ਅੰਮ੍ਰਿਤਾ ਪ੍ਰੀਤਮ ਦਾ ਘਰ ਕਿਵੇਂ ਬਣਿਆ ਸੀ ਲੇਖਕ ਗੁਲਜ਼ਾਰ ਸਿੰਘ ਸੰਧੂ ਦੇ ਵਿਆਹ ਦਾ ਸਬੱਬ

ਗੁਲਜ਼ਾਰ ਸੰਧੂ ਅਤੇ ਉਨ੍ਹਾਂ ਦੀ ਪਤਨੀ ਡਾਕਟਰ ਸੁਰਜੀਤ ਕੌਰ
ਤਸਵੀਰ ਕੈਪਸ਼ਨ, ਗੁਲਜ਼ਾਰ ਸੰਧੂ ਅਤੇ ਉਨ੍ਹਾਂ ਦੀ ਪਤਨੀ ਡਾਕਟਰ ਸੁਰਜੀਤ ਕੌਰ
    • ਲੇਖਕ, ਨਵਦੀਪ ਕੌਰ ਗਰੇਵਾਲ
    • ਰੋਲ, ਬੀਬੀਸੀ ਸਹਿਯੋਗੀ

ਆਪਣੇ ਨਾਮ ਦੀ ਤਰ੍ਹਾਂ ਉਨ੍ਹਾਂ ਦਾ ਜੀਵਨ ਅਤੇ ਜਿਉਣ ਦਾ ਢੰਗ ਵੀ ਗੁਲਜ਼ਾਰ ਹੀ ਰਿਹਾ ਹੈ।

ਗੁਲਜ਼ਾਰ ਸਿੰਘ ਸੰਧੂ ਪੰਜਾਬੀ ਦੇ ਉੱਘੇ ਸਾਹਿਤਕਾਰ ਹੋਣ ਦੇ ਨਾਲ-ਨਾਲ ਪੰਜਾਬੀ ਟ੍ਰਿਬਿਊਨ ਤੇ ਦੇਸ਼ ਸੇਵਕ ਵਰਗੇ ਅਖ਼ਬਾਰਾਂ ਦੇ ਸੰਪਾਦਕ ਰਹਿ ਚੁੱਕੇ ਹਨ।

ਉਹ ਭਾਰਤ ਸਰਕਾਰ ਦੇ ਪੇਂਡੂ ਵਿਕਾਸ ਮੰਤਰਾਲੇ ਵਿੱਚ ਡਾਇਰੈਕਟਰ ਪਬਲਿਕ ਕੋਆਪਰੇਸ਼ਨ ਵੀ ਰਹੇ।

ਇਸ ਤੋਂ ਇਲਾਵਾ ਉਨ੍ਹਾਂ ਦੇ ਹਿੱਸੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸੰਚਾਰ ਵਿਭਾਗ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੱਤਰਕਾਰਤਾ ਵਿਭਾਗ ਦੀ ਅਗਵਾਈ ਕਰਨਾ ਵੀ ਆਇਆ।

ਗੁਲਜ਼ਾਰ ਸਿੰਘ ਸੰਧੂ ਨੂੰ ਕਈ ਸਨਮਾਨ ਮਿਲੇ ਜਿਨ੍ਹਾਂ ਵਿੱਚ ਸਾਲ 1982 'ਚ ਮਿਲਿਆ ਸਾਹਿਤ ਅਕਾਦਮੀ ਪੁਰਸਕਾਰ ਵੀ ਸ਼ਾਮਲ ਹੈ।

ਆਪਣੇ ਉਮਰ ਦੇ ਨੱਬਵੇਂ ਦਹਾਕੇ ਵਿੱਚ ਪਹੁੰਚ ਕੇ ਵੀ ਗੁਲਜ਼ਾਰ ਸਿੰਘ ਸੰਧੂ ਦਾ ਅਜੀਤ ਅਖ਼ਬਾਰ ਲਈ ਕਾਲਮ 'ਨਿੱਕ-ਸੁੱਕ' ਜਾਰੀ ਹੈ।

ਹਾਈ ਸਕੂਲ ਵਿੱਚ ਸਾਇੰਸ ਤੋਂ ਪੰਜਾਬੀ ਵੱਲ ਮੁੜੇ

ਗੁਲਜਾਰ ਸੰਧੂ
ਤਸਵੀਰ ਕੈਪਸ਼ਨ, ਗੁਲਜਾਰ ਸੰਧੂ ਨਾਵਲ ਲਿਖਣ ਲਈ ਇਕਾਂਤ ਭਰਿਆ ਮਾਹੌਲ ਪਸੰਦ ਕਰਦੇ ਹਨ

ਗੁਲਜ਼ਾਰ ਸਿੰਘ ਸੰਧੂ ਦਾ ਜਨਮ ਤਹਿਸੀਲ ਸਮਰਾਲਾ ਵਿੱਚ ਖੰਨਾ ਨੇੜੇ ਉਨ੍ਹਾਂ ਦੇ ਨਾਨਕੇ ਪਿੰਡ ਕੋਟਲ਼ਾ ਬਾਡਲਾ ਵਿਖੇ ਹੋਇਆ ਸੀ।

