ਰੂਸ-ਯੂਕਰੇਨ ਜੰਗ: ਰੂਸ ਦੇ 70 ਹਜ਼ਾਰ ਤੋਂ ਵੱਧ ਫੌਜੀ ਮਾਰੇ ਗਏ, ਕਿਵੇਂ ਬਜ਼ੁਰਗਾਂ, ਕਰਜ਼ੇ ਤੋਂ ਪ੍ਰੇਸ਼ਾਨ ਲੋਕਾਂ ਨੂੰ ਰੂਸ ਮੋਰਚੇ ’ਤੇ ਭੇਜ ਰਿਹਾ

ਤਸਵੀਰ ਸਰੋਤ, Getty Images
- ਲੇਖਕ, ਓਲਗਾ ਇਵਸ਼ਿਨਾ
- ਰੋਲ, ਬੀਬੀਸੀ ਰੂਸੀ
ਬੀਬੀਸੀ ਨੇ ਜਿਸ ਜਾਣਕਾਰੀ ਦਾ ਵਿਸ਼ਲੇਸ਼ਣ ਕੀਤਾ ਹੈ ਉਸ ਮੁਤਾਬਕ ਰੂਸ ਦੀ ਫੌਜ ਲਈ ਲੜਦੇ ਹੋਏ ਹੁਣ ਤੱਕ 70,000 ਜਾਨਾਂ ਚਲੀਆਂ ਗਈਆਂ ਹਨ।
ਰੂਸ ਨੇ ਫਰਵਰੀ 2022 ਵਿੱਚ ਯੂਕਰੇਨ ਉੱਤੇ ਹਮਲਾ ਕੀਤਾ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਪਹਿਲੀ ਵਾਰ ਹੋਇਆ ਹੈ ਕਿ
ਰੂਸ ਵੱਲੋਂ ਲੜਦੇ ਹੋਏ ਮਰਨ ਵਾਲਿਆਂ ਵਿੱਚ ਸਭ ਤੋਂ ਜ਼ਿਆਦਾ ਗਿਣਤੀ ਆਪਣੀ ਮਰਜ਼ੀ ਨਾਲ ਫ਼ੌਜ ਵਿੱਚ ਭਰਤੀ ਹੋਣ ਵਾਲੇ, ਸਵੈ-ਸੇਵੀ ਹਨ।
ਹਰ ਰੋਜ਼ ਯੂਕਰੇਨ ਵਿੱਚ ਮਾਰੇ ਜਾਣ ਵਾਲੇ ਨੌਜਵਾਨਾਂ ਦੀਆਂ ਤਸਵੀਰਾਂ ਅਤੇ ਮਰਿਤੂ ਲੇਖ ਰੂਸ ਦੇ ਮੀਡੀਆ ਅਤੇ ਸੋਸ਼ਲ ਮੀਡੀਆ ਵਿੱਚ ਨਸ਼ਰ ਕੀਤੇ ਜਾਂਦੇ ਹਨ।
ਬੀਬੀਸੀ ਰੂਸ ਅਤੇ ਸੁਤੰਤਰ ਵੈਬਸਾਈਟ ਮੀਡੀਆਜ਼ੋਨਾ ਨੇ ਇਨ੍ਹਾਂ ਨਾਵਾਂ ਅਤੇ ਹੋਰ ਸਰੋਤਾਂ (ਸਰਕਾਰੀ ਰਿਪੋਰਟਾਂ) ਤੋਂ ਮਿਲੇ ਨਾਂਮ ਇਕੱਠੇ ਕੀਤੇ ਹਨ।
ਇਹ ਜਾਣਕਾਰੀ ਮਰਹੂਮ ਦੇ ਪਰਿਵਾਰ ਜਾਂ ਸਰਕਾਰੀ ਵਿਭਾਗ ਵੱਲੋਂ ਸਾਂਝੀ ਕੀਤੀ ਗਈ ਸੀ। ਇਸ ਵਿੱਚ ਮਰਹੂਮ ਦੇ ਜੰਗ ਦੌਰਾਨ ਮਾਰੇ ਜਾਣ ਦਾ ਜ਼ਿਕਰ ਹੁੰਦਾ ਹੈ ਅਤੇ ਰੱਖਿਆ ਮੰਤਰਾਲੇ ਵੱਲੋਂ ਫੁੱਲ (ਰੀਥ) ਵੀ ਭੇਜੇ ਜਾਂਦੇ ਹਨ।
