'ਮੇਰੇ ਕੋਲ ਤੇਰੀਆਂ ਨਗਨ ਫੋਟੋਆਂ ਹਨ, ਉਹ ਸਭ ਜੋ ਤੇਰੀ ਜ਼ਿੰਦਗੀ ਬਰਬਾਦ ਕਰਨ ਲਈ ਚਾਹੀਦਾ ਹੈ', ਕਿਸ਼ੋਰਾਂ ਨੂੰ ਕਿਵੇਂ ਨਿਸ਼ਾਨਾ ਬਣਾ ਰਹੇ ਸਾਈਬਰ ਅਪਰਾਧੀ

- ਲੇਖਕ, ਟਿਰ ਢੋਂਡੀ
- ਰੋਲ, ਬੀਬੀਸੀ ਥ੍ਰੀ
"ਮੇਰੇ ਕੋਲ ਤੇਰੀਆਂ ਨਗਨ ਫੋਟੋਆਂ ਹਨ ਅਤੇ ਉਹ ਸਭ ਕੁਝ ਹੈ ਜੋ ਮੈਨੂੰ ਤੇਰੀ ਜ਼ਿੰਦਗੀ ਬਰਬਾਦ ਕਰਨ ਲਈ ਚਾਹੀਦਾ ਹੈ।"
ਇਹ ਡਰਾ ਦੇਣ ਵਾਲਾ ਸੁਨੇਹਾ ਇੱਕ ਅਮਰੀਕੀ ਕਿਸ਼ੋਰ ਈਵਾਨ ਬੋਏਟਲਰ ਨੂੰ ਸੋਸ਼ਲ ਮੀਡੀਆ 'ਤੇ ਭੇਜਿਆ ਗਿਆ ਸੀ। ਸ਼ੁਰੂ ਵਿੱਚ ਈਵਾਨ ਸੁਨੇਹਾ ਭੇਜਣ ਵਾਲੇ ਨੂੰ ਇੱਕ ਛੋਟੀ ਉਮਰ ਦੀ ਕੁੜੀ ਸਮਝ ਰਿਹਾ ਸੀ, ਪਰ ਅਸਲ ਵਿੱਚ ਉਹ ਇੱਕ ਸਾਈਬਰ ਸਕੈਮ ਕਰਨ ਵਾਲਾ ਵਿਅਕਤੀ ਸੀ।
ਅਜਿਹਾ ਪਹਿਲਾ ਸੁਨੇਹਾ ਮਿਲਣ ਤੋਂ ਸਿਰਫ਼ 90 ਮਿੰਟ ਬਾਅਦ, 16 ਸਾਲਾ ਈਵਾਨ ਨੇ ਖੁਦਕੁਸ਼ੀ ਕਰ ਲਈ।
ਸੈਕਸਟੋਰਸ਼ਨ, ਜਿਨਸੀ ਜ਼ਬਰਦਸਤੀ, ਸਭ ਤੋਂ ਤੇਜ਼ੀ ਨਾਲ ਵਧ ਰਹੇ ਔਨਲਾਈਨ ਅਪਰਾਧਾਂ ਵਿੱਚੋਂ ਇੱਕ ਹੈ।
ਪੀੜਤਾਂ (ਅਕਸਰ ਅਮਰੀਕਾ ਅਤੇ ਯੂਰਪ ਦੇ ਜਵਾਨ ਬੱਚਿਆਂ) ਨੂੰ ਨਿੱਜੀ ਫੋਟੋਆਂ ਜਾਂ ਵੀਡੀਓ ਦੇ ਨਾਮ 'ਤੇ ਡਰਾਇਆ ਜਾਂਦਾ ਹੈ। ਘੁਟਾਲੇਬਾਜ਼ ਪੀੜਤਾਂ ਨੂੰ ਅਜਿਹੀਆਂ ਤਸਵੀਰਾਂ ਤੇ ਵੀਡੀਓ ਜਨਤਕ ਕਰਨ ਜਾਂ ਕਿਸੇ ਹੋਰ ਨੂੰ ਭੇਜਣ ਦੀ ਉਦੋਂ ਤੱਕ ਧਮਕੀ ਦਿੰਦੇ ਹਨ, ਜਦੋਂ ਤੱਕ ਪੀੜਤ ਉਨ੍ਹਾਂ ਨੂੰ ਪੈਸੇ ਨਹੀਂ ਦੇ ਦਿੰਦੇ।
ਈਵਾਨ ਦੀ ਮਾਂ ਕਾਰੀ ਕਹਿੰਦੇ ਹਨ, "ਜਦੋਂ ਉਸ ਰਾਤ ਉਨ੍ਹਾਂ ਨੇ ਅੰਤ ਵਿੱਚ ਸਾਨੂੰ ਦੱਸਿਆ ਕਿ ਉਹ ਨਹੀਂ ਰਿਹਾ, ਤਾਂ ਇਹ ਸਮਝ ਹੀ ਨਹੀਂ ਆਇਆ। ਮੈਨੂੰ ਸਮਝ ਨਹੀਂ ਆ ਰਿਹਾ ਕਿ ਸਾਡੇ ਪਰਿਵਾਰ ਨਾਲ ਅਜਿਹਾ ਕਿਵੇਂ ਹੋ ਸਕਦਾ ਹੈ।"
ਈਵਾਨ ਦੇ ਮਾਤਾ-ਪਿਤਾ ਕਾਰੀ ਅਤੇ ਬ੍ਰੈਡ ਮਿਸੂਰੀ ਦੇ ਆਪਣੇ ਘਰ ਵਿੱਚ ਰਹਿੰਦੇ ਹਨ।
ਕਾਰੀ ਕਹਿੰਦੇ ਹਨ ਕਿ ਉਨ੍ਹਾਂ ਦਾ ਪੁੱਤਰ ਇੱਕ ਹੁਸ਼ਿਆਰ ਅਤੇ ਮਜ਼ਾਕੀਆ ਸੁਭਾਅ ਵਾਲਾ ਮੁੰਡਾ ਸੀ, ਜਿਸਨੂੰ ਮੱਛੀਆਂ ਫੜ੍ਹਨਾ, ਖੇਡਾਂ ਖੇਡਣਾ ਅਤੇ ਸ਼ਿਕਾਰ ਕਰਨਾ ਬਹੁਤ ਪਸੰਦ ਸੀ।
ਉਨ੍ਹਾਂ ਮੈਨੂੰ ਦੱਸਿਆ ਕਿ ਕਿਵੇਂ ਜਨਵਰੀ 2024 ਦੇ ਸ਼ੁਰੂ ਵਿੱਚ ਇੱਕ ਠੰਢੀ ਦੁਪਹਿਰ ਨੂੰ ਈਵਾਨ ਨਾਲ ਸਨੈਪਚੈਟ 'ਤੇ ਕਿਸੇ ਵਿਅਕਤੀ ਨੇ ਸੰਪਰਕ ਕੀਤਾ, ਜਿਸ ਨੂੰ ਉਹ ਜੈਨੀਟੀ60 ਨਾਮ ਦੀ ਕੁੜੀ ਸਮਝਦਾ ਸੀ।
ਪਰ ਉਹ ਕੁੜੀ ਨਹੀਂ ਸੀ। ਮਿੰਟਾਂ ਵਿੱਚ ਹੀ "ਜੈਨੀ" ਨੇ ਉਸ ਨੂੰ ਆਪਣੀਆਂ ਨਗਨ ਫੋਟੋਆਂ ਸਾਂਝੀਆਂ ਕਰਨ ਲਈ ਮਨਾ ਲਿਆ ਅਤੇ ਤੁਰੰਤ ਉਸ ਨੂੰ ਬੇਰਹਿਮੀ ਨਾਲ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ।

