ਮਾਸ, ਸ਼ਰਾਬ ਅਤੇ ਲਸਣ ਨਾਲ ਤੁਹਾਡੇ ਸਰੀਰ ਵਿੱਚ ਕੀ ਬਦਲ ਜਾਂਦਾ ਹੈ ਜਿਸ ਬਾਰੇ ਤੁਹਾਨੂੰ ਪਤਾ ਵੀ ਨਹੀਂ ਲੱਗਦਾ

ਤਸਵੀਰ ਸਰੋਤ, Serenity Strull/ Getty Images
- ਲੇਖਕ, ਸੋਫ਼ੀਆ ਕੁਆਲੀਆ
- ਰੋਲ, ਬੀਬੀਸੀ ਫਿਊਚਰ
ਲਸਣ, ਸ਼ਰਾਬ, ਮਾਸ ਅਤੇ ਇੱਥੋਂ ਤੱਕ ਕਿ ਵਰਤ ਵੀ ਸਾਡੇ ਸਰੀਰ ਦੀ ਗੰਧ ਨੂੰ ਬਦਲ ਸਕਦੇ ਹਨ ਅਤੇ ਇਸ ਗੱਲ ਨੂੰ ਪ੍ਰਭਾਵਿਤ ਕਰ ਸਕਦੇ ਹਨ ਕਿ ਅਸੀਂ ਦੂਜਿਆਂ ਨੂੰ ਕਿੰਨੇ ਦਿਲਕਸ਼ ਲੱਗਦੇ ਹਾਂ।
ਹਰ ਇਨਸਾਨ ਦੀ ਆਪਣੀ ਇਕ ਵੱਖਰੀ ਗੰਧ ਹੁੰਦੀ ਹੈ, ਬਿਲਕੁਲ ਇਸੇ ਤਰ੍ਹਾਂ ਜਿਵੇਂ ਹਰ ਵਿਅਕਤੀ ਦੇ ਉਂਗਲੀਆਂ ਦੇ ਨਿਸ਼ਾਨ ਵੱਖਰੇ ਹੁੰਦੇ ਹਨ।
ਸਾਡਾ ਸੁਭਾਅ ਜਿਵੇਂ ਅਸੀਂ ਕਿੰਨੇ ਮਿਲਣਸਾਰ, ਪ੍ਰਭਾਵਸ਼ਾਲੀ ਜਾਂ ਸੰਵੇਦਨਸ਼ੀਲ ਹਾਂ ਅਤੇ ਨਾਲ ਹੀ ਸਾਡੀ ਮਾਨਸਿਕ ਸਥਿਤੀ ਅਤੇ ਸਿਹਤ, ਇਹ ਸਭ ਸਾਡੇ ਸਰੀਰ ਦੀ ਗੰਧ ਨੂੰ ਨਿਰਧਾਰਤ ਕਰਦੇ ਹਨ।
ਸਕਾਟਲੈਂਡ ਦੀ ਯੂਨੀਵਰਸਿਟੀ ਆਫ਼ ਸਟਰਲਿੰਗ ਦੇ ਸਮਾਜਿਕ ਮਨੋਵਿਗਿਆਨ ਦੇ ਪ੍ਰੋਫੈਸਰ ਕ੍ਰੇਗ ਰਾਬਰਟਸ ਕਹਿੰਦੇ ਹਨ, "ਪਿਛਲੇ ਕੁਝ ਦਹਾਕਿਆਂ ਦੀ ਖੋਜ ਨਾਲ ਇਹ ਸਪੱਸ਼ਟ ਹੋਇਆ ਹੈ ਕਿ ਸਾਡੀ ਗੰਧ ਸਾਡੇ ਜੀਨ, ਹਾਰਮੋਨ, ਸਿਹਤ ਅਤੇ ਸਫ਼ਾਈ ਦੀਆਂ ਆਦਤਾਂ ਤੋਂ ਬਣਦੀ ਹੈ।"
ਉਹ ਕਹਿੰਦੇ ਹਨ, "ਭਾਵੇਂ ਅਸੀਂ ਮਰਦ ਹਾਂ ਜਾਂ ਔਰਤ, ਨੌਜਵਾਨ ਹਾਂ ਜਾਂ ਬੁਜ਼ੁਰਗ, ਗੇ ਹਾਂ ਜਾਂ ਸਟ੍ਰੇਟ, ਤੰਦਰੁਸਤ ਹਾਂ ਜਾਂ ਬਿਮਾਰ, ਖੁਸ਼ ਹਾਂ ਜਾਂ ਉਦਾਸ ਸਾਡੀ ਗੰਧ ਸਾਡੇ ਸਰੀਰ ਦੀ ਸਥਿਤੀ ਨੂੰ ਦਰਸਾਉਂਦੀ ਹੈ।"
ਇਨ੍ਹਾਂ ਵਿੱਚੋਂ ਕਈ ਗੱਲਾਂ ਸਾਡੇ ਕੰਟ੍ਰੋਲ ਵਿੱਚ ਨਹੀਂ ਹੁੰਦੀਆਂ, ਪਰ ਕੁਝ ਚੀਜ਼ਾਂ ਸਾਡੇ ਆਪਣੇ ਹੱਥ ਵਿੱਚ ਹੁੰਦੀਆਂ ਹਨ।
ਇਨ੍ਹਾਂ ਵਿੱਚ ਸਭ ਤੋਂ ਮਹੱਤਵਪੂਰਨ ਭੂਮਿਕਾ ਸਾਡੇ ਖਾਣੇ ਦੀ ਹੁੰਦੀ ਹੈ।
ਅਸੀਂ ਕੀ ਖਾਂਦੇ ਹਾਂ, ਇਸ ਨਾਲ ਨਾ ਸਿਰਫ਼ ਸਾਡੀ ਗੰਧ ਬਦਲਦੀ ਹੈ, ਸਗੋਂ ਇਹ ਵੀ ਤੈਅ ਹੁੰਦਾ ਹੈ ਕਿ ਅਸੀਂ ਦੂਜਿਆਂ ਨੂੰ ਕਿੰਨੇ ਦਿਲਕਸ਼ ਲੱਗਦੇ ਹਾਂ।
ਇਸ ਦਿਸ਼ਾ ਵਿੱਚ ਹੋ ਰਹੀ ਛੋਟੀ ਪਰ ਲਗਾਤਾਰ ਵਧ ਰਹੀ ਖੋਜ ਨਵੇਂ ਨਤੀਜੇ ਦੇ ਰਹੀ ਹੈ।
ਸਾਹ ਅਤੇ ਪਸੀਨਾ

ਸਟੇਟ ਯੂਨੀਵਰਸਿਟੀ ਆਫ ਨਿਊਯਾਰਕ, ਬਿੰਘਹੈਮਟਨ ਦੀ ਹੈਲਥ ਐਂਡ ਵੈੱਲਨੈੱਸ ਸਟੱਡੀਜ਼ ਦੀ ਅਸਿਸਟੈਂਟ ਪ੍ਰੋਫੈਸਰ ਲੀਨਾ ਬੇਗਦਾਚ ਦੱਸਦੇ ਹਨ ਕਿ ਜੈਵਿਕ ਪੱਧਰ 'ਤੇ ਖਾਣਾ ਸਾਡੇ ਸਰੀਰ ਦੀ ਗੰਧ ਨੂੰ ਦੋ ਮੁੱਖ ਤਰੀਕਿਆਂ ਨਾਲ ਪ੍ਰਭਾਵਿਤ ਕਰਦਾ ਹੈ, ਜੋ ਹੈ ਸਾਡਾ ਪਚਣ ਤੰਤਰ ਅਤੇ ਚਮੜੀ।