ਅਸੀਂ ਯੂਕਰੇਨ ਵਿੱਚ ਮਾਰੇ ਗਏ 70,112 ਰੂਸੀ ਸੈਨਕਾਂ ਦੀ ਪਛਾਣ ਕੀਤੀ ਹੈ। ਹਾਲਾਂਕਿ ਅਸਲ ਗਿਣਤੀ ਕਿਤੇ ਜ਼ਿਆਦਾ ਹੋ ਸਕਦੀ ਹੈ।
ਕਈ ਪਰਿਵਾਰ ਆਪਣੇ ਮਰਹੂਮ ਮੈਂਬਰਾਂ ਦੇ ਵੇਰਵੇ ਸਾਂਝੇ ਨਹੀਂ ਕਰਦੇ ਹਨ। ਜਿਸ ਕਾਰਨ ਉਨ੍ਹਾਂ ਦੇ ਨਾਵਾਂ ਦੀ ਜਾਂਚ ਨਹੀਂ ਹੋ ਸਕੀ। ਇਹੀ ਸਥਿਤੀ ਰੂਸੀ ਅਧਿਕਾਰ ਵਾਲੇ ਦੋਨਤੇਕ ਅਤੇ ਲੁਹਾਂਸਕ ਖੇਤਰਾਂ ਦੇ ਲੜਾਕਿਆਂ ਦੀ ਹੈ।
ਉਨ੍ਹਾਂ ਵਿੱਚੋਂ 13,718 ਜਣੇ - ਲਗਭਗ 20% ਸਵੈ-ਸੇਵੀ ਸਨ। ਹੁਣ ਸਵੈ-ਸੇਵੀਆਂ ਦੀਆਂ ਮੌਤਾਂ ਹੋਰ ਵਰਗਾਂ ਦੀ ਤੁਲਨਾ ਵਿੱਚ ਵਧ ਗਈਆਂ ਹਨ। ਸਾਬਕਾ ਕੈਦੀ, ਜੋ ਆਪਣੇ ਅਪਰਾਧਾਂ ਦੀ ਸਜ਼ਾ ਮਾਫ਼ ਕੀਤੇ ਜਾਣ ਦੀ ਸ਼ਰਤ ਉੱਤੇ ਫੌਜ ਵਿੱਚ ਭਰਤੀ ਹੋਏ ਸਨ। ਪਿਛਲੇ ਸਮੇਂ ਦੌਰਾਨ ਉਨ੍ਹਾਂ ਦੀ ਗਿਣਤੀ ਸਭ ਤੋਂ ਜ਼ਿਆਦਾ — 19% ਸੀ। ਜਦਕਿ 13% ਲੋਕ ਲੜਾਈ ਲਈ ਸੱਦੇ ਗਏ ਰੂਸੀ ਨਾਗਰਿਕ ਸਨ।
ਪਿਛਲੇ ਸਾਲ ਅਕਤੂਬਰ ਤੋਂ ਲੈ ਕੇ, ਹਰ ਹਫ਼ਤੇ ਮਰਨ ਵਾਲੇ ਸਵੈ-ਸੇਵੀਆਂ ਦੀਆਂ ਮੌਤਾਂ ਦੀ ਗਿਣਤੀ ਵਿੱਚ ਲਗਾਤਾਰ ਕਮੀ ਆਈ ਹੈ ਤੇ ਘਟ ਕੇ 13 ਰਹਿ ਗਈ ਹੈ। ਅਸੀਂ 110 ਸਵੈ-ਸੇਵੀਆਂ ਦੀ ਮੌਤ ਦੀ ਪੁਸ਼ਟੀ ਕਰ ਸਕੇ ਹਾਂ।