ਨਾਨਕੇ ਪਿੰਡ ਵਿੱਚ ਹੀ ਉਨ੍ਹਾਂ ਦਾ ਬਚਪਨ ਬੀਤਿਆ ਅਤੇ ਮੁੱਢਲੀ ਸਕੂਲੀ ਪੜ੍ਹਾਈ ਵੀ ਉੱਥੋਂ ਦੇ ਸਕੂਲ ਵਿੱਚ ਹੀ ਹੋਈ।

ਨੌਵੀਂ ਜਮਾਤ ਤੋਂ ਉਹ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਮਾਲ੍ਹਪੁਰ ਦੇ ਨੇੜੇ ਪੈਂਦੇ ਆਪਣੇ ਦਾਦਕੇ ਪਿੰਡ ਸੂਨੀ ਵਿੱਚ ਆ ਗਏ।

ਹਾਈ ਸਕੂਲ ਦੀ ਪੜ੍ਹਾਈ ਮਾਲ੍ਹਪੁਰ ਤੋਂ ਪੂਰੀ ਕੀਤੀ ਅਤੇ ਮਾਲ੍ਹਪੁਰ ਦੇ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਤੋਂ ਗ੍ਰੈਜੁਏਸ਼ਨ ਕੀਤੀ। ਇਸ ਤੋਂ ਬਾਅਦ ਅਗਲੀ ਪੜ੍ਹਾਈ ਲਈ ਉਹ ਦਿੱਲੀ ਆਪਣੀ ਮਾਂ ਦੇ ਚਚੇਰੇ ਭਰਾ ਕੋਲ ਚਲੇ ਗਏ।

ਗੁਲਜ਼ਾਰ ਸਿੰਘ ਸੰਧੂ ਨੇ ਦੱਸਿਆ ਕਿ ਹਾਈ ਸਕੂਲ ਵਿੱਚ ਉਨ੍ਹਾਂ ਨੇ ਆਪਣੇ ਇੱਕ ਤਾਏ ਦੇ ਕਹਿਣ 'ਤੇ ਸਾਇੰਸ ਵਿਸ਼ਾ ਚੁਣ ਲਿਆ ਪਰ ਬਾਅਦ ਵਿੱਚ ਸਾਇੰਸ ਮਾਸਟਰ ਨੇ ਉਨ੍ਹਾਂ ਨੂੰ ਸਾਇੰਸ ਦੀ ਬਜਾਇ ਪੰਜਾਬੀ ਵਿਸ਼ਾ ਪੜ੍ਹਣ ਲਈ ਕਿਹਾ।

ਸੰਧੂ ਨੇ ਕਿਹਾ, "ਸਾਇੰਸ ਦੇ ਮਾਸਟਰ ਬਖਤੌਰ ਸਿੰਘ ਨੇ ਮੈਨੂੰ ਪੰਜਾਬੀ ਪੜ੍ਹਣ ਲਾ ਦਿੱਤਾ ਅਤੇ ਮੈਂ ਪੰਜਾਬੀ ਦਾ ਲੇਖਕ ਬਣ ਗਿਆ।"

ਗੁਲਜ਼ਾਰ ਸਿੰਘ ਸੰਧੂ ਦਾ ਸਾਹਿਤਕ ਸਫ਼ਰ

 ਗੁਲਜ਼ਾਰ ਸੰਧੂ

ਤਸਵੀਰ ਸਰੋਤ, Gulzar singh sandhu

ਤਸਵੀਰ ਕੈਪਸ਼ਨ, ਅੰਮ੍ਰਿਤਾ ਪ੍ਰੀਤਮ ਅਤੇ ਬਲਵੰਤ ਗਾਰਗੀ ਨਾਲ ਗੁਲਜ਼ਾਰ ਸੰਧੂ ਦੀ ਇੱਕ ਤਸਵੀਰ

ਗੁਲਜ਼ਾਰ ਸੰਧੂ ਨੇ ਕਵਿਤਾਵਾਂ, ਕਹਾਣੀਆਂ, ਨਾਵਲ ਅਤੇ ਸਫ਼ਰਨਾਮੇ ਵੀ ਲਿਖੇ ਹਨ। ਅਖ਼ਬਾਰਾਂ ਵਿੱਚ ਲੇਖ ਅਤੇ ਕਾਲਮ ਵੀ ਉਨ੍ਹਾਂ ਦੀ ਕਲਮ ਤੋਂ ਨਿਕਲਦੇ ਰਹੇ ਹਨ।

ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ 'ਅਮਰ ਕਥਾ' ਤੋਂ ਇਲਾਵਾ 25 ਦੇਸ਼ 75 ਗੱਲਾਂ, ਗੋਰੀ ਹਿਰਨੀ, ਮਿਸ ਸੌਫ਼ਟ, ਤਵਿਆਂ ਦਾ ਮੁਤਬੰਨਾ ਉਨ੍ਹਾਂ ਦੀਆਂ ਰਚਨਾਵਾਂ ਵਿੱਚੋਂ ਖ਼ਾਸ ਨਾਮ ਹਨ।

ਉਨ੍ਹਾਂ ਦੀ ਸਵੈ-ਜੀਵਨੀ ਦਾ ਨਾਮ 'ਬਿਨ ਮਾਂਗੇ ਮੋਤੀ ਮਿਲੇ' ਹੈ। ਗੁਲਜ਼ਾਰ ਸਿੰਘ ਸੰਧੂ ਨੇ ਕਈ ਪ੍ਰਸਿੱਧ ਕਿਤਾਬਾਂ ਦਾ ਪੰਜਾਬੀ ਤਰਜਮਾ ਵੀ ਕੀਤਾ।

ਸੰਧੂ ਅਕਸਰ ਕਹਿੰਦੇ ਹਨ ਕਿ ਭਾਵੇਂ ਖ਼ੁਦ ਉਹ ਲੇਖਕ ਹਨ, ਪਰ ਉਨ੍ਹਾਂ ਨੂੰ ਪੜ੍ਹਣ ਦਾ ਬਹੁਤਾ ਸ਼ੌਕ ਨਹੀਂ ਹੈ। ਉਹ ਹੋਰ ਲੇਖਕਾਂ ਦਾ ਲਿਖਿਆ ਬਹੁਤ ਘੱਟ ਪੜ੍ਹਦੇ ਹਨ।

ਗੁਲਜ਼ਾਰ ਸੰਧੂ

ਉਹ ਕਹਿੰਦੇ ਹਨ, "ਮੈਂ ਕਈ ਵਾਰ ਹਾਸੇ ਵਿੱਚ ਕਹਿੰਦਾ ਹਾਂ ਕਿ ਕਿਉਂਕਿ ਮੈਂ ਪੜ੍ਹਦਾ ਨਹੀਂ, ਇਸ ਲਈ ਮੈਂ ਕਿਸੇ ਦੀ ਨਕਲ ਵੀ ਨਹੀਂ ਕਰਦਾ। ਜੋ ਲਿਖਦਾ ਹਾਂ ਮੇਰਾ ਹੀ ਹੁੰਦਾ ਹੈ।"

"ਜਿੰਨਾ ਚਿਰ ਕਿਸੇ ਸਥਿਤੀ ਨੂੰ ਖ਼ੁਦ ਨਾ ਭਾਂਪਿਆ ਹੋਵੇ, ਨਾ ਦੇਖਿਆ-ਸਮਝਿਆ ਹੋਵੇ ਜਾਂ ਨਾ ਹੰਢਾਇਆ ਹੋਵੇ ਉਸ ਨੂੰ ਮੈਂ ਨਹੀਂ ਲਿਖਦਾ।"

ਗੁਲਜ਼ਾਰ ਸਿੰਘ ਸੰਧੂ ਦੱਸਦੇ ਹਨ ਕਿ ਉਹ ਕਾਲਮ ਜਾਂ ਲੇਖ ਵਗੈਰਾ ਤਾਂ ਕਿਤੇ ਵੀ ਲਿਖ ਲੈਂਦੇ ਹਨ, ਪਰ ਜਦੋਂ ਕੋਈ ਨਾਵਲ ਲਿਖਣਾ ਹੋਵੇ ਤਾਂ ਅਕਸਰ ਪਹਾੜਾਂ ਵਿੱਚ ਜਾ ਕੇ ਰਹਿੰਦੇ ਹਨ।

ਉਨ੍ਹਾਂ ਦੱਸਿਆ ਕਿ ਕਈ ਵਾਰ ਉਹ ਖੁਸ਼ਵੰਤ ਸਿੰਘ ਹੁਰਾਂ ਦੀ ਕਸੌਲੀ ਸਥਿਤ ਰਿਹਾਇਸ਼ ਵਿੱਚ ਜਾ ਕੇ ਵੀ ਰਹਿੰਦੇ ਸਨ।

