ਵਿਨੇਸ਼, ਹੁੱਡਾ ਤੇ ਸੈਣੀ ਨੂੰ ਕੌਣ ਦੇ ਰਿਹਾ ਹੈ ਟੱਕਰ? ਹਰਿਆਣਾ ਦੀਆਂ 5 ਸਖ਼ਤ ਮੁਕਾਬਲੇ ਵਾਲੀਆਂ ਸੀਟਾਂ ਕਿਹੜੀਆਂ ਹਨ

ਹਰਿਆਣਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹਰਿਆਣਾ ਵਿੱਚ 90 ਵਿਧਾਨ ਸਭਾ ਸੀਟਾਂ ਹਨ ਅਤੇ ਸੂਬੇ ਵਿੱਚ ਪਿਛਲੇ 10 ਸਾਲਾਂ ਤੋਂ ਭਾਰਤੀ ਜਨਤਾ ਪਾਰਟੀ ਸੱਤਾ 'ਤੇ ਕਾਬਜ਼ ਹੈ।
    • ਲੇਖਕ, ਹਰਪਿੰਦਰ ਸਿੰਘ ਟੌਹੜਾ
    • ਰੋਲ, ਬੀਬੀਸੀ ਪੱਤਰਕਾਰ

ਹਰਿਆਣਾ ਵਿੱਚ ਰਾਜਨੀਤਿਕ ਪਾਰਾ ਆਸਮਾਨੀ ਚੜਦਾ ਜਾ ਰਿਹਾ ਕਿਉਂਕਿ ਹਰਿਆਣਾ ਵਿੱਚ 5 ਅਕਤੂਬਰ ਨੂੰ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਹੋਵੇਗੀ।

ਹਰਿਆਣਾ ਵਿੱਚ 90 ਵਿਧਾਨ ਸਭਾ ਸੀਟਾਂ ਹਨ ਅਤੇ ਸੂਬੇ ਵਿੱਚ ਪਿਛਲੇ 10 ਸਾਲਾਂ ਤੋਂ ਭਾਰਤੀ ਜਨਤਾ ਪਾਰਟੀ ਸੱਤਾ 'ਤੇ ਕਾਬਜ਼ ਹੈ।

ਭਾਜਪਾ ਨੇ 2019 ਵਿੱਚ ਜੇਜੇਪੀ ਨਾਲ ਮਿਲ ਕੇ ਸਰਕਾਰ ਬਣਾਈ ਸੀ। ਦੂਜੇ ਪਾਸੇ ਕਾਂਗਰਸ ਮੁੜ ਤੋਂ ਸੱਤਾ ਹਾਸਿਲ ਕਰਨ ਲਈ ਪੂਰੀ ਵਾਹ ਲਾ ਰਹੀ ਹੈ। ਆਮ ਆਦਮੀ ਪਾਰਟੀ ਵੀ ਹਰਿਆਣਾ ਦੀਆਂ 90 ਦੀਆਂ 90 ਸੀਟਾਂ ’ਤੇ ਚੋਣ ਲੜ ਰਹੀ ਹੈ।

ਇਨੈਲੋ ਤੇ ਜੇਜੇਪੀ ਪਾਰਟੀਆਂ ਵੀ ਸੱਤਾ ਹਾਸਿਲ ਕਰਨ ਲਈ ਲੋਕਾਂ ਦਾ ਦਿਲ ਜਿੱਤਣ ਦੀ ਕੋਸ਼ਿਸ਼ ਵਿੱਚ ਲੱਗੀਆਂ ਹੋਈਆਂ ਹਨ।

ਕਿਹੜੀ ਪਾਰਟੀ ਦੀ ਜਿੱਤ ਹੋਵੇਗੀ ਇਹ ਤਾਂ 8 ਅਕਤੂਬਰ ਨੂੰ ਹੀ ਪਤਾ ਲੱਗੇਗਾ ਜਿਸ ਦਿਨ ਨਤੀਜੇ ਐਲਾਨੇ ਜਾਣਗੇ ਪਰ