ਯੂਕਰੇਨ- ਜੰਗ ਵਿੱਚ ਮਰਨ ਵਾਲਿਆਂ ਬਾਰੇ ਦੁਰਲਭ ਹੀ ਜਾਣਕਾਰੀ ਜਾਰੀ ਕਰਦਾ ਹੈ। ਫਰਵਰੀ ਵਿੱਚ ਰਾਸ਼ਟਰਪਤੀ ਵਲੌਦੀਮੀਰ ਜ਼ੇਲੈਂਸਕੀ ਨੇ ਯੂਕਰੇਨ ਦੇ 13,000 ਸੈਨਿਕਾਂ ਦੀ ਮੌਤ ਪੁਸ਼ਟੀ ਕੀਤੀ ਸੀ। ਹਾਲਾਂਕਿ ਅਮਰੀਕੀ ਸੂਹੀਆ ਏਜੰਸੀਆਂ ਦੇ ਅਨੁਮਾਨਾਂ ਮੁਤਾਬਕ ਅਸਲ ਗਿਣਤੀ ਇਸ ਤੋਂ ਕਿਤੇ ਜ਼ਿਆਦਾ ਹੈ।
ਇੱਕ ਬਜ਼ੁਰਗ ਦੀ ਕਹਾਣੀ
ਰਿਨਾਂਤ ਖੁਸਨੀਆਰੋਵ ਅਜਿਹੇ ਹੀ ਕਈ ਸਵੈ-ਸੇਵੀਆਂ ਵਿੱਚੋਂ ਇੱਕ ਸਨ। ਉਹ ਆਪਣਾ ਗੁਜ਼ਾਰਾ ਚਲਾਉਣ ਲਈ ਇੱਕ ਟਰੈਮ ਡਿੱਪੂ ਅਤੇ ਪਲਾਈ ਵੁੱਡ ਦੀ ਫੈਕਟਰੀ ਵਿੱਚ ਦੋ-ਦੋ ਨੌਕਰੀਆਂ ਕਰ ਰਹੇ ਸਨ। ਉਹ 62 ਸਾਲ ਦੇ ਸਨ ਅਤੇ ਉਨ੍ਹਾਂ ਨੇ ਪਿਛਲੇ ਸਾਲ ਹੀ ਰੂਸ ਦੀ ਫੌਜ ਲਈ ਕਰਾਰਨਾਮੇ ਉੱਤੇ ਦਸਖ਼ਤ ਕੀਤੇ ਸਨ।
ਉਹ ਲੜਾਈ ਵਿੱਚ ਸਿਰਫ਼ ਤਿੰਨ ਮਹੀਨੇ ਹੀ ਬਚ ਸਕੇ ਅਤੇ 27 ਫਰਵਰੀ ਨੂੰ ਮਾਰੇ ਗਏ। ਸਥਾਨਕ ਮੈਮੋਰੀਅਲ ਵੈਬਸਾਈਟ ਉੱਤੇ ਉਨ੍ਹਾਂ ਦੇ ਮਰਿਤੂ ਲੇਖ ਵਿੱਚ ਉਨ੍ਹਾਂ ਨੂੰ “ਇੱਕ ਮਿਹਨਤੀ, ਭੱਦਰ ਪੁਰਸ਼” ਲਿਖਿਆ ਗਿਆ।
ਸਾਡੇ ਵੱਲੋਂ ਦੇਖੇ ਗਏ ਡੇਟਾ ਮੁਤਾਬਕ, ਰੂਸੀ ਫੌਜ ਨਾਲ ਕਰਾਰ ਕਰਨ ਵਾਲੇ ਜ਼ਿਆਦਾਤਰ ਪੁਰਸ਼ ਛੋਟੇ ਕਸਬਿਆਂ ਨਾਲ ਸੰਬੰਧਿਤ ਸਨ, ਜਿੱਥੇ ਲਗਾਤਾਰ ਅਤੇ ਚੰਗੀ ਉਜਰਤ ਵਾਲਾ ਰੁਜ਼ਗਾਰ ਮਿਲ ਸਕਣਾ ਮੁਸ਼ਕਿਲ ਹੈ।
ਜ਼ਿਆਦਾਤਰ ਆਪਣੀ ਮਰਜ਼ੀ ਨਾਲ ਭਰਤੀ ਹੋਏ ਸਨ। ਹਾਲਾਂਕਿ ਚੇਚਨੀਆ ਗਣਰਾਜ ਵਿੱਚ ਕੁਝ ਲੋਕਾਂ ਨੇ ਮਨੁੱਖੀ ਅਧਿਕਾਰ ਕਾਰਕੁਨਾਂ ਨੂੰ ਧਮਕੀਆਂ ਆਦਿ ਮਿਲਣ ਬਾਰੇ ਵੀ ਦੱਸਿਆ ਹੈ।

ਤਸਵੀਰ ਸਰੋਤ, Getty Images
