ਫ਼ਰਾਂਸ ਦਾ ਉਹ ਮਾਮਲਾ ਜਿਸ ’ਚ 72 ਸਾਲਾ ਰੇਪ ਪੀੜਤਾ ਨੇ ‘ਮਰਦ ਪ੍ਰਧਾਨ ਸਮਾਜ’ ਨੂੰ ਤਾੜਨਾ ਕੀਤੀ

ਤਸਵੀਰ ਸਰੋਤ, Reuters
- ਲੇਖਕ, ਲੌਰਾ ਗੋਜ਼ੀ
- ਰੋਲ, ਬੀਬੀਸੀ ਪੱਤਰਕਾਰ
ਜੀਜੇਲ ਪੇਲੀਕੋ ਨੇ 51 ਪੁਰਸ਼ਾਂ ਵੱਲੋਂ ਬਲਾਤਕਾਰ ਦੇ ਮਾਮਲੇ ਦੀ ਨਿੰਦਾ ਕਰਦੇ ਹੋਏ ਇਸ ਨੂੰ ʻਕਾਇਰਤਾ ਦਾ ਮੁਕੱਦਮਾʼ ਕਿਹਾ ਹੈ । ਉਨ੍ਹਾਂ ਆਖਿਆ ਇਹ ਸਮਾਂ ਹੈ ਫਰਾਂਸ ਦੇ "ਪੁਰਸ਼ ਪ੍ਰਧਾਨ ਸਮਾਜ" ਨੂੰ ਬਦਲਣ ਦਾ ਜੋ "ਬਲਾਤਕਾਰ ਨੂੰ ਮਾਮੂਲੀ ਸਮਝਦਾ ਹੈ"।
ਉਨ੍ਹਾਂ ਦੇ ਸਾਬਕਾ ਪਤੀ, ਡੋਮਿਨੀਕ ਪੇਲੀਕੋਟ ਨੇ ਮੰਨਿਆ ਹੈ ਕਿ ਉਨ੍ਹਾਂ ਨੇ ਮਜ਼ਾਨ ਵਿੱਚ ਆਪਣੇ ਘਰ ਵਿੱਚ ਲਗਭਗ ਇੱਕ ਦਹਾਕੇ ਤੱਕ ਨਸ਼ਿਆਂ ਦੇ ਅਸਰ ਅਤੇ ਬੇਹੋਸ਼ੀ ਦੀ ਹਾਲਤ ਵਿੱਚ ਦਰਜਨਾਂ ਮਰਦਾਂ ਨੂੰ ਔਨਲਾਈਨ ਸੱਦਾ ਦਿੱਤਾ ਸੀ।
ਅਦਾਲਤ ਵਿੱਚ ਇੱਕ ਦਿਨ ਹਫੜਾ-ਦਫੜੀ ਵਾਲਾ ਮਾਹੌਲ ਹੋ ਗਿਆ ਕਿਉਂਕਿ ਬਚਾਅ ਪੱਖ ਦੇ ਵਕੀਲਾਂ ਨੇ ਇਲਜ਼ਾਮ ਲਗਾਇਆ ਕਿ ਔਰਤ ਅਜੇ ਵੀ ਆਪਣੇ ਸਾਬਕਾ ਪਤੀ ਦੇ ਕਾਬੂ ਵਿੱਚ ਹੈ ਅਤੇ ਉਸ ਨੂੰ ਪੂਰੀ ਤਰ੍ਹਾਂ ਨਾਲ ਮੁਲਜ਼ਮ ਠਹਿਰਾਉਣ ਵਿਚ ਅਸਮਰੱਥ ਹੈ।
ਜੀਜੇਲ ਨੇ ਸਤੰਬਰ ਵਿੱਚ ਸ਼ੁਰੂ ਹੋਏ ਬਲਾਤਕਾਰ ਮਾਮਲੇ ਦੀ ਅਦਾਲਤੀ ਕਾਰਵਾਈ ਵਿੱਚ ਹਿੱਸਾ ਲਿਆ ਹੈ। ਉਨ੍ਹਾਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਨੂੰ ਛੱਡ ਦਿੱਤਾ ਹੈ ਤਾਂ ਜੋ ਪੂਰਾ ਮੁਕੱਦਮਾ ਅਵਿਗਨਨ (ਸਥਾਨ ਦਾ ਨਾਮ) ਦੀ ਅਦਾਲਤ ਵਿੱਚ ਪੂਰੀ ਰੌਸ਼ਨੀ ਅਤੇ ਸਪਸ਼ਟਤਾ ਨਾਲ ਹੋ ਸਕੇ।
