ਅਮਰੀਕਨ ਚੋਣਾਂ 2024: ਕੌਣ ਹਨ ਕਮਲਾ ਹੈਰਿਸ ਦੇ ਪਤੀ ਜੋ ਉਨ੍ਹਾਂ ਨਾਲ ਖੜ੍ਹੇ ਰਹੇ, ਜਾਣੋ ਕਮਲਾ ਦਾ ਪਰਿਵਾਰਕ ਪਿਛੋਕੜ

ਤਸਵੀਰ ਸਰੋਤ, Getty Images
- ਲੇਖਕ, ਹੋਲੀ ਹੌਂਡਰਿਚ
- ਰੋਲ, ਬੀਬੀਸੀ ਪੱਤਰਕਾਰ
ਕਮਲਾ ਹੈਰਿਸ ਨੇ ਬਹੁਤ ਤੇਜ਼ੀ ਨਾਲ ਅਮਰੀਕੀ ਵੋਟਰਾਂ ਵਿੱਚ ਆਪਣੀ ਪਛਾਣ ਬਣਾਈ ਹੈ। ਫਿਲਹਾਲ ਉਹ ਰਾਸ਼ਟਰਪਤੀ ਜੋਅ ਬਾਇਡਨ ਦੇ ਡਿਪਟੀ ਹਨ।
ਹਾਲ ਹੀ ਵਿੱਚ ਅਮਰੀਕੀ ਵੋਟਰ ਸ਼ਿਕਾਗੋ ਵਿੱਚ ਹੋਈ ਡੈਮੋਕਰੇਟਿਕ ਕਨਵੈਨਸ਼ਨ ਵਿੱਚ ਉਨ੍ਹਾਂ ਦੇ ਪਤੀ ਤੋਂ ਵੀ ਜਾਣੂ ਹੋਏ ਹਨ। ਇਹ ਕਨਵੈਨਸ਼ਨ ਕਮਲਾ ਦੇ ਜੀਵਨ ਦਾ ਸਭ ਤੋਂ ਵੱਡਾ ਅਤੇ ਅਹਿਮ ਸਿਆਸੀ ਸਮਾਗਮ ਸੀ।
ਆਓ ਜਾਣਦੇ ਹਾਂ ਕਮਲਾ ਹੈਰਿਸ ਦੇ ਵੱਡੇ ਪਰਿਵਾਰ ਦੇ ਉਨ੍ਹਾਂ ਮੈਂਬਰਾਂ ਬਾਰੇ, ਜਿਨ੍ਹਾਂ ਨੇ ਕਮਲਾ ਨੂੰ ਇੱਥੇ ਤੱਕ ਪਹੁੰਚਾਉਣ ਵਿੱਚ ਮਦਦ ਕੀਤੀ ਹੈ।

ਕਮਲਾ ਹੈਰਿਸ ਨੂੰ ਮਿਲੇ ਨਾਲ ਖੜ੍ਹੇ ਰਹਿਣ ਵਾਲੇ ਪਤੀ
ਕਮਲਾ ਦੀ ਆਪਣੇ ਪਤੀ ਡੋਅ ਐਮਹੌਫ਼ ਨਾਲ 2013 ਵਿੱਚ ਮੁਲਾਕਾਤ ਹੋਈ ਸੀ ਜੋ ਕਿ ਲਾਸ ਐਂਜਲਸ ਵਿੱਚ ਇੱਕ ਇੰਟਰਟੇਨਮੈਂਟ ਵਕੀਲ ਹਨ।
ਕਮਲਾ ਉਸ ਸਮੇਂ ਕੈਲੀਫੋਰਨੀਆ ਦੇ ਅਟਾਰਨੀ ਜਨਰਲ ਸਨ। ਅਗਲੇ ਹੀ ਸਾਲ ਦੋਵਾਂ ਨੇ ਵਿਆਹ ਕਰਵਾ ਲਿਆ। ਉਦੋਂ ਤੋਂ ਹੀ 59 ਸਾਲਾ ਐਮਹੌਫ਼ ਹਮੇਸ਼ਾ ਹੀ ਆਪਣੀ ਪਤਨੀ ਦੇ ਨਾਲ ਖੜ੍ਹੇ ਰਹੇ ਹਨ। ਇਸ ਦੌਰਾਨ ਕਮਲਾ ਨੇ ਤੇਜ਼ੀ ਨਾਲ ਸੱਤਾ ਦੀਆਂ ਪੌੜ੍ਹੀਆਂ ਚੜ੍ਹੀਆਂ ਹਨ।