ਬਾਅਦ ਵਿੱਚ ਉਨ੍ਹਾਂ ਨੇ ਹਿਮਾਚਲ ਪ੍ਰਦੇਸ਼ ਦੇ ਧਰਮਪੁਰ ਵਿੱਚ ਆਪਣਾ ਕੌਟੇਜ ਬਣਵਾ ਲਿਆ ਅਤੇ ਜਦੋਂ ਕੁਝ ਖ਼ਾਸ ਲਿਖਣਾ ਹੁੰਦਾ ਹੈ ਤਾਂ ਅਕਸਰ ਉੱਥੇ ਹੀ ਜਾ ਕੇ ਰਹਿੰਦੇ ਹਨ ਤਾਂ ਕਿ ਉਨ੍ਹਾਂ ਨੂੰ ਇਕਾਂਤ ਅਤੇ ਸ਼ਾਂਤ ਵਾਤਾਵਰਣ ਮਿਲ ਸਕੇ।

ਅੰਮ੍ਰਿਤਾ ਪ੍ਰੀਤਮ ਦੇ ਘਰ ਹੋਈ ਪਤਨੀ ਨਾਲ ਪਹਿਲੀ ਮੁਲਾਕਾਤ

ਗੁਲਜ਼ਾਰ ਸਿੰਘ ਸੰਧੂ ਅਤੇ ਡਾਕਟਰ ਸੁਰਜੀਤ ਕੌਰ

ਤਸਵੀਰ ਸਰੋਤ, Gulzar Sandhu

ਤਸਵੀਰ ਕੈਪਸ਼ਨ, ਗੁਲਜ਼ਾਰ ਸਿੰਘ ਸੰਧੂ ਸਾਹਮਣੇ ਡਾਕਟਰ ਸੁਰਜੀਤ ਕੌਰ ਨੇ ਵਿਆਹ ਲਈ ਦੋ ਸ਼ਰਤਾਂ ਰੱਖੀਆਂ ਸਨ ਕਿ ਮਾਂ ਉਨ੍ਹਾਂ ਦੇ ਨਾਲ ਰਹਿਣਗੇ ਅਤੇ ਦੂਜਾ ਉਹ ਬੱਚੇ ਪੈਦਾ ਨਹੀਂ ਕਰਨਗੇ

ਗੁਲਜ਼ਾਰ ਸਿੰਘ ਸੰਧੂ ਦੀ ਪਤਨੀ ਡਾਕਟਰ ਸੁਰਜੀਤ ਕੌਰ ਸੰਧੂ ਪਬਲਿਕ ਹੈਲਥ ਅਤੇ ਫੈਮਿਲੀ ਪਲਾਨਿੰਗ ਵਿਭਾਗਾਂ ਵਿੱਚ ਵੱਡੇ ਅਹੁਦਿਆਂ 'ਤੇ ਰਹਿ ਚੁੱਕੇ ਹਨ। ਉਹ ਗੁਲਜ਼ਾਰ ਸੰਧੂ ਤੋਂ ਉਮਰ ਵਿੱਚ ਚਾਰ ਸਾਲ ਵੱਡੇ ਹਨ।

ਦੋਵਾਂ ਦੀ ਮੁਲਾਕਾਤ ਗੁਲਜ਼ਾਰ ਸੰਧੂ ਦੇ ਇੱਕ ਦੋਸਤ ਬ੍ਰਿਜੇਸ਼ ਜ਼ਰੀਏ ਹੋਈ ਸੀ ਜੋ ਕਿ ਫੈਮਿਲੀ ਪਲਾਨਿੰਗ ਇੰਸਟੀਚਿਊਟ ਵਿੱਚ ਡਾਕਟਰ ਸੁਰਜੀਤ ਕੌਰ ਦੇ ਅਧੀਨ ਕੰਮ ਕਰਦੇ ਸਨ।

ਸੰਧੂ ਨੇ ਦੱਸਿਆ, "ਫੈਮਿਲੀ ਪਲਾਨਿੰਗ ਸੰਸਥਾ ਨੂੰ ਦਫ਼ਤਰ ਲਈ ਹੋਰ ਜਗ੍ਹਾ ਕਿਰਾਏ 'ਤੇ ਚਾਹੀਦੀ ਸੀ। ਮੈਂ ਬ੍ਰਿਜੇਸ਼ ਨੂੰ ਦੱਸਿਆ ਕਿ ਅੰਮ੍ਰਿਤਾ ਪ੍ਰੀਤਮ ਆਪਣੇ ਘਰ ਦਾ ਕੁਝ ਹਿੱਸਾ ਕਿਰਾਏ ਦੇ ਦੇਣਾ ਚਾਹੁੰਦੇ ਹਨ।"

