'ਇੰਸਟਾਗ੍ਰਾਮ-ਫੇਸਬੁੱਕ 'ਤੇ ਪੋਸਟ ਕੀਤਾ ਗਿਆ ਹਰ ਪਲ ਪੋਰਨ ਵਿੱਚ ਬਦਲ ਗਿਆ', ਕਿਵੇਂ 'ਭਰੋਸੇਮੰਦ' ਦੋਸਤ ਨੇ ਹੀ ਦਿੱਤਾ ਵੱਡਾ ਧੋਖਾ

ਹੇਨਾਹ ਗ੍ਰਾਂਡੀ

ਤਸਵੀਰ ਸਰੋਤ, Nikki Short/BBC

ਤਸਵੀਰ ਕੈਪਸ਼ਨ, ਆਸਟ੍ਰੇਲੀਆਈ ਅਧਿਆਪਕਾ ਹੇਨਾਹ ਗ੍ਰਾਂਡੀ ਦੀ ਜ਼ਿੰਦਗੀ ਰਾਤੋ-ਰਾਤ ਬਦਲ ਗਈ, ਇਹ ਸਭ ਕੁਝ ਇੱਕ ਕਰੀਬੀ ਦੋਸਤ ਦੇ ਵਿਸ਼ਵਾਸਘਾਤ ਕਾਰਨ ਹੋਇਆ
    • ਲੇਖਕ, ਟਿਫਨੀ ਟਰਨਬੁੱਲ
    • ਰੋਲ, ਬੀਬੀਸੀ ਨਿਊਜ਼

ਚੇਤਾਵਨੀ: ਇਸ ਵਿੱਚ ਇਤਰਾਜ਼ਯੋਗ ਭਾਸ਼ਾ ਅਤੇ ਜਿਨਸੀ ਹਿੰਸਾ ਦੇ ਵਰਣਨ ਸ਼ਾਮਲ ਹਨ

ਫਰਵਰੀ ਦੀ ਹੀ ਇੱਕ ਰਾਤ ਸੀ ਜਦੋਂ ਆਸਟ੍ਰੇਲੀਆ ਦੇ ਸਿਡਨੀ ਵਿੱਚ ਰਹਿਣ ਵਾਲੀ ਹੇਨਾਹ ਗ੍ਰਾਂਡੀ ਦੇ ਇਨਬਾਕਸ ਵਿੱਚ ਇੱਕ ਅਸ਼ੁੱਭ ਸੁਨੇਹਾ ਆਇਆ।

ਈਮੇਲ ਰਾਹੀਂ ਇਹ ਸੁਨੇਹਾ ਭੇਜਣ ਵਾਲਾ ਵਿਅਕਤੀ ਅਗਿਆਤ ਸੀ।

ਸੁਨੇਹੇ 'ਚ ਲਿਖਿਆ ਸੀ "ਮੈਂ ਈਮੇਲ ਭੇਜਣਾ ਜਾਰੀ ਰੱਖਾਂਗਾ ਕਿਉਂਕਿ ਮੈਨੂੰ ਲੱਗਦਾ ਹੈ ਕਿ ਇਹ ਚੀਜ਼ ਤੁਹਾਡੇ ਧਿਆਨ 'ਚ ਹੋਣੀ ਚਾਹੀਦੀ ਹੈ।"

ਈਮੇਲ ਦੇ ਅੰਦਰ ਇੱਕ ਲਿੰਕ ਸੀ ਤੇ ਨਾਲ ਹੀ ਮੋਟੇ ਅੱਖਰਾਂ ਵਿੱਚ ਇੱਕ ਚੇਤਾਵਨੀ ਸੀ: "(ਇਸ ਵਿੱਚ) ਪਰੇਸ਼ਾਨ ਕਰਨ ਵਾਲੀ ਸਮੱਗਰੀ ਹੈ।"

ਉਹ ਇੱਕ ਪਲ ਲਈ ਝਿਜਕੇ, ਇਸ ਡਰੋਂ ਕਿ ਕੀਤੇ ਇਹ ਕੋਈ ਸਕੈਮ ਨਾ ਹੋਵੇ।

ਪਰ ਅਸਲੀਅਤ ਇਸ ਤੋਂ ਵੀ ਭੈੜੀ ਸੀ।

ਲਿੰਕ ਵਿੱਚ ਹੇਨਾਹ ਦੀ ਤਸਵੀਰਾਂ ਤੋਂ ਬਣੀ ਨਕਲੀ ਪੋਰਨੋਗ੍ਰਾਫੀ ਦੇ ਵੈੱਬਪੇਜ ਹੀ ਵੈੱਬਪੇਜ ਸਨ।

ਸਿਰਫ਼ ਇਨ੍ਹਾਂ ਹੀ ਨਾਲ ਹੀ, ਇਸ 'ਚ ਹੇਨਾਹ ਦੇ ਬਲਾਤਕਾਰ ਦੀਆਂ ਕਲਪਨਾਵਾਂ ਭਰੇ ਵੇਰਵੇ ਅਤੇ ਹਿੰਸਕ ਧਮਕੀਆਂ ਵੀ ਸ਼ਾਮਲ ਸਨ।

ਬੀਬੀਸੀ ਪੰਜਾਬੀ ਵੱਟਸਐਪ ਚੈਨਲ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਹੇਨਾਹ ਨੇ ਯਾਦ ਕਰਦਿਆਂ ਦੱਸਿਆ, "ਮੈਨੂੰ (ਤਸਵੀਰਾਂ 'ਚ) ਬੰਨ੍ਹਿਆ ਹੋਇਆ ਸੀ।"

ਬਲਾਤਕਾਰ ਦੇ ਕਾਲਪਨਿਕ ਵੇਰਵਿਆਂ 'ਚ ਲਿਖਿਆ ਸੀ, "ਉਹ (ਹੇਨਾਹ ) ਡਰੀ ਹੋਈ ਲੱਗ ਰਹੀ ਸੀ। ਉਸਦੀਆਂ ਅੱਖਾਂ ਵਿੱਚ ਹੰਝੂ ਸਨ। ਉਹ ਇੱਕ ਪਿੰਜਰੇ ਵਿੱਚ ਕੈਦ ਸੀ।"

ਕੁਝ ਤਸਵੀਰਾਂ 'ਤੇ ਹੇਨਾਹ ਦਾ ਪੂਰਾ ਨਾਮ ਲਿਖਿਆ ਹੋਇਆ ਸੀ। ਉਨ੍ਹਾਂ ਦਾ ਇੰਸਟਾਗ੍ਰਾਮ ਅਕਾਊਂਟ ਵੀ ਸੂਚੀਬੱਧ ਸੀ।

ਉਹ ਕਿੱਥੇ ਅਤੇ ਕਿਹੜੇ ਉਪਨਗਰ ਵਿੱਚ ਰਹਿੰਦੇ ਹਨ, ਇਸ ਦਾ ਵੀ ਜ਼ਿਕਰ ਸੀ। ਉਨ੍ਹਾਂ ਨੂੰ ਬਾਅਦ ਵਿੱਚ ਪਤਾ ਲੱਗਿਆ ਕਿ ਉਨ੍ਹਾਂ ਦਾ ਫ਼ੋਨ ਨੰਬਰ ਵੀ ਸੂਚੀਬੱਧ ਸੀ।

ਇਸ ਈਮੇਲ ਨੇ ਇੱਕ ਗਾਥਾ ਦੀ ਸ਼ੁਰੂਆਤ ਕੀਤੀ, ਜੋ ਹੇਨਾਹ ਲਈ ਇੱਕ ਭਿਆਨਕ ਫ਼ਿਲਮ ਵਰਗੀ ਸੀ।

ਉਨ੍ਹਾਂ ਨੇ ਆਪ ਹੀ ਜਾਸੂਸ ਬਣ ਕੇ ਆਪਣੇ ਕਿਸੇ ਨਜ਼ਦੀਕੀ ਦੁਆਰਾ ਕੀਤੇ ਗਏ ਇੱਕ ਭਿਆਨਕ ਵਿਸ਼ਵਾਸਘਾਤ ਦਾ ਪਰਦਾਫਾਸ਼ ਕੀਤਾ।

ਇਸ ਘਟਨਾ ਨੇ ਨਾਂ ਸਿਰਫ ਹੇਨਾਹ ਦੀ ਜ਼ਿੰਦਗੀ ਬਦਲੀ, ਬਲਕਿ ਆਸਟ੍ਰੇਲੀਆਈ ਕਾਨੂੰਨ ਨੂੰ ਵੀ ਬਦਲ ਕੇ ਰੱਖ ਦਿੱਤਾ।

ਇਹ ਵੀ ਪੜ੍ਹੋ:

'ਵੱਡਾ ਸਦਮਾ'

ਤਕਨੀਕੀ ਤਰੱਕੀ ਨਾਲ ਅਪਰਾਧੀਆਂ ਨੂੰ ਅਸਲੀ ਤਸਵੀਰਾਂ ਤੋਂ ਨਕਲੀ ਜਿਨਸੀ ਤਸਵੀਰਾਂ ਬਣਾਉਣ ਦੀ ਸਹੂਲਤ ਮਿਲਦੀ ਹੈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਤਕਨੀਕੀ ਤਰੱਕੀ ਨਾਲ ਅਪਰਾਧੀਆਂ ਨੂੰ ਅਸਲੀ ਤਸਵੀਰਾਂ ਤੋਂ ਨਕਲੀ ਜਿਨਸੀ ਤਸਵੀਰਾਂ ਬਣਾਉਣ ਦੀ ਸਹੂਲਤ ਮਿਲਦੀ ਹੈ

ਵੈੱਬਸਾਈਟ ਨੂੰ "ਦਿ ਡਿਸਟ੍ਰਕਸ਼ਨ ਆਫ਼ ਹੇਨਾਹ" ਦਾ ਨਾਮ ਦਿੱਤਾ ਗਿਆ ਸੀ, ਅਤੇ ਉਸ ਵੈੱਬਸਾਈਟ 'ਤੇ ਇੱਕ ਪੋਲ ਵੀ ਸੀ ਜਿੱਥੇ ਸੈਂਕੜੇ ਲੋਕਾਂ ਨੇ ਹੇਨਾਹ ਨਾਲ ਦੁਰਵਿਵਹਾਰ ਕਰਨ ਦੇ ਜ਼ਾਲਮ ਤਰੀਕਿਆਂ 'ਲਈ ਵੋਟ ਦਿੱਤੀ ਸੀ।

ਹੇਠਾਂ 600 ਤੋਂ ਵੱਧ ਪੋਰਨ ਫੋਟੋਆਂ ਦਾ ਇੱਕ ਥ੍ਰੈੱਡ ਸੀ, ਇਨ੍ਹਾਂ ਸਾਰੀਆਂ ਫੋਟੋਆਂ 'ਤੇ ਹੇਨਾਹ ਦਾ ਚਿਹਰਾ ਲਗਾਇਆ ਗਿਆ ਸੀ।

ਤਸਵੀਰਾਂ ਨਾਲ ਡਰਾਉਣੀਆਂ ਧਮਕੀਆਂ ਵੀ ਸਨ।

ਇਸ ਵਾਕੇ ਨੂੰ ਹੁਣ ਤਿੰਨ ਸਾਲ ਹੋ ਗਏ ਹਨ, ਪਰ 35 ਸਾਲਾ ਸਕੂਲ ਅਧਿਆਪਕਾ ਨੂੰ ਅੱਜ ਵੀ ਇਹ "ਸਦਮਾ" ਪੂਰੀ ਤਰ੍ਹਾਂ ਯਾਦ ਹੈ।

ਹੇਨਾਹ ਦੇ ਨਾਲ ਇਹ ਸਦਮਾ ਉਨ੍ਹਾਂ ਦੇ ਸਾਥੀ 33 ਸਾਲਾ ਕ੍ਰਿਸ ਵੈਂਚੁਰਾ ਨੇ ਵੀ ਝੱਲਿਆ ਸੀ।

ਹੇਨਾਹ ਨੇ ਇਸ ਵਾਕੇ ਨੂੰ ਯਾਦ ਕਰਦਿਆਂ ਕਿਹਾ, " ਅਜਿਹਾ ਕੁਝ ਪਤਾ ਲਗੇ ਤਾਂ ਤੁਸੀਂ ਇੱਕਦਮ ਘਬਰਾ ਜਾਂਦੇ ਹੋ।"

ਵੈੱਬਸਾਈਟ 'ਤੇ ਕਲਿੱਕ ਕਰਨ 'ਤੇ, ਕ੍ਰਿਸ ਨੂੰ ਆਪਣੇ ਕਰੀਬੀ ਦੋਸਤਾਂ ਦੀਆਂ ਫੋਟੋਆਂ ਵੀ ਮਿਲੀਆਂ, ਨਾਲ ਹੀ ਘੱਟੋ-ਘੱਟ 60 ਹੋਰ ਔਰਤਾਂ ਦੀਆਂ ਤਸਵੀਰਾਂ ਵੀ ਮਿਲੀਆਂ, ਜਿਨ੍ਹਾਂ ਵਿੱਚੋਂ ਬਹੁਤ ਸਾਰੀਆਂ ਸਿਡਨੀ ਤੋਂ ਹੀ ਸਨ।

ਜੋੜੇ ਨੂੰ ਜਲਦੀ ਹੀ ਅਹਿਸਾਸ ਹੋ ਗਿਆ ਕਿ ਇਸ ਡੀਪਫੇਕ ਪੋਰਨ ਨੂੰ ਬਣਾਉਣ ਲਈ ਵਰਤੀਆਂ ਗਈਆਂ ਤਸਵੀਰਾਂ ਔਰਤਾਂ ਦੇ ਨਿੱਜੀ ਸੋਸ਼ਲ ਮੀਡੀਆ ਖਾਤਿਆਂ ਤੋਂ ਆਈਆਂ ਸਨ।

ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਅਪਰਾਧੀ ਕੋਈ ਅਜਿਹਾ ਵਿਅਕਤੀ ਸੀ ਜਿਸਨੂੰ ਉਹ ਦੋਵੇਂ ਜਾਣਦੇ ਸਨ।

ਗ੍ਰਾਂਡੀ ਨੇ ਆਪਣੇ ਕੇਸ ਪ੍ਰਤੀ ਆਸਟ੍ਰੇਲੀਆਈ ਪੁਲਿਸ ਦੇ ਸ਼ੁਰੂਆਤੀ ਖਾਰਜ ਕਰਨ ਵਾਲੇ ਰਵੱਈਏ ਬਾਰੇ ਸ਼ਿਕਾਇਤ ਕੀਤੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਗ੍ਰਾਂਡੀ ਨੇ ਆਪਣੇ ਕੇਸ ਪ੍ਰਤੀ ਆਸਟ੍ਰੇਲੀਆਈ ਪੁਲਿਸ ਦੇ ਸ਼ੁਰੂਆਤੀ ਖਾਰਜ ਕਰਨ ਵਾਲੇ ਰਵੱਈਏ ਬਾਰੇ ਸ਼ਿਕਾਇਤ ਕੀਤੀ

ਇਸ ਸਭ ਦੇ ਪਿੱਛੇ ਜਿੰਮੇਵਾਰ ਵਿਅਕਤੀ ਦਾ ਪਤਾ ਲਗਾਉਣ ਲਈ ਬੇਤਾਬ, ਹੇਨਾਹ ਅਤੇ ਕ੍ਰਿਸ ਨੇ ਘੰਟਿਆਂ ਬੱਧੀ ਸੋਸ਼ਲ ਮੀਡੀਆ ਦੋਸਤਾਂ ਦੀਆਂ ਸੂਚੀਆਂ ਦੀ ਖੋਜ ਕੀਤੀ ਅਤੇ ਵਿਧੀਵਤ ਤੌਰ 'ਤੇ ਸਬੂਤਾਂ ਦਾ ਇੱਕ ਡੋਜ਼ੀਅਰ ਬਣਾਇਆ।

ਚਾਰ ਘੰਟਿਆਂ ਦੇ ਅੰਦਰ, ਉਨ੍ਹਾਂ ਕੋਲ ਤਿੰਨ ਸੰਭਾਵਿਤ ਸ਼ੱਕੀਆਂ ਦੀ ਸੂਚੀ ਸੀ।

ਉਨ੍ਹਾਂ ਵਿੱਚੋਂ ਇੱਕ ਉਨ੍ਹਾਂ ਦੇ ਕਾਲਜ ਦੋਸਤ ਐਂਡਰਿਊ ਹੇਲਰ ਸੀ, ਜਿਸ ਨੂੰ ਉਨ੍ਹਾਂ ਨੇ ਤੁਰੰਤ ਇਸ ਸੂਚੀ ਤੋਂ ਹਟਾ ਦਿੱਤਾ।

ਕਿਉਕਿ ਹੇਨਾਹ, ਕ੍ਰਿਸ ਅਤੇ ਐਂਡਰਿਊ, ਤਿੰਨੋਂ ਹੀ ਕੈਂਪਸ ਬਾਰ ਵਿੱਚ ਕੰਮ ਕਰਦੇ ਸਮੇਂ ਮਿਲੇ ਸਨ ਅਤੇ ਜਲਦੀ ਹੀ ਚੰਗੇ ਦੋਸਤ ਵੀ ਬਣ ਗਏ ਸਨ।

ਐਂਡਰਿਊ ਉਰਫ਼ ਐਂਡੀ, ਨੂੰ "ਸੁਪਰਵਾਈਜ਼ਰ" ਵਜੋਂ ਜਾਣਿਆ ਜਾਂਦਾ ਸੀ।

ਹੇਨਾਹ ਦੱਸਦੇ ਹਨ ਕਿ ਉਹ ਵਿਚਾਰਸ਼ੀਲ ਅਤੇ ਮਿਲਣਸਾਰ ਸੀ, ਉਹ ਉਸ ਕਿਸਮ ਦਾ ਆਦਮੀ ਜੋ ਬਾਰ ਵਿੱਚ ਔਰਤਾਂ ਦੀ ਦੇਖਭਾਲ ਕਰਦਾ ਸੀ ਅਤੇ ਇਹ ਯਕੀਨੀ ਬਣਾਉਂਦਾ ਸੀ ਕਿ ਉਸਦੀਆਂ ਸਹੇਲੀਆਂ ਪਾਰਟੀ ਕਰਨ ਤੋਂ ਬਾਅਦ ਸੁਰੱਖਿਅਤ ਘਰ ਪਹੁੰਚ ਗਈਆਂ ਜਾਂ ਨਹੀਂ।

ਉਨ੍ਹਾਂ ਨੇ ਇਕੱਠੇ ਬਹੁਤ ਸਮਾਂ ਬਿਤਾਇਆ, ਇਕੱਠੇ ਛੁੱਟੀਆਂ 'ਤੇ ਗਏ, ਇੱਕ ਦੂਜੇ 'ਤੇ ਵਿਸ਼ਵਾਸ ਕੀਤਾ।

ਹੇਨਾਹ ਦੱਸਦੇ ਹਨ "ਮੈਂ ਉਸ ਨੂੰ ਇੱਕ ਬਹੁਤ ਹੀ ਕਰੀਬੀ ਦੋਸਤ ਸਮਝਦੀ ਸੀ। "

ਉਹ ਕਹਿੰਦੇ ਹਨ "ਸਾਨੂੰ ਬਹੁਤ ਯਕੀਨ ਸੀ ਕਿ ਉਹ ਇੱਕ ਚੰਗਾ ਇਨਸਾਨ ਹਨ।"

ਪਰ ਫਿਰ ਕੁਝ ਅਜਿਹਾ ਹੋਇਆ ਕਿ ਉਨ੍ਹਾਂ ਨੇ ਸਿਰਫ਼ ਐਂਡਰਿਊ ਨੂੰ ਹੀ ਸ਼ੱਕ ਦੇ ਰਡਾਰ 'ਤੇ ਰੱਖਿਆ।

ਡਰ ਅਤੇ ਦੇਰੀ

ਜਦੋਂ ਹੇਨਾਹ ਅਗਲੀ ਸਵੇਰ ਉੱਠੀ ਅਤੇ ਪੁਲਿਸ ਸਟੇਸ਼ਨ ਗਈ, ਤਾਂ ਉਹ ਸਦਮੇ ਅਤੇ ਡਰ ਦੇ ਨਾਲ-ਨਾਲ ਥੋੜਾ ਆਸ਼ਾਵਾਦ ਵੀ ਮਹਿਸੂਸ ਕਰ ਰਹੇ ਸਨ।

"ਅਸੀਂ ਸੋਚਿਆ ਸੀ ਕਿ ਪੁਲਿਸ ਉਸ ਨੂੰ ਦੁਪਹਿਰ ਦੁਪਹਿਰ ਤੱਕ ਲੱਭ ਲਵੇਗੀ।"

ਪਰ ਹੇਨਾਹ ਅੱਗੇ ਦਸਦੇ ਹਨ ਕਿ ਉਨ੍ਹਾਂ ਹੱਥ ਸਿਰਫ ਨਿਰਾਸ਼ਾ ਲੱਗੀ।

ਨਿਊ ਸਾਊਥ ਵੇਲਜ਼ ਦੇ ਇੱਕ ਪੁਲਿਸ ਅਧਿਕਾਰੀ ਨੇ ਪੁੱਠਾ ਹੇਨਾਹ ਤੋਂ ਪੁੱਛਿਆ ਕਿ ਉਨ੍ਹਾਂ ਨੇ ਆਖ਼ਰ ਐਂਡੀ ਨਾਲ ਅਜਿਹਾ ਕੀ ਕੀਤਾ ਸੀ, ਜਿਸ ਦਾ ਸ਼ਾਇਦ ਹੁਣ ਉਹ ਉਸ ਤੋਂ ਬਦਲਾ ਲੈ ਰਿਹਾ ਹੈ।

ਇਥੋਂ ਤੱਕ ਕਿ ਪੁਲਿਸ ਅਧਿਕਾਰੀ ਨੇ ਹੇਨਾਹ ਨੂੰ ਇਹ ਸੁਝਾਅ ਦਿੱਤਾ ਕਿ ਉਹ ਐਂਡੀ ਨਾਲ ਗੱਲ ਕਰਕੇ ਉਸ ਨੂੰ ਇਹ ਸਭ ਰੋਕਣ ਲਈ ਕਹਿ ਦੇਣ।

ਨਿਊ ਸਾਊਥ ਵੇਲਜ਼ ਪੁਲਿਸ ਨੇ ਹੇਨਾਹ ਦੇ ਮਾਮਲੇ 'ਤੇ ਬੀਬੀਸੀ ਨੂੰ ਟਿੱਪਣੀ ਦੇਣ ਤੋਂ ਇਨਕਾਰ ਕਰ ਦਿੱਤਾ।

ਹਾਲਾਂਕਿ, ਉਹ ਕਹਿੰਦੀ ਹਨ ਕਿ ਜਿਸ ਤਰੀਕੇ ਨਾਲ ਉਸ ਦੀ ਸ਼ਿਕਾਇਤ ਨੂੰ ਹੈਂਡਲ ਕੀਤਾ ਗਿਆ ਸੀ, ਉਨ੍ਹਾਂ ਨੂੰ ਇਹ ਮਹਿਸੂਸ ਕਰਵਾਇਆ ਜਾ ਰਿਹਾ ਸੀ ਕਿ ਜਿਵੇਂ ਉਹ ਛੋਟੀ ਜਿਹੀ ਗੱਲ ਨੂੰ ਵੱਡਾ ਬਣਾ ਰਹੇ ਹੋਣ।

ਹੇਨਾਹ ਕਹਿੰਦੇ ਹਨ ਕਿ "ਮੇਰੇ ਲਈ, ਇਹ ਜ਼ਿੰਦਗੀ ਬਦਲ ਦੇਣ ਵਰਗਾ ਸੀ।"

ਹੁਣ ਉਨ੍ਹਾਂ ਦਾ ਵਿਸ਼ਵਾਸ ਘੱਟ ਗਿਆ ਸੀ ਕਿ ਪੁਲਿਸ ਉਨ੍ਹਾਂ ਦੀ ਮਦਦ ਕਰੇਗੀ।

ਇਸ ਸਭ ਦੇ ਵਿਚਾਲੇ, ਉਹਨਾਂ ਨੇ ਆਸਟ੍ਰੇਲੀਆ ਦੇ ਈ-ਸੇਫਟੀ ਕਮਿਸ਼ਨਰ ਦਾ ਰੁੱਖ ਕੀਤਾ, ਪਰ ਉਹ ਸਿਰਫ਼ ਤਸਵੀਰਾਂ ਨੂੰ ਹਟਾਉਣ ਵਿੱਚ ਮਦਦ ਕਰਨ ਦੀ ਪੇਸ਼ਕਸ਼ ਕਰ ਸਕਿਆ।

ਨਿਰਾਸ਼ ਹੋ ਕੇ, ਜੋੜੇ ਨੇ ਇੱਕ ਵਕੀਲ ਨੂੰ ਇਹ ਕੰਮ ਸੌਂਪ ਦਿੱਤਾ ਅਤੇ ਚੀਜ਼ਾਂ ਨੂੰ ਅੱਗੇ ਵਧਾਉਣ ਲਈ ਇੱਕ ਡਿਜੀਟਲ ਫੋਰੈਂਸਿਕ ਮਾਹਰ ਨੂੰ ਨਿਯੁਕਤ ਕੀਤਾ।

ਜੈਸ ਉਨ੍ਹਾਂ 60 ਹੋਰ ਔਰਤਾਂ ਵਿੱਚੋਂ ਇੱਕ ਸੀ ਇਸ ਸੈੱਟ-ਅੱਪ ਦਾ ਸ਼ਿਕਾਰ ਹੋਈਆਂ

ਤਸਵੀਰ ਸਰੋਤ, Nikki Short/BBC

ਤਸਵੀਰ ਕੈਪਸ਼ਨ, ਜੈਸ ਉਨ੍ਹਾਂ 60 ਹੋਰ ਔਰਤਾਂ ਵਿੱਚੋਂ ਇੱਕ ਸੀ ਇਸ ਸੈੱਟ-ਅੱਪ ਦਾ ਸ਼ਿਕਾਰ ਹੋਈਆਂ

ਉਹ ਦੱਸਦੇ ਹਨ "ਤੁਹਾਡੀ ਦੁਨੀਆਂ ਛੋਟੀ ਹੋ ​​ਜਾਂਦੀ ਹੈ। ਤੁਸੀਂ ਲੋਕਾਂ ਨਾਲ ਗੱਲ ਨਹੀਂ ਕਰਦੇ। ਤੁਸੀਂ ਅਸਲ ਵਿੱਚ ਬਾਹਰ ਜਾਣਾ ਛੱਡ ਦਿੰਦੇ ਹੋ।"

ਉਨ੍ਹਾਂ ਅੱਗੇ ਕਿਹਾ "ਜੋ ਅਸੀਂ ਉਸ (ਐਂਡੀ) ਬਾਰੇ ਸੋਚਦੇ ਸੀ ਸਾਨੂੰ ਪੂਰੀ ਤਰ੍ਹਾਂ ਭੁੱਲਣਾ ਪਿਆ ਸੀ। ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰਦੇ ਸੀ ਕਿ ਉਸ ਨੇ ਇਹ ਕੰਮ ਕਿਉਂ ਕੀਤੇ ਸਨ। ਕੀ ਉਹ ਅਸਲ ਵਿੱਚ ਮੇਰੇ ਨਾਲ ਬਲਾਤਕਾਰ ਕਰਨ ਜਾਂ ਮੈਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ।"

ਜੋੜੇ ਨੇ ਆਪਣੇ ਘਰ ਵਿੱਚ ਕੈਮਰੇ ਲਗਾਏ ਅਤੇ ਹੇਨਾਹ ਦੇ ਡਿਵਾਈਸਾਂ 'ਤੇ ਲੋਕੇਸ਼ਨ ਟ੍ਰੈਕਿੰਗ ਨੂੰ ਫਿੱਟ ਕਰ ਦਿੱਤਾ।

ਹੇਨਾਹ ਨੇ 24/7 ਇੱਕ ਹੈਲਥ ਵਾਚ ਪਹਿਨਣੀ ਸ਼ੁਰੂ ਕਰ ਦਿੱਤੀ ਤਾਂ ਜੋ ਕਿਸੇ ਨੂੰ ਪਤਾ ਲੱਗੇ ਕਿ ਉਸ ਦੀ ਦਿਲ ਦੀ ਧੜਕਣ ਵਧ ਗਈ ਹੈ ਜਾਂ ਬੰਦ ਹੋ ਗਈ ਹੈ।

ਹੇਨਾਹ ਦੱਸਦੇ ਹਨ "ਮੈਂ ਖਿੜਕੀਆਂ ਖੋਲ੍ਹਣੀਆਂ ਬੰਦ ਕਰ ਦਿੱਤੀਆਂ ਕਿਉਂਕਿ ਮੈਨੂੰ ਡਰ ਸੀ ਕਿ ਕੋਈ ਅੰਦਰ ਆ ਜਾਵੇਗਾ"

"ਅਸੀਂ ਇੱਕ ਦੂਜੇ ਦੇ ਬੈੱਡਸਾਈਡ ਟੇਬਲਾਂ 'ਤੇ ਚਾਕੂ ਰੱਖ ਕੇ ਸੌਂਦੇ ਸੀ"

ਕ੍ਰਿਸ, ਅਜੇ ਵੀ ਪੁਲਿਸ ਦੁਆਰਾ ਠੁਕਰਾਇਆ ਹੋਇਆ ਮਹਿਸੂਸ ਕਰ ਰਹੇ ਸਨ। ਉਸ ਆਪ ਹੀ ਹੇਨਾਹ ਅਤੇ ਕੇਸ ਨਾਲ ਜੁੜੀ ਵੈੱਬਸਾਈਟ ਦੀ ਨਿਗਰਾਨੀ ਕਰ ਰਹੇ ਸਨ।

ਹੇਨਾਹ ਅਤੇ ਜੈਸ ਨੇ ਆਪਣੇ ਹਮਲਾਵਰ ਦੇ ਮੁਕੱਦਮੇ ਵਿੱਚ ਸ਼ਿਰਕਤ ਕੀਤੀ

ਤਸਵੀਰ ਸਰੋਤ, Ethan Rix/ABC News

ਤਸਵੀਰ ਕੈਪਸ਼ਨ, ਹੇਨਾਹ ਅਤੇ ਜੈਸ ਨੇ ਆਪਣੇ ਹਮਲਾਵਰ ਦੇ ਮੁਕੱਦਮੇ ਵਿੱਚ ਸ਼ਿਰਕਤ ਕੀਤੀ

ਹੁਣ ਤੱਕ ਉਨ੍ਹਾਂ ਨੂੰ ਪੁਲਿਸ ਵਲੋਂ ਇਸ ਜਾਂਚ ਬਾਰੇ ਕੁਝ ਦੱਸਿਆ ਨਹੀਂ ਗਿਆ ਸੀ।

ਫਿਰ ਇੱਕ ਦਿਨ ਉਨ੍ਹਾਂ ਨੂੰ ਪਤਾ ਲਗਿਆ ਕਿ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਬੰਦ ਕਰ ਦਿੱਤੀ ਹੈ।

ਉਨ੍ਹਾਂ ਨੂੰ ਇੱਕ ਵਿਸਤ੍ਰਿਤ ਫੋਰੈਂਸਿਕ ਰਿਪੋਰਟ ਲਈ ਹੋਰ ਵੀ ਪੈਸੇ ਖਰਚ ਕੀਤੇ ਅਤੇ ਪੁਲਿਸ ਵਾਚਡੌਗ ਕੋਲ ਰਸਮੀ ਸ਼ਿਕਾਇਤ ਦਰਜ ਕਰਨ ਦੀ ਧਮਕੀ ਦਿੱਤੀ।

ਕੁੱਲ ਮਿਲਾ ਕੇ, ਉਨ੍ਹਾਂ ਨੇ ਆਪਣੇ ਆਪ ਨੂੰ ਬਚਾਉਣ ਅਤੇ ਐਂਡੀ ਨੂੰ ਰੋਕਣ ਦੀ ਕੋਸ਼ਿਸ਼ ਵਿੱਚ 20,000 ਆਸਟ੍ਰੇਲੀਆਈ ਡਾਲਰ (ਅਮਰੀਕੀ $12,400) ਤੋਂ ਵੱਧ ਖਰਚ ਕੀਤੇ।

ਅੰਤ ਵਿੱਚ, ਉਨ੍ਹਾਂ ਵਲੋਂ ਇੱਕ ਨਵਾਂ ਜਾਸੂਸ ਨਿਯੁਕਤ ਕੀਤਾ ਗਿਆ ਅਤੇ ਦੋ ਹਫ਼ਤਿਆਂ ਦੇ ਅੰਦਰ ਪੁਲਿਸ ਐਂਡੀ ਦੇ ਘਰ ਛਾਪਾ ਮਾਰ ਰਹੀ ਸੀ, ਜਿਸਨੇ ਸਭ ਕੁਝ ਸਵੀਕਾਰ ਕਰ ਲਿਆ।

ਰਾਹਤ ਅਤੇ ਫਿਰ ਡਰ ਨਾਲ ਭਰੀ ਹੋਈ, ਹੇਨਾਹ ਨੇ ਆਪਣੇ ਦੋਸਤਾਂ ਨੂੰ ਇਹ ਖ਼ਬਰ ਦੱਸਣ ਲਈ ਫ਼ੋਨ ਕਰਨਾ ਸ਼ੁਰੂ ਕਰ ਦਿੱਤਾ।

ਹੇਨਾਹ ਦੀ ਇੱਕ ਦੋਸਤ ਜੈਸਿਕਾ ਸਟੂਅਰਟ ਕਹਿੰਦੇ ਹਨ "ਮੇਰਾ ਦਿੱਲ ਬੈਠ ਜਾਂਦਾ ਹੈ ਅੱਜ ਵੀ ਉਸ ਪਲ ਨੂੰ ਯਾਦ ਕਰਦੇ ਹੋਏ ਜਦੋਂ ਉਸ ਨੂੰ ਪਤਾ ਲੱਗਾ ਕਿ ਐਂਡੀ ਨੇ ਉਨ੍ਹਾਂ ਦੀਆਂ ਫੋਟੋਆਂ ਨਾਲ ਕੀ ਕੀਤਾ ਹੈ।"

ਇੱਕ ਦੋਸਤ ਜਿਸ ਨੂੰ ਉਹ "ਪਰਿਵਾਰਕ ਮੈਂਬਰ" ਵਜੋਂ ਪਿਆਰ ਕਰਦੇ ਸਨ, ਉਹ ਹੀ ਅਪਰਾਧ ਦੇ ਪਿੱਛੇ ਸਨ। ਐਂਡੀ ਹਮੇਸ਼ਾ "ਬਹੁਤ ਨਿਮਰ" ਅਤੇ "ਸੁਲਝਿਆ" ਜਾਪਦਾ ਸੀ, ਕੋਈ ਅਜਿਹਾ ਵਿਅਕਤੀ ਜਿਸ ਨੂੰ ਉਹ ਮੁਸ਼ਕਲ ਸਮਿਆਂ ਵਿੱਚ ਮਦਦ ਲਈ ਬੁਲਾਉਂਦੇ ਸਨ।

ਹੇਨਾਹ ਨੇ ਕਿਹਾ "ਇਹ ਸਵੀਕਾਰ ਕਰਨਾ ਸੱਚਮੁੱਚ ਮੁਸ਼ਕਲ ਰਿਹਾ ਹੈ ਕਿ ਉਹ ਦੋਵੇਂ ਸ਼ਖਸੀਅਤਾਂ ਅਸਲ ਵਿੱਚ ਇੱਕੋ ਵਿਅਕਤੀ ਦੀਆਂ ਹਨ"

ਇੱਕ ਇਤਿਹਾਸਕ ਕੇਸ

ਇਹ ਕੇਸ ਆਸਟ੍ਰੇਲੀਆ ਦੀ ਨਿਆਂ ਪ੍ਰਣਾਲੀ ਲਈ ਨਵਾਂ ਸੀ।

ਘੱਟੋ-ਘੱਟ ਇੱਕ ਦਹਾਕੇ ਤੱਕ, ਮਾਹਰਾਂ ਨੇ ਚੇਤਾਵਨੀ ਦਿੱਤੀ ਸੀ ਕਿ ਤਕਨਾਲੋਜੀ ਵਿੱਚ ਤਰੱਕੀ ਏਆਈ ਅਪਰਾਧਾਂ ਦੀ ਇੱਕ ਲਹਿਰ ਵੱਲ ਲੈ ਜਾਵੇਗੀ।

ਪਰ ਅਧਿਕਾਰੀਆਂ ਨੂੰ ਚੌਕਸ ਕਰ ਦਿੱਤਾ ਗਿਆ, ਜਿਸ ਨਾਲ ਡੀਪ ਫੇਕ ਦੇ ਪੀੜਤ - ਜਿਨ੍ਹਾਂ ਵਿੱਚੋਂ ਜ਼ਿਆਦਾਤਰ ਔਰਤਾਂ ਹਨ - ਕਮਜ਼ੋਰ ਹੋ ਗਏ।

2022 ਵਿੱਚ ਐਂਡੀ ਦੀ ਗ੍ਰਿਫ਼ਤਾਰੀ ਦੇ ਸਮੇਂ, ਨਿਊ ਸਾਊਥ ਵੇਲਜ਼ ਜਾਂ ਆਸਟ੍ਰੇਲੀਆ ਵਿੱਚ ਕਿਤੇ ਵੀ ਡੀਪਫੇਕ ਪੋਰਨ ਬਣਾਉਣ ਜਾਂ ਸਾਂਝਾ ਕਰਨ ਲਈ ਕੋਈ ਅਪਰਾਧਿਕ ਅਪਰਾਧ ਨਹੀਂ ਸੀ, ਅਤੇ ਦੇਸ਼ ਨੇ ਪਹਿਲਾਂ ਕਦੇ ਇੰਨਾ ਵੱਡਾ ਮਾਮਲਾ ਨਹੀਂ ਦੇਖਿਆ ਸੀ।

ਐਂਡੀ 'ਤੇ ਧਮਕੀ ਦੇਣ, ਪਰੇਸ਼ਾਨ ਕਰਨ ਜਾਂ ਅਪਰਾਧ ਕਰਨ ਲਈ ਦੂਰਸੰਚਾਰ ਦੀ ਦੁਰਵਰਤੋਂ ਕਰਨ ਦਾ ਦੋਸ਼ ਲਗਾਇਆ ਗਿਆ ਸੀ (ਇੱਕ ਅਜਿਹਾ ਅਪਰਾਧ ਜੋ ਬਹੁਤ ਸਾਰੇ ਇੰਟਰਨੈਟ ਅਪਰਾਧਾਂ 'ਤੇ ਲਾਗੂ ਹੁੰਦਾ ਹੈ) ਅਤੇ ਹੇਨਾਹ ਨੂੰ ਆਪਣੀਆਂ ਉਮੀਦਾਂ ਘੱਟ ਰੱਖਣ ਦੀ ਚੇਤਾਵਨੀ ਦਿੱਤੀ ਗਈ ਸੀ।

ਪਰ ਉਹ ਅਤੇ 25 ਹੋਰ ਔਰਤਾਂ ਜਿਨ੍ਹਾਂ ਨੇ ਇਸ ਮਾਮਲੇ ਵਿੱਚ ਹਿੱਸਾ ਲੈਣ ਦਾ ਫੈਸਲਾ ਕੀਤਾ ਸੀ, ਐਂਡੀ ਨੂੰ ਜਵਾਬਦੇਹ ਠਹਿਰਾਉਣ ਲਈ ਦ੍ਰਿੜ ਸਨ।

ਇੱਕ ਤੋਂ ਬਾਅਦ ਇੱਕ, ਉਨ੍ਹਾਂ ਨੇ ਪਿਛਲੇ ਸਾਲ ਉਸ ਦੇ ਮੁਕੱਦਮੇ ਵਿੱਚ ਗਵਾਹੀ ਦਿੱਤੀ।

ਮਾਹਰ ਅਤੇ ਅਧਿਕਾਰੀ ਚੇਤਾਵਨੀ ਦਿੰਦੇ ਹਨ ਕਿ ਡੀਪਫੇਕ ਬਣਾਉਣ ਵਾਲੇ ਆਪਣੇ ਪੀੜਤਾਂ ਦੇ ਸੋਸ਼ਲ ਮੀਡੀਆ ਖਾਤਿਆਂ ਦੀ ਵਰਤੋਂ ਉਨ੍ਹਾਂ 'ਤੇ ਹਮਲਾ ਕਰਨ ਲਈ ਸਮੱਗਰੀ ਪ੍ਰਾਪਤ ਕਰਨ ਲਈ ਕਰ ਰਹੇ ਹਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਾਹਰ ਅਤੇ ਅਧਿਕਾਰੀ ਚੇਤਾਵਨੀ ਦਿੰਦੇ ਹਨ ਕਿ ਡੀਪਫੇਕ ਬਣਾਉਣ ਵਾਲੇ ਆਪਣੇ ਪੀੜਤਾਂ ਦੇ ਸੋਸ਼ਲ ਮੀਡੀਆ ਖਾਤਿਆਂ ਦੀ ਵਰਤੋਂ ਉਨ੍ਹਾਂ 'ਤੇ ਹਮਲਾ ਕਰਨ ਲਈ ਸਮੱਗਰੀ ਪ੍ਰਾਪਤ ਕਰਨ ਲਈ ਕਰ ਰਹੇ ਹਨ

ਜੈਸ,ਹੇਨਾਹ ਦੀ ਇੱਕ ਦੋਸਤ, ਨੇ ਅਦਾਲਤ ਨੂੰ ਦੱਸਿਆ "ਤੁਸੀਂ ਨਾ ਸਿਰਫ਼ ਮੇਰੀ ਦੋਸਤੀ ਨੂੰ ਧੋਖਾ ਦਿੱਤਾ, ਸਗੋਂ ਤੁਸੀਂ ਸੁਰੱਖਿਆ ਦੀ ਭਾਵਨਾ ਨੂੰ ਵੀ ਤੋੜ ਦਿੱਤਾ ਹੈ।"

ਉਨ੍ਹਾਂ ਅੱਗੇ ਕਿਹਾ "ਦੁਨੀਆਂ ਅਣਜਾਣ ਅਤੇ ਖ਼ਤਰਨਾਕ ਮਹਿਸੂਸ ਹੁੰਦੀ ਹੈ, ਮੈਂ ਲਗਾਤਾਰ ਚਿੰਤਤ ਰਹਿੰਦੀ ਹਾਂ, ਜਦੋਂ ਮੈਂ ਸੌਂਦੀ ਹਾਂ ਤਾਂ ਮੈਨੂੰ ਬੁਰੇ ਸੁਪਨੇ ਆਉਂਦੇ ਹਨ।"

ਹੇਨਾਹ ਨੇ ਕਿਹਾ "ਨਵੀਆਂ ਦੋਸਤੀਆਂ ਬਣਾਉਣਾ ਅਸੰਭਵ ਮਹਿਸੂਸ ਹੁੰਦਾ ਹੈ, ਲਗਾਤਾਰ ਇਸ ਸਵਾਲ ਦੁਆਰਾ ਦੱਬਿਆ ਹੋਇਆ ਮਹਿਸੂਸ ਕਰਦੀ ਹਾਂ, 'ਕੀ ਇਹ ਵਿਅਕਤੀ ਤੁਹਾਡੇ ਵਰਗਾ ਹੋ ਸਕਦਾ ਹੈ?'"

ਐਂਡੀ ਨੇ ਅਦਾਲਤ ਨੂੰ ਦੱਸਿਆ ਕਿ ਤਸਵੀਰਾਂ ਬਣਾਉਣਾ ਉਸ ਦੇ ਮਾਨਸਿਕਤਾ ਦੇ ਇੱਕ "ਹਨੇਰੇ" ਹਿੱਸੇ ਲਈ "ਇੱਕ ਆਊਟਲੈਟ" ਸੀ ਜਿਸ ਨਾਲ "ਸਸ਼ਕਤ" ਮਹਿਸੂਸ ਕਰਦੇ ਸਨ, ਪਰ ਉਨ੍ਹਾਂ ਨੂੰ ਅੰਦਾਜ਼ਾ ਨਹੀਂ ਸੀ ਕਿ ਉਨ੍ਹਾਂ ਦੇ ਇਸ ਕੰਮ ਨਾਲ ਕੋਈ ਅਸਲ ਨੁਕਸਾਨ ਪਹੁੰਚਾਇਆ ਜਾ ਸਕਦਾ ਹੈ।

ਉਸਨੇ ਕਿਹਾ "ਮੈਂ ਸੱਚਮੁੱਚ ਇੱਕ ਭਿਆਨਕ ਕੰਮ ਕੀਤਾ ਹੈ ਅਤੇ ਮੈਨੂੰ ਬਹੁਤ ਅਫ਼ਸੋਸ ਹੈ।"

ਜੱਜ ਜੇਨ ਕਲਵਰ ਐਂਡਰਿਊ ਦੇ ਪਛਤਾਵੇ 'ਤੇ ਯਕੀਨ ਨਹੀਂ ਕਰ ਸਕੇ।

ਐਂਡੀ ਨੂੰ ਨੌਂ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ ਜਿਸ ਦੀ ਇੱਕ ਇਤਿਹਾਸਕ ਫੈਸਲੇ ਵਜੋਂ ਪ੍ਰਸ਼ੰਸਾ ਕੀਤੀ ਗਈ ਹੈ।

ਐਂਡੀ ਦਸੰਬਰ 2029 ਵਿੱਚ ਪੈਰੋਲ ਲਈ ਯੋਗ ਹੋਵੇਗਾ, ਪਰ ਉਸ ਨੇ ਅਦਾਲਤ ਨੂੰ ਦੱਸਿਆ ਹੈ ਕਿ ਉਹ ਆਪਣੀ ਸਜ਼ਾ ਦੀ ਅਪੀਲ ਕਰਨ ਦਾ ਇਰਾਦਾ ਰੱਖਦਾ ਹੈ।

ਪਰ ਆਸਟ੍ਰੇਲੀਆ ਅਤੇ ਹੋਰ ਦੇਸ਼ ਏਆਈ ਦੀ ਵਰਤੋਂ ਨੂੰ ਨਿਯਮਤ ਕਰਨ ਅਤੇ ਇਸ ਦੀ ਦੁਰਵਰਤੋਂ ਦੀ ਸਰਗਰਮੀ ਨਾਲ ਜਾਂਚ ਕਰਨ ਦੀ ਪ੍ਰਣਾਲੀ 'ਚ ਪਿੱਛੇ ਹਨ।

ਆਸਟ੍ਰੇਲੀਆ ਨੇ ਹਾਲ ਹੀ ਵਿੱਚ ਦੇਸ਼ ਭਰ ਵਿੱਚ ਡੀਪਫੇਕ ਪੋਰਨੋਗ੍ਰਾਫੀ ਦੀ ਸਿਰਜਣਾ ਅਤੇ ਸਾਂਝਾਕਰਨ ਨੂੰ ਅਪਰਾਧਕ ਬਣਾਇਆ ਹੈ।

ਹੇਨਾਹ ਅਤੇ ਉਸ ਦੇ ਸਾਥੀ, ਕ੍ਰਿਸ, ਨੂੰ ਉਮੀਦ ਹੈ ਕਿ ਉਨ੍ਹਾਂ ਦਾ ਕੇਸ ਆਸਟ੍ਰੇਲੀਆਈ ਅਧਿਕਾਰੀਆਂ ਨੂੰ ਡੀਪਫੇਕ ਸਮੱਸਿਆ ਦੀ ਗੰਭੀਰਤਾ ਨੂੰ ਸਮਝਣ ਵਿੱਚ ਮਦਦ ਕਰੇਗਾ

ਤਸਵੀਰ ਸਰੋਤ, Nikki Short/BBC

ਤਸਵੀਰ ਕੈਪਸ਼ਨ, ਹੇਨਾਹ ਅਤੇ ਉਸ ਦੇ ਸਾਥੀ, ਕ੍ਰਿਸ, ਨੂੰ ਉਮੀਦ ਹੈ ਕਿ ਉਨ੍ਹਾਂ ਦਾ ਕੇਸ ਆਸਟ੍ਰੇਲੀਆਈ ਅਧਿਕਾਰੀਆਂ ਨੂੰ ਡੀਪਫੇਕ ਸਮੱਸਿਆ ਦੀ ਗੰਭੀਰਤਾ ਨੂੰ ਸਮਝਣ ਵਿੱਚ ਮਦਦ ਕਰੇਗਾ

ਨਾ ਪੂਰਾ ਹੋਣ ਵਾਲਾ ਨੁਕਸਾਨ

ਨਾ ਤਾਂ ਆਸਟ੍ਰੇਲੀਆਈ ਨਿਆਂ ਪ੍ਰਣਾਲੀ ਅਤੇ ਨਾ ਹੀ ਪੁਲਿਸ ਇੰਨੇ ਵੱਡੇ ਡੀਪਫੇਕ ਕੇਸ ਲਈ ਤਿਆਰ ਸੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਨਾ ਤਾਂ ਆਸਟ੍ਰੇਲੀਆਈ ਨਿਆਂ ਪ੍ਰਣਾਲੀ ਅਤੇ ਨਾ ਹੀ ਪੁਲਿਸ ਇੰਨੇ ਵੱਡੇ ਡੀਪਫੇਕ ਕੇਸ ਲਈ ਤਿਆਰ ਸੀ

ਕ੍ਰਿਸ ਦਾ ਕਹਿਣਾ ਹੈ "ਤੁਹਾਡੇ ਕੋਲ ਜੋ ਵੀ ਕਾਨੂੰਨ ਤੁਸੀਂ ਚਾਹੁੰਦੇ ਹੋ, ਹੋ ਸਕਦੇ ਹਨ, (ਪਰ) ਜੇਕਰ ਤੁਹਾਡੇ ਕੋਲ ਇੱਕ ਪੁਲਿਸ ਫੋਰਸ ਹੈ ਜੋ ਅਯੋਗ ਹੈ ਤਾਂ ..."

"ਅਸੀਂ ਸਪੱਸ਼ਟ ਤੌਰ 'ਤੇ ਐਂਡੀ ਨਾਲ ਗੁੱਸੇ ਹਾਂ। ਪਰ ਇਹ ਵੀ ਘਿਣਾਉਣਾ ਅਹਿਸਾਸ ਹੈ ਕਿ ਪੁਲਿਸ ਨਾਲ ਧੱਕੇਸ਼ਾਹੀ ਕਰਨ ਦੇ ਸਮਰੱਥ ਲੋਕ ਹੀ ਇਨਸਾਫ ਪ੍ਰਾਪਤ ਕਰ ਸਕਦੇ ਹਨ।"

ਇਹ ਜੋੜਾ ਭਵਿੱਖ ਦੇ ਪੀੜਤਾਂ ਲਈ ਚੀਜ਼ਾਂ ਨੂੰ ਵੱਖਰਾ ਬਣਾਉਣ ਲਈ ਦ੍ਰਿੜ ਹੈ।

ਪਿਛਲੇ ਛੇ ਮਹੀਨਿਆਂ ਵਿੱਚ, ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ ਵਿੱਚ ਵੱਖ-ਵੱਖ ਮਾਮਲਿਆਂ ਵਿੱਚ, ਦੋ ਵਿਦਿਆਰਥੀਆਂ ਨੂੰ ਕਥਿਤ ਤੌਰ 'ਤੇ ਆਪਣੇ ਸਹਿਪਾਠੀਆਂ ਦੇ ਸਮੂਹਿਕ ਪੋਰਨ ਬਣਾਉਣ ਲਈ ਪੁਲਿਸ ਕੋਲ ਰਿਪੋਰਟ ਕੀਤਾ ਗਿਆ ਹੈ।

ਕਈ ਸਾਲਾਂ ਦੇ ਇਸ ਨਰਕ ਤੋਂ ਬਾਅਦ, ਹੇਨਾਹ ਵੀ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੀ ਹੈ।

ਪਰ ਐਂਡੀ ਦੀ ਆਉਣ ਵਾਲੀ ਅਪੀਲ ਉਸ ਦੀ ਜ਼ਿੰਦਗੀ ਅਤੇ ਮਾਨਸਿਕ ਸਿਹਤ ਨੂੰ ਦੁਬਾਰਾ ਖਤਰੇ ਵਿੱਚ ਪਾਉਂਦੀ ਹੈ।

"ਕਿਉਂਕਿ ਮੇਰੇ ਲਈ, ਅਤੇ ਦੂਜੀਆਂ ਕੁੜੀਆਂ ਲਈ, ਇਹ ਹਮੇਸ਼ਾ ਲਈ... (ਉਹ ਤਸਵੀਰਾਂ) ਹਮੇਸ਼ਾ ਇੰਟਰਨੈੱਟ 'ਤੇ ਰਹਿਣਗੀਆਂ," ਉਹ ਕਹਿੰਦੀ ਹੈ।

ਉਹ ਅਜੇ ਵੀ ਇੱਕ ਅਜਿਹੀ ਸੇਵਾ ਲਈ ਭੁਗਤਾਨ ਕਰਦੀ ਹੈ ਜੋ ਉਹਨਾਂ ਲਈ ਵੈੱਬ ਦੀ ਖੋਜ ਕਰਦੀ ਹੈ, ਅਤੇ ਉਸ ਨੂੰ ਚਿੰਤਾ ਹੈ ਕਿ ਭਵਿੱਖ ਦੇ ਦੋਸਤ, ਮਾਲਕ, ਵਿਦਿਆਰਥੀ ਅਤੇ ਉਸ ਦੇ ਆਪਣੇ ਬੱਚੇ ਉਹਨਾਂ ਤਸਵੀਰਾਂ ਨੂੰ ਲੱਭ ਲੈਣਗੇ।

ਉਸ ਦਾ ਸਭ ਤੋਂ ਵੱਡਾ ਡਰ ਇਹ ਹੈ ਕਿ ਉਸਦੀਆਂ ਸਭ ਤੋਂ ਵਧੀਆ ਯਾਦਾਂ ਕਦੇ ਵਾਪਸ ਨਹੀਂ ਆਉਣਗੀਆਂ।

"ਤੁਸੀਂ ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਚੀਜ਼ਾਂ ਪੋਸਟ ਕਰਦੇ ਹੋ ਕਿਉਂਕਿ ਉਹ ਤੁਹਾਡੀ ਜ਼ਿੰਦਗੀ ਦੇ ਸਭ ਤੋਂ ਖੁਸ਼ਹਾਲ ਪਲ ਹੁੰਦੇ ਹਨ। ਤੁਸੀਂ ਇੱਕ ਕੁੱਤਾ, ਇੱਕ ਘਰ ਖਰੀਦਦੇ ਹੋ, ਤੁਹਾਡੀ ਮੰਗਣੀ ਹੋ ਜਾਂਦੀ ਹੈ ਤਾਂ ਤੁਸੀਂ ਇੱਕ ਤਸਵੀਰ ਪੋਸਟ ਕਰਦੇ ਹੋ।"

ਹੇਨਾਹ ਨੇ ਕਿਹਾ "ਉਸ ਨੇ ਹਰ ਪਲ ਨੂੰ ਪੋਰਨੋਗ੍ਰਾਫੀ ਵਿੱਚ ਬਦਲ ਦਿੱਤਾ ਸੀ। ਅਤੇ ਫਿਰ ਜਦੋਂ ਤੁਸੀਂ ਉਹ ਤਸਵੀਰ ਦੇਖਦੇ ਹੋ... ਖੈਰ, ਹੁਣ ਉਸ ਵਿੱਚ ਆਪਣੇ ਆਪ ਦਾ ਬਲਾਤਕਾਰ ਹੁੰਦਾ ਦੇਖਦੀ ਹਾਂ।"

ਇਹ ਵੀ ਪੜ੍ਹੋ:

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)