ਕਿਸੇ ਵਿਅਕਤੀ ਦੇ ਸਰੀਰ ਦੀ ਮਹਿਕ ਕਿਵੇਂ ਉਸ ਦੀ ਪਛਾਣ ਬਾਰੇ ਕਈ ਹੈਰਾਨ ਕਰਨ ਵਾਲੇ ਖੁਲਾਸੇ ਕਰ ਸਕਦੀ ਹੈ

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਾਪੇ ਆਪਣੇ ਬੱਚਿਆਂ ਦੀ ਮਹਿਕ ਤੋਂ ਆਪਣੇ ਬੱਚਿਆਂ ਨੂੰ ਪਛਾਣ ਲੈਂਦੇ ਹਨ
    • ਲੇਖਕ, ਨਵੇਲਿਆ ਵੈਲੇ
    • ਰੋਲ, ਬੀਬੀਸੀ ਪੱਤਰਕਾਰ

ਕੀ ਤੁਸੀਂ ਆਪਣੇ ਕੋਲ ਬੈਠੇ ਕਿਸੇ ਹੋਰ ਸ਼ਖ਼ਸ ਦੀ ਉਮਰ ਦਾ ਪਤਾ ਮਹਿਜ਼ ਆਪਣੀ ਸੁੰਘਣ ਦੀ ਸਮਰੱਥਾ ਨਾ ਲਾ ਸਕਦੇ ਹੋ?

ਹਰ ਇੱਕ ਵਿਅਕਤੀ ਦੇ ਸਰੀਰ ਦੀ ਇੱਕ ਖ਼ਾਸ ਮਹਿਕ ਹੁੰਦੀ ਹੈ।

ਅਜਿਹੀਆਂ ਕਈ ਖੋਜਾਂ ਹਨ ਜਿਨ੍ਹਾਂ ਤੋਂ ਇਹ ਸਾਬਤ ਹੁੰਦਾ ਹੈ ਕਿ ਅਸੀਂ ਕਿਸੇ ਵਿਅਕਤੀ ਦੀ ਕੁਦਰਤੀ ਮਹਿਕ ਤੋਂ ਉਸ ਦੀ ਉਮਰ ਦਾ ਅੰਦਾਜ਼ਾ ਲਾ ਸਕਦੇ ਹਾਂ। ਦਿਲਚਸਪ ਗੱਲ ਇਹ ਕਿ ਉਮਰ ਦਾ ਅੰਦਾਜ਼ਾ ਲਾਉਣ ਵਾਲੀ ਇਹ ਜੁਗਤ ਮੇਰੇ ਤੇ ਤੁਹਾਡੇ ਵਰਗੇ ਆਮ ਲੋਕ ਵੀ ਸਿੱਖ ਸਕਦੇ ਹਨ।

ਸਾਡੇ ਸਰੀਰ ਤੋਂ ਆਉਣ ਵਾਲੀ ਮਹਿਕ ਹਮੇਸ਼ਾ ਇੱਕੋ ਜਿਹੀ ਨਹੀਂ ਹੁੰਦੀ, ਸਗੋਂ, ਇਹ ਸਾਡੀ ਜ਼ਿੰਦਗੀ ਦੇ ਵੱਖ-ਵੱਖ ਪੜਾਵਾਂ ਅਤੇ ਇਸ ਦੌਰਾਨ ਆਉਣ ਵਾਲੇ ਸਰੀਰਕ ਬਦਲਾਵਾਂ ਨਾਲ ਬਦਲਦੀ ਰਹਿੰਦੀ ਹੈ।

ਸਾਡੀ ਮਹਿਕ ਚਾਹੇ ਚੰਗੀ ਹੋਵੇ ਜਾਂ ਮਾੜੀ ਨਾ ਸਿਰਫ਼ ਸਾਡੇ ਕੁਦਰਤੀ ਜੀਵਨ ਬਾਰੇ ਦੱਸਦੀ ਹੈ ਸਗੋਂ ਸਮਾਜਿਕ ਤੇ ਵਿਵਹਾਰਿਕ ਵਿਕਾਸ ਬਾਰੇ ਵੀ ਕਾਫੀ ਕੁਝ ਬਿਆਨ ਕਰਦੀ ਹੈ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਬੱਚੇ ਦੀ ਮਹਿਕ ਮਾਪਿਆਂ ਦੇ ਪਿਆਰ ਨੂੰ ਮਜ਼ਬੂਤ ਕਰਦੀ ਹੈ

ਬਚਪਨ ਵਿੱਚ, ਸਾਡੇ ਸਰੀਰ ਦੀ ਖ਼ੁਸ਼ਬੂ ਆਮ ਤੌਰ 'ਤੇ ਪਸੀਨੇ ਦੀਆਂ ਗ੍ਰੰਥੀਆਂ ਦੇ ਘੱਟ ਕਿਰਿਆਸ਼ੀਲ ਹੋਣ ਅਤੇ ਚਮੜੀ ਦੇ ਮਾਈਕ੍ਰੋਬਾਇਓਮ ਕਾਰਨ ਹਲਕੀ ਹੁੰਦੀ ਹੈ।

ਇਸ ਦੇ ਬਾਵਜੂਦ, ਮਾਪੇ ਦੂਜੇ ਬੱਚਿਆਂ ਨਾਲੋਂ ਆਪਣੇ ਬੱਚਿਆਂ ਤੋਂ ਆਉਣ ਵਾਲੀ ਖੁਸ਼ਬੂ ਨੂੰ ਬਿਹਤਰ ਪਛਾਣ ਲੈਂਦੇ ਹਨ।

ਇਹ ਮਹਿਕ ਮਾਪਿਆਂ ਵਿੱਚ ਇੱਕ ਸੁਖ਼ਦ ਅਤੇ ਅਪਣੱਤ ਭਰਿਆ ਭਾਵਨਾਤਮਕ ਬੰਧਨ ਬਣਾਉਂਦੀ ਹੈ ਅਤੇ ਬੱਚੇ ਨਾਲ ਖੁਸ਼ੀ ਅਤੇ ਪਿਆਰ ਦੀਆਂ ਭਾਵਨਾਵਾਂ ਨੂੰ ਸਰਗਰਮ ਕਰਕੇ ਮਾਪਿਆਂ ਵਿੱਚ ਮੌਜੂਦ ਤਣਾਅ ਨੂੰ ਘਟਾਉਣ ਵਿੱਚ ਵੀ ਮਦਦ ਕਰਦੀ ਹੈ।

ਪਰ, ਮਾਵਾਂ ਜੋ ਪੋਸਟਪਾਰਟਮ ਡਿਪਰੈਸ਼ਨ ਤੋਂ ਪੀੜਤ ਹੁੰਦੀਆਂ ਹਨ, ਕਈ ਵਾਰ ਬੱਚਿਆਂ ਦੇ ਅੰਦਰੋਂ ਆਉਣ ਵਾਲੀ ਪ੍ਰਭਾਵਸ਼ਾਲੀ ਮਹਿਕ ਤੋਂ ਵਾਂਝੀਆਂ ਰਹਿ ਜਾਂਦੀਆਂ ਹਨ।

ਵੱਡੇ ਹੋ ਰਹੇ ਬੱਚਿਆਂ ਤੋਂ ਆਉਣ ਵਾਲੀ ਖ਼ਾਸ ਮਹਿਕ ਬਹੁਤ ਪ੍ਰਭਾਵਸ਼ਾਲੀ ਹੁੰਦੀ ਹੈ, ਉਹ ਵੀ ਇੰਨੀ ਕਿ ਇਹ ਮਾਪਿਆਂ ਨੂੰ ਆਪਣੀ ਆਉਣ ਵਾਲੀ ਪੀੜ੍ਹੀ 'ਤੇ ਪੈਸਾ ਖਰਚ ਕਰਨ ਲਈ ਵੀ ਪ੍ਰੇਰਿਤ ਕਰਦੀ ਹੈ।

ਜਵਾਨ ਹੋਣ 'ਤੇ ਆਉਣ ਵਾਲੀ ਮਹਿਕ

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਿਵੇਂ ਜਿਵੇਂ ਬੱਚੇ ਵੱਡੇ ਹੁੰਦੇ ਹਨ ਉਨ੍ਹਾਂ ਦੇ ਸਰੀਰ ਦੀ ਮਹਿਕ ਬਦਲਦੀ ਰਹਿੰਦੀ ਹੈ

ਜਵਾਨੀ ਦੀ ਸ਼ੁਰੂਆਤ ਵਿੱਚ, ਇੱਕ ਵਿਅਕਤੀ ਦੇ ਸਰੀਰ ਦੀ ਮਹਿਕ ਵਿੱਚ ਖ਼ਾਸ ਤਬਦੀਲੀਆਂ ਆਉਂਦੀਆਂ ਹਨ।

ਇਹ ਬਦਲਾਅ ਸੈਕਸ ਹਾਰਮੋਨਸ ਦੇ ਬਣਨ ਕਾਰਨ ਹੁੰਦੇ ਹਨ ਅਤੇ ਇਹ ਪਸੀਨਾ ਪੈਦਾ ਕਰਨ ਵਾਲੇ ਇਕ੍ਰਾਇਨ ਗਲੈਂਡ ਅਤੇ ਚਮੜੀ ਦੇ ਮਹੱਤਵਪੂਰਨ ਸੇਬੇਸੀਅਸ ਗਲੈਂਡ ਨੂੰ ਸਰਗਰਮ ਕਰਦੇ ਹਨ।

ਪਸੀਨਾ ਆਉਣ ਵਾਲੀਆਂ ਜ਼ਿਆਦਾਤਰ ਗ੍ਰੰਥੀਆਂ ਪਾਣੀ ਅਤੇ ਨਮਕ ਕੱਢਦੀਆਂ ਹਨ, ਜਦੋਂ ਕਿ ਐਪੋਕ੍ਰਾਇਨ ਗ੍ਰੰਥੀਆਂ (ਬਗ਼ਲ ਅਤੇ ਨਾਭੀ ਦੇ ਹੇਠਾਂ ਵਾਲਾਂ ਨਾਲ ਸਬੰਧਤ) ਪ੍ਰੋਟੀਨ ਅਤੇ ਹੋਰ ਚਰਬੀ ਦੇ ਆਧਾਰ 'ਤੇ ਭਾਫ਼ ਪੈਦਾ ਕਰਦੀਆਂ ਹਨ।

ਉਨ੍ਹਾਂ ਵਿੱਚੋਂ ਹਰ ਇੱਕ ਗ੍ਰੰਥੀ ਹਰ ਮਨੁੱਖ ਦੇ ਅੰਦਰ ਇੱਕ ਖੁਸ਼ਬੂ ਪੈਦਾ ਕਰਦੀ ਹੈ। ਸਾਡੇ ਸਰੀਰ ਦੇ ਅੰਦਰ ਮੌਜੂਦ ਲਿਪਿਡ ਅਤੇ ਸੀਬਮ ਵਰਗੇ ਪਦਾਰਥ ਇਨ੍ਹਾਂ ਗ੍ਰੰਥੀਆਂ ਜ਼ਰੀਏ ਬਾਹਰ ਆਉਂਦੇ ਹਨ।

ਪਰ, ਕਈ ਵਾਰ ਬੈਕਟੀਰੀਆ ਨਾਲ ਮਿਲਕੇ ਸਾਡੀ ਤੋਂ ਆਉਣ ਵਾਲੀ ਖ਼ੁਸ਼ਬੂ ਬਦਬੂ ਵਿੱਚ ਬਦਲ ਜਾਂਦੀ ਹੈ।

ਇਸੇ ਤਰ੍ਹਾਂ ਕੁਝ ਨੌਜਵਾਨਾਂ ਦੇ ਪਸੀਨੇ ਦੇ ਨਾਲ-ਨਾਲ ਉਨ੍ਹਾਂ ਦੇ ਸਰੀਰ ਤੋਂ ਬਦਬੂ ਵੀ ਆਉਣ ਲੱਗਦੀ ਹੈ।

ਸਰੀਰ ਦੀ ਮਹਿਕ ਤੋਂ ਬੱਚਿਆਂ ਨੂੰ ਪਛਾਣਨ ਦੀ ਸਮਰੱਥਾ ਮਾਂ-ਬਾਪ ਦੀ ਉਸ ਸਮੇਂ ਘੱਟ ਜਾਂਦੀ ਹੈ ਜਦੋਂ ਉਨ੍ਹਾਂ ਦੇ ਬੱਚਿਆਂ ਦਾ ਬਚਪਨ ਖ਼ਤਮ ਹੋ ਜਾਂਦਾ ਹੈ ਅਤੇ ਬੱਚੇ ਪੂਰੀ ਤਰ੍ਹਾਂ ਜਵਾਨ ਹੋ ਜਾਂਦੇ ਹਨ।

ਪਛਾਣ ਵਿੱਚ ਮਦਦਗਾਰ

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹਰ ਵਿਅਕਤੀ ਦੇ ਸਰੀਰ ਦੀ ਇੱਕ ਖਾਸ ਮਹਿਕ ਹੁੰਦੀ ਹੈ। ਹਾਲਾਂਕਿ, ਇਹ ਸਮੇਂ ਸਮੇਂ ਸਮੇਂ ਬਦਲਦਾ ਰਹਿੰਦਾ ਹੈ।

ਜਵਾਨੀ ਦੇ ਦੌਰਾਨ ਸੇਬੇਸੀਅਸ ਗ੍ਰੰਥੀਆਂ ਤੋਂ ਨਿਕਾਸ ਆਪਣੇ ਸਿਖਰ 'ਤੇ ਹੁੰਦਾ ਹੈ, ਹਾਲਾਂਕਿ ਨੌਜਵਾਨਾਂ ਦੇ ਮੁਕਾਬਲੇ ਅਧੇੜ ਉਮਰ ਤੱਕ ਪਹੁੰਚਦਿਆਂ ਪਹੁੰਚਦਿਆਂ ਇਸ ਦੀ ਰਫ਼ਤਾਰ ਘੱਟ ਜਾਂਦੀ ਹੈ।

ਇਹ ਤਾਂ ਸਾਨੂੰ ਪਤਾ ਹੀ ਹੈ ਕਿ ਹਰ ਇੱਕ ਵਿਅਕਤੀ ਦੇ ਸਰੀਰ ਦੀ ਇੱਕ ਖ਼ਾਸ ਮਹਿਕ ਹੁੰਦੀ ਹੈ। ਸਰੀਰ ਦੀ ਮਹਿਕ ਭੋਜਨ, ਤਣਾਅ, ਹਾਰਮੋਨਸ ਜਾਂ ਚਮੜੀ ਦੇ ਮਾਈਕ੍ਰੋਬਾਇਓਮ ਵਰਗੀਆਂ ਬਹੁਤ ਸਾਰੀਆਂ ਚੀਜ਼ਾਂ 'ਤੇ ਨਿਰਭਰ ਕਰਦੀ ਹੈ।

ਪਰ, ਜ਼ਿੰਦਗੀ ਭਰ ਮਹਿਕ ਬਦਲਣ ਦਾ ਕੀ ਫਾਇਦਾ ਜੇ ਅਸੀਂ ਇਸ ਨੂੰ ਮਹਿਸੂਸ ਕਰਨ ਦੀ ਸਮਰੱਥਾ ਨਾ ਰੱਖਦੇ ਹੋਈਏ।

ਸੱਚ ਤਾਂ ਇਹ ਹੈ ਕਿ ਕਿਸੇ ਵਿਅਕਤੀ ਦੀ ਮਹਿਕ ਉਸ ਬਾਰੇ ਜਾਣਕਾਰੀ ਹਾਸਲ ਕਰਨ ਵਿੱਚ ਬਹੁਤ ਕਾਰਗਰ ਭੂਮਿਕਾ ਨਿਭਾਉਂਦੀ ਹੈ।

ਖ਼ਾਸ ਕਰਕੇ ਜਦੋਂ ਹਨੇਰੇ ਜਾਂ ਰੌਲੇ-ਰੱਪੇ ਵਾਲੇ ਮਾਹੌਲ ਵਿੱਚ ਹੋਈਏ ਜਾਂ ਕਿਸੇ ਹੋਰ ਕਾਰਨ ਸਾਫ਼ ਤੌਰ 'ਤੇ ਦੇਖਣ ਜਾਂ ਸੁਣਨ ਵਿੱਚ ਮੁਸ਼ਕਿਲ ਆਉਂਦੀ ਹੋਵੇ।

ਕਈ ਹੋਰ ਜੀਵਾਂ ਵਾਂਗ, ਸਰੀਰ ਦੀ ਮਹਿਕ ਜੀਵਨ ਸਾਥੀ ਦੀ ਚੋਣ, ਰਿਸ਼ਤੇਦਾਰਾਂ ਦੀ ਪਛਾਣ ਜਾਂ ਜਿਨਸੀ ਫ਼ਰਕ ਪਤਾ ਕਰਨ ਵਿੱਚ ਮਦਦਗਾਰ ਕਰਦੀ ਹੈ।

ਵੱਧਦੀ ਉਮਰ ਦੇ ਨਾਲ ਸਰੀਰ ਦੀ ਮਹਿਕ ਨਾਲ ਕੀ ਹੁੰਦਾ ਹੈ?

ਮਾਂ ਬੇਟਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਿਸੇ ਦੀ ਦੇ ਸਰੀਰ ਦੀ ਮਹਿਕ ਉਸ ਬਾਰੇ ਕਈ ਕੁਝ ਬਿਆਨ ਕਰਦੀ ਹੈ

ਵਧਦੀ ਉਮਰ ਦੇ ਨਾਲ, ਸਾਡੀ ਚਮੜੀ ਵਿੱਚ ਲਚਕੀਲੇਪਨ ਅਤੇ ਕੋਲੈਜਨ ਦੀ ਕਮੀ ਪਸੀਨੇ ਅਤੇ ਸੇਬੇਸੀਅਸ ਗ੍ਰੰਥੀਆਂ ਦੀ ਗਤੀਵਿਧੀ ਨੂੰ ਘਟਾਉਂਦੀ ਹੈ।

ਇਨ੍ਹਾਂ ਦੀ ਕਮੀ ਕਾਰਨ ਬਜ਼ੁਰਗਾਂ ਲਈ ਸਰੀਰ ਦਾ ਤਾਪਮਾਨ ਬਰਕਰਾਰ ਰੱਖਣਾ ਔਖਾ ਹੋ ਜਾਂਦਾ ਹੈ।

ਜਿੱਥੋਂ ਤੱਕ ਸੇਬੇਸੀਅਸ ਗਲੈਂਡ ਦਾ ਸਬੰਧ ਹੈ, ਉਮਰ ਦੇ ਨਾਲ ਇਹ ਨਾ ਸਿਰਫ ਰਿਸਾਵ ਨੂੰ ਘਟਾਉਂਦਾ ਹੈ, ਸਗੋਂ ਇਸ ਦੀ ਬਣਤਰ ਵੀ ਬਦਲ ਜਾਂਦੀ ਹੈ, ਜਿਸ ਕਾਰਨ ਵਿਟਾਮਿਨ ਈ ਜਾਂ ਕੋਲੀਨ ਵਰਗੇ ਐਂਟੀਆਕਸੀਡੈਂਟ ਮਿਸ਼ਰਣਾਂ ਦੀ ਮਾਤਰਾ ਵੀ ਘੱਟ ਜਾਂਦੀ ਹੈ।

ਚਮੜੀ ਦੇ ਸੈੱਲਾਂ ਤੋਂ ਐਂਟੀਆਕਸੀਡੈਂਟਸ ਦੇ ਉਤਪਾਦਨ ਵਿੱਚ ਕਮੀ ਦੇ ਕਾਰਨ ਆਕਸੀਡੈਂਟਸ ਦੀ ਗਤੀਵਿਧੀ ਵਧ ਜਾਂਦੀ ਹੈ, ਇਹ ਬੁੱਢੇ ਲੋਕਾਂ ਵਿੱਚ ਇੱਕ ਸਰੀਰਕ ਮਹਿਕ ਪੈਦਾ ਕਰਦਾ ਹੈ, ਜਿਸਨੂੰ ਜਪਾਨੀ ਕੇਰਿਸ਼ੋ ਕਹਿੰਦੇ ਹਨ।

ਇਸ ਤਰ੍ਹਾਂ, 40 ਸਾਲ ਦੀ ਉਮਰ ਤੋਂ ਬਾਅਦ ਫ਼ੈਟੀ ਐਸਿਡ ਜਿਵੇਂ ਕਿ ਓਮੇਗਾ 7 ਅਤੇ ਪਲਮਾਈਟੋਲਿਕ ਐਸਿਡ ਦੀ ਪ੍ਰਕਿਰਿਆ ਬਦਲ ਜਾਂਦੀ ਹੈ, ਜੋ ਸਰੀਰ ਦੀ ਮਹਿਕ ਨੂੰ ਬਦਲਦੀ ਹੈ।

ਸਾਡੇ ਵਿੱਚੋਂ ਜ਼ਿਆਦਾਤਰ ਲੋਕ ਆਪਣੇ ਮਾਪਿਆਂ ਜਾਂ ਹੋਰ ਕਰੀਬੀ ਰਿਸ਼ਤੇਦਾਰਾਂ ਦੇ ਸਰੀਰ ਦੀ ਮਹਿਕ ਜਿਸ ਨੂੰ ਅਸੀਂ ਪਛਾਣਦੇ ਹੋਈਏ, ਨਾਲ ਜੁੜੀਆਂ ਕਈ ਚੰਗੀਆਂ ਯਾਦਾਂ ਨਾਲ ਜੋੜਦੇ ਹਨ। ਹਾਲਾਂਕਿ ਦੂਜੇ ਪਾਸੇ, ਕਈ ਲੋਕਾਂ ਦੇ ਮਹਿਕ ਨਾਲ ਜੁੜੇ ਤਜ਼ਰਬੇ ਮਾੜੇ ਵੀ ਹਨ।

ਬਚਪਨ ਦੀ ਤਰ੍ਹਾਂ, ਬਜ਼ੁਰਗਾਂ ਦੀ ਦੇਖਭਾਲ ਦੇ ਮਾਮਲੇ ਵਿੱਚ ਸਰੀਰ ਦੀ ਮਹਿਕ ਸਕਾਰਾਤਮਕ ਰੋਲ ਅਦਾ ਕਰਦੀ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)