"ਬ੍ਰਿਜੇਸ਼, ਡਾਕਟਰ ਸੁਰਜੀਤ ਕੌਰ ਨੂੰ ਲੈ ਕੇ ਅੰਮ੍ਰਿਤਾ ਦਾ ਘਰ ਦੇਖਣ ਆਇਆ ਜਿੱਥੇ ਸਾਡੀ ਪਹਿਲੀ ਮੁਲਾਕਾਤ ਹੋਈ। ਹਾਲਾਂਕਿ ਬਾਅਦ ਵਿੱਚ ਉਹ ਕਮਰੇ ਕਿਰਾਏ 'ਤੇ ਲੈਣ ਦਾ ਸਬੱਬ ਨਹੀਂ ਬਣ ਸਕਿਆ।"

ਡਾਕਟਰ ਸੁਰਜੀਤ ਕੌਰ ਕਿਉਂਕਿ ਪਰਿਵਾਰ ਵਿੱਚ ਪਹਿਲੀ ਧੀ ਸਨ ਜਿਨ੍ਹਾਂ ਨੂੰ ਉੱਚ ਸਿੱਖਿਆ ਅਤੇ ਕਰੀਅਰ ਬਣਾਉਣ ਦਾ ਮੌਕਾ ਮਿਲਿਆ ਸੀ ਇਸ ਲਈ ਉਹ ਵਿਆਹ ਨਹੀਂ ਕਰਾਉਣਾ ਚਾਹੁੰਦੇ ਸਨ।

ਜਦੋਂ ਗੁਲਜ਼ਾਰ ਸਿੰਘ ਸੰਧੂ ਨੇ ਡਾਕਟਰ ਸੁਰਜੀਤ ਕੌਰ ਅੱਗੇ ਵਿਆਹ ਦਾ ਪ੍ਰਸਤਾਅ ਰੱਖਿਆ ਤਾਂ ਸੁਰਜੀਤ ਦੀਆਂ ਦੀਆਂ ਦੋ ਸ਼ਰਤਾਂ ਸਨ।

ਪਹਿਲੀ ਸ਼ਰਤ ਇਹ ਸੀ ਕਿ ਦੀ ਮਾਂ ਉਨ੍ਹਾਂ ਦੇ ਨਾਲ ਰਹਿਣਗੇ ਅਤੇ ਦੂਜੀ ਸ਼ਰਤ ਇਹ ਸੀ ਕਿ ਉਹ ਬੱਚੇ ਪੈਦਾ ਨਹੀਂ ਕਰਨਗੇ ਅਤੇ ਆਪਣੇ ਕਰੀਅਰ ਨੂੰ ਸਮਾਂ ਦੇਣਗੇ।

ਗੁਲਜ਼ਾਰ ਸਿੰਘ ਸੰਧੂ ਨੇ ਦੋਵੇਂ ਸ਼ਰਤਾਂ ਮੰਨੀਆਂ ਅਤੇ ਨਿਭਾਈਆਂ। ਦੋਵਾਂ ਦਾ ਵਿਆਹ ਸਾਲ 1966 ਵਿੱਚ ਹੋਇਆ ਸੀ।

ਹਾਲਾਂਕਿ ਗੁਲਜ਼ਾਰ ਸੰਧੂ ਨੂੰ ਇਹ ਵਾਅਦਾ ਨਿਭਾਉਣ ਵਿੱਚ ਕੁਝ ਚੁਣੌਤੀਆਂ ਵੀ ਆਈਆਂ।

ਗੁਲਜ਼ਾਰ ਸੰਧੂ ਨੇ ਦੱਸਿਆ ਕਿ ਕਈ ਵਾਰ ਰਿਸ਼ਤੇਦਾਰ ਜਾਂ ਪਿੰਡ ਵਾਲੇ ਉਨ੍ਹਾਂ ਨੂੰ ਬੱਚੇ ਪੈਦਾ ਕਰਨ ਲਈ ਦੂਜਾ ਵਿਆਹ ਕਰਨ ਦੀ ਸਲਾਹ ਦਿੰਦੇ ਸਨ ਪਰ ਸੰਧੂ ਮੁਤਾਬਕ ਉਨ੍ਹਾਂ ਨੂੰ ਕਦੇ ਵੀ ਦੂਜੇ ਵਿਆਹ ਦਾ ਖ਼ਿਆਲ ਪਸੰਦ ਨਹੀਂ ਆਇਆ।

ਇਹ ਵੀ ਪੜ੍ਹੋ-

ਪੱਤਰਕਾਰਤਾ ਵਿੱਚ ਸਮੇਂ ਨਾਲ ਆਈ ਤਬਦੀਲੀ

ਗੁਲਜ਼ਾਰ ਸਿੰਘ ਸੰਧੂ ਪੰਜਾਬੀ ਟ੍ਰਿਬਿਊਨ ਅਤੇ ਦੇਸ਼ ਸੇਵਕ ਜਿਹੇ ਪੰਜਾਬ ਦੇ ਨਾਮੀਂ ਅਖਬਾਰਾਂ ਦੇ ਸੰਪਾਦਕ ਰਹੇ ਹਨ।

ਪੱਤਰਕਾਰਤਾ ਵਿੱਚ ਉਨ੍ਹਾਂ ਦਾ ਤਜ਼ਰਬਾ ਵੀ ਬਹੁਤ ਵੱਡਾ ਹੈ। ਉਹ 1984 ਤੋਂ 1987 ਤੱਕ ਪੰਜਾਬੀ ਟ੍ਰਿਬਿਊਨ ਵਿੱਚ ਰਹੇ।

ਉਨ੍ਹਾਂ ਕਿਹਾ ਕਿ ਜੋ ਤਬਦੀਲੀ ਉਸ ਦੌਰ ਦੇ ਮੁਕਾਬਲੇ ਹੁਣ ਦੇ ਅਖ਼ਬਾਰਾਂ ਵਿੱਚ ਉਹ ਦੇਖ ਰਹੇ ਹਨ, ਉਹ ਇਸ਼ਤਿਹਾਰਬਾਜ਼ੀ ਨੂੰ ਲੈ ਕੇ ਹੈ।

ਡਾਕਟਰ ਸੁਰਜੀਤ ਕੌਰ
ਤਸਵੀਰ ਕੈਪਸ਼ਨ, ਡਾਕਟਰ ਸੁਰਜੀਤ ਕੌਰ ਨੂੰ ਗੁਲਜ਼ਾਰ ਸੰਧੂ ਪਹਿਲੀ ਵਾਰ ਦਿੱਲੀ ਵਿੱਚ ਅੰਮ੍ਰਿਤਾ ਪ੍ਰੀਤਮ ਦੇ ਘਰ ਮਿਲੇ ਸਨ

ਗੁਲਜ਼ਾਰ ਸਿੰਘ ਸੰਧੂ ਕਹਿੰਦੇ ਹਨ, " ਉਸ ਵੇਲੇ ਹਦਾਇਤ ਹੁੰਦੀ ਸੀ ਕਿ ਅਖ਼ਬਾਰ ਦੇ ਫਰੰਟ ਪੇਜ਼ 'ਤੇ ਇੱਕ ਚੌਥਾਈ ਹਿੱਸੇ ਤੋਂ ਵੱਧ ਇਸ਼ਤਿਹਾਰ ਨਹੀਂ ਹੋਣਾ ਚਾਹੀਦਾ। ਜਾਂ ਤਾਂ ਇਸ਼ਤਿਹਾਰ ਅਖੀਰਲੇ ਪੰਨਿਆਂ 'ਤੇ ਹੁੰਦੇ ਸੀ ਜਾਂ ਵਿਚਕਾਰ।"

"ਜੇ ਕੋਈ ਬਹੁਤ ਪੈਸੇ ਦੇ ਕੇ ਫਰੰਟ ਪੇਜ਼ 'ਤੇ ਇਸ਼ਤਿਹਾਰ ਲਗਵਾਉਣਾ ਵੀ ਚਾਹੁੰਦਾ ਸੀ ਤਾਂ ਉਹ ਚੌਥੇ ਹਿੱਸੇ ਤੋਂ ਵੱਧ ਨਹੀਂ ਹੁੰਦਾ ਸੀ। ਪਰ ਅੱਜ ਕੱਲ੍ਹ ਪਹਿਲੇ ਤਿੰਨ-ਤਿੰਨ ਪੰਨੇ ਕਈ ਵਾਰ ਸਿਰਫ਼ ਇਸ਼ਤਿਹਾਰ ਹੀ ਹੁੰਦੇ ਹਨ।"

ਗੁਲਜ਼ਾਰ ਸਿੰਘ ਸੰਧੂ ਨੇ ਕਿਹਾ ਕਿ ਉਹ ਮਹਿਸੂਸ ਕਰਦੇ ਹਨ ਕਿ ਡਿਜੀਟਲ ਮੀਡੀਆ ਆਉਣ ਕਾਰਨ ਪ੍ਰਿੰਟ ਮੀਡੀਆ ਦੀ ਕਦਰ ਘੱਟ ਗਈ ਹੈ।

