ਜਦੋਂ ਪਤਨੀ ਨੇ ਸਾਥੀ ਨਾਲ ਮਿਲ ਕੇ ਅੱਧੀ ਰਾਤ ਨੂੰ ਪਤੀ ’ਤੇ ਕਰਵਾਇਆ ਜਾਨਲੇਵਾ ਹਮਲਾ, ਕਿਵੇਂ ਹੋਇਆ ਸਾਜ਼ਿਸ਼ ਦਾ ਖੁਲਾਸਾ

ਕ੍ਰਿਸਟੋਫਰ ਮਿਲਜ਼ ਤੇ ਮਿਸ਼ੇਲ ਦੀ ਤਸਵੀਰ

ਤਸਵੀਰ ਸਰੋਤ, Christopher Mills

ਤਸਵੀਰ ਕੈਪਸ਼ਨ, ਕ੍ਰਿਸਟੋਫਰ ਮਿਲਜ਼ ਤੇ ਮਿਸ਼ੇਲ ਦੀ ਵਿਆਹ ਮੌਕੇ ਦੀ ਤਸਵੀਰ
    • ਲੇਖਕ, ਮੇਲੇਰੀ ਵਿਲੀਅਮਜ਼
    • ਰੋਲ, ਬੀਬੀਸੀ ਪੱਤਰਕਾਰ
    • ...ਤੋਂ, ਵੇਲਜ਼

ਜਦੋਂ ਬਾਲਾਕਲਾਵਾ (ਗੈਸ ਮਾਸਕ) ਪਹਿਨੇ ਦੋ ਹਥਿਆਰਬੰਦ ਵਿਅਕਤੀਆਂ ਨੇ ਕ੍ਰਿਸਟੋਫਰ ਮਿਲਜ਼ ਦਾ ਕਤਲ ਕਰਨ ਦੀ ਕੋਸ਼ਿਸ਼ ਕੀਤੀ, ਉਨ੍ਹਾਂ ਦੇ ਹੀ ਦਿਹਾਤੀ ਖੇਤਰ ਵਿੱਚ ਜਿੱਥੇ ਉਹ ਆਪਣੀ ਪਤਨੀ ਨਾਲ ਰਹਿੰਦੇ ਸਨ। ਉਹ ਆਪਣੀ ਜਾਨ ਬਚਾਉਣ ਅਤੇ ਆਪਣੀ ਪਤਨੀ ਦੀ ਰੱਖਿਆ ਲਈ ਹਮਲਾਵਰਾਂ ਨਾਲ ਲੜ ਰਹੇ ਸੀ।

ਉਨ੍ਹਾਂ ਨੂੰ ਇਸ ਬੇਰਹਿਮ ਹਮਲੇ ਵਿੱਚ ਬੰਦੂਕ ਨਾਲ ਬੁਰੀ ਤਰ੍ਹਾਂ ਕੁੱਟਿਆ ਗਿਆ, ਜੋ ਕਿ ਸਿਰਫ਼ ਕੁਝ ਮਿੰਟ ਹੀ ਚੱਲਿਆ ਅਤੇ ਫਿਰ ਉਹ ਵਿਅਕਤੀ ਰਾਤ ਦੇ ਹਨੇਰੇ ਵਿੱਚ ਭੱਜ ਗਏ।

ਕਾਰਮਾਰਥਨਸ਼ਾਇਰ ਦੇ ਪਿੰਡ ਸੇਨਾਰਥ ਵਿੱਚ ਵਾਪਰੇ ਉਸ ਅਸਫ਼ਲ ਹਮਲੇ ਤੋਂ ਕੁਝ ਦਿਨਾਂ ਬਾਅਦ ਕ੍ਰਿਸਟੋਫਰ ਨੂੰ ਪਤਾ ਲੱਗਿਆ ਕਿ ਉਸ ਨੂੰ ਮਾਰਨ ਦੀ ਸਾਜ਼ਿਸ਼ ਪਿੱਛੇ ਉਨ੍ਹਾਂ ਦੀ ਆਪਣੀ ਪਤਨੀ ਮਿਸ਼ੇਲ ਦਾ ਹੱਥ ਸੀ।

ਕ੍ਰਿਸਟੋਫਰ ਨੂੰ ਮਾਰ ਕੇ ਮਿਸ਼ੇਲ ਅਤੇ ਉਸ ਦਾ ਪ੍ਰੇਮੀ ਗੇਰੇਂਟ ਬੈਰੀ ਇਕੱਠੇ ਨਵੀਂ ਜ਼ਿੰਦਗੀ ਸ਼ੁਰੂ ਕਰਨਾ ਚਾਹੁੰਦੇ ਸਨ।

ਜਖ਼ਮੀ ਹਾਲਤ 'ਚ ਕ੍ਰਿਸਟੋਫਰ ਮਿਲਜ਼

ਤਸਵੀਰ ਸਰੋਤ, Christopher Mills

ਤਸਵੀਰ ਕੈਪਸ਼ਨ, ਜਦੋਂ ਕ੍ਰਿਸਟੋਫਰ ਮਿਲਜ਼ 'ਤੇ ਹਮਲਾ ਹੋਇਆ ਸੀ ਤਾਂ ਉਹ ਗੰਭੀਰ ਜ਼ਖਮੀ ਹੋ ਗਏ ਸਨ

55 ਸਾਲਾ ਸਾਬਕਾ ਫੌਜੀ ਕ੍ਰਿਸਟੋਫਰ ਨੇ ਕਿਹਾ, "ਇਹ ਕਿਸੇ ਫਿਲਮੀ ਕਹਾਣੀ ਵਰਗਾ ਹੈ। ਮੈਨੂੰ ਬਿਲਕੁਲ ਵੀ ਅਹਿਸਾਸ ਨਹੀਂ ਹੋਇਆ ਕਿ ਮੇਰੀ ਪਤਨੀ ਇਸ ਵਿੱਚ ਸ਼ਾਮਲ ਸੀ।"

ਲਲੈਂਗੇਨੇਚ, ਕਾਰਮਾਰਥਨਸ਼ਾਇਰ ਦੀ ਰਹਿਣ ਵਾਲੀ ਮਿਸ਼ੇਲ ਮਿਲਜ਼ ਅਤੇ ਸਵਾਨਸੀ ਦੇ ਕਲਾਈਡੈਚ ਦੇ ਰਹਿਣ ਵਾਲੇ ਸਾਬਕਾ ਮਰੀਨ ਗੇਰੇਂਟ ਬੈਰੀ ਦੋਵੇਂ 46 ਸਾਲ ਦੇ ਹਨ ਅਤੇ ਸਤੰਬਰ 2024 ਵਿੱਚ ਰਚੀ ਗਈ ਇਸ ਸਾਜ਼ਿਸ਼ ਲਈ 19-19 ਸਾਲ ਦੀ ਸਜ਼ਾ ਕੱਟ ਰਹੇ ਹਨ।

ਮਿਸ਼ੇਲ ਅਤੇ ਬੈਰੀ ਜਿਹੜੇ ਇੱਕ ਫੌਜੀ ਸੈਨਿਕਾਂ ਲਈ ਬਣੀ ਬੇਘਰਾਂ ਦੀ ਚੈਰਟੀ 'ਚ ਕੰਮ ਕਰਦੇ ਹੋਏ ਮਿਲੇ ਸਨ, ਆਪਣੇ ਤਿੰਨ ਮਹੀਨੇ ਦੇ ਅਫੇਅਰ ਦੌਰਾਨ ਇੱਕ ਦੂਜੇ ਨੂੰ ਭੇਜੇ ਸੁਨੇਹਿਆਂ ਵਿੱਚ ਉਹ ਕ੍ਰਿਸਟੋਫਰ ਨੂੰ ਸਿਰਹਾਣੇ ਨਾਲ ਘੁੱਟ ਕੇ ਮਾਰਨ ਜਾਂ ਉਨ੍ਹਾਂ ਦੀ ਸਬਜ਼ੀ ਵਿੱਚ ਐਂਟੀਫ੍ਰੀਜ਼ ਮਿਲਾ ਕੇ ਜ਼ਹਿਰ ਦੇਣ ਦੀ ਗੱਲ ਕਰਦੇ ਸਨ। ਸਵਾਨਸੀ ਕਰਾਊਨ ਕੋਰਟ ਵਿੱਚ ਚੱਲੇ ਮੁਕੱਦਮੇ ਤੋਂ ਬਾਅਦ ਦੋਵਾਂ ਨੂੰ ਕਤਲ ਦੀ ਸਾਜ਼ਿਸ਼ ਰਚਣ ਦਾ ਦੋਸ਼ੀ ਪਾਇਆ ਗਿਆ।

ਇੱਕ ਹੋਰ ਵਿਅਕਤੀ 47 ਸਾਲਾਸ ਟੀਵਨ ਥਾਮਸ, ਜੋ ਨੀਥ ਪੋਰਟ ਟਾਲਬੋਟ ਦੇ ਬਲੇਨਗਵਿਨਫ਼ੀ ਦੇ ਰਹਿਣ ਵਾਲੇ ਹਨ। ਉਨ੍ਹਾਂ ਨੂੰ ਕਤਲ ਦੀ ਸਾਜ਼ਿਸ਼ ਦੇ ਦੋਸ਼ ਤੋਂ ਬਰੀ ਕਰ ਦਿੱਤਾ ਗਿਆ ਪਰ ਇਕ ਨਕਲੀ ਬੰਦੂਕ ਰੱਖਣ ਦੇ ਦੋਸ਼ 'ਚ 12 ਮਹੀਨੇ ਦੀ ਸਜ਼ਾ ਦਿੱਤੀ ਗਈ।

ਅਦਾਲਤ ਨੂੰ ਦੱਸਿਆ ਗਿਆ ਕਿ ਬੈਰੀ ਨੇ ਉਸ ਨੂੰ ਇਸ ਮਿਸ਼ਨ ਲਈ ਨਾਲ ਮਿਲਾਇਆ ਸੀ, ਜਿਸ ਦਾ ਮਕਸਦ ਇਹ ਦਿਖਾਉਣਾ ਸੀ ਕਿ ਕ੍ਰਿਸਟੋਫਰ ਨੇ ਖੁਦਕੁਸ਼ੀ ਕੀਤੀ ਹੈ।

ਪੁਲਿਸ ਨੇ ਇਸ ਕੇਸ ਨੂੰ "ਟੀਵੀ ਡਰਾਮੇ ਵਰਗਾ" ਦੱਸਿਆ, ਪਰ ਕ੍ਰਿਸਟੋਫਰ ਲਈ ਇਹ ਇੱਕ ਡਰਾਉਣਾ ਸੱਚ ਸੀ।

ਇਹ ਵੀ ਪੜ੍ਹੋ

20 ਸਤੰਬਰ 2024 ਨੂੰ ਉਨ੍ਹਾਂ ਦੇ ਕਾਰਵਾਨ 'ਤੇ ਹੋਏ ਹਮਲੇ ਤੋਂ ਪਹਿਲਾਂ ਉਨ੍ਹਾਂ ਨੂੰ ਲੱਗਦਾ ਸੀ ਕਿ ਉਨ੍ਹਾਂ ਦਾ ਵਿਆਹੁਤਾ ਜੀਵਨ ਖੁਸ਼ਹਾਲ ਹੈ। ਉਨ੍ਹਾਂ ਨੇ ਕਿਹਾ, "ਸਭ ਕੁਝ ਠੀਕ-ਠਾਕ ਸੀ। ਅਸੀਂ ਲਗਭਗ 10 ਸਾਲਾਂ ਤੋਂ ਇਕੱਠੇ ਸੀ ਅਤੇ ਸਾਡੇ ਵਿਆਹ ਨੂੰ ਛੇ ਸਾਲ ਹੋ ਗਏ ਸਨ। ਸਭ ਕੁਝ ਵਧੀਆ ਸੀ।"

ਹਾਲਾਂਕਿ ਉਨ੍ਹਾਂ ਨੇ ਮਹਿਸੂਸ ਕੀਤਾ ਸੀ ਕਿ ਉਸ ਗਰਮੀਆਂ ਵਿੱਚ ਮਿਸ਼ੇਲ ਕੁਝ "ਬੇਰੁਖੀ" ਅਤੇ "ਦੂਰ-ਦੂਰ" ਰਹਿਣ ਲੱਗ ਪਈ ਸੀ, ਪਰ ਉਨ੍ਹਾਂ ਨੇ ਕਦੇ ਕਲਪਨਾ ਵੀ ਨਹੀਂ ਸੀ ਕੀਤੀ ਕਿ ਅੱਗੇ ਕੀ ਹੋਣ ਵਾਲਾ ਹੈ।

ਉਨ੍ਹਾਂ ਨੇ ਕਿਹਾ, "ਜਦੋਂ ਮੈਂ ਕਾਰਵਾਨ ਵਿੱਚ ਉਨ੍ਹਾਂ ਦੋ ਵਿਅਕਤੀਆਂ ਨਾਲ ਲੜ ਰਿਹਾ ਸੀ ਤਾਂ ਮੈਂ ਆਪਣੇ ਅਤੇ ਮਿਸ਼ੇਲ ਲਈ ਲੜ ਰਿਹਾ ਸੀ। ਮੈਨੂੰ ਲੱਗਿਆ ਕਿ ਇਹ ਹਥਿਆਰਬੰਦ ਵਿਅਕਤੀ ਲੁੱਟ ਦੇ ਇਰਾਦੇ ਨਾਲ ਆਏ ਹਨ। ਪਰ ਬਾਅਦ ਵਿੱਚ ਜਦੋਂ ਪਤਾ ਲੱਗਦਾ ਕਿ ਇਹ ਸਭ ਮਿਸ਼ੇਲ ਦਾ ਰਚਿਆ ਹੋਇਆ ਹੈ ਤਾਂ ਇਹ ਬਹੁਤ ਡਰਾਉਣਾ ਸੀ। ਮੈਂ ਕਦੇ ਨਹੀਂ ਸੋਚਿਆ ਸੀ ਕਿ ਉਹ ਅਜਿਹਾ ਕੁਝ ਕਰਨ ਦੇ ਕਾਬਲ ਹੋਣਗੇ।"

ਮਿਸ਼ੇਲ ਦੀ ਤਸਵੀਰ

ਤਸਵੀਰ ਸਰੋਤ, Crown Prosecution Service

ਤਸਵੀਰ ਕੈਪਸ਼ਨ, ਕ੍ਰਿਸਟੋਫਰ ਮਿਲਜ਼ 'ਤੇ ਹਮਲੇ ਤੋਂ ਬਾਅਦ ਅਗਲੇ ਦਿਨ ਮਿਸ਼ੇਲ ਨੂੰ ਪੁਲਿਸ ਨੇ ਹਿਰਾਸਤ 'ਚ ਲੈ ਲਿਆ ਸੀ

ਹਮਲੇ ਵਾਲੀ ਰਾਤ, ਕ੍ਰਿਸਟੋਫਰ ਅਤੇ ਮਿਸ਼ੇਲ ਮਿਲਜ਼ ਸੌਣ ਦੀ ਤਿਆਰੀ ਕਰ ਰਹੇ ਸਨ ਜਦੋਂ ਰਾਤ ਦੇ 11:30 ਵਜੇ ਕਾਰਵਾਨ ਦੇ ਦਰਵਾਜ਼ੇ 'ਤੇ ਖੜਕੇ ਦੀ ਆਵਾਜ਼ ਆਈ।

ਕ੍ਰਿਸਟੋਫਰ ਨੇ ਦੱਸਿਆ, "ਮੈਂ ਦਰਵਾਜ਼ਾ ਖੋਲ੍ਹਿਆ ਅਤੇ ਸਾਹਮਣੇ ਇੱਕ ਨਕਾਬਪੋਸ਼ ਵਿਅਕਤੀ ਖੜ੍ਹਾ ਸੀ। ਉਸ ਨੇ ਸਿੱਧਾ ਮੇਰੇ ਚਿਹਰੇ 'ਤੇ ਬੰਦੂਕ ਨਾਲ ਵਾਰ ਕੀਤਾ। ਉਹ ਇੱਕ ਵੱਡੀ, ਭਾਰੀ ਧਾਤ ਦੀ ਚੀਜ਼ ਸੀ, ਜਿਵੇਂ ਕਿਸੇ ਨੇ ਹਥੌੜੇ ਨਾਲ ਮਾਰਿਆ ਹੋਵੇ। ਮੈਂ ਪਲਟ ਕੇ ਮੁਕਾਬਲਾ ਕੀਤਾ ਅਤੇ ਫਿਰ ਉਹ ਦੋਵੇਂ ਭੱਜ ਗਏ। ਮੈਂ ਸਦਮੇ ਵਿੱਚ ਸੀ।"

ਜਦੋਂ ਮਿਲਜ਼ ਵੱਲੋਂ 999 ਐਮਰਜੈਂਸੀ ਕਾਲ ਕੀਤੀ ਗਈ ਤਾਂ ਉਸ ਦੌਰਾਨ ਕ੍ਰਿਸਟੋਫਰ ਉੱਚੀ ਉੱਚੀ ਬੋਲ ਰਿਹਾ ਸੀ, ''ਤੁਰੰਤ ਹਥਿਆਰਬੰਦ ਮਦਦ ਭੇਜੋ, ਮੈਂ ਸਾਬਕਾ ਫ਼ੌਜੀ ਹਾਂ ਮੈਂ ਉਨ੍ਹਾਂ ਤੋਂ ਬੰਦੂਕਾਂ ਖੋਹ ਲਈਆਂ ਹਨ। ਉਹ ਅਜੇ ਵੀ ਇੱਥੇ ਹੋ ਸਕਦੇ ਹਨ। ਇੱਥੇ ਘੁੱਪ ਹਨੇਰਾ ਹੈ।"

'ਆਰਗੋਏਡ ਮੀਡੋ' ਕਾਰਵਾਨ ਪਾਰਕ ਦੀ ਮਾਲਕਣ ਰੀਤਾ ਓਵੈਨਜ਼ ਘਬਰਾਏ ਹੋਏ ਮੌਕੇ 'ਤੇ ਪਹੁੰਚੇ ਹਨ। ਉਨ੍ਹਾਂ ਨੇ ਦੱਸਿਆ, "ਜਦੋਂ ਮੈਂ ਉੱਥੇ ਗਈ ਕ੍ਰਿਸਟੋਫਰ ਬੁਰੀ ਤਰ੍ਹਾਂ ਜ਼ਖਮੀ ਸੀ ਅਤੇ ਖੂਨ ਨਾਲ ਲੱਥਪੱਥ ਸੀ।"

ਓਵੈਨਜ਼ ਨੇ ਦੱਸਿਆ ਕਿ ਉਸ ਨੇ ਮਿਸ਼ੇਲ ਮਿਲਜ਼ ਨੂੰ ਪੁੱਛਿਆ ਕਿ ਕੀ ਹੋਇਆ ਸੀ ਪਰ ਉਨ੍ਹਾਂ ਨੇ ਮੋਢੇ ਚੁੱਕੇ ਤੇ ਮੋਬਾਇਲ 'ਚ ਮੈਸੇਜ ਕਰਨ ਵਿੱਚ ਰੁੱਝੀ ਹੋਈ ਸੀ।

ਉਨ੍ਹਾਂ ਅੱਗੇ ਕਿਹਾ, "ਮੈਨੂੰ ਲੱਗਦਾ ਸੀ ਕਿ ਕ੍ਰਿਸਟੋਫਰ ਅਤੇ ਮਿਸ਼ੇਲ ਇੱਕ ਖੁਸ਼ਹਾਲ ਵਿਆਹੁਤਾ ਜੋੜਾ ਹੈ ਪਰ ਅਜਿਹਾ ਨਹੀਂ ਸੀ।"

ਹਥਿਆਰਬੰਦ ਪੁਲਿਸ 40 ਮਿੰਟ ਬਾਅਦ ਪਹੁੰਚੀ ਅਤੇ ਇੱਕ ਹੈਲੀਕਾਪਟਰ ਦੀ ਮਦਦ ਨਾਲ ਬੈਰੀ ਅਤੇ ਥਾਮਸ ਨੂੰ ਨੇੜੇ ਦੇ ਇੱਕ ਖੱਡੇ ਦੀਆਂ ਝਾੜੀਆਂ ਵਿੱਚ ਲੁਕੇ ਹੋਏ ਲੱਭ ਲਿਆ ਗਿਆ।

ਉਨ੍ਹਾਂ ਦੇ ਬੈਗ ਵਿੱਚ ਗੈਸ ਮਾਸਕ ਅਤੇ ਕੇਬਲ ਟਾਈਜ਼ ਸਨ ਅਤੇ ਬੈਰੀ ਕੋਲ ਇੱਕ ਨਕਲੀ ਖੁਦਕੁਸ਼ੀ ਨੋਟ ਸੀ ਜੋ ਕ੍ਰਿਸਟੋਫਰ ਵੱਲੋਂ ਆਪਣੀ ਪਤਨੀ ਲਈ ਲਿਖਿਆ ਦਿਖਾਇਆ ਗਿਆ ਸੀ।

ਕ੍ਰਿਸਟੋਫਰ ਮਿਲਜ਼

'ਮੇਰਾ ਦਿਲ ਟੁੱਟ ਗਿਆ ਜਦੋਂ ਪਤਾ ਲੱਗਾ ਕਿ ਮਿਸ਼ੇਲ ਇਸ 'ਚ ਸ਼ਾਮਲ ਸੀ'

ਅਗਲੇ ਦਿਨ ਤੱਕ ਕ੍ਰਿਸਟੋਫਰ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ। ਪਰ ਜਦੋਂ ਉਨ੍ਹਾਂ ਦੀ ਪਤਨੀ ਦੁਆਰਾ ਲਗਾਏ ਗਏ ਝੂਠੇ ਦੋਸ਼ਾਂ ਦੇ ਅਧਾਰ 'ਤੇ ਉਨ੍ਹਾਂ ਨੂੰ ਘਰੇਲੂ ਹਿੰਸਾ ਦੇ ਸ਼ੱਕ ਵਿੱਚ ਗ੍ਰਿਫਤਾਰ ਕੀਤਾ ਗਿਆ ਤਾਂ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਹ ਵੀ ਇਸ ਸਾਜ਼ਿਸ਼ ਦਾ ਹਿੱਸਾ ਸੀ।

ਉਨ੍ਹਾਂ ਨੇ ਕਿਹਾ, "ਉਸੇ ਪਲ, ਬਿਲਕੁਲ ਉਸੇ ਸੈਕਿੰਡ, ਮੈਨੂੰ ਪਤਾ ਲੱਗ ਗਿਆ ਸੀ ਕਿ ਮਿਸ਼ੇਲ ਇਸ ਵਿੱਚ ਸ਼ਾਮਲ ਸੀ। ਮੈਂ ਕਦੇ ਕਿਸੇ ਨਾਲ ਘਰੇਲੂ ਹਿੰਸਾ ਨਹੀਂ ਕੀਤੀ, ਖਾਸ ਕਰਕੇ ਮਿਸ਼ੇਲ ਨਾਲ ਤਾਂ ਬਿਲਕੁਲ ਨਹੀਂ। ਮੇਰਾ ਦਿਲ ਟੁੱਟ ਗਿਆ। ਮੈਂ ਬੱਸ ਇਹੀ ਸੋਚਿਆ ਕਿ 'ਇਹ ਸਭ ਪਾਗਲਪਨ ਹੈ'।"

ਹੈਲੀਕਾਪਟ ਦੀ ਫੂਟੇਜ

ਤਸਵੀਰ ਸਰੋਤ, Dyfed-Powys Police

ਤਸਵੀਰ ਕੈਪਸ਼ਨ, ਹੈਲੀਕਾਪਟ ਦੀ ਫੂਟੇਜ ਜਦੋਂ ਹਮਲੇ ਤੋਂ ਬਾਅਦ ਬੈਰੀ ਤੇ ਥਾਮਸ ਝਾੜੀਆਂ 'ਚ ਲੁਕੇ ਹੋਏ ਸਨ

ਪੁਲਿਸ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਦੀ ਪਤਨੀ ਦਾ ਕਿਸੇ ਹੋਰ ਨਾਲ ਅਫੇਅਰ ਸੀ ਅਤੇ ਉਸ ਨੂੰ ਕ੍ਰਿਸਟੋਫਰ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਸ਼ੱਕ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ।

ਉਨ੍ਹਾਂ ਨੇ ਦੱਸਿਆ, "ਮੈਂ ਬੁਰੀ ਤਰ੍ਹਾਂ ਟੁੱਟ ਗਿਆ ਸੀ। ਇਹ ਸਭ ਅਚਾਨਕ ਇੱਕਦਮ ਵਾਪਰ ਗਿਆ।

''ਮੈਂ ਸਿਰਫ ਜੂਨ 2024 ਵਿੱਚ ਮਿਸ਼ੇਲ ਦੇ ਵਿਵਹਾਰ ਵਿੱਚ ਬਦਲਾਅ ਮਹਿਸੂਸ ਕੀਤਾ ਸੀ ਜਦੋਂ ਉਹ ਥੋੜ੍ਹੀ ਬੇਰੁਖੀ ਦਿਖਾਉਣ ਲੱਗੇ ਅਤੇ ਦੂਰ-ਦੂਰ ਰਹਿਣ ਲੱਗੇ ਸਨ।"

ਜਦੋਂ ਕ੍ਰਿਸਟੋਫਰ ਨੇ ਆਪਣੀ ਪਤਨੀ ਨੂੰ ਪੁੱਛਿਆ ਸੀ ਕਿ ਕੀ ਸਭ ਕੁਝ ਠੀਕ ਹੈ ਤਾਂ ਉਨ੍ਹਾਂ ਨੇ ਕੰਮ ਦਾ ਬਹਾਨਾ ਬਣਾ ਕੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦਾ ਰਿਸ਼ਤਾ ਬਿਲਕੁਲ ਠੀਕ ਹੈ।

ਅਕਤੂਬਰ ਵਿੱਚ ਮੁਕੱਦਮੇ ਦੌਰਾਨ ਕ੍ਰਿਸਟੋਫਰ ਨੇ ਗ੍ਰਿਫਤਾਰੀ ਤੋਂ ਬਾਅਦ ਪਹਿਲੀ ਵਾਰ ਆਪਣੀ ਪਤਨੀ ਨੂੰ ਅਦਾਲਤ ਦੇ ਕਟਹਿਰੇ ਵਿੱਚ ਦੇਖਿਆ। ਉਨ੍ਹਾਂ ਨੇ ਗਵਾਹੀ ਦਿੱਤੀ ਅਤੇ ਹਰ ਰੋਜ਼ ਪਬਲਿਕ ਗੈਲਰੀ ਵਿੱਚ ਬੈਠਦੇ ਰਹੇ।

ਬੈਰੀ ਤੇ ਮਿਸ਼ੇਲ ਦੀ ਤਸਵੀਰ

ਤਸਵੀਰ ਸਰੋਤ, Dyfed-Powys Police

ਤਸਵੀਰ ਕੈਪਸ਼ਨ, ਬੈਰੀ ਤੇ ਮਿਸ਼ੇਲ ਦੀ ਤਸਵੀਰ ਜਿਸ ਨੂੰ ਪੁਲਿਸ ਨੇ ਜਾਰੀ ਕੀਤਾ

ਉਨ੍ਹਾਂ ਨੇ ਕਿਹਾ, "ਉਹ ਉਸ ਮਿਸ਼ੇਲ ਵਰਗੇ ਨਹੀਂ ਸੀ ਲੱਗ ਰਹੇ ਜਿਨ੍ਹਾਂ ਨੂੰ ਮੈਂ ਜਾਣਦਾ ਸੀ। ਉਨ੍ਹਾਂ ਨੇ ਝੂਠ ਬੋਲਿਆ, ਉਹ ਅਦਾਲਤ ਵਿੱਚ ਸ਼ਰੇਆਮ ਝੂਠ ਬੋਲ ਰਹੇ ਸਨ।"

ਮਿਸ਼ੇਲ ਨੇ ਜਿਊਰੀ ਨੂੰ ਦੱਸਿਆ ਕਿ ਉਸ ਨੂੰ ਲੱਗਦਾ ਸੀ ਕਿ ਇਹ ਸਾਜ਼ਿਸ਼ ਸਿਰਫ ਇੱਕ "ਕਲਪਨਾ" ਅਤੇ "ਅਸਲੀਅਤ ਤੋਂ ਭੱਜਣ ਦਾ ਤਰੀਕਾ" ਸੀ ਕਿਉਂਕਿ ਉਸ ਦਾ ਪਤੀ ਉਸ 'ਤੇ "ਕੰਟਰੋਲ" ਰੱਖਦਾ ਸੀ।

ਕ੍ਰਿਸਟੋਫਰ ਨੇ ਅੱਗੇ ਕਿਹਾ, "ਉਸ ਸਮੇਂ ਤੱਕ, ਮੇਰੇ ਦਿਲ ਵਿੱਚ ਮਿਸ਼ੇਲ ਲਈ ਪਿਆਰ ਪੂਰੀ ਤਰ੍ਹਾਂ ਖਤਮ ਹੋ ਚੁੱਕਾ ਸੀ। ਮੈਂ ਉਨ੍ਹਾਂ ਨੂੰ ਕਦੇ ਵੀ ਮਾਫ਼ ਨਹੀਂ ਕਰ ਸਕਦਾ ਜੋ ਉਨ੍ਹਾਂ ਨੇ ਕੀਤਾ ਹੈ। ਇਹ ਇੱਕ ਕਦੇ ਨਾ ਖਤਮ ਹੋਣ ਵਾਲੇ ਡਰਾਉਣੇ ਸੁਪਨੇ ਵਰਗਾ ਹੈ।"

ਕ੍ਰਿਸਟੋਫਰ ਨੇ ਕਿਹਾ ਕਿ ਉਹ ਤਲਾਕ ਚਾਹੁੰਦਾ ਹੈ, ਪਰ ਪਤਨੀ ਦੇ ਜੇਲ੍ਹ ਵਿੱਚ ਹੋਣ ਕਾਰਨ ਇਸ ਪ੍ਰਕਿਰਿਆ ਵਿੱਚ ਮੁਸ਼ਕਲ ਆ ਰਹੀ ਹੈ। ਉਨ੍ਹਾਂ ਨੇ ਕਿਹਾ, "ਮੈਂ ਬਹੁਤ ਮੁਸ਼ਕਿਲ ਨਾਲ ਸੌਂ ਪਾਉਂਦਾ ਹਾਂ। ਮੈਂ ਇਕੱਲਾ ਬਾਹਰ ਨਹੀਂ ਜਾਂਦਾ। ਮੈਨੂੰ ਉਦੋਂ ਖੁਸ਼ੀ ਹੋਵੇਗੀ ਜਦੋਂ ਮੈਂ ਇਸ ਅਧਿਆਏ ਨੂੰ ਹਮੇਸ਼ਾ ਲਈ ਬੰਦ ਕਰ ਸਕਾਂਗਾ। ਪਰ ਅਜੇ ਇਸ ਵਿੱਚ ਲੰਬਾ ਸਮਾਂ ਲੱਗੇਗਾ।"

ਗੈਸ ਮਾਸਕ

ਤਸਵੀਰ ਸਰੋਤ, Dyfed-Powys Police

ਤਸਵੀਰ ਕੈਪਸ਼ਨ, ਹਮਲੇ ਤੋਂ ਬਾਅਦ ਪੁਲਿਸ ਵੱਲੋਂ ਬਰਾਮਦ ਕੀਤੇ ਗਏ ਗੈਸ ਮਾਸਕ

'ਪਤਨੀ ਨੇ ਪ੍ਰੇਮੀ ਨੂੰ ਮੈਸੇਜ ਡਿਲੀਟ ਕਰਨ ਦਾ ਹੁਕਮ ਦਿੱਤਾ'

ਜਿਊਰੀ ਨੂੰ ਮਿਲਜ਼ ਅਤੇ ਬੈਰੀ ਵਿਚਕਾਰ ਹੋਈ 100 ਤੋਂ ਵੱਧ ਪੰਨਿਆਂ ਦੀ ਮੈਸੇਜ ਚੈਟ ਦਿਖਾਈ ਗਈ।

ਇੱਕ ਸੁਨੇਹੇ ਵਿੱਚ ਬੈਰੀ ਨੇ ਕਿਹਾ ਸੀ, "ਅਸੀਂ ਉਸ ਨੂੰ ਮਰਦੇ ਦੇਖਾਂਗੇ ਅਤੇ ਫਿਰ ਘਰ ਆ ਕੇ ਵੀਕਐਂਡ ਦੇ ਬਾਕੀ ਸਮੇਂ ਇਕੱਠੇ ਆਰਾਮ ਕਰਾਂਗੇ ਅਤੇ ਸਿਰਫ਼ ਉਡੀਕ ਕਰਾਂਗੇ ਕਿ ਕੋਈ ਉਸ ਨੂੰ ਲੱਭ ਲਵੇ।"

ਹਮਲੇ ਤੋਂ ਕੁਝ ਘੰਟੇ ਪਹਿਲਾਂ ਮਿਸ਼ੇਲ ਮਿਲਜ਼ ਨੇ ਬੈਰੀ ਨੂੰ ਕਿਹਾ, ''ਮੁਆਫ਼ ਕਰਨਾ, ਤੁਹਾਨੂੰ ਪਤਾ ਹੈ ਕਿ ਤੁਸੀਂ ਕੀ ਕਰ ਰਹੇ ਹੋ ਅਤੇ ਮੈਂ ਤੁਹਾਡੇ 'ਤੇ ਭਰੋਸਾ ਕਰਦੀ ਹਾਂ।"

ਹਮਲੇ ਤੋਂ ਬਾਅਦ ਉਨ੍ਹਾਂ ਦਾ ਆਖਰੀ ਸੁਨੇਹਾ ਸੀ, "ਪੁਲਿਸ ਨੂੰ ਬੁਲਾ ਲਿਆ ਗਿਆ ਹੈ, ਸਾਰੀ ਗੱਲਬਾਤ (ਮੈਸੇਜ) ਮਿਟਾ ਦਿਓ, ਆਈ ਲਵ ਯੂ..."

ਬੈਰੀ ਦੀ ਤਸਵੀਰ ਜਦੋਂ ਪੁਲਿਸ ਨੇ ਉਸ ਨੂੰ ਫੜਿਆ ਸੀ

ਤਸਵੀਰ ਸਰੋਤ, Dyfed-Powys Police

ਤਸਵੀਰ ਕੈਪਸ਼ਨ, ਹਮਲੇ ਤੋਂ ਬਾਅਦ ਬੈਰੀ ਪੁਲਿਸ ਦੀ ਹਿਰਾਸਤ 'ਚ

'ਟੀਵੀ ਡਰਾਮੇ ਵਰਗੇ ਮੋੜ ਅਤੇ ਉਤਾਰ-ਚੜ੍ਹਾਅ'

ਡਾਈਫੇਡ-ਪੋਵਿਸ ਪੁਲਿਸ ਦੇ ਡਿਟੈਕਟਿਵ ਇੰਸਪੈਕਟਰ ਸੈਮ ਗ੍ਰੇਗਰੀ ਨੇ ਇਸ ਨੂੰ ਇੱਕ "ਗੁੰਝਲਦਾਰ" ਜਾਂਚ ਦੱਸਿਆ।

ਉਨ੍ਹਾਂ ਕਿਹਾ, "ਇੱਕ ਮਿੰਟ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਇੱਕ ਆਮ ਅਪਰਾਧ ਦੀ ਜਾਂਚ ਕਰ ਰਹੇ ਹੋ, ਪਰ ਅਗਲੇ ਹੀ ਪਲ, ਇਹ ਸਭ ਤੋਂ ਗੰਭੀਰ ਅਪਰਾਧ ਵਿੱਚ ਬਦਲ ਜਾਂਦਾ ਹੈ। ਇਸ ਸਾਜ਼ਿਸ਼ ਦੇ ਮੋੜ ਅਤੇ ਉਤਾਰ-ਚੜ੍ਹਾਅ ਕਿਸੇ ਟੀਵੀ ਡਰਾਮੇ ਵਰਗੇ ਹਨ, ਪਰ ਅੰਤ ਵਿੱਚ ਮਿਲਜ਼ ਇਸ ਜਾਂਚ ਦੇ ਕੇਂਦਰ ਵਿੱਚ ਰਹੇ ਹਨ ਜਿਸ ਦੇ ਨਤੀਜੇ ਘਾਤਕ ਹੋ ਸਕਦੇ ਸਨ।"

ਉਨ੍ਹਾਂ ਅੱਗੇ ਕਿਹਾ ਕਿ ਇਸ ਤਰ੍ਹਾਂ ਦਾ ਅਪਰਾਧ ਪੇਂਡੂ ਪੱਛਮੀ ਵੇਲਜ਼ ਵਿੱਚ ਨਹੀਂ ਹੁੰਦਾ ਅਤੇ ਅੱਗੇ ਕਿਹਾ, "ਇਹ ਬਹੁਤ ਹੀ ਗੰਭੀਰ ਮਾਮਲਾ ਸੀ। ਇਹ ਸਭ ਹਕੀਕਤ ਸੀ।"

ਕ੍ਰਿਸਟੋਫਰ ਮਿਲਜ਼ ਦੇ ਘਰ ਬਾਹਰ ਦੀ ਤਸਵੀਰ
ਤਸਵੀਰ ਕੈਪਸ਼ਨ, ਇਸ ਇਲਾਕੇ 'ਚ ਕ੍ਰਿਸਟੋਫਰ ਮਿਲਜ਼ ਆਪਣੀ ਪਤਨੀ ਮਿਸ਼ੇਲ ਨਾਲ ਰਹਿੰਦੇ ਸਨ
ਇਹ ਵੀ ਪੜ੍ਹੋ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)