਰ ਦਿੱਤਾ ਅਤੇ ਧਮਕੀ ਦਿੱਤੀ ਕਿ ਜੇਕਰ ਉਨ੍ਹਾਂ ਨੇ ਕੁਝ ਕਿਹਾ ਤਾਂ ਉਨ੍ਹਾਂ ਨੂੰ ਮਾਰ ਦੇਵੇਗਾ।
ਉਨ੍ਹਾਂ ਨੇ ਕਿਹਾ, "ਸਿਰਫ਼ ਉਹੀ ਹੀ ਨਹੀਂ। ਉਹ ਆਪਣੇ ਦੋਸਤਾਂ ਨੂੰ ਵੀ ਲੈ ਕੇ ਆਉਂਦੇ ਤੇ ਉਹ ਉਸ ਨੂੰ ਪੈਸੇ ਦਿੰਦੇ।"
ਉਸ ਨੂੰ ਗ਼ੈਰ-ਕੁਦਰਤੀ ਤੌਰ 'ਤੇ ਸਬੰਧ ਬਣਾਉਣ ਲਈ ਮਜਬੂਰ ਕੀਤਾ ਗਿਆ ਸੀ।
ਉਹ ਦੱਸਦੇ ਹਨ, "ਮੈਂ ਬੁਰੀ ਤਰ੍ਹਾਂ ਜ਼ਖਮੀ ਹੋ ਗਈ। ਮੈਂ ਬਹੁਤ ਪਰੇਸ਼ਾਨ ਹੋ ਗਈ।"
ਇੱਕ ਅੰਦਾਜ਼ੇ ਮੁਤਬਕ, ਖਾੜੀ ਅਰਬ ਦੇਸ਼ਾਂ ਵਿੱਚ ਲਗਭਗ 20 ਲੱਖ ਔਰਤਾਂ ਘਰੇਲੂ ਕਾਮੇ ਵਜੋਂ ਕੰਮ ਕਰਦੀਆਂ ਹਨ।

ਮਦਦ ਦੀ ਅਪੀਲ
ਪਰਵਾਸੀ ਚੈਰਿਟੀ ਡੂ ਬੋਲਡ ਦੁਆਰਾ ਓਮਾਨ ਵਿੱਚ 400 ਔਰਤਾਂ ਦੇ ਇੱਕ ਸਰਵੇਖਣ ਵਿੱਚ ਸਾਹਮਣੇ ਆਇਆ ਕਿ ਲਗਭਗ ਸਾਰੀਆਂ ਹੀ ਮਨੁੱਖੀ ਤਸਕਰੀ ਦਾ ਸ਼ਿਕਾਰ ਪਾਈਆਂ ਗਈਆਂ ਸਨ।
ਸਰਵੇਖਣ ਦੀ ਇਹ ਰਿਪੋਰਟ, 2023 ਵਿੱਚ ਯੂਐੱਸ ਸਟੇਟ ਡਿਪਾਰਟਮੈਂਟ ਟਰੈਫਿਕਿੰਗ ਇਨ ਪਰਸਨਜ਼ ਰਿਪੋਰਟ ਵੱਲੋਂ ਪ੍ਰਕਾਸ਼ਤ ਕੀਤੀ ਗਈ ਸੀ।
ਇਨ੍ਹਾਂ ਵਿੱਚੋਂ ਤਕਰੀਬਨ ਇੱਕ ਤਿਹਾਈ ਨੇ ਕਿਹਾ ਕਿ ਉਨ੍ਹਾਂ ਦਾ ਜਿਨਸੀ ਸ਼ੋਸ਼ਣ ਹੋਇਆ ਹੈ, ਜਦੋਂ ਕਿ ਅੱਧਿਆਂ ਨੇ ਸਰੀਰਕ ਸ਼ੋਸ਼ਣ ਅਤੇ ਵਿਤਕਰੇ ਦੀ ਗੱਲ ਵੀ ਕੀਤੀ ਹੈ।
ਕਈ ਹਫ਼ਤਿਆਂ ਬਾਅਦ, ਜਿਓਰਜੀਨਾ ਬੇਚੈਨ ਹੋ ਗਈ ਅਤੇ ਫੇਸਬੁੱਕ 'ਤੇ ਇੱਕ ਪੋਸਟ ਵਿੱਚ ਉਨ੍ਹਾਂ ਨੇ ਮਦਦ ਦੀ ਅਪੀਲ ਕੀਤੀ।
ਅਮਰੀਕਾ ਦੇ ਨਿਊ ਹੈਂਪਸ਼ਾਇਰ ਸੂਬੇ ਵਿਚ ਹਜ਼ਾਰਾਂ ਮੀਲ ਦੂਰ 38 ਸਾਲਾ ਮਲਾਵੀਅਨ ਸੋਸ਼ਲ ਮੀਡੀਆ ਕਾਰਕੁਨ ਪਿਲਾਨੀ ਮੋਮਬੇ ਨਯੋਨੀ ਨੇ ਉਨ੍ਹਾਂ ਦਾ ਸੰਦੇਸ਼ ਦੇਖਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ।
"ਜਿਓਰਜੀਨਾ ਦੀ ਮਦਦ ਕਰਨ ਤੋਂ ਬਾਅਦ, ਮੈਂ ਬਹੁਤ ਬੁਰਾ ਮਹਿਸੂਸ ਕੀਤਾ, ਮੈਨੂੰ ਬਹੁਤ ਗੁੱਸਾ ਆਇਆ।"
ਉਨ੍ਹਾਂ ਨੇ ਸੰਪਰਕ ਕੀਤਾ ਅਤੇ ਜਿਓਰਜੀਨਾ ਦੀ ਸੁਰੱਖਿਆ ਲਈ ਫੇਸਬੁੱਕ ਪੋਸਟ ਨੂੰ ਹਟਾ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਦੇ ਆਪਣੇ ਵਟਸਐਪ ਨੰਬਰ ਦਿੱਤਾ, ਜੋ ਓਮਾਨ ਵਿੱਚ ਘੁੰਮਣਾ ਸ਼ੁਰੂ ਹੋ ਗਿਆ। ਉਨ੍ਹਾਂ ਨੂੰ ਜਲਦੀ ਹੀ ਅਹਿਸਾਸ ਹੋਇਆ ਕਿ ਇਹ ਇੱਕ ਵੱਡੀ ਸਮੱਸਿਆ ਸੀ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਜਿਓਰਜੀਨਾ ਪਹਿਲੀ ਪੀੜਤ ਸੀ। ਫਿਰ ਇਹ ਇੱਕ ਕੁੜੀ, ਦੋ ਕੁੜੀਆਂ, ਤਿੰਨ ਕੁੜੀਆਂ ਸਨ।"
"ਉਦੋਂ ਮੈਂ ਕਿਹਾ, 'ਮੈਂ ਇੱਕ (ਵਟਸਐਪ) ਗਰੁੱਪ ਬਣਾਉਣ ਜਾ ਰਹੀ ਹਾਂ ਕਿਉਂਕਿ ਇਹ ਮਨੁੱਖੀ ਤਸਕਰੀ ਵਰਗਾ ਲੱਗਦਾ ਹੈ'।"
ਓਮਾਨ ਵਿੱਚ ਘਰੇਲੂ ਕਾਮਿਆਂ ਵਜੋਂ ਕੰਮ ਕਰਨ ਵਾਲੀਆਂ 50 ਤੋਂ ਵੱਧ ਮਾਲਾਵੀਆਈ ਔਰਤਾਂ ਇਸ ਗਰੁੱਪ ਵਿੱਚ ਸ਼ਾਮਲ ਹੋਈਆਂ।