ਸਾਲ 2020 ਵਿੱਚ ਕਮਲਾ ਹੈਰਿਸ ਦੱਖਣ-ਏਸ਼ੀਆਈ ਮੂਲ ਦੇ ਪਹਿਲੇ ਉਪ- ਅਮਰੀਕੀ ਰਾਸ਼ਟਰਪਤੀ ਬਣੇ। ਉਦੋਂ ਹੀ ਉਨ੍ਹਾਂ ਦੇ ਪਤੀ ਕਿਸੇ ਅਮਰੀਕੀ ਉਪ-ਰਾਸ਼ਟਰਪਤੀ ਦੇ ਪਹਿਲੇ ਯਹੂਦੀ ਜੀਵਨ ਸਾਥੀ ਵੀ ਬਣੇ।
ਉਨ੍ਹਾਂ ਨੇ ਆਪਣੀ ਲਾਅ ਫ਼ਰਮ ਤੋਂ ਹਟਾ ਕੇ ਆਪਣਾ ਸਾਰਾ ਧਿਆਨ ਸੈਕੰਡ ਜੈਂਟਲਮੈਨ ਦੀ ਆਪਣੀ ਭੂਮਿਕਾ ਉੱਤੇ ਦਿੱਤਾ ਹੈ ਅਤੇ ਗੁੰਮਨਾਮੀ ਦੇ ਹਨੇਰੇ ਵਿੱਚੋਂ ਵੀ ਬਾਹਰ ਆਏ ਹਨ।
ਹੁਣ ਉਨ੍ਹਾਂ ਨੂੰ ਡੈਮੋਕਰੇਟ ਪਾਰਟੀ ਦੇ ਸਭ ਤੋਂ ਜੋਸ਼ੀਲੇ ਪ੍ਰਚਾਰਕ ਅਤੇ ਕਮਲਾ ਹੈਰਿਸ ਦੇ ਸਭ ਤੋਂ ਭਰੋਸੇਯੋਗ ਸਾਥੀਆਂ ਵਜੋਂ ਜਾਣਿਆ ਜਾਂਦਾ ਹੈ।
ਡੈਮੋਕਰੇਟਿਕ ਕਨਵੈਨਸ਼ਨ ਦੀ ਰਾਤ ਐਨਹੌਫ ਆਪਣੀ ਪਤਨੀ ਦੇ ਸਭ ਤੋਂ ਜੋਸ਼ੀਲੇ ਦਰਸ਼ਕ ਸਨ।
ਉਨ੍ਹਾਂ ਨੇ ਕਿਹਾ ਕਿ “ਉਹ (ਕਮਲਾ) ਹਮੇਸ਼ਾ ਆਪਣੇ ਬੱਚਿਆਂ ਲਈ ਮੌਜੂਦ ਰਹੀ ਹੈ ਅਤੇ ਮੈਨੂੰ ਪਤਾ ਹੈ ਕਿ ਉਹ ਤੁਹਾਡੇ ਬੱਚਿਆਂ ਲਈ ਵੀ ਹਮੇਸ਼ਾ (ਮੌਜੂਦ) ਰਹੇਗੀ।”

ਤਸਵੀਰ ਸਰੋਤ, Getty Images
ਕੋਲ ਅਤੇ ਐਲਾ ਐਮਹੌਫ - ਮਤਰੇਈ ਔਲਾਦ
ਕਮਲਾ ਦੇ ਵਿਆਹ ਨੇ ਉਨ੍ਹਾਂ ਨੂੰ ਡੋਅ ਦੀ ਸਾਬਕਾ ਪਤਨੀ ਕ੍ਰਿਸਟੀਨ ਐਮਹੌਫ਼ ਦੀ ਔਲਾਦ ਕੋਲ ਅਤੇ ਐਲਾ ਦੀ ਮਤਰੇਈ ਮਾਂ ਬਣਾ ਦਿੱਤਾ।
