'ਮੈਕਸੀਕੋ ਦੀ ਕੰਧ ਟੱਪ ਅਮਰੀਕਾ ਜਾਣ ਦੀ ਬਹੁਤ ਖ਼ੁਸ਼ੀ ਸੀ', ਟੁੱਟੇ ਸੁਪਨਿਆਂ ਨਾਲ ਜ਼ਿੰਦਗੀ ਜਿਉਣ ਦੀ ਜੱਦੋ-ਜਹਿਦ ਕਰਦੇ ਡਿਪੋਰਟ ਹੋਏ ਪੰਜਾਬੀ ਨੌਜਵਾਨ

- ਲੇਖਕ, ਸਰਬਜੀਤ ਸਿੰਘ ਧਾਲੀਵਾਲ
- ਰੋਲ, ਬੀਬੀਸੀ ਪੱਤਰਕਾਰ
"ਨਿਊਯਾਰਕ ਤੋਂ ਹੋਰਨਾਂ ਨੌਜਵਾਨਾਂ ਨਾਲ ਹੱਥਕੜੀਆਂ ਵਿੱਚ ਜਕੜ ਕੇ ਜਹਾਜ਼ ਵਿੱਚ ਬਿਠਾਇਆ ਜਾਣਾ, ਦਿਮਾਗ਼ ਵਿੱਚ ਕਈ ਸਵਾਲਾਂ ਦਾ ਘੇਰਾ, ਏਜੰਟ ਨੂੰ ਦਿੱਤੇ ਲੱਖਾਂ ਰੁਪਇਆਂ ਦਾ ਮਿੱਟੀ ਹੋਣਾ, ਜ਼ਿੰਦਗੀ ਮੁੜ ਤੋਂ ਸ਼ੁਰੂ ਕਰਨ ਦੀ ਚੁਣੌਤੀ ਵਰਗੇ ਤਮਾਮ ਸਵਾਲਾਂ ਦੀ ਘੁੰਮਣ-ਘੇਰੀ ਵਿੱਚ ਉਲਝਿਆ ਮੈਂ ਕਰੀਬ 48 ਘੰਟੇ ਦੇ ਸਫ਼ਰ ਤੋਂ ਬਾਅਦ ਅੰਮ੍ਰਿਤਸਰ ਦੇ ਹਵਾਈ ਅੱਡੇ ਉੱਤੇ ਉੱਤਰਿਆ ਸੀ।"
ਇਹ ਵਿਥਿਆ ਅਮਰੀਕਾ ਤੋਂ ਡਿਪੋਰਟ ਹੋਏ ਗੁਰਪ੍ਰੀਤ ਸਿੰਘ ਦੀ ਹੈ, ਜੋ ਪੰਜਾਬ ਦੇ ਸੁਲਤਾਨਪੁਰ ਲੋਧੀ ਦਾ ਵਸਨੀਕ ਹੈ।
ਯਾਦ ਰਹੇ ਕਿ ਅਮਰੀਕਾ ਤੋਂ ਪਹਿਲੀ ਡਿਪੋਰਟੇਸ਼ਨ ਫਲਾਈਟ 5 ਫਰਵਰੀ 2025 ਨੂੰ ਅੰਮ੍ਰਿਤਸਰ ਹਵਾਈ ਅੱਡੇ 'ਤੇ ਉਤਰੀ ਸੀ, ਜਿਸ ਵਿੱਚ ਬਾਕੀ ਨੌਜਵਾਨਾਂ ਦੇ ਨਾਲ ਗੁਰਪ੍ਰੀਤ ਸਿੰਘ ਵੀ ਸੀ।
2024 ਦੇ ਅਗਸਤ ਮਹੀਨੇ ਵਿੱਚ ਘਰੋਂ ਨਿਕਲਿਆ ਗੁਰਪ੍ਰੀਤ ਸਿੰਘ 15 ਜਨਵਰੀ 2025 ਨੂੰ ਮੈਕਸੀਕੋ ਰਾਹੀਂ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਦਾਖਲ ਹੋਇਆ ਸੀ।