ਇਸ ਰਿਪੋਰਟ ਵਿੱਚ ਗੱਲ ਕਰਾਂਗੇ ਹਰਿਆਣਾ ਦੀਆਂ 5 ਸਭ ਤੋਂ ਵੱਧ ਚਰਚਿਤ ਵਿਧਾਨ ਸਭਾ ਸੀਟਾਂ ਦੀ।

ਬੀਬੀਸੀ ਪੰਜਾਬੀ ਦਾ ਵੱਟਸਐਪ ਚੈਨਲ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਸਭ ਤੋਂ ਹੌਟ ਬਣੀ ਜੁਲਾਣਾ ਵਿਧਾਨ ਸਭਾ ਸੀਟ

ਵਿਨੇਸ਼ ਫੋਗਾਟ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜੁਲਾਣਾ ਸੀਟ ਤੋਂ ਪਹਿਲਵਾਨ ਵਿਨੇਸ਼ ਫੋਗਾਟ ਕਾਂਗਰਸ ਦੀ ਟਿਕਟ ਉਪਰ ਚੋਣ ਲੜ ਰਹੇ ਹਨ

ਹਰਿਆਣਾ ਦੀ ਜੁਲਾਣਾ ਸੀਟ ਸਭ ਤੋਂ ਚਰਚਿਤ ਸੀਟਾਂ ਵਿੱਚੋਂ ਇਕ ਹੈ ਕਿਉਂਕਿ ਜੁਲਾਣਾ ਸੀਟ ਤੋਂ ਪਹਿਲਵਾਨ ਵਿਨੇਸ਼ ਫੋਗਾਟ ਚੋਣ ਲੜ ਰਹੇ ਹਨ। ਵਿਨੇਸ਼ ਫੋਗਾਟ ਨੂੰ ਕਾਂਗਰਸ ਨੇ ਉਮੀਦਵਾਰ ਬਣਾਇਆ ਹੈ।

ਪੂਰੇ ਦੇਸ਼ ਦੀਆਂ ਨਜ਼ਰਾਂ ਇਸ ਸੀਟ ’ਤੇ ਟਿਕੀਆਂ ਹੋਈਆਂ ਹਨ। ਵਿਨੇਸ਼ ਫੋਗਾਟ ਦੇਸ਼ ਹੀ ਨਹੀਂ ਬਲਕਿ ਦੁਨੀਆਂ ਦਾ ਪ੍ਰਸਿੱਧ ਚਿਹਰਾ ਹਨ। ਵਿਨੇਸ਼ ਨੇ ਆਪਣੇ ਖੇਡ ਕਰੀਅਰ ਦੌਰਾਨ ਵਿਸ਼ਵ ਪੱਧਰ ’ਤੇ ਕਈ ਵਾਰ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ।

ਪਿਛਲੇ ਸਮੇਂ ਵਿਨੇਸ਼ ਫੋਗਾਟ ਦਿੱਲੀ ਵਿਖੇ ਹੋਏ ਪਹਿਲਵਾਨਾਂ ਦੇ ਅੰਦੋਲਨ ਤੇ ਪੈਰਿਸ ਓਲੰਪਿਕ ਵਿੱਚ 100 ਗ੍ਰਾਮ ਵੱਧ ਵਜ਼ਨ ਨਾਲ ਫਾਈਨਲ ਨਾ ਖੇਡ ਸਕਣ ਕਾਰਨ ਸੁਰਖੀਆਂ ਵਿੱਚ ਰਹੇ। ਵਿਨੇਸ਼ ਫੋਗਾਟ ਦਾ ਰਾਜਨੀਤੀ ਵਿੱਚ ਪਹਿਲਾ ਦੰਗਲ ਹੈ। ਵਿਨੇਸ਼ ਫੋਗਾਟ ਚਰਖੀ ਦਾਦਰੀ ਦੇ ਪਿੰਡ ਬਲਾਲੀ ਦੇ ਰਹਿਣ ਵਾਲੇ ਹਨ।