ਹੈਰਿਸ ਨੇ ਕਿਹਾ ਕਿ ਪਰਿਵਾਰ ਵਿੱਚ ਕਮਲਾ ਨੂੰ ਜਿੰਨੇ ਵੀ ਨਾਵਾਂ ਨਾਲ ਬੁਲਾਇਆ ਜਾਂਦਾ ਹੈ ਉਨ੍ਹਾਂ ਵਿੱਚ ਸਭ ਤੋਂ ਜ਼ਿਆਦਾ ਕੋਲ ਅਤੇ ਐਲੀ ਵੱਲੋਂ ਦਿੱਤਾ ਨਾਮ “ਮੋਮਲਾ” ਸਭ ਤੋਂ ਅਹਿਮ ਹੈ।
ਇਹ ਪਿਆਰ ਉਨ੍ਹਾਂ ਦੇ ਬੱਚਿਆਂ ਵਿੱਚ ਵੀ ਨਜ਼ਰ ਆਉਦਾ ਹੈ। ਦੋਵੇਂ ਭਰਾ ਕੋਲ ਅਤੇ ਐਲਾ ਕਮਲਾ ਹੈਰਿਸ ਦੀ ਖੁੱਲ੍ਹ ਕੇ ਤਾਰੀਫ਼ ਕਰਦੇ ਰਹੇ ਹਨ।
ਐਲਾ ਨੇ ਕਿਹਾ, “ਤੁਸੀਂ ਦੁਨੀਆਂ ਦੀ ਸਭ ਤੋਂ ਮਹਾਨ ਮਤਰੇਈ ਮਾਂ ਹੋ, ਤੁਸੀਂ ਨਾ ਸਿਰਫ ਪਿਤਾ ਲਈ ਸਗੋਂ ਸਾਡੇ ਸਾਰੇ ਮਿਲੇ-ਜੁਲੇ ਪਰਿਵਾਰ ਲਈ ਤੁਸੀਂ ਇੱਕ ਚਟਾਨ ਵਾਂਗ ਹੋ।”
ਪੁੱਤਰ ਕੋਲ ਨੇ 2017 ਵਿੱਚ ਕੋਲਰੈਡੋ ਕਾਲਜ ਤੋਂ ਆਪਣੀ ਪੜ੍ਹਾਈ ਕਰਕੇ ਆਪਣੇ ਪਿਤਾ ਵਾਂਗ ਮਨੋਰੰਜਨ ਉਦਯੋਗ ਵਿੱਚ, ਟੇਲੈਂਟ ਏਜੰਸੀ ਡਬਲਿਊਐੱਮਈ ਨਾਲ ਕੰਮ ਕੀਤਾ ਹੈ ਅਤੇ ਬਰੈਡ ਪਿੱਟ ਦੀ ਪਰੋਡਕਸ਼ਨ ਕੰਪਨੀ ਪਲੈਨ ਬੀ ਵਿੱਚ ਵੀ ਕੰਮ ਕੀਤਾ ਹੈ।
ਬੇਟੀ ਐਲਾ ਨੇ ਨਿਊ ਯਾਰਕ ਦੇ ਪਾਰਸਨ ਕਾਲਜ ਆਫ਼ ਡਿਜ਼ਾਈਨ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ ਹੈ। ਉਨ੍ਹਾਂ ਨੇ ਵੱਡੇ ਫੈਸ਼ਨ ਬਰਾਂਡਸ ਨਾਲ ਕੰਮ ਕੀਤਾ ਹੈ।
ਉਹ ਇੱਕ ਕਲਾਕਾਰ ਅਤੇ ਬੁਣਕਰ ਵੀ ਹਨ। ਸਾਲ 2021 ਵਿੱਚ ਉਨ੍ਹਾਂ ਨੇ ਬੁਣੇ ਹੋਏ ਕੱਪੜਿਆਂ ਦਾ ਆਪਣਾ ਬਰੈਂਡ ਬਜ਼ਾਰ ਵਿੱਚ ਉਤਾਰਿਆ ਅਤੇ ‘ਸੌਫਟ ਹੈਂਡਸ’ ਨਾਮ ਦਾ ਨਿਟਿੰਗ ਕਲੱਬ ਵੀ ਸ਼ੁਰੂ ਕੀਤਾ।

ਤਸਵੀਰ ਸਰੋਤ, Getty Images
ਕ੍ਰਿਸਟੀਨ ਐਮਹੌਫ਼ - ਡੋਅ ਦੀ ਪਹਿਲੀ ਪਤਨੀ
ਕੋਲ ਅਤੇ ਐਲਾ ਦੀ ਮਾਂ ਕ੍ਰਿਸਟੀਨ ਨੇ ਰਵਾਇਤ ਤੋਂ ਉਲਟ ਕਮਲਾ ਬਾਰੇ ਖੁੱਲ਼੍ਹ ਕੇ ਅਤੇ ਨਿੱਘੀਆਂ ਟਿੱਪਣੀਆਂ ਕੀਤੀਆਂ ਹਨ। ਜਦੋਂ ਹਾਲ ਹੀ ਵਿੱਚ ਜੇਡੀ ਵੈਨਸ ਨੇ ਕਮਲਾ ਨੂੰ ‘ਨਿਰ-ਸੰਤਾਨ ਬਿੱਲੀ’ ਕਿਹਾ ਤਾਂ ਕ੍ਰਿਸਟੀਨ ਨੇ ਉਨ੍ਹਾਂ ਦਾ ਬਚਾਅ ਕੀਤਾ।
ਉਨ੍ਹਾਂ ਨੇ ਸੀਐੱਨਐੱਨ ਨੂੰ ਕਿਹਾ, “ਪਿਛਲੇ ਦਸ ਸਾਲਾਂ ਤੋਂ ਜਦੋਂ ਕੋਲ ਅਤੇ ਐਲਾ ਅਜੇ ਅੱਲੜ੍ਹ ਸਨ- ਕਮਲਾ ਡੋਅ ਅਤੇ ਮੇਰੇ ਨਾਲ ਇਨ੍ਹਾਂ ਨੂੰ ਪਾਲ ਰਹੇ ਹਨ। ਉਹ ਪਿਆਰ ਕਰਨ ਵਾਲੀ, ਪਾਲਣ ਵਾਲੀ ਅਤੇ ਰੱਖਿਆ ਕਰਨ ਵਾਲੀ ਅਤੇ ਹਮੇਸ਼ਾ ਮੌਜੂਦ ਰਹਿਣ ਵਾਲੇ ਹਨ। ਮੈਨੂੰ ਸਾਡੇ ਮਿਲੇ-ਜੁਲੇ ਪਰਿਵਾਰ ਨਾਲ ਪਿਆਰ ਹੈ ਅਤੇ ਧੰਨਵਾਦੀ ਹਾਂ ਕਿ ਉਹ ਸਾਡੇ ਪਰਿਵਾਰ ਦਾ ਹਿੱਸਾ ਹੈ।”
ਕ੍ਰਿਸਟੀਨ ਨੇ ਇੱਕ ਪ੍ਰੋਡਕਸ਼ਨ ਕੰਪਨੀ ਸ਼ੁਰੂ ਕੀਤੀ ਜਿਸ ਦੇ ਉਹ ਮੁਖੀ ਵੀ ਹਨ। ਉਨ੍ਹਾਂ ਨੇ ਸਾਲ 2020 ਦੇ ਕਮਲਾ ਹੈਰਿਸ ਦੇ ਚੋਣ ਪ੍ਰਚਾਰ ਵਿੱਚ ਵੀ ਸਹਿਯੋਗ ਕੀਤਾ ਸੀ।

ਤਸਵੀਰ ਸਰੋਤ, Getty Images
ਮਾਇਆ ਹੈਰਿਸ -ਭੈਣ
ਕਮਲਾ ਹੈਰਿਸ ਆਪਣੀ ਇਕਲੌਤੀ ਭੈਣ ਮਾਇਆ ਹੈਰਿਸ ਦੇ ਬਹੁਤ ਨਜ਼ਦੀਕ ਮੰਨੇ ਜਾਂਦੇ ਹਨ। ਮਾਪਿਆਂ ਦੇ ਤਲਾਕ ਤੋਂ ਬਾਅਦ ਦੋਵਾਂ ਭੈਣਾਂ ਦਾ ਪਾਲਣ-ਪੋਸ਼ਣ ਬਰਕਲੇ, ਕੈਲੀਫੋਰਨੀਆ ਵਿੱਚ ਮਾਂ ਸ਼ਿਆਮਲਾ ਗੋਪਾਲਨ ਨੇ ਹੀ ਕੀਤਾ ਸੀ।
ਆਪਣੀ ਵੱਡੀ ਭੈਣ ਵਾਂਗ ਹੀ ਮਾਇਆ ਨੇ ਵੀ ਕਨੂੰਨ ਪੜ੍ਹਿਆ ਹੈ, ਉਨ੍ਹਾਂ ਨੇ ਸਾਲ 1992 ਵਿੱਚ ਸਟੈਨਫੋਰਡ ਯੂਨੀਵਰਸਿਟੀ ਲਾਅ ਸਕੂਲ ਤੋਂ ਪੜ੍ਹਾਈ ਪੂਰੀ ਕੀਤੀ।
ਅਮਰੀਕਨ ਸਿਵਲ ਲਿਬਰਟੀਜ਼ ਯੂਨੀਅਨ ਨਾਲ ਜੁੜਨ ਅਤੇ 2006 ਵਿੱਚ ਉਸਦੇ ਐਗਜ਼ਿਕਿਊਟਿਵ ਡਾਇਰੈਕਟਰ ਬਣਨ ਤੋਂ ਪਹਿਲਾਂ ਉਨ੍ਹਾਂ ਨੇ ਮੁਕੱਦਮੇ ਲੜੇ ਹਨ ਅਤੇ ਅਧਿਆਪਨ ਵੀ ਕੀਤਾ ਹੈ।
ਮਾਇਆ ਨੇ ਹੌਲੀ-ਹੌਲੀ ਆਪਣਾ ਰੁਖ਼ ਸਿਆਸਤ ਵੱਲ ਕੀਤਾ ਅਤੇ 2016 ਦੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਹਿਲੇਰੀ ਕਲਿੰਟਨ ਦੇ ਨੀਤੀ ਸਲਾਹਕਾਰ ਬਣੇ।
ਫਿਰ 2020 ਵਿੱਚ ਜਦੋਂ ਉਨ੍ਹਾਂ ਦੀ ਭੈਣ ਕਮਲਾ ਰਾਸ਼ਟਰਪਤੀ ਉਮੀਦਵਾਰ ਵਜੋਂ ਡੈਮੋਕਰੇਟ ਨਾਮਿਨੀ ਬਣਨ ਲਈ ਮੈਦਾਨ ਵਿੱਚ ਆਏ ਤਾਂ ਉਨ੍ਹਾਂ ਨੇ ਆਪਣੀ ਭੈਣ ਦਾ ਪ੍ਰਚਾਰ ਵਿੱਚ ਸਾਥ ਦਿੱਤਾ। ਹਾਲਾਂਕਿ ਕਮਲਾ ਨਾਮਜ਼ਦ ਨਹੀਂ ਸਨ ਹੋ ਸਕੇ ਅਤੇ ਬਾਅਦ ਵਿੱਚ ਉਹ ਬਾਇਡਨ ਦੇ ਉਪ-ਰਾਸ਼ਟਰਪਤੀ ਚੁਣੇ ਗਏ ਸਨ।

ਤਸਵੀਰ ਸਰੋਤ, Getty Images
ਮੀਨਾ ਹੈਰਿਸ - ਭਾਣਜੀ
ਮਾਇਆ ਦੀ ਇਕਲੌਤੀ ਧੀ, ਮੀਨਾ ਨੇ ਵੀ ਕਨੂੰਨ ਦੀ ਪੜ੍ਹਾਈ ਕੀਤੀ ਹੈ।
ਮੀਨਾ ਨੇ ਆਪਣੀ ਮਾਸੀ ਦੇ ਸ਼ੁਰੂਆਤੀ ਸਿਆਸੀ ਜੀਵਨ ਵਿੱਚ ਉਨ੍ਹਾਂ ਦਾ ਸਲਾਹਕਾਰ ਵਜੋਂ ਸਾਥ ਦਿੱਤਾ ਹੈ। ਮੀਨਾ ਨੇ ਅਮਰੀਕਾ ਦੀਆਂ ਵੱਡੀਆਂ ਕੰਪਨੀਆਂ- ਊਬਰ, ਫੇਸਬੁੱਕ ਅਤੇ ਸਲੈਕ ਵਿੱਚ ਵੱਡੇ ਅਹੁਦਿਆਂ ਉੱਤੇ ਕੰਮ ਕੀਤਾ ਹੈ।
ਮੀਨਾ ਦੇ ਦੋ ਬੱਚੇ ਹਨ ਅਤੇ ਉਨ੍ਹਾਂ ਨੇ ਸਾਲ 2017 ਵਿੱਚ ਇੱਕ ਮੀਡੀਆ ਅਤੇ ਮਰਚੈਂਡਾਈਜ਼ ਕੰਪਨੀ ਫਿਨਾਮਿਨਲ ਦੀ ਸ਼ੁਰੂਆਤ ਕੀਤੀ। ਔਰਤਾਂ ਦੀ ਅਗਵਾਈ ਵਾਲੀ ਇਸ ਕੰਪਨੀ ਦਾ ਧਿਆਨ ਹੋਰ ਘੱਟ ਨੁਮਾਇੰਦਗੀ ਹਾਸਲ ਵਰਗਾਂ ਉੱਪਰ ਹੈ।
ਲੇਕਿਨ ਮੀਨਾ ਦਾ ਪੇਸ਼ਵਰ ਜੀਵਨ ਅਜੇ ਵੀ ਕਈ ਅਰਥਾਂ ਵਿੱਚ ਆਪਣੀ ਮਾਸੀ ਨਾਲ ਜੁੜਿਆ ਹੋਇਆ ਹੈ।
ਜੂਨ 2020 ਵਿੱਚ ਉਨ੍ਹਾਂ ਨੇ ਆਪਣੀ ਮਾਂ ਅਤੇ ਮਾਸੀ ਨੂੰ ਕੇਂਦਰ ਵਿੱਚ ਰੱਖ ਕੇ ਇੱਕ ਬਾਲ-ਕਿਤਾਬ “ਕਮਲਾ ਐਂਡ ਮਾਇਆ ਦਾ ਬਿੱਗ ਆਈਡੀਆ” ਲਿਖੀ। ਜਦੋਂ ਕਮਲਾ ਨੂੰ ਉਪ-ਰਾਸ਼ਟਰਪਤੀ ਬਣੇ ਤਾਂ ਮੀਨਾ ਦੀ ਕੰਪਨੀ ਨੇ ‘ਉਪ-ਰਾਸ਼ਟਰਪਤੀ ਮਾਸੀ’ ਵਾਲੀਆਂ ਟੀ-ਸ਼ਰਟਾਂ ਵੇਚਣੀਆਂ ਸ਼ੁਰੂ ਕੀਤੀਆਂ।

ਤਸਵੀਰ ਸਰੋਤ, Getty Images
ਟੋਨੀ ਵੈਸਟ - ਜੀਜਾ
ਟੋਨੀ ਮਾਇਆ ਦੇ ਪਤੀ ਅਤੇ ਮੀਨਾ ਦੇ ਮਤਰੇਏ ਪਿਤਾ ਹਨ। ਟੋਨੀ ਹੈਰਿਸ ਕੁਨਬੇ ਦੇ ਇੱਕ ਹੋਰ ਵਕੀਲ ਮੈਂਬਰ ਹਨ।
ਉਨ੍ਹਾਂ ਨੇ ਵੀ ਸਟੈਨਫੋਰਡ ਲਾਅ ਸਕੂਲ ਤੋਂ ਪੜ੍ਹਾਈ ਕੀਤੀ ਹੈ। ਇੱਥੇ ਹੀ ਉਨ੍ਹਾਂ ਦੀ ਮੁਲਾਕਾਤ ਮਾਇਆ ਅਤੇ ਮੀਨਾ ਨਾਲ ਹੋਈ ਜੋ ਉਦੋਂ ਬਹੁਤ ਛੋਟੀਆਂ ਸਨ।
ਟੋਨੀ ਨੇ ਨਿੱਜੀ ਅਤੇ ਸਰਕਾਰੀ ਖੇਤਰ ਦੇ ਕਈ ਵੱਡੇ ਅਦਾਰਿਆਂ ਨਾਲ ਕੰਮ ਕੀਤਾ ਹੈ। ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਕਾਰਜਕਾਲ ਦੌਰਾਨ ਉਹ ਐਸੋਸੀਏਟ ਅਟਾਰਨੀ ਸਨ ਅਤੇ ਉਨ੍ਹਾਂ ਨੇ ਪੈਪਸੀਕੋ ਕੰਪਨੀ ਦੇ ਜਨਰਲ ਕਾਊਂਸਲ ਵਜੋਂ ਵੀ ਕੰਮ ਕੀਤਾ ਹੈ।
ਫਿਲਹਾਲ ਉਹ ਊਬਰ ਦੇ ਮੁੱਖ ਲਾਅ ਅਫ਼ਸਰ ਹਨ, ਲੇਕਿਨ ਉਹ ਆਪਣੀ ਸਾਲੀ ਕਮਲਾ ਦੇ ਵੀ ਅਹਿਮ ਸਲਾਹਕਾਰ ਬਣ ਕੇ ਉੱਭਰੇ ਹਨ।
ਊਬਰ ਨੇ ਕਿਹਾ ਹੈ ਕਿ ਇਸ ਮਹੀਨੇ ਟੋਨੀ ਕਮਲਾ ਹੈਰਿਸ ਦੇ ਪ੍ਰਚਾਰ ਲਈ ਇੱਕ ਮਹੀਨੇ ਦੀ ਛੁੱਟੀ ਲੈ ਰਹੇ ਹਨ।
ਟੋਨੀ ਨੇ ਇੱਕ ਬਿਆਨ ਵਿੱਚ ਕਿਹਾ ਸੀ, “ਮੈਂ ਹਮੇਸ਼ਾ ਮੰਨਿਆ ਹੈ ਕਿ ਪਰਿਵਾਰ ਪਹਿਲਾਂ ਆਉਂਦਾ ਹੈ। ਇਸ ਲਈ ਮੈਂ ਆਪਣੇ ਪਰਿਵਾਰ ਦੀ ਮਦਦ ਕਰਨ ਅਤੇ ਆਪਣੀ ਸਾਲੀ ਦੇ ਚੋਣ-ਪ੍ਰਚਾਰ ਵਿੱਚ ਪੂਰਾ ਸਮਾਂ ਦੇਣ ਦਾ ਫੈਸਲਾ ਕੀਤਾ ਹੈ।”

ਤਸਵੀਰ ਸਰੋਤ, Kamala Harris
ਸ਼ਿਆਮਲਾ ਗੋਪਾਲਨ - ਮਾਂ
ਭਾਵੇਂ ਕਿ ਸ਼ਿਆਮਲਾ ਦੀ ਮੌਤ ਆਪਣੀ ਧੀ ਨੂੰ ਦੁਨੀਆਂ ਦੇ ਸਭ ਤੋਂ ਤਾਕਤਵਰ ਦੇਸ਼ ਦੀ ਉਪ-ਰਾਸ਼ਟਰਪਤੀ ਬਣਦੀ ਅਤੇ ਫਿਰ ਰਾਸ਼ਟਰਪਤੀ ਲਈ ਚੋਣ ਲੜਦੀ ਦੇਖਣ ਤੋਂ ਬਹੁਤ ਪਹਿਲਾ ਹੀ ਹੋ ਗਈ ਸੀ।
ਲੇਕਿਨ ਕਮਲਾ ਅਤੇ ਮਾਇਆ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਵਿਗਿਆਨੀ ਮਾਂ ਨੇ ਹਮੇਸ਼ਾ ਦੋਵਾਂ ਭੈਣਾਂ ਨੂੰ ਪ੍ਰੇਰਿਤ ਕੀਤਾ ਹੈ।
ਸਾਲ 2022 ਵਿੱਚ ਕਮਲਾ ਨੇ ਆਪਣੀ ਫੇਸਬੁੱਕ ਉੱਤੇ ਲਿਖਿਆ ਸੀ, “ਮੇਰੀ ਮਾਂ ਪਹਿਲੀ ਸੀ ਜਿਸ ਨੇ ਮੈਨੂੰ ਦੱਸਿਆ ਕਿ ਵਿਚਾਰ ਅਤੇ ਅਨੁਭਵ ਦੀ ਅਹਿਮੀਅਤ ਹੁੰਦੀ ਹੈ। ਮੇਰੀ ਮਾਂ ਮੈਨੂੰ ਅਕਸਰ ਕਹਿੰਦੀ ਸੀ, ਤੂੰ ਕਈ ਕੰਮ ਕਰਨ ਵਿੱਚ ਪਹਿਲੀ ਹੋਵੇਂਗੀ। ਧਿਆਨ ਰੱਖੀਂ ਤੂੰ ਆਖਰੀ ਨਾ ਹੋਵੇਂ।”
ਗੋਪਾਲਨ ਦੀ 2009 ਵਿੱਚ ਮੌਤ ਹੋ ਗਈ ਸੀ। ਉਹ 19 ਸਾਲ ਦੀ ਉਮਰ ਵਿੱਚ ਭਾਰਤ ਤੋਂ ਅਮਰੀਕਾ ਸਾਇੰਸ ਦੀ ਪੜ੍ਹਾਈ ਕਰਨ ਆਏ ਸਨ। ਇੱਥੇ ਰਹਿ ਕੇ ਉਨ੍ਹਾਂ ਨੇ ਛਾਤੀ ਦੇ ਕੇਂਸਰ ਉੱਤੇ ਖੋਜ ਕੀਤੀ।
ਨਾਗਰਿਕ ਹੱਕਾਂ ਵਿੱਚ ਉਨ੍ਹਾਂ ਦੀ ਸਰਗਰਮੀ ਕਾਰਨ ਉਨ੍ਹਾਂ ਦੀ ਮੁਲਾਕਾਤ ਆਪਣੇ ਪਤੀ (ਡੌਨਲਡ ਹੈਰਿਸ) ਨਾਲ ਹੋਈ। ਜੋ ਕਿ ਇੱਕ ਅਰਥ-ਸ਼ਾਸਤਰੀ ਅਤੇ ਜਮਾਇਕਾ ਤੋਂ ਆਏ ਇੱਕ ਪਰਵਾਸੀ ਸਨ।
ਕਮਲਾ ਹੈਰਿਸ ਨੇ ਆਪਣੀ ਅਤੇ ਮਾਇਆ ਦੇ ਪਾਲਣ-ਪੋਸ਼ਣ ਦਾ ਸਿਹਰਾ ਅਕਸਰ ਆਪਣੀ ਮਾਂ ਨੂੰ ਦਿੱਤਾ ਹੈ।
ਮਾਇਆ ਅਤੇ ਕਮਲਾ ਦੇ ਆਪਣੇ ਪਿਤਾ ਨਾਲ ਰਿਸ਼ਤੇ ਬਾਰੇ ਜ਼ਿਆਦਾ ਸਪਸ਼ਟਤਾ ਨਹੀਂ ਹੈ।












