ਅਮਰੀਕਾ ਤੋਂ ਡਿਪੋਰਟ ਹੋਇਆ ਪੰਜਾਬੀ ਹੁਣ ਪਾਸਪੋਰਟ ਬਣਾਉਣ ਲਈ ਗੇੜੇ ਲਾ ਰਿਹਾ, ਅਜੇ ਵੀ ਵਿਦੇਸ਼ ਜਾਣ ਦੀ ਇੱਛਾ ਕਿਉਂ ਹੈ

ਤਸਵੀਰ ਸਰੋਤ, BBC/Gurpreet Chawla
- ਲੇਖਕ, ਗੁਰਪ੍ਰੀਤ ਚਾਵਲਾ
- ਰੋਲ, ਬੀਬੀਸੀ ਸਹਿਯੋਗੀ
"ਮੈਂ ਪਾਸਪੋਰਟ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਇੱਕ ਵਾਰ ਪਾਸਪੋਰਟ ਬਣ ਗਿਆ ਤਾਂ ਕਿਸੇ ਛੋਟੇ-ਮੋਟੇ ਦੇਸ਼ ਜਾਂ ਦੁਬਈ ਜਾਵਾਂਗਾ।"
ਇਸ ਸਾਲ ਫਰਵਰੀ ਮਹੀਨੇ ਅਮਰੀਕਾ ਤੋਂ ਡਿਪੋਰਟ ਹੋਏ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਖਾਨੋਵਾਲ ਦੇ ਰਹਿਣ ਵਾਲੇ ਹਰਜੀਤ ਸਿੰਘ ਦੁਬਾਰਾ ਵਿਦੇਸ਼ ਜਾਣ ਦੀ ਉਮੀਦ ਵਿੱਚ ਆਪਣਾ ਨਵਾਂ ਪਾਸਪੋਰਟ ਬਣਾਉਣ ਦੇ ਯਤਨ ਕਰ ਰਹੇ ਹਨ।
ਹਰਜੀਤ ਸਿੰਘ ਅਤੇ ਉਹਨਾਂ ਦੇ ਚਾਚੇ ਦਾ ਪੁੱਤਰ ਹਰਜੋਤ ਸਿੰਘ ਜ਼ਮੀਨ ਵੇਚ ਕੇ ਅਮਰੀਕਾ ਗਏ ਸਨ ਜਿੱਥੋਂ ਉਹਨਾਂ ਨੂੰ ਕਰੀਬ 9 ਮਹੀਨੇ ਪਹਿਲਾਂ ਡਿਪੋਰਟ ਕੀਤਾ ਗਿਆ ਸੀ।
ਅਮਰੀਕਾ ਵਿੱਚ ਡੌਨਲਡ ਟਰੰਪ ਦੀ ਸਰਕਾਰ ਬਣਨ ਤੋਂ ਬਾਅਦ ਉੱਥੇ ਰਹਿਣ ਵਾਲੇ ਗੈਰ-ਕਾਨੂੰਨੀ ਪਰਵਾਸੀਆਂ ਨੂੰ ਦੇਸ਼ ਤੋਂ ਬਾਹਰ ਕੀਤਾ ਜਾ ਰਿਹਾ ਹੈ।
ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਦਿੱਤੇ ਅੰਕੜਿਆਂ ਮੁਤਾਬਕ ਇਸ ਸਾਲ ਜਨਵਰੀ ਤੋਂ 26 ਸਤੰਬਰ 2025 ਤੱਕ ਗੈਰ ਕਾਨੂੰਨੀ ਤੌਰ ਉੱਤੇ ਰਹਿ ਰਹੇ 2417 ਭਾਰਤੀਆਂ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ ਹੈ।