ਇਸ ਕੇਸ ਨੇ ਨਾ ਸਿਰਫ਼ ਫਰਾਂਸ ਬਲਕਿ ਪੂਰੀ ਦੁਨੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।
ਨਸ਼ੀਲੀਆਂ ਦਵਾਈਆਂ ਦੇ ਪ੍ਰਭਾਵ ਹੇਠ ਹੋਣ ਵਾਲੇ ਜਿਨਸੀ ਸ਼ੋਸ਼ਣ ਦੇ ਮੁੱਦੇ ਨੂੰ ਉਜਾਗਰ ਕੀਤਾ ਹੈ।

ਇਸ ਖ਼ਬਰ ਦੇ ਕੁਝ ਵੇਰਵੇ ਤੁਹਾਨੂੰ ਪਰੇਸ਼ਾਨ ਕਰ ਸਕਦੇ ਹਨ
ਮੰਗਲਵਾਰ ਨੂੰ ਬਲਾਤਕਾਰ ਦੇ ਕੇਸ ਦਾ ਸਾਹਮਣਾ ਕਰ ਰਹੇ ਵਿਅਕਤੀਆਂ ਦੇ ਵਕੀਲਾਂ ਲਈ ਆਖ਼ਰੀ ਮੌਕਾ ਸੀ, ਜਿਸ ਵਿੱਚ ਉਹ ਜੱਜਾਂ ਨੂੰ ਇਹ ਭਰੋਸਾ ਦਵਾ ਸਕਣ ਕਿ ਔਰਤ ਦੇ ਸਾਬਕਾ ਪਤੀ ਡੋਮਿਨੀਕ ਪੋਲੀਕੌਟ ਨੇ ਕਿਸੇ ਤਰ੍ਹਾਂ ਉਨ੍ਹਾਂ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਲਿਆ ਕੇ ਬਲਾਤਕਾਰ ਕਰਵਾਇਆ ਸੀ।
ਬਚਾਅ ਪੱਖ ਵਿੱਚ ਲਗਭਗ 15 ਲੋਕ ਬੈਠੇ ਸਨ ਜਦਕਿ ਡੋਮਿਨੀਕ ਪੇਲੀਕੋਟ ਆਪਣੀ ਠੋਡੀ 'ਤੇ ਹੱਥ ਰੱਖ ਕੇ ਇੱਕ ਹੋਰ ਬਕਸੇ ਵਿੱਚ ਬੈਠਾ ਸੀ। 50 ਵਿੱਚੋਂ ਕੁਝ ਲੋਕਾਂ ਨੇ ਗੀਜੇਲ ਪੇਲੀਕੋਟ ਨਾਲ ਬਲਾਤਕਾਰ ਕਰਨ ਦੀ ਗੱਲ ਸਵੀਕਾਰ ਕੀਤੀ ਪਰ ਜ਼ਿਆਦਾਤਰ ਨੇ ਇਲਜ਼ਾਮਾਂ ਤੋਂ ਇਨਕਾਰ ਕੀਤਾ।
ਜਦੋਂ ਡੋਮਿਨੀਕ ਪੇਲੀਕੋਟ ਨੂੰ ਪੁੱਛਿਆ ਗਿਆ ਕਿ ਕੀ ਉਸ ਨੇ ਸਵੀਕਾਰ ਕੀਤਾ ਹੈ ਕਿ ਉਸ ਨੇ ਆਪਣੀ ਪਤਨੀ ਨਾਲ ਬਲਾਤਕਾਰ ਕਰਨ ਲਈ ਦੂਜਿਆਂ ਨੂੰ ਉਕਸਾਇਆ ਸੀ ਜਾਂ ਫਿਰ ਉਨ੍ਹਾਂ ਨੂੰ ਨਸ਼ੀਲਾ ਪਦਾਰਥ ਦਿੱਤਾ ਸੀ, ਤਾਂ ਉਸਨੇ ਦ੍ਰਿੜਤਾ ਨਾਲ ਕਿਹਾ: "ਬਿਲਕੁਲ ਨਹੀਂ।"
ਉਸ ਨੇ ਕਿਹਾ ਕਿ ਉਨ੍ਹਾਂ ਨੇ "ਆਪਣੇ ਆਪ ਨੂੰ ਬਚਾਉਣ ਲਈ" ਇਸ ਬਚਾਅ ਦੀ ਵਰਤੋਂ ਕੀਤੀ ਸੀ।
ਗੀਜੇਲ ਪੇਲੀਕੋ ਦੇ ਵਕੀਲ ਨੇ ਉਸ ਨੂੰ ਇਹ ਵੀ ਪੁੱਛਿਆ ਕਿ ਉਹ ਆਪਣੇ ਪਰਿਵਾਰ, ਖ਼ਾਸ ਕਰਕੇ ਉਸ ਦੀ ਧੀ ਕੈਰੋਲੀਨ ਨੂੰ ਕੀ ਕਹਿਣਾ ਚਾਹੁੰਦੇ ਹਨ।
ਡੋਮਿਨੀਕ ਦੇ ਲੈਪਟੌਪ ʼਤੇ ਕੈਰੋਲੀਨ ਦੀਆਂ ਆਂਸ਼ਿਕ ਤੌਰ ʼਤੇ ਬਿਨਾਂ ਕੱਪੜਿਆਂ ਦੀ ਤਸਵੀਰਾਂ ਨਜ਼ਰ ਆਈਆਂ ਸਨ ਅਤੇ ਜਦੋਂ ਉਸ ਕੋਲੋਂ ਇਸ ਫਾਈਲ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ, "ਮੈਂ ਉਸ ਨੂੰ ਟੁੱਟਦੇ ਹੋਏ ਦੇਖਿਆ ਹੈ...ਕੈਰੋਲੀਨ, ਮੈਂ ਤੈਨੂੰ ਕਦੇ ਨਹੀਂ ਛੂਹਿਆ।"

ਤਸਵੀਰ ਸਰੋਤ, Benoit PEYRUCQ/AFP
ਅਦਾਲਤ ਵਿੱਚ ਕੀ ਕੀ ਹੋਇਆ
ਉਹ ਭਰੀ ਅਦਾਲਤ ਵਿੱਚ ਚੀਕ ਕੇ ਬੋਲੀ, "ਤੁਸੀਂ ਝੂਠ ਬੋਲ ਰਹੇ ਹੋ, ਮੈਂ ਤੁਹਾਡੇ ਝੂਠ ਤੋਂ ਤੰਗ ਆ ਗਈ ਹਾਂ, ਤੁਸੀਂ ਆਪਣੇ ਝੂਠ ਵਿੱਚ ਇਕੱਲੇ ਹੋ, ਤੁਸੀਂ ਝੂਠ ਬੋਲਦੇ ਹੋਏ ਹੀ ਮਰ ਜਾਓਗੇ।"
ਜਦੋਂ ਉਹ ਇੱਕ-ਦੂਜੇ ਵੱਲ ਦੇਖਣ ਲੱਗੇ ਤਾਂ ਉੱਥੇ ਇੱਕ ਸੁੰਨ ਪਸਰ ਗਈ ਅਤੇ ਡੋਮਿਨੀਕ ਨੇ ਆਪਣੇ ਹੱਥਾਂ ਘੁੱਟ ਲਏ।
ਪਰਿਵਾਰ ਦੇ ਹੋਰਨਾਂ ਮੈਬਰ ਦਰਦ ਭਰੇ ਚਿਹਰਿਆਂ ਨਾਲ ਉਸ ਨੂੰ ਘੂਰਦੇ ਰਹੇ ਜਦਕਿ ਜੀਜੇਲ ਨੇ ਖ਼ੁਦ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ।
ਪੋਲੀਕੋਟ ਦੇ ਗਵਾਹੀ ਦੇਣ ਦੇ ਕੁਝ ਸਮਾਂ ਪਹਿਲਾਂ 50 ਬਚਾਅ ਪੱਖਾਂ ਦੇ ਗਵਾਹਾਂ ਵਿੱਚੋਂ ਆਖ਼ਰੀ, ਫਿਲਿਪ ਐੱਲ ਨੇ ਕਿਹਾ ਕਿ ਉਹ ਉਸ ਸਥਿਤੀ ਤੋਂ "ਹੈਰਾਨ" ਸਨ ਜਦਕਿ ਡੋਮਿਨੀਕ ਨੇ ਉਨ੍ਹਾਂ ਨੂੰ ਆਪਣੇ ਘਰ ਸੱਦਾ ਦਿੱਤਾ ਸੀ ਅਤੇ ਜ਼ੋਰ ਦੇ ਕੇ ਕਿਹਾ ਸੀ ਕਿ ਉਹ ਜੀਜੇਲ ਨਾਲ ਸਰੀਰਕ ਸਬੰਧ ਬਣਾਉਣ।
ਉਸ ਨੇ ਵੀ ਬਲਾਤਕਾਰ ਤੋਂ ਇਨਕਾਰ ਕੀਤਾ ਅਤੇ ਦਲੀਲ ਦਿੱਤੀ ਕਿ ਉਸ ਨੇ ਆਪਣੀ ਜ਼ਮੀਰ ਨੂੰ ਪਾਸੇ ਰੱਖ ਦਿੱਤਾ ਸੀ ਅਤੇ "ਆਪਣੇ ਦਿਮਾਗ਼ ਨਾਲ ਨਹੀਂ ਸੋਚ ਰਿਹਾ ਸੀ"।
ਫਿਲਿਪ ਐੱਲ ਦੇ ਕਟਹਿਰੇ ਤੋਂ ਜਾਣ ਮਗਰੋਂ ਜੀਜੇਲ ਨੇ ਅਦਾਲਤ ਨੂੰ ਕਿਹਾ ਕਿ ਬੰਦ ਦਰਵਾਜ਼ੇ ਦੇ ਪਿੱਛੇ ਸੁਣਵਾਈ ਦੇ ਆਪਣੇ ਅਧਿਕਾਰ ਨੂੰ ਤਿਆਗ਼ ਕਿ ਉਹ "ਜਾਣਦੀ ਸੀ ਕਿ ਉਹ ਕਿਸ ਚੀਜ਼ ਲਈ ਤਿਆਰ ਹੋ ਰਹੀ ਹੈ", ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ "ਅੱਜ ਮੈਂ ਥਕਾਵਟ ਮਹਿਸੂਸ ਕਰ ਸਕਦੀ ਹਾਂ।"
ਇਹ ਪੁੱਛੇ ਜਾਣ ʼਤੇ ਕਿ ਕੀ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਨਾਲ ਬਲਾਤਕਾਰ ਕਰਨ ਦੀ ਗੱਲ ਸਵੀਕਾਰ ਕਰਨ ਵਾਲਿਆਂ ਅਤੇ ਨਾ ਕਰਨ ਵਾਲਿਆਂ ਵਿਚਾਲੇ ਕੋਈ ਅੰਤਰ ਹੈ ਤਾਂ ਜੀਜੇਲ ਨੇ ਕਿਹਾ, "ਸਾਰੇ ਮੇਰਾ ਬਲਾਤਕਾਰ ਕਰਨ ਆਏ ਸਨ,ਸਾਰਿਆਂ ਨੇ ਜੁਰਮ ਕੀਤਾ ਹੈ।"
ਪਰ ਉਨ੍ਹਾਂ ਨੇ ਇਸ ਗੱਲ ʼਤੇ ਜ਼ੋਰ ਦਿੱਤਾ ਕਿ ਜਦੋਂ ਮੁਲਜ਼ਮ ਨੇ ਕਟਹਿਰੇ ਵਿੱਚ ਬਲਾਤਕਾਰ ਦੀ ਗੱਲ ਸਵੀਕਾਰ ਕੀਤੀ ਤਾਂ "ਮੈਂ ਉਨ੍ਹਾਂ ਦੀਆਂ ਅੱਖਾਂ ਵਿੱਚ ਦੇਖਿਆ।"
"ਮੈਂ ਅਜਿਹੇ ਲੋਕਾਂ ਨੂੰ ਦੇਖਿਆ ਹੈ ਜਿਨ੍ਹਾਂ ਨੇ ਅਦਾਲਤ ਵਿੱਚ ਬਲਾਤਕਾਰ ਦੇ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ।"
"ਮੈਂ ਇਨ੍ਹਾਂ ਪੁਰਸ਼ਾਂ ਨੂੰ ਕਹਿਣਾ ਚਾਹੁੰਦੀ ਹਾਂ, ਜਦੋਂ ਤੁਸੀਂ ਬੈੱਡਰੂਮ ਵਿੱਚ ਦਾਖ਼ਲ ਹੋਏ ਤਾਂ ਜੀਜੇਲ ਨੇ ਤੁਹਾਨੂੰ ਕਿਸ ਵੇਲੇ ਸਹਿਮਤੀ ਦਿੱਤੀ ਸੀ?"
"ਮੈਂ ਸੁਣਿਆ ਹੈ, ʻਮੇਰੇ ਨਾਲ ਧੋਖਾ ਕੀਤਾ ਗਿਆʼ, ਮੈਂ ਸੁਣਿਆ ਹੈ, ʻਮੈਂ ਇੱਕ ਗਿਲਾਸ ਪਾਣੀ ਪੀ ਲਿਆ, ਮੈਨੂੰ ਨਸ਼ੀਲਾ ਪਦਾਰਥ ਦਿੱਤਾ ਗਿਆʼ। ਪਰ ਉਨ੍ਹਾਂ ਨੂੰ ਇਸ ਦਾ ਅਹਿਸਾਸ ਨਹੀਂ ਹੋਇਆ?"
ਜੀਜੇਲ ਨੂੰ ਇਹ ਵੀ ਪੁੱਛਿਆ ਗਿਆ ਕਿ ਜਦੋਂ ਉਨ੍ਹਾਂ ਦੇ ਆਪਣੇ ਬੱਚੇ ਹੋਰਨਾਂ ਨਾਵਾਂ ਦੀ ਵਰਤੋਂ ਕਰ ਰਹੇ ਸਨ, ਤਾਂ ਉਹ ਆਪਣੇ ਸਾਬਕਾ ਪਤੀ ਦਾ ਨਾਮ ਅਜੇ ਵੀ ਕਿਉਂ ਵਰਤ ਰਹੇ ਹਨ।

ਤਸਵੀਰ ਸਰੋਤ, Reuters
ਜਦੋਂ ਸ਼ਾਂਤਮਈ ਢੰਗ ਨਾਲ ਇਸ ਦਾ ਜਵਾਬ ਦਿੱਤਾ ਕਿ ਜਦੋਂ ਉਹ ਪਹਿਲੀ ਵਾਰ ਅਵਿਗਨ ਅਦਾਲਤ ਵਿੱਚ ਗਈ ਸੀ ਤਾਂ ਉਨ੍ਹਾਂ ਦੇ ਬੱਚਿਆਂ ਨੂੰ ਇਸ ਨਾਮ ʼਤੇ ਸ਼ਰਮ ਆਈ ਸੀ, ਪਰ ਉਨ੍ਹਾਂ ਨੇ ਪੋਤੇ ਪੋਤਰੀਆਂ ਨੂੰ ਅਜੇ ਵੀ ਪੋਲੀਕੋਟ ਕਿਹਾ ਜਾਂਦਾ ਹੈ ਤਾਂ ਕਮਰੇ ਵਿੱਚ ਸੰਨਾਟਾ ਛਾ ਗਿਆ।
ਉਨ੍ਹਾਂ ਨੇ ਕਿਹਾ, "ਅੱਜ ਮੈਂ ਚਾਹੁੰਦੀ ਹਾਂ ਕਿ ਉਹ ਆਪਣੀ ਦਾਦੀ ʼਤੇ ਮਾਣ ਕਰਨ।"
"ਮੇਰਾ ਨਾਮ ਹੁਣ ਪੂਰੀ ਦੁਨੀਆਂ ਜਾਣਿਆ ਜਾਂਦਾ ਹੈ, ਉਨ੍ਹਾਂ ਨੂੰ ਇਸ ਨਾਮ ਨੂੰ ਰੱਖਣ ਵਿੱਚ ਸ਼ਰਮ ਨਹੀਂ ਆਉਣੀ ਚਾਹੀਦੀ। ਅੱਜ ਅਸੀਂ ਜੀਜੇਲ ਪੋਲੀਕੋਟ ਨੂੰ ਯਾਦ ਕਰਾਂਗੇ।"
ਅਦਾਲਤ ਵਿੱਚ ਮਾਹੌਲ ਉਸ ਵੇਲੇ ਗਰਮਾ ਗਿਆ ਜਦੋਂ ਬਚਾਅ ਪੱਖ ਦੀ ਵਕੀਲ ਨਾਦੀਆ ਐੱਲ-ਬੌਰੌਮੀ ਨੇ ਜੀਜੇਲ ਨੂੰ ਸਵਾਲ ਪੁੱਛੇ। ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਨੇ ਹੋਰਨਾਂ ਬਚਾਅ ਪੱਖ ਦੇ ਗਵਾਹਾਂ ਲਈ "ਸਖ਼ਤ ਸ਼ਬਦਾਵਲੀ" ਦੀ ਵਰਤੋਂ ਕੀਤੀ ਸੀ, ਪਰ ਆਪਣੇ ਪਤੀ ਦੇ ਪ੍ਰਤੀ ਨਹੀਂ।
ਨਾਦੀਆ ਨੇ ਪੁੱਛਿਆ, "ਤੁਹਾਨੂੰ ਦੇਖ ਕੇ ਹੈਰਾਨੀ ਹੁੰਦੀ ਹੈ ਅਤੇ ਮੈਂ ਸੋਚ ਰਹੀ ਸੀ ਕਿ ਕੀ ਤੁਹਾਨੂੰ ਕਦੇ ਰੌਂਦੇ ਹੋਏ ਦੇਖ ਸਕਾਂਗੇ।"
ਵਕੀਲ ਦੇ ਲੜਾਕੂ ਅਤੇ ਕਦੇ-ਕਦੇ ਹਮਲਾਵਰ ਲਹਿਜ਼ੇ ਨਾਲ ਅਦਾਲਤ ਵਿੱਚ ਮੌਜੂਦ ਜਨਤਾ ਅਤੇ ਮੀਡੀਆ ਦੇ ਲੋਕ ਦੰਗ ਰਹਿ ਗਏ ਅਤੇ ਕਈ ਲੋਕਾਂ ਨੇ ਬੇਭਰੇਸਗੀ ਵਿੱਚ ਆਪਣਾ ਸਿਰ ਹਿਲਾਇਆ।
ਔਰਤ ਨੇ ਦੱਸਿਆ ਕਿ ਉਨ੍ਹਾਂ ਦੇ ਸਾਬਕਾ ਪਤੀ ਨੇ ਉਨ੍ਹਾਂ ਦੀ ਜਾਣਕਾਰੀ ਦੇ ਬਿਨਾਂ ਉਨ੍ਹਾਂ ਨੂੰ ਜੋ ਦਵਾਈਆਂ ਦਿੱਤੀਆਂ ਸਨ, ਉਨ੍ਹਾਂ ਨਾਲ ਪੈਦਾ ਹੋਈਆਂ ਮੈਡੀਕਲ ਦਿੱਕਤਾਂ ਕਾਰਨ ਉਨ੍ਹਾਂ ਆਪਣੀ ਜ਼ਿੰਦਗੀ ਦੇ 10 ਸਾਲ ਗੁਆਉਣੇ ਪਏ।
"ਮੈਨੂੰ ਲੱਗਦਾ ਸੀ ਕਿ ਜਾਂ ਤਾਂ ਮੈਂ ਮਰ ਜਾਵਾਂਗੀ ਜਾਂ ਫਿਰ ਕਿਸੇ ਮਾਨਸਿਕ ਹਸਪਤਾਲ ਵਿੱਚ ਚਲੀ ਜਾਵਾਂਗੀ। ਮੈਂ ਹੁਣ 72 ਸਾਲ ਦੀ ਹੋ ਗਈ ਹਾਂ ਅਤੇ ਮੈਨੂੰ ਨਹੀਂ ਪਤਾ ਕਿ ਮੇਰੇ ਕੋਲ ਕਿੰਨਾ ਸਮਾਂ ਬਚਿਆ ਹੈ।"
ਬਚਾਅ ਪੱਖ ਦੇ ਵਕੀਲਾਂ ਨੇ ਉਨ੍ਹਾਂ ਨੂੰ ਡੋਮਿਨੀਕ ਦੇ ਲੈਪਟੌਪ ʼਤੇ ਉਨ੍ਹਾਂ ਦੀ ਧੀ ਕੈਰੋਲੀਨ ਦੀਆਂ ਤਸਵੀਰਾਂ ਬਾਰੇ ਵੀ ਪੁੱਛਿਆ।

ਤਸਵੀਰ ਸਰੋਤ, CHRISTOPHE SIMON/AFP
ਉਸ ਤੋਂ ਬਾਅਦ ਉਨ੍ਹਾਂ ਦੇ ਬੱਚੇ ਅਦਾਲਤ ਤੋਂ ਬਾਹਰ ਚਲੇ ਗਏ ਅਤੇ ਕੁਝ ਸਮੇਂ ਤੱਕ ਵਾਪਸ ਨਹੀਂ ਆਏ, ਜਦਕਿ ਜੀਜ਼ੈਲ ਨੇ ਬਾਅਦ ਵਿੱਚ ਕਿਹਾ ਕਿ ਇਹ "ਪਰਿਵਾਰਕ ਮੁਕੱਦਮਾ ਨਹੀਂ ਹੈ।"
ਜਦੋਂ ਬਚਾਅ ਪੱਖ ਦੇ ਵਕੀਲ ਨੇ ਜੀਜੇਲ ਨੂੰ ਕਿਹਾ ਕਿ ਉਹ ਅਜੇ ਵੀ ਆਪਣੇ ਸਾਬਕਾ ਪਤੀ ਦੇ ਕਾਬੂ ਵਿੱਚ ਹੈ ਅਤੇ ਉਨ੍ਹਾਂ ਪੂਰੀ ਤਰ੍ਹਾਂ ਮੁਲਜ਼ਮ ਨਹੀਂ ਠਹਿਰਾ ਸਕਦੀ ਤਾਂ ਉਹ ਅਦਾਲਤ ਵਿੱਚ ਸ਼ਾਂਤ ਖੜ੍ਹੀ ਰਹੀ ਜਦੋਂ ਕਿ ਦੋਵਾਂ ਪੱਖਾਂ ਦੇ ਵਕੀਲ ਇੱਕ-ਦੂਜੇ ਉੱਤੇ ਚੀਕ ਰਹੇ ਸਨ।
ਬਹਿਸ ਨੂੰ ਖ਼ਤਮ ਕਰਨ ਲਈ ਜੱਜ ਨੂੰ ਦਖ਼ਲ ਦੇਣਾ ਪਿਆ।
ਬਾਅਦ ਵਿੱਚ ਅਦਾਲਤ ਨੇ ਡੋਮਿਨੀਕ ਦਾ ਨਵੰਬਰ 2020 ਵਿੱਚ ਪੁਲਿਸ ਨੂੰ ਦਿੱਤਾ ਗਿਆ ਬਿਆਨ ਸੁਣਿਆ, ਦੋ ਮਹੀਨੇ ਪਹਿਲਾਂ ਉਸ ਨੂੰ ਇੱਕ ਸੁਪਰ ਮਾਰਿਕਟ ਸੁਰੱਖਿਆ ਗਾਰਡ ਨੇ ਔਰਤਾਂ ਦੀ ਸਕਰਟ ਹੇਠਾਂ ਦੀ ਵੀਡੀਓ ਬਣਾਉਂਦੇ ਹੋਏ ਫੜਿਆ ਸੀ।
ਅਜਿਹੇ ਪੁਲਿਸ ਨੂੰ ਹਜ਼ਾਰਾਂ ਵੀਡੀਓ ਮਿਲੇ, ਜਿਸ ਵਿੱਚ ਉਸ ਨੇ ਆਪਣੀ ਪਤਨੀ ਦੇ ਨਾਲ ਸਰੀਰਕ ਸਬੰਧ ਬਣਾਉਂਦੇ ਹੋਏ ਪੁਰਸ਼ਾਂ ਦੇ ਬਣਾਏ ਸਨ, ਜਦਕਿ ਉਹ ਬੇਹੋਸ਼ ਸੀ।
ਔਰਤ ਨੂੰ ਇਸ ਗੱਲ ਦਾ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਕਿ ਕੀ ਹੋਇਆ ਅਤੇ ਉਸ ਨੇ 2011 ਤੋਂ 2020 ਤੱਕ ਔਰਤ ਨੂੰ ਨਸ਼ੇ ਦੇ ਪ੍ਰਭਾਵ ਹੇਠ ਰੱਖਿਆ।
ਇਹ ਕੇਸ ਅਗਲੇ ਮਹੀਨੇ ਖ਼ਤਮ ਹੋ ਜਾਵੇਗਾ ਅਤੇ ਦਸੰਬਰ ਦੇ ਅੱਧ ਤੱਕ ਫ਼ੈਸਲਾ ਆ ਜਾਵੇਗਾ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