ਕੁਝ ਸਵੈ-ਸੇਵੀਆਂ ਨੇ ਦੱਸਿਆ ਕਿ ਉਹ ਕਰਾਰ ਸਹੀਬੱਧ ਕਰਨ ਸਮੇਂ ਸਮਝ ਨਹੀਂ ਸਕੇ ਸਨ ਕਿ ਉਨ੍ਹਾਂ ਦੀ ਕੋਈ ਆਖਰੀ ਮਿਤੀ ਨਹੀਂ ਸੀ। ਉਦੋਂ ਤੋਂ ਹੀ ਉਨ੍ਹਾਂ ਨੇ ਕਰੈਮਲਿਨ ਪੱਖੀ ਪੱਤਰਕਾਰਾਂ ਨੂੰ ਮਦਦ ਲਈ ਪਹੁੰਚ ਕੀਤੀ ਪਰ ਕੋਸ਼ਿਸ਼ ਵਿਅਰਥ ਰਹੀ।
ਕਈ ਮਾਮਲਿਆਂ ਵਿੱਚ ਫ਼ੌਜ ਦੀ ਤਨਖ਼ਾਹ ਰੂਸ ਦੇ ਗਰੀਬ ਇਲਾਕਿਆਂ ਵਿੱਚ ਮਿਲਣ ਵਾਲੀ ਉਜਰਤ ਤੋਂ ਪੰਜ ਤੋਂ ਸੱਤ ਗੁਣਾਂ ਜ਼ਿਆਦਾ ਹੋ ਸਕਦੀ ਹੈ। ਇਸ ਤੋਂ ਇਲਾਵਾ ਫੌਜੀਆਂ ਨੂੰ ਸਮਾਜਿਕ ਲਾਭ ਮਿਲਦੇ ਹਨ। ਜਿਵੇਂ— ਬੱਚਿਆਂ ਦੀ ਸੰਭਾਲ ਅਤੇ ਟੈਕਸ ਵਿੱਚ ਕਟੌਤੀ।
ਰੂਸ ਵਿੱਚ ਫ਼ੌਜ ਨਾਲ ਕਰਾਰ ਕਰਨ ਵਾਲਿਆਂ ਨੂੰ ਕੀਤੇ ਜਾਣ ਵਾਲੇ ਉੱਕਾ-ਪੁੱਕਾ ਭੁਗਤਾਨ ਵਿੱਚ ਵੀ ਵਾਧਾ ਹੋਇਆ ਹੈ।
ਮੂਹਰਲੀ ਕਤਾਰ ਵਿੱਚ ਮਾਰੇ ਜਾਣ ਵਾਲੇ ਸਵੈ-ਸੇਵੀਆਂ ਵਿੱਚ ਜ਼ਿਆਦਾਤਰ 42 ਤੋਂ 50 ਸਾਲ ਦੀ ਉਮਰ ਦੇ ਲੋਕ ਹਨ। ਸਾਡੇ ਕੋਲ ਮੌਜੂਦ 13000 ਸਵੈ-ਸੇਵੀਆਂ ਦੀ ਸੂਚੀ ਵਿੱਚੋਂ 4100 ਲੋਕ ਇਸੇ ਉਮਰ ਵਰਗ ਦੇ ਹਨ। ਸਭ ਤੋਂ ਉਮਰ ਦਰਾਜ਼ ਸਵੈ-ਸੇਵੀ 71 ਸਾਲ ਦਾ ਸੀ ਜਦਕਿ 250 ਜਣੇ 60 ਸਾਲ ਤੋਂ ਵਡੇਰੀ ਉਮਰ ਦੇ ਸਨ।
ਸਵੈ-ਸੇਵੀਆਂ ਦੀਆਂ ਜ਼ਿਆਦਾ ਮੌਤਾਂ ਦਾ ਇੱਕ ਕਾਰਨ
ਰੂਸੀ ਸੈਨਿਕਾਂ ਨੇ ਬੀਬੀਸੀ ਨੂੰ ਦੱਸਿਆ ਕਿ ਸਵੈ-ਸੇਵੀਆਂ ਦੀਆਂ ਮੌਤਾਂ ਜ਼ਿਆਦਾ ਹੋਣ ਦਾ ਇੱਕ ਕਾਰਨ ਇਹ ਵੀ ਹੈ ਕਿ ਉਨ੍ਹਾਂ ਨੂੰ ਮੂਹਰਲੇ ਅਤੇ ਖ਼ਤਰਨਾਕ ਮੋਰਚਿਆਂ ਉੱਤੇ ਭੇਜਿਆ ਜਾਂਦਾ ਹੈ, ਜਿਵੇਂ ਦੋਨਤੇਸਕ। ਇਹ ਸਵੈ-ਸੇਵੀ ਕਮਜ਼ੋਰ ਹੋ ਰਹੀਆਂ ਯੂਨਿਟਾਂ ਨੂੰ ਰੀਇਨਫੋਰਸ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।