ਸਾਲ 2020 ਤੋਂ 2024 ਤੱਕ 5541 ਭਾਰਤੀਆਂ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ ਸੀ।
"ਦੋਸਤਾਂ ਨੂੰ ਮਿਲਣਾ ਜ਼ਖਮਾਂ 'ਤੇ ਲੂਣ ਛਿੱੜਕਣ ਵਾਂਗ ਹੈ"

ਤਸਵੀਰ ਸਰੋਤ, BBC/Gurpreet Chawla
ਅਮਰੀਕਾ ਦਾ ਸੁਪਨਾ ਟੁੱਟਣ ਤੋਂ ਬਾਅਦ ਹਰਜੀਤ ਸਿੰਘ ਕਹਿੰਦੇ ਹਨ ਕਿ ਉਹ ਫਿਲਹਾਲ ਆਪਣੇ ਦੋਸਤਾਂ ਨੂੰ ਵੀ ਨਹੀਂ ਮਿਲਦੇ ਕਿਉਂਕਿ ਜਦੋਂ ਉਹ ਪੁਰਾਣੀ ਕਹਾਣੀ ਪੁੱਛਦੇ ਹਨ ਤਾਂ ਜਾਪਦਾ ਹੈ ਕਿ "ਜਖਮਾਂ 'ਤੇ ਲੂਣ ਛਿਕੜਿਆ ਗਿਆ ਹੋਵੇ।"
ਉਹ ਕਹਿੰਦੇ ਹਨ, "ਸਮਾਂ ਬਹੁਤ ਮਾੜਾ ਚੱਲ ਰਿਹਾ ਹੈ। ਇੱਥੋਂ ਅਮਰੀਕਾ ਗਿਆ ਸੀ ਕਿ ਕੁਝ ਕਮਾਈ ਹੋਵੇਗੀ। ਹੁਣ ਕਦੇ-ਕਦੇ ਮਨ ਵਿੱਚ ਆਉਂਦਾ ਹੈ ਕਿ ਉੱਥੇ ਜਾ ਕੇ ਗਲਤੀ ਕਰ ਲਈ। ਸਾਡਾ ਦੋਵੇਂ ਭਰਾਵਾਂ ਦਾ 90 ਲੱਖ ਰੁਪਿਆ ਲੱਗ ਗਿਆ ਜੋ ਅਸੀਂ ਜ਼ਮੀਨ ਵੇਚ ਕੇ ਇਕੱਠਾ ਕੀਤਾ ਸੀ। ਫਿਲਹਾਲ ਕਰੀਬ ਪੰਜ ਲੱਖ ਰੁਪਏ ਕਰਜ਼ਾ ਵੀ ਹੈ ਜੋ ਲੋਕਾਂ ਨੇ ਜਲਦ ਹੀ ਮੰਗਣਾ ਸ਼ੁਰੂ ਕਰ ਦੇਣਾ।
ਹਰਜੀਤ ਸਿੰਘ ਅਮਰੀਕਾ ਜਾਣ ਤੋਂ ਪਹਿਲਾਂ ਦੋ ਸਾਲ ਬਹਿਰੀਨ ਵਿੱਚ ਵੀ ਕੰਮ ਕਰ ਚੁੱਕੇ ਸਨ।