ਉਹ ਇਹ ਵੀ ਮੰਨਦੇ ਹਨ ਕਿ ਫ਼ੋਨ ਤੋਂ ਖ਼ਬਰ ਭਾਵੇਂ ਪਤਾ ਲੱਗ ਜਾਵੇ, ਪਰ ਡੂੰਘਾਈ ਵਿੱਚ ਜਾਨਣ ਦੀ ਤਸੱਲੀ ਪ੍ਰਿੰਟ ਵਿੱਚ ਪੜ੍ਹ ਕੇ ਹੀ ਹੁੰਦੀ ਹੈ।

ਜਦੋਂ ਪ੍ਰਕਾਸ਼ ਸਿੰਘ ਬਾਦਲ, ਸੰਧੂ ਦੇ ਘਰ ਆਏ

ਗੁਲਜ਼ਾਰ ਸਿੰਘ ਸੰਧੂ ਨੇ ਕਿਹਾ ਕਿ ਅਕਸਰ ਕਈ ਸਿਆਸੀ ਆਗੂ ਵੱਡੇ ਅਖ਼ਬਾਰਾਂ ਦੇ ਸੰਪਾਦਕਾਂ ਨੂੰ ਮਿਲਣ ਆਉਂਦੇ ਰਹਿੰਦੇ ਸਨ।

ਉਨ੍ਹਾਂ ਦੱਸਿਆ ਕਿ ਜਦੋਂ ਉਹ ਦੇਸ਼ ਸੇਵਕ ਦੇ ਸੰਪਾਦਕ ਸਨ ਤਾਂ ਇੱਕ ਵਾਰ ਪ੍ਰਕਾਸ਼ ਸਿੰਘ ਬਾਦਲ ਸੈਕਟਰ 36 ਸਥਿਤ ਉਨ੍ਹਾਂ ਦੇ ਘਰ ਦੀਵਾਲੀ ਦੀ ਮਿਠਾਈ ਲੈ ਕੇ ਆਏ। ਸੁਖਬੀਰ ਸਿੰਘ ਬਾਦਲ ਵੀ ਉਨ੍ਹਾਂ ਦੇ ਨਾਲ ਸਨ।

ਸੰਧੂ ਨੇ ਦੱਸਿਆ, "ਉਨ੍ਹਾਂ ਦੇ ਆਉਣ ਤੋਂ ਦੋ ਘੰਟੇ ਪਹਿਲਾਂ ਸਕਿਉਰਟੀ ਨੇ ਘਰ ਦੇ ਆਲੇ-ਦੁਆਲੇ ਦਾ ਮੁਆਇਨਾ ਕੀਤਾ। ਪ੍ਰਕਾਸ਼ ਸਿੰਘ ਬਾਦਲ ਕਮਰੇ ਵਿੱਚ ਮੇਰੇ ਨਾਲ ਗੱਲਾਂ-ਬਾਤਾਂ ਕਰਨ ਤੋਂ ਬਾਅਦ ਜਦੋਂ ਜਾਣ ਲੱਗੇ ਤਾਂ ਵਿਹੜੇ ਵਿੱਚ ਬੈਠੇ ਮੇਰੇ ਪਿਤਾ ਜੀ ਦੇ ਪੈਰੀਂ ਹੱਥ ਲਗਾਏ। ਬਾਪੂ ਜੀ ਨੇ ਵੀ ਪਿਆਰ ਦਿੱਤਾ।"

"ਫਿਰ ਬਾਪੂ ਜੀ ਪਿੰਡ ਜਾਣ ਦੀ ਜ਼ਿੱਦ ਕਰਨ ਲੱਗੇ ਅਤੇ ਸਾਰੇ ਪਿੰਡ ਨੂੰ ਦੱਸ ਕੇ ਆਏ ਕਿ ਪ੍ਰਕਾਸ਼ ਸਿੰਘ ਬਾਦਲ ਮੇਰੇ ਪੈਰੀਂ ਹੱਥ ਲਗਾ ਕੇ ਗਿਆ ਹੈ। ਮੇਰੇ ਪੁੱਤ ਨੂੰ ਮਿਲਣ ਆਇਆ ਸੀ।"

ਗੁਲਜ਼ਾਰ ਸੰਧੂ ਨੇ ਦੱਸਿਆ ਕਿ ਪੰਜਾਬੀ ਟ੍ਰਿਬਿਊਨ ਦੀ ਨੌਕਰੀ ਵੇਲੇ ਸੁਰਜੀਤ ਸਿੰਘ ਬਰਨਾਲਾ ਵੀ ਉਨ੍ਹਾਂ ਦੇ ਘਰ ਆ ਕੇ ਗਏ ਸਨ।