ਰੂਸੀ ਸੈਨਿਕਾਂ ਮੁਤਾਬਕ ਰੂਸ ਆਪਣੇ ਫੌਜੀਆਂ ਨੂੰ ਯੂਕਰੇਨੀ ਫੌਜਾਂ ਨੂੰ ਥਕਾਉਣ ਲਈ ਲਹਿਰਾਂ ਦੇ ਰੂਪ ਵਿੱਚ ਭੇਜਦਾ ਰਹਿੰਦਾ ਹੈ। ਡਰੋਨ ਫੁਟੇਜ ਤੋਂ ਦੇਖਿਆ ਜਾ ਸਕਦਾ ਹੈ ਕਿ ਰੂਸੀ ਫੌਜਾਂ ਬਿਨਾਂ ਕਿਸੇ ਉਪਕਰਣ ਅਤੇ ਤੋਪਖ਼ਾਨੇ ਦੀ ਓਟ ਦੇ ਹੀ ਯੂਕਰੇਨੀ ਫੌਜ ਨਾਲ ਲੜਨ ਲਈ ਅੱਗੇ ਕਰ ਦਿੱਤੀਆਂ ਜਾਂਦੀਆਂ ਹਨ। ਇਸ ਰਣਨੀਤੀ ਨੂੰ “ਮੀਟ ਗਰਾਈਡਿੰਗ” ਨੀਤੀ ਕਿਹਾ ਜਾਂਦਾ ਹੈ।

ਕਈ ਵਾਰ ਤਾਂ ਇੱਕ ਦਿਨ ਵਿੱਚ ਹੀ ਸੈਂਕੜੇ ਸੈਨਿਕਾਂ ਦੀ ਜਾਨ ਗਈ ਹੈ। ਪਿਛਲੇ ਹਫ਼ਤਿਆਂ ਦੌਰਾਨ, ਰੂਸੀ ਫੌਜ ਨੇ ਬੌਖਲਾਹਟ ਵਿੱਚ ਆ ਕੇ ਪੂਰਬੀ ਯੂਕਰੇਨ ਦੇ ਪੋਕਰੋਵਸਕ ਅਤੇ ਚੈਸੀਵ ਯਾਰ ਕਸਬਿਆਂ ਉੱਤੇ ਕਬਜ਼ਾ ਕਰਨ ਲਈ ਅਜਿਹੇ ਤਰੀਕਿਆਂ ਨਾਲ ਕਈ ਨਾਕਾਮ ਹਮਲੇ ਕੀਤੇ ਹਨ।
ਰੂਸ ਦੇ ਰੱਖਿਆ ਮੰਤਰਾਲੇ ਦੇ ਮਿਲਟਰੀ ਮੈਡੀਕਲ ਨਿਰਦੇਸ਼ਾਲਾ ਵੱਲੋਂ ਕੀਤੇ ਇੱਕ ਅਧਿਐਨ ਮੁਤਾਬਕ 39% ਮੌਤਾਂ ਸੱਟਾਂ ਲੱਗਣ ਕਾਰਨ ਹੁੰਦੀਆਂ ਹਨ। ਜੇ ਮੁੱਢਲੀ ਸਹਾਇਤਾ ਦੀ ਸਥਿਤੀ ਵਿੱਚ ਸੁਧਾਰ ਕਰ ਲਿਆ ਜਾਵੇ ਤਾਂ ਇਹ ਮੌਤਾਂ ਰੋਕੀਆਂ ਜਾ ਸਕਦੀਆਂ ਹਨ।
ਰੂਸ ਸਰਕਾਰ ਦੀਆਂ ਕਾਰਵਾਈਆਂ ਤੋਂ ਪਤਾ ਲਗਦਾ ਹੈ ਕਿ ਉਹ ਲੋਕਾਂ ਨੂੰ ਜੰਗ ਵਿੱਚ ਭੇਜਣ ਤੋਂ ਬਚਣਾ ਚਾਹੁੰਦੀ ਹੈ। ਸਗੋਂ ਇਹ ਇਸ ਕੰਮ ਲਈ ਸਵੈ-ਸੇਵੀਆਂ ਨੂੰ ਜ਼ਿਆਦਾ ਸੱਦਣ ਲੱਗੀ ਹੈ ਅਤੇ ਇਸ ਕੰਮ ਵਿੱਚ ਤੇਜ਼ੀ ਵੀ ਆਈ ਹੈ।