ਉਹ ਕਹਿੰਦੇ ਹਨ, "ਮੈਂ ਹੁਣ ਜੈਪੁਰ ਵਿੱਚ 10 ਹਜ਼ਾਰ ਰੁਪਏ ਦੀ ਨੌਕਰੀ ਕਰਦਾ ਹਾਂ, ਜਿਸ ਨਾਲ ਗੁਜ਼ਾਰਾ ਕਰਨਾ ਬਹੁਤ ਔਖਾ ਹੈ। ਇਸ ਲਈ ਦੋਬਾਰਾ ਵਿਦੇਸ਼ ਕਿਸੇ ਨਿੱਕੇ ਮੋਟੇ ਦੇਸ਼ ਜਾਣ ਲਈ ਪਾਸਪੋਰਟ ਬਣਵਾ ਰਿਹਾ ਹਾਂ ਪਰ ਉਹ ਵੀ ਨਹੀਂ ਬਣ ਰਿਹਾ ਕਿਉਂਕਿ ਦਫ਼ਤਰ ਵਾਲੇ ਬਹੁਤ ਸਾਰੇ ਕਾਗਜ਼ ਮੰਗਦੇ ਨੇ ਜੋ ਇਕੱਠੇ ਹੀ ਨਹੀਂ ਹੋ ਰਹੇ।"

"ਸਾਰੇ ਸੁਪਨੇ ਟੁੱਟ ਗਏ"
ਹਰਜੀਤ ਸਿੰਘ ਦੇ ਮਾਤਾ ਗੁਰਪ੍ਰੀਤ ਕੌਰ ਦਾ ਕਹਿਣਾ ਹੈ ਕਿ ਉਹਨਾਂ ਦੇ ਪਰਿਵਰ ਨੇ ਦੋਵਾਂ ਮੁੰਡਿਆਂ ਨੂੰ ਆਪਣੇ-ਆਪਣੇ ਹਿੱਸੇ ਦੀ ਜ਼ਮੀਨ ਅਤੇ ਲੱਖਾਂ ਰੁਪਏ ਚੁੱਕ ਕੇ 45-45 ਲੱਖ ਰੁਪਏ ਏਜੰਟ ਨੂੰ ਦਿੱਤੇ ਸਨ।
ਉਹ ਕਹਿੰਦੇ ਹਨ ਕਿ ਉਹਨਾਂ ਨੇ ਸੁਪਨੇ ਤਾਂ ਬਹੁਤ ਦੇਖੇ ਸਨ ਪਰ ਸਾਰੇ ਸੁਪਨੇ ਟੁੱਟ ਗਏ ਅਤੇ ਹੁਣ ਕਈ ਮਹੀਨਿਆਂ ਬਾਅਦ ਹਾਲਾਤ ਵੀ ਬਹੁਤ ਮਾੜੇ ਹਨ।
ਗੁਰਪ੍ਰੀਤ ਕੌਰ ਦੱਸਦੇ ਹਨ, "ਅਸੀਂ ਦੋ ਕੀਲੇ ਜ਼ਮੀਨ ਵੇਚੀ ਸੀ ਅਤੇ ਹੁਣ ਉਹ ਪੰਜ ਮਹੀਨਿਆਂ ਤੋਂ ਜੈਪੁਰ ਵਿੱਚ ਕੰਮ ਕਰ ਰਿਹਾ ਹੈ। ਸਾਡੇ ਹਾਲਾਤ ਤਾਂ ਕਾਫੀ ਮਾੜੇ ਹਨ। ਉਸ ਨੂੰ ਪਾਸਪੋਰਟ ਬਣਾਉਣ ਲਈ ਪਿਛਲੇ ਮਹੀਨੇ ਪਿੰਡ ਬੁਲਾਇਆ ਸੀ, ਉਦੋਂ ਤੋਂ ਉਹ ਘਰ ਹੀ ਬੈਠਾ ਹੈ।"
ਉਹ ਕਹਿੰਦੇ ਹਨ, "ਪਾਰਪੋਰਟ ਲਈ ਜਲੰਧਰ ਗੇੜੇ ਵੱਜ ਰਹੇ ਹਨ ਪਰ ਹਰ ਵਾਰ ਜਾਣ ਲਈ ਕਰੀਬ ਇੱਕ ਹਜ਼ਾਰ ਰੁਪਿਆ ਤਾਂ ਕੋਲ ਹੋਣਾ ਹੀ ਚਾਹੀਦਾ ਹੈ।"