ਤਸਵੀਰ ਸਰੋਤ, GETTY/PAYPHOTO
ਲਗਭਗ ਦੋ ਸਾਲ ਬਾਅਦ, ਬੋਏਟਲਰ ਦਾ ਦੁੱਖ ਅਜੇ ਵੀ ਤਾਜ਼ਾ ਹੈ ਅਤੇ ਜਵਾਬਾਂ ਦੀ ਖੋਜ ਹੁਣ ਨਿਰਾਸ਼ਾ ਦੇ ਰੂਪ ਵਿੱਚ ਖ਼ਤਮ ਹੋ ਗਈ ਹੈ।
ਮੈਟਾ ਵਰਗੇ ਸੋਸ਼ਲ ਮੀਡੀਆ ਪਲੇਟਫਾਰਮ ਅਦਾਲਤ ਦੇ ਹੁਕਮ ਤੋਂ ਬਿਨਾਂ ਜਾਣਕਾਰੀ ਸਾਂਝੀ ਕਰਨ ਤੋਂ ਇਨਕਾਰ ਕਰਦੇ ਹਨ ਜੋ ਕਿ ਪਰਿਵਾਰ ਕੋਲ ਅਜੇ ਵੀ ਨਹੀਂ ਹੈ, ਭਾਵੇਂ ਐੱਫਬੀਆਈ ਦੁਆਰਾ ਕਾਰਵਾਈ ਲਈ ਦਬਾਅ ਪਾਇਆ ਗਿਆ ਹੋਵੇ।
ਈਵਾਨ ਦੀ ਮੌਤ ਤੋਂ ਬਾਅਦ ਦੇ ਸਾਲਾਂ ਵਿੱਚ ਕਾਨੂੰਨ ਲਾਗੂ ਕਰਨ ਵਾਲੇ ਬਹੁਤ ਘੱਟ ਅੱਗੇ ਵਧ ਸਕੇ ਹਨ।
ਹਾਲਾਂਕਿ, ਇੱਕ ਮਹੱਤਵਪੂਰਨ ਸੁਰਾਗ਼ ਸਾਹਮਣੇ ਆਇਆ, ਇੱਕ ਮੌਕਾ ਅਜਿਹਾ ਸੀ ਜਦੋਂ ਘੁਟਾਲੇਬਾਜ਼ਾਂ ਨੇ ਈਵਾਨ ਦਾ ਫੇਸਬੁੱਕ ਲੌਗਇਨ ਮੰਗਿਆ ਸੀ ਅਤੇ ਜਦੋਂ ਉਨ੍ਹਾਂ ਨੇ ਇਸ ਦੀ ਵਰਤੋਂ ਕੀਤੀ ਤਾਂ ਉਨ੍ਹਾਂ ਦਾ ਆਈਪੀ ਪਤਾ ਦਰਜ ਹੋ ਗਿਆ ਸੀ।
ਉਸ ਡਿਜੀਟਲ ਫੁਟਪ੍ਰਿੰਟ ਰਾਹੀਂ ਮੀਆਂ ਨਾਈਜੀਰੀਆ ਦੇ ਕਈ ਸਥਾਨਾਂ 'ਤੇ ਜਾ ਪਹੁੰਚਿਆ, ਖ਼ਾਸ ਕਰਕੇ ਲਾਗੋਸ, ਇੱਥੋਂ ਦਾ ਸਭ ਤੋਂ ਵੱਧ ਆਬਾਦੀ ਵਾਲਾ ਸ਼ਹਿਰ, ਜਿੱਥੇ ਮੈਨੂੰ ਉਮੀਦ ਸੀ ਕਿ ਮੈਂ ਇਹ ਪਤਾ ਲਗਾ ਲਵਾਂਗਾ ਕਿ ਇਸ ਘੁਟਾਲੇ ਦੇ ਪਿੱਛੇ ਕੌਣ ਹੈ।

ʻਯਾਹੂ ਬੁਆਏਜ਼ʼ
ਮੇਰੀ ਪਹਿਲੀ ਮੁਲਾਕਾਤ ਮੈਨੂੰ ਉਨ੍ਹਾਂ ਗਲੀਆਂ ਵਿੱਚ ਲੈ ਗਈ ਜਿੱਥੇ ਸ਼ਹਿਰ ਦੇ ਬਹੁਤ ਸਾਰੇ ਧੋਖੇਬਾਜ਼, ਰਹਿੰਦੇ ਹਨ। ਉਨ੍ਹਾਂ ਨੂੰ "ਯਾਹੂ ਬੁਆਏਜ਼" ਵਜੋਂ ਜਾਣਿਆ ਜਾਂਦਾ ਹੈ।
ਇਹ ਨਾਮ ਉਨ੍ਹਾਂ ਨੇ ਈਮੇਲ ਪਤੇ ਤੋਂ ਲਿਆ ਗਿਆ ਹੈ ਜੋ ਉਹ 2000 ਦੇ ਦਹਾਕੇ ਦੇ ਸ਼ੁਰੂ ਵਿੱਚ ਔਨਲਾਈਨ ਘੁਟਾਲਿਆਂ ਨੂੰ ਅੰਜਾਮ ਦੇਣ ਲਈ ਵਰਤਦੇ ਸਨ।
ਇਹ ਨੌਜਵਾਨ ਅਕਸਰ ਆਪਣੇ 20ਵਿਆਂ ਵਿੱਚ ਗਰੀਬੀ ਦੇ ਹਾਲਤ 'ਚ ਰਹਿੰਦੇ ਹਨ ਪਰ ਤੇਜ਼ ਕਾਰਾਂ ਅਤੇ ਤੇਜ਼ੀ ਨਾਲ ਆਉਂਦੇ ਪੈਸੇ ਦੇ ਸੁਪਨੇ ਦੇਖਦੇ ਹਨ।
ਇਹ ਉਹ ਥਾਂ ਹੈ ਜਿੱਥੇ ਮੈਂ ਓਲਾ ਨੂੰ ਮਿਲਿਆ। ਉਨ੍ਹਾਂ ਨੇ ਸੈਕਸਟੋਰਸ਼ਨ ਦੀ ਪੂਰੀ ਪ੍ਰਕਿਰਿਆ ਨੂੰ ਆਸਾਨੀ ਨਾਲ ਸਮਝਾਇਆ।
ਉਨ੍ਹਾਂ ਦੱਸਿਆ, "ਤੁਸੀਂ ਨਕਲੀ ਨਾਵਾਂ ਦੀ ਵਰਤੋਂ ਕਰ ਕੇ ਜਾਅਲੀ ਜਨਰੇਟਰਾਂ ਰਾਹੀਂ ਇੱਕ ਔਰਤਾਂ ਦੇ ਨਾਮ ਵਾਲਾ ਖਾਤਾ ਬਣਾਉਂਦੇ ਹੋ। ਇਹ ਇੱਕ ਅਜਿਹੀ ਸਾਈਟ ਹੈ ਜਿੱਥੇ ਤੁਹਾਨੂੰ ਉਸ ਦੇਸ਼ ਦੇ ਲੋਕਾਂ ਦੇ ਨਾਮ ਮਿਲਦੇ ਹਨ, ਜਿੱਥੇ ਤੁਸੀਂ ਜਾਣਾ ਚਾਹੁੰਦੇ ਹੋ।"
