ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਵੱਲੋਂ ਸਿੱਖਾਂ ਨੂੰ ਤਿੰਨ-ਚਾਰ ਬੱਚੇ ਪੈਦਾ ਕਰਨ ਦੀ ਸਲਾਹ, ਸਿਹਤ ਮਾਹਰਾਂ ਤੇ ਸਮਾਜ ਸ਼ਾਸ਼ਤਰੀਆਂ ਦਾ ਕੀ ਤਰਕ

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ

ਤਸਵੀਰ ਸਰੋਤ, Jathedar Giani Kuldeep Singh Gargajj/FB

    • ਲੇਖਕ, ਅਵਤਾਰ ਸਿੰਘ
    • ਰੋਲ, ਬੀਬੀਸੀ ਪੱਤਰਕਾਰ

"ਇੱਕ ਬੱਚਾ ਪੈਦਾ ਕਰਨਾ ਇਹ ਕੋਈ ਸਿਆਣੀ ਗੱਲ ਨਹੀਂ ਹੈ। ਭਾਵੇਂ ਰੱਬ ਦੀ ਦਾਤ ਹੈ। ਘੱਟੋ ਘੱਟ ਮਾਸੀ ਹੋਵੇ, ਭੂਆ ਹੋਵੇ, ਫੁੱਫੜ ਹੋਵੇ, ਇਹ ਤਾਂ ਹੀ ਹੋਣਗੇ ਜੇਕਰ ਤਿੰਨ ਚਾਰ ਜਵਾਕ ਹੋਣ।"

ਇਸ ਤਕਰੀਰ ਨਾਲ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਿੱਖਾਂ ਨੂੰ ਵੱਧ ਬੱਚੇ ਪੈਦਾ ਕਰਨ ਦੀ ਸਲਾਹ ਦਿੱਤੀ ਹੈ। ਉਹ ਜ਼ਿਲ੍ਹਾ ਸ੍ਰੀ ਫ਼ਤਹਿਗੜ੍ਹ ਸਾਹਿਬ ਪਿੰਡ ਚੁੰਨੀ ਕਲਾਂ ਦੀ ਅਨਾਜ ਮੰਡੀ ਵਿੱਚ ਦੋ ਦਸੰਬਰ ਨੂੰ ਇੱਕ ਵਿਸ਼ੇਸ਼ ਗੁਰਮਤਿ ਸਮਾਗਮ ਦੌਰਾਨ ਸੰਗਤ ਨੂੰ ਸੰਬੋਧਨ ਕਰ ਰਹੇ ਸਨ।

ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਹੋਰ ਕੌਮਾਂ ਦੀ ਗਿਣਤੀ ਵੱਧਣ ਦਾ ਹਵਾਲਾ ਵੀ ਦਿੱਤਾ ਅਤੇ ਕਿਹਾ, "ਇਹ ਕੋਈ ਰੂੜੀਵਾਦੀ ਗੱਲ ਨਹੀਂ ਹੈ। ਇਸ ਪਾਸੇ ਸੋਚਣਾ ਜ਼ਰੂਰ ਚਾਹੀਦਾ ਹੈ। ਅਸੀਂ ਇੱਥੇ ਨਹੀਂ ਘੱਟ ਸਕਦੇ। ਇਹ ਸਾਡੀ ਸਰਜ਼ਮੀਨ ਹੈ।"

ਸੋਮਵਾਰ ਨੂੰ ਅੰਮ੍ਰਿਤਸਰ ਵਿੱਚ ਕੁਲਦੀਪ ਸਿੰਘ ਗੜਗੱਜ ਨੇ ਇੱਕ ਵਾਰ ਫਿਰ ਤਿੰਨ-ਚਾਰ ਬੱਚੇ ਪੈਦਾ ਕਰਨ ਦੀ ਗੱਲ ਦੁਹਰਾਈ।

ਹਾਲਾਂਕਿ ਪੰਜਾਬ ਵਿੱਚ ਸਭ ਤੋਂ ਵੱਧ ਅਬਾਦੀ ਸਿੱਖਾਂ ਦੀ ਹੈ ਜਿਨ੍ਹਾਂ ਮਗਰੋਂ ਹਿੰਦੂ ਅਤੇ ਮੁਸਲਮਾਨਾਂ ਦੀ ਵੀ ਕਾਫ਼ੀ ਗਿਣਤੀ ਹੈ। ਪਰ ਸਿੱਖਾਂ ਕੌਮ ਦੇ ਜੱਥੇਦਾਰ ਦੀ ਵੱਧ ਬੱਚੇ ਪੈਦਾ ਕਰਨ ਦੀ ਦਲੀਲ ਨੂੰ ਸਿਹਤ ਮਾਹਰ ਅਤੇ ਸਮਾਜ ਸ਼ਾਸ਼ਤਰੀ ਕਿਵੇਂ ਦੇਖਦੇ ਹਨ?

ਪੰਜਾਬ ਦਾ ਪਰਵਾਸ ਤੇ ਕੁੱਲ ਜਣਨ ਦਰ

ਪਰਵਾਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪਿਛਲੇ ਸਮੇਂ ਤੋਂ ਪੰਜਾਬੀਆਂ ਦਾ ਪਰਵਾਸ ਕਾਫ਼ੀ ਵਧਿਆ ਹੈ।

ਪੰਜਾਬ ਵਿੱਚ ਲੰਮੇ ਸਮੇਂ ਤੋਂ ਪੰਜਾਬੀ ਲੋਕ ਪਰਵਾਸ ਕਰ ਕੇ ਵਿਦੇਸ਼ਾਂ ਵਿੱਚ ਵੱਸ ਰਹੇ ਹਨ ਅਤੇ ਹਰੀ ਕ੍ਰਾਂਤੀ ਦੇ ਸਮੇਂ ਤੋਂ ਸੂਬੇ ਵਿੱਚ ਉੱਤਰ ਪ੍ਰਦੇਸ਼ ਅਤੇ ਬਿਹਾਰ ਵਰਗੇ ਸੂਬਿਆਂ ਤੋਂ ਮਜ਼ਦੂਰ ਵੀ ਕੰਮ ਦੀ ਤਲਾਸ਼ ਵਿੱਚ ਆ ਰਹੇ ਹਨ।

ਪੰਜਾਬ ਦੇ ਕਈ ਪਿੰਡਾਂ ਵਿੱਚ ਘਰਾਂ ਨੂੰ ਲੱਗੇ ਜਿੰਦੇ ਅਤੇ ਪਰਵਾਸੀ ਪੰਜਾਬੀਆਂ ਵੱਲੋਂ ਆਪਣੇ ਘਰ-ਬਾਰ ਵੇਚਣ ਦਾ ਰੁਝਾਨ, ਪਰਵਾਸ ਦੇ ਪੰਜਾਬ ਦੀ ਅਬਾਦੀ ਉੱਤੇ ਪਏ ਇੱਕ ਅਹਿਮ ਪ੍ਰਭਾਵ ਦੀ ਤਸਵੀਰ ਪੇਸ਼ ਕਰਦੇ ਹਨ।

ਅੰਗਰੇਜ਼ੀ ਦੇ ਪ੍ਰਸਿੱਧ ਮੈਗਜ਼ੀਨ 'ਇਕਨਾਮਿਕ ਐਂਡ ਪੁਲਿਟੀਕਲ ਵੀਕਲੀ' ਵਿੱਚ ਪੰਜਾਬ ਦੀ ਡੈਮੋਗਰਾਫੀ ਬਾਰੇ ਛਪੇ ਇੱਕ ਪੇਪਰ ਵਿੱਚ ਜੋਗਰਾਫ਼ੀ ਦੇ ਸਾਬਕਾ ਪ੍ਰੋਫੈਸਰ ਮੇਹਰ ਸਿੰਘ ਗਿੱਲ ਲਿਖਦੇ ਹਨ, " ਸਾਲ 1966 ਵਿੱਚ ਭਾਸ਼ਾ ਦੇ ਆਧਾਰ 'ਤੇ ਪੁਨਰਗਠਨ ਤੋਂ ਬਾਅਦ ਪੰਜਾਬ ਦੇ ਜਨਸੰਖਿਆ ਢਾਂਚੇ ਵਿੱਚ ਤੇਜ਼ੀ ਨਾਲ ਬਦਲਾਅ ਦਰਜ ਕੀਤੇ ਹਨ।"