ਹਰਜੀਤ ਦੇ ਮਾਤਾ ਦੱਸਦੇ ਹਨ ਕਿ ਪਰਿਵਾਰ ਵਿੱਚ ਹਰਜੀਤ ਸਿੰਘ ਹੀ ਕਮਾਉਣ ਵਾਲਾ ਹੈ। ਉਸ ਦੇ ਪਿਤਾ ਦਾ ਪਹਿਲਾਂ ਹੀ ਦੇਹਾਂਤ ਹੋ ਚੁੱਕਾ ਹੈ।
ਉਹ ਕਹਿੰਦੇ ਹਨ, “ਮੇਰੀ ਦੋ ਧੀਆਂ ਹਨ ਜੋ ਵਿਆਹੀਆਂ ਹਨ ਅਤੇ ਇਹ ਕੁਵਾਰਾ ਹੈ। ਘਰ ਦੇ ਹਾਲਾਤ ਇੰਨ੍ਹੇ ਮਾੜੇ ਹਨ ਜਦੋਂ ਤੋਂ ਉਹ ਘਰ ਆਇਆ ਹੈ, ਉਸ ਨੂੰ ਕੱਪੜੇ ਵੀ ਨਹੀਂ ਲੈ ਕੇ ਦਿੱਤੇ ਗਏ।"
ਗੁਰਪ੍ਰੀਤ ਕੌਰ ਦੱਸਦੇ ਹਨ ਕਿ ਉਹ ਖੁਦ ਬਿਮਾਰ ਰਹਿੰਦੇ ਹਨ ਅਤੇ ਦਿਲ ਦੀ ਬਿਮਾਰੀ ਦੇ ਮਰੀਜ਼ ਹਨ।
ਉਹ ਕਹਿੰਦੇ ਹਨ, "ਦਵਾਈ ਵੀ ਲਗਾਤਾਰ ਚੱਲਦੀ ਹੈ। ਮੈਂ ਉਮੀਦ ਕਰਦੀ ਹਾਂ ਕਿ ਮੇਰਾ ਪੁੱਤ ਇੱਥੇ ਰਹਿ ਕੋਈ ਕੰਮ ਕਰੇ ਜਾਂ ਕੋਈ ਚੰਗੀ ਨੌਕਰੀ ਮਿਲ ਜਾਵੇ ਪਰ ਨੌਕਰੀ ਮਿਲਦੀ ਹੀ ਨਹੀਂ।"

ਤਸਵੀਰ ਸਰੋਤ, BBC/Gurpreet Chawla
'ਨਾ ਅਮਰੀਕਾ ਵੇਖੀ, ਨਾ ਜ਼ਮੀਨ ਬਚੀ'
ਹਰਜੀਤ ਸਿੰਘ ਦੇ ਮਾਤਾ ਕਹਿੰਦੇ ਹਨ ਕਿ ਉਹ ਅਮਰੀਕਾ 45 ਲੱਖ ਖਰਚ ਕੇ ਭੇਜਿਆ ਸੀ ਪਰ ਇਹ ਸਭ ਠੀਕ ਨਾ ਚੱਲਿਆ।
ਉਹ ਕਹਿੰਦੇ ਹਨ, "ਉਦੋਂ ਜੋ ਦੋ ਏਕੜ ਖੇਤੀਬਾੜੀ ਦੀ ਜ਼ਮੀਨ ਸੀ, ਉਹ ਵੀ ਵੇਚ ਦਿੱਤੀ। ਪਰ ਨਾ ਤਾਂ ਪੁੱਤ ਨੇ ਅਮਰੀਕਾ ਵੇਖੀ ਅਤੇ ਨਾ ਹੀ ਜ਼ਮੀਨ ਬਚੀ। ਇੱਥੋਂ ਤੱਕ ਕਿ ਕੁਝ ਕਰਜ਼ਾ ਵੀ ਹਾਲੇ ਦੇਣਾ ਬਾਕੀ ਹੈ। ਉਹ ਹੋਰ ਕਰਜ਼ਾ ਚੁੱਕ ਹੁਣ ਪਾਸਪੋਰਟ ਬਣਾਉਣ ਲਈ ਕੋਸਿਸ਼ ਕਰ ਰਿਹਾ ਹੈ ਪਰ ਉਹ ਵੀ ਨਹੀਂ ਬਣ ਰਿਹਾ।"