ਉਨ੍ਹਾਂ ਕਿਹਾ, "ਕਦੇ ਉਹ ਲੀਡਰ ਉਨ੍ਹਾਂ ਦੀ ਮਰਜ਼ੀ ਦੀ ਖ਼ਬਰ ਲਈ ਦਬਾਅ ਨਹੀਂ ਪਾਉਂਦੇ ਸਨ। ਇਹ ਸੰਪਾਦਕਾਂ ਲਈ ਇੱਕ 'ਕਰਟਸੀ ਵਿਜ਼ਟ' ਹੁੰਦੀ ਸੀ।"

ਅੱਜ-ਕੱਲ੍ਹ ਗੁਲਜ਼ਾਰ ਸਿੰਘ ਸੰਧੂ ਕੀ ਲਿਖ ਰਹੇ ਹਨ?

ਗੁਲਜ਼ਾਰ ਸਿੰਘ ਸੰਧੂ 92 ਸਾਲ ਦੇ ਹੋਣ ਵਾਲੇ ਹਨ।

ਉਹ ਹੱਸਦਿਆਂ ਕਹਿੰਦੇ ਹਨ, "ਮੈਨੂੰ ਲੱਗਦਾ ਹੈ ਰੱਬ ਨੂੰ ਅਲਜ਼ਾਈਮਰ (ਭੁੱਲਣ ਦੀ ਬਿਮਾਰੀ) ਹੋ ਗਿਆ ਹੈ। ਮੇਰੇ ਤੋਂ ਛੋਟੀ ਉਮਰ ਦਿਆਂ ਨੂੰ ਲੈ ਗਿਆ ਹੈ, ਮੈਨੂੰ ਭੁੱਲੀ ਬੈਠਾ ਹੈ। ਹੁਣ ਮੇਰੀਆਂ ਕੋਈ ਖਵਾਹਿਸ਼ਾਂ ਨਹੀਂ ਹਨ।"

"ਮੈਂ ਸਭ ਕੰਮ ਪੂਰੇ ਕਰ ਲਏ ਹਨ। ਕਾਲਮ ਵੀ ਖ਼ੁਦ ਨੂੰ ਰੁੱਝੇ ਰੱਖਣ ਲਈ ਲਿਖਦਾ ਹਾਂ।"

ਸੰਧੂ ਜੋੜੇ ਦੇ ਆਪਣੇ ਬੱਚੇ ਨਾ ਹੋਣ ਦੇ ਫ਼ੈਸਲੇ ਕਾਰਨ ਉਨ੍ਹਾਂ ਨੇ ਚੰਡੀਗੜ੍ਹ ਸਥਿਤ ਆਪਣਾ ਘਰ ਕੁਝ ਸਮਾਂ ਪਹਿਲਾਂ ਆਪਣੀਆਂ ਭੈਣਾਂ ਨੂੰ ਵੇਚ ਦਿੱਤਾ ਸੀ।

ਸੰਧੂ ਕਹਿੰਦੇ ਹਨ, "ਸਾਡੇ ਤੋਂ ਬਾਅਦ ਇਹ ਦਾ ਘਰ ਮੇਰੀਆਂ ਭੈਣਾਂ ਦਾ ਹੋਏਗਾ।"

ਕੀ ਗੁਲਜ਼ਾਰ ਸਿੰਘ ਸੰਧੂ ਹੁਣ ਵੀ ਕੋਈ ਕਿਤਾਬ ਲਿਖ ਰਹੇ ਹਨ?

ਇਸ ਸਵਾਲ ਉੱਤੇ ਉਹ ਕਹਿੰਦੇ ਹਨ, "ਇੱਕ ਨਾਵਲ ਸੋਚਿਆ ਹੋਇਆ ਹੈ ਜੋ ਵੰਡ ਵੇਲੇ ਮੁਸਲਮਾਨ ਪਰਿਵਾਰ ਤੋਂ ਵਿੱਛੜੇ ਇੱਕ ਬੱਚੇ ਬਾਰੇ ਹੈ ਜੋ ਸਾਡੇ ਪਰਿਵਾਰ ਨੇ ਪਾਲਿਆ ਸੀ। ਪਰ ਇਹ ਨਾਵਲ ਮੈਂ ਮਾਰਚ ਤੋਂ ਬਾਅਦ ਧਰਮਪੁਰ ਵਾਲੇ ਕੌਟੇਜ ਵਿੱਚ ਜਾ ਕੇ ਲਿਖਾਂਗਾ।"

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)