ਵਿਨੇਸ਼ ਫੋਟਾਗ ਦਾ ਜੁਲਾਣਾ ਨਾਲ ਸਬੰਧ ਆਪਣੇ ਸਹੁਰੇ ਪਰਿਵਾਰ ਕਰਕੇ ਹੈ। ਵਿਨੇਸ਼ ਦੇ ਸਹੁਰਿਆਂ ਦਾ ਪਿੰਡ ਬਖਤਾ ਖੇੜਾ ਜੁਲਾਣਾ ਵਿਧਾਨ ਸਭਾ ਹਲਕੇ ਵਿੱਚ ਪੈਂਦਾ ਹੈ। ਵਿਨੇਸ਼ ਫੋਗਾਟ ਨੂੰ ਟੱਕਰ ਦੇਣ ਲਈ ਭਾਰਤੀ ਜਨਤਾ ਪਾਰਟੀ ਨੇ ਕੈਪਟਨ ਯੋਗਸ਼ ਬੈਰਾਗੀ ’ਤੇ ਦਾਅ ਖੇਡਿਆ ਹੈ।

ਭਾਜਪਾ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਜਾਰੀ ਕੀਤੀ ਗਈ ਆਪਣੀ ਦੂਜੀ ਸੂਚੀ ਵਿੱਚ ਯੋਗੇਸ਼ ਬੈਰਾਗੀ ਨੂੰ ਜੁਲਾਣਾ ਸੀਟ ਤੋਂ ਉਮੀਦਵਾਰ ਐਲਾਨਿਆ ਸੀ। 35 ਸਾਲ ਦੇ ਯੋਗੇਸ਼ ਬੈਰਾਗੀ ਹਰਿਆਣਾ ਭਾਜਪਾ ਦੇ ਯੂਥ ਵਿੰਗ, ਭਾਰਤੀ ਜਨਤਾ ਯੁਵਾ ਮੋਰਚਾ ਦੇ ਉਪ ਪ੍ਰਧਾਨ ਅਤੇ ਭਾਜਪਾ ਸਪੋਰਟਸ ਸੈੱਲ ਦੇ ਸਹਿ-ਕਨਵੀਨਰ ਹਨ।

ਯੋਗੇਸ਼ ਏਅਰ ਇੰਡੀਆ ਏਅਰਲਾਇਨ ਦੇ ਕੈਪਟਨ ਰਹਿ ਚੁੱਕੇ ਹਨ। ਹਰਿਆਣਾ ਦੇ ਪਿੰਡ ਪਾਂਜੂ ਕਲਾਂ ਦੇ ਰਹਿਣ ਵਾਲੇ ਕੈਪਟਨ ਯੋਗੇਸ਼ ਬੈਰਾਗੀ ਨੇ ਚੇਨੱਈ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਰਿਲੀਫ ਅਤੇ ਰੈਸਕਿਊ ਉਡਾਣਾਂ ਭਰੀਆਂ ਸੀ। ਉਦੋਂ ਉਹ ਕਾਫੀ ਸੁਰਖੀਆਂ ਵਿੱਚ ਰਹੇ ਸਨ।

ਯੋਗੇਸ਼ ਬੈਰਾਗੀ ਕੋਵਿਡ -19 ਮਹਾਂਮਾਰੀ ਦੌਰਾਨ ਵਿਦੇਸ਼ਾਂ ਵਿੱਚ ਫਸੇ ਭਾਰਤੀ ਨਾਗਰਿਕਾਂ ਨੂੰ ਬਚਾਉਣ ਲਈ ਭਾਰਤ ਸਰਕਾਰ ਵੱਲੋਂ ਚਲਾਏ ਮਿਸ਼ਨ “ਵੰਦੇ ਭਾਰਤ” ਨਾਲ ਵੀ ਜੁੜੇ ਹੋਏ ਸਨ। ਆਮ ਆਦਮੀ ਪਾਰਟੀ ਨੇ ਵੀ ਇਸ ਸੀਟ ’ਤੇ ਵਿਨੇਸ਼ ਫੋਗਾਟ ਦੇ ਖ਼ਿਲਾਫ਼ ਪਹਿਲਵਾਨ ਨੂੰ ਉਤਾਰ ਕੇ ਵੱਡਾ ਦਾਅ ਖੇਡਿਆ ਹੈ।