ਤਸਵੀਰ ਸਰੋਤ, BBC/Gurpreet Chawla
"ਸਮਝ ਹੀ ਨਹੀਂ ਆਉਂਦੀ ਕੀ ਹੋ ਗਿਆ"
ਹਰਜੀਤ ਸਿੰਘ ਕਹਿੰਦੇ ਹਨ ਕਿ 'ਕਈ ਵਾਰ ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਗਲਤੀ ਕਰ ਲਈ।'
ਉਹ ਅਗਲੇ ਹੀ ਪਲ ਸੋਚਦੇ ਹਨ, "ਪਰ ਕਈ ਵਾਰ ਲੱਗਦਾ ਜੋ ਪਰਮਾਤਮਾ ਕਰਦਾ, ਚੰਗਾ ਹੀ ਕਰਦਾ ਹੈ। ਕੁਝ ਸਮਝ ਹੀ ਨਹੀਂ ਆਉਂਦੀ ਕਿ ਕੀ ਹੋ ਗਿਆ।"
ਹਰਜੀਤ ਸਿੰਘ ਮੁਤਾਬਕ ਉਹ ਚਾਹੁੰਦਾ ਹੈ ਕਿ ਇੱਥੇ ਹੀ ਪੰਜਾਬ ਵਿੱਚ ਆਪਣੇ ਪਿੰਡ ਵਿੱਚ ਰਹੇ ਅਤੇ ਕੋਈ 20-25 ਹਜ਼ਾਰ ਰੁਪਏ ਵਾਲੀ ਨੌਕਰੀ ਮਿਲ ਜਾਵੇ।
ਉਹ ਕਹਿੰਦੇ ਹਨ, "ਮਾਂ ਵੀ ਬਿਮਾਰ ਰਹਿੰਦੀ ਹੈ। ਉਹਨਾਂ ਦੇ ਕੋਲ ਰਹਿ ਕੇ ਦੇਖ ਭਾਲ ਕਰ ਸਕਾ ਪਰ ਨੌਕਰੀ ਨਹੀਂ ਮਿਲ ਰਹੀ ਅਤੇ ਉੱਤੋਂ ਇਹ ਫ਼ਿਕਰ ਕਿ ਘਰ ਦਾ ਖਰਚਾ ਚਲਾਉਣਾ ਹੈ। ਜ਼ਮੀਨ-ਜਾਇਦਾਦ ਵਿੱਕ ਗਈ ਅਤੇ ਕਰੀਬ 5 ਲੱਖ ਰੁਪਏ ਦਾ ਕਰਜ਼ਾ ਵੀ ਹੈ।"
ਹਰਜੀਤ ਦਾ ਕਹਿਣਾ ਹੈ ਕਿ ਜਦੋਂ ਡਿਪੋਰਟ ਹੋਏ ਸੀ ਤਾਂ ਕਈ ਮੰਤਰੀ ਵੀ ਮਿਲੇ, ਘਰ ਵੀ ਕਈ ਅਧਿਕਾਰੀ ਆਏ ਅਤੇ ਸਰਕਾਰ ਨੇ ਭਰੋਸਾ ਦਿੱਤਾ ਸੀ ਕਿ ਏਜੰਟਾ ਉੱਪਰ ਕਾਰਵਾਈ ਹੋਵੇਗੀ ਅਤੇ ਪੈਸੇ ਵਾਪਸ ਮਿਲ ਜਾਣਗੇ।
ਉਹ ਕਹਿੰਦੇ ਹਨ, "ਨਾ ਤਾਂ ਏਜੰਟ ਕੋਈ ਹੱਥ ਪੱਲਾ ਫੜਾ ਰਿਹਾ ਅਤੇ ਨਾ ਹੀ ਸਰਕਾਰ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ













