ਤੁਹਾਡੇ ਸਰੀਰ ਦੀ ਮਹਿਕ ਸਿਹਤ ਬਾਰੇ ਕੀ ਦੱਸਦੀ ਹੈ? ਕੋਈ ਵੀ ਨਵੀਂ ਗੰਧ ਸਰੀਰ 'ਚ ਆਈ ਖ਼ਰਾਬੀ ਦਾ ਕਿਵੇਂ ਸੰਕੇਤ ਹੋ ਸਕਦੀ ਹੈ?

ਸਾਡੇ ਸਰੀਰ ਕਈ ਕਿਸਮ ਦੀਆਂ ਮਹਿਕਾਂ ਛੱਡਦੇ ਹਨ। ਕੋਈ ਵੀ ਨਵੀਂ ਗੰਧ ਸਰੀਰ ਵਿੱਚ ਆਏ ਕਿਸੇ ਬਦਲਾਅ ਜਾਂ ਖ਼ਰਾਬੀ ਦਾ ਸੰਕੇਤ ਹੋ ਸਕਦੀ ਹੈ।

ਤਸਵੀਰ ਸਰੋਤ, Serenity Strull/BBC/Getty Images

ਤਸਵੀਰ ਕੈਪਸ਼ਨ, ਸਾਡੇ ਸਰੀਰ ਕਈ ਕਿਸਮ ਦੀਆਂ ਮਹਿਕਾਂ ਛੱਡਦੇ ਹਨ। ਕੋਈ ਵੀ ਨਵੀਂ ਗੰਧ ਸਰੀਰ ਵਿੱਚ ਆਏ ਕਿਸੇ ਬਦਲਾਅ ਜਾਂ ਖ਼ਰਾਬੀ ਦਾ ਸੰਕੇਤ ਹੋ ਸਕਦੀ ਹੈ।
    • ਲੇਖਕ, ਜਾਸਮੀਨ ਫੌਕਸ ਸਕੈਲੀ
    • ਰੋਲ, ਬੀਬੀਸੀ ਨਿਊਜ਼

ਅਸੀਂ ਆਪਣੇ ਰੋਮਾਂ ਅਤੇ ਸਾਹ ਰਾਹੀਂ ਕਈ ਕਿਸਮ ਦੇ ਰਸਾਇਣ ਹਵਾ ਵਿੱਚ ਛੱਡਦੇ ਹਾਂ। ਕੁਝ ਸਾਡੀ ਕਿਸੇ ਬੀਮਾਰੀ ਦਾ ਸੰਕੇਤ ਵੀ ਹੋ ਸਕਦੇ ਹਨ ਜਿਨ੍ਹਾਂ ਰਾਹੀਂ ਬੀਮਾਰੀਆਂ ਦਾ ਕਈ ਸਾਲ ਪਹਿਲਾਂ ਹੀ ਪਤਾ ਲਾਇਆ ਜਾ ਸਕਦਾ ਹੈ।

ਬਿਲਕੁਲ ਇਹ ਬਕਵਾਸ ਸੀ। ਜਦੋਂ ਵਿਸ਼ਲੇਸ਼ਣਾਤਮਕ ਰਸਾਇਣ ਵਿਗਿਆਨੀ ਪਰਡੀਟਾ ਬੈਰਨ ਦੇ ਇੱਕ ਸਹਿਕਰਮੀ ਨੇ ਉਨ੍ਹਾਂ ਨੂੰ ਸਕੌਟਲੈਂਡ ਵਿੱਚ ਕੋਈ ਔਰਤ ਦਾ ਦਾਅਵਾ ਹੈ ਕਿ ਉਹ ਪਾਰਕਿਨਸਨ ਰੋਗ ਨੂੰ ਸੁੰਘ ਸਕਦੀ ਹੈ, ਬਾਰੇ ਦੱਸਿਆ ਤਾਂ ਉਨ੍ਹਾਂ ਦੀ ਇਹੀ ਪ੍ਰਤੀਕਿਰਿਆ ਸੀ ।

ਬੈਰਨ ਨੂੰ ਯਾਦ ਹੈ, ਉਨ੍ਹਾਂ ਨੇ ਸੋਚਿਆ ਸੀ, "ਉਹ ਸ਼ਾਇਦ ਸਿਰਫ ਬਜ਼ੁਰਗਾਂ ਨੂੰ ਸੁੰਘ ਕੇ ਪਾਰਕਿਨਸਨਸ ਦੇ ਲੱਛਣ ਪਛਾਣ ਰਹੀ ਸੀ ਅਤੇ ਕੋਈ ਸੰਬੰਧ ਸਥਾਪਿਤ ਕਰ ਰਹੀ ਹੈ।"

ਚੁਹੱਤਰ ਸਾਲਾ ਸੇਵਾ ਮੁਕਤ ਨਰਸ, ਜੌਏ ਮਿਲਨੇ ਨੇ ਬੈਰਨ ਦੇ ਸਹਿਕਰਮੀ ਟੀਲੋ ਕੁਨਾਥ ਨੂੰ ਇੱਕ ਸਮਾਗਮ ਮੌਕੇ 2012 ਵਿੱਚ ਸੰਪਰਕ ਕੀਤਾ ਸੀ। ਟੀਲੋ ਇੱਕ ਐਡਨਬਰਾ ਯੂਨੀਵਰਸਿਟੀ ਵਿੱਚ ਇੱਕ ਮਸਤਿਸ਼ਕ ਵਿਗਿਆਨੀ ਹਨ ਅਤੇ ਉਹ ਸਮਾਗਮ ਵਿੱਚ ਕੋਈ ਭਾਸ਼ਨ ਦੇਣ ਗਏ ਸਨ।

ਮਿਲਨੇ ਨੇ ਕੁਨਾਥ ਨੂੰ ਦੱਸਿਆ ਕਿ ਉਨ੍ਹਾਂ ਨੂੰ ਆਪਣੀ ਯੋਗਤਾ ਬਾਰੇ ਆਪਣੇ ਪਤੀ, ਲਿਜ਼ ਵੱਲ ਧਿਆਨ ਜਾਣ ਤੋਂ ਬਾਅਦ ਪਤਾ ਲੱਗਿਆ। ਪਤੀ ਵਿੱਚੋਂ ਕਈ ਸਾਲ ਪਹਿਲਾਂ ਕਸਤੂਰੀ ਵਰਗੀ ਮਹਿਕ ਆਉਣ ਲੱਗੀ ਸੀ। ਬਾਅਦ ਵਿੱਚ ਉਨ੍ਹਾਂ ਨੂੰ ਪਾਰਕਿਨਸਨਸ ਰੋਗ ਹੋਣ ਦਾ ਪਤਾ ਲੱਗਿਆ, ਜੋ ਕਿ ਇੱਕ ਹੌਲੀ-ਹੌਲੀ ਵਧਣ ਅਤੇ ਦਿਮਾਗ ਨੂੰ ਕਮਜ਼ੋਰ ਕਰਨ ਵਾਲੀ ਬੀਮਾਰੀ ਹੈ।

ਇਸਦੇ ਲੱਛਣਾਂ ਵਿੱਚ ਕੰਬਣੀ ਅਤੇ ਗਤੀਸ਼ੀਲਤਾ ਨਾਲ ਸੰਬੰਧਿਤ ਹੋਰ ਲੱਛਣ ਸ਼ਾਮਿਲ ਹਨ। ਇਹ ਉਦੋਂ ਪਤਾ ਲੱਗਾ ਜਦੋਂ ਮਿਲਨੇ ਨੇ ਆਪਣੇ ਗ੍ਰਹਿ ਕਸਬੇ ਪਰਥ, ਸਕਾਟਲੈਂਟ ਵਿੱਚ ਪਾਰਿਕਨਸਨ ਰੋਗ ਦੇ ਮਰੀਜ਼ਾਂ ਦੀ ਇੱਕ ਬੈਠਕ ਵਿੱਚ ਗਏ, ਉਦੋਂ ਉਨ੍ਹਾਂ ਨੇ ਸੰਬੰਧ ਸਥਾਪਿਤ ਕੀਤਾ ਕਿ: ਸਾਰੇ ਮਰੀਜ਼ਾਂ ਵਿੱਚੋਂ ਉਹੀ ਕਸਤੂਰੀ ਵੰਨੀ ਮਹਿਕ ਆ ਰਹੀ ਸੀ।

ਬੈਰਨ ਕਹਿੰਦੇ ਹਨ, "ਇਸ ਲਈ ਜਦੋਂ ਅਸੀਂ ਉਨ੍ਹਾਂ ਦੇ ਸਹੀ ਹੋਣ ਦੀ ਪਰਖ ਕਰਨ ਦਾ ਫੈਸਲਾ ਕੀਤਾ।" ਬੈਰਨ ਉਦੋਂ ਐਡਨਬਰਾ ਯੂਨੀਵਰਸਿਟੀ ਵਿੱਚ ਸਨ ਪਰ ਹੁਣ ਮੈਨਚੈਸਟਰ ਯੂਨੀਵਰਸਿਟੀ ਵਿੱਚ ਹਨ।

ਇਸ ਦੌਰਾਨ ਪਤਾ ਲੱਗਿਆ ਕਿ ਮਿਲਨੇ ਕੋਈ ਸਮਾਂ-ਖ਼ਰਾਬ ਕਰਨ ਵਾਲੇ ਨਹੀਂ ਸਨ। ਕੁਨਾਥ, ਬੈਰਨ ਅਤੇ ਸਾਥੀਆਂ ਨੇ ਮਿਲਨੇ ਨੂੰ 12 ਟੀ-ਸ਼ਰਟਾਂ ਸੁੰਘਣ ਲਈ ਦਿੱਤੀਆਂ, ਜਿਨ੍ਹਾਂ ਵਿੱਚੋਂ ਛੇ ਹਾਲ ਹੀ ਵਿੱਚ ਪਾਰਕਿਨਸਨਸ ਦੇ ਮਰੀਜ਼ਾਂ ਨੇ ਪਾਈਆਂ ਸਨ, ਜਦਕਿ ਦੂਜੀਆਂ ਛੇ ਉਨ੍ਹਾਂ ਲੋਕਾਂ ਦੀਆਂ ਸਨ ਜਿਨ੍ਹਾਂ ਨੂੰ ਇਹ ਬੀਮਾਰੀ ਨਹੀਂ ਸੀ। ਉਨ੍ਹਾਂ ਨੇ ਛੇ ਮਰੀਜ਼ਾਂ ਦੀ ਸਹੀ ਪਛਾਣ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਇੱਕ ਹੋਰ ਵਿਅਕਤੀ ਦੀ ਪਛਾਣ ਕੀਤੀ, ਜਿਸ ਨੂੰ ਪਾਰਕਿਨਸਨਸ ਰੋਗ ਹੋਣ ਦਾ ਪਤਾ ਅੱਗੇ ਜਾ ਕੇ ਇੱਕ ਸਾਲ ਬਾਅਦ ਲੱਗਿਆ।

ਇਹ ਹੈਰਾਨੀਜਨਕ ਸੀ। ਉਸ ਨੇ ਸਥਿਤੀ ਪੈਦਾ ਹੋਣ ਤੋਂ ਪਹਿਲਾਂ ਉਸ ਬਾਰੇ ਜਾਣ ਲਿਆ, ਜਿਵੇਂ ਉਨ੍ਹਾਂ ਨੇ ਆਪਣੇ ਪਤੀ ਨਾਲ ਕੀਤਾ ਸੀ। ਸਾਲ 2025 ਵਿੱਚ ਮਿਲਨੇ ਦੀ ਇਸ ਹੈਰਾਨੀਜਨਕ ਯੋਗਤਾ ਨੇ ਦੁਨੀਆਂ ਭਰ ਵਿੱਚ ਸੁਰਖੀਆਂ ਬਟੋਰੀਆਂ

ਬਦਬੂ

ਤਸਵੀਰ ਸਰੋਤ, Serenity Strull/BBC/Getty Images

ਤਸਵੀਰ ਕੈਪਸ਼ਨ, ਬਦਬੂ ਉਨ੍ਹਾਂ ਰਸਾਇਣਾਂ ਕਾਰਨ ਆਉਂਦੀ ਹੈ ਜੋ ਸਾਡੀ ਨੱਕ ਵਿੱਚ ਸੁਗੰਧ ਰੀਸੈਪਟਰਾਂ ਨਾਲ ਪਰਸਪਰ ਪ੍ਰਭਾਵ ਪਾਉਂਦੇ ਹਨ

ਲਾਗ ਦੀਆਂ ਬਿਮਾਰੀਆਂ

ਇਹ ਕਹਾਣੀ ਉਨੀ ਅਜੀਬ ਨਹੀਂ ਹੈ ਜਿੰਨੀ ਤੁਸੀਂ ਸ਼ਾਇਦ ਮੰਨ ਰਹੇ ਹੋ। ਸਾਡੇ ਸਰੀਰ ਕਈ ਕਿਸਮ ਦੀਆਂ ਮਹਿਕਾਂ ਛੱਡਦੇ ਹਨ। ਕੋਈ ਵੀ ਨਵੀਂ ਗੰਧ ਸਰੀਰ ਵਿੱਚ ਆਏ ਕਿਸੇ ਬਦਲਾਅ ਜਾਂ ਖ਼ਰਾਬੀ ਦਾ ਸੰਕੇਤ ਹੋ ਸਕਦੀ ਹੈ।

ਹੁਣ, ਸਾਇੰਸਦਾਨ, ਸਰੀਰ ਤੋਂ ਪੈਦਾ ਹੋਣ ਵਾਲੇ ਇਨ੍ਹਾਂ ਬਾਇਓ-ਮਾਰਕਰਾਂ ਦਾ ਪਤਾ ਲਾਉਣ ਦੀਆਂ ਤਕਨੀਕਾਂ ਤੇ ਵਿਧੀਆਂ ਉੱਤੇ ਕੰਮ ਕਰ ਰਹੇ ਹਨ। ਇਸ ਨਾਲ ਪਾਰਕਿਨਸਨ ਰੋਗ ਅਤੇ ਦਿਮਾਗੀ ਚੋਟਾਂ ਤੋਂ ਲੈ ਕੇ ਕੈਂਸਰ ਤੱਕ ਦਾ ਪਤਾ ਕਰਨ ਦੀ ਪ੍ਰਕਿਰਿਆ ਵਿੱਚ ਤੇਜ਼ੀ ਆਵੇਗੀ। ਹੋ ਸਕਦਾ ਹੈ ਇਨ੍ਹਾਂ ਸਥਿਤੀਆਂ ਦਾ ਪਤਾ ਲਾਉਣ ਦੀ ਕੁੰਜੀ ਸਾਡੇ ਨੱਕ ਦੇ ਬਿਲਕੁਲ ਥੱਲੇ ਹੀ ਪਈ ਹੋਵੇ!

ਐਂਡਰਿਸ ਮਿਰਸ਼ਿਨ ਕਹਿੰਦੇ ਹਨ,"ਇਹ ਮੈਨੂੰ ਬੇਚੈਨ ਕਰ ਦਿੰਦਾ ਹੈ ਕਿ ਲੋਕ ਮਰ ਰਹੇ ਹਨ ਅਤੇ ਇਹ ਜਾਨਣ ਲਈ ਕਿ ਉਨ੍ਹਾਂ ਨੂੰ ਪ੍ਰੋਸਟੇਟ ਕੈਂਸਰ ਤਾਂ ਨਹੀਂ, ਅਸੀਂ ਉਨ੍ਹਾਂ ਦੇ ਪੁੜਿਆਂ ਵਿੱਚ ਸੂਈਆਂ ਚੋਭ ਰਹੇ ਹਨ। ਜਦਕਿ ਸੰਕੇਤ ਤਾਂ ਪਹਿਲਾਂ ਹੀ ਬਾਹਰ ਹਨ ਤੇ ਕੁੱਤੇ ਫੜ ਸਕਦੇ ਹਨ।" ਐਂਡਰਿਸ ਇੱਕ ਭੈਤਿਕ ਵਿਗਿਆਨੀ ਅਤੇ ਰੀਅਲਨੋਜ਼.ਏਆਈ ਦੇ ਮੋਢੀ ਹਨ, ਜੋ ਕਿ ਗੰਧ ਤੋਂ ਬੀਮਾਰੀ ਦਾ ਪਤਾ ਲਾਉਣ ਵਾਲੀ ਇੱਕ ਰੋਬੋਟਿਕ ਨੱਕ ਵਿਕਸਿਤ ਕਰ ਰਹੀ ਹੈ। ਇਸਦੀ ਲੋੜ ਹੈ ਕਿਉਂਕਿ ਇੰਨੀ ਤੇਜ਼ ਸੁੰਘਣ ਸ਼ਕਤੀ ਵਾਲੇ ਲੋਕਾਂ ਦੀ ਬਹੁਤ ਕਮੀ ਹੈ ਜੋ ਸਰੀਰ ਦੀ ਗੰਧ ਤੋਂ ਕਿਸੇ ਬੀਮਾਰੀ ਨੂੰ ਉਸਦੇ ਮੁੱਢਲੇ ਪੜਾਵਾਂ ਉੱਤੇ ਹੀ ਪਛਾਣ ਸਕਦੇ ਹੋਣ।

ਜੋਏ ਮਿਲਨੇ, ਉਨ੍ਹਾਂ ਮੁੱਠੀ ਭਰ ਲੋਕਾਂ ਵਿੱਚੋਂ ਹੀ ਇੱਕ ਹਨ। ਉਨ੍ਹਾਂ ਦੀ ਸੁੰਘਣ ਸ਼ਕਤੀ ਵਿਰਾਸਤੀ ਤੌਰ ਉੱਤੇ ਹੀ ਤੇਜ਼ ਹੈ। ਇਸ ਦਾ ਮਤਲਬ ਹੈ ਕਿ ਗੰਧ ਪ੍ਰਤੀ ਉਨ੍ਹਾਂ ਦੀ ਸਮਝ ਔਸਤ ਮਨੁੱਖਾਂ ਨਾਲੋਂ ਜ਼ਿਆਦਾ ਹੈ।

ਕੁਝ ਬੀਮਾਰੀਆਂ ਹਨ, ਜੋ ਇੰਨੀ ਤੇਜ਼ ਅਤੇ ਖਾਸ ਮਹਿਕ ਦਿੰਦੀਆਂ ਹਨ ਕਿ ਜ਼ਿਆਦਾਤਰ ਮਨੁੱਖ ਉਸ ਨੂੰ ਸੁੰਘ ਸਕਦੇ ਹਨ। ਮਿਸਾਲ ਵਜੋਂ ਸ਼ੂਗਰ ਦੇ ਮਰੀਜ਼ਾਂ ਦੀ ਜਦੋਂ 'ਬਲੱਡ ਸ਼ੂਗਰ ਘੱਟੀ ਹੋਵੇ' ਤਾਂ ਉਨ੍ਹਾਂ ਦੇ ਸਾਹ ਵਿੱਚ ਫ਼ਲਾਂ ਵਰਗੀ ਜਾਂ ਸੜੇ ਸੇਬਾਂ ਵਰਗੀ ਹਵਾੜ ਆ ਸਕਦੀ ਹੈ। ਇਹ ਖੂਨ ਵਿੱਚ ਫਲਾਂ ਦੀ ਮਹਿਕ ਵਾਲੇ ਤੇਜ਼ਾਬੀ ਰਸਾਇਣ ਜਿਨ੍ਹਾਂ ਨੂੰ ਕੇਟੋਨਸ ਕਿਹਾ ਜਾਂਦਾ ਹੈ, ਦੇ ਬਣਨ ਕਰਕੇ ਪੈਦਾ ਹੁੰਦੀ ਹੈ।

ਜਿਗਰ ਦੀ ਬੀਮਾਰੀ ਤੋਂ ਪੀੜਤ ਲੋਕਾਂ ਦੇ ਸਾਹ ਜਾਂ ਪਿਸ਼ਾਬ ਵਿੱਚੋਂ ਸਿੱਲ੍ਹੀ ਜਾਂ ਸਲਫਰ ਵਰਗੀ ਗੰਧ ਆ ਸਕਦੀ ਹੈ। ਜਦਕਿ ਤੁਹਾਡੇ ਸਾਹ ਵਿੱਚੋਂ ਅਮੋਨੀਏ ਵਰਗੀ, ਮੱਛੀ ਜਾਂ ਪਿਸ਼ਾਬ ਵਰਗੀ ਗੰਧ ਦਾ ਆਉਣਾ ਗੁਰਦਿਆਂ ਦੀ ਬੀਮਾਰੀ ਦਾ ਇੱਕ ਸੰਕੇਤ ਹੋ ਸਕਦਾ ਹੈ।

ਲਾਗ ਦੀਆਂ ਕੁਝ ਬੀਮਾਰੀਆਂ ਵੀ ਵਿਸ਼ੇਸ਼ ਗੰਧ ਪੈਦਾ ਕਰਦੀਆਂ ਹਨ। ਮਿੱਠੀ-ਮਿੱਠੀ ਗੰਧ ਵਾਲਾ ਮਲ ਕੌਲਰਾ ਜਾਂ ਆਂਦਰਾਂ ਵਿੱਚ ਪਾਏ ਜਾਣ ਵਾਲੇ ਇੱਕ ਬੈਕਟੀਰੀਆ ਕਲੌਸਟ੍ਰਿਡਿਓਇਡਸ ਡਿਫਿਸਿਲ ਦੀ ਮੌਜੂਦਗੀ ਕਾਰਨ ਹੋ ਸਕਦਾ ਹੈ। ਜੋ ਕਿ ਦਸਤਾਂ ਦੀ ਇੱਕ ਆਮ ਵਜ੍ਹਾ ਹੈ। ਇੱਕ ਅਧਿਐਨ ਵਿੱਚ ਸਾਹਮਣੇ ਆਇਆ ਕਿ ਹਸਪਤਾਲ ਵਿੱਚ ਕੰਮ ਕਰਦੀਆਂ ਨਰਸਾਂ ਦਾ ਇੱਕ ਸਮੂਹ ਮਰੀਜ਼ਾਂ ਦੇ ਮਲ ਨੂੰ ਸੁੰਘ ਕੇ ਸਹੀ-ਸਹੀ ਇਸ ਬਾਰੇ ਨਹੀਂ ਦੱਸ ਸਕਿਆ। ਤਪਦਿਕ ਨਾਲ ਕਿਸੇ ਵਿਅਕਤੀ ਦੇ ਸਾਹ ਵਿੱਚੋਂ ਬੇਹੀ ਬੀਅਰ ਵਰਗੀ ਗੰਦੀ ਹਵਾੜ, ਅਤੇ ਉਨ੍ਹਾਂ ਦੇ ਪਿੰਡੇ ਵਿੱਚ ਗਿੱਲੇ ਗੱਤੇ ਵਰਗੀ ਮਹਿਕ ਆ ਸਕਦੀ ਹੈ।

ਸਰੀਰ ਦੀ ਬਦਬੂ

ਤਸਵੀਰ ਸਰੋਤ, Serenity Strull/BBC/Getty Images

ਤਸਵੀਰ ਕੈਪਸ਼ਨ, ਚਮੜੀ ਦੇ ਸਾਦੇ ਨਮੂਨੇ ਤੋਂ ਬਿਮਾਰੀਆਂ ਦਾ ਜਲਦੀ ਨਿਦਾਨ ਕਰਨ ਨਾਲ ਕੁਝ ਸਥਿਤੀਆਂ ਦੇ ਇਲਾਜ ਬਦਲ ਸਕਦੇ ਹਨ

ਦੂਜੀਆਂ ਬੀਮਾਰੀਆਂ ਦਾ ਪਤਾ ਲਾਉਣ ਲਈ ਹਾਲਾਂਕਿ ਖਾਸ ਕਿਸਮ ਦੀ ਨੱਕ ਦੀ ਲੋੜ ਹੁੰਦੀ ਹੈ।

ਮਿਸਾਲ ਵਜੋਂ ਕੁੱਤਿਆਂ ਦੀ ਸੁੰਘਣ ਸ਼ਕਤੀ ਸਾਡੇ ਤੋਂ 100,000 ਗੁਣਾਂ ਜ਼ਿਆਦਾ ਤੇਜ਼ ਹੁੰਦੀ ਹੈ। ਸਾਇੰਸਦਾਨਾਂ ਨੇ ਕੁੱਤਿਆਂ ਨੂੰ ਫੇਫੜਿਆਂ, ਛਾਤੀ, ਓਵਰੀਆਂ, ਬਲੈਡਰ ਅਤੇ ਪ੍ਰੋਸਟੇਟ ਕੈਂਸਰ ਦੀ ਪਛਾਣ ਕਰਨਾ ਸਿਖਾਇਆ ਹੈ। ਮਿਸਾਲ ਵਜੋਂ ਪ੍ਰੋਸਟੇਟ ਕੈਂਸਰ ਬਾਰੇ ਇੱਕ ਅਧਿਐਨ ਵਿੱਚ ਕੁੱਤਿਆਂ ਨੇ ਪਿਸ਼ਾਬ ਦੇ ਨਮੂਨਿਆਂ ਵਿੱਚ 99% ਸਟੀਕਤਾ ਨਾਲ ਪਛਾਣ ਕੀਤੀ। ਕੁੱਤਿਆਂ ਨੂੰ ਸਿਰਫ ਗੰਧ ਤੋਂ ਹੀ, ਪਾਰਕਿਨਸਸ ਦੇ ਰੋਗ,ਡਾਇਬਿਟੀਜ਼ , ਭਵਿੱਖ ਵਿੱਚ ਪੈਣ ਵਾਲੇ ਮਿਰਗੀ ਦੇ ਦੌਰਿਆਂ ਅਤੇ ਮਲੇਰੀਆ ਦੀ ਪਛਾਣ ਕਰਨ ਦੀ ਸਿਖਲਾਈ ਦਿੱਤੀ ਗਈ ਹੈ।

ਲੇਕਿਨ ਸਾਰੇ ਕੁੱਤੇ ਬੀਮਾਰੀਆਂ ਦੇ ਜਸੂਸ ਨਹੀਂ ਬਣ ਸਕਦੇ। ਜਾਨਵਰਾਂ ਨੂੰ ਵੀ ਇਸ ਵਿੱਚ ਸਿਖਲਾਈ ਦੇਣ ਵਿੱਚ ਸਮਾਂ ਲਗਦਾ ਹੈ। ਕੁਝ ਸਾਇੰਸਦਾਨਾਂ ਦਾ ਕਹਿਣਾ ਹੈ ਕਿ ਅਸੀਂ ਕੁੱਤਿਆਂ ਅਤੇ ਮਿਲਨੇ ਵਰਗੇ ਲੋਕਾਂ ਦੀ ਸਮਰੱਥਾ ਦੀ ਨਕਲ ਪ੍ਰਯੋਗਸ਼ਾਲਾ ਵਿੱਚ ਤਿਆਰ ਕਰ ਸਕਦੇ ਹਾਂ। ਇਸ ਨਾਲ ਸ਼ਾਇਦ ਰੂੰ ਨਾਲ ਲਿਆ ਸਧਾਰਨ ਨਮੂਨਾ ਵੀ ਜਾਂਚ ਲਈ ਭੇਜਿਆ ਜਾ ਸਕੇਗਾ।

ਮਿਸਾਲ ਵਜੋਂ, ਬੈਰਨ ਪਾਰਕਿੰਸਨਸ ਦੇ ਮਰੀਜ਼ਾਂ ਦੀ ਚਮੜੀ 'ਤੇ ਪੈਦਾ ਹੋਣ ਵਾਲੇ ਸੇਬਮ (ਇੱਕ ਥਿੰਦਾ ਪਦਾਰਥ) ਦਾ ਵਿਸ਼ਲੇਸ਼ਣ ਕਰਨ ਲਈ ਗੈਸ ਕ੍ਰੋਮੈਟੋਗ੍ਰਾਫੀ-ਮਾਸ ਸਪੈਕਟਰੋਮੈਟਰੀ ਦੀ ਵਰਤੋਂ ਕਰ ਰਹੇ ਹਨ।

ਗੈਸ ਕ੍ਰੋਮੈਟੋਗ੍ਰਾਫੀ ਕੰਪਾਊਂਡਸ ਨੂੰ ਵੱਖ-ਵੱਖ ਕਰਦੀ ਹੈ ਅਤੇ ਮਾਸ ਸਪੈਕਟਰੋਮੈਟਰੀ ਉਨ੍ਹਾਂ ਦਾ ਭਾਰ ਤੋਲਦੀ ਹੈ, ਜਿਸ ਨਾਲ ਸੇਬਮ ਵਿੱਚ ਮੌਜੂਦ ਅਣੂਆਂ ਦੀ ਸਹੀ ਪ੍ਰਕਿਰਤੀ ਦਾ ਪਤਾ ਲਾਇਆ ਜਾ ਸਕਦਾ ਹੈ। ਭੋਜਨ, ਪੀਣ ਵਾਲੇ ਪਦਾਰਥ ਅਤੇ ਅਤਰ ਬਣਾਉਣ ਵਾਲੇ ਉਦਯੋਗ ਇਸ ਕਿਸਮ ਦੀ ਗੰਧ ਵਿਸ਼ਲੇਸ਼ਣ ਦੀ ਤਕਨੀਕ ਦੀ ਵਰਤੋਂ ਪਹਿਲਾਂ ਹੀ ਕਰ ਰਹੇ ਹਨ।

ਪਰਡੀਟਾ ਬੈਰਨ ਮੁਤਾਬਕ, "ਸਾਨੂੰ ਇੱਕ ਤੇਜ਼ੀ ਨਾਲ ਕੰਮ ਕਰਨ ਵਾਲਾ, ਇੱਕ ਅਜਿਹਾ ਟੈਸਟ ਚਾਹੀਦਾ ਹੈ ਜਿਸ ਵਿੱਚ ਸਰੀਰ ਦੇ ਅੰਦਰ ਕੋਈ ਯੰਤਰ ਨਹੀਂ ਪਾਇਆ ਜਾਂਦਾ, ਨਾ ਹੀ ਕੋਈ ਚੀਰਾ ਲਾਇਆ ਜਾਂਦਾ ਹੈ। ਜੋ ਕਿਸੇ ਵਿਅਕਤੀ ਨੂੰ ਉਸਦੀ ਸਥਿਤੀ ਦੀ ਗੰਭੀਰਤਾ ਦੇ ਅਧਾਰ ਉੱਤੇ ਪ੍ਰਭਾਵਸ਼ਾਲੀ ਢੰਗ ਨਾਲ ਇਲਾਜ ਦਿੱਤਾ ਜਾ ਸਕੇਗਾ।"

ਬੈਰਨ ਕਹਿੰਦੇ ਹਨ, ਪਾਰਕਿਨਸਨ ਦੇ ਮਰੀਜ਼ਾਂ ਵਿੱਚ ਮਨੁੱਖੀ ਚਮੜੀ ਵਿੱਚ ਮਿਲਣ ਵਾਲੇ 25,000 ਤੋਂ ਜ਼ਿਆਦਾ ਕੰਪਾਊਂਡਸ ਵਿੱਚੋਂ ਲਗਭਗ 3,000 ਵੱਖਰੇ ਤਰੀਕੇ ਨਾਲ ਨਿਯਮਤ ਕੀਤੇ ਜਾਂਦੇ ਹਨ। ਉਹ ਦੱਸਦੇ ਹਨ, "ਹੁਣ ਅਸੀਂ ਉਸ ਸਥਿਤੀ ਵਿੱਚ ਪਹੁੰਚ ਗਏ ਹਾਂ ਜਿੱਥੇ ਅਸੀਂ ਉਨ੍ਹਾਂ ਨੂੰ 30 ਤੱਕ ਲੈ ਆਏ ਹਾਂ, ਜੋ ਕਿ ਪਾਰਕਿਸਨਸ ਰੋਗ ਵਾਲੇ ਸਾਰੇ ਲੋਕਾਂ ਵਿੱਚ ਵੱਖਰੇ ਹੁੰਦੇ ਹਨ।"

ਉਹ ਕਹਿੰਦੇ ਹਨ ਕਈ ਸਾਰੇ ਕੰਪਾਊਂਡ ਲਿਪਿਡ ਜਾਂ ਵਸਾ ਹਨ। ਮਿਸਾਲ ਵਜੋਂ ਇੱਕ ਸ਼ੁਰੂਆਤੀ ਅਧਿਐਨ ਵਿੱਚ ਲਿਪਿਡ ਵਰਗੇ ਤਿੰਨ ਮੌਲੀਕਿਊਲਾਂ- ਹਿਪਿਊਰਿਕ ਐਸਿਡ, ਇਕੋਸੇਨ ਅਤੇ ਓਕਟੇਕਨਾਲ, ਉੱਤੇ ਧਿਆਨ ਦਿੱਤਾ ਗਿਆ, ਜਿਨ੍ਹਾਂ ਦਾ ਸੰਬੰਧ ਬੀਮਾਰੀ ਦੁਆਰਾ ਪੈਦਾ ਕੀਤੀ ਗਈ ਗੰਧ ਨਾਲ ਹੈ। ਇਸ ਅਧਿਐਨ ਦੇ ਨਤੀਜੇ ਉਨ੍ਹਾਂ ਪੁਰਾਣੇ ਅਧਿਐਨਾਂ ਦੀ ਪੁਸ਼ਟੀ ਕਰਦੇ ਹਨ ਜਿਨ੍ਹਾਂ ਮੁਤਾਬਕ ਅਸਧਾਰਨ ਲਿਪਿਡ ਮੈਟਾਬੋਲਿਜ਼ਮ ਪਾਰਕਿਨਸਨਸ ਰੋਗ ਦੇ ਪਛਾਣ ਚਿੰਨ੍ਹ ਹਨ।

ਬੈਰਨ ਦੱਸਦੇ ਹਨ, "ਸਾਨੂੰ ਪਤਾ ਲੱਗਿਆ ਹੈ ਕਿ ਸੈੱਲਾਂ ਦੀ ਲਾਂਗ-ਚੈਨ ਫੈਟੀ ਐਸਿਡਾਂ ਦੀ ਮਾਈਟੋਕੌਂਡਰੀਆ ਤੱਕ ਢੋਆ-ਢੁਆਈ ਦੀ ਸਮਰੱਥਾ (ਪਾਰਕਿਸਨਸਨਸ ਰੋਗੀਆਂ ਵਿੱਚ) ਘਟ ਜਾਂਦੀ ਹੈ।" ਉਹ ਅੱਗੇ ਦੱਸਦੇ ਹਨ, "ਇਸ ਲਈ ਸਾਨੂੰ ਪਤਾ ਹੈ ਕਿ ਸਰੀਰ ਵਿੱਚ ਇਸ ਤਰ੍ਹਾਂ ਦੇ ਹੋਰ ਵੀ ਲਿਪਿਡ ਘੁੰਮ ਰਹੇ ਹਨ ਅਤੇ ਉਨ੍ਹਾਂ ਵਿੱਚੋਂ ਕੁਝ ਚਮੜੀ ਰਾਹੀਂ ਬਾਹਰ ਕੱਢੇ ਜਾਂਦੇ ਹਨ, ਜਿਨ੍ਹਾਂ ਨੂੰ ਅਸੀਂ ਮਾਪ ਸਕਦੇ ਹਾਂ।"

ਇਹ ਦਲ ਇੱਕ ਚਮੜੀ ਤੋਂ ਲਿਆ ਜਾ ਸਕਣ ਵਾਲਾ ਸਰਲ ਟੈਸਟ ਵਿਕਸਿਤ ਕਰ ਰਹੀ ਹੈ, ਜੋ ਪਾਰਕਿਨਸਨਸ ਰੋਗ ਨੂੰ ਸ਼ੁਰੂਆਤੀ ਪੜਾਅ ਉੱਤੇ ਫੜ ਸਕੇ। ਫਿਲਹਾਲ, ਆਮ ਤੌਰ ਉੱਤੇ ਡਾਕਟਰ ਕੰਬਣੀ ਵਰਗੇ ਲੱਛਣਾਂ ਵਾਲੇ ਲੋਕਾਂ ਨੂੰ ਦਿਮਾਗ ਦੇ ਡਾਕਟਰ ਕੋਲ ਭੇਜਦੇ ਹਨ, ਜੋ ਉਨ੍ਹਾਂ ਦੀ ਜਾਂਚ ਕਰ ਸਕੇ। ਇਸ ਵਿੱਚ ਹਾਲਾਂਕਿ ਇਸ ਵਿੱਚ ਕਈ ਸਾਲ ਲੱਗ ਸਕਦੇ ਹਨ।

ਪਰਡੀਟਾ ਬੈਰਨ ਕਹਿੰਦੇ ਹਨ, "ਸਾਨੂੰ ਇੱਕ ਤੇਜ਼ ਅਤੇ ਅਜਿਹਾ ਟੈਸਟ ਚਾਹੀਦਾ ਹੈ ਜਿਸ ਵਿੱਚ ਸਰੀਰ ਦੇ ਅੰਦਰ ਕੋਈ ਯੰਤਰ ਨਾ ਪਾਇਆ ਜਾਵੇ, ਨਾ ਹੀ ਕੋਈ ਚੀਰਾ ਲਾਇਆ ਜਾਵੇ, ਤਾਂ ਜੋ ਕਿਸੇ ਵਿਅਕਤੀ ਨੂੰ ਉਸਦੀ ਸਥਿਤੀ ਦੀ ਗੰਭੀਰਤਾ ਦੇ ਅਧਾਰ ਉੱਤੇ ਕਾਰਗਰ ਇਲਾਜ ਦਿੱਤਾ ਜਾ ਸਕੇਗਾ। ਉਹ ਲੋਕ ਫਿਰ ਕਿਸੇ ਦਿਮਾਗ ਦੇ ਡਾਕਟਰ ਨੂੰ ਮਿਲਣ ਜੋ ਉਨ੍ਹਾਂ ਨੂੰ "ਹਾਂ" ਜਾਂ "ਨਾਂਹ" ਵਿੱਚ ਜਵਾਬ ਦੇਵੇ।"

ਸਰੀਰਕ ਸਿਹਤ
ਇਹ ਵੀ ਪੜ੍ਹੋ-

ਬੀਮਾਰੀਆਂ ਸਾਡੇ ਸਰੀਰ ਦੀ ਗੰਧ ਨੂੰ ਕਿਉਂ ਪ੍ਰਭਾਵਿਤ ਕਰਦੀਆਂ ਹਨ?

ਵੋਲੀਟਾਈਲ ਆਰਗੈਨਿਕ ਕੰਪਾਊਂਡ (ਵੀਓਸੀ) ਵਜੋਂ ਜਾਣਿਆਂ ਜਾਂਦਾ ਮਾਲੀਕਿਊਲਾਂ ਦਾ ਇੱਕ ਸਮੂਹ ਹੈ। ਜਿਉਂਦੇ ਰਹਿਣ ਲਈ, ਸਾਡੇ ਸਰੀਰ ਨੂੰ ਪਾਣੀ ਅਤੇ ਖਾਣੇ ਨੂੰ ਨਿਰੰਤਰ ਊਰਜਾ ਵਿੱਚ ਬਦਲਦੇ ਰਹਿਣਾ ਪੈਂਦਾ ਹੈ। ਇਹ ਕੰਮ ਸਾਡਾ ਸਰੀਰ ਮਾਈਟੋਕੌਂਡਰੀਆ ਵਿੱਚ ਵਾਪਰਨ ਵਾਲੀਆਂ ਬਹੁਤ ਸਾਰੀਆਂ ਰਸਾਇਣਕ-ਪ੍ਰਤੀਕਿਰਿਆਵਾਂ ਜ਼ਰੀਏ ਹੁੰਦਾ ਹੈ।

ਮਾਈਟੋਕੌਂਡਰੀਆ, ਸੈੱਲ ਦਾ ਉਹ ਹਿੱਸਾ ਹੁੰਦਾ ਹੈ ਜੋ ਭੋਜਨ ਨੂੰ ਊਰਜਾ ਵਿੱਚ ਬਦਲਦਾ ਹੈ, ਜੋ ਸਾਡਾ ਸਰੀਰ ਇਸਤੇਮਾਲ ਕਰ ਸਕੇ। ਮੌਲੀਕਿਊਲਾਂ ਦੁਆਰਾ ਪੈਦਾ ਕੀਤੀਆਂ ਜਾਂਦੀਆਂ ਰਸਾਇਣਕ-ਪ੍ਰਤੀਕਿਰਿਆਵਾਂ ਨੂੰ ਮੈਟਾਬੋਲਾਇਟਸ ਕਿਹਾ ਜਾਂਦਾ ਹੈ, ਜਿਨ੍ਹਾਂ ਵਿੱਚ ਕੁਝ ਵੋਲੀਟਾਈਲ ਹੁੰਦੇ ਹਨ। ਜਿਸ ਦਾ ਮਤਲਬ ਹੈ ਕਿ ਉਹ ਕਮਰੇ ਦੇ ਸਧਾਰਨ ਤਾਪਮਾਨ ਉੱਤੇ ਵੀ ਅਸਾਨੀ ਨਾਲ ਭਾਫ਼ ਬਣ ਜਾਂਦੇ ਹਨ- ਅਤੇ ਸੰਭਾਵੀ ਤੌਰ ਉੱਤੇ ਸਾਡੇ ਨੱਕ ਦੁਆਰਾ ਫੜ ਲਏ ਜਾਂਦੇ ਹਨ। ਇਹ ਵੀਓਸੀ ਸਾਡੇ ਸਰੀਰ ਦੁਆਰਾ ਬਾਹਰ ਕੱਢ ਦਿੱਤੇ ਜਾਂਦੇ ਹਨ।

ਬਰੂਸ ਕਿੰਬਲ ਮੋਨੇੱਲ ਕੈਮੀਕਲ ਸੈਂਸਿਜ਼ ਸੈਂਟਰ ਜੋ ਕਿ ਫਿਲਾਡੈਲਫੀਆ ਅਮਰੀਕਾ ਵਿੱਚ ਇੱਕ ਖੋਜ ਸੰਸਥਾਨ ਹੈ, ਵਿੱਚ ਇੱਕ ਰਸਾਇਣ ਇਕੋਲੋਜਿਸਟ ਹਨ। ਉਹ ਦੱਸਦੇ ਹਨ, "ਜੇ ਤੁਸੀਂ ਕਿਸੇ ਲਾਗ ਜਾਂ ਕਿਸੇ ਬੀਮਾਰੀ ਤੋਂ ਪੀੜਤ ਹੋ ਜਾਂ ਕੋਈ ਸੱਟ ਲੱਗੀ ਹੈ ਤਾਂ ਇਸਦਾ ਅਸਰ ਤੁਹਾਡੇ ਮੈਟਾਬੋਲਿਜ਼ਮ ਉੱਤੇ ਵੀ ਪਵੇਗਾ। ਮੈਟਾਬੋਲਿਜ਼ਮ ਵਿੱਚ ਆਈ ਇਹ ਤਬਦੀਲੀ ਸਾਡੇ ਸਰੀਰ ਵਿੱਚ ਵੱਖ-ਵੱਖ ਥਾਵਾਂ ਵਿੱਚ ਮੈਟਾਬੋਲਾਈਟਸ ਦੀ ਵੰਡ ਨੂੰ ਪ੍ਰਭਾਵਿਤ ਕਰੇਗੀ।"

ਦੂਜੇ ਸ਼ਬਦਾਂ ਵਿੱਚ ਕੋਈ ਬੀਮਾਰੀ ਪੈਦਾ ਹੋਣ ਵਾਲੇ ਵੀਓਸੀ ਨੂੰ ਬਦਲ ਸਕਦੀ ਹੈ, ਜਿਸ ਨਾਲ ਸਾਡੇ ਸਰੀਰ ਦੀ ਗੰਧ ਵਿੱਚ ਤਬਦੀਲੀ ਪੈਦਾ ਹੁੰਦੀ ਹੈ।

ਕਿੰਬਲ ਦੱਸਦੇ ਹਨ, "ਅਸੀਂ ਕਈ ਵਾਇਰਸਾਂ ਅਤੇ ਬੈਕਟੀਰੀਆ ਤੋਂ ਹੋਣ ਵਾਲੀਆਂ ਕਈ ਲਾਗਾਂ ਦਾ ਅਧਿਐਨ ਕੀਤਾ ਹੈ, ਅਸੀਂ ਪੈਂਕਰਿਆਟਿਕ ਕੈਂਸਰ, ਹਲਕਾਅ ਦਾ ਅਧਿਐਨ ਕੀਤਾ ਹੈ, ਸੂਚੀ ਬਹੁਤ ਲੰਬੀ ਹੈ।" ਉਹ ਅੱਗੇ ਕਹਿੰਦੇ ਹਨ, "ਮੈਂ ਕਹਾਂਗਾ, ਜਦੋਂ ਸਿਹਤਮੰਦ ਸਥਿਤੀ ਨਾਲ ਤੁਲਨਾ ਕੀਤੀ ਜਾਂਦੀ ਹੈ ਤਾਂ ਇਹ ਬਹੁਤ ਦੁਰਲਭ ਹੈ ਕਿ ਸਾਨੂੰ ਤੰਦਰੁਸਤ ਅਤੇ ਜਾਂ ਜਿਸ ਵੀ ਸਥਿਤੀ ਦੀ ਅਸੀਂ ਜਾਂਚ ਕਰ ਰਹੇ ਹਾਂ ਵਿੱਚ ਫਰਕ ਕਰਨ ਦੀ ਯੋਗਤਾ ਨਾ ਨਜ਼ਰ ਆਵੇ। ਇਹ ਬਹੁਤ ਆਮ ਗੱਲ ਹੈ।"

ਲੇਕਿਨ, ਅਹਿਮ ਗੱਲ ਇਹ ਹੈ ਕਿ ਵੀਓਸੀ ਵਿੱਚ ਆਉਣ ਵਾਲੀਆਂ ਇਨ੍ਹਾਂ ਵਿੱਚੋਂ ਜ਼ਿਆਦਾਤਰ ਤਬਦੀਲੀਆਂ ਨੂੰ ਮਨੁੱਖ ਨਹੀਂ ਫੜ ਸਕਦੇ। ਇਸੇ ਕਰਕੇ ਕੁੱਤੇ, ਸਾਡੀ ਕੁਝ ਗੰਭੀਰ ਬੀਮਾਰੀਆਂ, ਜਿਨ੍ਹਾਂ ਦੀ ਉਂਝਾ ਜਾਂਚ ਬਹੁਤ ਮੁਸ਼ਕਿਲ ਸੀ, ਦਾ ਪਤਾ ਲਾਉਣ ਵਿੱਚ ਸਾਡੀ ਮਦਦ ਕਰ ਸਕਦੇ ਹਨ।

ਕਿੰਬੱਲ, ਆਪਣੇ ਸਹਿਯੋਗੀਆਂ ਨਾਲ ਮਿਲ ਕੇ ਅਜਿਹਾ ਟੈਸਟ ਵਿਕਸਿਤ ਕਰ ਰਹੇ ਹਨ। ਜਿਸ ਰਾਹੀਂ ਸਰੀਰਕ ਸੰਪਰਕ ਵਾਲੀਆਂ ਖੇਡਾਂ ਖੇਡਣ ਵਾਲੇ ਬੱਚਿਆਂ ਵਿੱਚ ਦਿਮਾਗ ਦੀ ਸੱਟ ਦਾ ਪਤਾ ਉਨ੍ਹਾਂ ਦੇ ਸਰੀਰਾਂ ਦੁਆਰਾ ਛੱਡੇ ਗਏ ਇਨ੍ਹਾਂ ਵੀਓਸੀ ਤੋਂ ਲਾਇਆ ਜਾ ਸਕੇ।

ਸਾਲ 2026 ਵਿੱਚ ਉਨ੍ਹਾਂ ਨੇ ਇੱਕ ਅਧਿਐਨ ਦੇ ਨਤੀਜੇ ਪ੍ਰਕਾਸ਼ਿਤ ਕੀਤੇ ਜਿਸ ਵਿੱਚ ਇੱਕ ਚੂਹੇ ਦੇ ਸਿਰ ਵਿੱਚ ਲੱਗੀ ਸੱਟ ਨਾਲ ਉਸਦੀ ਗੰਧ ਵਿੱਚ ਬਦਲਾਅ ਆਇਆ। ਉਨ੍ਹਾਂ ਨੇ ਦੇਖਿਆ ਕਿ ਦੂਜੇ ਚੂਹਿਆਂ ਨੂੰ ਇਹ ਗੰਧ ਪਛਾਣਨ ਦੀ ਸਿਖਲਾਈ ਦਿੱਤੀ ਜਾ ਸਕਦੀ ਹੈ।

ਸਰੀਰਕ ਸਿਹਤ

ਤਸਵੀਰ ਸਰੋਤ, Serenity Strull/BBC/Getty Images

ਤਸਵੀਰ ਕੈਪਸ਼ਨ, ਵਿਗਿਆਨੀਆਂ ਨੂੰ ਇੱਕ ਲੈਬ-ਅਧਾਰਤ ਟੈਸਟ ਬਣਾਉਣ ਦੀ ਉਮੀਦ ਹੈ ਜੋ ਕਈ ਵੱਖ-ਵੱਖ ਬਦਬੂਆਂ ਦੀ ਜਾਂਚ ਕਰ ਸਕਦਾ ਹੈ

ਇੱਕ ਨਵੇਂ, ਜਲਦੀ ਹੀ ਪ੍ਰਕਾਸ਼ਿਤ ਕੀਤੇ ਜਾਣ ਵਾਲੇ ਕੰਮ ਵਿੱਚ ਕਿੰਬੱਲ ਨੇ ਮਾਮੂਲੀ ਦਿਮਾਗੀ ਸੱਟ ਤੋਂ ਬਾਅਦ ਦੇ ਕੁਝ ਘੰਟਿਆਂ ਦੌਰਾਨ ਮਨੁੱਖੀ ਪਿਸ਼ਾਬ ਵਿੱਚ ਮੌਜੂਦ ਕੁਝ ਖਾਸ ਕਿਟੋਨਸ ਦਾ ਪਤਾ ਲਾਇਆ। ਸੱਟਾਂ ਤੋਂ ਬਾਅਦ ਅਜਿਹੀਆਂ ਗੰਧਾਂ ਦੇ ਪੈਦਾ ਹੋਣ ਦੇ ਕਾਰਨ ਤਾਂ ਸਪਸ਼ਟ ਨਹੀਂ ਹਨ ਪਰ ਸਿਧਾਂਤਕ ਪੱਖੋਂ ਦਿਮਾਗ ਇਹ ਵੀਓਸੀ ਆਪਣੇ ਆਪ ਨੂੰ ਠੀਕ ਕਰਨ ਦੀ ਪ੍ਰਕਿਰਿਆ ਦੇ ਸਹਿ-ਉਤਪਾਦ ਵਜੋਂ ਪੈਦਾ ਕਰਦਾ ਹੈ।

ਕਿੰਬਲ ਕਹਿੰਦੇ ਹਨ, "ਕਿਟੋਨਸ ਦਾ ਜੋ ਵਰਗ ਅਸੀਂ ਦੇਖ ਰਹੇ ਹਾਂ ਸੁਝਾਉਂਦਾ ਹੈ ਕਿ ਇਸਦਾ, ਉਸ ਸੱਟ ਦਾ ਮੁਕਾਬਲਾ ਕਰਨ ਲਈ ਦਿਮਾਗ ਨੂੰ ਵਧੇਰੇ ਊਰਜਾ ਭੇਜਣ ਦੀ ਕੋਸ਼ਿਸ਼, ਜਾਂ ਘੱਟੋ-ਘੱਟ ਠੀਕ ਹੋਣ ਵਿੱਚ ਮਦਦ ਕਰਨ ਨਾਲ ਕੋਈ ਨਾ ਕੋਈ ਸੰਬੰਧ ਹੈ।"

ਅਜਿਹਾ ਸੋਚਣ ਦਾ ਚੰਗਾ ਕਾਰਨ ਹੈ। ਪੂਰਬਲੇ ਅਧਿਐਨ ਦਰਸਾਉਂਦੇ ਹਨ ਕਿ ਕਿਟੋਨਸ ਦਿਮਾਗੀ ਸੱਟ ਤੋਂ ਬਾਅਦ ਬਦਲਵੇਂ ਊਰਜਾ ਸਰੋਤਾਂ ਵਜੋਂ ਕੰਮ ਦੇ ਸਕਦੇ ਹਨ ਅਤੇ ਸਮਝਿਆ ਜਾਂਦਾ ਹੈ ਕਿ ਇਹ ਦਿਮਾਗੀ ਪ੍ਰਣਾਲੀ ਦੇ ਸੈੱਲਾਂ (ਨਿਊਰਾਨਾਂ) ਨੂੰ ਨੁਕਸਾਨ ਤੋਂ ਬਚਾਉਣ ਦੀ ਯੋਗਤਾ ਦਿੰਦੇ ਹਨ।

ਸਰੀਰ ਦੀ ਗੰਧ ਕਿਸੇ ਨੂੰ ਮਲੇਰੀਆ ਹੋਣ ਬਾਰੇ ਵੀ ਦੱਸ ਸਕਦੀ ਹੈ। ਸਾਲ 2018 ਵਿੱਚ ਸਾਇੰਸਦਾਨਾਂ ਨੇ ਖੋਜ ਕੀਤੀ ਕਿ ਮਲੇਰੀਆ ਦੀ ਲਾਗ ਵਾਲੇ ਬੱਚੇ, ਇੱਕ ਵਿਲੱਖਣ ਗੰਧ ਛੱਡਦੇ ਹਨ, ਜੋ ਮੱਛਰਾਂ ਨੂੰ ਖਾਸ ਤੌਰ ਉੱਤੇ ਧੂਹ ਪਾਉਂਦੀ ਹੈ। ਪੱਛਮੀ ਕੀਨੀਆ ਦੇ 56 ਬੱਚਿਆਂ ਦੇ ਨਮੂਨੇ ਦੇ ਅਧਿਐਨ ਤੋਂ ਖੋਜ ਦਲ ਨੇ ਫਲਾਂ ਅਤੇ ਘਾਹ ਵਰਗੀ ਗੰਧ ਦੀ ਪਛਾਣ ਕੀਤੀ ਜਿਸ ਨੂੰ ਉੱਡਣੇ, ਦੰਦੀ ਵੱਢਣ ਵਾਲੇ ਕੀੜੇ ਨਜ਼ਰ ਅੰਦਾਜ਼ ਨਹੀਂ ਕਰ ਸਕਦੇ।

ਇਨ੍ਹਾਂ ਨਮੂਨਿਆਂ ਦੇ ਅਗਲੇਰੇ ਵਿਸ਼ਲੇਸ਼ਣ ਤੋਂ ਪਤਾ ਲੱਗਿਆ ਕਿ ਇਸ ਵਿਲੱਖਣ ਗੰਧ ਲਈ ਕੁਝ ਐਲਡੀਹਾਈਡ ਰਸਾਇਣ– ਖਾਸ ਤੌਰ 'ਤੇ ਹੈਪਟੇਨਲ, ਔਕਟੇਨਲ ਅਤੇ ਨੋਨੇਨਲ ਦੀ ਮੌਜੂਦਗੀ ਜ਼ਿੰਮੇਵਾਰ ਹੈ। ਖੋਜ ਦੀ ਵਰਤੋਂ ਮਲੇਰੀਏ ਦੇ ਨਵੇਂ ਟੈਸਟ ਵਿਕਸਤ ਕਰਨ ਲਈ ਕੀਤੀ ਜਾ ਸਕਦੀ ਹੈ। ਫਿਲਹਾਲ ਤਾਂ, ਸਾਇੰਸਦਾਨਾਂ ਨੂੰ ਉਮੀਦ ਹੈ ਕਿ ਉਹ ਇਸ ਗੰਧ ਦੀ ਨਕਲ ਰਾਹੀਂ ਮੱਛਰਾਂ ਨੂੰ ਖਿੱਚ ਕੇ ਸਮੁਦਾਇਆਂ ਅਤੇ ਪਿੰਡਾਂ ਤੋਂ ਦੂਰ ਰੱਖਣ ਲਈ ਕਰ ਸਕਦੇ ਹਨ।

ਐੱਮਆਈਟੀ ਦੇ ਇੱਕ ਸਾਬਕਾ ਖੋਜੀ, ਮੇਰਸ਼ਿਨ ਜੋ ਕਿ ਹੁਣ ਰੀਅਲਨੋਜ਼.ਏਆਈ ਵਿੱਚ ਕੰਮ ਕਰ ਰਹੇ ਹਨ, ਮੁਤਾਬਕ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਟੀਮ ਨੂੰ ਉਮੀਦ ਹੈ ਕਿ ਉਹ ਗੰਧ-ਪਛਾਣਨ ਦਾ ਜੋ ਉਪਕਰਨ ਬਣਾ ਰਹੇ ਹਨ ਉਹ ਪ੍ਰੋਸਟੇਟ ਕੈਂਸਰ ਦੀ ਪਛਾਣ ਸਕੇਗਾ, ਜਿਸ ਨਾਲ 44 ਵਿੱਚੋਂ ਇੱਕ ਮਰੀਜ਼ ਦੀ ਮੌਤ ਹੋ ਜਾਂਦੀ ਹੈ।

ਉਹ ਦੱਸਦੇ ਹਨ, "ਕੰਪਨੀ ਮੇਰੀ ਐੱਮਆਈਟੀ ਵਿੱਚ ਕੀਤੀ 19 ਸਾਲਾਂ ਦੀ ਖੋਜ ਵਿੱਚੋਂ ਪੈਦਾ ਹੋਈ ਹੈ। ਜਿੱਥੇ ਡਿਫੈਂਸ ਅਡਵਾਂਸਡ ਰਿਸਰਚ ਪ੍ਰੋਜੈਕਟ ਏਜੰਸੀ ਨੇ ਮੈਨੂੰ ਗੰਧ ਪਛਾਣਨ ਵਿੱਚ ਕੁੱਤੇ ਦੀ ਨੱਕ ਨੂੰ ਪਛਾੜਨ ਦੀ ਚੁਣੌਤੀ ਦਿੱਤੀ ਸੀ। ਸਾਨੂੰ ਬੁਨਿਆਦੀ ਤੌਰ ਉੱਤੇ ਬਾਇਓ-ਸਾਈਬਰੋਗ ਬਣਾਉਣ ਲਈ ਕਿਹਾ ਗਿਆ ਸੀ।"

ਰੀਅਲਨੋਜ਼.ਏਆਈ ਵਿੱਚ ਵਿਕਸਿਤ ਕੀਤੇ ਜਾ ਰਹੇ ਉਪਕਰਨ ਵਿੱਚ ਪ੍ਰਯੋਗਸ਼ਾਲਾ ਵਿੱਚ ਵਿਕਸਿਤ ਕੀਤੇ ਗਏ ਸਟੈੱਮ ਸੈੱਲਾਂ ਦੀ ਵਰਤੋਂ ਕਰਕੇ ਬਣਾਏ ਗਏ ਅਸਲੀ ਮਨੁੱਖੀ ਨੱਕ ਵਾਲੇ ਰਿਸੈਪਟਰ ਲੱਗੇ ਹਨ। ਇਹ ਰਿਸੈਪਟਰ (ਜੋ ਕੋਈ ਚੀਜ਼ ਫੜ ਸਕਣ)- ਪ੍ਰੋਸਟੈਟ ਕੈਂਸਰ ਨਾਲ ਜੁੜੀਆਂ ਕਈ ਕਿਸਮ ਦੀਆਂ ਗੰਧਾਂ ਦੇ ਮੌਲੀਕਿਊਲ ਪਛਾਣਨ ਦੇ ਸਮਰੱਥ ਕੀਤੇ ਗਏ ਹਨ।

ਕਿਸੇ ਸੈਂਪਲ ਵਿੱਚ ਕੀ ਹੈ ਇਹ ਜਾਣ ਲੈਣਾ ਹੀ ਕਾਫ਼ੀ ਨਹੀਂ ਹੈ। ਕਿਸੇ ਕੇਕ ਦੀ ਸਮੱਗਰੀ ਉਸਦੀ ਮਹਿਕ ਜਾਂ ਸੁਆਦ ਬਾਰੇ ਬਹੁਤ ਥੋੜ੍ਹੀ ਜਾਣਕਾਰੀ ਦਿੰਦੀ ਹੈ। ਇਹ ਉਦੋਂ ਪਤਾ ਲਗਦਾ ਹੈ ਜਦੋਂ ਤੁਹਾਡੇ ਸੈਂਸਰ ਇਨ੍ਹਾਂ ਵੋਲੀਟਾਈਲਸ ਨਾਲ ਅੰਤਰ ਕਿਰਿਆ ਕਰਦੇ ਹਨ ਅਤੇ ਤੁਹਾਡਾ ਦਿਮਾਗ ਇਸ ਜਾਣਕਾਰੀ ਦਾ ਵਿਸ਼ਲੇਸ਼ਣ ਕਰਕੇ ਧਾਰਨਾਤਮਕ ਅਨੁਭਵ (ਇੰਦਰੀਆਂ ਤੋਂ ਪ੍ਰਾਪਤ ਅਨੁਭਵ) ਵਿੱਚ ਬਦਲਦਾ ਹੈ।

ਇਸੇ ਦੌਰਾਨ ਜੋਏ ਬੈਰਨ ਅਤੇ ਉਨ੍ਹਾਂ ਦੇ ਖੋਜ ਦਲ ਨਾਲ ਮਿਲ ਕੇ ਪਾਰਕਿਨਸਨਸ ਅਤੇ ਹੋਰ ਬੀਮਾਰੀਆਂ ਦੀ ਜਾਂਚ ਕਰਨ ਲਈ ਇੱਕ ਟੈਸਟ ਵਿਕਸਿਤ ਕਰਨ ਲਈ ਕੰਮ ਕਰ ਰਹੇ ਹਨ।

"ਹੁਣ ਅਸੀਂ ਗੰਧ ਪਛਾਣਨ ਲਈ ਉਨ੍ਹਾਂ ਦੀ ਬਹੁਤੀ ਵਰਤੋਂ ਨਹੀਂ ਕਰਦੇ। ਉਹ ਦਿਨ ਵਿੱਚ ਵੱਧੋ- ਵੱਧ ਦਸ ਨਮੂਨਿਆਂ ਦੀ ਜਾਂਚ ਕਰ ਸਕਦੇ ਹਨ, ਜੋ ਕਿ ਉਨ੍ਹਾਂ ਨੂੰ ਭਾਵੁਕ ਤੌਰ ਉੱਤੇ ਬਹੁਤ ਹੀ ਥਕਾ ਦਿੰਦਾ ਹੈ। ਉਹ 75 ਸਾਲਾਂ ਦੇ ਹਨ ਅਤੇ ਕੀਮਤੀ ਹਨ।"

ਫਿਰ ਵੀ ਜੇ ਬੈਰਨ ਦੀ ਤਕਨੀਕ ਜੋਏ ਦੀ ਯੋਗਤਾ ਦੀ ਨਕਲ ਕਰ ਸਕੇ ਅਤੇ ਪਾਰਕਿਨਸਨਸ ਰੋਗ ਨੂੰ ਸ਼ੁਰੂਆਤੀ ਪੜਾਅ ਉੱਤੇ ਫੜ ਸਕੇ, ਤਾਂ ਇਹ ਜੋਏ ਅਤੇ ਲੇਜ਼ ਲਈ ਇੱਕ ਵਿਰਾਸਤ ਵਾਂਗ ਹੋਵੇਗੀ।

ਬੈਰਨ ਮੁਤਾਬਕ,"ਜੋ ਮੈਂ ਸੋਚਦਾ ਹਾਂ ਉਹ ਮਿਸਾਲੀ ਹੈ ਕਿ ਜੋਏ ਅਤੇ ਲੇਜ਼ ਕਿਵੇਂ ਮੈਡੀਕਲ ਪੱਖੋਂ ਸਿਖਲਾਈ ਪ੍ਰਾਪਤ ਲੋਕ ਸਨ। ਉਨ੍ਹਾਂ ਨੂੰ ਪਤਾ ਸੀ ਕਿ ਇਹ ਨਿਰੀਖਣ ਅਰਥਪੂਰਨ ਸੀ। ਲੇਕਿਨ ਮੈਨੂੰ ਲਗਦਾ ਹੈ ਕਿ ਇੱਥੇ ਕਹਾਣੀ ਇਹ ਹੈ ਕਿ ਹਰ ਕਿਸੇ ਨੂੰ ਆਪਣੀ ਅਤੇ ਆਪਣੇ ਦੋਸਤਾਂ ਜਾਂ ਆਪਣੇ ਪਰਿਵਾਰ ਦੀ ਸਿਹਤ ਬਾਰੇ ਸਸ਼ਕਤ ਮਹਿਸੂਸ ਕਰਨਾ ਚਾਹੀਦਾ ਹੈ, ਤਾਂ ਜੋ ਉਹ ਨਿਰੀਖਣ ਕਰ ਸਕਣ ਅਤੇ ਕੁਝ ਗਲਤ ਹੋਣ ਦੀ ਸੂਰਤ ਵਿੱਚ ਕੋਈ ਕਦਮ ਚੁੱਕ ਸਕਣ।"

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)