ਸਭ ਤੋਂ ਪਹਿਲਾਂ ਗੱਲ ਕਰੀਏ ਪਹਿਲੇ ਤਰੀਕੇ ਦੀ।
ਜਦੋਂ ਅਸੀਂ ਖਾਣਾ ਪਚਾਉਂਦੇ ਹਾਂ ਤਾਂ ਅੰਤੜੀਆਂ ਵਿੱਚ ਮੌਜੂਦ ਬੈਕਟੀਰੀਆ ਖਾਣੇ ਨੂੰ ਤੋੜਦੇ ਹਨ।
ਇਸ ਪ੍ਰਕਿਰਿਆ ਦੌਰਾਨ ਭੋਜਨ ਵਿੱਚ ਮੌਜੂਦ ਰਸਾਇਣਕ ਤੱਤ ਅਤੇ ਬੈਕਟੀਰੀਆ ਕਾਰਨ ਗੈਸਾਂ ਬਣਦੀਆਂ ਹਨ।
ਇਹ ਗੈਸਾਂ ਵੋਲਟਾਇਲ ਮੋਲੀਕਿਊਲਜ਼ ਹੁੰਦੀਆਂ ਹਨ, ਜੋ ਸਰੀਰ ਤੋਂ ਠੀਕ ਉਸੇ ਤਰ੍ਹਾਂ ਬਾਹਰ ਨਿਕਲਦੀਆਂ ਹਨ ਜਿਵੇਂ ਖਾਣਾ ਅੰਦਰ ਗਿਆ ਸੀ।
ਇਸੇ ਕਾਰਨ ਕਈ ਵਾਰ ਸਾਹ ਵਿੱਚ ਬਦਬੂ ਆਉਂਦੀ ਹੈ, ਜਿਸਨੂੰ ਹੈਲਿਟੋਸਿਸ ਕਿਹਾ ਜਾਂਦਾ ਹੈ।
ਅੰਕੜਿਆਂ ਅਨੁਸਾਰ, ਦੁਨੀਆ ਭਰ ਵਿੱਚ ਲਗਭਗ ਹਰ ਤਿੰਨ ਵਿੱਚੋਂ ਇੱਕ ਬਾਲਗ ਕਿਸੇ ਨਾ ਕਿਸੇ ਰੂਪ ਵਿੱਚ ਇਸ ਸਮੱਸਿਆ ਨਾਲ ਪੀੜਤ ਹੈ, ਹਾਲਾਂਕਿ ਇਸ ਦੇ ਹੋਰ ਕਾਰਣ ਵੀ ਹੋ ਸਕਦੇ ਹਨ।
ਦਿਲਚਸਪ ਗੱਲ ਇਹ ਹੈ ਕਿ ਕੁਝ ਅਧਿਐਨਾਂ ਅਨੁਸਾਰ, ਇਹ ਸਲਫਰ ਵਾਲੇ ਤੱਤ ਕਈ ਵਾਰ ਮਨੁੱਖ ਨੂੰ ਹੋਰ ਦਿਲਕਸ਼ ਵੀ ਬਣਾ ਸਕਦੇ ਹਨ।

ਤਸਵੀਰ ਸਰੋਤ, Getty Images
ਦੂਜਾ ਤਰੀਕਾ ਹੈ ਚਮੜੀ। ਜਦੋਂ ਭੋਜਨ ਦੇ ਰਸਾਇਣਕ ਤੱਤ ਸਰੀਰ ਵਿੱਚ ਪਚ ਕੇ ਟੁੱਟਦੇ ਹਨ ਤਾਂ ਉਨ੍ਹਾਂ ਦਾ ਕੁਝ ਹਿੱਸਾ ਖੂਨ ਦੀ ਧਾਰਾ (ਬਲੱਡਸਟਰੀਮ) ਰਾਹੀਂ ਸਰੀਰ ਦੇ ਵੱਖ-ਵੱਖ ਹਿੱਸਿਆਂ ਤੱਕ ਪਹੁੰਚਦਾ ਹੈ।
ਇਨ੍ਹਾਂ ਵਿੱਚੋਂ ਕੁਝ ਤੱਤ ਪਸੀਨੇ ਦੇ ਰੂਪ ਵਿੱਚ ਚਮੜੀ ਰਾਹੀਂ ਬਾਹਰ ਨਿਕਲਦੇ ਹਨ। ਉਥੇ ਇਹ ਚਮੜੀ 'ਤੇ ਮੌਜੂਦ ਬੈਕਟੀਰੀਆ ਨਾਲ ਮਿਲ ਕੇ ਗੰਧ ਪੈਦਾ ਕਰਦੇ ਹਨ।
ਧਿਆਨਯੋਗ ਗੱਲ ਇਹ ਹੈ ਕਿ ਪਸੀਨੇ ਦੀ ਕੋਈ ਗੰਧ ਨਹੀਂ ਹੁੰਦੀ, ਪਰ ਜਦੋਂ ਇਹ ਬੈਕਟੀਰੀਆ ਦੇ ਸੰਪਰਕ ਵਿੱਚ ਆਉਂਦਾ ਹੈ ਤਾਂ ਗੰਧ ਪੈਦਾ ਕਰਦਾ ਹੈ।
ਵੱਖ-ਵੱਖ ਖਾਣੇ ਵਿੱਚ ਵੱਖ-ਵੱਖ ਰਸਾਇਣਕ ਤੱਤ ਹੁੰਦੇ ਹਨ, ਜੋ ਸਰੀਰ 'ਤੇ ਵੱਖਰੇ ਤਰੀਕੇ ਨਾਲ ਅਸਰ ਕਰਦੇ ਹਨ।
ਪਰ ਲਗਭਗ ਹਰ ਵਾਰ ਤੇਜ਼ ਜਾਂ ਤਿੱਖੀ ਗੰਧ ਦਾ ਇੱਕ ਵੱਡਾ ਕਾਰਨ ਸਲਫਰ ਹੁੰਦਾ ਹੈ।
ਫ਼ਲ ਅਤੇ ਸਬਜ਼ੀਆਂ

ਤਸਵੀਰ ਸਰੋਤ, Getty Images
ਬ੍ਰੋਕਲੀ, ਪੱਤਾ ਗੋਭੀ, ਬ੍ਰਸੇਲਜ਼ ਸਪ੍ਰਾਊਟਸ ਅਤੇ ਫੁੱਲਗੋਭੀ ਨੂੰ ਇੱਕ ਸਿਹਤਮੰਦ ਖੁਰਾਕ ਦਾ ਹਿੱਸਾ ਮੰਨਿਆ ਜਾਂਦਾ ਹੈ।
ਪਰ ਇਨ੍ਹਾਂ ਵਿੱਚ ਸਲਫਰ ਦੇ ਤੱਤ ਬਹੁਤ ਜ਼ਿਆਦਾ ਮਾਤਰਾ ਵਿੱਚ ਹੁੰਦੇ ਹਨ। ਇਸ ਕਰਕੇ ਕਈ ਵਾਰ ਇਹਨਾਂ ਵਿੱਚੋਂ ਸੜੇ ਹੋਏ ਅੰਡਿਆਂ ਵਰਗੀ ਗੰਧ ਆਉਂਦੀ ਮਹਿਸੂਸ ਹੁੰਦੀ ਹੈ।
ਪੋਸ਼ਣ ਵਿਗਿਆਨਕ ਕੇਰੀ ਬੀਸਨ ਦੇ ਅਨੁਸਾਰ, ਜਦੋਂ ਇਹ ਸਲਫਰ ਵਾਲੇ ਤੱਤ ਖੂਨ ਰਾਹੀਂ ਸਰੀਰ ਵਿੱਚ ਘੁੰਮਦੇ ਹਨ ਅਤੇ ਚਮੜੀ 'ਤੇ ਮੌਜੂਦ ਬੈਕਟੀਰੀਆ ਨਾਲ ਮਿਲਦੇ ਹਨ ਤਾਂ ਪਸੀਨਾ ਹੋਰ ਤੇਜ਼ ਅਤੇ ਤਿੱਖੀ ਗੰਧ ਵਾਲਾ ਹੋ ਜਾਂਦਾ ਹੈ।
ਲਸਣ ਅਤੇ ਪਿਆਜ਼ ਵਰਗੀਆਂ ਚੀਜ਼ਾਂ ਵੀ ਸਾਹ ਅਤੇ ਪਸੀਨੇ ਦੀ ਗੰਧ 'ਤੇ ਅਸਰ ਪਾਉਂਦੀਆਂ ਹਨ।
ਇਸ ਦਾ ਕਾਰਨ ਵੀ ਉਹੀ ਹੈ ਜੋ ਗੋਭੀ ਵਰਗ ਦੀਆਂ ਸਬਜ਼ੀਆਂ ਨਾਲ ਹੁੰਦਾ ਹੈ।
ਜਦੋਂ ਇਹ ਚੀਜ਼ਾਂ ਸਰੀਰ ਵਿੱਚ ਹਜ਼ਮ ਹੁੰਦੀਆਂ ਹਨ ਤਾਂ ਇਨ੍ਹਾਂ ਵਿੱਚੋਂ ਡਾਇਐਲਿਲ ਡਾਈਸਲਫ਼ਾਈਡ ਅਤੇ ਐਲਿਲ ਮੀਥਾਈਲ ਸਲਫ਼ਾਈਡ ਵਰਗੇ ਤੱਤ ਬਣਦੇ ਹਨ, ਜੋ ਗੰਧ ਪੈਦਾ ਕਰਦੇ ਹਨ।
ਇਹ ਤੱਤ ਸਰੀਰ ਵਿੱਚੋਂ ਵੱਖ-ਵੱਖ ਸਮੇਂ 'ਤੇ ਨਿਕਲਦੇ ਹਨ, ਕੁਝ ਤਾਂ ਖਾਣੇ ਦੇ ਤੁਰੰਤ ਬਾਅਦ ਤੇ ਐਲਿਲ ਮੀਥਾਈਲ ਸਲਫ਼ਾਈਡ ਲਗਭਗ ਅੱਧੇ ਘੰਟੇ ਬਾਅਦ ਸਭ ਤੋਂ ਵੱਧ ਪ੍ਰਭਾਵਸ਼ਾਲੀ ਹੁੰਦਾ ਹੈ।
ਦਿਲਚਸਪ ਗੱਲ ਇਹ ਹੈ ਕਿ ਕਈ ਅਧਿਐਨਾਂ ਦੇ ਅਨੁਸਾਰ ਲਸਣ ਭਾਵੇਂ ਸਾਹ ਦੀ ਗੰਧ ਨੂੰ ਖ਼ਰਾਬ ਕਰ ਸਕਦਾ ਹੈ, ਪਰ ਇਹ ਪਸੀਨੇ ਦੀ ਗੰਧ ਨੂੰ ਹੋਰ ਮਨੋਹਰ ਬਣਾ ਦਿੰਦਾ ਹੈ।
ਇੱਕ ਅਧਿਐਨ ਵਿੱਚ 42 ਮਰਦਾਂ ਨੂੰ 12 ਘੰਟਿਆਂ ਤੱਕ ਕੱਛਾਂ ਵਿੱਚ ਕਪਾਹ ਦੇ ਪੈਡ ਪਹਿਨਾਏ ਗਏ ਤਾਂ ਜੋ ਉਨ੍ਹਾਂ ਦਾ ਪਸੀਨਾ ਇਕੱਠਾ ਕੀਤਾ ਜਾ ਸਕੇ।
ਉਨ੍ਹਾਂ 'ਚੋਂ ਕੁਝ ਨੇ ਥੋੜ੍ਹੀ ਮਾਤਰਾ ਵਿੱਚ ਲਸਣ ਖਾਧਾ, ਕੁਝ ਨੇ ਜ਼ਿਆਦਾ ਤੇ ਕੁਝ ਨੇ ਲਸਣ ਦੇ ਸਪਲੀਮੈਂਟ ਲਏ। ਬਾਅਦ ਵਿੱਚ 82 ਔਰਤਾਂ ਨੂੰ ਉਨ੍ਹਾਂ ਪੈਡਾਂ ਦੀ ਗੰਧ ਰੇਟ ਕਰਨ ਲਈ ਕਿਹਾ ਗਿਆ।
ਰੇਟਿੰਗ ਦੇ ਮਾਪਦੰਡ ਸਨ ਕਿ ਗੰਧ ਕਿੰਨੀ ਚੰਗੀ ਲੱਗੀ, ਕਿੰਨੀ ਦਿਲਕਸ਼ ਸੀ, ਕਿੰਨੀ ਪ੍ਰਭਾਵਸ਼ਾਲੀ ਸੀ ਤੇ ਕਿੰਨੀ ਤੇਜ਼ ਸੀ।
ਨਤੀਜਾ ਇਹ ਨਿਕਲਿਆ ਕਿ ਜਿਨ੍ਹਾਂ ਨੇ ਥੋੜ੍ਹਾ ਲਸਣ ਖਾਧਾ ਸੀ, ਉਨ੍ਹਾਂ ਦੀ ਗੰਧ ਵਿੱਚ ਕੋਈ ਖ਼ਾਸ ਫ਼ਰਕ ਨਹੀਂ ਸੀ।
ਪਰ ਜਿਨ੍ਹਾਂ ਨੇ ਵੱਧ ਮਾਤਰਾ ਵਿੱਚ ਲਸਣ ਖਾਧਾ ਸੀ, ਉਨ੍ਹਾਂ ਦੀ ਗੰਧ ਹੋਰ ਦਿਲਕਸ਼ ਅਤੇ ਮਨਪਸੰਦ ਮੰਨੀ ਗਈ।
ਇੱਥੋਂ ਤੱਕ ਕਿ ਲਸਣ ਦੇ ਸਪਲੀਮੈਂਟ ਲੈਣ ਵਾਲੇ ਲੋਕਾਂ ਨੂੰ ਵੀ ਹੋਰ ਵੱਧ ਮਨੋਰੰਜਕ ਸਮਝਿਆ ਗਿਆ।
ਇਸ ਪ੍ਰਯੋਗ ਦੀ ਅਗਵਾਈ ਕਰਨ ਵਾਲੇ ਵਿਗਿਆਨੀ ਜਾਨ ਹਾਵਲੀਚੈਕ, ਚੈਕ ਗਣਰਾਜ ਦੀ ਚਾਰਲਜ਼ ਯੂਨੀਵਰਸਿਟੀ ਵਿੱਚ ਮਨੁੱਖੀ ਵਿਵਹਾਰ ਅਤੇ ਰਸਾਇਣਕ ਸੰਚਾਰ 'ਤੇ ਕੰਮ ਕਰਦੇ ਹਨ। ਉਨ੍ਹਾਂ ਕਿਹਾ, "ਅਸੀਂ ਇਹ ਅਧਿਐਨ ਤਿੰਨ ਵਾਰ ਦੁਹਰਾਇਆ, ਕਿਉਂਕਿ ਨਤੀਜੇ ਦੇਖ ਕੇ ਅਸੀਂ ਖੁਦ ਵੀ ਹੈਰਾਨ ਰਹਿ ਗਏ।"
ਜਾਨ ਹਾਵਲੀਚੈਕ ਦਾ ਮੰਨਣਾ ਹੈ ਕਿ ਲਸਣ ਵਿੱਚ ਮੌਜੂਦ ਐਂਟੀ-ਆਕਸੀਡੈਂਟ ਅਤੇ ਐਂਟੀ-ਮਾਈਕ੍ਰੋਬੀਅਲ ਗੁਣ ਸਿਹਤ ਨੂੰ ਸੁਧਾਰਦੇ ਹਨ ਅਤੇ ਇਹੀ ਕਾਰਨ ਹੋ ਸਕਦਾ ਹੈ ਕਿ ਲਸਣ ਖਾਣ ਵਾਲੇ ਮਰਦਾਂ ਦੀ ਗੰਧ ਔਰਤਾਂ ਨੂੰ ਹੋਰ ਚੰਗੀ ਲੱਗਦੀ ਹੈ।

ਤਸਵੀਰ ਸਰੋਤ, Getty Images
ਕੁਝ ਸਬਜ਼ੀਆਂ ਸਾਡੀ ਗੰਧ ਉੱਤੇ ਵੱਖਰਾ ਅਸਰ ਪਾਉਂਦੀਆਂ ਹਨ।
ਉਦਾਹਰਣ ਵਜੋਂ, ਐਸਪੈਰਾਗਸ ਨਾਂਅ ਦੇ ਪੌਦੇ ਵਿੱਚ ਐਸਪੈਰਾਗਿਊਸਿਕ ਐਸਿਡ ਨਾਮ ਦਾ ਇਕ ਮਿਸ਼ਰਣ ਪਾਇਆ ਜਾਂਦਾ ਹੈ।
ਜਦੋਂ ਇਹ ਤੱਤ ਸਰੀਰ ਵਿੱਚ ਪਚਦਾ ਹੈ ਤਾਂ ਇਸ ਤੋਂ ਸਲਫਰ ਵਾਲੇ ਯਾਨੀ ਗੰਧਕ ਵਾਲੇ ਕੰਪਾਊਂਡ ਬਣਦੇ ਹਨ, ਜਿਵੇਂ ਮੀਥੇਨਥਿਓਲ ਅਤੇ ਡਾਈਮੀਥਾਇਲ ਸਲਫ਼ਾਈਡ। ਇਹੀ ਰਸਾਇਣਕ ਤੱਤ ਸਾਡੇ ਪਸੀਨੇ ਅਤੇ ਪੇਸ਼ਾਬ ਵਿੱਚ ਖ਼ਾਸ ਤਰ੍ਹਾਂ ਦੀ ਗੰਧ ਪੈਦਾ ਕਰਦੇ ਹਨ।
ਇਹ ਸਲਫ਼ਰ ਮਿਸ਼ਰਣ ਬਹੁਤ ਹੀ ਵੋਲਾਟਾਈਲ ਹੁੰਦੇ ਹਨ, ਜਿਸ ਕਰਕੇ ਇਹ ਹਵਾ ਵਿੱਚ ਆਸਾਨੀ ਨਾਲ ਫੈਲ ਜਾਂਦੇ ਹਨ। ਇਸੇ ਲਈ ਇਨ੍ਹਾਂ ਦੀ ਗੰਧ ਟਾਇਲਟ ਵਿਚੋਂ ਵੀ ਆਸਾਨੀ ਨਾਲ ਮਹਿਸੂਸ ਹੋ ਸਕਦੀ ਹੈ। ਇਹ ਗੰਧ ਆਮ ਤੌਰ 'ਤੇ ਪੰਜ ਘੰਟਿਆਂ ਤੱਕ ਟਿਕੀ ਰਹਿੰਦੀ ਹੈ।
ਹਾਲਾਂਕਿ, ਹਰ ਵਿਅਕਤੀ ਵਿੱਚ ਇਹ ਗੰਧ ਪੈਦਾ ਹੋਵੇ ਇਹ ਜ਼ਰੂਰੀ ਨਹੀਂ। ਇਸ ਬਾਰੇ ਹੋਈਆਂ ਵੱਖ–ਵੱਖ ਸਟੱਡੀਆਂ ਦੇ ਨਤੀਜੇ ਵੀ ਵੱਖਰੇ ਰਹੇ ਹਨ।
1950 ਦੇ ਦਹਾਕੇ ਦੀ ਇਕ ਰਿਸਰਚ ਵਿੱਚ ਪਤਾ ਲੱਗਿਆ ਸੀ ਕਿ 50 ਫੀਸਦ ਤੋਂ ਘੱਟ ਲੋਕਾਂ ਵਿੱਚ ਇਹ ਗੰਧ ਪੈਦਾ ਹੁੰਦੀ ਹੈ, ਜਦਕਿ 2010 ਦੀ ਇਕ ਸਟੱਡੀ ਨੇ ਦਰਸਾਇਆ ਕਿ 90 ਫੀਸਦ ਤੋਂ ਵੱਧ ਪ੍ਰਤੀਯੋਗੀਆਂ ਵਿੱਚ ਇਹ ਗੰਧ ਮੌਜੂਦ ਸੀ।
ਯਾਨੀ ਇਹ ਗੱਲ ਪੂਰੀ ਤਰ੍ਹਾਂ ਸਾਫ਼ ਨਹੀਂ ਹੈ।
ਦਿਲਚਸਪ ਗੱਲ ਇਹ ਵੀ ਹੈ ਕਿ ਹਰ ਵਿਅਕਤੀ ਇਸ ਗੰਧ ਨੂੰ ਮਹਿਸੂਸ ਵੀ ਨਹੀਂ ਕਰ ਸਕਦਾ। ਕਿਸੇ ਨੂੰ ਆਪਣੀ ਐਸਪੈਰਾਗਸ ਵਾਲੀ ਪੇਸ਼ਾਬ ਦੀ ਗੰਧ ਮਹਿਸੂਸ ਹੁੰਦੀ ਹੈ ਜਾਂ ਨਹੀਂ, ਇਹ ਉਸਦੇ ਜੀਨਜ਼ 'ਤੇ ਨਿਰਭਰ ਕਰਦਾ ਹੈ।
ਹਾਲਾਂਕਿ, ਜਦੋਂ ਗੱਲ ਫਲਾਂ ਤੇ ਸਬਜ਼ੀਆਂ ਦੀ ਕੁੱਲ ਖਪਤ ਦੀ ਆਉਂਦੀ ਹੈ ਤਾਂ ਰਿਸਰਚ ਦਰਸਾਉਂਦੀ ਹੈ ਕਿ ਜੇ ਇਹਨਾਂ ਨੂੰ ਵੱਧ ਮਾਤਰਾ ਵਿੱਚ ਖਾਧਾ ਜਾਵੇ ਤਾਂ ਸਰੀਰ ਦੀ ਗੰਧ ਹੋਰ ਦਿਲਕਸ਼ ਬਣ ਜਾਂਦੀ ਹੈ।
2017 ਵਿੱਚ ਆਸਟ੍ਰੇਲੀਆ ਵਿੱਚ ਹੋਈ ਇਕ ਸਟੱਡੀ ਵਿੱਚ ਪਤਾ ਲੱਗਾ ਕਿ ਜੋ ਮਰਦ ਜ਼ਿਆਦਾ ਫਲ ਤੇ ਸਬਜ਼ੀਆਂ ਖਾਂਦੇ ਸਨ, ਉਨ੍ਹਾਂ ਦੇ ਪਸੀਨੇ ਦੀ ਗੰਧ ਹੋਰ ਵਧੀਆ, ਮਿੱਠੀ ਅਤੇ ਫਲਾਂ ਵਰਗੀ ਸੀ।
ਸਟੱਡੀ ਵਿੱਚ ਇਹ ਵੀ ਪਤਾ ਲੱਗਾ ਕਿ ਜਿਨ੍ਹਾਂ ਲੋਕਾਂ ਦੀ ਚਮੜੀ ਦਾ ਰੰਗ ਹਲਕਾ ਪੀਲਾਪਣ ਵਾਲਾ ਸੀ, ਜਿਸਦਾ ਅਰਥ ਹੈ ਕਿ ਉਨ੍ਹਾਂ ਦੇ ਸਰੀਰ ਵਿੱਚ ਕੈਰੋਟੀਨੌਇਡ ਦੀ ਮਾਤਰਾ ਵੱਧ ਸੀ (ਜੋ ਗਾਜਰ, ਕੱਦੂ, ਟਮਾਟਰ, ਪਪੀਤਾ ਵਰਗੇ ਫਲਾਂ ਤੇ ਸਬਜ਼ੀਆਂ ਵਿੱਚ ਮਿਲਦਾ ਹੈ), ਉਹ ਹੋਰ ਲੋਕਾਂ ਨੂੰ ਜ਼ਿਆਦਾ ਮਨਮੋਹਕ ਲੱਗੇ।
ਇਸ ਤੋਂ ਇਲਾਵਾ, ਜਿਨ੍ਹਾਂ ਦੀ ਖੁਰਾਕ ਵਿੱਚ ਥੋੜ੍ਹੀ ਮਾਤਰਾ ਵਿੱਚ ਚਰਬੀ, ਮਾਸ, ਅੰਡਾ ਜਾਂ ਟੋਫੂ ਸ਼ਾਮਲ ਸੀ, ਉਨ੍ਹਾਂ ਦੇ ਪਸੀਨੇ ਦੀ ਗੰਧ ਵੀ ਹੋਰ ਵਧੀਆਂ ਪਾਈ ਗਈ।
ਪਰ, ਜਿਨ੍ਹਾਂ ਨੇ ਕਾਰਬੋਹਾਈਡ੍ਰੇਟ ਨਾਲ ਭਰਪੂਰ ਡਾਈਟ ਲਈ ਸੀ, ਉਨ੍ਹਾਂ ਦੀ ਗੰਧ ਸਭ ਤੋਂ ਘੱਟ ਦਿਲਕਸ਼ ਮੰਨੀ ਗਈ।
ਮੀਟ ਅਤੇ ਮੱਛੀ

ਤਸਵੀਰ ਸਰੋਤ, Getty Images
ਮੀਟ ਅਤੇ ਮੱਛੀ ਵੀ ਸਰੀਰ ਵਿੱਚ ਇੱਕ ਵਿਸ਼ੇਸ਼ ਕਿਸਮ ਦੀ ਗੰਧ ਪੈਦਾ ਕਰ ਸਕਦੇ ਹਨ।
ਇਸਦਾ ਕਾਰਨ ਇਹ ਹੈ ਕਿ ਸਰੀਰ ਜਾਨਵਰਾਂ ਦੇ ਪ੍ਰੋਟੀਨ ਨੂੰ ਅਮੀਨੋ ਐਸਿਡ ਅਤੇ ਫੈਟ ਵਿੱਚ ਤੋੜਦਾ ਹੈ। ਇਹ ਅਮੀਨੋ ਐਸਿਡ ਅਤੇ ਚਰਬੀ ਪਸੀਨੇ ਰਾਹੀਂ ਬਾਹਰ ਨਿਕਲਦੇ ਹਨ ਅਤੇ ਚਮੜੀ 'ਤੇ ਮੌਜੂਦ ਬੈਕਟੀਰੀਆ ਨਾਲ ਮਿਲ ਕੇ ਗੰਧ ਬਣਾਉਂਦੇ ਹਨ।
ਉਦਾਹਰਣ ਲਈ, ਮੱਛੀ ਅਤੇ ਬੀਨਜ਼ ਸਰੀਰ ਵਿੱਚ ਗੰਧ ਪੈਦਾ ਕਰ ਸਕਦੇ ਹਨ, ਕਿਉਂਕਿ ਇਨ੍ਹਾਂ ਵਿੱਚ ਟ੍ਰਾਈਮਿਥਾਇਲਐਮੀਨ ਨਾਮਕ ਇਕ ਬਹੁਤ ਤੇਜ਼ ਗੰਧ ਵਾਲਾ ਕੰਪਾਊਂਡ ਹੁੰਦਾ ਹੈ।
ਨਿਊਟ੍ਰਿਸ਼ਨਲ ਥੈਰੇਪਿਸਟ ਕੇਰੀ ਬੀਸਨ ਦੇ ਮੁਤਾਬਕ, ਇੱਕ ਹੈਲਥ ਕਂਡੀਸ਼ਨ ਹੁੰਦੀ ਹੈ ਜਿਸਨੂੰ ਟ੍ਰਾਈਮਿਥਾਇਲਮਿਨਯੂਰੀਆ ਕਿਹਾ ਜਾਂਦਾ ਹੈ, ਜਿਸਨੂੰ ਆਮ ਬੋਲਚਾਲ ਵਿੱਚ "ਫਿਸ਼ ਓਡਰ ਸਿੰਡਰੋਮ" ਵੀ ਕਹਿੰਦੇ ਹਨ।
ਉਹ ਕਹਿੰਦੇ ਹਨ, "ਇਹ ਹਾਲਤ ਉਸ ਵੇਲੇ ਹੁੰਦੀ ਹੈ ਜਦੋਂ ਸਰੀਰ ਟ੍ਰਾਈਮਿਥਾਇਲਐਮੀਨ ਨੂੰ ਗੰਧ ਰਹਿਤ ਕੰਪਾਊਂਡ ਵਿੱਚ ਤਬਦੀਲ ਨਹੀਂ ਕਰ ਪਾਉਂਦਾ, ਨਤੀਜੇ ਵਜੋਂ ਸਰੀਰ ਤੋਂ ਬਹੁਤ ਤੇਜ਼ ਗੰਧ ਆਉਣ ਲੱਗਦੀ ਹੈ।" ਹਾਲਾਂਕਿ, ਇਹ ਹਾਲਤ ਕਾਫੀ ਦੁਰਲੱਭ ਹੁੰਦੀ ਹੈ।
ਉਦਾਹਰਣ ਵਜੋਂ, 2025 ਦੀ ਇੱਕ ਕੇਸ ਰਿਪੋਰਟ ਵਿੱਚ 10 ਮਹੀਨੇ ਦੇ ਬੱਚੇ ਨੂੰ ਟ੍ਰਾਈਮਿਥਾਇਲਮਿਨਯੂਰੀਆ ਹੋਣ ਦਾ ਜ਼ਿਕਰ ਮਿਲਦਾ ਹੈ।
ਮੱਛੀ ਖਾਣ ਤੋਂ ਬਾਅਦ ਉਸ ਬੱਚੇ ਦੇ ਸਰੀਰ ਤੋਂ ਸੜੀ ਹੋਈ ਮੱਛੀ ਵਰਗੀ ਬਦਬੂ ਆਉਂਦੀ ਸੀ। ਇਹ ਹਾਲਤ ਆਮ ਨਹੀਂ ਸੀ ਅਤੇ ਇਲਾਜ ਤੇ ਸਹੀ ਦੇਖਭਾਲ ਨਾਲ ਬੱਚਾ ਪੂਰੀ ਤਰ੍ਹਾਂ ਠੀਕ ਹੋ ਗਿਆ।
ਕੀ ਮੀਟ ਖਾਣਾ ਸਾਨੂੰ ਹੋਰ ਦਿਲਕਸ਼ (ਆਕਰਸ਼ਕ) ਬਣਾਉਂਦਾ ਹੈ?
ਇਸ ਸਵਾਲ 'ਤੇ ਜਾਨ ਹਾਵਲੀਚੈਕ ਦੀ ਟੀਮ ਨੇ 2006 ਵਿੱਚ ਇੱਕ ਸਟੱਡੀ ਕੀਤੀ ਸੀ। ਵਿਗਿਆਨੀਆਂ ਨੇ 30 ਮਰਦਾਂ 'ਤੇ ਅਧਿਐਨ ਕੀਤਾ, ਕੁਝ ਨੇ ਦੋ ਹਫ਼ਤਿਆਂ ਤੱਕ ਮੀਟ ਵਾਲਾ ਤੇ ਕੁਝ ਨੇ ਬਿਨਾਂ ਮਾਸ ਵਾਲਾ ਭੋਜਨ ਖਾਧਾ।
ਬਾਅਦ ਵਿੱਚ ਔਰਤਾਂ ਨੇ ਉਨ੍ਹਾਂ ਦੀ ਗੰਧ ਦੀ ਰੇਟਿੰਗ ਕੀਤੀ ਕਿ ਗੰਧ ਕਿੰਨੀ ਵਧੀਆਂ, ਦਿਲਕਸ਼, ਪ੍ਰਭਾਵਸ਼ਾਲੀ ਜਾਂ ਤੇਜ਼ ਸੀ।
ਨਤੀਜਾ ਇਹ ਨਿਕਲਿਆ ਕਿ ਮੀਟ ਨਾਂ ਖਾਣ ਵਾਲਿਆਂ ਦੀ ਗੰਧ ਔਸਤਨ ਵਿੱਚ ਹੋਰ ਵਧੀਆ, ਮਿੱਠੀ ਅਤੇ ਘੱਟ ਤੇਜ਼ ਪਾਈ ਗਈ।
ਹਾਵਲੀਚੈਕ ਕਹਿੰਦੇ ਹਨ, "ਸਾਨੂੰ ਇਹ ਜਾਣ ਕੇ ਹੈਰਾਨੀ ਹੋਈ ਕਿ ਜੋ ਮੀਟ ਖਾ ਰਹੇ ਸਨ, ਉਨ੍ਹਾਂ ਦੀ ਗੰਧ ਮੀਟ ਨਾ ਖਾਣ ਵਾਲਿਆਂ ਨਾਲੋਂ ਕੁਝ ਹੱਦ ਤੱਕ ਖਰਾਬ ਸੀ।"
ਇਹ ਉਹ ਨਤੀਜਾ ਨਹੀਂ ਸੀ ਜਿਸਦੀ ਉਨ੍ਹਾਂ ਨੂੰ ਉਮੀਦ ਸੀ, ਕਿਉਂਕਿ ਮਨੁੱਖੀ ਵਿਕਾਸ ਦੇ ਦੌਰਾਨ ਮੀਟ ਨੂੰ ਹਮੇਸ਼ਾਂ ਖੁਰਾਕ ਦਾ ਅਹਿਮ ਹਿੱਸਾ ਮੰਨਿਆ ਗਿਆ ਹੈ।
ਹਾਲਾਂਕਿ, ਕੋਈ ਵੀ ਪੁਰਾਤਨ ਸਮੇਂ 'ਚ ਮਨੁੱਖ ਅੱਜ ਦੇ ਸਮੇਂ ਵਾਂਗ ਬਹੁਤ ਜ਼ਿਆਦਾ ਮਾਸ ਨਹੀਂ ਖਾਂਦੇ ਸਨ। ਅੱਜ ਦੇ ਜਟਿਲ ਅਤੇ ਉਦਯੋਗਿਕ ਸਮਾਜ ਵਿੱਚ ਮਾਸ ਖਾਣਾ ਕਾਫ਼ੀ ਆਮ ਹੋ ਗਿਆ ਹੈ।
ਹਾਵਲੀਚੈਕ ਕਹਿੰਦੇ ਹਨ, "ਸਾਡੇ ਵਿਕਾਸਕਾਲ ਦੌਰਾਨ ਰੋਜ਼ ਮਾਸ ਖਾਣਾ ਕੋਈ ਆਮ ਗੱਲ ਨਹੀਂ ਸੀ।"
ਸ਼ਰਾਬ ਤੇ ਕੌਫ਼ੀ

ਤਸਵੀਰ ਸਰੋਤ, Getty Images
ਲੀਨਾ ਬੇਗਦਾਚੇ ਦੇ ਅਨੁਸਾਰ, ਜੇ ਸ਼ਰਾਬ ਨਿਯਮਿਤ ਤੌਰ 'ਤੇ ਜਾਂ ਬਹੁਤ ਮਾਤਰਾ 'ਚ ਲਈ ਜਾਵੇ ਤਾਂ ਇਹ ਪੇਟ ਅਤੇ ਪਸੀਨੇ ਦੋਵਾਂ ਤੋਂ ਖ਼ਰਾਬ ਗੰਧ ਪੈਦਾ ਕਰ ਸਕਦੀ ਹੈ।
ਜਦੋਂ ਸਰੀਰ ਲਿਵਰ ਵਿੱਚ ਸ਼ਰਾਬ ਨੂੰ ਪਚਾਉਂਦਾ ਹੈ ਤਾਂ ਇਸ ਦੌਰਾਨ 'ਐਸੀਟਾਲਡਿਹਾਈਡ' ਨਾਮ ਦਾ ਇਕ ਜ਼ਹਿਰੀਲਾ ਤੇ ਤੇਜ਼ ਗੰਧ ਵਾਲਾ ਤੱਤ ਬਣਦਾ ਹੈ। ਇਹੋ ਤੱਤ ਉਹ "ਸ਼ਰਾਬ ਵਾਲੀ ਗੰਧ" ਬਣਾਉਂਦਾ ਹੈ ਜੋ ਅਸਾਨੀ ਨਾਲ ਪਛਾਣੀ ਜਾਂਦੀ ਹੈ।
ਇਕ ਅਧਿਐਨ ਵਿੱਚ ਪਤਾ ਲੱਗਾ ਕਿ ਪੁਲਿਸ ਅਧਿਕਾਰੀ 60 ਤੋਂ 85 ਫ਼ੀਸਦੀ ਮਾਮਲਿਆਂ ਵਿੱਚ ਸਿਰਫ ਸਾਹ ਦੀ ਗੰਧ ਤੋਂ ਹੀ ਪਤਾ ਲਾ ਲੈਂਦੇ ਹਨ ਕਿ ਕਿਸੇ ਨੇ ਸ਼ਰਾਬ ਪੀਤੀ ਹੈ ਜਾਂ ਨਹੀਂ।
ਸ਼ਰਾਬ ਸਰੀਰ ਨੂੰ ਡੀਹਾਈਡਰੇਟ ਕਰਦੀ ਹੈ ਤੇ ਮੂੰਹ ਦੀ ਲਾਰ ਘਟਾਉਂਦੀ ਹੈ, ਜਿਸ ਨਾਲ ਬੈਕਟੀਰੀਆ ਵਧਦੇ ਹਨ ਤੇ ਸਾਹਾਂ ਵਿੱਚ ਬਦਬੂ ਰਹਿੰਦੀ ਹੈ।
ਇਕ ਹੋਰ ਅਧਿਐਨ ਅਨੁਸਾਰ, ਰੋਜ਼ਾਨਾ ਸ਼ਰਾਬ ਪੀਣ ਵਾਲਿਆਂ ਦੇ ਸਾਹ ਵਿੱਚ "ਵੋਲਟਾਈਲ ਸਲਫ਼ਰ ਕੰਪਾਊਂਡ" ਦੀ ਮਾਤਰਾ ਵੱਧ ਮਿਲੀ, ਜੋ ਬਦਬੂ ਦਾ ਮੁੱਖ ਕਾਰਨ ਹਨ।
2010 ਦੀ ਇਕ ਸਟੱਡੀ 'ਚ ਪਤਾ ਲੱਗਾ ਕਿ ਜਿਨ੍ਹਾਂ ਮਰਦਾਂ ਨੇ ਬੀਅਰ ਪੀਤੀ, ਉਨ੍ਹਾਂ ਵੱਲ ਮੱਛਰ ਜ਼ਿਆਦਾ ਆਏ।
ਉੱਥੇ ਹੀ ਕੌਫੀ ਤੇ ਚਾਹ ਵਿੱਚ ਪਾਇਆ ਜਾਣ ਵਾਲਾ ਕੈਫੀਨ ਸਰੀਰ ਦੀਆਂ ਐਪੋਕ੍ਰਾਈਨ ਗ੍ਰੰਥੀਆਂ ਨੂੰ ਉਤੇਜਿਤ ਕਰ ਸਕਦਾ ਹੈ। ਇਹ ਗ੍ਰੰਥੀਆਂ ਸਰੀਰ ਦੇ ਕਈ ਹਿੱਸਿਆਂ ਜਿਵੇਂ ਕਿ ਕੱਛਾਂ, ਪੇਟ 'ਤੇ ਪਸੀਨਾ ਪੈਦਾ ਕਰਦੀਆਂ ਹਨ।
ਕੇਰੀ ਬੀਸਨ ਕਹਿੰਦੀ ਹੈ ਕਿ ਪਸੀਨੇ ਵਿੱਚ ਆਏ ਇਸ ਵਾਧੇ ਨਾਲ ਬੈਕਟੀਰੀਆ ਦੇ ਪੈਣਾ ਹੋਣ ਜਾਂ ਵਧਣ ਲਈ ਹੋਰ ਅਨੁਕੂਲ ਮਾਹੌਲ ਬਣ ਜਾਂਦਾ ਹੈ, ਜਿਸ ਕਰਕੇ ਸਰੀਰ ਦੀ ਗੰਧ ਹੋਰ ਤੇਜ਼ ਹੋ ਸਕਦੀ ਹੈ।
ਇਸ ਤੋਂ ਇਲਾਵਾ, ਇੱਕ ਅਧਿਐਨ ਵਿੱਚ ਪਤਾ ਲੱਗਿਆ ਹੈ ਕਿ ਕੈਫੀਨ ਦੇ ਮੌਲਿਕਿਊਲ ਪਸੀਨੇ ਵਿੱਚ ਵੀ ਮਿਲ ਸਕਦੇ ਹਨ, ਹਾਲਾਂਕਿ ਇਸ ਗੱਲ ਬਾਰੇ ਕੋਈ ਸਪੱਸ਼ਟ ਡਾਟਾ ਨਹੀਂ ਕਿ ਕੈਫੀਨ ਸਰੀਰ ਦੀ ਗੰਧ ਨੂੰ ਸਿੱਧੇ ਤੌਰ 'ਤੇ ਪ੍ਰਭਾਵਿਤ ਕਰਦਾ ਹੈ ਜਾਂ ਨਹੀਂ।
ਗੰਧ ਅਤੇ ਸਮਾਜਿਕ ਸੰਪਰਕਾਂ ਬਾਰੇ ਅਧਿਐਨ ਕਰਨ ਵਾਲੇ ਕ੍ਰੇਗ ਰਾਬਰਟਸ ਕਹਿੰਦੇ ਹਨ, "ਅਸੀਂ ਵੀ ਸਤਨਧਾਰੀ ਜੀਵ ਹਾਂ ਅਤੇ ਹੋਰ ਸਤਨਧਾਰੀਆਂ ਵਾਂਗ ਗੰਧ ਦਾ ਸੋਸ਼ਲ ਇੰਟਰੈਕਸ਼ਨ ਉੱਤੇ ਮਹੱਤਵਪੂਰਨ ਅਸਰ ਹੁੰਦਾ ਹੈ।"
ਗੰਧ ਉਨ੍ਹਾਂ ਅਣਗਿਣਤ ਕਾਰਕਾਂ 'ਚੋਂ ਇੱਕ ਹੈ, ਜੋ ਇਹ ਤੈਅ ਕਰਦੇ ਹਨ ਕਿ ਲੋਕ ਸਾਨੂੰ ਕਿੰਨਾ ਆਕਰਸ਼ਕ ਸਮਝਦੇ ਹਨ।
ਰਾਬਰਟਸ ਕਹਿੰਦੇ ਹਨ ਕਿ ਗੰਧ ਦੇ ਪ੍ਰਭਾਵਾਂ ਨੂੰ ਹੋਰ ਸਮਾਜਿਕ ਸੰਕੇਤਾਂ ਤੋਂ ਵੱਖ ਕਰਨਾ ਮੁਸ਼ਕਲ ਹੁੰਦਾ ਹੈ, ਜਿਵੇਂ ਕਿ ਲੋਕ ਕਿਵੇਂ ਦਿਖਦੇ ਹਨ, ਕਿਵੇਂ ਵਰਤਾਰਾ ਕਰਦੇ ਹਨ ਤੇ ਕਿਵੇਂ ਗੱਲ ਕਰਦੇ ਹਨ।
ਪਰ ਫਿਰ ਵੀ, ਇਨ੍ਹਾਂ ਗੱਲਾਂ ਨੂੰ ਵਿਗਿਆਨਕ ਤਰੀਕੇ ਨਾਲ ਗਹਿਰਾਈ ਵਿੱਚ ਸਮਝਣ ਦੀ ਕੋਸ਼ਿਸ਼ ਦੌਰਾਨ ਅਜਿਹੇ ਨਤੀਜੇ ਸਾਹਮਣੇ ਆਏ ਹਨ।
ਉਦਾਹਰਨ ਵਜੋਂ, ਜਾਨ ਹਾਵਲੀਚੈਕ ਨੇ ਇੱਕ ਪ੍ਰਯੋਗ ਕੀਤਾ, ਜਿਸ ਵਿੱਚ ਮਰਦਾਂ ਨੇ ਔਰਤਾਂ ਦੀਆਂ ਕੱਛਾਂ ਦੇ ਪਸੀਨੇ ਦੀ ਗੰਧ ਦੀ ਰੇਟਿੰਗ ਕੀਤੀ।
ਇਹ ਰੇਟਿੰਗ ਇਸ ਆਧਾਰ 'ਤੇ ਸੀ ਕਿ ਉਨ੍ਹਾਂ ਨੂੰ ਉਹ ਗੰਧ ਕਿੰਨੀ ਚੰਗੀ, ਆਕਰਸ਼ਕ, ਪ੍ਰਭਾਵਸ਼ਾਲੀ ਜਾਂ ਤੇਜ਼ ਲੱਗੀ।
ਇਸ ਪ੍ਰਯੋਗ ਵਿੱਚ ਕੁਝ ਔਰਤਾਂ ਨੇ ਆਮ ਤਰੀਕੇ ਨਾਲ ਖਾਣਾ ਖਾਧਾ, ਜਦਕਿ ਕੁਝ ਨੇ 48 ਘੰਟੇ ਪਹਿਲਾ ਕੁੱਝ ਨਹੀਂ ਖਾਧਾ।
ਹਾਲਾਂਕਿ ਦੋਵਾਂ ਗੁਰੱਪਾਂ ਦੇ ਵਿਚਕਾਰ ਕੋਈ ਵੱਡਾ ਅੰਤਰ ਨਹੀਂ ਸੀ, ਪਰ ਫਿਰ ਵੀ ਵਰਤ ਰੱਖਣ ਵਾਲੀਆਂ ਔਰਤਾਂ ਦਾ ਪਸੀਨਾ ਆਮ ਤੌਰ 'ਤੇ ਖਾਣਾ ਖਾਣ ਵਾਲੀਆਂ ਔਰਤਾਂ ਨਾਲੋਂ ਹੋਰ ਦਿਲਕਸ਼ ਪਾਇਆ ਗਿਆ।
ਹਾਵਲੀਚੈਕ ਕਹਿੰਦੇ ਹਨ, "ਇਹ ਵੀ ਇੱਕ ਅਜਿਹੀ ਚੀਜ ਸੀ, ਜਿਸਦੀ ਸਾਨੂੰ ਉਮੀਦ ਨਹੀਂ ਸੀ।"
ਪਰ ਕਿਸੇ ਸਪੱਸ਼ਟ ਨਤੀਜੇ 'ਤੇ ਪਹੁੰਚਣ ਲਈ ਲੋੜ ਹੈ ਕਿ ਹੋਰ ਪ੍ਰਯੋਗਾਂ ਵਿੱਚ ਵੀ ਇਸੇ ਤਰ੍ਹਾਂ ਦੇ ਨਤੀਜੇ ਆਉਣ। ਭਾਵੇਂ ਤੁਹਾਡੇ ਪਸੀਨੇ ਦੀ ਗੰਧ ਬਿਹਤਰ ਹੋਵੇ। ਪਰ 2018 ਵਿੱਚ ਸਵਿਟਜ਼ਰਲੈਂਡ ਵਿੱਚ ਹੋਈ ਇੱਕ ਸਟਡੀ ਵਿੱਚ ਪਤਾ ਲੱਗਿਆ ਕਿ ਵਰਤ ਰੱਖਣ ਨਾਲ ਲੋਕਾਂ ਦੇ ਸਾਹ ਦੀ ਗੰਧ ਹੋਰ ਵੀ ਖ਼ਰਾਬ ਹੋ ਜਾਂਦੀ ਹੈ।
ਕਈ ਸਟੱਡੀਜ਼ ਅਤੇ ਉਨ੍ਹਾਂ ਦੇ ਨਤੀਜਿਆਂ ਨੇ ਰਾਬਰਟਸ ਅਤੇ ਹਾਵਲੀਚੈਕ ਵਰਗੇ ਖੋਜਕਰਤਾਵਾਂ ਨੂੰ ਇਹ ਅਹਿਸਾਸ ਕਰਵਾਇਆ ਹੈ ਕਿ ਭੋਜਨ ਸਾਡੇ ਸਰੀਰ ਦੀ ਗੰਧ ਅਤੇ ਧਾਰਨਾ ਨੂੰ ਕਿਵੇਂ ਪ੍ਰਭਾਵਤ ਕਰਦਾ ਹੈ, ਇਸਦਾ ਕੋਈ ਇੱਕ ਸਾਫ਼ ਜਵਾਬ ਨਹੀਂ ਹੈ, ਬਲਕਿ ਇਸ ਵਿੱਚ ਕਾਫ਼ੀ ਭਿੰਨਤਾ ਹੈ।
ਹਾਵਲੀਚੈਕ ਕਹਿੰਦੇ ਹਨ, "ਬਹੁਤ ਸਾਰੇ ਖੁਸ਼ਬੂਦਾਰ ਕੰਪਾਊਂਡ ਹੁੰਦੇ ਹਨ ਅਤੇ ਉਨ੍ਹਾਂ ਵਿੱਚੋਂ ਜ਼ਿਆਦਾਤਰ ਬਾਰੇ ਸਾਨੂੰ ਇਹ ਨਹੀਂ ਪਤਾ ਕਿ ਉਹ ਸਾਡੇ ਸਰੀਰ ਦੀ ਗੰਧ 'ਤੇ ਕਿਵੇਂ ਅਸਰ ਕਰਦੇ ਹਨ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