'ਆਪ' ਨੇ ਭਾਰਤ ਦੀ ਪਹਿਲੀ ਮਹਿਲਾ ਪੇਸ਼ੇਵਰ ਪਹਿਲਵਾਨ ਕਵਿਤਾ ਦਲਾਲ ਨੂੰ ਉਮੀਦਵਾਰ ਬਣਾਇਆ ਹੈ। ਕਵਿਤਾ ਦਲਾਲ ਦੇ ਮੈਦਾਨ ਵਿੱਚ ਆਉਣ ਨਾਲ ਇਸ ਸੀਟ 'ਤੇ ਚੋਣ ਹੋਰ ਵੀ ਦਿਲਸਚਪ ਹੋ ਗਈ ਹੈ।

ਜੁਲਾਣਾ ਵਿਧਾਨ ਸਭਾ ਸੀਟ 'ਤੇ ਵਿਨੇਸ਼ ਫੋਗਾਟ, ਕੈਪਟਨ ਬੈਰਾਗੀ ਅਤੇ ਕਵਿਤਾ ਦਲਾਲ ਦੇ ਮੈਦਾਨ ਵਿੱਚ ਹੋਣ ਕਾਰਨ ਮੁਕਾਬਲਾ ਤਿਕੋਣਾ ਹੋਵੇਗਾ।

ਗੜੀ ਸਾਂਪਲਾ ਕਿਲੋਈ: ਹੁੱਡਾ ਦੇ ਸਾਹਮਣੇ ਕੌਣ?

ਭੁਪਿੰਦਰ ਸਿੰਘ ਹੁੱਡਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹਰਿਆਣਾ ਦੇ ਰੋਹਤਕ ਜ਼ਿਲ੍ਹੇ ਦੀ ਸਭ ਤੋਂ ਚਰਚਾ ਵਾਲੀਆਂ ਸੀਟਾਂ ਵਿੱਚੋਂ ਗੜ੍ਹੀ ਸਾਂਪਲਾ ਕਿਲੋਈ ਵਿਧਾਨ ਸਭਾ ਸੀਟ ਵੀ ਹੈ

ਹਰਿਆਣਾ ਦੇ ਰੋਹਤਕ ਜ਼ਿਲ੍ਹੇ ਦੀ ਸਭ ਤੋਂ ਚਰਚਾ ਵਾਲੀਆਂ ਸੀਟਾਂ ਵਿੱਚੋਂ ਗੜ੍ਹੀ ਸਾਂਪਲਾ ਕਿਲੋਈ ਵਿਧਾਨ ਸਭਾ ਸੀਟ ਵੀ ਹੈ ਕਿਉਂਕਿ ਇਹ ਕਾਂਗਰਸ ਦਾ ਗੜ੍ਹ ਹੈ।ਇੱਥੋਂ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਚੋਣ ਮੈਦਾਨ ਵਿੱਚ ਹਨ।

ਹੁੱਡਾ ਇਸੇ ਸੀਟ ਤੋਂ ਮੌਜੂਦਾ ਵਿਧਾਇਕ ਵੀ ਹਨ। ਭੁਪਿੰਦਰ ਸਿੰਘ ਹੁੱਡਾ 2 ਵਾਰ ਹਰਿਆਣਾ ਦੇ ਮੁੱਖ ਮੰਤਰੀ ਰਹੇ ਹਨ। ਬਿਜ਼ਨਸ ਸਟੈਂਡਰ ਦੀ ਰਿਪੋਰਟ ਮੁਤਾਬਕ ਭੁਪਿੰਦਰ ਸਿੰਘ ਹੁੱਡਾ ਮਹੱਤਵਪੂਰਨ ਜਾਟ ਨੇਤਾਵਾਂ ਵਿੱਚੋਂ ਇੱਕ ਹਨ। ਰਿਪੋਰਟ ਮੁਤਾਬਕ ਹਰਿਆਣਾ ਵਿੱਚ ਜਾਟ ਭਾਈਚਾਰਾ ਸੂਬੇ ਦੀ ਆਬਾਦੀ ਦਾ 25 ਫੀਸਦੀ ਹੈ।