ਇੱਕ ਵਾਰ ਪ੍ਰੋਫਾਈਲ ਸੈੱਟ ਹੋ ਜਾਣ ਤੋਂ ਬਾਅਦ, ਲੋਕਾਂ ਨੂੰ ਨਿਸ਼ਾਨਾ ਨੂੰ ਬਣਾਇਆ ਜਾਂਦਾ ਹੈ। ਸਕ੍ਰੀਨ ਦੇ ਦੂਜੇ ਪਾਸੇ ਮੌਜੂਦ ਮੁੰਡੇ (ਪੀੜਤ) ਮਹਿਜ਼ ਇੱਕ ਨਾਮ ਦੀ ਅਹਿਮੀਅਤ ਰੱਖਦੇ ਹਨ ਅਤੇ ਰੋਜ਼ਾਨਾ ਅਜਿਹੇ ਸੈਂਕੜੇ ਮੁੰਡਿਆਂ ਨੂੰ ਸੁਨੇਹਾ ਭੇਜੇ ਜਾਂਦੇ ਹਨ ਤੇ ਉਮੀਦ ਕੀਤੀ ਜਾਂਦੀ ਹੈ ਕਿ ਕੋਈ ਉਨ੍ਹਾਂ ਨੂੰ ਪੈਸੇ ਭੇਜੇਗਾ।
ਮੈਂ ਉਨ੍ਹਾਂ ਨੂੰ ਦੱਸਿਆ ਕਿ ਇਹ ਬੇਰਹਿਮੀ ਹੈ ਅਤੇ ਕਿਸੇ ਦੀ ਜ਼ਿੰਦਗੀ ਬਰਬਾਦ ਕਰ ਸਕਦੀ ਹੈ। ਉਨ੍ਹਾਂ ਜਵਾਬ ਦਿੱਤਾ, "ਮੈਨੂੰ ਕੋਈ ਇਤਰਾਜ਼ ਨਹੀਂ ਹੈ ਕਿਉਂਕਿ ਮੈਨੂੰ ਪੈਸੇ ਦੀ ਲੋੜ ਹੈ।"
ਓਲਾ ਲਈ ਇਹ ਵਿਸ਼ਵਾਸ ਕਰਨਾ ਵੀ ਅਸੰਭਵ ਸੀ ਕਿ ਇੱਕ ਬ੍ਰਿਟਿਸ਼ ਜਾਂ ਅਮਰੀਕੀ ਕਿਸ਼ੋਰ ਪੈਸੇ ਨਹੀਂ ਦੇਵੇਗਾ। ਉਸ ਦੇ ਮਨ ਵਿੱਚ ਪੱਛਮ ਵਿੱਚ ਪੈਦਾ ਹੋਣਾ ਆਪਣੇ ਆਪ ਵਿੱਚ ਇੱਕ ਸਨਮਾਨ ਸੀ।
ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਨ੍ਹਾਂ ਨੇ ਉਨ੍ਹਾਂ (ਮੁੰਡਿਆਂ) ਨੂੰ ਨਿਸ਼ਾਨਾ ਕਿਉਂ ਬਣਾਇਆ ਤਾਂ ਉਨ੍ਹਾਂ ਦਾ ਜਵਾਬ ਵੀ ਓਨਾ ਹੀ ਭਿਆਨਕ ਸੀ।
ਉਨ੍ਹਾਂ ਕਿਹਾ, "ਕਿਉਂਕਿ ਉਨ੍ਹਾਂ ਦੀਆਂ ਜਿਨਸੀ ਇੱਛਾਵਾਂ ਬਹੁਤ ਜ਼ਿਆਦਾ ਹਨ ਅਤੇ ਨੌਜਵਾਨ ਮੁੰਡੇ ਡਰਦੇ ਹਨ ਕਿ ਉਨ੍ਹਾਂ ਦੀਆਂ ਫੋਟੋਆਂ ਉਨ੍ਹਾਂ ਦੇ ਕਲਾਸ ਦੇ ਸਾਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਦੋਸਤਾਂ ਨੂੰ ਨਾ ਦਿਖਾ ਦਿੱਤੀਆਂ ਜਾਣ।"
ਓਲਾ ਇਕੱਲਾ ਹੀ ਕੰਮ ਕਰਦਾ ਸੀ, ਪਰ ਹੋਰ ਮਾਮਲੇ ਦਰਸਾਉਂਦੇ ਹਨ ਕਿ ਲਾਗੋਸ ਵਿੱਚ ਜਿਨਸੀ ਸ਼ੋਸ਼ਣ ਇੱਕ ਹੋਰ ਸੰਗਠਿਤ ਨੈਟਵਰਕ ਵਿੱਚ ਕਿਵੇਂ ਵਿਕਸਤ ਹੋਇਆ ਹੈ।
ਪੂਰੇ ਦੇ ਪੂਰੇ ਗੈਂਗ ਹਨ ਜਿਨ੍ਹਾਂ ਦੇ ਲੀਡਰ ਹਨ, ਸੀਨੀਅਰ ਤੋਂ ਲੈ ਕੇ ਜੂਨੀਅਰ ਮੈਂਬਰ ਹਨ ਅਤੇ ਉਹ ਸਾਂਝੇ ਸਰੋਤਾਂ ਦੇ ਨਾਲ ਆਪਣੇ ਕੰਮ ਨੂੰ ਅੰਜਾਮ ਦਿੰਦੇ ਹਨ, ਜਿਸ ਦਾ ਉਦੇਸ਼ ਵੱਧ ਤੋਂ ਵੱਧ ਮੁਨਾਫ਼ਾ ਕਮਾਉਣਾ ਹੈ।

ʻਹਸਲ ਕਿੰਗਡਮʼ
ਅੰਤ ਵਿੱਚ ਮੈਂ ਮਕੋਕੋ ਦੇ ਜਲ ਮਾਰਗਾਂ ਵੱਲ ਪਹੁੰਚ ਗਿਆ, ਜੋ ਕਿ ਸ਼ਹਿਰ ਦੇ ਸਭ ਤੋਂ ਗਰੀਬ ਇਲਾਕਿਆਂ ਵਿੱਚੋਂ ਇੱਕ ਹੈ, ਜਿੱਥੇ ਲਾਗੋਸ ਲਗੂਨ ਦੇ ਕੰਢਿਆਂ 'ਤੇ ਲੱਕੜ ਦੇ ਘਰ ਲੱਕੜ ਦੇ ਖੰਭਿਆਂ 'ਤੇ ਖੜ੍ਹੇ ਹਨ।
ਉੱਥੇ ਕੈਮਰਾ 'ਤੇ ਰਿਕਾਰਡਿੰਗ ਕਰਨ ਲਈ ਸਾਨੂੰ ਪਹਿਲਾਂ ਕਮਿਊਨਿਟੀ ਲੀਡਰ ਤੋਂ ਇਜਾਜ਼ਤ ਲੈਣੀ ਪੈਂਦੀ ਸੀ ਅਤੇ ਸਥਾਨਕ ਫਿਕਸਰਾਂ ਦੀ ਇੱਕ ਟੀਮ ਸਾਨੂੰ ਮਾਰਗਦਰਸ਼ਨ ਦਿੰਦੀ ਸੀ, ਜੋ ਇਸ ਉਲਝਣ ਭਰੇ ਇਲਾਕੇ ਤੋਂ ਜਾਣੂ ਸਨ।
ਮੈਨੂੰ "ਹਸਲ ਕਿੰਗਡਮ" ਨਾਮਕ ਗਤੀਵਿਧੀਆਂ ਬਾਰੇ ਦੱਸਿਆ ਗਿਆ ਸੀ। ਉਹ ਕਮਰੇ ਜਿੱਥੇ ਨੌਜਵਾਨਾਂ ਦੇ ਗਿਰੋਹ ਫ਼ੋਨ ਘੁਟਾਲਿਆਂ ਵਿੱਚ ਸ਼ਾਮਲ ਹੁੰਦੇ ਹਨ। ਇਨ੍ਹਾਂ ਨੂੰ ਸ਼ਾਇਦ ਹੀ ਕਦੇ ਫਿਲਮਾਇਆ ਗਿਆ ਹੋਵੇ। ਪਰ ਕਾਫੀ ਗੱਲਬਾਤ ਤੋਂ ਬਾਅਦ ਮੈਨੂੰ ਇਜਾਜ਼ਤ ਦੇ ਦਿੱਤੀ ਗਈ।
ਇਹ ਹਸਲ ਕਿੰਗਡਮ ਇੱਕ ਛੋਟੀ ਜਿਹੀ ਇਮਾਰਤ ਦੀ ਦੂਜੀ ਮੰਜ਼ਿਲ 'ਤੇ ਸਥਿਤ ਸੀ। ਉਸ ਛੋਟੇ ਜਿਹੇ ਕਮਰੇ ਦੇ ਅੰਦਰ ਇੱਕ ਦਰਜਨ ਨੌਜਵਾਨ ਆਪਣੇ ਪੱਟਾਂ 'ਤੇ ਲੈਪਟਾਪ ਲੈ ਕੇ ਬੈਠੇ ਸਨ, ਉਨ੍ਹਾਂ ਦੇ ਫੋਨ ਲਗਾਤਾਰ ਵੱਜ ਰਹੇ ਸਨ, ਸ਼ਾਇਦ ਸੰਭਾਵੀ ਪੀੜਤਾਂ ਦੇ ਮੈਸੇਜ ਆ ਰਹੇ ਸਨ।
ਮਾਹੌਲ ਇੱਕ ਕਾਲ ਸੈਂਟਰ ਵਰਗਾ ਸੀ। ਉਨ੍ਹਾਂ ਨੇ ਜਾਅਲੀ ਪ੍ਰੋਫਾਈਲ ਬਦਲੇ, ਸਕ੍ਰਿਪਟਾਂ ਦਾ ਆਦਾਨ-ਪ੍ਰਦਾਨ ਕੀਤਾ ਅਤੇ ਨਵੇਂ ਪੀੜਤਾਂ ਦੇ ਨਾਮ ਦਿੱਤੇ।
ਹਰੇਕ ਨੌਜਵਾਨ ਨੇ ਆਪਣੀ ਭੂਮਿਕਾ ਨਿਭਾਈ, ਪਰ ਸਾਰਾ ਪੈਸਾ ਉਨ੍ਹਾਂ ਦੇ ਮੁਖੀ ਕੋਲ ਗਿਆ, ਜਿਸਨੂੰ ਘੋਸਟ (ਭੂਤ) ਕਿਹਾ ਜਾਂਦਾ ਹੈ। ਉੱਥੇ ਧੋਖਾਧੜੀ 'ਚ ਤਜਰਬੇਕਾਰ ਨਵੇਂ ਬੰਦਿਆ ਨੂੰ ਸਿਖਲਾਈ ਦਿੰਦੇ ਹਨ।
ਲਾਲਚ, ਤੇਜ਼ ਪੈਸੇ ਦਾ, ਪਰ ਉਨ੍ਹਾਂ ਦੀ ਇਸ ਤਰ੍ਹਾਂ ਨਿਡਰ ਹੋਣ ਪਿੱਛੇ ਕੁਝ ਹੋਰ ਵੀ ਭਿਆਨਕ ਸੀ। ਦਰਅਸਲ ਇਨ੍ਹਾਂ ਮੁੰਡਿਆਂ ਨੂੰ ਕਿਸ਼ੋਰ ਅਵਸਥਾ ਤੋਂ ਹੀ ਅਪਰਾਧ ਲਈ ਤਿਆਰ ਕੀਤਾ ਗਿਆ ਸੀ।
ਪੁਰਾਣੇ "ਲੀਡਰ" ਸਫ਼ਲਤਾ ਦੀਆਂ ਕਹਾਣੀਆਂ ਅਤੇ ਸਮਾਜਿਕ ਰੁਤਬੇ ਦਾ ਦਿਖਾਵਾ ਕਰਦੇ ਹਨ, ਨਾਲ ਹੀ ਕਰਜ਼ੇ ਦੀ ਪੇਸ਼ਕਸ਼ ਕਰਦੇ ਹਨ ਜਾਂ ਹਰੇਕ ਘੁਟਾਲੇ ਵਿੱਚ ਹਿੱਸਾ ਲੈਂਦੇ ਹਨ ਅਤੇ ਇੱਕ ਅਜਿਹਾ ਚੱਕਰਵਿਊ ਰਚਦੇ ਹਨ ਜਿਸ ਤੋਂ ਨਿਕਲਣਾ ਮੁਸ਼ਕਲ ਹੋ ਜਾਂਦਾ ਹੈ।
ਇਨ੍ਹਾਂ ਲੋਕਾਂ ਨੂੰ ਕੰਮ ਕਰਦੇ ਦੇਖ ਕੇ ਮੈਨੂੰ ਅਹਿਸਾਸ ਹੋਇਆ ਕਿ ਇਹ ਉਨ੍ਹਾਂ ਘੁਟਾਲੇਬਾਜ਼ਾਂ ਤੋਂ ਕਿੰਨਾ ਵੱਖਰਾ ਸੀ ਜੋ ਇੱਕਲੇ ਕੰਮ ਕਰਦੇ ਹਨ। ਇਹ ਸੰਗਠਿਤ, ਕੁਸ਼ਲ ਅਤੇ ਬੇਰਹਿਮ ਸਨ, ਇੱਕ ਸਿਸਟਮ ਜੋ ਵੱਧ ਤੋਂ ਵੱਧ ਪੈਸਾ ਕੱਢਣ ਲਈ ਤਿਆਰ ਕੀਤਾ ਗਿਆ ਸੀ।

ʻਰੱਬ ਤੋਂ ਡਰਨ ਵਾਲਾ ਆਦਮੀʼ
ਕੀ ਈਵਾਨ ਦਾ ਘੁਟਾਲਾ ਕਰਨ ਵਾਲਾ ਵੀ ਹਸਲ ਕਿੰਗਡਮ ਦਾ ਹਿੱਸਾ ਹੋ ਸਕਦਾ ਸੀ, ਜਾਂ ਫਿਰ ਉਹ ਇਕੱਲਾ ਕੰਮ ਕਰਦਾ ਸੀ? ਮੁਖੀ ਘੋਸਟ ਨੇ ਕਿਹਾ ਕਿ ਉਹ ਮੁੱਖ ਤੌਰ 'ਤੇ ਵਿੱਤੀ ਘੁਟਾਲੇ ਚਲਾ ਰਹੇ ਸਨ, ਜ਼ਿਆਦਾਤਰ ਰੋਮਾਂਸ ਨਾਲ ਜੁੜੇ ਘੁਟਾਲੇ ਸ਼ਾਮਲ ਸਨ ਪਰ ਸੈਕਸਟੋਰਸ਼ਨ ਨਹੀਂ, ਕਿਉਂਕਿ ਉਹ ਇੱਕ "ਰੱਬ ਤੋਂ ਡਰਨ ਵਾਲਾ ਆਦਮੀ" ਸੀ।
ਉਸਨੇ ਕਿਹਾ ਕਿ ਸਿਰਫ "ਬੁਰੇ ਦਿਲਾਂ" ਵਾਲੇ ਲੋਕ ਹੀ ਅਜਿਹਾ ਕਰਦੇ ਹਨ। ਇਸ ਹਸਲ ਕਿੰਗਡਮ ਵਿੱਚ ਸੈਕਸਟੋਰਸ਼ਨ ਨੂੰ ਸ਼ਰਮਨਾਕ ਮੰਨਿਆ ਜਾਂਦਾ ਹੈ।
ਇਨ੍ਹਾਂ ਘੁਟਾਲੇਬਾਜ਼ਾਂ ਨੇ ਮੈਨੂੰ ਦੱਸਿਆ ਕਿ ਬਹੁਤ ਸਾਰੇ ਯਾਹੂ ਉਪਭੋਗਤਾ "ਯਾਹੂ ਪਲੱਸ" ਵੱਲ ਜਾ ਰਹੇ ਹਨ।
ਇਸ ਵਿੱਚ ਸਥਾਨਕ ਪੁਜਾਰੀਆਂ ਵੱਲੋਂ ਘੁਟਾਲੇਬਾਜ਼ਾਂ ਨੂੰ ਅਸ਼ੀਰਵਾਦ ਦੇਣਾ ਅਤੇ ਜਾਪ ਕਰਨਾ ਵੀ ਸ਼ਾਮਲ ਸੀ ਕਿਉਂਕਿ ਉਨ੍ਹਾਂ ਦਾ ਮੰਨਣਾ ਸੀ ਕਿ ਇਹ ਚੀਜ਼ ਪੀੜਤਾਂ ਨੂੰ ਵਧੇਰੇ ਆਗਿਆਕਾਰੀ ਬਣਾਵੇਗੀ ਜਾਂ ਘੁਟਾਲੇਬਾਜ਼ਾਂ ਨੂੰ ਫੜੇ ਜਾਣ ਤੋਂ ਬਚਾਵੇਗੀ।
ਰਵਾਇਤੀ ਇਲਾਜ ਕਰਨ ਵਾਲੇ ਲੰਬੇ ਸਮੇਂ ਤੋਂ ਨਾਈਜੀਰੀਆਈ ਸੱਭਿਆਚਾਰ ਵਿੱਚ ਰਚੇ ਹੋਏ ਹਨ ਅਤੇ ਕੁਝ ਲੋਕਾਂ ਲਈ ਉਨ੍ਹਾਂ ਵੱਲ ਰੁਖ਼ ਕਰਨਾ ਇਸੇ ਤਰ੍ਹਾਂ ਸੁਭਾਵਿਕ ਸੀ ਜਿਵੇਂ ਇੱਕ ਨਵਾਂ ਸਿਮ ਕਾਰਡ ਖਰੀਦਣਾ।
ਮੈਂ ਐਡੇ ਨੂੰ ਮਿਲਿਆ, ਇੱਕ 20 ਸਾਲਾ ਔਰਤ ਜਿਸ ਨੇ ਹਾਲ ਹੀ ਵਿੱਚ ਮਰਦਾਂ ਦਾ ਜਿਨਸੀ ਸ਼ੋਸ਼ਣ ਕਰਨਾ ਸ਼ੁਰੂ ਕੀਤਾ ਸੀ। ਉਹ ਮੈਨੂੰ ਇੱਕ ਅਖੌਤੀ ਸਾਈਬਰ-ਅਧਿਆਤਮਵਾਦੀ ਨੂੰ ਮਿਲਣ ਦੇਣ ਲਈ ਸਹਿਮਤ ਹੋ ਗਈ।
ਇਹ ਕੋਈ ਅਜਿਹਾ ਵਿਅਕਤੀ ਸੀ, ਜਿਸਨੂੰ ਉਹ ਮੰਡੀ ਸੀ ਕਿ ਉਹ ਉਸ ਨੂੰ ਹੋਰ ਪੈਸੇ ਕਮਾਉਣ ਵਿੱਚ ਮਦਦ ਕਰ ਸਕਦਾ ਹੈ।
ਉਸ ਵਿਅਕਤੀ ਦਾ ਪ੍ਰਾਰਥਨਾ ਸਥਾਨ ਸ਼ਹਿਰ ਦੇ ਬਾਹਰਵਾਰ ਇੱਕ ਗਲ਼ੀ ਵਿੱਚ ਸਥਿਤ ਸੀ, ਇੱਕ ਨੀਵੀਂ ਛੱਤ ਵਾਲਾ ਕਮਰਾ ਜੋ ਉੱਕਰੀਆਂ ਹੋਈਆਂ ਮੂਰਤੀਆਂ ਨਾਲ ਭਰਿਆ ਹੋਇਆ ਸੀ।
ਉਸ ਕੋਲ ਇੱਕ ਚਿੱਟੇ ਪੰਛੀ ਨੂੰ ਲਿਆਂਦਾ ਗਿਆ ਅਤੇ ਉਸ ਦੀ ਬਲੀ ਦਿੱਤੀ ਗਈ, ਉਸ ਦਾ ਖੂਨ ਜ਼ਮੀਨ 'ਤੇ ਟਪਕ ਰਿਹਾ ਸੀ। ਐਡੇ ਨੂੰ ਬਲੀਦਾਨ ਦਾ ਇੱਕ ਹਿੱਸਾ ਖਾਣ ਲਈ ਕਿਹਾ ਗਿਆ। ਉਸ ਵਿਅਕਤੀ ਨੇ ਕਿਹਾ ਕਿ ਇਸ ਰਸਮ ਨੂੰ ਕਰਨ ਨਾਲ ਐਡੇ ਨੂੰ ਦੌਲਤ ਅਤੇ ਸੁਰੱਖਿਆ ਮਿਲੇਗੀ।
ਜਦੋਂ ਮੈਂ ਪੁੱਛਿਆ ਕਿ ਇਹ ਸਭ ਕਿੰਨਾ ਆਮ ਸੀ ਤਾਂ ਉਸ ਵਿਅਕਤੀ ਨੇ ਮੈਨੂੰ ਦੱਸਿਆ ਕਿ ਉਸ ਕੋਲ ਰੋਜ਼ਾਨਾ ਛੇ ਜਾਂ ਸੱਤ ਯਾਹੂ ਬੁਆਏਜ਼ ਆਉਂਦੇ ਹਨ। ਐਡੇ ਲਈ ਇਹ ਅੰਧਵਿਸ਼ਵਾਸ ਨਹੀਂ ਸੀ ਪਰ ਇੱਕ ਵਪਾਰਕ ਖਰਚਾ ਸੀ।
ਜਿਸ ਚੀਜ਼ ਨੇ ਮੈਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾ ਉਹ ਸੀ ਪੁਰਾਣੇ ਅਤੇ ਨਵੇਂ ਵਿਚਕਾਰ ਅੰਤਰ। ਇੱਕ ਪਲ, ਮੈਂ ਇੱਕ 20 ਸਾਲਾ ਆਦਮੀ ਨੂੰ ਸਦੀਆਂ ਪੁਰਾਣੇ ਵਿਸ਼ਵਾਸਾਂ 'ਤੇ ਅਧਾਰਤ ਇੱਕ ਰਸਮ ਵਿੱਚ ਹਿੱਸਾ ਲੈਂਦੇ ਦੇਖ ਰਿਹਾ ਸੀ। ਅਗਲੇ ਪਲ਼ ਮੈਨੂੰ ਡਿਜੀਟਲ ਯੁੱਗ ਦੇ ਟੂਲ ਦਿਖਾਏ ਜਾ ਰਹੇ ਸਨ।
ਬਾਅਦ ਵਿੱਚ ਮੈਨੂੰ ਇੱਕ ਅਜਿਹਾ ਘੁਟਾਲੇਬਾਜ਼ ਵੀ ਮਿਲਿਆ ਜੋ 21ਵੀਂ ਸਦੀ ਦੀ ਡੀਪਫੇਕ ਤਕਨਾਲੋਜੀ ਦੀ ਵਰਤੋਂ ਕਰ ਰਿਹਾ ਸੀ ਅਤੇ ਉਸ ਨੇ ਘੁਟਾਲੇ ਦਾ ਚਿਹਰਾ ਬਣਨ ਲਈ ਇੱਕ ਔਰਤ, ਰੇਚਲ ਨੂੰ ਨੌਕਰੀ 'ਤੇ ਰੱਖਿਆ ਸੀ।
ਉਸਨੇ ਮੈਨੂੰ ਆਪਣੇ ਲੈਪਟਾਪ 'ਤੇ ਐਪ ਦਿਖਾਈ, ਇੱਕ ਪੇਸ਼ੇਵਰ-ਗ੍ਰੇਡ ਫੇਸ-ਸਵੈਪਿੰਗ ਟੂਲ ਜਿਸ ਦੀ ਕੀਮਤ ਉਸਨੂੰ 3,500 ਡਾਲਰ ਦੇ ਕਰੀਬ ਪਈ ਸੀ। ਉਸਨੇ ਕਿਹਾ ਕਿ ਇਹ ਵਾਕਈ ਇੰਨੇ ਪੈਸੇ ਲਗਾਉਣ ਲਾਇਕ ਸੀ।
ਅਮਰੀਕਾ ਵਿੱਚ, ਐਫਬੀਆਈ ਦੁਆਰਾ ਹਾਸਲ ਸੈਕਸਟੋਰਸ਼ਨ ਰਿਪੋਰਟਾਂ ਪਿਛਲੇ ਤਿੰਨ ਸਾਲਾਂ ਵਿੱਚ ਦੁੱਗਣੀਆਂ ਤੋਂ ਵੱਧ ਹੋ ਗਈਆਂ ਹਨ, ਜੋ ਕਿ 2024 ਵਿੱਚ 55,000 ਦੇ ਸਿਖਰ 'ਤੇ ਪਹੁੰਚ ਗਈਆਂ ਹਨ। ਯੂਕੇ ਵਿੱਚ, ਰਾਸ਼ਟਰੀ ਅਪਰਾਧ ਏਜੰਸੀ ਨੂੰ ਹਰ ਮਹੀਨੇ 110 ਰਿਪੋਰਟਾਂ ਮਿਲਦੀਆਂ ਹਨ।
ਸੋਸ਼ਲ ਮੀਡੀਆ ਕੰਪਨੀਆਂ ਦਾ ਕਹਿਣਾ ਹੈ ਕਿ ਉਹ ਕਾਰਵਾਈ ਕਰ ਰਹੀਆਂ ਹਨ, ਪਰ ਉਨ੍ਹਾਂ ਦੇ ਆਲੋਚਕਾਂ ਦਾ ਤਰਕ ਹੈ ਕਿ ਉਹ ਇਸ ਤੋਂ ਕੀਤੇ ਜ਼ਿਆਦਾ ਚੰਗੇ ਢੰਗ ਨਾਲ ਦਖਲ ਦੇ ਸਕਦੇ ਹਨ ਅਤੇ ਅਜਿਹੇ ਅਪਰਾਧਾਂ 'ਤੇ ਨਕੇਲ ਕੱਸਣ 'ਚ ਮਦਦ ਕਰ ਸਕਦੇ ਹਨ।
ਦੱਖਣੀ ਕੈਰੋਲੀਨਾ ਵਿੱਚ ਮੈਂ ਬ੍ਰੈਂਡਨ ਗੁਫੀ ਨੂੰ ਮਿਲਿਆ। ਉਹ ਇੱਕ ਸੂਬਾ ਪ੍ਰਤੀਨਿਧੀ ਹਨ ਜਿਨ੍ਹਾਂ ਦੇ ਪੁੱਤਰ ਗੈਵਿਨ ਨੇ 2022 ਵਿੱਚ ਇੰਸਟਾਗ੍ਰਾਮ 'ਤੇ ਨਿਸ਼ਾਨਾ ਬਣਨ ਤੋਂ ਬਾਅਦ ਖੁਦਕੁਸ਼ੀ ਕਰ ਲਈ ਸੀ। ਉਸ ਵੇਲੇ ਮੁੰਡਾ 17 ਸਾਲ ਦਾ ਸੀ।

ਆਪਣੇ ਪੁੱਤਰ ਦੀ ਮੌਤ ਤੋਂ ਪਹਿਲਾਂ ਬ੍ਰੈਂਡਨ ਮੇਟਾ ਵਿਰੁੱਧ ਇਹ ਦਲੀਲ ਦਿੰਦੇ ਹੋਏ ਕਿ ਕੰਪਨੀ ਉਨ੍ਹਾਂ ਨੂੰ ਅਪਰਾਧੀਆਂ ਤੋਂ ਬਚਾਉਣ ਵਿੱਚ ਅਸਫ਼ਲ ਰਹੀ ਹੈ, ਮੁਕੱਦਮਾ ਦਾਇਰ ਕਰਨ ਦੀ ਤਿਆਰੀ ਕਰ ਰਹੇ ਸਨ।
ਉਨ੍ਹਾਂ ਨੂੰ ਬਲੈਕਮੇਲ ਕਰਨ ਲਈ ਵਰਤਿਆ ਜਾਣ ਵਾਲਾ ਇੱਕ ਖਾਤਾ ਆਖ਼ਰਕਾਰ ਡਿਲੀਟ ਕਰ ਦਿੱਤਾ ਗਿਆ, ਪਰ ਬਾਕੀ ਉਸੇ ਤਰ੍ਹਾਂ ਚੱਲਦੇ ਰਹੇ। ਬ੍ਰੈਂਡਨ ਲਈ ਇਹ ਜਾਣਕਾਰੀ ਬਹੁਤ ਹੈਰਾਨ ਕਰਨ ਵਾਲੀ ਸੀ।
ਮੇਟਾ ਨੇ ਕਿਹਾ ਕਿ 2024 ਵਿੱਚ ਇਸਨੇ ਨਾਈਜੀਰੀਆ ਨਾਲ ਜੁੜੇ 63,000 ਸੈਕਸਟੋਰਸ਼ਨ ਖਾਤੇ ਇੱਕ ਝਟਕੇ ਵਿੱਚ ਹੀ ਬੰਦ ਕਰ ਦਿੱਤੇ, ਜਿਨ੍ਹਾਂ ਵਿੱਚ 2,500 ਉਹ ਖਾਤੇ ਵੀ ਸ਼ਾਮਲ ਸਨ ਜੋ ਪੱਛਮੀ ਦੇਸ਼ਾਂ ਦੇ ਕਿਸ਼ੋਰਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਇੱਕ ਨੈੱਟਵਰਕ ਦਾ ਹਿੱਸਾ ਸਨ।
ਫਿਰ ਵੀ ਆਲੋਚਕ ਦਲੀਲ ਦਿੰਦੇ ਹਨ ਕਿ ਇਹ ਅੰਕੜੇ ਸਿਰਫ ਸਮੱਸਿਆ ਦੀ ਗੰਭੀਰਤਾ ਨੂੰ ਦਰਸਾਉਂਦੇ ਹਨ।
ਬ੍ਰੈਂਡਨ ਪੁੱਛਦੇ ਹਨ, "ਕੀ ਉਨ੍ਹਾਂ ਨੇ ਇਸਨੂੰ ਇੱਕ ਦਿਨ ਵਿੱਚ ਇੱਕ ਪੀਆਰ ਸਟੰਟ ਵਜੋਂ ਬੰਦ ਕੀਤਾ ਸੀ, ਜਦਕਿ ਬੱਚਿਆਂ 'ਤੇ ਅਜੇ ਵੀ ਹਮਲੇ ਹੋ ਰਹੇ ਹਨ? ਜਾਂ, ਜੇ ਉਹ ਇਸਨੂੰ ਇੱਕ ਦਿਨ ਵਿੱਚ ਬੰਦ ਕਰ ਰਹੇ ਹਨ, ਤਾਂ ਉਨ੍ਹਾਂ ਨੇ ਉਦੋਂ ਤੋਂ ਕੁਝ ਕਿਉਂ ਨਹੀਂ ਕੀਤਾ?"
ਮੈਟਾ ਦੇ ਇੱਕ ਬੁਲਾਰੇ ਨੇ ਕਿਹਾ ਕਿ ਇਹ ਸੁਝਾਅ ਕਿ ਜੇਕਰ ਉਹ ਚਾਹੇ ਤਾਂ ਸੈਕਸਟੋਰਸ਼ਨ ਨੂੰ ਖਤਮ ਕਰ ਸਕਦਾ ਹੈ, "ਬਿਲਕੁਲ ਝੂਠ" ਹੈ। ਉਨ੍ਹਾਂ ਕਿਹਾ ਕਿ ਕੰਪਨੀ ਨੇ ਘੁਟਾਲੇਬਾਜ਼ਾਂ ਦੇ ਨੈੱਟਵਰਕਾਂ ਨੂੰ ਖਤਮ ਕਰਕੇ ਅਤੇ ਕਾਨੂੰਨ ਲਾਗੂ ਕਰਨ ਦਾ ਸਮਰਥਨ ਕਰਕੇ ਇਸਦਾ ਮੁਕਾਬਲਾ ਕਰਨ ਲਈ ਹਮਲਾਵਰ ਢੰਗ ਨਾਲ ਕੰਮ ਕੀਤਾ ਹੈ।
ਮੈਟਾ ʼਤੇ ਵੀ ਮਾਪਿਆਂ ਨੂੰ ਸ਼ੱਕ
ਉਨ੍ਹਾਂ ਕਿਹਾ, "ਸਾਡੇ ਕੋਲ ਦੁਨੀਆਂ ਭਰ ਵਿੱਚ ਸੁਰੱਖਿਆ 'ਤੇ ਲਗਭਗ 40,000 ਲੋਕ ਕੰਮ ਕਰ ਰਹੇ ਹਨ ਅਤੇ ਪਿਛਲੇ ਦਹਾਕੇ ਦੌਰਾਨ ਇਸ ਖੇਤਰ ਵਿੱਚ 30 ਬਿਲੀਅਨ ਡਾਲਰ ਤੋਂ ਵੱਧ ਦਾ ਨਿਵੇਸ਼ ਕੀਤਾ ਗਿਆ ਹੈ। ਇਸ ਵਿੱਚ ਕਿਸ਼ੋਰਾਂ ਨੂੰ ਆਪਣੇ ਆਪ ਹੀ ਸਭ ਤੋਂ ਸਖ਼ਤ ਮੈਸੇਜਿੰਗ ਸੈਟਿੰਗਾਂ ਕਰਨਾ ਅਤੇ ਜਦੋਂ ਉਹ ਕਿਸੇ ਹੋਰ ਦੇਸ਼ ਵਿੱਚ ਕਿਸੇ ਨਾਲ ਗੱਲਬਾਤ ਕਰ ਰਹੇ ਹੋਣ ਤਾਂ ਉਨ੍ਹਾਂ ਨੂੰ ਚੇਤਾਵਨੀ ਦੇਣਾ ਸ਼ਾਮਲ ਹੈ।"
ਦੁੱਖ ਝੱਲ ਰਹੇ ਮਾਪਿਆਂ ਦੇ ਸ਼ੱਕ ਮੈਟਾ ਦੇ ਅੰਦਰ ਵੀ ਗੂੰਜਦੇ ਹਨ। ਸਾਬਕਾ ਇੰਜੀਨੀਅਰਿੰਗ ਡਾਇਰੈਕਟਰ ਤੋਂ ਵਿਸਲਬਲੋਅਰ ਬਣੇ ਆਰਟੂਰੋ ਬੇਜਰ ਨੇ 2023 ਵਿੱਚ ਅਮਰੀਕੀ ਕਾਂਗਰਸ ਦੇ ਸਾਹਮਣੇ ਗਵਾਹੀ ਦਿੱਤੀ ਸੀ ਕਿ ਕੰਪਨੀ ਦੀ ਲੀਡਰਸ਼ਿਪ ਨੇ ਆਪਣੇ ਪਲੇਟਫਾਰਮ 'ਤੇ ਬੱਚਿਆਂ ਨੂੰ ਦਰਪੇਸ਼ ਖ਼ਤਰਿਆਂ ਬਾਰੇ ਵਾਰ-ਵਾਰ ਚੇਤਾਵਨੀਆਂ ਨੂੰ ਨਜ਼ਰਅੰਦਾਜ਼ ਕੀਤਾ।
ਉਨ੍ਹਾਂ ਮੈਨੂੰ ਦੱਸਿਆ ਕਿ ਨੌਜਵਾਨ ਉਪਭੋਗਤਾਵਾਂ ਦੀ ਸੁਰੱਖਿਆ ਲਈ ਤਿਆਰ ਕੀਤੇ ਗਏ ਸਿਸਟਮ ਬੁਨਿਆਦੀ ਤੌਰ 'ਤੇ ਨਾਕਾਫ਼ੀ ਹਨ।
ਉਨ੍ਹਾਂ ਕਿਹਾ, "ਉਹ ਲਗਾਤਾਰ ਦਿਖਾਉਂਦੇ ਹਨ ਕਿ ਉਹ ਇਹ ਨਹੀਂ ਜਾਣਨਾ ਚਾਹੁੰਦੇ ਕਿ ਬੱਚੇ ਕਦੋਂ ਖ਼ਤਰੇ ਵਿੱਚ ਹਨ, ਉਹ ਨਹੀਂ ਚਾਹੁੰਦੇ ਕਿ ਲੋਕਾਂ ਨੂੰ ਪਤਾ ਲੱਗੇ ਕਿ ਬੱਚੇ ਕਦੋਂ ਖ਼ਤਰੇ ਵਿੱਚ ਹਨ, ਕਿਉਂਕਿ ਉਹ ਇਸ ਸਭ ਨਾਲ ਨਹੀਂ ਨਜਿੱਠਣਾ ਚਾਹੁੰਦੇ।''
ਮੈਟਾ ਨੇ ਕਿਹਾ ਕਿ ਬੇਜਰ ਦੁਆਰਾ ਸੁਝਾਏ ਗਏ ਬਹੁਤ ਸਾਰੇ ਉਪਾਅ ਪਹਿਲਾਂ ਹੀ ਲਾਗੂ ਹਨ।
ਉਨ੍ਹਾਂ ਅੱਗੇ ਕਿਹਾ ਕਿ ਪਿਛਲੇ ਸਾਲ ਇੰਸਟਾਗ੍ਰਾਮ ਨੇ ਕਿਸ਼ੋਰ ਖਾਤਿਆਂ ਲਈ ਬਿਲਟ-ਇਨ ਸੁਰੱਖਿਆ ਪੇਸ਼ ਕੀਤੀ ਸੀ, ਜਿਸਦਾ ਅਰਥ ਹੈ ਕਿ ਉਨ੍ਹਾਂ ਨੂੰ ਸਿਰਫ਼ ਉਨ੍ਹਾਂ ਲੋਕਾਂ ਦੁਆਰਾ ਸੁਨੇਹਾ ਭੇਜਿਆ ਜਾ ਸਕਦਾ ਹੈ ਜਿਨ੍ਹਾਂ ਨਾਲ ਉਹ ਪਹਿਲਾਂ ਹੀ ਜੁੜੇ ਹੋਏ ਹਨ।
ਬੁਲਾਰੇ ਨੇ ਅੱਗੇ ਕਿਹਾ ਕਿ ਜਦੋਂ ਕਿਸੇ ਚੀਜ਼ ਨੂੰ ਸਪੈਮ ਵਜੋਂ ਰਿਪੋਰਟ ਕੀਤਾ ਜਾਂਦਾ ਹੈ, ਅਤੇ ਜੇਕਰ ਇਹ ਭਾਈਚਾਰਕ ਮਿਆਰਾਂ ਅਨੁਸਾਰ ਨਹੀਂ ਹੈ ਤਾਂ ਕੰਪਨੀ ਕਾਰਵਾਈ ਕਰੇਗੀ।
ਈਵਾਨ ਬੋਏਟਲਰ ਦੇ ਮਾਮਲੇ ਦਾ ਹਵਾਲਾ ਦਿੰਦੇ ਹੋਏ ਸਨੈਪਚੈਟ ਨੇ ਕਿਹਾ ਕਿ "ਬੋਏਟਲਰ ਪਰਿਵਾਰ ਪ੍ਰਤੀ ਡੂੰਘੀ ਸੰਵੇਦਨਾ" ਹੈ।
"ਸਾਡੇ ਕੋਲ ਸਨੈਪਚੈਟ 'ਤੇ ਜਿਨਸੀ ਸ਼ੋਸ਼ਣ ਲਈ ਜ਼ੀਰੋ ਸਹਿਣਸ਼ੀਲਤਾ ਹੈ। ਜੇਕਰ ਸਾਨੂੰ ਅਜਿਹੀ ਗਤੀਵਿਧੀ ਬਾਰੇ ਪਤਾ ਲੱਗਦਾ ਹੈ ਤਾਂ ਅਸੀਂ ਖਾਤਿਆਂ ਨੂੰ ਡਿਲੀਟ ਲਈ ਤੁਰੰਤ ਕਾਰਵਾਈ ਕਰਦੇ ਹਾਂ ਅਤੇ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਉਣ ਲਈ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਯਤਨਾਂ ਦਾ ਸਮਰਥਨ ਕਰਦੇ ਹਾਂ।"
ਜੇਕਰ ਤੁਸੀਂ ਔਨਲਾਈਨ ਦੁਰਵਿਵਹਾਰ ਦਾ ਸ਼ਿਕਾਰ ਹੋਏ ਹੋ ਤਾਂ ਤੁਸੀਂ ਬੀਬੀਸੀ ਐਕਸ਼ਨ ਲਾਈਨ 'ਤੇ ਸਹਾਇਤਾ ਲੱਭ ਸਕਦੇ ਹੋ।
ਇੰਟਰਨੈੱਟ ਵਾਚ ਫਾਊਂਡੇਸ਼ਨ (ਆਈਡਬਲਯੂਐੱਫ) ਕੋਲ ਇੱਕ ਟੂਲ ਹੈ ਜਿਸਦੀ ਵਰਤੋਂ ਦੁਨੀਆਂ ਭਰ ਦੇ 18 ਸਾਲ ਤੋਂ ਘੱਟ ਉਮਰ ਦੇ ਨੌਜਵਾਨ ਆਪਣੇ ਆਪ ਦੀਆਂ ਨਗਨ ਜਾਂ ਜਿਨਸੀ ਤਸਵੀਰਾਂ ਦੀ ਗੁਮਨਾਮ ਤੌਰ 'ਤੇ ਰਿਪੋਰਟ ਕਰਨ, ਉਨ੍ਹਾਂ ਨੂੰ ਇੰਟਰਨੈਟ ਤੋਂ ਹਟਾਉਣ ਅਤੇ ਉਨ੍ਹਾਂ ਨੂੰ ਦੁਬਾਰਾ ਅਪਲੋਡ ਕਰਨ ਤੋਂ ਰੋਕਣ ਲਈ ਕਰ ਸਕਦੇ ਹਨ।
ਅਤੇ ਭਾਵੇਂ ਅਜਿਹੀ ਕੋਈ ਸਮੱਗਰੀ ਅਜੇ ਤੱਕ ਔਨਲਾਈਨ ਦਿਖਾਈ ਨਹੀਂ ਦਿੱਤੀ ਹੈ, ਫਿਰ ਵੀ ਚੈਰਿਟੀ ਇੱਕ ਫੋਟੋ ਦਾ ਰਿਕਾਰਡ ਰੱਖ ਸਕਦੀ ਹੈ ਅਤੇ ਜੋ ਇਸ ਨੂੰ ਔਨਲਾਈਨ ਸਾਂਝਾ ਕੀਤੇ ਜਾਣ ਤੋਂ ਰੋਕ ਸਕਦੀ ਹੈ। ਹਾਲਾਂਕਿ ਉਹ ਅਜਿਹੀ ਤਾਵੀਰ ਜਾਂ ਸਮੱਗਰੀ ਨੂੰ ਵਾਹਟਸਐਪ ਵਰਗੇ ਏਨਕ੍ਰਿਪਟਡ ਨੈੱਟਵਰਕਾਂ ਤੋਂ ਜਾਂ ਜੇਕਰ ਇਹ ਕਿਸੇ ਦੇ ਫ਼ੋਨ ਜਾਂ ਕੰਪਿਊਟਰ ਤੋਂ ਨਹੀਂ ਹਟਾ ਸਕਦੇ।
ਯੂਕੇ ਵਿੱਚ, ਇਹ ਚੈਰਿਟੀ ਚਾਈਲਡਲਾਈਨ ਨਾਲ ਕੰਮ ਕਰਦੀ ਹੈ, ਜੋ ਆਪਣੀ "ਰਿਪੋਰਟ ਰਿਮੂਵ" ਸੇਵਾ ਰਾਹੀਂ ਇਹ ਟੂਲ ਪ੍ਰਦਾਨ ਕਰਦੀ ਹੈ, ਜੋ ਬੱਚਿਆਂ ਨੂੰ ਇਸ ਦੇ ਸਲਾਹਕਾਰਾਂ ਵਿੱਚੋਂ ਕਿਸੇ ਇੱਕ ਨਾਲ ਗੱਲ ਕਰਨ ਦਾ ਆਪਸ਼ਨ ਵੀ ਦਿੰਦੀ ਹੈ।
ਆਈਡਬਲਯੂਐੱਫ ਨੇ ਸਾਨੂੰ ਦੱਸਿਆ ਕਿ 2025 ਦੇ ਪਹਿਲੇ ਅੱਠ ਮਹੀਨਿਆਂ ਵਿੱਚ ਇਸਨੇ 723 "ਰਿਪੋਰਟ ਰਿਮੂਵ" ਰਿਪੋਰਟਾਂ 'ਤੇ ਕਾਰਵਾਈ ਕੀਤੀ, ਜਿਨ੍ਹਾਂ ਵਿੱਚੋਂ 224 ਜਿਨਸੀ ਸ਼ੋਸ਼ਣ ਨਾਲ ਸਬੰਧਤ ਸਨ।
ਇਸ ਦੌਰਾਨ, ਈਵਾਨ ਦੇ ਮਾਪਿਆਂ ਲਈ ਇਨਸਾਫ਼ ਦੇ ਰਸਤੇ 'ਚ ਅਜੇ ਵੀ ਅਣਗਿਣਤ ਰੁਕਾਵਟਾਂ ਹਨ।
ਮੈਟਾ ਅਤੇ ਸਨੈਪਚੈਟ ਵੱਲੋਂ ਡੇਟਾ ਜਾਰੀ ਕਰਨ ਵਿੱਚ ਅਸਮਰੱਥ ਹੋਣ ਕਰਕੇ, ਈਵਾਨ ਦੇ ਘੁਟਾਲੇਬਾਜ਼ਾਂ ਨੂੰ ਲੱਭਣ ਦੀਆਂ ਸਾਰੀਆਂ ਉਮੀਦਾਂ ਗਲੋਵਰਲਡ 'ਤੇ ਟਿੱਕ ਗਈਆ ਹਨ, ਇੱਕ ਨਾਈਜੀਰੀਅਨ ਸੇਵਾ ਪ੍ਰਦਾਤਾ ਜਿਸ ਨਾਲ ਆਈਪੀ ਪਤਾ ਜੁੜਿਆ ਹੋਇਆ ਸੀ।
ਮਹੀਨਿਆਂ ਦੀ ਕੋਸ਼ਿਸ਼ ਤੋਂ ਬਾਅਦ, ਮੈਨੂੰ ਅੰਤ ਵਿੱਚ ਇੱਕ ਅਪਡੇਟ ਮਿਲਿਆ। ਹਾਲਾਂਕਿ ਗਲੋਵਰਲਡ ਨੂੰ ਦੋ ਸਾਲਾਂ ਲਈ ਉਪਭੋਗਤਾ ਦੀ ਜਾਣਕਾਰੀ ਰੱਖਣੀ ਚਾਹੀਦੀ ਸੀ, ਪਰ ਉਹ ਅਜਿਹਾ ਕਰਨ ਵਿੱਚ ਅਸਫਲ ਰਿਹਾ। ਇਹ ਟ੍ਰੇਲ ਖਤਮ ਕਰ ਦਿੱਤੀ ਗਈ ਸੀ।
ਜਦੋਂ ਮੈਂ ਬੋਏਟਲਰਜ਼ ਨੂੰ ਫ਼ੋਨ ਕੀਤਾ, ਤਾਂ ਉਨ੍ਹਾਂ ਨੇ ਮੇਰੇ ਯਤਨਾਂ ਲਈ ਮੇਰਾ ਧੰਨਵਾਦ ਕੀਤਾ। ਬ੍ਰੈਡ ਨੇ ਪਹਿਲਾਂ ਆਪਣੇ ਪੁੱਤਰ ਨੂੰ "ਇੱਕ ਸ਼ਾਨਦਾਰ ਬੱਚਾ" ਦੱਸਿਆ ਸੀ।
ਉਨ੍ਹਾਂ ਕਿਹਾ, "ਉਸਨੂੰ ਪਾਲਨਾ ਮੇਰੇ ਲਈ ਮੁਸ਼ਕਲ ਨਹੀਂ ਸੀ ਕਿਉਂਕਿ ਉਹ ਬਹੁਤ ਚੰਗਾ ਇਨਸਾਨ ਸੀ। ਸ਼ਬਦ ਬਿਆਨ ਨਹੀਂ ਕਰ ਸਕਦੇ ਕਿ ਮੈਂ ਉਸਨੂੰ ਕਿੰਨਾ ਪਿਆਰ ਕਰਦਾ ਸੀ।"
ਵਾਧੂ ਰਿਪੋਰਟਿੰਗ - ਜੈਮੀ ਤਹਿਸੀਨ
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












