ਸਕੂਲੀ ਵਿਦਿਆਰਥਣਾਂ ਦੀ ਕਹਾਣੀ ਜਿਨ੍ਹਾਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਸੈਕਸਕੈਮ ਇੰਡਸਟਰੀ ਨੇ ਅਡਲਟ ਮਾਡਲ ਬਣਾ ਦਿੱਤਾ

ਤਸਵੀਰ ਸਰੋਤ, Jorge Calle/BBC
- ਲੇਖਕ, ਸੋਫ਼ੀਆ ਬੇਟੀਜ਼ਾ
- ਰੋਲ, ਗਲੋਬਲ ਹੈਲਥ ਰਿਪੋਰਟਰ
ਇੱਕ ਦੁਪਹਿਰ, ਜਦੋਂ ਇਜ਼ਾਬੇਲਾ ਸਕੂਲੋਂ ਨਿਕਲੀ, ਕਿਸੇ ਨੇ ਉਸਦੇ ਹੱਥ ਵਿੱਚ ਇੱਕ ਪਰਚਾ ਫੜਾ ਦਿੱਤਾ।
ਇਸ ਪਰਚੇ 'ਤੇ ਲਿਖਿਆ ਸੀ, "ਕੀ ਤੁਸੀਂ ਆਪਣੀ ਸੁੰਦਰਤਾ ਨਾਲ ਪੈਸਾ ਕਮਾਉਣਾ ਚਾਹੁੰਦੇ ਹੋ?"
ਉਹ ਕਹਿੰਦੀ ਹੈ ਕਿ ਮਾਡਲਾਂ ਦੀ ਭਾਲ ਕਰਨ ਵਾਲਾ ਇੱਕ ਸਟੂਡੀਓ ਕੋਲੰਬੀਆ ਦੀ ਰਾਜਧਾਨੀ ਬੋਗੋਟਾ ਵਿੱਚ ਉਸਦੇ ਇਲਾਕੇ ਵਿੱਚ ਅੱਲ੍ਹੜ ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾ ਰਿਹਾ ਸੀ।
17 ਸਾਲ ਦੀ ਉਮਰ ਵਿੱਚ, ਉਸ ਦੇ ਦੋ ਸਾਲ ਦੇ ਪੁੱਤਰ ਦੇ ਪਾਲਣ-ਪੋਸ਼ਣ ਲਈ, ਉਸ ਨੂੰ ਪੈਸਿਆਂ ਦੀ ਸਖ਼ਤ ਲੋੜ ਸੀ, ਇਸ ਲਈ ਕੰਮ ਬਾਰੇ ਹੋਰ ਜਾਣਨ ਲਈ ਉਨ੍ਹਾਂ ਨਾਲ ਗਈ।
ਉਹ ਦੱਸਦੀ ਹੈ ਕਿ ਜਦੋਂ ਉਹ ਉੱਥੇ ਪਹੁੰਚੀ, ਤਾਂ ਇਹ ਇੱਕ ਸੈਕਸਕੈਮ ਸਟੂਡੀਓ ਸੀ, ਜੋ ਕਿ ਇੱਕ ਟੁੱਟੇ-ਭੱਜੇ ਮੁਹੱਲੇ ਦੇ ਇੱਕ ਘਰ ਵਿੱਚ ਸੀ। ਇਸ ਨੂੰ ਇੱਕ ਜੋੜਾ ਚਲਾ ਰਿਹਾ ਸੀ। ਇਸ ਥਾਂ 'ਤੇ ਅੱਠ ਕਮਰੇ ਸਨ ਜੋ ਬੈੱਡਰੂਮਾਂ ਵਾਂਗ ਸਜਾਏ ਗਏ ਸਨ।
ਸਟੂਡੀਓ ਛੋਟੇ, ਘੱਟ-ਬਜਟ ਵਾਲੇ ਕੰਮਾਂ ਤੋਂ ਲੈ ਕੇ ਵੱਡੇ ਕਾਰੋਬਾਰਾਂ ਤੱਕ ਹੁੰਦੇ ਹਨ ਜਿਨ੍ਹਾਂ ਵਿੱਚ ਲਾਈਟਾਂ, ਕੰਪਿਊਟਰ, ਵੈੱਬਕੈਮ ਅਤੇ ਇੰਟਰਨੈਟ ਕਨੈਕਸ਼ਨ ਵਾਲੇ ਵਿਅਕਤੀਗਤ ਕਮਰੇ ਹੁੰਦੇ ਹਨ।
ਮਾਡਲ ਜਿਨਸੀ ਕਿਰਿਆਵਾਂ ਕਰਦੇ ਹਨ ਜੋ ਦੁਨੀਆ ਭਰ ਦੇ ਦਰਸ਼ਕਾਂ ਲਈ ਸਟ੍ਰੀਮ ਕੀਤੀਆਂ ਜਾਂਦੀਆਂ ਹਨ, ਇਸ ਵਿੱਚ ਮਾਡਲਾਂ ਨੂੰ ਮੈਸੇਜ ਦੇਣ ਦਾ ਸਿਸਟ ਵੀ ਸੀ, ਜਿਨ੍ਹਾਂ ਨੂੰ ਮਾਨੀਟਰ ਕਿਹਾ ਜਾਂਦਾ ਹੈ।
ਇਜ਼ਾਬੇਲਾ, ਜਿਸਦਾ ਅਸਲੀ ਨਾਮ ਅਸੀਂ ਨਹੀਂ ਵਰਤ ਰਹੇ, ਨੇ ਦੱਸਿਆ ਕਿ ਅਗਲੇ ਦਿਨ ਉਸ ਨੇ ਕੰਮ ਸ਼ੁਰੂ ਕਰ ਦਿੱਤਾ, ਭਾਵੇਂ ਕਿ ਕੋਲੰਬੀਆ ਵਿੱਚ ਸਟੂਡੀਓ ਵਿੱਚ 18 ਸਾਲ ਤੋਂ ਘੱਟ ਉਮਰ ਦੇ ਵੈੱਬਕੈਮ ਮਾਡਲਾਂ ਤੋਂ ਕੰਮ ਕਰਵਾਉਣਾ ਗੈਰ-ਕਾਨੂੰਨੀ ਹੈ।
ਉਸਨੇ ਬੀਬੀਸੀ ਵਰਲਡ ਸਰਵਿਸ ਨੂੰ ਦੱਸਿਆ ਕਿ ਕੋਈ ਲਿਖਤੀ ਇਕਰਾਰਨਾਮਾ ਨਹੀਂ ਸੀ ਜਿਸ ਵਿੱਚ ਦੱਸਿਆ ਗਿਆ ਹੋਵੇ ਕਿ ਉਸ ਨੂੰ ਕਿੰਨਾ ਭੁਗਤਾਨ ਕੀਤਾ ਜਾਵੇਗਾ ਜਾਂ ਉਸਦੇ ਅਧਿਕਾਰ ਕੀ ਹਨ।
"ਉਨ੍ਹਾਂ ਨੇ ਮੈਨੂੰ ਬਿਨ੍ਹਾਂ ਕੁਝ ਸਿਖਾਏ ਸਟ੍ਰੀਮਿੰਗ ਕਰਵਾਈ। ਉਨ੍ਹਾਂ ਨੇ ਕਿਹਾ, 'ਕੈਮਰਾ ਸ਼ੁਰੂ ਹੋ ਗਿਆ, ਚਲੋ ਚੱਲੀਏ।'"
ਇਜ਼ਾਬੇਲਾ ਕਹਿੰਦੀ ਹੈ ਕਿ ਸਟੂਡੀਓ ਨੇ ਜਲਦੀ ਹੀ ਉਸ ਨੂੰ ਸਕੂਲ ਤੋਂ ਲਾਈਵਸਟ੍ਰੀਮ ਕਰਨ ਦਾ ਸੁਝਾਅ ਦਿੱਤਾ, ਜਿਵੇਂ ਕਿ ਉਸਦੇ ਆਲੇ ਦੁਆਲੇ ਦੇ ਸਹਿਪਾਠੀ ਅੰਗਰੇਜ਼ੀ ਸਿੱਖ ਰਹੇ ਸਨ, ਉਸ ਨੇ ਚੁੱਪਚਾਪ ਆਪਣਾ ਫ਼ੋਨ ਕੱਢਿਆ ਅਤੇ ਆਪਣੇ ਡੈਸਕ 'ਤੇ ਆਪਣੇ ਆਪ ਨੂੰ ਫਿਲਮਾਉਣਾ ਸ਼ੁਰੂ ਕਰ ਦਿੱਤਾ।
ਉਹ ਦੱਸਦੀ ਹੈ ਕਿ ਕਿਵੇਂ ਦਰਸ਼ਕਾਂ ਨੇ ਉਸ ਨੂੰ ਕੁਝ ਖ਼ਾਸ ਜਿਨਸੀ ਕਿਰਿਆਵਾਂ ਕਰਨ ਲਈ ਕਹਿਣਾ ਸ਼ੁਰੂ ਕੀਤਾ, ਇਸ ਲਈ ਉਸਨੇ ਆਪਣੇ ਅਧਿਆਪਕ ਤੋਂ ਟਾਇਲਟ ਜਾਣ ਦੀ ਇਜਾਜ਼ਤ ਮੰਗੀ ਅਤੇ, ਇੱਕ ਕਿਊਬਿਕਲ ਵਿੱਚ ਬੰਦ ਹੋ ਕੇ, ਗਾਹਕਾਂ ਦੀ ਮੰਗ ਅਨੁਸਾਰ ਕੀਤਾ।
ਇਜ਼ਾਬੇਲਾ ਕਹਿੰਦੀ ਹੈ ਕਿ ਉਸਦੀ ਅਧਿਆਪਕਾ ਨੂੰ ਕੁਝ ਪਤਾ ਨਹੀਂ ਸੀ ਕਿ ਕੀ ਹੋ ਰਿਹਾ ਹੈ।
"ਇਸ ਲਈ ਮੈਂ ਇਸ ਨੂੰ ਦੂਜੀਆਂ ਕਲਾਸਾਂ ਤੋਂ ਕਰਨਾ ਸ਼ੁਰੂ ਕਰ ਦਿੱਤਾ। ਮੈਂ ਸੋਚਦੀ ਰਹੀ, ਇਹ ਮੇਰੇ ਬੱਚੇ ਲਈ ਹੈ। ਮੈਂ ਇਹ ਉਸਦੇ ਲਈ ਕਰ ਰਹੀ ਹਾਂ। ਇਸ ਨੇ ਮੈਨੂੰ ਤਾਕਤ ਦਿੱਤੀ।"
ਰੀਸਾਈਕਲ ਕੀਤੇ ਅਕਾਊਂਟ ਅਤੇ ਨਕਲੀ ਆਈਡੀ

ਤਸਵੀਰ ਸਰੋਤ, Jorge Calle/BBC
ਵਿਸ਼ਵਵਿਆਪੀ ਪੱਧਰ 'ਤੇ ਸੈਕਸਕੈਮ ਉਦਯੋਗ ਤੇਜ਼ੀ ਨਾਲ ਵਧ ਰਿਹਾ ਹੈ।
ਵਿਸ਼ਲੇਸ਼ਣ ਫਰਮ ਸੇਮਰਸ਼ ਦੇ ਅਨੁਸਾਰ, ਅਪ੍ਰੈਲ 2025 ਵਿੱਚ, 2017 ਤੋਂ ਬਾਅਦ ਵਿਸ਼ਵ ਪੱਧਰ 'ਤੇ ਵੈੱਬਕੈਮ ਪਲੇਟਫਾਰਮਾਂ ਦੇ ਮਾਸਿਕ ਵਿਯੂਜ਼ ਦੀ ਗਿਣਤੀ ਤਿੰਨ ਗੁਣਾ ਤੋਂ ਵੱਧ ਹੋ ਗਈ ਹੈ, ਜੋ ਤਕਰੀਬਨ 130 ਕਰੋੜ ਤੱਕ ਪਹੁੰਚ ਗਈ ਹੈ।
ਦੇਸ਼ ਦੇ ਬਾਲਗ ਵੈੱਬਕੈਮ ਸੈਕਟਰ ਦੀ ਨੁਮਾਇੰਦਗੀ ਕਰਨ ਵਾਲੀ ਇੱਕ ਸੰਸਥਾ, ਫੈਨਲਵੈੱਬ ਦੇ ਅਨੁਸਾਰ, ਕੋਲੰਬੀਆ ਵਿੱਚ ਹੁਣ ਕਿਸੇ ਵੀ ਹੋਰ ਦੇਸ਼ ਨਾਲੋਂ ਵੱਧ ਮਾਡਲ 400,000 ਅਤੇ 12,000 ਸੈਕਸਕੈਮ ਸਟੂਡੀਓ ਹੋਣ ਦਾ ਅੰਦਾਜ਼ਾ ਹੈ।
ਇਹ ਸਟੂਡੀਓ ਕਲਾਕਾਰਾਂ ਨੂੰ ਫਿਲਮਾਂ ਵਿੱਚ ਪੇਸ਼ ਕਰਦੇ ਹਨ ਅਤੇ ਸਮੱਗਰੀ ਨੂੰ ਗਲੋਬਲ ਵੈੱਬਕੈਮ ਪਲੇਟਫਾਰਮਾਂ 'ਤੇ ਫੀਡ ਕਰਦੇ ਹਨ, ਜੋ ਦੁਨੀਆ ਭਰ ਦੇ ਲੱਖਾਂ ਭੁਗਤਾਨ ਕਰਨ ਵਾਲੇ ਦਰਸ਼ਕਾਂ ਨੂੰ ਪ੍ਰਸਾਰਿਤ ਕੀਤੀ ਜਾਂਦੀ ਹੈ। ਇਨ੍ਹਾਂ ਗਾਹਕਾਂ ਕੋਲ ਮਾਡਲਾਂ ਤੋਂ ਸੁਝਾਅ ਦੇਣ ਦੀ ਸਹੂਲਤ ਹੁੰਦੀ ਹੈ ਅਤੇ ਉਨ੍ਹਾਂ ਨੂੰ ਤੋਹਫ਼ੇ ਵੀ ਦਿੰਦੇ ਹਨ।
ਸਟੂਡੀਓ ਵਿੱਚ ਕੰਮ ਕਰਨ ਵਾਲੇ ਬਹੁਤ ਸਾਰੇ ਮਾਡਲ ਅਜਿਹਾ ਇਸ ਲਈ ਕਰਦੇ ਹਨ ਕਿਉਂਕਿ ਉਨ੍ਹਾਂ ਕੋਲ ਘਰ ਵਿੱਚ ਨਿੱਜਤਾ, ਉਪਕਰਣ ਜਾਂ ਸਥਿਰ ਇੰਟਰਨੈਟ ਕਨੈਕਸ਼ਨ ਦੀ ਘਾਟ ਹੁੰਦੀ ਹੈ, ਅਕਸਰ ਉਨ੍ਹਾਂ ਵਿੱਚੋਂ ਬਹੁਤ ਗਰੀਬ ਜਾਂ ਜਵਾਨ ਹਨ ਅਤੇ ਅਜੇ ਵੀ ਮਾਪਿਆਂ ਨਾਲ ਰਹਿੰਦੇ ਹਨ।
ਕਲਾਕਾਰਾਂ ਨੇ ਬੀਬੀਸੀ ਨੂੰ ਦੱਸਿਆ ਕਿ ਸਟੂਡੀਓ ਅਕਸਰ ਲੋਕਾਂ ਨੂੰ ਆਸਾਨੀ ਨਾਲ ਪੈਸਾ ਕਮਾਉਣ ਦੇ ਵਾਅਦੇ ਨਾਲ ਆਕਰਸ਼ਿਤ ਕਰਨ ਦੀ ਕੋਸ਼ਿਸ਼ ਕਰਦੇ ਹਨ, ਇੱਕ ਅਜਿਹੇ ਦੇਸ਼ ਵਿੱਚ ਜਿੱਥੇ ਆਬਾਦੀ ਦਾ ਇੱਕ ਤਿਹਾਈ ਹਿੱਸਾ ਗਰੀਬੀ ਵਿੱਚ ਰਹਿੰਦਾ ਹੈ।
ਮਾਡਲਾਂ ਨੇ ਦੱਸਿਆ ਕਿ ਜਦੋਂ ਕਿ ਕੁਝ ਸਟੂਡੀਓ ਵਧੀਆ ਢੰਗ ਨਾਲ ਚਲਾਏ ਜਾਂਦੇ ਹਨ ਅਤੇ ਕਲਾਕਾਰਾਂ ਨੂੰ ਤਕਨੀਕੀ ਅਤੇ ਹੋਰ ਸਹਾਇਤਾ ਪ੍ਰਦਾਨ ਕਰਦੇ ਹਨ ਪਰ ਦੂਜੇ ਪਾਸੇ ਕਈ ਸਟੂਡੀਓ ਸੰਚਾਲਕ ਦੁਰਵਿਵਹਾਰ ਬਹੁਤ ਜ਼ਿਆਦਾ ਹੈ।

ਕੋਲੰਬੀਆ ਦੇ ਰਾਸ਼ਟਰਪਤੀ, ਗੁਸਤਾਵੋ ਪੈਟਰੋ, ਨੇ ਸਟੂਡੀਓ ਮਾਲਕਾਂ ਨੂੰ 'ਗੁਲਾਮ ਮਾਲਕ' ਕਰਾਰ ਦਿੱਤਾ ਹੈ ਜੋ ਔਰਤਾਂ ਅਤੇ ਕੁੜੀਆਂ, ਜਿਵੇਂ ਕਿ ਇਜ਼ਾਬੇਲਾ ਨੂੰ ਚੰਗੇ ਪੈਸੇ ਕਮਾਉਣ ਦਾ ਝਾਂਸਾ ਦੇ ਕੇ ਭਰਮਾਉਂਦੇ ਹਨ।
ਚਾਰ ਸਭ ਤੋਂ ਵੱਡੇ ਵੈੱਬਕੈਮ ਪਲੇਟਫਾਰਮ ਜੋ ਸਟੂਡੀਓ ਤੋਂ ਸਮੱਗਰੀ ਸਟ੍ਰੀਮ ਕਰਦੇ ਹਨ, ਬੋਂਗਾਕੈਮਸ, ਚੈਟਰਬੇਟ, ਲਾਈਵਜੈਸਮੀਨ ਅਤੇ ਸਟ੍ਰਿਪਚੈਟ ਹਨ।
ਇਹ ਚਾਰੇ ਯੂਰਪ ਅਤੇ ਅਮਰੀਕਾ ਵਿੱਚ ਸਥਿਤ ਹਨ। ਕਈ ਜਾਂਚਾਂ ਵਿੱਚ ਸਾਹਮਣੇ ਆਇਆ ਹੈ ਕਿ ਕਲਾਕਾਰ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਹਨ।
ਯੂਰਪੀਅਨ ਯੂਨੀਅਨ ਅਤੇ ਅਮਰੀਕੀ ਕਾਨੂੰਨ 18 ਸਾਲ ਤੋਂ ਘੱਟ ਉਮਰ ਦੇ ਕਿਸੇ ਵੀ ਵਿਅਕਤੀ ਨੂੰ ਜਿਨਸੀ ਤੌਰ 'ਤੇ ਸਪੱਸ਼ਟ ਸਮੱਗਰੀ ਦੇ ਕਾਰੋਬਾਰ ਵਿੱਚ ਸ਼ਾਮਲ ਕਰਨ 'ਤੇ ਪਾਬੰਦੀ ਲਗਾਉਂਦੇ ਹਨ।
ਪਰ ਮਾਡਲਾਂ ਨੇ ਬੀਬੀਸੀ ਨੂੰ ਦੱਸਿਆ ਕਿ ਜੇਕਰ ਕੋਈ ਸਟੂਡੀਓ ਨਾਬਾਲਗ ਕੁੜੀਆਂ ਨੂੰ ਨੌਕਰੀ 'ਤੇ ਰੱਖਣਾ ਚਾਹੁੰਦਾ ਹੈ ਤਾਂ ਉਹ ਇਨ੍ਹਾਂ ਜਾਂਚਾਂ ਤੋਂ ਬਹੁਤ ਆਸਾਨੀ ਨਾਲ ਬਚ ਜਾਂਦਾ ਹੈ।
ਉਹ ਕਹਿੰਦੇ ਹਨ ਕਿ ਅਜਿਹਾ ਕਰਨ ਦਾ ਇੱਕ ਤਰੀਕਾ ਇਹ ਹੈ ਕਿ ਉਨ੍ਹਾਂ ਮਾਡਲਾਂ ਦੇ ਪੁਰਾਣੇ ਅਕਾਉਂਟ ਨੂੰ "ਰੀਸਾਈਕਲ" ਕੀਤਾ ਜਾਵੇ ਜੋ ਕਾਨੂੰਨੀ ਤੌਰ 'ਤੇ ਠੀਕ ਉਮਰ ਦੀਆਂ ਹਨ ਪਰ ਹੁਣ ਕੰਮ ਨਹੀਂ ਕਰਦੀਆਂ ਅਤੇ ਉਨ੍ਹਾਂ ਉੱਤੇ ਨਾਬਾਲਗ ਕੁੜੀਆਂ ਤੋਂ ਕੰਮ ਕਰਵਾਇਆ ਜਾਵੇ।
ਇਜ਼ਾਬੇਲਾ ਕਹਿੰਦੀ ਹੈ ਕਿ ਇਸ ਤਰ੍ਹਾਂ ਉਹ 17 ਸਾਲ ਦੀ ਉਮਰ ਵਿੱਚ ਚੈਟਰਬੇਟ ਅਤੇ ਸਟ੍ਰਿਪਚੈਟ ਦੋਵਾਂ 'ਤੇ ਨਜ਼ਰ ਆ ਰਹੀ ਸੀ।
ਇਜ਼ਾਬੇਲਾ, ਜੋ ਹੁਣ 18 ਸਾਲਾਂ ਦੀ ਹੈ ਦਾ ਕਹਿਣਾ ਹੈ, "ਸਟੂਡੀਓ ਮਾਲਕ ਨੇ ਕਿਹਾ ਕਿ ਇਹ ਕੋਈ ਸਮੱਸਿਆ ਨਹੀਂ ਹੈ ਕਿ ਮੈਂ ਘੱਟ ਉਮਰ ਦੀ ਸੀ।"
"ਉਸਨੇ ਕਿਸੇ ਹੋਰ ਔਰਤ ਦੇ ਅਕਾਉਂਟ ਦੀ ਵਰਤੋਂ ਕੀਤੀ ਅਤੇ ਫਿਰ ਮੈਂ ਉਸ ਪਛਾਣ ਦੇ ਤਹਿਤ ਕੰਮ ਕਰਨਾ ਸ਼ੁਰੂ ਕਰ ਦਿੱਤਾ।"
ਬੀਬੀਸੀ ਨਾਲ ਗੱਲ ਕਰਨ ਵਾਲੀਆਂ ਹੋਰ ਮਾਡਲਾਂ ਨੇ ਕਿਹਾ ਕਿ ਉਨ੍ਹਾਂ ਨੂੰ ਸਟੂਡੀਓਜ਼ ਵੱਲੋਂ ਜਾਅਲੀ ਆਈਡੀ ਦਿੱਤੀ ਗਈ ਸੀ।
ਇੱਕ ਮਾਡਲ ਕੀਨੀ ਨੇ ਕਿਹਾ ਕਿ ਸਟੂਡੀਓ ਨੇ ਉਸਨੂੰ 17 ਸਾਲ ਦੀ ਉਮਰ ਵਿੱਚ ਬੋਂਗਾਕੈਮਜ਼ 'ਤੇ ਕੰਮ ਕਰਨ ਯੋਗ ਬਣਾਇਆ।
ਕੋਲੰਬੀਆ ਵਿੱਚ ਬੋਂਗਾਕੈਮਸ ਦੇ ਪ੍ਰਤੀਨਿਧੀ ਮਿਲੀ ਅਚਿੰਟੇ ਨੇ ਬੀਬੀਸੀ ਨੂੰ ਦੱਸਿਆ ਕਿ ਉਹ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਨਹੀਂ ਦਿੰਦੇ ਅਤੇ ਉਹ ਇਸ ਨਿਯਮ ਦੀ ਉਲੰਘਣਾ ਕਰਨ ਵਾਲੇ ਅਕਾਉਂਟਸ ਨੂੰ ਬੰਦ ਕਰ ਦਿੰਦੇ ਹਨ।
ਉਨ੍ਹਾਂ ਨੇ ਅੱਗੇ ਕਿਹਾ, "ਪਲੇਟਫਾਰਮ ਕੋਲੰਬੀਆ ਦੀ ਸਰਕਾਰੀ ਵੈੱਬਸਾਈਟ 'ਤੇ ਆਈਡੀ ਦੀ ਜਾਂਚ ਕਰਦਾ ਹੈ ਅਤੇ ਜੇਕਰ ਕੋਈ ਮਾਡਲ ਸਾਡੇ ਨਾਲ ਸੰਪਰਕ ਕਰਦਾ ਹੈ ਅਤੇ ਸਾਨੂੰ ਪਤਾ ਹੁੰਦਾ ਹੈ ਕਿ ਮਾਡਲ ਸਟੂਡੀਓ ਛੱਡ ਗਈ ਹੈ, ਤਾਂ ਅਸੀਂ ਉਨ੍ਹਾਂ ਨੂੰ ਉਨ੍ਹਾਂ ਦਾ ਪਾਸਵਰਡ ਦਿੰਦੇ ਹਾਂ ਤਾਂ ਜੋ ਉਹ ਆਪਣਾ ਅਕਾਉਂਟ ਬੰਦ ਕਰ ਸਕਣ।"
ਇੱਕ ਬਿਆਨ ਵਿੱਚ, ਚੈਟਰਬੇਟ ਨੇ ਕਿਹਾ ਕਿ ਉਸ ਨੇ ਜਾਅਲੀ ਆਈਡੀ ਦੀ ਵਰਤੋਂ "ਸਪੱਸ਼ਟ ਤੌਰ 'ਤੇ" ਬੰਦ ਕਰ ਦਿੱਤੀ ਹੈ ਅਤੇ ਮਾਡਲਾਂ ਨੂੰ ਨਿਯਮਿਤ ਤੌਰ 'ਤੇ ਸਰਕਾਰ ਵੱਲੋਂ ਜਾਰੀ ਫੋਟੋ ਆਈਡੀ ਦੇ ਕੋਲ ਖੜ੍ਹੇ ਆਪਣੇ ਲਾਈਵ ਚਿੱਤਰ ਜਮ੍ਹਾਂ ਕਰਾਉਣੇ ਚਾਹੀਦੇ ਹਨ, ਜਿਨ੍ਹਾਂ ਦੀ ਡਿਜੀਟਲ ਅਤੇ ਦਸਤੀ ਜਾਂਚ ਕੀਤੀ ਜਾਂਦੀ ਹੈ।
ਇਸ ਨੇ ਬਿਆਨ ਵਿੱਚ ਕਿਹਾ ਕਿ ਇਸਦੇ "ਔਸਤਨ ਇੱਕ ਸਮੀਖਿਅਕ ਕੋਲ 10 ਤੋਂ ਘੱਟ ਪ੍ਰਸਾਰਕਾਂ" ਹਨ ਅਤੇ ਖਾਤਿਆਂ ਨੂੰ ਰੀਸਾਈਕਲ ਕਰਨ ਦੀ ਕੋਈ ਵੀ ਕੋਸ਼ਿਸ਼ "ਅਸਫਲ" ਹੋਵੇਗੀ ਕਿਉਂਕਿ "ਉਮਰ ਤਸਦੀਕ ਪ੍ਰਕਿਰਿਆ ਜਾਰੀ ਰਹਿੰਦੀ ਹੈ ਕਿਉਂਕਿ ਹਰੇਕ ਪ੍ਰਸਾਰਣ ਦੀ ਨਿਰੰਤਰ ਸਮੀਖਿਆ ਅਤੇ ਜਾਂਚ ਕੀਤੀ ਜਾਂਦੀ ਹੈ"।
ਸਟ੍ਰਿਪਚੈਟ ਨੇ ਵੀ ਇੱਕ ਬਿਆਨ ਭੇਜਿਆ ਜਿਸ ਵਿੱਚ ਕਿਹਾ ਗਿਆ ਹੈ ਕਿ ਇਸਦੀ ਘੱਟ ਉਮਰ ਦੇ ਮਾਡਲਾਂ ਪ੍ਰਤੀ ਜ਼ੀਰੋ-ਟੌਲਰੈਂਸ ਨੀਤੀ ਹੈ। ਇਸ ਦੇ ਨਾਲ ਹੀ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਉਮਰ ਤਸਦੀਕ ਕਰਵਾਉਣ ਲਈ ਇੱਕ ਮੁਕੰਮਲ ਪ੍ਰਕਿਰਿਆ ਵਿੱਚੋਂ ਗੁਜ਼ਰਨਾ ਚਾਹੀਦਾ ਹੈ।
ਇਹ ਵੀ ਕਿਹਾ ਗਿਆ ਕਿ ਇਨ-ਹਾਊਸ ਮਾਡਰੇਸ਼ਨ ਟੀਮ "ਮਾਡਲਾਂ ਦੀ ਪਛਾਣ ਨੂੰ ਪ੍ਰਮਾਣਿਤ ਕਰਨ" ਲਈ ਨਿੱਜੀ ਤਸਦੀਕ ਸੇਵਾਵਾਂ ਨਾਲ ਮਿਲ ਕੇ ਕੰਮ ਕਰਦੀ ਹੈ।
ਇਸ ਵਿੱਚ ਕਿਹਾ ਗਿਆ ਹੈ ਕਿ ਰੀਸਾਈਕਲ ਕੀਤੇ ਖਾਤਿਆਂ ਨੂੰ ਇਸਦੇ ਪਲੇਟਫਾਰਮ 'ਤੇ ਨਹੀਂ ਵਰਤਿਆ ਜਾ ਸਕਦਾ ਅਤੇ ਇਸਦੇ ਨਿਯਮਾਂ ਵਿੱਚ ਹਾਲ ਹੀ ਵਿੱਚ ਕੀਤੇ ਗਏ ਬਦਲਾਅ ਦਾ ਮਤਲਬ ਹੈ ਕਿ ਖਾਤਾ ਧਾਰਕ ਨੂੰ ਹਰੇਕ ਸਟ੍ਰੀਮ 'ਤੇ ਮੌਜੂਦ ਹੋਣਾ ਪੈਂਦਾ ਹੈ।
"ਇਸ ਲਈ, ਜੇਕਰ ਕੋਈ ਮਾਡਲ ਸੁਤੰਤਰ ਤੌਰ 'ਤੇ ਕੰਮ ਕਰਨ ਲਈ ਇੱਕ ਨਵਾਂ ਅਕਾਉਂਟ ਬਣਾਵੇ, ਤਾਂ ਉਨ੍ਹਾਂ ਨਾਲ ਜੁੜਿਆ ਅਸਲ ਖਾਤਾ ਸਟੂਡੀਓ ਵੱਲਂ ਬੰਦ ਹੋ ਜਾਂਦਾ ਹੈ ਅਤੇ ਵਰਤੋਂ ਯੋਗ ਨਹੀਂ ਹੁੰਦਾ ਹੈ।"
ਲਾਈਵਜੈਸਮੀਨ ਨੇ ਬੀਬੀਸੀ ਦੀਆਂ ਟਿੱਪਣੀ ਲਈ ਕੀਤੀਆਂ ਗੀਆਂ ਬੇਨਤੀਆਂ ਦਾ ਜਵਾਬ ਨਹੀਂ ਦਿੱਤਾ।
'ਦਰਸ਼ਕ ਸਿਰਫ਼ ਜਵਾਨ ਕੁੜਆਂ ਨੂੰ ਹੀ ਪਸੰਦ ਕਰਦੇ ਹਨ'

ਕੀਨੀ ਹੁਣ 20 ਸਾਲਾਂ ਦੀ ਹੈ ਅਤੇ ਮੇਡੇਲਿਨ ਵਿੱਚ ਆਪਣੇ ਘਰ ਵਿੱਚ ਆਪਣੇ ਬੈੱਡਰੂਮ ਤੋਂ ਕੰਮ ਕਰਦੀ ਹੈ। ਇੱਕ ਹੋਰ ਸਟੂਡੀਓ ਰਾਹੀਂ ਸਟ੍ਰੀਮਿੰਗ ਕਰਦੀ ਹੈ ਜੋ ਵੱਡੇ ਕੌਮਾਂਤਰੀ ਪਲੇਟਫਾਰਮਾਂ ਤੱਕ ਪਹੁੰਚ ਪ੍ਰਦਾਨ ਕਰਦਾ ਹੈ।
ਇਹ ਸਟੂਡੀਓ ਦੇ ਉੱਚ-ਤਕਨੀਕੀ ਉਪਕਰਣਾਂ, ਕਈ ਰਿੰਗ ਲਾਈਟਾਂ, ਇੱਕ ਕੈਮਰੇ ਅਤੇ ਇੱਕ ਵੱਡੀ ਸਕ੍ਰੀਨ ਕਾਰਨ ਸੰਭਵ ਹੋ ਸਕਿਆ ਹੈ ਕਿਉਂਕਿ ਉਂਝ ਤਾਂ ਇਹ ਸਭ ਇੱਕ ਬੱਚੇ ਦੇ ਕਮਰੇ ਵਿੱਚ ਕੀਤਾ ਜਾ ਸਕਦਾ ਸੀ। ਇੱਥੇ ਲਗਭਗ ਇੱਕ ਦਰਜਨ ਭਰੇ ਜਾਨਵਰ, ਗੁਲਾਬੀ ਯੂਨੀਕੋਰਨ ਅਤੇ ਟੈਡੀ ਬੀਅਰ ਹਨ।
ਉਹ ਕਹਿੰਦੀ ਹੈ, "ਦਰਸ਼ਕ "ਜਦੋਂ ਤੁਸੀਂ ਜਵਾਨ ਦਿਖਾਈ ਦਿੰਦੇ ਹੋ ਉਦੋਂ ਤੱਕ ਹੀ ਤੁਹਾਨੂੰ ਪਸੰਦ ਕਰਦੇ ਹਨ।"
"ਕਈ ਵਾਰ ਮੈਨੂੰ ਲੱਗਦਾ ਹੈ ਕਿ ਇਹ ਸਮੱਸਿਆ ਵਾਲਾ ਹੈ। ਕੁਝ ਗਾਹਕ ਤੁਹਾਨੂੰ ਬਿਲਕੁਲ ਬੱਚੇ ਵਾਂਗ ਸਮਝਦੇ ਹਨ ਅਤੇ ਕੰਮ ਕਰਨ ਲਈ ਕਹਿੰਦੇ ਹਨ ਅਤੇ ਇਹ ਠੀਕ ਨਹੀਂ ਹੈ।"
ਉਹ ਕਹਿੰਦੀ ਹੈ ਕਿ ਉਸਦੇ ਮਾਪਿਆਂ ਦੇ ਤਲਾਕ ਲੈਣ ਦਾ ਫੈਸਲਾ ਕਰਨ ਤੋਂ ਬਾਅਦ ਉਹ ਆਪਣੇ ਪਰਿਵਾਰ ਦੀ ਵਿੱਤੀ ਮਦਦ ਕਰਨ ਲਈ ਇਸ ਕਾਰੋਬਾਰ ਵਿੱਚ ਆਈ।
ਉਸਦੇ ਪਿਤਾ ਨੂੰ ਪਤਾ ਹੈ ਕਿ ਉਹ ਕੀ ਕਰ ਰਹੀ ਹੈ ਅਤੇ ਉਹ ਕਹਿੰਦੀ ਹੈ ਕਿ ਉਹ ਉਸਦਾ ਸਮਰਥਨ ਕਰਦੇ ਹਨ।
ਪਿੱਛੇ ਮੁੜ ਕੇ ਦੇਖਦਿਆਂ, ਕੀਨੀ ਸੋਚਦੀ ਹੈ ਕਿ ਜਦੋਂ ਉਸਨੇ 17 ਸਾਲ ਦੀ ਉਮਰ ਵਿੱਚ ਸ਼ੁਰੂਆਤ ਕੀਤੀ ਸੀ ਤਾਂ ਉਹ ਬਹੁਤ ਛੋਟੀ ਸੀ, ਪਰ ਫਿਰ ਵੀ, ਉਹ ਆਪਣੇ ਪੁਰਾਣੇ ਮਾਲਕਾਂ ਦੀ ਆਲੋਚਨਾ ਨਹੀਂ ਕਰਦੀ।
ਇਸ ਦੀ ਬਜਾਇ, ਉਸਦੀ ਮੰਨਣਾ ਹੈ ਕਿ ਉਨ੍ਹਾਂ ਨੇ ਉਸਨੂੰ ਇੱਕ ਅਜਿਹੀ ਨੌਕਰੀ ਵਿੱਚ ਮਦਦ ਕੀਤੀ ਜਿਸ ਬਾਰੇ ਉਹ ਕਹਿੰਦੀ ਹੈ ਕਿ ਹੁਣ ਉਸਨੂੰ ਲਗਭਗ 2,000 ਡਾਲਰ ਪ੍ਰਤੀ ਮਹੀਨਾ ਕਮਾਈ ਹੁੰਦੀ ਹੈ। ਜੋ ਕੋਲੰਬੀਆ ਵਿੱਚ ਘੱਟੋ-ਘੱਟ ਉਜਰਤ 300 ਡਾਲਰ ਪ੍ਰਤੀ ਮਹੀਨਾ ਤੋਂ ਕਿਤੇ ਵੱਧ ਹੈ।
ਉਹ ਕਹਿੰਦੀ ਹੈ, "ਇਸ ਨੌਕਰੀ ਸਦਕਾ, ਮੈਂ ਆਪਣੇ ਮੰਮੀ, ਡੈਡੀ, ਆਪਣੀ ਭੈਣ ਅਤੇ ਆਪਣੇ ਪੂਰੇ ਪਰਿਵਾਰ ਦੀ ਮਦਦ ਕਰ ਰਹੀ ਹਾਂ।"
ਸਟੂਡੀਓ ਵੀ ਇਸੇ ਦ੍ਰਿਸ਼ਟੀਕੋਣ ਦਾ ਹੁੰਗਾਰਾ ਭਰਦਾ ਹੈ। ਜਿਨ੍ਹਾਂ ਵਿੱਚੋਂ ਕੁਝ ਇਹ ਦਰਸਾਉਣ ਦੀ ਕੋਸ਼ਿਸ ਕਰਦੇ ਹਨ ਕਿ ਉਹ ਆਪਣੇ ਕਲਾਕਾਰਾਂ ਦੀ ਦੇਖਭਾਲ ਕਰਦੇ ਹਨ।
ਅਸੀਂ ਸਭ ਤੋਂ ਵੱਡੇ, ਏਜੇ ਸਟੂਡੀਓਜ਼ ਵਿੱਚੋਂ ਇੱਕ ਦਾ ਦੌਰਾ ਕੀਤਾ, ਜਿੱਥੇ ਸਾਨੂੰ ਇੱਕ ਅੰਦਰੂਨੀ ਮਨੋਵਿਗਿਆਨੀ ਨਾਲ ਜਾਣੂ ਕਰਵਾਇਆ ਗਿਆ, ਜੋ ਮਾਡਲਾਂ ਦੀ ਮਾਨਸਿਕ ਸਿਹਤ ਦਾ ਧਿਆਨ ਰੱਖਣ ਲਈ ਨਿਯੁਕਤ ਕੀਤਾ ਗਿਆ ਸੀ।
ਸਾਨੂੰ ਇੱਕ ਸਪਾ ਵੀ ਦਿਖਾਇਆ ਗਿਆ ਜੋ "ਛੂਟ" 'ਤੇ ਜਾਂ "ਮਹੀਨਾ ਭਰ ਬਿਹਤਰੀਨ ਕੰਮ ਕਰਨ ਵਾਲੇ ਕਰਮਚਾਰੀਆਂ" ਲਈ ਇਨਾਮ ਵਜੋਂ ਪੈਡੀਕਿਓਰ, ਮਾਲਿਸ਼, ਬੋਟੌਕਸ ਅਤੇ ਲਿਪ ਫਿਲਰ ਕਰਨ ਦਾ ਕੰਮ ਕਰਦਾ ਹੈ।
ਟਾਇਲਟ ਬ੍ਰੇਕ ਲਈ ਜੁਰਮਾਨਾ

ਤਸਵੀਰ ਸਰੋਤ, Jorge Calle /BBC
ਪਰ ਜਿਵੇਂ ਕਿ ਦੇਸ਼ ਦੇ ਰਾਸ਼ਟਰਪਤੀ ਨੇ ਦੱਸਿਆ ਹੈ, ਹਰ ਕਲਾਕਾਰ ਨਾਲ ਚੰਗਾ ਵਿਵਹਾਰ ਨਹੀਂ ਕੀਤਾ ਜਾਂਦਾ ਜਾਂ ਹਰ ਕੋਈ ਇੱਥੇ ਚੰਗਾ ਪੈਸਾ ਨਹੀਂ ਕਮਾਉਂਦਾ।
ਰਾਸ਼ਟਰਪਤੀ ਦਾ ਕਹਿਣਾ ਹੈ ਕਿ ਇਸ ਕਾਰੋਬਾਰ ਨਾਲ ਜੁੜੇ ਲੋਕ ਉਨ੍ਹਾਂ ਦੇ ਨਵੇਂ ਸਖ਼ਤ ਕਾਨੂੰਨੀ ਨਿਯਮਾਂ ਦੀ ਉਡੀਕ ਕਰ ਰਹੇ ਹਨ।
ਮਾਡਲਾਂ ਅਤੇ ਸਟੂਡੀਓਜ਼ ਨੇ ਬੀਬੀਸੀ ਨੂੰ ਦੱਸਿਆ ਕਿ ਸਟ੍ਰੀਮਿੰਗ ਪਲੇਟਫਾਰਮ ਆਮ ਤੌਰ 'ਤੇ ਦਰਸ਼ਕਾਂ ਦੁਆਰਾ ਅਦਾ ਕੀਤੀ ਜਾਣ ਵਾਲੀ ਫੀਸ ਦਾ 50ਫ਼ੀਸਦ ਲੈਂਦੇ ਹਨ। ਜਿਸ ਵਿੱਚੋਂ ਸਟੂਡੀਓ 20-30 ਫ਼ੀਸਦ ਲੈਂਦੇ ਹਨ ਅਤੇ ਮਾਡਲਾਂ ਨੂੰ ਉਹ ਮਿਲਦਾ ਹੈ ਜੋ ਬਚਦਾ ਹੈ।
ਇਸਦਾ ਮਤਲਬ ਹੈ ਕਿ ਜੇਕਰ ਕੋਈ ਸ਼ੋਅ 100ਡਾਲਰ ਕਮਾਉਂਦਾ ਹੈ, ਤਾਂ ਮਾਡਲ ਨੂੰ ਆਮ ਤੌਰ 'ਤੇ 20 ਡਾਲਰ ਜਾਂ ਵੱਧ ਤੋਂ ਵੱਧ 30 ਡਾਲਰ ਮਿਲਦੇ ਹਨ।
ਉਨ੍ਹਾਂ ਨੇ ਦੱਸਿਆ ਕਿ ਕਈ ਸਟੂਡੀਓ ਇਸ ਤੋਂ ਵੀ ਵੱਧ ਵਿੱਤੀ ਬੇਈਮਾਨੀ ਕਰਦੇ ਹਨ।
ਮਾਡਲਾਂ ਦਾ ਕਹਿਣਾ ਹੈ ਕਿ ਕਈ ਵਾਰ ਅਜਿਹਾ ਹੋਇਆ ਹੈ ਜਦੋਂ ਉਹ ਅੱਠ ਘੰਟੇ ਤੱਕ ਦੇ ਸੈਸ਼ਨਾਂ ਲਈ ਲੌਗਇਨ ਕਰਦੇ ਸਨ ਅਤੇ ਸਿਰਫ਼ 5 ਡਾਲਰ ਹੀ ਕਮਾਉਂਦੇ ਸਨ। ਇਹ ਉਦੋਂ ਹੋ ਸਕਦਾ ਹੈ ਜਦੋਂ ਦਰਸ਼ਕ ਘੱਟ ਆਉਂਦੇ ਹਨ।
ਦੂਜੇ ਪਾਸੇ ਕਈ ਮਾਡਲ ਕਹਿੰਦੇ ਹਨ ਕਿ ਉਨ੍ਹਾਂ 'ਤੇ ਬਿਨ੍ਹਾਂ ਬ੍ਰੇਕ ਦੇ 18 ਘੰਟੇ ਤੱਕ ਸਟ੍ਰੀਮਿੰਗ ਕਰਨ ਲਈ ਦਬਾਅ ਪਾਇਆ ਗਿਆ ਹੈ ਅਤੇ ਖਾਣਾ ਖਾਣ ਜਾਂ ਟਾਇਲਟ ਜਾਣ 'ਤੇ ਜੁਰਮਾਨਾ ਲਗਾਇਆ ਗਿਆ ਹੈ।
ਇਨ੍ਹਾਂ ਅਕਾਉਂਟਸ ਦਾ ਸਮਰਥਨ ਦਸੰਬਰ 2024 ਵਿੱਚ ਪ੍ਰਕਾਸ਼ਿਤ ਮੁਹਿੰਮ ਸਮੂਹ ਹਿਊਮਨ ਰਾਈਟਸ ਵਾਚ ਦੀ ਇੱਕ ਰਿਪੋਰਟ ਵੱਲੋਂ ਕੀਤਾ ਗਿਆ ਹੈ।
ਲੇਖਕ, ਏਰਿਨ ਕਿਲਬ੍ਰਾਈਡ, ਜਿਨ੍ਹਾ ਨੇ ਬੀਬੀਸੀ ਲਈ ਇਸ ਕਹਾਣੀ 'ਤੇ ਖੋਜ ਕੀਤੀ ਦੀ ਪੜਤਾਲ ਵਿੱਚ ਸਾਹਮਣੇ ਆਇਆ ਕਿ ਕੁਝ ਲੋਕਾਂ ਨੂੰ ਬਿਸਤਰੇ ਦੇ ਕੀੜਿਆਂ ਅਤੇ ਕਾਕਰੋਚਾਂ ਨਾਲ ਭਰੇ ਤੰਗ, ਗੰਦੇ ਕਿਊਬਿਕਲਾਂ ਵਿੱਚ ਫ਼ਿਲਮਾਇਆ ਜਾ ਰਿਹਾ ਸੀ ਅਤੇ ਉਨ੍ਹਾਂ ਨੂੰ ਅਜਿਹੇ ਜਿਨਸੀ ਕੰਮ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਸੀ ਜੋ ਉਨ੍ਹਾਂ ਨੂੰ ਤਕਲੀਫ਼ਦੇਹ ਅਤੇ ਅਪਮਾਨਜਨਕ ਲੱਗਦੇ ਸਨ।
ਮੇਡੇਲਿਨ ਦੀ ਰਹਿਣ ਵਾਲੀ ਦੋ ਬੱਚਿਆਂ ਦੀ ਮਾਂ ਸੋਫੀ, ਇੱਕ ਨਾਈਟ ਕਲੱਬ ਵਿੱਚ ਵੇਟਰੈਸ ਸੀ ਪਰ ਗਾਹਕਾਂ ਵੱਲੋਂ ਬੇਇੱਜ਼ਤੀ ਤੋਂ ਤੰਗ ਆ ਕੇ, ਵੈੱਬਕੈਮ ਮਾਡਲਿੰਗ ਵਿੱਚ ਚਲੀ ਗਈ।
ਪਰ 26 ਸਾਲਾ ਇਹ ਕੁੜੀ ਕਹਿੰਦੀ ਹੈ ਕਿ ਇੱਕ ਸਟੂਡੀਓ ਜਿਸ ਲਈ ਉਹ ਕੰਮ ਕਰਦੀ ਸੀ, ਨੇ ਉਸ 'ਤੇ ਦਰਦਨਾਕ ਅਤੇ ਘਟੀਆ ਜਿਨਸੀ ਹਰਕਤਾਂ ਕਰਨ ਲਈ ਦਬਾਅ ਪਾਇਆ, ਜਿਸ ਵਿੱਚ ਤਿੰਨ ਹੋਰ ਕੁੜੀਆਂ ਨਾਲ ਪ੍ਰਦਰਸ਼ਨ ਕਰਨਾ ਵੀ ਸ਼ਾਮਲ ਸੀ।
ਉਹ ਦੱਸਦੀ ਹੈ ਕਿ ਇਹ ਬੇਨਤੀਆਂ ਗਾਹਕਾਂ ਵੱਲੋਂ ਕੀਤੀਆਂ ਗਈਆਂ ਸਨ ਅਤੇ ਸਟੂਡੀਓ ਮਾਨੀਟਰ, ਮਾਡਲਾਂ ਅਤੇ ਦਰਸ਼ਕਾਂ ਵਿਚਕਾਰ ਵਿਚੋਲੇ ਵਜੋਂ ਕੰਮ ਕਰਨ ਲਈ ਨਿਯੁਕਤ ਸਟਾਫ਼, ਇਨ੍ਹਾਂ ਲਈ ਸਹਿਮਤ ਹੋ ਗਏ ਸਨ।
ਸੋਫੀ ਕਹਿੰਦੀ ਹੈ ਕਿ ਉਸਨੇ ਸਟੂਡੀਓ ਨੂੰ ਕਿਹਾ ਸੀ ਕਿ ਉਹ ਇਹ ਹਰਕਤਾਂ ਨਹੀਂ ਕਰਨਾ ਚਾਹੁੰਦੀ, ਪਰ ਉਨ੍ਹਾਂ ਨੇ ਕਿਹਾ ਕਿ ਮੇਰੇ ਕੋਲ ਕੋਈ ਵਿਕਲਪ ਨਹੀਂ ਸੀ।
"ਅੰਤ ਵਿੱਚ, ਮੈਨੂੰ ਇਹ ਕਰਨਾ ਪਿਆ ਕਿਉਂਕਿ ਨਹੀਂ ਤਾਂ ਉਹ ਮੇਰੇ ਅਕਾਉਂਟ 'ਤੇ ਪਾਬੰਦੀ ਲਗਾ ਦਿੰਦੇ, ਯਾਨੀ ਮੇਰਾ ਅਕਾਉਂਟ ਹੀ ਬੰਦ ਹੋ ਜਾਂਦਾ।"
ਸੋਫ਼ੀ ਵੈੱਬਕੈਮ ਸਟੂਡੀਓ ਵਿੱਚ ਕੰਮ ਕਰਨਾ ਜਾਰੀ ਰੱਖ ਰਹੀ ਹੈ ਕਿਉਂਕਿ ਉਹ ਕਹਿੰਦੀ ਹੈ ਕਿ ਕੋਲੰਬੀਆ ਵਿੱਚ ਇੱਕ ਆਮ ਤਨਖਾਹ ਉਸਦੇ ਅਤੇ ਉਸਦੇ ਦੋ ਬੱਚਿਆਂ ਦਾ ਪਾਲਣ-ਪੋਸ਼ਣ ਕਰਨ ਲਈ ਕਾਫ਼ੀ ਨਹੀਂ ਹੋਵੇਗੀ। ਉਹ ਹੁਣ ਕਾਨੂੰਨ ਦੀ ਪੜ੍ਹਾਈ ਸ਼ੁਰੂ ਕਰਨ ਲਈ ਬੱਚਤ ਕਰ ਰਹੀ ਹੈ।

ਏਰਿਨ ਕਿਲਬ੍ਰਾਈਡ ਕਹਿੰਦੀ ਹੈ ਕਿ ਇਹ ਸਿਰਫ਼ ਕੋਲੰਬੀਆ ਹੀ ਨਹੀਂ ਹੈ ਜੋ ਇਨ੍ਹਾਂ ਮੁੱਦਿਆਂ ਦਾ ਸਾਹਮਣਾ ਕਰ ਰਿਹਾ ਹੈ।
ਉਸਨੇ ਦੇਖਿਆ ਕਿ ਉਨ੍ਹਾਂ ਦੇ ਵਿਚਕਾਰ, ਵੱਡੇ ਚਾਰ ਸਟ੍ਰੀਮਿੰਗ ਪਲੇਟਫਾਰਮ 10 ਹੋਰ ਦੇਸ਼ਾਂ, ਬੁਲਗਾਰੀਆ, ਕੈਨੇਡਾ, ਚੈੱਕ ਗਣਰਾਜ, ਹੰਗਰੀ, ਭਾਰਤ, ਰੋਮਾਨੀਆ, ਰੂਸ, ਦੱਖਣੀ ਅਫਰੀਕਾ, ਯੂਕਰੇਨ ਅਤੇ ਅਮਰੀਕਾ ਦੇ ਸਟੂਡੀਓ ਤੋਂ ਵੀ ਸਮੱਗਰੀ ਦਾ ਪ੍ਰਸਾਰਣ ਕਰਦੇ ਹਨ।
ਉਹ ਕਹਿੰਦੀ ਹੈ ਕਿ ਉਸਨੇ ਪਲੇਟਫਾਰਮ ਨੀਤੀਆਂ ਅਤੇ ਪ੍ਰੋਟੋਕੋਲਾਂ ਵਿੱਚ ਪਾੜੇ ਦੀ ਪਛਾਣ ਕੀਤੀ ਜੋ ਮਨੁੱਖੀ ਅਧਿਕਾਰਾਂ ਦੇ ਘਾਣ ਨੂੰ ਵਧਾਉਂਦੇ ਹਨ।
ਜਦੋਂ ਅਸੀਂ ਪਲੇਟਫਾਰਮਾਂ ਤੋਂ ਉਨ੍ਹਾਂ ਸਟੂਡੀਓਜ਼ ਦੀਆਂ ਸਥਿਤੀਆਂ ਬਾਰੇ ਪੁੱਛਿਆ ਜਿਨ੍ਹਾਂ ਨੂੰ ਉਹ ਸਟ੍ਰੀਮ ਕਰਦੇ ਹਨ, ਤਾਂ ਬੋਂਗਾਕੈਮਸ ਤੋਂ ਮਿਲੀ ਅਚਿੰਟੇ ਨੇ ਕਿਹਾ ਕਿ ਉਹ ਅੱਠ ਔਰਤਾਂ ਦੀ ਇੱਕ ਟੀਮ ਦਾ ਹਿੱਸਾ ਹੈ ਜੋ ਕੋਲੰਬੀਆ ਦੇ ਕੁਝ ਸਟੂਡੀਓਜ਼ ਦਾ ਦੌਰਾ ਕਰਦੀਆਂ ਹਨ, "ਇਹ ਯਕੀਨੀ ਬਣਾਉਂਦੀਆਂ ਹਨ ਕਿ ਮਾਡਲਾਂ ਨੂੰ ਭੁਗਤਾਨ ਕੀਤਾ ਜਾ ਰਿਹਾ ਹੈ, ਕਮਰੇ ਸਾਫ਼ ਹਨ ਅਤੇ ਮਾਡਲਾਂ ਦੇ ਹੱਕਾ ਦੀ ਉਲੰਘਣਾ ਨਹੀਂ ਹੋ ਰਹੀ ਹੈ"।
ਸਟ੍ਰਿਪਚੈਟ ਅਤੇ ਚੈਟਰਬੇਟ ਸਟੂਡੀਓ ਅਜਿਹਾ ਨਹੀਂ ਕਰਦੇ ਉਨ੍ਹਾਂ ਕਿਹਾ ਕਿ ਉਹ ਕਲਾਕਾਰਾਂ ਦੇ ਸਿੱਧੇ ਮਾਲਕ ਨਹੀਂ ਹਨ ਅਤੇ ਇਸ ਲਈ ਸਟੂਡੀਓ ਅਤੇ ਮਾਡਲਾਂ ਵਿਚਕਾਰ ਨਿਰਧਾਰਤ ਸ਼ਰਤਾਂ ਵਿੱਚ ਦਖਲ ਨਹੀਂ ਦਿੰਦੇ।
ਪਰ ਉਨ੍ਹਾਂ ਦੋਵਾਂ ਨੇ ਸਾਨੂੰ ਦੱਸਿਆ ਕਿ ਉਹ ਇੱਕ ਸੁਰੱਖਿਅਤ ਕੰਮ ਕਰਨ ਵਾਲੇ ਵਾਤਾਵਰਣ ਲਈ ਵਚਨਬੱਧ ਹਨ।
ਸਟ੍ਰਿਪਚੈਟ ਨੇ ਇਹ ਵੀ ਕਿਹਾ ਕਿ ਉਹ ਸਟੂਡੀਓ ਵਿੱਚ ਸਤਿਕਾਰਯੋਗ ਅਤੇ ਆਰਾਮਦਾਇਕ ਤਰੀਕੇ ਨਾਲ ਕੰਮ ਕਰਨ ਦੀਆਂ ਸਥਿਤੀਆਂ ਨੂੰ ਯਕੀਨੀ ਬਣਾਉਣ ਦੀ ਉਮੀਦ ਕਰਦਾ ਹੈ।
ਬੋਂਗਾਕੈਮਸ, ਸਟ੍ਰਿਪਚੈਟ ਅਤੇ ਚੈਟਰਬੇਟ ਸਾਰਿਆਂ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਲੱਗਦਾ ਹੈ ਕਿ ਕਿਸੇ ਮਾਡਲ ਨੂੰ ਕੁਝ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ ਤਾਂ ਉਨ੍ਹਾਂ ਕੋਲ ਦਖਲ ਦੇਣ ਲਈ ਟੀਮਾਂ ਹਨ।
'ਉਨ੍ਹਾਂ ਨੇ ਮੈਨੂੰ ਧੋਖਾ ਦਿੱਤਾ'
ਦੋ ਮਹੀਨੇ ਸਵੇਰੇ 05:00 ਵਜੇ ਉੱਠ ਕੇ ਵੈੱਬਕੈਮਿੰਗ, ਸੈਕੰਡਰੀ ਸਕੂਲ ਅਤੇ ਆਪਣੇ ਪੁੱਤਰ ਦੀ ਦੇਖਭਾਲ ਕਰਨ ਤੋਂ ਬਾਅਦ, ਇਜ਼ਾਬੇਲਾ ਕਹਿੰਦੀ ਹੈ ਕਿ ਉਹ ਆਪਣੀ ਪਹਿਲੀ ਅਦਾਇਗੀ ਪ੍ਰਾਪਤ ਕਰਨ ਲਈ ਉਤਸੁਕ ਸੀ।
ਪਰ ਪਲੇਟਫਾਰਮ ਅਤੇ ਸਟੂਡੀਓ ਦੇ ਆਪਣੇ ਕਬਜ਼ੇ ਵਿੱਚ ਆਉਣ ਤੋਂ ਬਾਅਦ, ਇਜ਼ਾਬੇਲਾ ਦੱਸਦੀ ਹੈ ਕਿ ਉਸਨੂੰ ਸਿਰਫ਼ 174,000 ਕੋਲੰਬੀਅਨ ਪੇਸੋ ਤਕਰੀਬਨ 42 ਡਾਲਰ ਦਿੱਤੇ ਗਏ, ਜੋ ਕਿ ਉਸਦੀ ਉਮੀਦ ਤੋਂ ਕਿਤੇ ਘੱਟ ਹੈ।
ਉਸਦਾ ਮੰਨਣਾ ਹੈ ਕਿ ਸਟੂਡੀਓ ਨੇ ਉਸਨੂੰ ਸਹਿਮਤੀ ਨਾਲੋਂ ਬਹੁਤ ਘੱਟ ਪੈਸੇ ਦਿੱਤੀ ਅਤੇ ਉਸਦੀ ਜ਼ਿਆਦਾਤਰ ਕਮਾਈ ਖ਼ੁਦ ਹੀ ਰੱਖ ਲਈ।
ਉਹ ਕਹਿੰਦੀ ਹੈ ਕਿ ਪੈਸੇ ਬਹੁਤ ਘੱਟ ਸਨ। ਉਸਨੇ ਇਸ ਵਿੱਚੋਂ ਕੁਝ ਪੈਸੇ ਬੱਚੇ ਦੇ ਦੁੱਧ ਅਤੇ ਡਾਇਪਰ ਖਰੀਦਣ ਲਈ ਵਰਤੇ।
"ਉਨ੍ਹਾਂ ਨੇ ਮੈਨੂੰ ਧੋਖਾ ਦਿੱਤਾ।"
ਇਜ਼ਾਬੇਲਾ, ਜੋ ਅਜੇ ਸਕੂਲ ਵਿੱਚ ਹੈ ਨੇ ਨੌਕਰੀ ਛੱਡਣ ਤੋਂ ਪਹਿਲਾਂ ਕੁਝ ਮਹੀਨੇ ਹੀ ਵੈੱਬਕੈਮ ਮਾਡਲ ਵਜੋਂ ਕੰਮ ਕੀਤਾ।
ਉਹ ਕਹਿੰਦੀ ਹੈ ਕਿ ਜਿਸ ਤਰ੍ਹਾਂ ਉਸ ਨਾਲ ਇੰਨੀ ਛੋਟੀ ਉਮਰ ਵਿੱਚ ਸਲੂਕ ਕੀਤਾ ਗਿਆ ਸੀ, ਉਸ ਨੇ ਉਸਨੂੰ ਬਹੁਤ ਜ਼ਿਆਦਾ ਸਦਮਾ ਪਹੁੰਚਾਇਆ।
ਉਸਦਾ ਰੋਣਾ ਨਹੀਂ ਰੋਕ ਰਿਹਾ ਸੀ, ਇਸ ਲਈ ਉਸਦੀ ਮਾਂ ਨੇ ਉਸਨੂੰ ਇੱਕ ਮਨੋਵਿਗਿਆਨੀ ਨੂੰ ਮਿਲਣ ਦਾ ਪ੍ਰਬੰਧ ਕੀਤਾ।
ਉਹ ਅਤੇ ਸਟੂਡੀਓ ਦੇ ਛੇ ਹੋਰ ਸਾਬਕਾ ਕਰਮਚਾਰੀਆਂ ਨੇ ਇਕੱਠੇ ਹੋ ਕੇ ਸਰਕਾਰੀ ਵਕੀਲ ਦੇ ਦਫ਼ਤਰ ਵਿੱਚ ਇੱਕ ਅਧਿਕਾਰਤ ਸ਼ਿਕਾਇਤ ਦਰਜ ਕਰਵਾਈ ਹੈ।
ਸਮੂਹਿਕ ਤੌਰ 'ਤੇ, ਉਨ੍ਹਾਂ ਨੇ ਸਟੂਡੀਓ 'ਤੇ ਨਾਬਾਲਗਾਂ ਦੇ ਸ਼ੋਸ਼ਣ, ਮਜ਼ਦੂਰਾਂ ਦੇ ਸ਼ੋਸ਼ਣ ਅਤੇ ਆਰਥਿਕ ਸ਼ੋਸ਼ਣ ਦੇ ਇਲਜ਼ਾਮ ਲਗਾਏ ਹਨ।
ਉਹ ਕਹਿੰਦੀ ਹੈ, "ਮੈਂ ਜਦੋਂ ਨਾਬਾਲਗ ਸੀ ਉਸ ਸਮੇਂ ਦੀਆਂ ਵੀਡੀਓ ਰਿਕਾਰਡਿੰਗਾਂ ਅਜੇ ਵੀ ਆਨਲਾਈਨ ਹਨ।"
ਉਹ ਕਹਿੰਦੀ ਹੈ, "ਜਦੋਂ ਉਨ੍ਹਾਂ ਨੂੰ ਹਟਾਉਣ ਦੀ ਕੋਸ਼ਿਸ਼ ਕਰਨ ਦੀ ਗੱਲ ਆਉਂਦੀ ਹੈ ਤਾਂ ਉਹ ਬੇਵੱਸ ਮਹਿਸੂਸ ਕਰਦੀ ਹੈ।"
"ਇਸਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ ਹੈ ਅਤੇ ਮੈਂ ਇਸ ਬਾਰੇ ਹੋਰ ਨਹੀਂ ਸੋਚਣਾ ਚਾਹੁੰਦੀ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