ਹੁੱਡਾ ਦਾ ਸਿਆਸੀ ਕਰੀਅਰ ਪੰਜ ਦਹਾਕਿਆਂ ਦਾ ਹੈ। ਉਹ ਕਦੇ ਵੀ ਚੋਣ ਨਹੀਂ ਹਾਰੇ ਹਨ। ਇਸ ਵਾਰ ਵੀ ਭੁਪਿੰਦਰ ਸਿੰਘ ਹੁੱਡਾ ਜਿੱਤ ਲਈ ਪੂਰਾ ਜ਼ੋਰ ਲਗਾਉਂਦੇ ਹੋਏ ਦਿਖਾਈ ਵੀ ਦੇ ਰਹੇ ਹਨ। 2019 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭੁਪਿੰਦਰ ਹੁੱਡਾ ਨੇ ਭਾਜਪਾ ਦੇ ਉਮੀਦਵਾਰ ਸਤੀਸ਼ ਨਨਦਲ ਨੂੰ 58313 ਵੋਟਾਂ ਨਾਲ ਹਰਾਇਆ ਸੀ।

ਭੁਪਿੰਦਰ ਸਿੰਘ ਹੁੱਡਾ ਹਰਿਆਣਾ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਵੀ ਹਨ। ਇਸ ਵਾਰ ਭੁਪਿੰਦਰ ਹੁੱਡਾ ਦੇ ਮੁਕਾਬਲੇ ਭਾਜਪਾ ਨੇ ਰੋਹਤਕ ਜਿਲ੍ਹਾ ਪ੍ਰੀਸ਼ਦ ਦੀ ਚੇਅਰਪਰਸਨ ਮੰਜੂ ਹੁੱਡਾ ਨੂੰ ਮੈਦਾਨ ਵਿਚ ਉਤਾਰਿਆ ਹੈ। ਮੰਜੂ ਹੁੱਡਾ 'ਗੈਂਗਸਟਰ' ਰਾਜੇਸ਼ ਹੁੱਡਾ ਦੀ ਪਤਨੀ ਹਨ।

ਮੰਜੂ ਹੁੱਡਾ ਹਰਿਆਣਾ ਪੁਲਿਸ ਦੇ ਸਾਬਕਾ ਮੁਲਾਜ਼ਮ ਦੀ ਧੀ ਹਨ। ਮੰਜੂ ਹੁੱਡਾ ਦੇ ਪਤੀ ਰਾਜੇਸ਼ ਹੁੱਡਾ ਉਰਫ ਰਾਜੇਸ਼ ਗੈਂਗਸਟਰ ਰਹੇ ਹਨ। ਮੰਜੂ ਹੁੱਡਾ ਤੇ ਲੱਗੇ ਇਲਜ਼ਾਮਾਂ ਕਾਰਨ ਉਹ ਕਹਿੰਦੇ ਹਨ “ਕਿ ਜਦੋਂ ਦੀ ਮੈਂ ਸਿਆਸਤ ਵਿੱਚ ਐਂਟਰੀ ਕੀਤੀ ਹੈ ਤੇ ਉਸ ਤੋਂ 10 ਸਾਲ ਪਹਿਲਾਂ ਵੀ ਮੇਰੇ ਪਤੀ ਨੇ ਕੋਈ ਅਜਿਹਾ ਕੰਮ ਨਹੀਂ ਕੀਤਾ ਕਿ ਕਿਸੇ ਨੂੰ ਵਿਅਕਤੀਗਤ ਤੌਰ ਤੇ ਨੁਕਸਾਨ ਪਹੁੰਚਿਆ ਹੋਵੇ।”

ਇਸ ਸੀਟ ‘ਤੇ ਆਮ ਆਦਮੀ ਪਾਰਟੀ ਨੇ ਪ੍ਰਵੀਨ ਗੁਸਖਾਨੀ ਤੇ ਜੇਜੇਪੀ ਵੱਲੋਂ ਸੁਸ਼ੀਲ ਦੇਸ਼ਵਾਲ ਚੋਣ ਮੈਦਾਨ ਵਿੱਚ ਦਾਅਵੇਦਾਰੀ ਪੇਸ਼ ਕਰ ਰਹੇ ਹਨ।

ਲਾਡਵਾ ਵਿਧਾਨ ਸਭਾ ਸੀਟ 'ਤੇ ਵੀ ਟੱਕਰ

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਲਾਡਵਾ ਤੋਂ ਚੋਣ ਲੜ ਰਹੇ ਹਨ

ਹਰਿਆਣਾ ਦੀ ਲਾਡਵਾ ਵਿਧਾਨ ਸਭਾ ਸੀਟ ਵੀ ਇਸ ਵਾਰ ਕਾਫ਼ੀ ਚਰਚਾ ਵਿੱਚ ਹੈ। ਕਿਉਂਕਿ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਲਾਡਵਾ ਤੋਂ ਚੋਣ ਲੜ ਰਹੇ ਹਨ। ਨਾਇਬ ਸੈਣੀ ਕਰਨਾਲ ਤੋਂ ਮੌਜੂਦਾ ਵਿਧਾਇਕ ਹਨ। ਮਨੋਹਰ ਲਾਲ ਖੱਟਰ ਦੀ ਥਾਂ ਨਾਇਬ ਸੈਣੀ ਨੂੰ ਹਰਿਆਣਾ ਦਾ ਮੁੱਖ ਮੰਤਰੀ ਬਣਾਇਆ ਗਿਆ ਸੀ।

ਮਨੋਹਰ ਲਾਲ ਖੱਟਰ ਕਰਨਾਲ ਤੋਂ ਵਿਧਾਇਕ ਸਨ। ਉਨ੍ਹਾਂ ਨੇ ਅਸਤੀਫ਼ਾ ਦੇ ਦਿੱਤਾ ਸੀ ਅਤੇ ਲੋਕ ਸਭਾ ਚੋਣ ਲੜੀ ਸੀ। ਮਨੋਹਰ ਲਾਲ ਖੱਟਰ ਦੀ ਸੀਟ ਤੋਂ ਨਾਇਬ ਸੈਣੀ ਜ਼ਿਮਨੀ ਚੋਣ ਜਿੱਤ ਕੇ ਵਿਧਾਇਕ ਬਣੇ ਸਨ। ਨਾਇਬ ਸੈਣੀ ਲਈ ਇਹ ਸੀਟ ਸੌਖੀ ਨਹੀਂ ਰਹਿਣ ਵਾਲੀ। ਕਿਉਂਕਿ ਉਨ੍ਹਾਂ ਦਾ ਜੱਦੀ ਪਿੰਡ ਇਸ ਹਲਕੇ ਨਾਲ ਸਬੰਧਤ ਨਹੀਂ ਹੈ।

ਨਾਇਬ ਸੈਣੀ ਦੇ ਮੁਕਾਬਲੇ ਵਿੱਚ ਕਾਂਗਰਸ ਨੇ ਮੇਵਾ ਸਿੰਘ ਸੈਣੀ ਨੂੰ ਉਮੀਦਵਾਰ ਬਣਾਇਆ ਹੈ। ਮੇਵਾ ਸਿੰਘ ਸੈਣੀ ਲਾਡਵੇ ਤੋਂ ਮੌਜੂਦਾ ਵਿਧਾਇਕ ਹਨ। ਕਾਂਗਰਸ ਤੇ ਭਾਜਪਾ ਤੋਂ ਇਲਾਵਾਲ ਲਾਡਵੇ ਤੋਂ ਜੇਜੇਪੀ ਨੇ ਵਿਨੋਦ ਸ਼ਰਮਾ, ਆਮ ਆਦਮੀ ਪਾਰਟੀ ਨੇ ਆਸ਼ਾ ਪਟਾਨੀਆ ਨੂੰ ਟਿਕਟ ਦਿੱਤਾ ਹੈ। ਇਸ ਸੀਟ ਤੋਂ ਜੇਕਰ ਪਿਛਲੀ ਤਿੰਨ ਚੋਣਾਂ ਦੀ ਗੱਲ ਕਰੀਏ ਤਾਂ ਤਿੰਨੋਂ ਵਾਰ ਅਲੱਗ ਅਲੱਗ ਪਾਰਟੀਆਂ ਦੀ ਜਿੱਤ ਹੋਈ।

2009 ਵਿੱਚ ਇਨੈਲੋ ਦੇ ਸ਼ੇਰ ਸਿੰਘ ਬਰਸ਼ਾਮੀ ਨੂੰ ਜਿੱਤ ਮਿਲੀ। 2014 ਵਿੱਚ ਭਾਜਪਾ ਦੇ ਪਵਨ ਸੈਣੀ ਵਿਧਾਇਕ ਬਣੇ। 2019 ਵਿੱਚ ਕਾਂਗਰਸ ਦੇ ਮੌਜੂਦਾ ਉਮੀਦਵਾਰ ਸੇਵਾ ਸਿੰਘ ਜਿੱਤੇ ਸਨ। ਮੁੱਖ ਮੰਤਰੀ ਦੇ ਇੱਥੋਂ ਚੋਣ ਲੜਨ ਕਾਰਨ ਇਹ ਸੀਟ ਕਾਫੀ ਚਰਚਾ ਵਿੱਚ ਹੈ।

ਅੰਬਾਲਾ ਕੈਂਟ ਸੀਟ ਬਚਾਉਣੀ ਭਾਜਪਾ ਲਈ ਚੁਣੌਤੀ

ਅਨਿਲ ਵਿਜ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹਰਿਆਣਾ ਭਾਜਪਾ ਦੇ ਸੀਨੀਅਰ ਨੇਤਾ ਅਨਿਲ ਵਿੱਜ ਇਕ ਵਾਰ ਮੈਦਾਨ ਵਿੱਚ ਹਨ

ਹਰਿਆਣਾ ਦੇ ਅੰਬਾਲਾ ਕੈਂਟ ਦੀ ਵਿਧਾਨ ਸਭਾ ਸੀਟ ਵੀ ਕਾਫ਼ੀ ਅਹਿਮ ਮੰਨੀ ਜਾ ਰਹੀ ਹੈ। ਇੱਥੋਂ ਹਰਿਆਣਾ ਭਾਜਪਾ ਦੇ ਸੀਨੀਅਰ ਨੇਤਾ ਅਨਿਲ ਵਿੱਜ ਇਕ ਵਾਰ ਮੈਦਾਨ ਵਿੱਚ ਹਨ। ਅਨਿਲ ਵਿੱਜ 6 ਵਾਰ ਦੇ ਵਿਧਾਇਕ ਨੇ ਅਤੇ ਸੱਤਵੀਂ ਵਾਰ ਸਿਆਸਤ ਦੇ ਦੰਗਲ ਵਿੱਚ ਜਿੱਤਣ ਦੇ ਇਰਾਦੇ ਨਾਲ ਉੱਤਰੇ ਹਨ।

ਅਨਿਲ ਵਿੱਜ ਦੇ ਮੁਕਾਬਲੇ ਕਾਂਗਰਸ ਨੇ ਸਾਬਕਾ ਕੌਂਸਲਰ ਪਰਵਿੰਦਰ ਸਿੰਘ ਪਰੀ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ। ਪਰਵਿੰਦਰ ਸਿੰਘ ਪਰੀ ਪੁਰਾਣੇ ਕਾਂਗਰਸੀ ਹਨ । ਪਰਵਿੰਦਰ ਸਿੰਘ ਪਰੀ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਤੇ ਸੂਬਾ ਯੂਥ ਕਾਂਗਰਸ ਦੇ ਜਨਰਲ ਸਕੱਤਰ ਰਹਿ ਚੁੱਕੇ ਹਨ।

ਇਸ ਸੀਟ ਦੀ ਚਰਚਾ ਅਨਿਲ ਵਿੱਜ ਕਰਕੇ ਵੀ ਜ਼ਿਆਦਾ ਹੋ ਰਹੀ ਹੈ,ਕਿਉਂਕਿ ਅਨਿਲ ਵਿੱਜ ਨੇ ਮੁੱਖ ਮੰਤਰੀ ਅਹੁਦੇ ਦਾ ਦਾਅਵਾ ਠੋਕਿਆ ਸੀ। ਉਨ੍ਹਾਂ ਨੇ ਇਹ ਦਾਅਵਾ ਸੀਨੀਅਰ ਹੋਣ ਦੇ ਨਾਤੇ ਕੀਤਾ ਸੀ। ਹਾਲਾਂਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪਹਿਲਾਂ ਹੀ ਕਹਿ ਚੁੱਕੇ ਸਨ ਕਿ ਨਾਇਬ ਸੈਣੀ ਮੁੱਖ ਮੰਤਰੀ ਦਾ ਚਿਹਰਾ ਹੋਣਗੇ।

ਅਜਿਹੇ ਵਿੱਚ ਭਾਜਪਾ ਲਈ ਕਾਫ਼ੀ ਮੁਸ਼ਕਿਲਾਂ ਖੜੀਆਂ ਹੋ ਸਕਦੀਆਂ ਹਨ।

ਉਚਾਣਾ ਕਲਾਂ ਸੀਟ 'ਤੇ ਦੋ ਪਰਿਵਾਰਾਂ 'ਚ ਲੜਾਈ

ਦੁਸ਼ਯਿੰਤ ਚੌਟਾਲਾ ਦੀ ਪਾਰਟੀ ਜੇਜੇਪੀ ਦਾ ਜਦੋਂ ਆਜਾਦ ਸਮਾਜ ਪਾਰਟੀ ਨਾਲ ਗਠਜੋੜ ਹੋਇਆ ਸੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਸ ਵਾਰ ਜੇਜੇਪੀ ਹਰਿਆਣਾ ਵਿੱਚ ਆਜਾਦ ਸਮਾਜ ਪਾਰਟੀ (ਕਾਂਸ਼ੀਰਾਮ) ਨਾਲ ਮਿਲ ਕੇ ਚੋਣ ਲੜ ਰਹੀ ਹੈ

ਹਰਿਆਣਾ ਦੇ ਜੀਂਦ ਜਿਲ੍ਹੇ ਦੀ ਉਚਾਣਾ ਕਲਾਂ ਸੀਟ ਵੀ ਹਰਿਆਣਾ ਦੀਆਂ ਹੌਟ ਸੀਟਾਂ ਵਿਚੋਂ ਇਕ ਹੈ। ਇਹ ਸੀਟ ਤੋਂ ਹਰਿਆਣਾ ਦੇ ਸਾਬਕਾ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਆਪਣੀ ਪਾਰਟੀ ਜੇਜੇਪੀ ਵੱਲੋਂ ਇਕ ਵਾਰ ਫਿਰ ਦਾਅ ਖੇਡ ਰਹੇ ਨੇ।

ਇਸ ਵਾਰ ਜੇਜੇਪੀ ਹਰਿਆਣਾ ਵਿੱਚ ਆਜਾਦ ਸਮਾਜ ਪਾਰਟੀ (ਕਾਂਸ਼ੀਰਾਮ) ਨਾਲ ਮਿਲ ਕੇ ਚੋਣ ਲੜ ਰਹੀ ਹੈ। ਇਸ ਸੀਟ ਤੋਂ ਸਾਬਕਾ ਕੇਂਦਰੀ ਮੰਤਰੀ ਬੀਰੇਂਦਰ ਸਿੰਘ ਦੇ ਪੁੱਤਰ ਬ੍ਰਿਜੇਂਦਰ ਸਿੰਘ ਕਾਂਗਰਸ ਦੀ ਟਿਕਟ ਤੋਂ ਚੋਣਾਵੀ ਦੰਗਲ ਵਿੱਚ ਉਤਰੇ ਹਨ।

ਇਸ ਸੀਟ 'ਤੇ ਚੌਧਰੀ ਤੇ ਚੌਟਾਲਾ ਪਰਿਵਾਰਾਂ ਵਿੱਚ ਪਹਿਲਾਂ ਵੀ ਮੁਕਾਬਲਾ ਹੋ ਚੁੱਕਿਆ ਹੈ। 2019 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਦੁਸ਼ਯੰਤ ਚੌਟਾਲਾ ਨੇ ਬੀਰੇਂਦਰ ਸਿੰਘ ਦੀ ਪਤਨੀ ਅਤੇ ਬ੍ਰਿਜੇਂਦਰ ਸਿੰਘ ਦੀ ਮਾਂ ਪ੍ਰੇਮਲਤਾ ਨੂੰ ਹਰਾਇਆ ਸੀ।

ਭਾਜਪਾ ਦੀ ਗੱਲ ਕਰੀਏ ਤਾਂ ਉਸਨੇ ਦੇਵੇਂਦਰ ਅੱਤਰੀ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਆਮ ਆਦਮੀ ਪਾਰਟੀ ਨੇ ਪਵਨ ਫੌਜੀ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਇਸ ਲਈ ਇਹ ਸੀਟ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)