ਉਹ ਲਿਖਦੇ ਹਨ, "ਇਸ ਨੇ (ਪੰਜਾਬ) ਜਣਨ ਦਰ ਵਿੱਚ ਤੇਜ਼ੀ ਨਾਲ ਗਿਰਾਵਟ ਦਾ ਤਜ਼ਰਬਾ ਦੇਖਿਆ ਜੋ 1962 ਵਿੱਚ 33.5 ਪ੍ਰਤੀ ਹਜ਼ਾਰ ਸੀ ਜੋ ਕਿ 2010 ਵਿੱਚ 16.6 ਪ੍ਰਤੀ ਹਜ਼ਾਰ ਹੋ ਗਈ ਹੈ।"

ਪੇਪਰ ਅੱਗੇ ਕਹਿੰਦਾ ਹੈ, "ਪੇਂਡੂ ਅਤੇ ਸ਼ਹਿਰੀ ਦੋਵਾਂ ਇਲਾਕਿਆਂ ਵਿੱਚ ਸਾਰੇ ਧਰਮਾਂ ਦੇ ਸਥਾਨਕ ਪੰਜਾਬੀਆਂ ਵਿੱਚ ਦੋ ਬੱਚਿਆਂ ਵਾਲਾ ਪਰਿਵਾਰ ਹੁਣ ਵੱਡੇ ਪੱਧਰ 'ਤੇ ਆਮ ਬਣ ਗਿਆ ਹੈ। ਉਨ੍ਹਾਂ ਵਿੱਚੋਂ ਬਹੁਤ ਸਾਰੇ ਤਾਂ ਇੱਕ ਬੱਚੇ ਵਾਲੇ ਪਰਿਵਾਰ ਵਿੱਚ ਜਾਣਾ ਪਸੰਦ ਕਰਦੇ ਹਨ। ਨਤੀਜੇ ਵਜੋਂ, ਆਬਾਦੀ ਵਾਧਾ ਦਰ 1971-81 ਦੌਰਾਨ 23.89% ਤੋਂ ਘੱਟ ਕੇ 2001-11 ਦੌਰਾਨ 13.89% ਹੋ ਗਈ ਹੈ।"

ਸਿੱਖ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੇਵਾਮੁਕਤ ਪ੍ਰੋਫੈਸਰ ਪਰਮਜੀਤ ਸਿੰਘ ਜੱਜ ਕਹਿੰਦੇ ਹਨ ਕਿ ਪਰਵਾਸ ਮਨੁੱਖੀ ਵਿਕਾਸ ਦਾ ਇੱਕ ਅਨਿੱਖੜਵਾ ਅੰਗ ਹੈ।

ਇਸ ਲੇਖ ਵਿੱਚ 2011 ਦੀ ਜਣਗਨਣਾ ਦਾ ਹਵਾਲਾ ਦੇ ਕੇ ਦੱਸਿਆ ਗਿਆ ਹੈ ਕਿ ਪੰਜਾਬ ਵਿੱਚ ਸਿੱਖਾਂ ਦਾ ਅਬਾਦੀ ਵਿੱਚ ਹਿੱਸਾ 2011 ਵਿੱਚ ਘੱਟ ਕੇ 57.69% ਹੋ ਗਿਆ ਹੈ, ਜੋ ਕਿ 2.52 ਪ੍ਰਤੀਸ਼ਤ ਅੰਕਾਂ ਦਾ ਬਦਲਾਅ ਹੈ। ਦੂਜੇ ਪਾਸੇ ਹਿੰਦੂਆਂ ਦਾ ਅੰਕੜਾ 37.53 ਤੋਂ 38.49 ਫੀਸਦੀ ਹੋ ਗਿਆ।

ਮੁਸਲਮਾਨ ਭਾਈਚਾਰੇ ਦਾ ਪ੍ਰਤੀਸ਼ਤ 1971 ਵਿੱਚ 0.33% ਤੋਂ 2011 ਵਿੱਚ 1.93 % ਤੱਕ ਪਹੁੰਚ ਗਿਆ ਹੈ, ਜੋ ਉੱਤਰ ਪ੍ਰਦੇਸ਼ ਅਤੇ ਬਿਹਾਰ ਤੋਂ ਉਨ੍ਹਾਂ ਦੇ ਲਗਾਤਾਰ ਪਰਵਾਸ ਨੂੰ ਦਰਸਾਉਂਦਾ ਹੈ।

2011 ਦੀ ਜਣਗਣਨਾ ਵਿੱਚ ਭਾਰਤ ਵਿੱਚ ਸਿੱਖਾਂ ਦੀ ਗਿਣਤੀ 2 ਕਰੋੜ ਦਰਜ ਕੀਤੀ ਗਈ ਸੀ ਜੋ ਕੁਲ ਅਬਾਦੀ ਦਾ 1.7% ਹੈ।

ਸਾਲ 2011 ਤੋਂ ਬਾਅਦ ਭਾਰਤ ਵਿੱਚ ਜਣਗਣਨਾ ਨਹੀਂ ਹੋਈ। ਹਾਲਾਂਕਿ ਪਿਛਲੇ ਇੱਕ ਦਹਾਕੇ ਵਿੱਚ ਜਨਸੰਖਿਆ ਤੇ ਪਰਵਾਸ ਦੇ ਅੰਕੜਿਆਂ ਵਿੱਚ ਨਵੇਂ ਰੁਝਾਨ ਵੀ ਆ ਸਕਦੇ ਹਨ।

ਲੋਕ ਸਭਾ ਵਿੱਚ 2024 ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਦੱਸਿਆ ਗਿਆ ਕਿ ਪੰਜਾਬ ਵਿੱਚ ਕੁੱਲ ਜਣਨ ਦਰ (ਟੀਐੱਫਆਰ) 2.0 ਦੀ ਰਿਪਲੇਸਮੈਂਟ ਰੇਟ ਦੇ ਮੁਕਾਬਲੇ 1.6 ਹੈ।

ਰਿਪਲੇਸਮੈਂਟ ਰੇਟ ਤੋਂ ਘੱਟ ਦਰ ਦਾ ਮਤਲਬ ਹੈ ਕਿ ਅਬਾਦੀ ਇੰਨੀ ਤੇਜ਼ੀ ਨਾਲ ਨਹੀਂ ਬਦਲ ਰਹੀ ਕਿ ਉਹ ਖੁਦ ਨੂੰ ਰਿਪਲੇਸ ਕਰ ਸਕੇ।

ਸਿਹਤ ਮਾਹਰ ਤੇ ਪੰਜਾਬ ਦੇ ਸਿਹਤ ਮੰਤਰੀ ਦਾ ਕੀ ਤਰਕ ਹੈ?

ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ

ਤਸਵੀਰ ਸਰੋਤ, Dr Balbir Singh/FB

ਤਸਵੀਰ ਕੈਪਸ਼ਨ, ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਕਹਿੰਦੇ ਹਨ ਕਿ ਪੰਜਾਬ ਵਿੱਚ ਕੁੱਲ ਜਣਨ ਦਰ ਘੱਟ ਹੈ ਪਰ ਇਸ ਅੰਦਰ ਹਿੰਦੂ, ਸਿੱਖ ਅਤੇ ਹੋਰ ਸਭ ਧਰਮਾਂ ਦੇ ਲੋਕ ਆਉਂਦੇ ਹਨ।

ਪੰਜਾਬ ਦੇ ਸਿਹਤ ਵਿਭਾਗ ਦੇ ਸਾਬਕਾ ਡਰਾਇਕਟਰ ਅਤੇ ਕਾਰਕੁਨ ਡਾਕਟਰ ਅਰੀਤ ਕੌਰ ਕਹਿੰਦੇ ਹਨ, "ਇਸ ਤਰ੍ਹਾਂ ਦਾ ਗੱਲ ਕਰਨੀ ਇੱਕ ਡੈਮੋਗਰਾਫ਼ੀ ਵਾਲੀ ਬੇਚੈਨੀ ਪੈਦਾ ਕਰਨ ਦੇ ਬਰਾਬਾਰ ਹੈ। ਪੂਰੀ ਦੁਨੀਆਂ ਵਿੱਚ ਵਿਕਾਸਸ਼ੀਲ ਕੌਮਾਂ ਦੀ ਜਨਮ ਦਰ ਘੱਟ ਰਹੀ ਹੈ ਕਿਉਂਕਿ ਪੜ੍ਹੀਆਂ ਲਿਖੀਆਂ ਔਰਤਾਂ, ਬੱਚਿਆਂ ਦੀ ਚੰਗੀ ਵਿੱਦਿਆ ਅਤੇ ਨੌਕਰੀਆਂ ਦੀ ਇੱਛਾ ਕਰਕੇ ਜਨਮ ਦਰ ਘੱਟ ਹੁੰਦੀ ਹੈ।"

ਉਹ ਕਹਿੰਦੇ ਹਨ, "ਜੇਕਰ ਅਸੀਂ ਸਿੱਖਾਂ ਦੀ ਗੱਲ ਕਰੀਏ ਤਾਂ ਸਾਡੇ ਕੋਲ ਕਿਹੜੇ ਰੁਜ਼ਗਾਰ ਦੇ ਸਾਧਨ ਹਨ ਕਿ ਅਸੀਂ ਬਹੁਤ ਸਾਰੇ ਬੱਚੇ ਪੈਦਾ ਕਰੀਏ। ਉਹਨਾਂ ਲਈ ਚੰਗੀਆਂ ਸਿਹਤ ਸਹੂਲਤਾਂ ਅਤੇ ਪੜ੍ਹਾਈ ਦਾ ਕੀ ਪ੍ਰਬੰਧ ਹੈ? ਇਹ ਸਲਾਹ ਪਰਿਵਾਰ ਵਿਰੋਧੀ ਹੈ। ਕਿਸੇ ਨੇ ਕਿੰਨੇ ਬੱਚੇ ਪੈਦਾ ਕਰਨੇ ਹਨ, ਇਹ ਉਹਨਾਂ ਦਾ ਨਿੱਜੀ ਮਸਲਾ ਹੈ। ਵੱਧ ਬੱਚੇ ਪੈਦਾ ਕਰਨਾ ਇੱਕ ਔਰਤ ਲਈ ਨਾ ਸਿਰਫ਼ ਚੁਣੌਤੀ ਹੈ ਸਗੋਂ ਉਸ ਨੂੰ ਆਪਣੇ ਕਿੱਤੇ ਤੋਂ ਵੀ ਛੁੱਟੀ ਲੈਣੀ ਪੈਂਦੀ ਹੈ।"

ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਕਹਿੰਦੇ ਹਨ, "ਪੰਜਾਬ ਵਿੱਚ ਕੁੱਲ ਜਣਨ ਦਰ ਘੱਟ ਹੈ ਪਰ ਇਸ ਅੰਦਰ ਹਿੰਦੂ, ਸਿੱਖ ਅਤੇ ਹੋਰ ਸਭ ਧਰਮਾਂ ਦੇ ਲੋਕ ਆਉਂਦੇ ਹਨ। ਇਹ ਸਾਰੇ ਹੀ ਦੇਸ਼ ਵਿੱਚ ਘੱਟ ਰਿਹਾ ਹੈ। ਪਰ ਬੱਚੇ ਕਿੰਨੇ ਪੈਦਾ ਕਰਨੇ ਹਨ ਇਹ ਮਾਣਯੋਗ ਜਥੇਦਾਰ ਸਾਹਿਬ ਦਾ ਕੰਮ ਨਹੀਂ ਹੈ। ਇਸ ਤੋਂ ਪਹਿਲਾਂ ਆਰਐੱਸਐੱਸ ਦੇ ਲੋਕ ਅਜਿਹੇ ਬਿਆਨ ਦੇ ਚੁੱਕੇ ਹਨ।"

ਅਰੀਤ ਕੌਰ

ਡਾ. ਬਲਬੀਰ ਸਿੰਘ ਅੱਗੇ ਕਹਿੰਦੇ ਹਨ, "ਇਹ ਤਾਂ ਇੱਕ ਜੋੜੇ ਦੀ ਆਪਣੀ ਨਿੱਜੀ ਆਜ਼ਾਦੀ ਹੈ ਕਿ ਉਸ ਨੇ ਬੱਚੇ ਪੈਦਾ ਕਰਨੇ ਵੀ ਹਨ ਜਾਂ ਨਹੀਂ। ਇੱਕ ਕਰਨਾ ਹੈ ਜਾਂ ਦੋ ਬੱਚੇ ਪੈਦਾ ਕਰਨੇ ਹਨ। ਬੱਚੇ ਜੰਮਣਾ ਹੀ ਕਾਫ਼ੀ ਨਹੀਂ ਹੁੰਦਾ, ਉਹਨਾਂ ਨੂੰ ਪਾਲਣਾ ਵੀ ਹੁੰਦਾ ਹੈ।"

ਉਹ ਅੱਗੇ ਕਹਿੰਦੇ ਹਨ, "ਜਥੇਦਾਰ ਸਾਹਿਬ ਜਾਂ ਆਰਐੈੱਸਐੱਸ ਅਤੇ ਹੋਰ ਧਾਰਮਿਕ ਆਗੂਆਂ ਨੂੰ ਇਸ ਤਰ੍ਹਾਂ ਦੇ ਬਿਆਨ ਦੇਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਹਨਾਂ ਨੂੰ ਹੋਰ ਬੁਰਾਈਆਂ ਤੋਂ ਦੂਰ ਰਹਿਣ ਲਈ ਲੋਕਾਂ ਨੂੰ ਉਪਦੇਸ਼ ਦੇਣੇ ਚਾਹੀਦੇ ਹਨ।"

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਮਾਜ ਸ਼ਾਸ਼ਤਰ ਵਿਭਾਗ ਦੇ ਸੇਵਾ ਮੁਕਤ ਪ੍ਰੋਫੈਸਰ ਹਰਵਿੰਦਰ ਸਿੰਘ ਭੱਟੀ ਕਹਿੰਦੇ ਹਨ, "ਜਨਮ ਦਰ ਘੱਟ ਹੋਣ ਦਾ ਮਸਲਾ ਕਾਫ਼ੀ ਸਮੇਂ ਤੋਂ ਚੱਲ ਰਿਹਾ ਹੈ ਪਰ ਇਸ ਬਾਰੇ ਹਾਲੇ ਤੱਕ ਕੋਈ ਵੀ ਅਧਿਐਨ ਨਹੀਂ ਹੋਇਆ ਹੈ। ਇਹ ਸਿਰਫ਼ ਹਿੰਦੂ ਅਤੇ ਮੁਸਲਮਾਨ ਧਾਰਮਿਕ ਆਗੂਆਂ ਵਾਂਗ ਧਰਮ ਖ਼ਤਰੇ ਵਿੱਚ ਹੋਣ ਦੇ ਨਾਅਰੇ ਵਾਂਗ ਹੈ।"

ਸਮਾਜ ਸ਼ਾਸ਼ਤਰੀ ਅਤੇ ਸਿੱਖ ਮਾਮਲਿਆਂ ਦੇ ਜਾਣਕਾਰ ਕੀ ਕਹਿੰਦੇ ਹਨ

ਪੰਜਾਬ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਮਾਜ ਸ਼ਾਸ਼ਤਰੀ ਸਾਬਕਾ ਪ੍ਰੋਫੈਸਰ ਹਰਵਿੰਦਰ ਸਿੰਘ ਭੱਟੀ ਕਹਿੰਦੇ ਹਨ ਕਿ ਸਭ ਤੋਂ ਵੱਡੀ ਚਿੰਤਾ ਦੀ ਗੱਲ ਆਪਣੇ-ਆਪ ਬਾਰੇ ਜਾਣਕਾਰੀ ਦੀ ਘਾਟ ਹੈ।

ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਸਮਾਜ ਸ਼ਾਸ਼ਤਰ ਵਿਭਾਗ ਤੋਂ ਸੇਵਾਮੁਕਤ ਪ੍ਰੋਫੈਸਰ ਪਰਮਜੀਤ ਸਿੰਘ ਜੱਜ ਕਹਿੰਦੇ ਹਨ ਕਿ ਪਰਵਾਸ ਮਨੁੱਖੀ ਵਿਕਾਸ ਦਾ ਇੱਕ ਅਨਿੱਖੜਵਾ ਅੰਗ ਹੈ।

ਇਸ ਤੋਂ ਅੱਗੇ ਪਰਮਜੀਤ ਸਿੰਘ ਜੱਜ ਕਹਿੰਦੇ ਹਨ, "ਸਿੱਖ ਔਰਤਾਂ ਨੂੰ ਜ਼ਿਆਦਾ ਬੱਚੇ ਪੈਦਾ ਕਰਨ ਦੀਆਂ ਸਲਾਹਾਂ 1980ਵਿਆਂ ਵਿੱਚ ਸਿੱਖ ਆਗੂਆਂ ਵੱਲੋਂ ਦਿੱਤੀਆਂ ਜਾਂਦੀਆਂ ਸਨ। ਕਈ ਦਹਾਕੇ ਪਹਿਲਾਂ ਜਨਮ ਸਮੇਂ ਮੌਤ ਦਰ ਵੀ ਕਾਫ਼ੀ ਸੀ ਜੋ ਹੁਣ ਬਹੁਤ ਘੱਟ ਹੋ ਗਈ ਹੈ। ਜਦੋਂ ਔਰਤਾਂ ਵਿੱਚ ਸਿੱਖਿਆ ਆਉਂਦੀ ਹੈ ਤਾਂ ਪਰਿਵਾਰ ਦਾ ਸਾਈਜ਼ ਆਪਣੇ ਆਪ ਘੱਟ ਜਾਂਦਾ ਹੈ। ਆਉਣ ਵਾਲੇ ਸਮਿਆਂ ਵਿੱਚ ਵਿਆਹ ਵੀ ਘੱਟਣਗੇ ਅਤੇ ਬੱਚੇ ਪੈਦਾ ਕਰਨ ਦਾ ਨੰਬਰ ਘੱਟਣਾ ਹੀ ਹੈ।"

ਪਰਮਜੀਤ ਸਿੰਘ ਜੱਜ ਕਹਿੰਦੇ ਹਨ, "ਦੂਜੀ ਗੱਲ ਜਿੰਨਾ ਸਮਾਂ ਲੋਕਾਂ ਨੂੰ ਆਪਣੇ ਦੇਸ਼ ਵਿੱਚ ਨੌਕਰੀਆਂ ਦੇ ਮੌਕੇ ਨਹੀਂ ਮਿਲਦੇ, ਉਨਾਂ ਸਮਾਂ ਪਰਵਾਸ ਨਹੀਂ ਰੁਕ ਸਕਦਾ।"

ਸਮਾਜ ਸ਼ਾਸ਼ਤਰੀ ਸਾਬਕਾ ਪ੍ਰੋਫੈਸਰ ਹਰਵਿੰਦਰ ਸਿੰਘ ਭੱਟੀ ਕਹਿੰਦੇ ਹਨ ਕਿ ਸਭ ਤੋਂ ਵੱਡੀ ਚਿੰਤਾ ਦੀ ਗੱਲ ਆਪਣੇ-ਆਪ ਬਾਰੇ ਜਾਣਕਾਰੀ ਦੀ ਘਾਟ ਹੈ।

ਐੱਚ ਐੱਸ ਭੱਟੀ ਮੁਤਾਬਕ, "ਪੂਰੀ ਦੁਨੀਆਂ ਵਿੱਚ ਜਾਂ ਭਾਰਤ ਵਿੱਚ ਸਿੱਖਾਂ ਅਤੇ ਪੰਜਾਬੀਆਂ ਦੀ ਕਿੰਨੀ ਗਿਣਤੀ ਹੈ ਇਸ ਦਾ ਕੋਈ ਠੋਸ ਅੰਕੜਾ ਨਹੀਂ ਹੈ। ਅਸੀਂ ਹੋਰ ਸੰਸਥਾਵਾਂ ਦੇ ਅੰਕੜਿਆਂ ਉੱਪਰ ਨਿਰਭਰ ਕਰਦੇ ਹਾਂ। ਇਸ ਲਈ ਆਪਣਾ ਇੱਕ ਵਿੰਗ ਬਣਾ ਕੇ ਸਭ ਤੋਂ ਪਹਿਲਾਂ ਇਹ ਪਤਾ ਕਰਨ ਦੀ ਲੋੜ ਹੈ ਕਿ ਸਿੱਖਾਂ ਜਾਂ ਪੰਜਾਬੀਆਂ ਦੀ ਕੁੱਲ ਕਿੰਨੀ ਗਿਣਤੀ ਹੈ। ਕਿਹੜੇ ਸਿੱਖ ਗਰੀਬ ਹਨ ਜਾਂ ਅਮੀਰ ਹਨ? ਸਿੱਖਾਂ ਦੀ ਕੀ ਹਾਲਤ ਹੈ?"

ਸਿੱਖ ਮਾਮਲਿਆਂ ਦੇ ਜਾਣਕਾਰ ਅਤੇ ਸੀਨੀਅਰ ਪੱਤਰਕਾਰ ਜਸਪਾਲ ਸਿੱਧੂ ਕਹਿੰਦੇ ਹਨ ਕਿ ਘੱਟ ਗਿਣਤੀ ਧਰਮਾਂ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਹੁੰਦਿਆਂ ਹਨ ਅਤੇ ਇਸ ਦੇ ਆਗੂ ਅਕਸਰ ਅਜਿਹੀਆਂ ਦਲੀਲਾਂ ਦਿੰਦੇ ਰਹਿੰਦੇ ਹਨ।

ਉਹ ਕਹਿੰਦੇ ਹਨ, "ਸਿੱਖ ਧਰਮ ਦੀ ਸਿਆਸਤ ਕਰਨ ਵਾਲਿਆਂ ਨੇ ਘੱਟ ਗਿਣਤੀ ਦੇ ਆਗੂ ਦੇ ਤੌਰ ਉੱਪਰ ਆਪਣੀ ਜ਼ਿੰਮੇਵਾਰੀ ਨਿਭਾਈ ਹੁੰਦੀ ਤਾਂ ਅੱਜ ਜੱਥੇਦਾਰ ਸਾਹਿਬ ਨੂੰ ਅਜਿਹੇ ਬਿਆਨ ਨਾ ਦੇਣੇ ਪੈਂਦੇ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)