ਸਥਾਨਕ ਸੰਸਦਾਂ ਵਿੱਚ ਖੇਤਰੀ ਅਫ਼ਸਰਾਂ ਦੀਆਂ ਟਿੱਪਣੀਆਂ ਤੋਂ ਪਤਾ ਲਗਦਾ ਹੈ ਕਿ ਉਨ੍ਹਾਂ ਨੂੰ ਆਪਣੇ ਜ਼ਿਲ੍ਹਿਆਂ ਵਿੱਚੋਂ ਭਰਤੀ ਤੇਜ਼ ਕਰਨ ਦੀ ਹੁਕਮ ਮਿਲੇ ਹਨ। ਉਹ ਨੌਕਰੀ ਵਾਲੀਆਂ ਵੈਬਸਾਈਟਾਂ ਉੱਤੇ ਇਸ਼ਤਿਹਾਰ ਦਿੰਦੇ ਹਨ, ਕਰਜ਼ੇ ਵਰਗੀਆਂ ਸਮੱਸਿਆਵਾਂ ਨਾਲ ਜੂਝ ਰਹੇ ਲੋਕਾਂ ਨਾਲ ਸੰਪਰਕ ਕਰਦੇ ਹਨ। ਇਸ ਤੋਂ ਇਲਾਵਾ ਉਚੇਰੀ ਸਿੱਖਿਆ ਸੰਸਥਾਵਾਂ ਵਿੱਚ ਭਰਤੀ ਮੁਹਿੰਮਾਂ ਚਲਾਈਆਂ ਜਾਂਦੀਆਂ ਹਨ।
ਰੂਸ ਵੱਲੋਂ ਵਿਦੇਸ਼ੀ ਨਾਗਰਿਕਾਂ ਦੀ ਭਰਤੀ
ਵਿਦੇਸ਼ੀ ਨਾਗਰਿਕ ਵੀ ਰੂਸ ਵੱਲੋਂ ਲੜਦੇ ਹੋਏ ਮਾਰੇ ਗਏ ਹਨ। ਅਸੀਂ ਕਰੀਬ 272 ਅਜਿਹੇ ਲੋਕਾਂ ਦੇ ਨਾਵਾਂ ਦੀ ਤਸਦੀਕ ਕੀਤੀ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਕੇਂਦਰੀ ਏਸ਼ੀਆ— 47 ਉਜ਼ਬੇਕਿਸਤਾਨ, 51 ਤਜ਼ਾਕਿਸਤਾਨ ਅਤੇ 26 ਕਿਰਗਸਤਾਨ ਤੋਂ ਸਨ।
ਪਿਛਲੇ ਸਾਲ ਰੂਸ ਵੱਲੋਂ ਕਿਊਬਾ, ਇਰਾਕ, ਯਮਨ ਅਤੇ ਸਰਬੀਆ ਤੋਂ ਵੀ ਲੋਕ ਭਰਤੀ ਕਰਨ ਦੀਆਂ ਖ਼ਬਰਾਂ ਸਨ।
ਵਿਦੇਸ਼ੀ ਨਾਗਰਿਕ ਜੋ ਪਹਿਲਾਂ ਹੀ ਰੂਸ ਵਿੱਚ ਰਹਿ ਰਹੇ ਹਨ ਪਰ ਉਨ੍ਹਾਂ ਕੋਲ ਵੈਲਿਡ ਵਰਕ ਪਰਮਿਟ ਜਾਂ ਵੀਜ਼ੇ ਨਹੀਂ ਹਨ, ਉਹ ਸਰਕਾਰ ਲਈ ਕੰਮ ਕਰਨ ਨੂੰ ਤਿਆਰ ਹੋ ਜਾਂਦੇ ਹਨ। ਉਨ੍ਹਾਂ ਨੂੰ ਵਾਅਦਾ ਕੀਤਾ ਜਾਂਦਾ ਹੈ ਕਿ ਜੇ ਉਹ ਜੰਗ ਵਿੱਚ ਬਚ ਗਏ ਤਾਂ ਉਨ੍ਹਾਂ ਨੂੰ ਡੀਪੋਰਟ ਨਹੀਂ ਕੀਤਾ ਜਾਵੇਗਾ ਅਤੇ ਨਾਗਰਿਕਤਾ ਹਾਸਲ ਕਰਨ ਵਿੱਚ ਸਹੂਲਤ ਦਿੱਤੀ ਜਾਵੇਗੀ।
ਬਹੁਤ ਸਾਰੇ ਲੋਕਾਂ ਨੇ ਬਾਅਦ ਵਿੱਚ ਸ਼ਿਕਾਇਤ ਕੀਤੀ ਕਿ ਉਨ੍ਹਾਂ ਨੂੰ ਕਾਗਜ਼ੀ ਕਾਰਵਾਈ ਦੀ ਸਮਝ ਨਹੀਂ ਆਈ ਸੀ। ਰੂਸੀ ਨਾਗਰਿਕਾਂ ਵਾਂਗ ਹੀ ਉਨ੍ਹਾਂ ਨੇ ਵੀ ਮਦਦ ਲਈ ਮੀਡੀਆ ਦਾ ਰੁਖ ਕੀਤਾ ਹੈ।

ਤਸਵੀਰ ਸਰੋਤ, Getty Images
ਭਾਰਤ ਅਤੇ ਨੇਪਾਲ ਦੀਆਂ ਸਰਕਾਰਾਂ ਨੇ ਰੂਸ ਨੂੰ ਉਨ੍ਹਾਂ ਦੇ ਨਾਗਰਿਕਾਂ ਨੂੰ ਜੰਗ ਵਿੱਚ ਨਾ ਭੇਜਣ ਦੀ ਅਪੀਲ ਕੀਤੀ ਹੈ।
ਉਨ੍ਹਾਂ ਨੇ ਆਪਣੇ ਨਾਗਰਿਕਾਂ ਦੀਆਂ ਮ੍ਰਿਤਕ ਦੇਹਾਂ ਵੀ ਵਾਪਸ ਭੇਜਣ ਲਈ ਕਿਹਾ ਹੈ। ਅਜੇ ਤੱਕ ਇਨ੍ਹਾਂ ਅਪੀਲਾਂ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ।
ਬਹੁਤ ਸਾਰੇ ਨਵੇਂ ਰੰਗਰੂਟਾਂ ਨੇ ਉਨ੍ਹਾਂ ਨੂੰ ਦਿੱਤੀ ਗਈ ਸਿਖਲਾਈ ਦੀ ਵੀ ਆਲੋਚਨਾ ਕੀਤੀ ਹੈ। ਪਿਛਲੇ ਸਾਲ ਨਵੰਬਰ ਵਿੱਚ ਰੂਸ ਦੀ ਫ਼ੌਜ ਨਾਲ ਕਰਾਰ ਕਰਨ ਵਾਲੇ ਇੱਕ ਵਿਅਕਤੀ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੂੰ ਮੋਰਚਿਆਂ ਉੱਤੇ ਤੈਨਾਤੀ ਤੋਂ ਪਹਿਲਾਂ ਇੱਕ ਸ਼ੂਟਿੰਗ ਰੇਂਜ ਵਿੱਚ ਦੋ ਹਫ਼ਤੇ ਸਿਖਲਾਈ ਦਾ ਵਾਅਦਾ ਕੀਤਾ ਗਿਆ ਸੀ।
ਅਸਲ ਵਿੱਚ, ਲੋਕਾਂ ਨੂੰ ਸਿਰਫ ਕੁਝ ਬਹੁਤ ਘਟੀਆ ਬਣੇ ਹੋਏ ਉਪਕਰਣ ਦੇ ਕੇ ਪਰੇਡ ਗਰਾਊਂਡ ਵਿੱਚ ਸੁੱਟ ਦਿੱਤਾ ਗਿਆ।
“ਸਾਨੂੰ ਰੇਲ ਗੱਡੀਆਂ ਤੇ ਫਿਰ ਟਰੱਕਾਂ ਵਿੱਚ ਲੱਦ ਕੇ ਮੋਰਚਿਆਂ ਉੱਤੇ ਭੇਜ ਦਿੱਤਾ ਗਿਆ। ਸਾਡੇ ਵਿੱਚੋਂ ਅੱਧਿਆਂ ਨੂੰ ਸਿੱਧਾ ਸੜਕ ਤੋਂ ਚੁੱਕ ਕੇ ਲੜਾਈ ਵਿੱਚ ਸੁੱਟ ਦਿੱਤਾ ਗਿਆ। ਨਤੀਜੇ ਵਜੋਂ ਕੁਝ ਲੋਕ ਤਾਂ ਭਰਤੀ ਦਫ਼ਤਰ ਤੋਂ ਇੱਕ ਹਫ਼ਤੇ ਵਿੱਚ ਹੀ ਸਿੱਧੇ ਲੜਾਈ ਵਿੱਚ ਪਹੁੰਚ ਗਏ।”
ਸੈਮੂਏਲ ਕਰੈਨੀ-ਇਵਾਨਸ, ਬ੍ਰਿਟੇਨ ਦੇ ਰੌਇਲ ਯੂਨਾਈਟਿਡ ਸਰਵਿਸਿਜ਼ ਇੰਸਟੀਚਿਊਟ ਵਿੱਚ ਇੱਕ ਵਿਸ਼ਲੇਸ਼ਕ ਹਨ। ਉਹ ਦੱਸਦੇ ਹਨ, “ਬੁਨਿਆਦੀ ਫ਼ੌਜੀ ਕੌਸ਼ਲਾਂ ਵਿੱਚ ਕੈਮਾਫਲੌਜ ਅਤੇ ਲੁਕਣ ਜਾਂ ਰਾਤ ਨੂੰ ਚੁੱਪ-ਚੁਪੀਤੇ ਅੱਗੇ ਵਧਣ ਅਤੇ ਦਿਨ ਵਿੱਚ ਨਿਸ਼ਾਨ ਛੱਡੇ ਬਿਨਾਂ ਅੱਗੇ ਵਧਣ ਦੀ ਸਿਖਲਾਈ ਦਿੱਤੀ ਜਾਣੀ ਚਾਹੀਦੀ ਹੈ।”
ਇੱਕ ਹੋਰ ਸੈਨਿਕ ਨੇ ਬੀਬੀਸੀ ਨੂੰ ਦੱਸਿਆ ਕਿ ਉਪਕਰਣ ਵੀ ਇੱਕ ਸਮੱਸਿਆ ਹਨ। ਉਸ ਨੇ ਦੱਸਿਆ, “ਫਰਕ ਹੈ ਪਰ ਇਹ ਕੁਝ ਅਜੀਬ ਵਰਦੀਆਂ ਹਨ, ਬੂਟ ਜੋ ਇੱਕ ਦਿਨ ਵਿੱਚ ਹੀ ਟੁੱਟ ਜਾਂਦੇ ਹਨ, ਅਤੇ ਕਿੱਟ ਬੈਗ ਜਿਨ੍ਹਾਂ ਉੱਤੇ ਲਿਖਿਆ ਹੈ ਕਿ ਉਹ 20ਵੀਂ ਸਦੀ ਦੇ ਅੱਧ ਵਿੱਚ ਬਣਾਏ ਗਏ ਸਨ।”
“ਇਕ ਬੁਲਟ ਪਰੂਫ਼ ਜਾਕਟ ਅਤੇ ਇੱਕ ਸਸਤਾ ਹੈਲਮਟ। ਇਸ ਨਾਲ ਲੜਨਾ ਅਸੰਭਵ ਹੈ। ਜੇ ਤੁਸੀਂ ਬਚਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣਾ ਉਪਕਰਣ ਖ਼ਰੀਦਣਾ ਪਵੇਗਾ।”
(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)












