ਇਸ ਮੁਲਕ 'ਚ ਗ਼ੈਰ ਕਨੂੰਨੀ ਸੋਨੇ ਦੀਆਂ ਖਾਣਾਂ 'ਚ ਔਰਤਾਂ ਸਰੀਰਕ ਸ਼ੋਸ਼ਣ ਤੋਂ ਲੈ ਕੇ ਕਤਲ ਤੱਕ ਦਾ ਸ਼ਿਕਾਰ ਹੁੰਦੀਆਂ ਹਨ

- ਲੇਖਕ, ਮਾਰੀਆਨਾ ਸ਼ਰੇਬਰ
- ਰੋਲ, ਬੀਬੀਸੀ ਪੱਤਰਕਾਰ
ਡੇਅਨੇ ਲੇਤ ਕਦੇ ਵੀ ਇੱਕ ਸੈਕਸ ਵਰਕਰ ਨਹੀਂ ਬਣਨਾ ਚਾਹੁੰਦੀ ਸੀ ਪਰ 17 ਸਾਲ ਦੀ ਉਮਰ ਵਿੱਚ ਉਸ ਦੇ ਪਤੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ ਅਤੇ ਉਸ ਦੇ ਸਸਕਾਰ 'ਤੇ ਲੱਗੇ ਪੈਸੇ ਦੇਣ ਜੋਗੀ ਰਕਮ ਵੀ ਉਸ ਕੋਲ ਨਹੀਂ ਸੀ।
ਉਨ੍ਹਾਂ ਦਾ ਪਦਾਇਸ਼ੀ ਘਰ ਬ੍ਰਾਜ਼ੀਲ ਦੇ ਉੱਤਰੀ ਸੂਬੇ ਪਾਰਾ ਵਿੱਚ ਪੈਂਦੇ ਇਟੈਟੂਬਾ ਸ਼ਹਿਰ ਵਿੱਚ ਹੈ। ਇਹ ਇਲਾਕਾ ਦੇਸ਼ ਵਿੱਚ ਗੈਰ-ਕਾਨੂੰਨੀ ਤਰੀਕੇ ਨਾਲ ਹੋਣ ਵਾਲੀ ਸੋਨੇ ਦੀ ਖੁਦਾਈ ਦੇ ਵਪਾਰ ਦਾ ਕੇਂਦਰ ਹੈ।
ਡੇਅਨੇ ਨੂੰ ਉਨ੍ਹਾਂ ਦੇ ਇੱਕ ਦੋਸਤ ਨੇ ਡੂੰਘੇ ਐਮਾਜ਼ੋਨ 'ਚ ਖੁਦਾਈ ਦਾ ਕੰਮ ਕਰਨ ਵਾਲਿਆਂ ਨਾਲ ਸੈਕਸ ਜ਼ਰੀਏ ਪੈਸਾ ਕਮਾਉਣ ਦੀ ਸਲਾਹ ਦਿੱਤੀ ਸੀ।
ਡੇਅਨੇ ਕਹਿੰਦੇ ਹਨ,"ਖਾਣਾਂ ਵਿੱਚ ਜਾਣਾ ਕਿਸੇ ਮਾੜੀ ਥਾਂ ਵਰਗਾ ਹੈ। "
"ਉੱਥੇ ਔਰਤਾਂ ਨੂੰ ਬੁਰੇ ਤਰੀਕੇ ਨਾਲ ਬੇਇੱਜ਼ਤ ਕੀਤਾ ਜਾਂਦਾ। ਉਨ੍ਹਾਂ ਦੇ ਮੂੰਹ 'ਤੇ ਥੱਪੜ ਮਾਰਨਾ ਜਾਂ ਉਨ੍ਹਾਂ ਉੱਤੇ ਚੀਕਣਾ ਆਮ ਗੱਲ ਹੈ।"
"ਮੈਂ ਆਪਣੇ ਕਮਰੇ ਵਿੱਚ ਸੁੱਤੀ ਪਈ ਸੀ ਅਤੇ ਇੱਕ ਵਿਅਕਤੀ ਖਿੜਕੀ ਰਾਹੀਂ ਟੱਪ ਕੇ ਕਮਰੇ ਵਿੱਚ ਆ ਗਿਆ ਤੇ ਉਸ ਨੇ ਮੇਰੇ ਸਿਰ 'ਤੇ ਪਿਸਤੌਲ ਤਾਣ ਲਈ। ਉਹ ਪੈਸੇ ਦੇ ਕੇ ਔਰਤਾਂ ਦੇ ਮਾਲਕ ਬਣਨਾ ਚਾਹੁੰਦੇ ਹਨ।"
ਡੇਅਨੇ ਆਪਣੇ ਪਤੀ ਦੇ ਸਸਕਾਰ ਲਈ ਪੈਸਾ ਇਕੱਠਾ ਕਰਨ ਵਿੱਚ ਕਾਮਯਾਬ ਰਹੀ ਅਤੇ ਉਸ ਨੇ 18 ਸਾਲ ਦੀ ਉਮਰ ਵਿੱਚ ਆਪਣੇ ਪਹਿਲੇ ਬੱਚੇ ਨੂੰ ਜਨਮ ਦਿੱਤਾ।

ਸ਼ਹਿਰ ਦੀਆਂ ਸਾਰੀਆਂ ਔਰਤਾਂ ਅਜਿਹਾ ਨਹੀਂ ਕਰਦੀਆਂ
ਇਟੈਟੂਬਾ ਵਿੱਚ ਪਿਛਲੇ 16 ਸਾਲਾਂ ਤੋਂ ਉਹ ਹੋਰਾਂ ਔਰਤਾਂ ਵਾਂਗ ਖਾਣਾਂ ਵਿੱਚ ਭੋਜਨ ਬਣਾਉਣ, ਕੱਪੜੇ ਧੋਣ, ਸ਼ਰਾਬ ਵਰਤਾਉਣ ਅਤੇ ਸੈਕਸ ਵਰਕਰ ਵਜੋਂ ਕੰਮ ਕਰਨ ਕਈ ਵਾਰ ਜਾ ਚੁੱਕੇ ਹਨ।
ਹੁਣ ਉਨ੍ਹਾਂ ਦੇ ਪਰਿਵਾਰ ਵਿੱਚ 7 ਜੀਅ ਹਨ, ਜਿਨ੍ਹਾਂ ਦੀ ਜਿੰਮੇਵਾਰੀ ਉਨ੍ਹਾਂ 'ਤੇ ਹੈ।
ਨਤਾਲੀਆ ਕੈਵਲਕੈਂਟੇ 24 ਸਾਲ ਦੀ ਉਮਰ ਵਿੱਚ ਖਾਣਾਂ ਵਿੱਚ ਇੱਕ ਸੈਕਸ ਵਰਕਰ ਬਣ ਗਈ ਸੀ।
ਉਹ ਕਹਿੰਦੇ ਹਨ,"ਮੈਂ ਇਹ ਨਹੀਂ ਕਹਿ ਰਹੀ ਕਿ ਇਸ ਸ਼ਹਿਰ ਵਿੱਚ ਸਾਰੀਆਂ ਔਰਤਾਂ ਇਹੀ ਕੰਮ ਕਰਦੀਆਂ ਹਨ ਪਰ ਇਨ੍ਹਾਂ ਵਿਚੋਂ ਵੱਡਾ ਹਿੱਸਾ ਸੈਕਸ ਵਰਕਰ ਦਾ ਕੰਮ ਕਰਦੀਆਂ ਹਨ। ਇਸ ਲਈ ਇਹ ਆਮ ਹੈ। ਹੁਣ ਸਾਨੂੰ ਸੱਚੀਂ ਕੋਈ ਫ਼ਰਕ ਨਹੀਂ ਪੈਂਦਾ।"
ਇੱਕ ਬਾਰ ਦੇ ਮਾਲਕ ਨਾਲ ਵਿਆਹ ਕਰਨ ਦੇ ਚਾਰ ਸਾਲ ਬਾਅਦ ਉਹ ਇੱਕ ਵੇਸ਼ਵਾਘਰ ਦੀ 'ਮੈਡਮ' ਬਣ ਗਈ।
ਹੁਣ ਉਨ੍ਹਾਂ ਨੇ ਆਪਣੀਆਂ ਭਤੀਜੀਆਂ ਦੀ ਦੇਖਭਾਲ ਕਰਨ ਲਈ ਇਹ ਕੰਮ ਛੱਡ ਦਿੱਤਾ।

ਖਦਾਣਾਂ ਵਾਲੇ ਇਲਾਕੇ ਵਿੱਚ ਮਾੜੀ ਵਿਵਸਥਾ ਹੁੰਦੀ
ਮੀਂਹ ਦੌਰਾਨ ਖਾਣਾਂ ਦੇ ਇਸ ਇਲਾਕੇ ਵਿੱਚ ਜ਼ਿੰਦਗੀ ਬੇਹੱਦ ਮੁਸ਼ਕਲਾਂ ਭਰੀ ਹੁੰਦੀ ਹੈ। ਇੱਥੇ ਜ਼ਿਆਦਾਤਰ ਗੰਦਗੀ ਭਰੇ ਇਲਾਕੇ, ਕੁਝ ਦੁਕਾਨਾਂ ਅਤੇ ਇੱਕ ਚਰਚ ਹੈ।
ਪਰ ਖੁਦਾਈ ਦਾ ਕੰਮ ਕਰਵਾਉਣ ਵਾਲੇ ਖ਼ੁਦ ਹੋਰ ਵੀ ਡੂੰਘੇ ਜੰਗਲਾਂ ਵਿੱਚ ਰਹਿੰਦੇ ਹਨ। ਜਿੱਥੇ ਉਨ੍ਹਾਂ ਨੇ ਲੱਕੜ ਅਤੇ ਕੱਖਾਂ ਦੀ ਵਰਤੋਂ ਨਾਲ ਝੁੱਗੀਆਂ ਬਣਾਈਆਂ ਹੋਈਆਂ ਹਨ।
ਇਹ ਥਾਵਾਂ ਵੀ ਸੱਪ ਅਤੇ ਚੀਤਿਆਂ ਵਿਚਾਲੇ ਘਿਰੀਆਂ ਰਹਿੰਦੀਆਂ ਹਨ ਤੇ ਉੱਥੇ ਜੈਨਰੇਟਰ ਬੰਦ ਹੋਣ ਬਾਅਦ ਘੁੱਪ ਹਨੇਰਾ ਛਾਅ ਜਾਂਦਾ ਹੈ। ਇਨ੍ਹਾਂ ਲੋਕਾਂ ਲਈ ਖਾਣਾ ਬਣਾਉਣ ਦਾ ਕੰਮ ਕਰਨ ਵਾਲੀਆਂ ਔਰਤਾਂ ਨੂੰ ਇਨ੍ਹਾਂ ਕੈਂਪਾਂ ਵਿੱਚ ਮਰਦਾਂ ਦੇ ਨਾਲ ਰਹਿਣਾ ਪੈਂਦਾ ਹੈ।
ਨਤਾਲੀਆ ਅੱਗੇ ਕਹਿੰਦੇ ਹਨ ਕਿ ਜਦੋਂ ਵੀ ਖੁਦਾਈ ਠੇਕੇਦਾਰਾਂ ਨੂੰ ਸੋਨਾ ਮਿਲਦਾ ਹੈ ਅਤੇ ਉਨ੍ਹਾਂ ਕੋਲ ਖ਼ਰਚ ਕਰਨ ਲਈ ਪੈਸੇ ਹੁੰਦੇ ਹਨ। ਉਸ ਤੋਂ ਬਾਅਦ ਉਹ ਅਕਸਰ ਪਿੰਡ ਵਿੱਚ ਦਿਖਾਈ ਦਿੰਦੇ ਹਨ।
ਔਰਤਾਂ ਦਾ ਕਹਿਣਾ ਹੈ ਕਿ ਕਈ ਵਾਰ ਉਨ੍ਹਾਂ ਨੂੰ ਸੈਕਸ ਤੋਂ ਪਹਿਲਾਂ ਨਹਾਉਣ ਲਈ ਮਨਾਉਣਾ ਪੈਂਦਾ ਹੈ।
ਬ੍ਰਾਜ਼ੀਲ ਦੇ ਕਾਨੂੰਨ ਦੇ ਤਹਿਤ ਵੇਸ਼ਵਾਘਰ ਚਲਾਉਣੇ ਗ਼ੈਰ-ਕਾਨੂੰਨੀ ਹਨ ਪਰ ਨਤਾਲੀਆ ਦਾ ਕਹਿਣਾ ਹੈ ਕਿ ਉਹ ਕੋਈ ਕਮਿਸ਼ਨ ਨਹੀਂ ਲੈਂਦੇ,ਉਨ੍ਹਾਂ ਨੇ ਸਿਰਫ ਬਾਰ ਸਟਾਫ਼ ਨੌਕਰੀ 'ਤੇ ਰੱਖਿਆ ਹੋਇਆ ਹੈ ਅਤੇ ਕਮਰੇ ਕਿਰਾਏ 'ਤੇ ਦਿੰਦੇ।
ਕਈ ਨੌਜਵਾਨ ਲੜਕੀਆਂ ਨਤਾਲੀਆ ਨਾਲ ਕੰਮ ਸਬੰਧੀ ਸੰਪਰਕ ਕਰਦੀਆਂ ਸਨ ਅਤੇ ਕਈ ਵਾਰ ਉਹ ਇਟੈਟੂਬਾ ਤੋਂ ਸੱਤ ਘੰਟੇ ਦੀ ਦੂਰੀ ਲਈ ਸਫ਼ਰ ਕਰਨ ਲਈ ਉਨ੍ਹਾਂ ਕੁੜੀਆਂ ਨੂੰ ਪੈਸੇ ਵੀ ਉਧਾਰ ਦਿੰਦੇ ਸਨ।
ਨਤਾਲੀਆ ਨੂੰ ਪੁੱਛਿਆ ਗਿਆ ਕਿ ਹੋਰ ਔਰਤਾਂ ਨੂੰ ਆਪਣੇ ਨਾਲ ਸ਼ਾਮਲ ਕਰਨ ਲਈ ਤੁਹਾਨੂੰ ਕੋਈ ਝਿਜਕ ਮਹਿਸੂਸ ਨਹੀਂ ਹੁੰਦੀ ਤਾਂ ਉਨ੍ਹਾਂ ਜਵਾਬ ਦਿੱਤਾ,"ਕਈ ਵਾਰ ਮੈਂ ਸੋਚਦੀ ਹਾਂ, ਮੈਂ ਇਸ ਵਿੱਚੋਂ ਲੰਘ ਚੁੱਕੀ ਹਾਂ ਅਤੇ ਮੈਂ ਜਾਣਦੀ ਹਾਂ ਕਿ ਇਹ ਵਧੀਆ ਕੰਮ ਨਹੀਂ ਹੈ। ਪਰ ਫਿਰ ਮੈਂ ਸੋਚਦੀ ਹਾਂ ਇਨ੍ਹਾਂ ਕੁੜੀਆਂ ਦੇ ਵੀ ਪਰਿਵਾਰ ਹਨ, ਇਸ ਕਰਕੇ ਮੈਂ ਇਨ੍ਹਾਂ ਨੂੰ ਕੰਮ 'ਤੇ ਰੱਖ ਲੈਂਦੀ ਹਾਂ।"
ਮਨੁੱਖੀ ਤਸ਼ੱਦਦ ਭਰੀਆਂ ਥਾਵਾਂ

ਨਤਾਲੀਆ ਨੇ ਵਿਆਹ ਤੋਂ ਪਹਿਲਾਂ ਵੀ ਕਾਫੀ ਪੈਸਾ ਕਮਾ ਲਿਆ ਸੀ।
ਹੁਣ ਉਨ੍ਹਾਂ ਦਾ ਇਟੈਟੂਬਾ ਵਿੱਚ ਆਪਣਾ ਘਰ ਹੈ, ਇੱਕ ਮੋਟਰਸਾਈਕਲ ਹੈ ਅਤੇ ਕਾਫ਼ੀ ਸੋਨਾ ਹੈ, ਜੋ ਉਨ੍ਹਾਂ ਨੂੰ ਕਦੇ-ਕਦਾਈਂ ਇੱਕ ਸਮੇਂ ਵਿੱਚ ਸੈਕਸ ਲਈ ਦੋ ਜਾਂ ਤਿੰਨ ਗ੍ਰਾਮ ਦੇ ਰੂਪ ਵਿੱਚ ਦਿੱਤਾ ਗਿਆ ਸੀ।
ਉਨ੍ਹਾਂ ਦਾ ਮਕਸਦ ਪੜ੍ਹਾਈ ਕਰ ਕੇ ਵਕੀਲ ਜਾਂ ਆਰਕੀਟੈਕਟ ਬਣਨਾ ਹੈ।
ਉਹ ਕਹਿੰਦੇ ਹਨ ਕਿ ਇਟੈਟੂਬਾ, ਜਿਸਨੂੰ 'ਗੋਲਡ ਨੂਗਟ ਸਿਟੀ' ਦਾ ਨਾਮ ਦਿੱਤਾ ਜਾਂਦਾ ਹੈ, ਇੱਥੇ ਕੁਝ ਔਰਤਾਂ ਨੇ ਆਪਣੇ ਪੈਸੇ ਨਾਲ ਆਪਣੇ ਆਪ ਨੂੰ ਕਾਰੋਬਾਰ ਵਿੱਚ ਸਥਾਪਤ ਕੀਤਾ ਹੈ।
ਪਰ ਹਿੰਸਕ ਅਤੇ ਗੈਰ-ਕਾਨੂੰਨੀ ਖਾਣਾਂ ਵਿੱਚ ਜਾਣਾ ਇੱਕ ਔਰਤ ਲਈ ਜ਼ੋਖ਼ਮ ਭਰਿਆ ਹੈ।
ਹਾਲਾਂਕਿ ਖਾਣਾਂ ਨੂੰ ਮਨੁੱਖੀ ਤਸ਼ੱਦਦ ਲਈ ਜਾਣਿਆ ਜਾਂਦਾ ਹੈ। ਇਸ ਵਿੱਚ ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ ਹਿੰਸਾ, ਜਿਨਸੀ ਸ਼ੋਸ਼ਣ ਅਤੇ ਤਸਕਰੀ ਸ਼ਾਮਲ ਹੈ, ਜਿਸ ਨੂੰ ਵੱਡੇ ਪੱਧਰ 'ਤੇ ਰਿਪੋਰਟ ਨਹੀਂ ਕੀਤਾ ਜਾਂਦਾ।
ਕੀਮਤੀ ਧਾਤਾਂ ਦੇ ਇੱਕ ਡੀਲਰ ਨੇ ਬੀਬੀਸੀ ਨੂੰ ਦੱਸਿਆ ਕਿ ਇਨ੍ਹਾਂ ਖਾਣਾਂ ਵਿੱਚੋਂ ਕੱਢੇ ਜਾਂਦੇ ਗੈਰ-ਕਾਨੂੰਨੀ ਸੋਨੇ ਨੂੰ ਆਮ ਤੌਰ 'ਤੇ ਇੱਕ ਲਾਇਸੈਂਸਸ਼ੁਦਾ ਮਾਈਨਿੰਗ ਕੋ-ਆਪਰੇਟਿਵ ਦੇ ਸੋਨੇ ਦੇ ਰੂਪ ਵਿੱਚ ਬਦਲਿਆ ਜਾਂਦਾ।
ਇਸ ਸੋਨੇ ਨੂੰ ਨਿਰਯਾਤ ਕਰਨ ਤੋਂ ਪਹਿਲਾਂ ਅਤੇ ਮੋਬਾਈਲ ਫੋਨਾਂ ਜਾਂ ਹੋਰ ਇਲੈਕਟ੍ਰੌਨਿਕ ਸਾਮਾਨ ਲਈ ਗਹਿਣਿਆਂ ਅਤੇ ਪੁਰਜ਼ਿਆਂ ਵਿੱਚ ਬਦਲਿਆ ਜਾਵੇਗਾ।
ਬ੍ਰਾਜ਼ੀਲ ਦੇ ਸੋਨੇ ਦੇ ਤਿੰਨ ਸਭ ਤੋਂ ਵੱਡੇ ਗਾਹਕ ਕੈਨੇਡਾ, ਸਵਿਟਜ਼ਰਲੈਂਡ ਅਤੇ ਯੂਕੇ ਹਨ।
ਇੰਸਟੀਚਿਊਟ ਐਸਕੋਲਹਸ ਥਿੰਕ ਟੈਂਕ ਦੇ ਮੁਤਾਬਕ, ਯੂਰਪ ਨੂੰ ਹੋਣ ਵਾਲੀਆਂ ਸਾਰੀਆਂ ਬਰਾਮਦਾਂ ਵਿੱਚੋਂ 90 ਫ਼ੀਸਦ ਤੋਂ ਵੱਧ ਉਨ੍ਹਾਂ ਇਲਾਕਿਆਂ ਤੋਂ ਆਉਂਦਾ ਹੈ, ਜਿੱਥੇ ਗ਼ੈਰ ਕਾਨੂੰਨੀ ਮਾਈਨਿੰਗ ਹੁੰਦੀ ਹੈ।
'ਖਦਾਣਾਂ 'ਚ ਹੋਏ ਔਰਤਾਂ ਦੇ ਕਤਲ ਕਿਸੇ ਤੋਂ ਲੁਕੇ ਨਹੀਂ'

ਮਾਈਨਿੰਗ ਵਾਲੇ ਇਲਾਕਿਆਂ ਵਿੱਚ ਔਰਤਾਂ ਦੇ ਮਾਮਲੇ ਕਿਤੇ ਤੋਂ ਲੁਕੇ ਨਹੀਂ ਹਨ।
26 ਸਾਲਾ ਆਰ. ਸੈਂਟੋਸ ਦੀ ਲਾਸ਼ ਪਿਛਲੇ ਸਾਲ ਉਸੇ ਕਮਰੇ ਵਿੱਚ ਮਿਲੀ ਸੀ, ਜਿੱਥੇ ਉਹ ਇਟੈਟੂਬਾ ਤੋਂ 11 ਘੰਟੇ ਦੀ ਦੂਰੀ 'ਤੇ ਕੁਈਉ-ਕੁਈਉ ਸੋਨੇ ਦੀ ਖਦਾਣ ਦੇ ਨੇੜੇ ਰਹਿ ਰਹੀ ਸੀ।
ਉਨ੍ਹਾਂ ਦੀ ਵੱਡੀ ਭੈਣ, ਰੇਲੇਨ ਦਾ ਕਹਿਣਾ ਹੈ ਕਿ ਇੱਕ ਆਦਮੀ ਨੇ ਸੈਂਟੋਸ ਨੂੰ ਸੈਕਸ ਲਈ ਪੈਸੇ ਦੀ ਪੇਸ਼ਕਸ਼ ਕੀਤੀ ਸੀ ਪਰ ਉਸ ਨੇ ਇਨਕਾਰ ਕਰ ਦਿੱਤਾ ਸੀ, ਇਸ ਲਈ ਉਸ ਵਿਅਕਤੀ ਨੇ ਉਸਨੂੰ ਬਾਅਦ ਵਿੱਚ ਲੱਭ ਕੇ ਉਸ ਦੀ ਕੁੱਟਮਾਰ ਕੀਤੀ।
ਰੇਲੇਨ ਕਹਿੰਦੇ ਹਨ, "ਬਹੁਤ ਸਾਰੀਆਂ ਔਰਤਾਂ ਰੋਜ਼ਾਨਾ ਮਰ ਰਹੀਆਂ ਹਨ, ਬਹੁਤ ਸਾਰੀਆਂ ਔਰਤਾਂ।"
"ਮੈਂ ਖਾਣਾਂ ਵਿੱਚ ਪੈਦਾ ਹੋਈ ਸੀ, ਮੈਂ ਖਾਣਾਂ ਵਿੱਚ ਵੱਡੀ ਹੋਈ ਅਤੇ ਹੁਣ ਮੈਂ ਖਾਣਾਂ ਵਿੱਚ ਰਹਿਣ ਤੋਂ ਡਰਦੀ ਹਾਂ।"
ਆਰ. ਸੈਂਟੋਸ ਦੇ ਕਤਲ ਦੇ ਸਬੰਧ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਪਰ ਅਜੇ ਤੱਕ ਮੁਕੱਦਮਾ ਨਹੀਂ ਚਲਾਇਆ ਗਿਆ ਹੈ। ਉਹ ਆਪਣੇ 'ਤੇ ਲੱਗੇ ਸਾਰੇ ਇਲਜ਼ਾਮਾਂ ਤੋਂ ਇਨਕਾਰ ਕਰਦਾ ਹੈ।
ਬ੍ਰਾਜ਼ੀਲ ਦੀਆਂ ਗ਼ੈਰ-ਕਾਨੂੰਨੀ ਸੋਨੇ ਦੀਆਂ ਖਾਣਾਂ ਦੁਆਰਾ ਕਵਰ ਕੀਤੀ ਗਈ ਜ਼ਮੀਨ 10 ਸਾਲਾਂ ਵਿੱਚ 2023 'ਚ ਦੁੱਗਣੀ ਤੋਂ ਵੀ ਵੱਧ 2,20,000 ਹੈਕਟੇਅਰ ਹੋ ਗਈ ਹੈ।
ਇਨ੍ਹਾਂ ਵਿੱਚ ਇੱਕ ਖੇਤਰ ਗ੍ਰੇਟਰ ਲੰਡਨ ਤੋਂ ਵੀ ਵੱਡਾ ਹੈ।
ਇਸ ਬਾਰੇ ਕੋਈ ਨਹੀਂ ਜਾਣਦਾ ਕਿ ਇਸ ਖੇਤਰ ਵਿੱਚ ਕਿੰਨੀਆਂ ਔਰਤਾਂ ਕੰਮ ਕਰਦੀਆਂ ਹਨ ਜਾਂ ਇੱਥੋਂ ਤੱਕ ਕਿ ਕਿੰਨੇ ਗ਼ੈਰ-ਕਾਨੂੰਨੀ ਮਾਈਨਜ਼ ਹਨ।
ਬ੍ਰਾਜ਼ੀਲ ਦੀ ਸਰਕਾਰ ਦਾ ਕਹਿਣਾ ਹੈ ਕਿ ਬਾਅਦ ਵਾਲਾ ਅੰਕੜਾ 80 ਹਜ਼ਾਰ ਤੋਂ ਲੈ ਕੇ 8 ਲੱਖ ਤੱਕ ਜਿੰਨਾ ਵੱਡਾ ਹੋ ਸਕਦਾ ਹੈ।
ਰਾਸ਼ਟਰਪਤੀ ਲੁਈਜ਼ ਇਨਾਸੀਓ ਲੂਲਾ ਡਾ ਸਿਲਵਾ ਦੇ ਅਧੀਨ ਸਰਕਾਰ ਨੇ ਗ਼ੈਰ-ਕਾਨੂੰਨੀ ਖਾਣਾਂ ਨੂੰ ਬੰਦ ਕਰਨ ਅਤੇ ਡੀਲਰਾਂ ਨੂੰ ਉਨ੍ਹਾਂ ਵੱਲੋਂ ਪੈਦਾ ਕੀਤਾ ਗਿਆ ਸੋਨਾ ਖਰੀਦਣ ਤੋਂ ਰੋਕਣ ਲਈ ਕਦਮ ਚੁੱਕੇ ਹਨ।
ਪਰ ਸੋਨੇ ਦੀਆਂ ਉੱਚੀਆਂ ਕੀਮਤਾਂ ਬਹੁਤ ਸਾਰੇ ਲੋਕਾਂ ਨੂੰ ਮਾੜੇ ਹਾਲਾਤ ਦੇ ਬਾਵਜੂਦ ਆਪਣੀ ਕਿਸਮਤ ਅਜ਼ਮਾਉਣ ਲਈ ਪ੍ਰੇਰਿਤ ਕਰਦੀਆਂ ਹਨ।
ਡੇਅਨੇ ਮਾਈਨਿੰਗ ਵਾਲੇ ਇਲਾਕਿਆਂ ਵਿੱਚ ਖ਼ਤਰਿਆਂ ਅਤੇ ਉਸ ਨੂੰ ਸਹਿਣੀਆਂ ਪੈਂਦੀਆਂ ਸਰੀਰਕ ਤਕਲੀਫ਼ਾਂ ਕਾਰਨ ਕੰਮ ਕਰਨਾ ਬੰਦ ਕਰਨਾ ਚਾਹੁੰਦੇ ਹਨ।
ਉਹ ਇਸ ਲਈ ਯੋਜਨਾ ਬਣਾ ਰਹੇ ਹਨ, ਜੋ ਆਸ ਦਿੰਦੀਆਂ ਹਨ ਕਿ ਇੱਕ ਡੂੰਘੇ ਐਮਾਜ਼ੋਨ ਜੰਗਲਾਂ ਦਾ ਸਫ਼ਰ ਆਖ਼ਰੀ ਹੋਵੇਗਾ।
ਇਸ ਆਖ਼ਰੀ ਸਫ਼ਰ ਦਾ ਮਕਸਦ ਦੋ ਜਾਂ ਤਿੰਨ ਮਹੀਨਿਆਂ ਵਿੱਚ ਆਉਣ ਤੋਂ ਪਹਿਲਾਂ ਇੰਨੇ ਪੈਸੇ ਕਮਾਉਣ ਦਾ ਹੈ ਜਿੰਨਾ ਨਾਲ ਉਹ ਇੱਕ ਸਨੈਕ ਬਾਰ ਖੋਲ੍ਹ ਸਕਣ।
ਹਾਲਾਂਕਿ ਉਨ੍ਹਾਂ ਨੂੰ ਕਈ ਵਾਰ ਤੌਖਲਾ ਵੀ ਲੱਗਦਾ ਹੈ ਕਿ ਉਹ ਸਫਲ ਨਹੀਂ ਹੋ ਸਕਣਗੇ।
ਉਹ ਕਹਿੰਦੇ ਹਨ ਕਿ ਜਦੋਂ ਵੀ ਉਹ ਇਕੱਲੇ ਹੁੰਦੇ ਹਨ, ਜੰਗਲ ਵਿੱਚ ਜਾਂਦੇ ਹਨ ਤਾਂ ਉਨ੍ਹਾਂ ਨੂੰ ਆਪਣੇ ਬੱਚਿਆਂ ਦੀ ਚਿੰਤਾ ਹੁੰਦੀ ਹੈ।
ਉਹ ਕਹਿੰਦੇ ਹਨ, "ਮੈਂ ਕੋਸ਼ਿਸ਼ ਕਰਦੀ ਰਹਾਂਗੀ, ਜਦੋਂ ਤੱਕ ਮੈਂ ਹੋਰ ਕੁਝ ਨਹੀਂ ਕਰ ਲੈਂਦੀ।"
"ਕਿਉਂਕਿ ਮੈਨੂੰ ਲੱਗਦਾ ਹੈ ਕਿ ਇੱਕ ਦਿਨ ਮੇਰੇ ਬੱਚੇ ਕਹਿਣਗੇ, 'ਮੇਰੀ ਮੰਮੀ ਨੇ ਬਹੁਤ ਮਿਹਨਤ ਕੀਤੀ ਸੀ। ਉਸ ਨੇ ਸਾਡੇ ਲਈ ਬਹੁਤ ਕੁਝ ਕੀਤਾ, ਉਸ ਸਖ਼ਤ ਸਮੇਂ ਵਿੱਚੋਂ ਲੰਘੀ ਪਰ ਉਸ ਨੇ ਕਦੇ ਹਾਰ ਨਹੀਂ ਮੰਨੀ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












