ਜਸਵੀਨ ਸੰਘਾ: ਪ੍ਰਾਈਵੇਟ ਜੈੱਟ 'ਤੇ ਸਫਰ ਕਰਨ ਵਾਲੀ ਕਰੋੜਪਤੀ ਪਰਿਵਾਰ ਦੀ ਧੀ, ਕਿਵੇਂ ਬਣ ਗਈ 'ਡਰੱਗ ਮਾਫੀਆ'

ਤਸਵੀਰ ਸਰੋਤ, Courtesy of Zanc
- ਲੇਖਕ, ਬੇਨ ਬ੍ਰਾਇੰਟ
- ਰੋਲ, ਬੀਬੀਸੀ ਪੱਤਰਕਾਰ
ਦੂਰੋਂ ਦੇਖਣ 'ਤੇ ਉਹ ਅਜਿਹੇ ਔਰਤ ਲਗਦੇ ਸਨ ਜਿਨ੍ਹਾਂ ਕੋਲ ਸਭ ਕੁਝ ਸੀ। ਇੱਕ ਅਮੀਰ ਪਰਿਵਾਰ ਵਿੱਚ ਪਾਲਣ-ਪੋਸ਼ਣ, ਚੰਗੀ ਸਿੱਖਿਆ ਅਤੇ ਦੋਸਤਾਂ ਦਾ ਵੱਡਾ ਸਰਕਲ।
ਪਰ ਜਸਵੀਨ ਸੰਘਾ ਦਾ ਇੱਕ ਡੂੰਘਾ ਰਾਜ਼ ਸੀ, ਜਿਸ ਬਾਰੇ ਉਨ੍ਹਾਂ ਦੇ ਕੁਝ ਸਭ ਤੋਂ ਕਰੀਬੀ ਦੋਸਤਾਂ ਦਾ ਕਹਿਣਾ ਹੈ ਕਿ ਸੰਘਾ ਨੇ ਇਹ ਰਾਜ਼ ਉਨ੍ਹਾਂ ਤੋਂ ਵੀ ਲੁਕਾ ਕੇ ਰੱਖਿਆ।
ਜਸਵੀਨ ਸੰਘਾ ਬ੍ਰਿਟਿਸ਼-ਅਮਰੀਕੀ ਮੂਲ ਦੇ ਨਾਗਰਿਕ ਹਨ, ਜੋ ਹਾਲੀਵੁੱਡ ਦੇ ਅਮੀਰ ਅਤੇ ਮਸ਼ਹੂਰ ਲੋਕਾਂ ਨੂੰ ਡਰੱਗਜ਼ ਸਪਲਾਈ ਕਰਦੇ ਸੀ। ਉਹ ਕੋਕੇਨ, ਜ਼ੈਨੈਕਸ, ਨਕਲੀ ਐਡਰਾਲ ਗੋਲੀਆਂ ਅਤੇ ਕੇਟਾਮੀਨ ਵਰਗੀਆਂ ਡਰੱਗਜ਼ ਦਾ 'ਸਟੈਸ਼ ਹਾਊਸ' ਚਲਾਉਂਦੇ ਸੀ।
ਉਨ੍ਹਾਂ ਦਾ ਇਹ ਕਾਰੋਬਾਰ ਅਤੇ ਉਨ੍ਹਾਂ ਨਾਲ ਜੁੜੀ ਚਮਕ ਦਮਕ ਵਾਲੀ ਜ਼ਿੰਦਗੀ ਦਾ ਵਹਿਮ ਅਚਾਨਕ ਉਦੋਂ ਖ਼ਤਮ ਹੋ ਗਿਆ ਜਦੋਂ ਉਨ੍ਹਾਂ ਨੇ ਕੇਟਾਮੀਨ ਦੀਆਂ 50 ਸ਼ੀਸ਼ੀਆਂ ਸਪਲਾਈ ਕੀਤੀਆਂ। ਇਹ ਸ਼ੀਸ਼ੀਆਂ ਮਸ਼ਹੂਰ ਸਿਟਕਾਮ ਫ੍ਰੈਂਡਜ਼ ਦੇ ਅਦਾਕਾਰ ਮੈਥਿਊ ਪੈਰੀ ਨੂੰ ਵੇਚੀਆਂ ਗਈਆਂ ਸਨ। ਇਨ੍ਹਾਂ ਵਿੱਚ ਉਹ ਡੋਜ਼ ਵੀ ਸ਼ਾਮਲ ਸੀ ਜਿਸ ਦੇ ਓਵਰਡੋਜ਼ ਨਾਲ 2023 ਵਿੱਚ ਮੈਥਿਊ ਪੈਰੀ ਦੀ ਮੌਤ ਹੋ ਗਈ ਸੀ।
ਹੁਣ ਸੰਘਾ ਉਨ੍ਹਾਂ ਪੰਜ ਲੋਕਾਂ ਵਿੱਚ ਸ਼ਾਮਲ ਹਨ, ਜਿਨ੍ਹਾਂ ਵਿੱਚ ਦੋ ਡਾਕਟਰ ਵੀ ਹਨ, ਜਿਨ੍ਹਾਂ ਨੂੰ ਪੈਰੀ ਦੀ ਮੌਤ ਨਾਲ ਜੁੜੇ ਅਪਰਾਧਾਂ ਵਿੱਚ ਦੋਸ਼ੀ ਪਾਇਆ ਗਿਆ ਹੈ।
ਫਰਵਰੀ ਵਿੱਚ ਸੰਘਾ ਨੂੰ ਇਸ ਕੇਸ ਦੇ ਆਖ਼ਰੀ ਦੋਸ਼ੀ ਵਜੋਂ ਸਜ਼ਾ ਸੁਣਾਈ ਜਾਵੇਗੀ, ਜਿਸ ਰਾਹੀਂ ਲਾਸ ਏਂਜਲਸ ਵਿੱਚ ਕੇਟਾਮੀਨ ਦੇ ਇੱਕ ਅੰਡਰਗਰਾਊਂਡ ਡਰੱਗ ਨੈੱਟਵਰਕ ਦਾ ਪਤਾ ਚੱਲਿਆ ਸੀ। ਉਨ੍ਹਾਂ ਨੂੰ ਫੈਡਰਲ ਜੇਲ੍ਹ ਵਿੱਚ ਵੱਧ ਤੋਂ ਵੱਧ 65 ਸਾਲ ਦੀ ਸਜ਼ਾ ਹੋ ਸਕਦੀ ਹੈ।

ਸੋਸ਼ਲ ਮੀਡੀਆ ਇਨਫਲੂਐਂਸਰ ਵਾਲੀ ਪਛਾਣ ਬਣਾਈ ਰੱਖੀ'
ਪੈਰੀ ਦੀ ਮੌਤ ਦੇ ਸਮੇਂ ਡਰੱਗ ਇਨਫੋਰਸਮੈਂਟ ਐਡਮਿਨਿਸਟ੍ਰੇਸ਼ਨ ਦੇ ਲਾਸ ਏਂਜਲਸ ਦਫ਼ਤਰ ਦੇ ਸਪੈਸ਼ਲ ਏਜੰਟ ਇੰਚਾਰਜ ਬਿਲ ਬੋਡਨਰ ਨੇ ਬੀਬੀਸੀ ਨੂੰ ਦੱਸਿਆ, ''ਸੰਘਾ ਕਾਫ਼ੀ ਪੜ੍ਹੇ-ਲਿਖੇ ਸੀ, ਜਿਨ੍ਹਾਂ ਨੇ ਡਰੱਗਜ਼ ਦੀ ਤਸਕਰੀ ਕਰਕੇ ਆਪਣੀ ਕਮਾਈ ਕਰਨ ਦਾ ਫੈਸਲਾ ਕੀਤਾ ਅਤੇ ਉਸ ਪੈਸੇ ਨਾਲ ਸੋਸ਼ਲ ਮੀਡੀਆ ਇਨਫਲੂਐਂਸਰ ਦੀ ਪਛਾਣ ਬਣਾਈ ਰੱਖੀ।''
ਬਿਲ ਬੋਡਨਰ ਕਹਿੰਦੇ ਹਨ, "ਸੰਘਾ ਹਾਲੀਵੁੱਡ ਦੇ ਅਮੀਰ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਾਲਾ ਇੱਕ ਬਹੁਤ ਵੱਡਾ ਡਰੱਗ ਤਸਕਰੀ ਦਾ ਆਪਰੇਸ਼ਨ ਚਲਾ ਰਹੇ ਸੀ।"
ਪ੍ਰੌਸੀਕਿਊਟਰਾਂ ਨੇ ਦੱਸਿਆ ਕਿ ਪੈਰੀ ਡਿਪਰੈਸ਼ਨ ਦੇ ਇਲਾਜ ਲਈ ਕਾਨੂੰਨੀ ਤੌਰ 'ਤੇ ਡਾਕਟਰਾਂ ਦੁਆਰਾ ਦਿੱਤੀ ਗਈ ਤੈਅ ਮਾਤਰਾ ਵਿੱਚ ਕੇਟਾਮੀਨ ਲੈ ਰਹੇ ਸਨ, ਪਰ ਬਾਅਦ ਵਿੱਚ ਉਹ ਡਾਕਟਰਾਂ ਦੀ ਇਜਾਜ਼ਤ ਤੋਂ ਜ਼ਿਆਦਾ ਕੇਟਾਮੀਨ ਦੀ ਮਾਤਰਾ ਚਾਹੁਣ ਲੱਗੇ।
ਫੈਡਰਲ ਜਾਂਚ ਨਾਲ ਜੁੜੇ ਅਦਾਲਤੀ ਦਸਤਾਵੇਜ਼ਾਂ ਤੋਂ ਪਤਾ ਚੱਲਦਾ ਹੈ ਕਿ ਇਸ ਚਾਹਤ ਕਾਰਨ ਉਹ ਕਈ ਡਾਕਟਰਾਂ ਕੋਲ ਗਏ ਅਤੇ ਫਿਰ ਇੱਕ ਡੀਲਰ ਤੱਕ ਪਹੁੰਚੇ, ਜੋ ਇੱਕ ਵਿਚੋਲੇ ਰਾਹੀਂ ਸੰਘਾ ਤੋਂ ਡਰੱਗਜ਼ ਲੈਂਦਾ ਸੀ।
ਉਨ੍ਹਾਂ ਦੇ ਵਕੀਲ ਮਾਰਕ ਗੇਰਾਗੋਸ ਕਹਿੰਦੇ ਹਨ ਕਿ ਸੰਘਾ ਆਪਣੀ ਜ਼ਿੰਮੇਵਾਰੀ ਸਵੀਕਾਰ ਕਰ ਰਹੇ ਹਨ, ਪਰ ਉਹ ਇਸ ਗੱਲ ਤੋਂ ਇਨਕਾਰ ਕਰਦੇ ਨੇ ਕਿ ਉਨ੍ਹਾਂ ਨੂੰ ਪੈਰੀ ਬਾਰੇ ਕੋਈ ਜਾਣਕਾਰੀ ਸੀ।
ਮੈਥਿਊ ਪੈਰੀ ਲੰਬੇ ਸਮੇਂ ਤੱਕ ਚੱਲਣ ਵਾਲੇ ਸਿਟਕਾਮ ਫ੍ਰੈਂਡਜ਼ ਵਿੱਚ ਚੈਂਡਲਰ ਬਿੰਗ ਦਾ ਕਿਰਦਾਰ ਨਿਭਾਉਣ ਲਈ ਸਭ ਤੋਂ ਜ਼ਿਆਦਾ ਮਸ਼ਹੂਰ ਸਨ।
ਸੰਘਾ ਦੇ ਦੋਸ਼ ਕਬੂਲ ਕਰਨ ਤੋਂ ਬਾਅਦ ਉਨ੍ਹਾਂ ਦੇ ਵਕੀਲ ਗੇਰਾਗੋਸ ਨੇ ਪੱਤਰਕਾਰਾਂ ਨੂੰ ਕਿਹਾ, "ਸੰਘਾ ਨੂੰ ਬਹੁਤ ਬੁਰਾ ਲੱਗ ਰਿਹਾ ਹੈ। ਉਨ੍ਹਾਂ ਨੂੰ ਪਹਿਲੇ ਦਿਨ ਤੋਂ ਹੀ ਬਹੁਤ ਬੁਰਾ ਲੱਗ ਰਿਹਾ ਹੈ।"
ਗੇਰਾਗੋਸ ਅੱਗੇ ਕਹਿੰਦੇ ਹਨ, "ਇਹ ਉਨ੍ਹਾਂ ਲਈ ਇੱਕ ਭਿਆਨਕ ਅਨੁਭਵ ਰਿਹਾ ਹੈ।"

ਸੰਘਾ ਆਪਣੀ ਦੋਹਰੀ ਜ਼ਿੰਦਗੀ ਕਿਵੇਂ ਜਿਉਂਦੇ ਸੀ?
ਪੈਰੀ ਦੀ ਮੌਤ ਤੋਂ ਕੁਝ ਹਫ਼ਤੇ ਪਹਿਲਾਂ, ਸੰਘਾ ਨੇ ਆਪਣੇ ਪੁਰਾਣੇ ਦੋਸਤ ਟੋਨੀ ਮਾਰਕੇਜ਼ ਨਾਲ ਫ਼ੋਨ 'ਤੇ ਗੱਲ ਕੀਤੀ ਸੀ।
ਟੋਨੀ ਮਾਰਕੇਜ਼ ਅਤੇ ਸੰਘਾ ਨਾਲ ਜੁੜੇ ਕੁਝ ਹੋਰ ਲੋਕਾਂ ਨੇ ਬੀਬੀਸੀ ਅਤੇ ਪ੍ਰੈਜ਼ੈਂਟਰ ਅੰਬਰ ਹੱਕ ਨਾਲ ਗੱਲ ਕੀਤੀ, ਜੋ ਆਈਪਲੇਅਰ 'ਤੇ ਆਉਣ ਵਾਲੀ ਇੱਕ ਡਾਕੂਮੈਂਟਰੀ ਦਾ ਹਿੱਸਾ ਹਨ।
ਇਹ ਡਾਕੂਮੈਂਟਰੀ ਪੈਰੀ ਦੀ ਮੌਤ ਦੇ ਹਾਲਾਤਾਂ ਦੀ ਜਾਂਚ ਕਰਦੀ ਹੈ। ਇਹ ਪਹਿਲੀ ਵਾਰ ਹੈ ਜਦੋਂ ਉਨ੍ਹਾਂ ਦੇ ਦੋਸਤਾਂ ਨੇ ਦੁਨੀਆ ਭਰ ਵਿੱਚ 'ਕੇਟਾਮੀਨ ਕੁਈਨ' ਦੇ ਨਾਮ ਨਾਲ ਮਸ਼ਹੂਰ ਜਸਵੀਨ ਸੰਘਾ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ।
'ਪ੍ਰਾਈਵੇਟ ਜੈੱਟ ਰਾਹੀਂ ਦੁਨੀਆ ਘੁੰਮਦੇ ਸਨ'
ਸੰਘਾ ਅਤੇ ਮਾਰਕੇਜ਼ ਲਗਭਗ 2010 ਤੋਂ ਇੱਕ-ਦੂਜੇ ਨੂੰ ਜਾਣਦੇ ਸਨ। ਮਾਰਕੇਜ਼ ਨੇ ਕਿਹਾ ਕਿ ਉਹ ਉਨ੍ਹਾਂ ਦੀ ਫੈਮਿਲੀ ਨੂੰ ਵੀ ਮਿਲ ਚੁੱਕੇ ਹਨ। ਸੰਘਾ ਵਾਂਗ, ਮਾਰਕੇਜ਼ ਵੀ ਲਾਸ ਏਂਜਲਸ ਦੀ ਪਾਰਟੀ ਲਾਈਫ਼ ਵਿੱਚ ਅਕਸਰ ਸ਼ਾਮਲ ਰਹਿੰਦੇ ਸਨ।
ਟੋਨੀ ਮਾਰਕੇਜ਼ ਨੂੰ ਵੀ ਡਰੱਗਜ਼ ਨਾਲ ਜੁੜੀਆਂ ਕਾਨੂੰਨੀ ਪਰੇਸ਼ਾਨੀਆਂ ਹੋਈਆਂ ਹਨ। ਉਨ੍ਹਾਂ ਨੂੰ ਪਹਿਲਾਂ ਨਸ਼ਾ ਤਸਕਰੀ ਦਾ ਦੋਸ਼ੀ ਠਹਿਰਾਇਆ ਜਾ ਚੁੱਕਾ ਹੈ। ਪਰ ਦੋਵਾਂ ਦੀ ਲੰਬੀ ਦੋਸਤੀ ਦੇ ਬਾਵਜੂਦ, ਮਾਰਕੇਜ਼ ਦਾ ਕਹਿਣਾ ਹੈ ਕਿ ਸੰਘਾ ਨੇ ਕਦੇ ਨਹੀਂ ਦੱਸਿਆ ਕਿ ਉਹ ਡੂੰਘੇ ਸੰਕਟ ਵਿੱਚ ਹੈ।
ਕੁਝ ਮਹੀਨੇ ਪਹਿਲਾਂ ਹੀ ਪੁਲਿਸ ਨੇ ਉਨ੍ਹਾਂ ਦੇ ਨੌਰਥ ਹਾਲੀਵੁੱਡ ਵਾਲੇ ਘਰ 'ਤੇ ਛਾਪਾ ਮਾਰਿਆ ਸੀ, ਜਿਸ ਨੂੰ ਸਰਕਾਰੀ ਵਕੀਲਾਂ ਨੇ 'ਸਟੈਸ਼ ਹਾਊਸ' ਕਿਹਾ ਸੀ।
ਜਸ਼ ਨੇਗਾਂਧੀ ਨੇ 2001 ਵਿੱਚ ਯੂਨੀਵਰਸਿਟੀ ਆਫ਼ ਕੈਲੀਫੋਰਨੀਆ, ਇਰਵਾਈਨ ਵਿੱਚ ਸੰਘਾ ਨਾਲ ਪੜ੍ਹਾਈ ਕੀਤੀ ਸੀ ਅਤੇ ਉਨ੍ਹਾਂ ਦੀ ਸੰਘਾ ਨਾਲ ਦੋਸਤੀ 20 ਸਾਲਾਂ ਤੋਂ ਵੀ ਜ਼ਿਆਦਾ ਪੁਰਾਣੀ ਹੈ।
ਨੇਗਾਂਧੀ, ਸੰਘਾ ਬਾਰੇ ਯਾਦ ਕਰਦੇ ਹਨ, "ਉਹ ਡਾਂਸ ਮਿਊਜ਼ਿਕ ਸੀਨ ਵਿੱਚ ਬਹੁਤ ਸਰਗਰਮ ਸਨ। ਉਨ੍ਹਾਂ ਨੂੰ ਡਾਂਸ ਕਰਨਾ ਅਤੇ ਮਸਤੀ ਕਰਨਾ ਬਹੁਤ ਪਸੰਦ ਸੀ।"
ਨੇਗਾਂਧੀ ਦਾ ਕਹਿਣਾ ਹੈ ਕਿ ਜਦੋਂ ਪਤਾ ਲੱਗਾ ਕਿ ਉਨ੍ਹਾਂ ਦੀ ਦੋਸਤ ਡਰੱਗ ਡੀਲਰ ਹੈ, ਤਾਂ ਉਹ ਹੈਰਾਨ ਰਹਿ ਗਏ। ਉਹ ਕਹਿੰਦੇ ਹਨ, "ਮੈਨੂੰ ਕੁਝ ਨਹੀਂ ਪਤਾ ਸੀ, ਬਿਲਕੁਲ ਕੁਝ ਨਹੀਂ। ਉਨ੍ਹਾਂ ਨੇ ਇਸ ਬਾਰੇ ਕਦੇ ਗੱਲ ਨਹੀਂ ਕੀਤੀ।"
ਜ਼ਿਆਦਾਤਰ ਦੋਸਤਾਂ ਨੂੰ ਤਾਂ ਇਹੀ ਲੱਗਦਾ ਸੀ ਕਿ ਉਸ ਨੂੰ ਪੈਸੇ ਦੀ ਜ਼ਰੂਰਤ ਹੀ ਨਹੀਂ ਹੈ।
ਮਾਰਕੇਜ਼ ਕਹਿੰਦੇ ਹਨ, "ਉਨ੍ਹਾਂ ਕੋਲ ਹਮੇਸ਼ਾ ਪੈਸੇ ਰਹਿੰਦੇ ਸਨ। ਉਹ ਪ੍ਰਾਈਵੇਟ ਜੈੱਟ ਰਾਹੀਂ ਦੁਨੀਆ ਘੁੰਮਦੇ ਸਨ ਅਤੇ ਇਹ ਸਭ ਕੁਝ ਸਾਹਮਣੇ ਆਉਣ ਤੋਂ ਬਹੁਤ ਪਹਿਲਾਂ ਤੋਂ ਉਹ ਕਰ ਰਹੀ ਸੀ।"

ਅਮੀਰ ਖ਼ਾਨਦਾਨ ਦੀ ਧੀ
ਟਾਈਮਜ਼ ਅਨੁਸਾਰ, ਸੰਘਾ ਦੇ ਦਾਦਾ-ਦਾਦੀ ਈਸਟ ਲੰਦਨ ਵਿੱਚ ਫੈਸ਼ਨ ਰਿਟੇਲ ਦੇ ਮਲਟੀਮਿਲੀਅਨੇਅਰ ਸਨ ਅਤੇ ਸੰਘਾ ਉੱਦਮੀ ਨੀਲਮ ਸਿੰਘ ਅਤੇ ਡਾਕਟਰ ਬਲਜੀਤ ਸਿੰਘ ਸ਼ੋਕਰ ਦੀ ਧੀ ਹੈ। ਸੰਘਾ ਨੂੰ ਪਰਿਵਾਰ ਦੀ ਜਾਇਦਾਦ ਵਿਰਾਸਤ ਵਿੱਚ ਮਿਲਣੀ ਸੀ।
ਉਨ੍ਹਾਂ ਦੀ ਮਾਂ ਨੇ ਦੋ ਵਾਰ ਵਿਆਹ ਕਰਵਾਇਆ, ਜਿਸ ਤੋਂ ਬਾਅਦ ਉਹ ਕੈਲੀਫੋਰਨੀਆ ਦੇ ਕੈਲਾਬਾਸਾਸ ਵਿੱਚ ਚਲੇ ਗਏ, ਜਿੱਥੇ ਸੰਘਾ ਵੱਡੀ ਹੋਈ। ਮਾਰਕੇਜ਼ ਦੇ ਮੁਤਾਬਕ, ਲਾਸ ਏਂਜਲਸ ਵਿੱਚ ਉਨ੍ਹਾਂ ਦਾ ਪਰਿਵਾਰਕ ਘਰ 'ਬਹੁਤ ਸੁੰਦਰ' ਅਤੇ 'ਵੱਡਾ' ਹੈ।
ਮਾਰਕੇਜ਼ ਦੱਸਦੇ ਹਨ, "ਅਸੀਂ ਉਨ੍ਹਾਂ ਦੇ ਮਾਤਾ-ਪਿਤਾ ਦੇ ਘਰ ਬਾਰਬੇਕਿਊ ਜਾਂ ਪੂਲ ਪਾਰਟੀ ਕਰਦੇ ਸੀ। ਉਹ ਬਹੁਤ ਦੇਖਭਾਲ ਕਰਨ ਵਾਲੇ ਅਤੇ ਪਿਆਰ ਕਰਨ ਵਾਲੇ ਹਨ ਅਤੇ ਸਾਨੂੰ ਅਜਿਹਾ ਲੱਗਦਾ ਸੀ ਜਿਵੇਂ ਅਸੀਂ ਉਨ੍ਹਾਂ ਦੇ ਆਪਣੇ ਬੱਚੇ ਹਾਂ।"
ਹਾਈ ਸਕੂਲ ਤੋਂ ਬਾਅਦ ਸੰਘਾ ਨੇ ਕੁਝ ਸਮਾਂ ਲੰਡਨ ਵਿੱਚ ਬਿਤਾਇਆ ਅਤੇ 2010 ਵਿੱਚ ਲੰਡਨ ਦੇ ਹਲਟ ਇੰਟਰਨੈਸ਼ਨਲ ਬਿਜ਼ਨਸ ਸਕੂਲ ਤੋਂ ਐੱਮਬੀਏ ਦੀ ਡਿਗਰੀ ਲਈ।
ਤਸਵੀਰਾਂ ਵਿੱਚ ਉਨ੍ਹਾਂ ਨੂੰ 2010 ਵਿੱਚ ਫਾਈਨੈਂਸ਼ੀਅਲ ਟਾਈਮਜ਼ ਦੀ ਵਿਜ਼ਿਟ ਦੌਰਾਨ ਕਾਲੇ ਸੂਟ ਵਿੱਚ ਸਿੱਧੇ ਵਾਲਾਂ ਨਾਲ ਕੈਮਰੇ ਵੱਲ ਮਿੱਠੀ ਮੁਸਕਾਨ ਨਾਲ ਦੇਖਿਆ ਜਾ ਸਕਦਾ ਹੈ।
ਸੰਘਾ ਬਾਰੇ ਉਨ੍ਹਾਂ ਦੇ ਕਲਾਸਮੇਟ ਦੱਸਦੇ ਹਨ, "ਉਹ ਚਾਲਬਾਜ਼ ਵਰਗੇ ਨਹੀਂ ਲੱਗਦੇ ਸਨ।"
"ਸੰਘਾ ਦੋਸਤਾਨਾ ਸੁਭਾਅ ਵਾਲੇ ਸਨ, ਹਾਲਾਂਕਿ ਥੋੜ੍ਹਾ ਵੱਖਰਾ ਰਹਿੰਦੇ ਸੀ। ਉਹ ਕਲਾਸ ਵਿੱਚ ਡਿਜ਼ਾਈਨਰ ਕੱਪੜੇ ਪਾਉਂਦੇ ਸੀ ਅਤੇ ਘੁੰਮਣਾ-ਫਿਰਨਾ ਪਸੰਦ ਕਰਦੇ ਸਨ। ਡਰੱਗਜ਼ ਵਿੱਚ ਸ਼ਾਮਲ ਹੋਣ ਦੀ ਕੋਈ ਅਫ਼ਵਾਹ ਨਹੀਂ ਸੀ।"
ਉਹ ਅੱਗੇ ਕਹਿੰਦੇ ਹਨ, "ਜੇਕਰ ਹਲਟ ਵਿੱਚ ਉਹ ਡਰੱਗਜ਼ ਲੈਂਦੇ ਤਾਂ ਸ਼ਾਇਦ ਸਾਨੂੰ ਪਤਾ ਚੱਲ ਜਾਂਦਾ।"
ਐੱਮਬੀਏ ਪੂਰਾ ਕਰਨ ਦੇ ਤੁਰੰਤ ਬਾਅਦ ਉਹ ਲਾਸ ਏਂਜਲਸ ਵਾਪਸ ਆ ਗਏ। ਸੰਘਾ ਦੇ ਮਾਤਾ ਅਤੇ ਮਤਰੇਏ ਪਿਤਾ ਕੈਲੀਫੋਰਨੀਆ ਵਿੱਚ ਕੇਐੱਫਸੀ ਫਰੈਂਚਾਇਜ਼ੀ ਚਲਾਉਂਦੇ ਸਨ।
ਕੋਰਟ ਦਸਤਾਵੇਜ਼ਾਂ ਤੋਂ ਪਤਾ ਚੱਲਦਾ ਹੈ ਕਿ 2013 ਵਿੱਚ ਕੰਪਨੀ ਨੇ ਉਨ੍ਹਾਂ 'ਤੇ ਬ੍ਰਾਂਡਿੰਗ ਦੀ ਵਰਤੋਂ ਲਈ ਰਾਇਲਟੀ ਨਾਂ ਚੁਕਾਉਣ 'ਤੇ $50,000 ਡਾਲਰ ਤੋਂ ਜ਼ਿਆਦਾ ਦਾ ਮੁਕੱਦਮਾ ਕੀਤਾ ਸੀ। ਸੰਘਾ ਦੇ ਮਤਰੇਏ ਪਿਤਾ ਨੇ ਕੇਸ ਖ਼ਤਮ ਹੋਣ ਤੋਂ ਪਹਿਲਾਂ ਦੀਵਾਲੀਆ ਘੋਸ਼ਿਤ ਕਰ ਦਿੱਤਾ। ਜੇਕਰ ਉਸ ਦੌਰਾਨ ਸੰਘਾ ਦਾ ਪਰਿਵਾਰ ਆਰਥਿਕ ਤੰਗੀ ਵਿੱਚ ਸੀ ਤਾਂ ਉਨ੍ਹਾਂ ਨੇ ਇਸ ਬਾਰੇ ਜ਼ਿਆਦਾ ਲੋਕਾਂ ਨੂੰ ਨਹੀਂ ਦੱਸਿਆ ਸੀ।
ਨੇਗਾਂਧੀ ਕਹਿੰਦੇ ਹਨ, "ਮੈਨੂੰ ਇਸ ਬਾਰੇ ਕੁਝ ਨਹੀਂ ਪਤਾ ਚੱਲਿਆ।"
ਅਜਿਹਾ ਲੱਗਦਾ ਸੀ ਜਿਵੇਂ ਸੰਘਾ ਆਪਣੇ ਮਾਤਾ-ਪਿਤਾ ਦੀ ਉੱਦਮੀ ਸਫਲਤਾ ਤੱਕ ਪਹੁੰਚਣਾ ਚਾਹੁੰਦੇ ਹੋਣ। ਉਨ੍ਹਾਂ ਨੇ ਸਟਿਲੇਟੋ ਨੇਲ ਬਾਰ ਨਾਮ ਦਾ ਇੱਕ ਨੇਲ ਸੈਲੂਨ ਖੋਲ੍ਹਿਆ ਜੋ ਜ਼ਿਆਦਾ ਦਿਨ ਨਹੀਂ ਚੱਲਿਆ।
ਸੰਘਾ ਆਪਣੇ ਦੋਸਤਾਂ ਨਾਲ ਰੈਸਟੋਰੈਂਟ ਫਰੈਂਚਾਇਜ਼ੀ ਖੋਲ੍ਹਣ ਵਰਗੀਆਂ ਇੱਛਾਵਾਂ ਬਾਰੇ ਗੱਲ ਕਰਦੇ ਸਨ।
ਡਰੱਗਜ਼ ਨਾਲ ਭਰੀਆਂ ਪਾਰਟੀਆਂ ਜੋ ਕਈ ਦਿਨਾਂ ਤੱਕ ਚੱਲਦੀਆਂ
ਮਾਰਕੇਜ਼ ਦੇ ਮੁਤਾਬਕ, ਸੰਘਾ ਦੀ ਅਸਲੀ ਦਿਲਚਸਪੀ ਕਲੱਬਿੰਗ ਵਿੱਚ ਸੀ। ਲਾਸ ਏਂਜਲਸ ਵਿੱਚ ਉਨ੍ਹਾਂ ਦੇ ਦੋਸਤਾਂ ਦਾ ਇੱਕ ਕਰੀਬੀ ਗਰੁੱਪ ਸੀ ਜਿਸ ਨੂੰ 'ਕਿੱਟੀਜ਼' ਕਿਹਾ ਜਾਂਦਾ ਸੀ। ਇਹ ਜ਼ਿਆਦਾਤਰ ਕੁੜੀਆਂ ਦਾ ਗਰੁੱਪ ਸੀ ਜੋ ਪਾਰਟੀਆਂ ਆਯੋਜਿਤ ਕਰਨਾ ਪਸੰਦ ਕਰਦਾ ਸੀ ਜਿਨ੍ਹਾਂ ਵਿੱਚ ਸੈਲੀਬ੍ਰਿਟੀ ਵੀ ਆਉਂਦੇ ਸਨ।
ਉਹ ਅਕਸਰ ਹਾਲੀਵੁੱਡ ਦੇ ਵਿਚਕਾਰ ਸਥਿਤ ਐਵਲੋਨ ਵਿੱਚ ਮਿਲਦੇ ਸਨ, ਜੋ ਇੱਕ ਪੁਰਾਣਾ ਥੀਏਟਰ ਹੈ ਜਿੱਥੇ ਕੰਸਰਟ ਅਤੇ ਇਲੈਕਟ੍ਰਾਨਿਕ ਮਿਊਜ਼ਿਕ ਈਵੈਂਟ ਹੁੰਦੇ ਹਨ ਅਤੇ ਸਵੇਰ ਤੱਕ ਪਾਰਟੀ ਕਰਦੇ ਸਨ।
ਮਾਰਕੇਜ਼ ਕਹਿੰਦੇ ਹਨ ਕਿ ਉਹ ਗੋਲੀਆਂ ਅਤੇ ਕੇਟਾਮੀਨ ਲੈਂਦੇ ਸਨ। ਕਦੇ-ਕਦੇ ਉਨ੍ਹਾਂ ਦੀਆਂ ਪਾਰਟੀਆਂ ਜੋ ਪੂਰੇ ਕੈਲੀਫੋਰਨੀਆ ਵਿੱਚ ਹੁੰਦੀਆਂ ਸਨ, ਕਈ ਦਿਨਾਂ ਤੱਕ ਚੱਲਦੀਆਂ ਰਹਿੰਦੀਆਂ ਸਨ।
ਮਾਰਕੇਜ਼ ਕੈਲੀਫੋਰਨੀਆ ਅਤੇ ਐਰੀਜ਼ੋਨਾ ਦੀ ਸਰਹੱਦ 'ਤੇ ਝੀਲ ਨੂੰ ਯਾਦ ਕਰਦੇ ਹੋਏ ਕਹਿੰਦੇ ਹਨ, "ਅਸੀਂ ਲੇਕ ਹਵਾਸੂ ਦੀਆਂ ਟ੍ਰਿਪਾਂ 'ਤੇ ਜਾਂਦੇ ਸੀ, ਉੱਥੇ ਇੱਕ ਵੱਡਾ ਪੁਰਾਣਾ ਮੈਨਸ਼ਨ (ਹਵੇਲੀ) ਕਿਰਾਏ 'ਤੇ ਲੈਂਦੇ ਸੀ ਅਤੇ ਆਪਣੇ ਡੀਜੇ, ਸਾਊਂਡ ਸਿਸਟਮ ਸਭ ਲੈ ਕੇ ਜਾਂਦੇ ਸੀ। ਹਰ ਰਾਤ ਇੱਕ ਥੀਮ ਹੁੰਦੀ ਸੀ ਅਤੇ ਸਿਰਫ਼ ਅਸੀਂ ਲੋਕ ਹੁੰਦੇ ਸੀ।"
ਮਾਰਕੇਜ਼ ਆਪਣੇ ਟ੍ਰਿਪ ਨੂੰ ਯਾਦ ਕਰਦੇ ਹੋਏ ਬੋਲਦੇ ਹਨ, "ਅਸੀਂ ਸਭ ਤਿਆਰ ਹੋ ਕੇ ਆਉਂਦੇ ਸੀ, ਵ੍ਹਾਈਟ ਪਾਰਟੀ, ਗਲਿਟਰ ਪਾਰਟੀ। ਇੱਕ ਸ਼ਰੂਮ-ਸ਼ਰੂਮ ਪਾਰਟੀ ਵੀ ਹੋਈ ਸੀ।"
ਮਾਰਕੇਜ਼ ਕਹਿੰਦੇ ਹਨ, "ਇਨ੍ਹਾਂ ਪਾਰਟੀਆਂ ਵਿੱਚ ਹਮੇਸ਼ਾ ਕੇਟਾਮੀਨ ਸ਼ਾਮਲ ਹੁੰਦੀ ਸੀ। ਪਰ ਇਸ ਦੋਸਤਾਂ ਦੇ ਗਰੁੱਪ ਵਿੱਚ ਸੰਘਾ ਦੇ ਕਈ ਨਿਕਨੇਮ ਸਨ, ਫਿਰ ਵੀ ਕਿਸੇ ਨੇ ਉਨ੍ਹਾਂ ਨੂੰ ਕਦੇ 'ਕੇਟਾਮੀਨ ਕੁਈਨ' ਨਹੀਂ ਕਿਹਾ।" ਮਾਰਕੇਜ਼ 'ਕੇਟਾਮੀਨ ਕੁਈਨ' ਦੇ ਨਾਮ ਬਾਰੇ ਕਹਿੰਦੇ ਹਨ, "ਕਿਸੇ ਨੇ ਉਨ੍ਹਾਂ ਨੂੰ ਅਜਿਹਾ ਨਹੀਂ ਬੁਲਾਇਆ।"
ਗਰੁੱਪ ਨੂੰ ਨਾਜਾਇਜ਼ ਡਰੱਗਜ਼ ਦੀ ਸਪਲਾਈ ਵਿੱਚ ਘਾਤਕ ਓਪੀਓਇਡ ਫੈਂਟੇਨਿਲ ਦੀ ਮਿਲਾਵਟ ਦੀ ਚਿੰਤਾ ਸੀ, ਇਸ ਲਈ ਉਨ੍ਹਾਂ ਨੇ ਉੱਚ ਗੁਣਵੱਤਾ ਵਾਲੀ ਕੇਟਾਮੀਨ ਦੀ ਵੱਡੀ ਮਾਤਰਾ ਹਾਸਲ ਕਰਨ ਲਈ ਪੂਰੀ ਕੋਸ਼ਿਸ਼ ਕੀਤੀ।
ਮਾਰਕੇਜ਼ ਕਹਿੰਦੇ ਹਨ, "ਜੇਕਰ ਅਸੀਂ ਕੇਟਾਮੀਨ ਲੈਣ ਵਾਲੇ ਹੁੰਦੇ ਸੀ ਤਾਂ ਅਸੀਂ ਉਸ ਨੂੰ ਸਿੱਧੇ ਸੋਰਸ ਤੋਂ ਲੈਣਾ ਚਾਹੁੰਦੇ ਸੀ।"
ਦੋਸਤਾਂ ਨੇ ਕਥਿਤ ਤੌਰ 'ਤੇ ਕੋਰੀਅਰ ਭੇਜੇ ਜੋ ਮੈਕਸੀਕੋ ਜਾ ਕੇ ਡਰੱਗਜ਼ ਲਿਆਉਂਦੇ ਸਨ। ਇਹ ਦਵਾਈ ਸਰਜਰੀ ਵਿੱਚ ਸੁੰਨ ਕਰਨ ਲਈ ਵਰਤੀ ਜਾਂਦੀ ਹੈ ਅਤੇ ਸਰਹੱਦ ਪਾਰ ਭ੍ਰਿਸ਼ਟ ਵੈਟਰਨਰੀ ਡਾਕਟਰਾਂ ਅਤੇ ਫਾਰਮੇਸੀਆਂ ਤੋਂ ਲਈ ਜਾਂਦੀ ਸੀ।
ਮਾਰਕੇਜ਼ ਦੱਸਦੇ ਹਨ, "ਮੈਨੂੰ ਜਸਵੀਨ ਦੇ ਅਜਿਹਾ ਕਰਨ ਦੀ ਜਾਣਕਾਰੀ ਨਹੀਂ ਸੀ।"
ਉਹ ਕਹਿੰਦੇ ਹਨ, "ਪਰ ਕੀ ਸਾਡੇ ਕੋਲ ਪਹੁੰਚ ਸੀ? ਕੀ ਸਾਡੇ ਲੋਕ ਅਜਿਹਾ ਕਰਦੇ ਸਨ? ਹਾਂ।"
'ਸੈਲੀਬ੍ਰਿਟੀ ਨੂੰ ਡਰੱਗਜ਼ ਦੇਣ ਵਾਲੀ ਜ਼ਿੰਦਗੀ ਦੀ ਆਦੀ'
ਮਾਰਕੇਜ਼ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਕਦੇ ਸ਼ੱਕ ਨਹੀਂ ਹੋਇਆ ਕਿ ਸੰਘਾ ਨਾਲੋਂ ਨਾਲ ਡਰੱਗਜ਼ ਡੀਲਿੰਗ ਕਰ ਰਹੇ ਸਨ।
ਸੰਘਾ ਦੇ ਨਾਲੋਂ ਨਾਲ ਡਰੱਗਜ਼ ਡੀਲਿੰਗ ਕਰਨ ਨੂੰ ਲੈ ਕੇ ਮਾਰਕੇਜ਼ ਕਹਿੰਦੇ ਹਨ, "ਇਹ ਹੈਰਾਨ ਕਰਨ ਵਾਲਾ ਹੈ, ਮੈਂ ਤੁਹਾਨੂੰ ਦੱਸ ਰਿਹਾ ਹਾਂ। ਕਈ ਸਾਲਾਂ ਤੋਂ ਮੈਂ ਇਸ ਇਨਸਾਨ ਨੂੰ ਜਾਣਦਾ ਹਾਂ। ਮੈਂ ਉਨ੍ਹਾਂ ਦੇ ਪਰਿਵਾਰ ਨੂੰ ਜਾਣਦਾ ਹਾਂ। ਮੈਂ ਜਾਣਦਾ ਹਾਂ ਕਿ ਉਹ ਕਿਵੇਂ ਸਲੂਕ ਕਰਦੇ ਹਨ, ਉਹ ਕੀ ਕਰ ਸਕਦੇ ਹਨ। ਮੈਂ ਜਾਣਦਾ ਹਾਂ ਕਿ ਉਹ ਕਿੱਥੋਂ ਆਏ ਹਨ। ਅੱਜ ਤੱਕ ਵੀ ਮੈਂ ਵਿਸ਼ਵਾਸ ਨਹੀਂ ਕਰ ਪਾਉਂਦਾ ਕਿ ਇਹ ਹੋ ਰਿਹਾ ਹੈ।"
ਪਿੱਛੇ ਮੁੜ ਕੇ ਦੇਖਣ 'ਤੇ ਮਾਰਕੇਜ਼ ਨੂੰ ਲੱਗਦਾ ਹੈ ਕਿ ਸੰਘਾ ਅਮੀਰ ਅਤੇ ਮਸ਼ਹੂਰ ਲੋਕਾਂ ਨੂੰ ਡਰੱਗਜ਼ ਸਪਲਾਈ ਕਰਨ ਤੋਂ ਮਿਲਣ ਵਾਲੇ ਸੋਸ਼ਲ ਸਟੇਟਸ ਦੀ 'ਆਦੀ' ਹੋ ਗਏ ਸਨ।
ਉਹ ਕਹਿੰਦੇ ਹਨ, "ਮੈਨੂੰ ਸੱਚਮੁੱਚ ਲੱਗਦਾ ਹੈ ਕਿ ਜਸਵੀਨ ਸੈਲੀਬ੍ਰਿਟੀ ਨੂੰ ਡਰੱਗਜ਼ ਦੇਣ ਵਾਲੀ ਜ਼ਿੰਦਗੀ ਦੀ ਆਦੀ ਹੋ ਗਏ ਸਨ।"
ਮਾਰਕੇਜ਼, ਸੰਘਾ ਬਾਰੇ ਕਹਿੰਦੇ ਹਨ, "ਉਹ ਉਸ ਸੋਸ਼ਲ ਸਰਕਲ ਵਿੱਚ ਰਹਿਣ ਅਤੇ ਟੀਵੀ 'ਤੇ ਲਾਈਫਟਾਈਮ ਦੇਖੇ ਜਾਣ ਵਾਲੇ ਸੈਲੀਬ੍ਰਿਟੀ ਦੁਆਰਾ ਚਾਹੇ ਜਾਣ ਦੇ ਆਦੀ ਸਨ।"
ਮਾਰਕੇਜ਼ ਮੰਨਦੇ ਹਨ ਕਿ ਉਹ ਕਦੇ 'ਕਿੰਗਪਿਨ' ਜਾਂ ਵੱਡੇ ਡੀਲਰ ਨਹੀਂ ਸੀ, ਸਗੋਂ ਸਿਰਫ਼ ਇਸ ਧੰਦੇ ਵਿੱਚ ਫਸ ਗਏ ਕਿਉਂਕਿ "ਉਨ੍ਹਾਂ ਨੂੰ ਕੇਟਾਮੀਨ ਪਸੰਦ ਸੀ, ਬਿਲਕੁਲ ਸਾਡੇ ਸਾਰਿਆਂ ਦੀ ਤਰ੍ਹਾਂ।"
ਹਾਲਾਂਕਿ, ਸੰਘਾ ਦੇ ਕੰਮਾਂ ਤੋਂ ਉਨ੍ਹਾਂ ਵਿੱਚ ਇੱਕ ਜ਼ਾਲਮ ਪੱਖ ਦਾ ਪਤਾ ਚੱਲਦਾ ਹੈ।
ਸਰਕਾਰੀ ਵਕੀਲਾਂ ਨੇ ਕਿਹਾ ਹੈ ਕਿ 2019 ਵਿੱਚ ਸੰਘਾ ਨੇ ਕੋਡੀ ਮੈਕਲੌਰੀ ਨਾਮ ਦੇ ਇੱਕ ਵਿਅਕਤੀ ਨੂੰ ਕੇਟਾਮੀਨ ਵੇਚੀ ਸੀ। ਮੈਕਲੌਰੀ ਨੂੰ ਓਵਰਡੋਜ਼ ਹੋਇਆ ਅਤੇ ਉਨ੍ਹਾਂ ਦੀ ਮੌਤ ਹੋ ਗਈ। ਮੈਕਲੌਰੀ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਭੈਣ ਨੇ ਸੰਘਾ ਨੂੰ ਮੈਸੇਜ ਕਰਕੇ ਦੱਸਿਆ ਕਿ ਜੋ ਡਰੱਗਜ਼ ਸੰਘਾ ਨੇ ਉਨ੍ਹਾਂ ਦੇ ਭਰਾ ਨੂੰ ਵੇਚੀ ਸੀ, ਉਸੇ ਨਾਲ ਮੈਕਲੌਰੀ ਦੀ ਮੌਤ ਹੋਈ ਹੈ।
ਕੈਲੀਫੋਰਨੀਆ ਦੇ ਸੈਂਟਰਲ ਡਿਸਟ੍ਰਿਕਟ ਦੇ ਸਾਬਕਾ ਚੀਫ਼ ਅਭਿਯੋਜਕ ਮਾਰਟਿਨ ਐਸਟ੍ਰਾਡਾ ਕਹਿੰਦੇ ਹਨ, "ਉਸ ਵੇਲੇ ਕੋਈ ਵੀ ਸਮਝਦਾਰ ਇਨਸਾਨ ਪੁਲਿਸ ਕੋਲ ਜਾਂਦਾ ਅਤੇ ਜਿਸ ਦੇ ਦਿਲ ਵਿੱਚ ਥੋੜ੍ਹੀ ਵੀ ਸੰਵੇਦਨਾ ਹੁੰਦੀ, ਉਹ ਆਪਣੀਆਂ ਗਤੀਵਿਧੀਆਂ ਰੋਕ ਦਿੰਦਾ ਅਤੇ ਦੂਜਿਆਂ ਨੂੰ ਕੇਟਾਮੀਨ ਵੰਡਣਾ ਬੰਦ ਕਰ ਦਿੰਦਾ।"
ਮਾਰਟਿਨ ਐਸਟ੍ਰਾਡਾ ਨੇ ਅਗਸਤ 2024 ਵਿੱਚ ਸੰਘਾ ਦੇ ਖਿਲਾਫ਼ ਫੈਡਰਲ ਚਾਰਜ ਦੀ ਘੋਸ਼ਣਾ ਕੀਤੀ ਸੀ।
ਐਸਟ੍ਰਾਡਾ ਕਹਿੰਦੇ ਹਨ, "ਉਨ੍ਹਾਂ ਨੇ ਇਹ ਸਭ ਜਾਰੀ ਰੱਖਿਆ ਅਤੇ ਕਈ ਸਾਲਾਂ ਬਾਅਦ ਅਸੀਂ ਦੇਖਿਆ ਕਿ ਉਨ੍ਹਾਂ ਦੇ ਇਸੇ ਵਿਵਹਾਰ ਦੀ ਵਜ੍ਹਾ ਨਾਲ ਇੱਕ ਹੋਰ ਵਿਅਕਤੀ ਮਿਸਟਰ ਪੈਰੀ ਦੀ ਮੌਤ ਹੋ ਗਈ।"

'17 ਮਹੀਨਿਆਂ ਤੋਂ ਨਸ਼ੇ ਤੋਂ ਦੂਰੀ'
2010 ਦੇ ਦਹਾਕੇ ਵਿੱਚ ਕਲੱਬਾਂ 'ਚ ਨਾਲ ਜਾਣ ਵਾਲੇ ਇੱਕ ਦੂਜੇ ਗਰੁੱਪ ਦੇ ਦੋਸਤ ਨੂੰ ਵੀ ਇਹ ਖ਼ਬਰ ਸੁਣ ਕੇ ਉਨ੍ਹੀ ਹੀ ਹੈਰਾਨੀ ਹੋਈ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਹਾਈ ਸਕੂਲ ਤੋਂ ਸੰਘਾ ਨੂੰ ਜਾਣਦੇ ਸਨ ਅਤੇ ਮਾਰਕੇਜ਼ ਦੇ ਨਾਲ ਹੀ ਉਨ੍ਹਾਂ ਨਾਲ ਵੀ ਕਾਫ਼ੀ ਘੁੰਮਦੇ-ਫਿਰਦੇ ਸਨ।
ਇਹ ਦੋਸਤ ਨਾਮ ਨਹੀਂ ਦੱਸਣਾ ਚਾਹੁੰਦਾ ਸੀ ਤਾਂ ਜੋ ਉਹ ਉਸ ਔਰਤ ਬਾਰੇ ਖੁੱਲ੍ਹ ਕੇ ਗੱਲ ਕਰ ਸਕੇ ਜਿਸ 'ਤੇ ਹੁਣ 'ਡਰੱਗ ਲਾਰਡ' ਹੋਣ ਦਾ ਦੋਸ਼ ਲੱਗ ਰਿਹਾ ਹੈ। ਉਨ੍ਹਾਂ ਦੇ ਦੋਸਤ ਦੱਸਦੇ ਹਨ, "ਅਸੀਂ ਹਮੇਸ਼ਾ ਪਾਰਟੀਆਂ ਵਿੱਚ ਰਹਿੰਦੇ ਸੀ, ਜਿਵੇਂ ਹਰ ਰਾਤ, ਕਈ-ਕਈ ਸਾਲਾਂ ਤੱਕ। ਉਨ੍ਹਾਂ ਨੇ ਮੈਨੂੰ ਕਦੇ ਕੁਝ ਪੇਸ਼ਕਸ਼ ਨਹੀਂ ਕੀਤੀ।"
ਉਹ ਯਾਦ ਕਰਦੇ ਹਨ ਕਿ ਸੰਘਾ ਆਪਣੇ ਅੰਕਲ ਪਾਲ ਸਿੰਘ ਨੂੰ ਲਗਭਗ ਹਰ ਜਗ੍ਹਾ ਨਾਲ ਲੈ ਜਾਂਦੇ ਸੀ। "ਇਹ ਡਰੱਗ ਲਾਰਡ ਵਰਗਾ ਵਿਵਹਾਰ ਤਾਂ ਨਹੀਂ ਹੈ ਅਤੇ ਅਜਿਹਾ ਨਹੀਂ ਸੀ ਕਿ ਉਹ ਬਸ ਉਨ੍ਹਾਂ ਨੂੰ ਨਾਲ ਘੜੀਸਦੇ ਸਨ। ਉਹ ਹਮੇਸ਼ਾ ਫੈਸ਼ਨੇਬਲ ਕੱਪੜਿਆਂ ਵਿੱਚ ਰਹਿੰਦੇ ਸਨ।"
ਪਾਲ ਸਿੰਘ ਸੰਘਾ ਦੇ ਨਾਲ ਈਵੈਂਟ ਫੋਟੋਆਂ ਵਿੱਚ ਨਜ਼ਰ ਆਉਂਦੇ ਹਨ ਅਤੇ 3 ਸਤੰਬਰ ਨੂੰ ਕੋਰਟ ਵਿੱਚ ਵੀ ਮੌਜੂਦ ਸਨ ਜਦੋਂ ਸੰਘਾ ਨੇ ਦੋਸ਼ ਕਬੂਲ ਕੀਤਾ।
ਪਿਛਲੇ ਮਹੀਨੇ ਕੋਰਟ ਫਾਈਲਿੰਗ ਵਿੱਚ ਉਨ੍ਹਾਂ ਦੇ ਵਕੀਲ ਮਾਰਕ ਗੇਰਾਗੋਸ ਨੇ ਦਾਅਵਾ ਕੀਤਾ ਕਿ ਉਹ 17 ਮਹੀਨਿਆਂ ਤੋਂ ਨਸ਼ੇ ਤੋਂ ਦੂਰ ਹਨ। ਨੇਗਾਂਧੀ ਨਾਲ ਉਨ੍ਹਾਂ ਦੀ ਆਖ਼ਰੀ ਗੱਲਬਾਤ ਵਿੱਚ ਉਨ੍ਹਾਂ ਨੇ ਭਵਿੱਖ ਬਾਰੇ ਗੱਲ ਕੀਤੀ ਸੀ।
ਉਨ੍ਹਾਂ ਦੇ ਦੋਸਤ ਦੱਸਦੇ ਹਨ, "ਅਸੀਂ ਦੋਵੇਂ 40 ਦੇ ਹੋ ਚੁੱਕੇ ਸੀ ਅਤੇ ਇਸ ਉਮਰ ਵਿੱਚ ਲੋਕ ਖੁਦ ਦਾ ਮੁਲਾਂਕਣ ਕਰਨ ਲੱਗਦੇ ਹਨ। ਸੋਚਦੇ ਹਨ ਕਿ ਹੁਣ ਇਸ ਉਮਰ ਵਿੱਚ ਅਸੀਂ ਕੀ ਕਰਨਾ ਚਾਹੁੰਦੇ ਹਾਂ? ਉਹ ਕਾਫ਼ੀ ਸਮੇਂ ਤੋਂ ਨਸ਼ੇ ਤੋਂ ਦੂਰ ਰਹਿਣ ਨੂੰ ਲੈ ਕੇ ਬਹੁਤ ਉਤਸ਼ਾਹਿਤ ਸੀ ਅਤੇ ਜੀਵਨ ਵਿੱਚ ਕਈ ਚੀਜ਼ਾਂ ਦੀ ਉਮੀਦ ਕਰ ਰਹੇ ਸੀ।"
ਸੰਘਾ ਨੇ ਇਹ ਨਹੀਂ ਦੱਸਿਆ ਕਿ ਹਾਲ ਹੀ ਵਿੱਚ ਉਨ੍ਹਾਂ ਦੀ ਗ੍ਰਿਫ਼ਤਾਰੀ ਹੋਈ ਸੀ।
ਉਨ੍ਹਾਂ ਦੇ ਦੋਸਤ ਕਹਿੰਦੇ ਹਨ, "ਜਦੋਂ ਅਸੀਂ ਗੱਲ ਕਰ ਰਹੇ ਸੀ, ਮੈਨੂੰ ਕੋਈ ਅੰਦਾਜ਼ਾ ਨਹੀਂ ਸੀ ਕਿ ਉਹ ਇਸ ਸਭ ਵਿੱਚੋਂ ਗੁਜ਼ਰ ਰਹੇ ਹਨ। ਉਨ੍ਹਾਂ ਨੇ ਇਸ ਦਾ ਜ਼ਰਾ ਭਰ ਵੀ ਜ਼ਿਕਰ ਨਹੀਂ ਕੀਤਾ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