ਅਮਰੀਕਾ ਵਿੱਚ ਦਾਖਲ ਹੋਣ ਦੇ ਸਿਰਫ਼ 19 ਦਿਨ ਬਾਅਦ ਅਮਰੀਕੀ ਬਾਰਡਰ ਸੁਰੱਖਿਆ ਬਲ ਨੇ ਉਸ ਨੂੰ ਫੜ ਕੇ ਭਾਰਤ ਡਿਪੋਰਟ ਕਰ ਦਿੱਤਾ।

ਗੁਰਪ੍ਰੀਤ ਸਿੰਘ ਦੱਸਦੇ ਹਨ, "ਜਦੋਂ ਮੈਂ ਮੈਕਸੀਕੋ ਰਾਹੀਂ ਲੋਹੇ ਦੀ ਦੀਵਾਰ ਟੱਪ ਕੇ ਅਮਰੀਕਾ ਵਿੱਚ ਦਾਖ਼ਲ ਹੋਇਆ ਸੀ, ਤਾਂ ਬਹੁਤ ਖ਼ੁਸ਼ੀ ਹੋਈ ਸੀ, ਕਿਉਂਕਿ ਮੈਂ ਸੁਪਨਿਆਂ ਦੇ ਦੇਸ਼ ਵਿੱਚ ਪਹੁੰਚ ਗਿਆ ਸਾਂ। ਪਰ ਸਿਰਫ਼ ਤਿੰਨ ਮਹੀਨੇ ਬਾਅਦ ਹੀ ਉਹ ਸੁਪਨਾ ਟੁੱਟ ਗਿਆ ਅਤੇ ਮੈਂ ਉਸੇ ਥਾਂ 'ਤੇ ਵਾਪਸ ਪਹੁੰਚ ਗਿਆ, ਜਿੱਥੋਂ ਜਾਣ ਲਈ ਲੱਖਾਂ ਰੁਪਏ ਖ਼ਰਚ ਕੀਤੇ ਸਨ।"
ਡੌਨਲਡ ਟਰੰਪ ਦੇ ਦੂਜੀ ਵਾਰ ਰਾਸ਼ਟਰਪਤੀ ਬਣਨ ਤੋਂ ਬਾਅਦ ਗੈਰ-ਕਾਨੂੰਨੀ ਪਰਵਾਸੀਆਂ ਵਿਰੁੱਧ ਸਖ਼ਤ ਮੁਹਿੰਮ ਛੇੜੀ ਹੋਈ ਹੈ। ਇਸੇ ਤਹਿਤ ਫਰਵਰੀ ਤੋਂ ਹੁਣ ਤੱਕ ਕਈ ਭਾਰਤੀ ਡਿਪੋਰਟ ਕੀਤੇ ਜਾ ਚੁੱਕੇ ਹਨ।
ਗੁਰਪ੍ਰੀਤ ਸਿੰਘ ਕਹਿੰਦੇ ਹਨ, "ਅਮਰੀਕਾ ਦੇ ਸੁਪਨੇ ਨੇ ਕਰਜ਼ਾਈ ਬਣਾ ਦਿੱਤਾ, ਸਮਾਜਿਕ ਤਾਅਨੇ ਝੱਲਣੇ ਪੈ ਰਹੇ ਹਨ ਅਤੇ ਮੁੜ ਜ਼ਿੰਦਗੀ ਸ਼ੁਰੂ ਕਰਨ ਦੀ ਜੱਦੋ-ਜਹਿਦ ਵਿੱਚ ਉਲਝ ਗਏ ਹਨ।
ਉਨ੍ਹਾਂ ਨੇ ਪਰਿਵਾਰ ਨੂੰ ਚੰਗੀ ਜ਼ਿੰਦਗੀ ਦੇਣ ਲਈ 45 ਲੱਖ ਰੁਪਏ ਖ਼ਰਚ ਕੀਤੇ ਸਨ, ਇਸ ਦੇ ਲਈ ਇੱਕ ਪਲਾਟ ਵੇਚਿਆ ਅਤੇ ਕੁਝ ਕਰਜ਼ਾ ਲੈ ਕੇ ਉਹ ਅਮਰੀਕਾ ਗਏ ਸਨ, ਪਰ ਉੱਥੋਂ ਦੇਸ਼ ਨਿਕਾਲਾ ਦਿੱਤੇ ਜਾਣ ਕਾਰਨ ਸਭ ਕੁਝ ਖ਼ਤਮ ਹੋ ਗਿਆ।
ਅੱਗੇ ਕੀ ਕਰਨਾ ਹੈ ?