ਜਲਦੀ ਹੀ ਵਟਸਐਪ ਗਰੁੱਪ ਵੌਇਸ ਨੋਟਸ ਅਤੇ ਵੀਡੀਓਜ਼ ਨਾਲ ਭਰ ਗਿਆ ਸੀ, ਔਰਤਾਂ ਨੇ ਜਿਹੜੀਆਂ ਸਹਿਣ ਵਾਲੀਆਂ ਭਿਆਨਕ ਸਥਿਤੀਆਂ ਦਾ ਵੇਰਵਾ ਦਿੱਤਾ, ਉਨ੍ਹਾਂ ਵਿੱਚੋਂ ਕੁਝ ਬਹੁਤ ਦੁਖਦਾਈ ਸੀ।
ਕਈਆਂ ਦੇ ਆਉਣ ਸਾਰ ਹੀ ਪਾਸਪੋਰਟ ਖੋਹ ਲਏ ਗਏ, ਉਨ੍ਹਾਂ ਨੂੰ ਜਾਣ ਤੋਂ ਰੋਕਿਆ ਗਿਆ।
ਕਈਆਂ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਨੇ ਗੁਪਤ ਬੇਨਤੀਆਂ ਵਾਲੇ ਸੰਦੇਸ਼ ਭੇਜਣ ਲਈ ਆਪਣੇ-ਆਪ ਨੂੰ ਟਾਇਲਟ ਵਿੱਚ ਬੰਦ ਕਰ ਲਿਆ ਸੀ।
ਮਾਲਕ ਦਾ ਮਜ਼ਦੂਰ ਲਈ ਇਕਰਾਰਨਾਮਾ
ਇੱਕ ਨੇ ਕਿਹਾ, "ਮੈਨੂੰ ਲੱਗਦਾ ਹੈ ਕਿ ਮੈਂ ਜੇਲ੍ਹ ਵਿੱਚ ਹਾਂ... ਅਸੀਂ ਕਦੇ ਵੀ ਬਚ ਨਹੀਂ ਸਕਦੇ," ਉੱਥੇ ਇੱਕ ਹੋਰ ਨੇ ਦੱਸਿਆ “ਮੇਰੀ ਜਾਨ ਸੱਚਮੁੱਚ ਖ਼ਤਰੇ ਵਿੱਚ ਹੈ।”
ਨਯੋਨੀ ਨੇ ਮਲਾਵੀ ਵਿੱਚ ਮਨੁੱਖੀ ਤਸਕਰੀ ਕਰਨ ਵਾਲੇ ਚੈਰਿਟੀਜ਼ ਨਾਲ ਗੱਲ ਕਰਨੀ ਸ਼ੁਰੂ ਕੀਤੀ ਅਤੇ ਗ੍ਰੀਸ ਵਿੱਚ ਸਥਿਤ ਡੂ ਬੋਲਡ ਦੀ ਸੰਸਥਾਪਕ ਏਕਾਟੇਰੀਨਾ ਪੋਰਸ ਸਿਵੋਲੋਬੋਵਾ ਨੂੰ ਇਸ ਬਾਰੇ ਜਾਣਕਾਰੀ ਦਿੱਤੀ।
ਡੂ ਬੋਲਡ ਖਾੜੀ ਦੇਸ਼ਾਂ ਵਿੱਚ ਪਰਵਾਸੀ ਮਜ਼ਦੂਰਾਂ ਦੇ ਇੱਕ ਭਾਈਚਾਰੇ ਨਾਲ ਕੰਮ ਕਰਦਾ ਹੈ, ਉੱਥੇ ਉਹ ਤਸਕਰੀ ਜਾਂ ਜ਼ਬਰਦਸਤੀ ਮਜ਼ਦੂਰੀ ਦੇ ਪੀੜਤਾਂ ਦੀ ਪਛਾਣ ਕਰਦਾ ਹੈ ਅਤੇ ਫਿਰ ਉਨ੍ਹਾਂ ਨੂੰ ਰਿਹਾਅ ਕਰਨ ਲਈ ਉਨ੍ਹਾਂ ਦੇ ਮਾਲਕ ਨਾਲ ਗੱਲਬਾਤ ਕਰਦਾ ਹੈ।
ਸਿਵੋਲੋਬੋਵਾ ਨੇ ਬੀਬੀਸੀ ਨੂੰ ਦੱਸਿਆ, "ਰੁਜ਼ਗਾਰਦਾਤਾ ਇੱਕ ਘਰੇਲੂ ਕਰਮਚਾਰੀ ਪ੍ਰਦਾਨ ਕਰਨ ਲਈ ਏਜੰਟ ਨੂੰ ਭੁਗਤਾਨ ਕਰਦੇ ਹਨ।"
"ਸਾਡੇ ਸਾਹਮਣੇ ਸਭ ਤੋਂ ਆਮ ਚੁਣੌਤੀਆਂ ਵਿੱਚੋਂ ਇੱਕ ਇਹ ਹੈ ਕਿ ਰੁਜ਼ਗਾਰਦਾਤਾ ਜਾਂ ਏਜੰਟ ਕਹਿੰਦਾ ਹੈ,. 'ਮੈਨੂੰ ਮੇਰੇ ਪੈਸੇ ਵਾਪਸ ਚਾਹੀਦੇ ਹਨ, ਫਿਰ ਉਹ ਘਰ ਜਾ ਸਕਦੇ ਹਨ।"
"ਓਮਾਨ ਦੇ ਕਾਨੂੰਨ ਮੁਤਾਬਕ, ਘਰੇਲੂ ਕਰਮਚਾਰੀ ਨੂੰ ਮਾਲਕ ਨੂੰ ਛੱਡਣ ਦੀ ਮਨਾਹੀ ਹੈ। ਉਹ ਨੌਕਰੀ ਨਹੀਂ ਬਦਲ ਸਕਦੇ ਅਤੇ ਉਹ ਦੇਸ਼ ਨਹੀਂ ਛੱਡ ਸਕਦੇ, ਭਾਵੇਂ ਤੁਹਾਡੇ ਨਾਲ ਜਿਹੜਾ ਵੀ ਵਤੀਰਾ ਹੋ ਰਿਹਾ ਹੋਵੇ।"

ਤਸਵੀਰ ਸਰੋਤ, Getty Images

ਇਹ ਉਹ ਚੀਜ਼ ਹੈ ਜੋ ਮੱਧ ਪੂਰਬ ਵਿੱਚ "ਕਾਫ਼ਲਾ" ਕਿਰਤ ਪ੍ਰਣਾਲੀ ਵਜੋਂ ਜਾਣੀ ਜਾਂਦੀ ਹੈ, ਜੋ ਮਜ਼ਦੂਰਾਂ ਨੂੰ ਉਨ੍ਹਾਂ ਦੇ ਇਕਰਾਰਨਾਮੇ ਦੀ ਮਿਆਦ, ਉਨ੍ਹਾਂ ਦੇ ਮਾਲਕਾਂ ਉੱਤੇ ਛੱਡ ਦਿੰਦੀ ਹੈ।
ਮਨੁੱਖੀ ਤਸਕਰੀ ਦਾ ਮੁਕਾਬਲਾ ਕਰਨ ਲਈ ਓਮਾਨ ਦੀ ਰਾਸ਼ਟਰੀ ਕਮੇਟੀ ਨੇ ਬੀਬੀਸੀ ਨੂੰ ਦੱਸਿਆ ਕਿ ਮਾਲਕ ਅਤੇ ਘਰੇਲੂ ਕਰਮਚਾਰੀ ਵਿਚਕਾਰ ਸਬੰਧ ਇਕਰਾਰਨਾਮੇ ਵਾਲੇ ਹੁੰਦੇ ਹਨ ਅਤੇ ਅਣਸੁਲਝੇ ਵਿਵਾਦਾਂ ਨੂੰ ਇੱਕ ਹਫ਼ਤੇ ਦੇ ਅੰਦਰ ਅਦਾਲਤ ਵਿੱਚ ਭੇਜਿਆ ਜਾ ਸਕਦਾ ਹੈ।
ਇਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇੱਕ ਮਾਲਕ ਨੂੰ "ਕਿਸੇ ਵੀ ਕਿਸਮ ਦੀ ਜ਼ਬਰਦਸਤੀ ਮਜ਼ਦੂਰੀ ਨੂੰ ਥੋਪਣ" ਦੀ ਇਜਾਜ਼ਤ ਨਹੀਂ ਸੀ ਅਤੇ ਇੱਕ ਕਰਮਚਾਰੀ ਦੇ "ਪਾਸਪੋਰਟ ਅਤੇ ਨਿੱਜੀ ਦਸਤਾਵੇਜ਼ਾਂ ਨੂੰ ਉਸ ਦੀ ਲਿਖਤੀ ਸਹਿਮਤੀ ਤੋਂ ਬਿਨਾਂ" ਨਹੀਂ ਰੱਖ ਸਕਦੇ।
ਮਸਕਟ ਵਿੱਚ ਤਿੰਨ ਮਹੀਨਿਆਂ ਰਹਿਣ ਮਗਰੋਂ ਅਤੇ ਨਿਯੋਨੀ ਅਤੇ ਓਮਾਨ ਵਿੱਚ ਕਿਸੇ ਦੀ ਮਦਦ ਨਾਲ, ਜਿਓਰਜੀਨਾ ਜੂਨ 2021 ਵਿੱਚ ਮਲਾਵੀ ਵਾਪਸ ਆ ਗਈ।
ਨਿਯੋਨੀ ਨੇ ਕਿਹਾ, "ਜਿਓਰਜੀਨਾ ਦੀ ਮਦਦ ਕਰਨ ਤੋਂ ਬਾਅਦ, ਮੈਂ ਬਹੁਤ ਬੁਰਾ ਮਹਿਸੂਸ ਕੀਤਾ, ਮੈਨੂੰ ਬਹੁਤ ਗੁੱਸਾ ਆਇਆ।"
ਜਿਓਰਜੀਨਾ ਦੇ ਕੇਸ ਨੇ ਉਨ੍ਹਾਂ ਲਈ ਮਲਾਵੀ ਦੇ ਅੰਦਰ ਜਾਗਰੂਕਤਾ ਫੈਲਾਉਣ ਦਾ ਕੰਮ ਕੀਤਾ ਅਤੇ ਸਰਕਾਰ 'ਤੇ ਦਖ਼ਲ ਦੇਣ ਲਈ ਦਬਾਅ ਵਧਣਾ ਸ਼ੁਰੂ ਹੋ ਗਿਆ।

'ਆਪਣੀ ਭੈਣ ਨੂੰ ਮਰਦਿਆਂ ਦੇਖਿਆ'
ਮਲਾਵੀਅਨ ਚੈਰਿਟੀ ਸੈਂਟਰ ਫਾਰ ਡੈਮੋਕਰੇਸੀ ਐਂਡ ਇਕਨਾਮਿਕ ਡਿਵੈਲਪਮੈਂਟ ਇਨੀਸ਼ੀਏਟਿਵ (ਸੀਡੀਈਡੀਆਈ) ਨੇ ਓਮਾਨ ਬਚਾਅ ਮੁਹਿੰਮ ਸ਼ੁਰੂ ਕੀਤੀ, ਅਧਿਕਾਰੀਆਂ ਨੂੰ ਔਰਤਾਂ ਨੂੰ ਘਰ ਵਾਪਸ ਲਿਆਉਣ ਲਈ ਕਿਹਾ।
ਨਿਯੋਨੀ ਦੇ ਵਟਸਐਪ ਗਰੁੱਪ ਵਿੱਚ ਬਲੈਸਿੰਗਸ ਨਾਮ ਦੀ ਇੱਕ ਹੋਰ ਔਰਤ ਵੀ ਸੀ। 39 ਸਾਲਾ ਬਲੈਸਿੰਗਸ ਆਪਣੇ ਚਾਰ ਬੱਚਿਆਂ ਨੂੰ ਆਪਣੀ ਭੈਣ ਸਟੀਵੇਲੀਆ ਕੋਲ ਲਿਲੋਂਗਵੇ ਵਿੱਚ ਛੱਡ ਕੇ ਦਸੰਬਰ 2022 ਵਿੱਚ ਮਸਕਟ ਗਈ ਸੀ।
ਉੱਥੇ ਉਹ ਜਿਸ ਘਰ ਵਿਚ ਉਹ ਕੰਮ ਕਰ ਰਹੀ ਸੀ ਉਸ ਦੀ ਹੀ ਰਸੋਈ ਵਿਚ ਉਹ ਬੁਰੀ ਤਰ੍ਹਾਂ ਸੜ੍ਹ ਗਈ ਸੀ, ਪਰ ਫਿਰ ਵੀ ਉਸ ਦੇ ਮਾਲਕ ਨੇ ਉਸ ਨੂੰ ਮਲਾਵੀ ਵਾਪਸ ਨਹੀਂ ਜਾਣ ਦਿੱਤਾ।
ਸਟੀਵੇਲੀਆ ਨੇ ਬੀਬੀਸੀ ਨੂੰ ਦੱਸਿਆ, "ਸੱਚਮੁੱਚ ਉਹ ਬਹੁਤ ਸੜ੍ਹ ਗਈ ਸੀ, ਮੈਂ ਆਪਣੀ ਭੈਣ ਨੂੰ ਆਪਣੀ ਜਾਨ ਗੁਆਉਂਦੇ ਹੋਏ ਦੇਖਿਆ।"
"ਮੈਨੂੰ ਯਾਦ ਹੈ ਕਿ ਮੇਰੀ ਭੈਣ ਨੇ ਕਿਹਾ ਸੀ, 'ਭੈਣ, ਮੈਂ ਇੱਥੇ ਇਸ ਲਈ ਆਈ ਸੀ ਕਿਉਂਕਿ ਮੈਨੂੰ ਬਿਹਤਰ ਜ਼ਿੰਦਗੀ ਦੀ ਲੋੜ ਸੀ, ਪਰ ਮੈਂ ਮਰ ਰਹੀ ਹਾਂ ਮੇਰੇ ਬੱਚਿਆਂ ਦਾ ਧਿਆਨ ਰੱਖਣਾ।"
ਸਟੀਵੇਲੀਆ ਨੇ ਆਪਣੀ ਭੈਣ ਨੂੰ ਘਰ ਲਿਆਉਣ ਲਈ ਯਤਨ ਕਰਨੇ ਸ਼ੁਰੂ ਕੀਤੇ। ਪਹਿਲਾਂ ਤਾਂ ਏਜੰਟ ਨੇ ਗੁੱਸੇ ਵਿੱਚ ਪਰਿਵਾਰ ਨੂੰ ਦੱਸਿਆ ਕਿ ਬਲੇਸਿੰਗਸ ਦੀ ਮੌਤ ਹੋ ਗਈ ਹੈ, ਪਰ ਇਹ ਸੱਚ ਨਹੀਂ ਸੀ ਅਤੇ ਆਖ਼ਰਕਾਰ ਉਹ ਪਿਛਲੇ ਅਕਤੂਬਰ ਵਿੱਚ, ਮਾਲਵੀਆਈ ਸਰਕਾਰ ਦੀ ਮਦਦ ਨਾਲ ਵਾਪਸ ਆਪਣੇ ਮੁਲਕ ਆ ਗਈ।
ਬਲੇਸਿੰਗਜ਼ ਨੇ ਬੀਬੀਸੀ ਨੂੰ ਦੱਸਿਆ, "ਮੈਂ ਕਦੇ ਨਹੀਂ ਸੋਚਿਆ ਸੀ ਕਿ ਅਜਿਹਾ ਸਮਾਂ ਆਵੇਗਾ ਜਦੋਂ ਮੈਂ ਆਪਣੇ ਪਰਿਵਾਰ, ਆਪਣੇ ਬੱਚਿਆਂ ਨੂੰ ਦੁਬਾਰਾ ਦੇਖਾਂਗਾ,"
"ਮੈਨੂੰ ਬਿਲਕੁਲ ਵੀ ਅਦਾਜ਼ਾ ਨਹੀਂ ਸੀ ਕਿ ਇਸ ਧਰਤੀ 'ਤੇ ਅਜਿਹੇ ਲੋਕ ਹਨ ਜੋ ਦੂਜਿਆਂ ਨਾਲ ਗ਼ੁਲਾਮਾਂ ਵਾਲਾ ਵਤੀਰਾ ਕਰਦੇ ਹਨ।"

'ਆਜ਼ਾਦੀ ਨੂੰ ਖਰੀਦਣਾ'
ਡੂ ਬੋਲਡ ਨਾਲ ਕੰਮ ਕਰਨ ਵਾਲੀ ਮਲਾਵੀਅਨ ਸਰਕਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਓਮਾਨ ਤੋਂ 54 ਔਰਤਾਂ ਨੂੰ ਵਾਪਸ ਲਿਆਉਣ ਲਈ 160,000 ਅਮਰੀਕੀ ਡਾਲਰ ਤੋਂ ਵੱਧ ਖਰਚ ਕੀਤੇ ਹਨ।
ਪਰ 23 ਸਾਲਾ ਐਡਾ ਚਿਵਾਲੋ ਤਾਬੂਤ ਵਿੱਚ ਘਰ ਪਰਤੀ ਸੀ। ਓਮਾਨ ਵਿੱਚ ਉਸ ਦੀ ਮੌਤ ਤੋਂ ਬਾਅਦ ਕੋਈ ਪੋਸਟਮਾਰਟਮ ਜਾਂ ਜਾਂਚ ਨਹੀਂ ਕੀਤੀ ਗਈ ਸੀ।
ਓਮਾਨ ਦੇ ਅਧਿਕਾਰੀਆਂ ਨੇ ਕਿਹਾ ਕਿ ਕਿਰਤ ਮੰਤਰਾਲੇ ਨੂੰ 2022 ਵਿੱਚ ਮਾਲਵੀਆਈ ਨਾਗਰਿਕਤਾ ਦੇ ਘਰੇਲੂ ਕਰਮਚਾਰੀਆਂ ਤੋਂ ਕੋਈ ਸ਼ਿਕਾਇਤ ਨਹੀਂ ਮਿਲੀ ਸੀ ਅਤੇ 2023 ਵਿੱਚ ਸਿਰਫ ਇੱਕ ਸ਼ਿਕਾਇਤ ਦਾ ਨਿਪਟਾਰਾ ਕੀਤਾ ਗਿਆ ਸੀ।
ਸਿਵੋਲੋਬੋਵਾ ਆਖਦੇ ਹਨ, "ਇਨ੍ਹਾਂ ਵਿੱਚੋਂ ਜ਼ਿਆਦਾਤਰ ਔਰਤਾਂ ਨੂੰ ਰਿਹਾਅ ਕੀਤਾ ਗਿਆ ਹੈ ਕਿਉਂਕਿ ਮਾਲਕ ਨੂੰ 1,000 ਡਾਲਰ ਤੋਂ 2,000 ਡਾਲਰ ਤੱਕ ਪੈਸੇ ਦਿੱਤੇ ਗਏ ਹਨ।"
"ਅਸਲ ਵਿੱਚ, ਉਨ੍ਹਾਂ ਦੀ ਆਜ਼ਾਦੀ ਨੂੰ ਖਰੀਦ ਲਿਆ ਗਿਆ ਅਤੇ ਇਹੀ ਮੈਨੂੰ ਪਰੇਸ਼ਾਨ ਕਰਦਾ ਹੈ। ਤੁਸੀਂ ਕਿਸੇ ਹੋਰ ਦੀ ਆਜ਼ਾਦੀ ਕਿਵੇਂ ਖਰੀਦ ਸਕਦੇ ਹੋ?"
ਮਲਾਵੀ ਦੀ ਸਰਕਾਰ ਦੇ ਇੱਕ ਬੁਲਾਰੇ ਨੇ ਬੀਬੀਸੀ ਨੂੰ ਦੱਸਿਆ ਕਿ ਉਹ "ਸੁਰੱਖਿਅਤ, ਵਿਵਸਥਿਤ ਅਤੇ ਨਿਯਮਤ ਪਰਵਾਸ ਨੂੰ ਯਕੀਨੀ ਬਣਾਉਣ ਲਈ ਨਿਯਮ ਤਿਆਰ ਕਰ ਰਹੇ ਹਨ, ਜਿਸ ਨਾਲ ਪਰਵਾਸੀਆਂ, ਉਨ੍ਹਾਂ ਦੇ ਪਰਿਵਾਰਾਂ ਅਤੇ ਵੱਡੇ ਪੱਧਰ 'ਤੇ ਦੇਸ਼ ਨੂੰ ਫਾਇਦਾ ਹੋਵੇ।"
ਪਰ ਨਿਯੋਨੀ ਦਾ ਵਟਸਐਪ ਗਰੁੱਪ ਹੁਣ ਵਾਪਸ ਪਰਤਣ ਵਾਲਿਆਂ ਲਈ ਵਧੇਰੇ ਸਹਾਇਤਾ ਮੰਚ ਹੈ।
ਉਹ ਦੱਸਦੇ ਹਨ ਕਿ ਓਮਾਨ ਵਿੱਚ ਤਸਕਰੀ ਕੀਤੇ ਘਰੇਲੂ ਕਾਮਿਆਂ ਦਾ ਮੁੱਦਾ ਮਲਾਵੀ ਵਿੱਚ ਇੱਕ ਵੱਡੀ ਸਮੱਸਿਆ ਨੂੰ ਉਜਾਗਰ ਕਰਦਾ ਹੈ- ਜਿਵੇਂ ਗਰੀਬੀ ਅਤੇ ਬੇਰੁਜ਼ਗਾਰੀ।
"ਜੇਕਰ ਮੁਟਿਆਰਾਂ ਨੂੰ ਮਲਾਵੀ ਵਿੱਚ ਨੌਕਰੀਆਂ ਦਾ ਮੌਕਾ ਮਿਲਦਾ, ਤਾਂ ਉਹ ਫਸਣ ਵਾਲੇ ਨਹੀਂ ਸਨ। ਸਾਨੂੰ ਦੇਸ਼ ਨੂੰ ਠੀਕ ਕਰਨ ਦੀ ਲੋੜ ਹੈ ਤਾਂ ਜੋ ਇਹ ਨੌਜਵਾਨ ਇਸ ਤਰ੍ਹਾਂ ਕਦੇ ਨਾ ਫਸਣ।"
ਜਿਓਰਜੀਨਾ ਲਈ ਉਸ ਸਦਮੇ ਭੁੱਲਣਾ ਔਖਾ ਹੈ। ਅਫ਼ਰੀਕਾ ਦੀ ਸਭ ਤੋਂ ਵੱਡੀ ਝੀਲ, ਮਲਾਵੀ ਝੀਲ 'ਤੇ ਜਾ ਕੇ ਉਨ੍ਹਾਂ ਨੂੰ ਦੇਖਣਾ ਬਹੁਤ ਸ਼ਾਂਤੀ ਮਿਲਦੀ ਹੈ।
ਉਹ ਕਹਿੰਦੇ ਹਨ, "ਜਦੋਂ ਮੈਂ ਲਹਿਰਾਂ ਨੂੰ ਦੇਖਦੀ ਹਾਂ, ਤਾਂ ਇਹ ਮੈਨੂੰ ਯਾਦ ਦਿਵਾਉਂਦਾ ਹੈ ਕਿ ਜ਼ਿੰਦਗੀ ਵਿੱਚ ਕੁਝ ਵੀ ਸਦਾ ਲਈ ਨਹੀਂ ਰਹਿੰਦਾ। ਇੱਕ ਦਿਨ ਇਹ ਸਭ ਇਤਿਹਾਸ ਬਣ ਜਾਵੇਗਾ।"
"ਮੈਨੂੰ ਸ਼ਾਂਤੀ ਮਿਲਦੀ ਹੈ ਅਤੇ ਮੈਂ ਆਪਣੇ ਆਪ ਨੂੰ ਉਤਸ਼ਾਹਿਤ ਕਰਦੀ ਹਾਂ ਕਿ ਮੈਂ ਉਸੇ ਤਰ੍ਹਾਂ ਖੜ੍ਹੀ ਹੋਵਾਗੀ, ਜਿਵੇਂ ਮੈਂ ਪਹਿਲਾਂ ਹੁੰਦੀ ਸੀ, ਆਜ਼ਾਦ।"