ਦਸਵੀਂ ਪਾਸ ਗੁਰਪ੍ਰੀਤ ਨੇ ਪੰਜਾਬ ਵਿੱਚ 14 ਸਾਲ ਨੌਕਰੀ ਕੀਤੀ, ਕਾਰੋਬਾਰ ਵੀ ਚਲਾਇਆ, ਪਰ ਤਰੱਕੀ ਨਾ ਮਿਲੀ। ਇਸ ਲਈ ਅਮਰੀਕਾ ਜਾਣ ਦਾ ਫ਼ੈਸਲਾ ਕੀਤਾ। ਹੁਣ ਉਹ ਕਹਿੰਦੇ ਹਨ ਕਿ ਇਹ ਵੀ ਫ਼ੈਸਲਾ ਗ਼ਲਤ ਸਾਬਤ ਹੋਇਆ।
ਵਾਪਸੀ ਤੋਂ ਬਾਅਦ ਕਈ ਮਹੀਨੇ ਤੱਕ ਉਨ੍ਹਾਂ ਨੂੰ ਸਮਝ ਹੀ ਨਹੀਂ ਆਇਆ ਅੱਗੇ ਕੀ ਕਰਨਾ ਹੈ ? ਦੋਸਤਾਂ ਦੀ ਮਦਦ ਨਾਲ ਹੁਣ ਉਨ੍ਹਾਂ ਨੇ ਫਿਰ ਤੋਂ ਰੋਜ਼ੀ ਰੋਟੀ ਦੇ ਲਈ ਕੱਪੜੇ ਦੀ ਦੁਕਾਨ ਕੀਤੀ ਹੈ, ਪਰ ਸਭ ਤੋਂ ਵੱਡੀ ਚਿੰਤਾ ਉਸ ਕਰਜ਼ੇ ਦੀ ਹੈ, ਜੋ ਉਨ੍ਹਾਂ ਨੇ ਅਮਰੀਕਾ ਜਾਣ ਦੇ ਲਈ ਲਿਆ ਸੀ।
ਗੁਰਪ੍ਰੀਤ ਸਿੰਘ ਮੁਤਾਬਕ, 'ਹੁਣ ਉਹ ਵਿਦੇਸ਼ ਨਹੀਂ ਜਾਵੇਗਾ ਇੱਥੇ ਰਹਿ ਕੇ ਹੀ ਗੁਜ਼ਾਰਾ ਕਰਾਂਗੇ।'
ਸੁਪਨਿਆਂ ਦਾ ਟੁੱਟਣਾ ਅਤੇ ਸਮਾਜਿਕ ਦਬਾਅ
ਇਹੋ ਜਿਹੀ ਕਹਾਣੀ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਅਕਾਸ਼ਵੀਰ ਸਿੰਘ ਕੰਗ ਦੀ ਵੀ ਹੈ।
ਐੱਮਬੀਏ ਪਾਸ ਅਕਾਸ਼ਵੀਰ ਪਰਿਵਾਰ ਸਮੇਤ ਅਮਰੀਕਾ ਵੱਸਣਾ ਚਾਹੁੰਦੇ ਸਨ। ਇਸ ਸੁਪਨੇ ਨੂੰ ਸਾਕਾਰ ਕਰਨ ਲਈ ਉਨ੍ਹਾਂ ਨੇ ਕਪੂਰਥਲਾ ਜ਼ਿਲ੍ਹੇ ਦੇ ਇੱਕ ਏਜੰਟ ਨੂੰ ਇੱਕ ਕਰੋੜ 40 ਲੱਖ ਰੁਪਏ ਦਿੱਤੇ।
ਪਤਨੀ ਅਤੇ ਦੋ ਛੋਟੇ ਬੱਚਿਆਂ (5 ਤੇ 8 ਸਾਲ) ਨਾਲ ਪਹਿਲਾਂ ਦੁਬਈ ਅਤੇ ਇਸ ਤੋਂ ਬਾਅਦ ਅਲ ਸੈਲਵਾਡੋਰ ਹੁੰਦੇ ਹੋਏ ਉਹ ਮੈਕਸੀਕੋ ਪਹੁੰਚੇ, ਜਿੱਥੋਂ ਉਨ੍ਹਾਂ ਨੇ ਗ਼ੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਪ੍ਰਵੇਸ਼ ਕੀਤਾ।
ਅਕਾਸ਼ਵੀਰ ਸਿੰਘ ਕੰਗ ਆਖਦੇ ਹਨ, "ਏਜੰਟ ਨੇ ਸਾਨੂੰ ਪਰਿਵਾਰ ਸਮੇਤ ਵਰਕ ਪਰਮਿਟ ਰਾਹੀਂ ਅਮਰੀਕਾ ਭੇਜਣ ਦਾ ਵਾਅਦਾ ਕੀਤਾ ਸੀ, ਪਰ ਉਸ ਨੇ ਅਜਿਹਾ ਨਾ ਕਰ ਕੇ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਭੇਜਿਆ।"
ਅਕਾਸ਼ਵੀਰ ਸਿੰਘ ਕੰਗ ਕਹਿੰਦੇ ਹਨ, "ਕਰੀਬ ਇੱਕ ਸਾਲ ਉੱਥੇ ਰਹਿਣ ਤੋਂ ਬਾਅਦ ਜਦੋਂ ਵਰਕ ਪਰਮਿਟ ਦੀ ਉਡੀਕ ਵਿੱਚ ਸੀ ਤਾਂ ਅਮਰੀਕਾ ਦੇ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ ਨੇ ਮੈਨੂੰ ਫੜ ਲਿਆ ਅਤੇ ਤੁਰੰਤ ਦੇਸ਼ ਛੱਡਣ ਦੇ ਹੁਕਮ ਦੇ ਦਿੱਤੇ।"

ਅਕਾਸ਼ਵੀਰ ਦੱਸਦੇ ਹਨ, " ਮੈ ਖੇਤੀਬਾੜੀ ਛੱਡ ਕੇ ਗਿਆ ਸਾਂ, ਖੇਤੀਬਾੜੀ ਦੇ ਜਿਹੜੇ ਸੰਦ ਵੇਚ ਕੇ ਗਿਆ ਸੀ, ਫਿਰ ਤੋਂ ਇਕੱਠੇ ਕਰਨੇ ਪੈ ਰਹੇ ਹਨ ਪਰ ਇਹ ਇੰਨਾ ਸੌਖਾ ਨਹੀਂ।"
ਡਿਪੋਰਟ ਹੋਣ ਤੋਂ ਬਾਅਦ ਸਮਾਜ ਦੇ ਰਵੀਏ ਉੱਤੇ ਟਿੱਪਣੀ ਕਰਦੇ ਹੋਏ ਅਕਾਸ਼ਵੀਰ ਸਿੰਘ ਕੰਗ ਆਖਦੇ ਹਨ, "ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਨੂੰ ਮੂੰਹ ਵਿਖਾਉਣਾ ਬਹੁਤ ਔਖਾ ਹੈ। ਕਈ 'ਅਮਰੀਕਾ ਵਾਲਾ' ਆਖ ਕੇ ਤੰਜ ਕੱਸਦੇ ਹਨ, ਕਈ ਵਾਰ-ਵਾਰ ਉੱਥੋਂ ਬਾਰੇ ਸਵਾਲ ਪੁੱਛਦੇ ਹਨ, ਜਿੰਨਾ ਦਾ ਜਵਾਬ ਮੇਰੇ ਕੋਲ ਨਹੀਂ ਹੈ।"
ਭਾਵੁਕ ਹੋ ਕੇ ਉਹ ਅੱਗੇ ਕਹਿੰਦੇ ਹਨ, "ਅਮਰੀਕਾ ਤੋਂ ਕੁਝ ਨਹੀਂ ਖੱਟਿਆ, ਸਗੋਂ ਇਸ ਨੇ ਮੈਨੂੰ ਕਰਜ਼ਾਈ ਕਰ ਦਿੱਤਾ। ਪਿਤਾ ਚਿੰਤਾ ਕਾਰਨ ਬਿਮਾਰ ਰਹਿਣ ਲੱਗ ਪਏ ਹਨ ਅਤੇ ਪਰਿਵਾਰ ਦੇ ਜ਼ਿਆਦਾਤਰ ਮੈਂਬਰ ਅੱਜ-ਕੱਲ੍ਹ ਚੁੱਪ ਹੀ ਰਹਿੰਦੇ ਹਨ।"

"ਸਾਰੇ ਸੁਪਨੇ ਰੁਲ਼ ਗਏ, ਹੱਥ ਵੀ ਕੁਝ ਨਹੀਂ ਆਇਆ"

ਮੋਗਾ ਦੇ ਪਿੰਡ ਬਸਤੀ ਕਸ਼ਮੀਰ ਸਿੰਘ ਵਾਲੇ ਦੇ ਹਰਪ੍ਰੀਤ ਸਿੰਘ ਦੀ ਕਹਾਣੀ ਵੀ ਅਕਾਸ਼ਵੀਰ ਸਿੰਘ ਕੰਗ ਨਾਲ ਮਿਲਦੀ ਜੁਲਦੀ ਹੈ। ਉਹ ਵੀ 48 ਲੱਖ ਖ਼ਰਚ ਕੇ ਡੰਕੀ ਰਾਹੀਂ ਅਮਰੀਕਾ ਗਏ ਸੀ, ਪਰ ਉੱਥੇ ਪਹੁੰਚਣ ਦੇ ਤਿੰਨ ਮਹੀਨੇ ਬਾਅਦ ਵਾਪਸ ਪਿੰਡ ਪਹੁੰਚ ਗਏ।
ਹਰਪ੍ਰੀਤ ਸਿੰਘ ਕਹਿੰਦੇ ਹਨ, "ਕਦੇ ਸੋਚਿਆ ਨਹੀਂ ਸੀ ਕਿ ਜਿਸ ਧਰਤੀ ਨੂੰ ਛੱਡ ਕੇ ਗਿਆ ਸੀ, ਉੱਥੇ ਹੀ ਲੋਕਾਂ ਦੇ ਤਾਅਨੇ ਝੱਲਣ ਲਈ ਉਹ ਵਾਪਸ ਆ ਜਾਵੇਗਾ, ਘਰ ਵਾਲੇ ਤਾਂ ਕੁਝ ਨਹੀਂ ਆਖਦੇ, ਪਰ ਆਲੇ-ਦੁਆਲੇ ਦੇ ਲੋਕਾਂ ਦੀਆਂ ਗੱਲਾਂ ਮਾਨਸਿਕ ਤੌਰ 'ਤੇ ਬਹੁਤ ਪਰੇਸ਼ਾਨ ਕਰਦੀਆਂ ਹਨ। ਇਸ ਤੋਂ ਉੱਭਰਨ ਵਿੱਚ ਅਜੇ ਸਮਾਂ ਲੱਗੇਗਾ।"
ਹਰਪ੍ਰੀਤ ਸਿੰਘ ਬਾਹਰਵੀਂ ਪਾਸ ਹੈ ਅਤੇ ਉਸ ਦੇ ਪਿਤਾ ਕੋਲ ਸੱਤ ਕਿੱਲੇ ਜ਼ਮੀਨ ਹੈ।
ਹਰਪ੍ਰੀਤ ਸਿੰਘ ਨੇ ਦੱਸਿਆ "ਖੇਤੀ ਵਿੱਚ ਘਟਦੀ ਆਮਦਨ ਅਤੇ ਨੌਕਰੀ ਨਾ ਮਿਲਣ ਕਾਰਨ ਵਿਦੇਸ਼ ਜਾਣ ਦਾ ਫ਼ੈਸਲਾ ਕੀਤਾ ਸੀ, ਜਿਸ ਦੇ ਲਈ ਜ਼ਮੀਨ ਉੱਤੇ ਕਰਜ਼ਾ ਲਿਆ ਸੀ ਪਰ "ਅਮਰੀਕਾ ਤੋਂ ਡਿਪੋਰਟ ਹੋਣ ਕਾਰਨ ਸਾਰੇ ਸੁਪਨੇ ਰੁਲ ਗਏ ਅਤੇ ਪੈਸੇ ਵੀ ਗਏ ਅਤੇ ਹੱਥ ਵੀ ਕੁਝ ਨਹੀਂ ਆਇਆ"
2400 ਤੋਂ ਵੱਧ ਭਾਰਤੀ ਇਸ ਸਾਲ ਡਿਪੋਰਟ ਹੋਏ

ਤਸਵੀਰ ਸਰੋਤ, Getty Images
ਅਮਰੀਕਾ ਵਿੱਚ ਡੌਨਲਡ ਟਰੰਪ ਦੀ ਸਰਕਾਰ ਬਣਨ ਤੋਂ ਬਾਅਦ ਉੱਥੇ ਰਹਿਣ ਵਾਲੇ ਗੈਰ-ਕਾਨੂੰਨੀ ਲੋਕਾਂ ਨੂੰ ਦੇਸ਼ ਤੋਂ ਬਾਹਰ ਕੀਤਾ ਜਾ ਰਿਹਾ ਹੈ, ਜਿਸ ਵਿੱਚ ਵੱਡੀ ਗਿਣਤੀ ਭਾਰਤੀਆਂ ਦੀ ਵੀ ਹੈ।
ਇਹ ਮਾਮਲਾ ਇੱਕ ਵਾਰ ਸੁਰਖ਼ੀਆਂ ਵਿੱਚ ਪੰਜ ਫਰਵਰੀ 2025 ਨੂੰ ਉਸ ਸਮੇਂ ਆਇਆ ਜਦੋਂ ਅਮਰੀਕਾ ਹਵਾਈ ਸੈਨਾ ਦਾ ਇੱਕ ਜਹਾਜ਼ ਡਿਪੋਰਟ ਕੀਤੇ ਗਏ ਭਾਰਤੀਆਂ ਨੂੰ ਲੈ ਕੇ ਅੰਮ੍ਰਿਤਸਰ ਦੇ ਹਵਾਈ ਅੱਡੇ ਉੱਤੇ ਉੱਤਰਿਆ।
ਇਸੀ ਤਰ੍ਹਾਂ ਫਿਰ ਅਮਰੀਕਾ ਤੋਂ ਦੂਜਾ ਜਹਾਜ਼ 15 ਫਰਵਰੀ ਨੂੰ ਅੰਮ੍ਰਿਤਸਰ ਹਵਾਈ ਅੱਡੇ 'ਤੇ ਪੁਹੰਚਿਆ।
ਭਾਰਤੀ ਵਿਦੇਸ਼ ਮੰਤਰਾਲੇ ਅਨੁਸਾਰ ਕੁਝ ਲੋਕ ਕਮਰਸ਼ੀਅਲ ਫਲਾਈਟਾਂ ਰਾਹੀਂ ਵੀ ਵਾਪਸ ਦੇਸ਼ ਪਰਤੇ ਹਨ।
ਵਿਦੇਸ਼ ਮੰਤਰਾਲੇ ਮੁਤਾਬਕ ਇਸ ਸਾਲ ਜਨਵਰੀ ਤੋਂ 26 ਸਤੰਬਰ 2025 ਤੱਕ 2417 ਭਾਰਤੀਆਂ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ ਹੈ।
ਇਸ ਤਰੀਕੇ ਨਾਲ ਸਾਲ 2020 ਤੋਂ 2024 ਤੱਕ 5541 ਭਾਰਤੀਆਂ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ।
ਪੰਜਾਬ ਪਰਤੇ ਨੌਜਵਾਨਾਂ ਦੀ ਜ਼ਿੰਦਗੀ ਬਾਰੇ ਮਾਹਰ ਕੀ ਕਹਿੰਦੇ ਹਨ

ਪਟਿਆਲਾ ਸਥਿਤ ਪੰਜਾਬੀ ਯੂਨੀਵਰਸਿਟੀ ਦੇ ਸਮਾਜ ਸ਼ਾਸਤਰ ਵਿਭਾਗ ਦੇ ਸੇਵਾ ਮੁਕਤ ਪ੍ਰੋਫੈਸਰ ਹਰਵਿੰਦਰ ਸਿੰਘ ਭੱਟੀ ਆਖਦੇ ਹਨ, "ਜਿਨ੍ਹਾਂ ਨੌਜਵਾਨਾਂ ਨੂੰ ਵਿਦੇਸ਼ ਤੋਂ ਡਿਪੋਰਟ ਕੀਤਾ ਜਾਂਦਾ ਹੈ, ਉਨ੍ਹਾਂ ਨੂੰ ਸਭ ਤੋਂ ਪਹਿਲਾਂ ਪਰਿਵਾਰ ਦੇ ਮੈਂਬਰਾਂ ਅਤੇ ਸਮਾਜ ਦਾ ਸਾਹਮਣਾ ਕਰਨਾ ਔਖਾ ਹੋ ਜਾਂਦਾ ਹੈ, ਕਾਰਨ ਉਸ ਉੱਤੇ ਨਾ-ਕਾਮਯਾਬੀ ਦਾ ਧੱਬਾ ਲੱਗਣਾ, ਜਿਸ ਤੋਂ ਉੱਭਰਨਾ ਉਨ੍ਹਾਂ ਲਈ ਸਭ ਤੋਂ ਔਖਾ ਹੁੰਦਾ ਹੈ।"
ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਪ੍ਰੋਫੈਸਰ ਭੱਟੀ ਨੇ ਆਖਿਆ ਕਿ ਵਾਪਸ ਪਰਤਣ ਉੱਤੇ ਇਨ੍ਹਾਂ ਨੌਜਵਾਨਾਂ ਨੂੰ ਰੁਜ਼ਗਾਰ ਦੀ ਚਿੰਤਾ ਵੀ ਹੁੰਦੀ ਹੈ ਅਤੇ ਇਸ ਦੇ ਲਈ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਇਨ੍ਹਾਂ ਦੇ ਪੁਨਰ ਵਸੇਬੇ ਲਈ ਅੱਗੇ ਆਉਣਾ ਚਾਹੀਦਾ ਹੈ, ਨਹੀਂ ਤਾਂ ਇਹਨਾਂ ਦੇ ਗ਼ਲਤ ਰਸਤੇ ਉੱਤੇ ਜਾਣ ਦਾ ਖ਼ਤਰਾ ਬਣ ਜਾਂਦਾ ਹੈ।
ਪ੍ਰੋਫੈਸਰ ਭੱਟੀ ਅਨੁਸਾਰ ਅਸਲ ਵਿੱਚ ਵਿਦੇਸ਼ ਦੀ ਚਮਕ, ਘਟਦੀਆਂ ਜ਼ਮੀਨਾਂ ਅਤੇ ਬੇਰੋਜ਼ਗਾਰੀ ਦੇ ਚਲਦੇ ਹੋਏ ਪੰਜਾਬ ਅਤੇ ਹਰਿਆਣਾ ਦੇ ਨੌਜਵਾਨ ਨੇ ਪਿਛਲੇ ਸਾਲਾਂ ਦੌਰਾਨ ਵੱਡੀ ਗਿਣਤੀ ਵਿੱਚ ਪਰਵਾਸ ਕੀਤਾ, ਜਿਸ ਵਿੱਚ ਪੜੇ ਲਿਖੇ ਅਤੇ ਘੱਟ ਪੜੇ ਲਿਖੇ ਦੋਵਾਂ ਸ਼ਾਮਲ ਹਨ।
ਉਨ੍ਹਾਂ ਆਖਿਆ ਕਿ ਪੜੇ ਲਿਖੇ ਆਈਲੈਟਸ ਕਰ ਕੇ ਕੈਨੇਡਾ ਅਤੇ ਅਮਰੀਕਾ ਗਏ ਅਤੇ ਜੋ ਅੰਗਰੇਜ਼ੀ ਨਹੀਂ ਜਾਣਦੇ, ਉਨ੍ਹਾਂ ਨੇ ਡੰਕੀ ਰੂਟ ਦੇ ਜਰੀਏ ਵਿਦੇਸ਼ ਦਾ ਰੁਖ਼ ਕੀਤਾ।
ਭੱਟੀ ਕਹਿੰਦੇ ਹਨ, "ਪਰਵਾਸ ਪੰਜਾਬ ਦਾ ਇੱਕ ਵੱਡਾ ਮੁੱਦਾ ਹੈ ਅਤੇ ਇਸ ਦਾ ਕਾਰਨ ਵਿਅਕਤੀਗਤ ਚੋਣ ਨਹੀਂ, ਸਗੋਂ ਇਹ ਆਰਥਿਕ, ਸਮਾਜਿਕ ਅਤੇ ਮਾਨਸਿਕ ਸੰਕਟ ਦਾ ਨਤੀਜਾ ਹੈ ਪਰ ਪਿਛਲੇ ਸਮੇਂ ਦੌਰਾਨ ਵੱਖ-ਵੱਖ ਦੇਸ਼ਾਂ ਦੀਆਂ ਬਦਲੀਆਂ ਪਰਵਾਸ ਨੀਤੀਆਂ ਕਾਰਨ ਵਾਪਸ ਆਏ ਨੌਜਵਾਨਾਂ ਨੇ ਇਸ ਸਮੱਸਿਆ ਨੂੰ ਹੋਰ ਗੰਭੀਰ ਬਣਾ ਦਿੱਤਾ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ













