ਭੂਤ ਕੱਢਣ ਦੇ ਨਾਂ ਉੱਤੇ ਔਰਤਾਂ ਨਾਲ ਬਲਾਤਕਾਰ ਤੇ ਜਿਨਸੀ ਸੋਸ਼ਣ ਕਰਨ ਵਾਲੇ 'ਬਾਬਿਆਂ' ਦਾ ਬੀਬੀਸੀ ਨੇ ਭੰਨਿਆ ਭਾਂਡਾ

ਰੂਹਾਨੀ ਇਲਾਜ ਦੇ ਬਹਾਨੇ ਬਲਾਤਕਾਰ
    • ਲੇਖਕ, ਹਾਨਨ ਰਾਜ਼ੇਕ
    • ਰੋਲ, ਬੀਬੀਸੀ ਨਿਊਜ਼ ਅਰਬੀ

ਬੀਬੀਸੀ ਅਰਬੀ ਨੇ ਜਿਨਸੀ ਹਿੰਸਾ ਅਤੇ ਸ਼ੋਸ਼ਣ ਦੀ ਇੱਕ ਲੁਕੀ ਹੋਈ ਦੁਨੀਆਂ ਤੋਂ ਪਰਦਾ ਹਟਾਇਆ ਹੈ। ਰੂਹਾਨੀ ਇਲਾਜ ਅਰਬ ਸੰਸਾਰ ਅਤੇ ਮੁਸਲਮਾਨਾਂ ਵਿੱਚ ਆਮ ਚਲਨ 'ਚ ਹੈ।

ਰੂਹਾਨੀ ਇਲਾਜ ਕਰਨ ਦਾ ਦਾਅਵਾ ਕਰਨ ਵਾਲਿਆਂ ਕੋਲ ਜ਼ਿਆਦਾਤਰ ਔਰਤਾਂ ਹੀ ਜਾਂਦੀਆਂ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਅਜਿਹੇ ਲੋਕ ਆਪਣੇ ਉੱਪਰ ਪਏ ‘ਜਿੰਨਾਂ ਦਾ ਪਰਛਾਵਾਂ’ ਹਟਾ ਕੇ ਇਸ ਬੀਮਾਰੀ ਤੋਂ ਛੁਟਕਾਰਾ ਦਿਵਾ ਸਕਦੇ ਹਨ।

ਬੀਬੀਸੀ ਨੇ ਪਿਛਲੇ ਸਾਲ ਵਿੱਚ 85 ਔਰਤਾਂ ਨਾਲ ਗੱਲ ਕੀਤੀ ਹੈ। ਇਨ੍ਹਾਂ ਔਰਤਾਂ ਨੇ ਮੋਰੱਕੋ ਅਤੇ ਸੂਡਾਨ ਵਿੱਚ ਅਜਿਹੇ 65 ਰੂਹਾਨੀ ਇਲਾਜ ਕਰਨ ਵਾਲਿਆਂ ਬਾਰੇ ਜਾਣਕਾਰੀ ਦਿੱਤੀ ਹੈ।

ਮਹਿਲਾਵਾਂ ਨੇ ਇਨ੍ਹਾਂ ਲੋਕਾਂ 'ਤੇ ਬਲਾਤਕਾਰ ਤੋਂ ਲੈ ਕੇ ਜਿਨਸੀ ਸ਼ੋਸ਼ਣ ਤੱਕ ਦੇ ਇਲਜ਼ਾਮ ਲਗਾਏ ਹਨ।

ਬੀਬੀਸੀ ਨੇ ਗ਼ੈਰ-ਸਰਕਾਰੀ ਸੰਗਠਨਾਂ, ਅਦਾਲਤਾਂ, ਵਕੀਲਾਂ ਅਤੇ ਔਰਤਾਂ ਨਾਲ ਗੱਲ ਕਰਨ, ਬਦਸਲੂਕੀ ਦੀਆਂ ਕਹਾਣੀਆਂ ਨੂੰ ਇਕੱਠਾ ਕਰਨ ਅਤੇ ਤਸਦੀਕ ਕਰਨ ਵਿੱਚ ਮਹੀਨੇ ਬਿਤਾਏ ਹਨ।

ਬੀਬੀਸੀ ਦੀ ਇੱਕ ਅੰਡਰਕਵਰ ਮਹਿਲਾ ਪੱਤਰਕਾਰ ਇਲਾਜ ਕਰਵਾਉਣ ਦੇ ਬਹਾਨੇ ਅਜਿਹੇ ਹੀ ਇੱਕ ਡਾਕਟਰ ਕੋਲ ਪਹੁੰਚੇ।

ਉਸ ਵਿਅਕਤੀ ਨੇ ਬੀਬੀਸੀ ਪੱਤਰਕਾਰ ਦਾ ਜਿਨਸੀ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕੀਤੀ। ਪੱਤਰਕਾਰ ਨੇ ਉੱਥੋਂ ਭੱਜ ਕੇ ਆਪਣੇ ਆਪ ਨੂੰ ਬਚਾਇਆ।

ਭੂਤ ਕੱਢਣ ਦੇ ਨਾਮ 'ਤੇ ਬਲਾਤਕਾਰ

ਰੂਹਾਨੀ ਇਲਾਜ ਦੇ ਬਹਾਨੇ ਬਲਾਤਕਾਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

ਕੁਝ ਸਾਲ ਪਹਿਲਾਂ ਮੋਰੱਕੋ ਦੀ ਦਲਾਲ (ਬਦਲਿਆ ਹੋਇਆ ਨਾਮ) ਦੀ ਮਹਿਲਾ ਤਣਾਅ ਦੇ ਇਲਾਜ ਲਈ ਕਾਸਾਬਲਾਂਕਾ ਦੇ ਨੇੜੇ ਇੱਕ ਕਸਬੇ ਵਿੱਚ ਇੱਕ ਰੂਹਾਨੀ ਇਲਾਜ ਕਰਨ ਵਾਲੇ ਵਿਅਕਤੀ ਕੋਲ ਗਏ। ਉਸ ਸਮੇਂ ਮਹਿਲਾ ਦੀ ਉਮਰ 25 ਸਾਲ ਦੇ ਕਰੀਬ ਸੀ।

ਰੂਹਾਨੀ ਇਲਾਜ ਦਾ ਦਾਅਵਾ ਕਰਨ ਵਾਲੇ ਵਿਅਕਤੀ ਨੇ ਦਲਾਲ ਨੂੰ ਦੱਸਿਆ ਕਿ ਉਸ 'ਤੇ 'ਪ੍ਰੇਮੀ ਭੂਤ' ਦਾ ਸਾਇਆ ਹੈ।

ਮਹਿਲਾ ਨਾਲ ਇਕੱਲਿਆਂ ਮੁਲਾਕਾਤ ਦੌਰਾਨ, ਆਦਮੀ ਨੇ ਉਸ ਨੂੰ ਕੁਝ ਸੁੰਘਣ ਲਈ ਕਿਹਾ। ਇਸ ਤੋਂ ਬਾਅਦ ਉਹ ਬੇਹੋਸ਼ ਹੋ ਗਏ। ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਕੋਈ ਬੇਹੋਸ਼ੀ ਦੀ ਦਵਾਈ ਹੋਣੀ।

ਦਲਾਲ ਨੂੰ ਉਦੋਂ ਤੱਕ ਸੈਕਸ ਦਾ ਕੋਈ ਅਨੁਭਵ ਨਹੀਂ ਸੀ। ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਹੋਸ਼ ਆਈ ਤਾਂ ਉਨ੍ਹਾਂ ਨੇ ਦੇਖਿਆ ਕਿ ਉਨ੍ਹਾਂ ਦੇ ਸਾਰੇ ਕੱਪੜੇ ਉਤਾਰ ਦਿੱਤੇ ਗਏ ਸਨ ਅਤੇ ਉਨ੍ਹਾਂ ਨਾਲ ਬਲਾਤਕਾਰ ਕੀਤਾ ਗਿਆ ਸੀ।

ਸਥਾਨਕ ਭਾਸ਼ਾ 'ਚ ਰਾਕੀ ਬੁਲਾਏ ਜਾਣ ਵਾਲੇ ਉਸ ਵਿਅਕਤੀ 'ਤੇ ਦਲਾਲ ਕਾਫੀ ਚੀਕੇ-ਚਿੱਲਾਏ।

ਦਲਾਲ ਦੱਸਦੇ ਹਨ, "ਮੈਂ ਕਿਹਾ ਸ਼ਰਮ ਕਰ, ਤੂੰ ਮੇਰੇ ਨਾਲ ਅਜਿਹਾ ਕਿਉਂ ਕੀਤਾ? ਉਸ ਨੇ ਜਵਾਬ ਦਿੱਤਾ ਕਿ ਮੈਂ ਇਹ ਸਭ ਤੁਹਾਡੇ ਸਰੀਰ ਵਿੱਚੋਂ ਭੂਤ ਕੱਢਣ ਲਈ ਕੀਤਾ।"

ਰੂਹਾਨੀ ਇਲਾਜ ਦੇ ਬਹਾਨੇ ਬਲਾਤਕਾਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

ਦਲਾਲ ਨੇ ਇਸ ਘਟਨਾ ਦਾ ਕਿਸੇ ਨਾਲ ਜ਼ਿਕਰ ਨਹੀਂ ਕੀਤਾ। ਇੱਕ ਤਾਂ ਉਹ ਸ਼ਰਮਿੰਦਾ ਸਨ ਅਤੇ ਦੂਜਾ ਉਨ੍ਹਾਂ ਨੂੰ ਯਕੀਨ ਸੀ ਕਿ ਲੋਕ ਉਨ੍ਹਾਂ ਨੂੰ ਹੀ ਦੋਸ਼ੀ ਸਮਝਣਗੇ।

ਕੁਝ ਹਫ਼ਤਿਆਂ ਬਾਅਦ ਜਦੋਂ ਉਹ ਗਰਭਵਤੀ ਹੋਏ ਤਾਂ ਉਹ ਹੈਰਾਨ ਰਹਿ ਗਏ। ਉਨ੍ਹਾਂ ਦੇ ਮਨ ਵਿੱਚ ਆਪਣੀ ਜਾਨ ਤੱਕ ਲੈਣ ਦਾ ਖ਼ਿਆਲ ਆਇਆ।

ਜਦੋਂ ਦਲਾਲ ਨੇ ਰਾਕੀ ਨੂੰ ਦੱਸਿਆ ਕਿ ਉਹ ਗਰਭਵਤੀ ਹੋ ਗਏ ਹਨ ਤਾਂ ਉਸ ਨੇ ਕਿਹਾ ਕਿ ਇਹ ਭੂਤ ਦਾ ਕੰਮ ਹੈ। ਦਲਾਲ ਇਸ ਤਜ਼ਰਬੇ ਤੋਂ ਇੰਨਾ ਡਰੇ ਹੋਏ ਸਨ ਕਿ ਜਦੋਂ ਬੱਚਾ ਪੈਦਾ ਹੋਇਆ ਤਾਂ ਉਨ੍ਹਾਂ ਨੇ ਉਸ ਵੱਲ ਦੇਖਣ ਤੋਂ ਵੀ ਇਨਕਾਰ ਕਰ ਦਿੱਤਾ।

ਬੱਚੇ ਦਾ ਨਾਮ ਤੱਕ ਨਹੀਂ ਰੱਖਿਆ ਅਤੇ ਉਸ ਨੂੰ ਕਿਸੇ ਹੋਰ ਵਿਅਕਤੀ ਨੂੰ ਗੋਦ ਦੇ ਦਿੱਤਾ।

ਦਲਾਲ ਨੇ ਬੀਬੀਸੀ ਨੂੰ ਦੱਸਿਆ ਕਿ ਜੇਕਰ ਉਨ੍ਹਾਂ ਦੇ ਪਰਿਵਾਰ ਨੂੰ ਇਸ ਬਾਰੇ ਪਤਾ ਲੱਗ ਜਾਂਦਾ ਤਾਂ ਉਹ ਦਲਾਲ ਨੂੰ ਜਾਨੋਂ ਹੀ ਮਾਰ ਦਿੰਦੇ।

ਲਾਈਨ

'ਇਲਾਜ ਦੇ ਨਾਮ 'ਤੇ ਸੈਕਸ ਕਰਨ ਦੀ ਗੱਲ ਕਹੀ'

ਸਵਸਾਨ
ਤਸਵੀਰ ਕੈਪਸ਼ਨ, ਸਵਸਾਨ ਦੱਸਦੇ ਹਨ ਕਿ ਕਿਸ ਤਰ੍ਹਾਂ ਉਨ੍ਹਾਂ ਨੇ ਭੱਜ ਕੇ ਆਪ ਨੂੰ ਬਚਾਇਆ

ਬੀਬੀਸੀ ਨੂੰ ਮਿਲਣ ਵਾਲੀਆਂ ਕਈ ਮਹਿਲਾਵਾਂ ਨੇ ਕਿਹਾ ਕਿ ਜੇਕਰ ਉਹ ਖ਼ੁਦ 'ਤੇ ਹੋਈ ਵਧੀਕੀ ਬਾਰੇ ਰਿਪੋਰਟ ਲਿਖਵਾਉਂਦੀਆਂ ਤਾਂ ਉਨ੍ਹਾਂ ਨੂੰ ਹੀ ਦੋਸ਼ੀ ਮੰਨਿਆ ਜਾਂਦਾ। ਇਸ ਲਈ ਬਹੁਤ ਘੱਟ ਔਰਤਾਂ ਨੇ ਇਸ ਸ਼ੋਸ਼ਣ ਦਾ ਜ਼ਿਕਰ ਆਪਣੇ ਪਰਿਵਾਰ ਜਾਂ ਪੁਲਿਸ ਨਾਲ ਕੀਤਾ।

ਕੁਝ ਔਰਤਾਂ ਨੇ ਤਾਂ ਇੱਥੋਂ ਤੱਕ ਕਿਹਾ ਕਿ ਉਨ੍ਹਾਂ ਨੂੰ ਡਰ ਸੀ ਕਿ ਸ਼ਿਕਾਇਤ ਕਰਨ ਨਾਲ ਭੂਤ ਹੋਰ ਗੁੱਸਾ ਹੋ ਜਾਵੇਗਾ ਤੇ ਉਨ੍ਹਾਂ ਤੋਂ ਬਦਲਾ ਲਵੇਗਾ।

ਸੂਡਾਨ ਵਿੱਚ ਸਵਸਾਨ ਨਾਂ ਦੀ ਮਹਿਲਾ ਨੇ ਆਪਣੀ ਕਹਾਣੀ ਸਾਡੇ ਨਾਲ ਸਾਂਝੀ ਕੀਤੀ।

ਜਦੋਂ ਸਵਸਾਨ ਦੇ ਪਤੀ ਆਪਣੀ ਦੂਜੀ ਪਤਨੀ ਨਾਲ ਰਹਿਣ ਚਲੇ ਗਏ ਤਾਂ ਉਹ ਬੇਸਹਾਰਾ ਹੋ ਗਈ। ਉਹ ਮਦਦ ਲਈ ਜਿੰਨ ਭਜਾਉਣ ਵਾਲੇ ਰਾਕੀ ਕੋਲ ਗਏ।

ਸਵਸਾਨ ਨੂੰ ਉਮੀਦ ਸੀ ਕਿ ਰਾਕੀ ਉਨ੍ਹਾਂ ਨੂੰ ਕੋਈ ਅਜਿਹੀ ਦਵਾਈ ਦੇਵੇਗਾ, ਜਿਸ ਨਾਲ ਉਸ ਦਾ ਪਤੀ, ਉਸ ਕੋਲ ਵਾਪਸ ਆ ਜਾਵੇਗਾ।

ਪਰ ਇਲਾਜ ਦਾ ਜੋ ਤਰੀਕਾ ਸਵਸਾਨ ਨੂੰ ਦੱਸਿਆ ਗਿਆ, ਉਸ ਦੀ ਸਵਸਾਨ ਨੂੰ ਬਿਲਕੁਲ ਵੀ ਉਮੀਦ ਨਹੀਂ ਸੀ।

ਸਵਸਾਨ ਦੱਸਦੇ ਹਨ, "ਉਸ ਨੇ ਮੈਨੂੰ ਕਿਹਾ ਮੈਂ ਤੇਰੇ ਨਾਲ ਸੈਕਸ ਕਰਾਂਗਾ ਅਤੇ ਉਸ ਨਾਲ ਜੋ ਤਰਲ ਪਦਾਰਥ ਨਿਕਲੇਗਾ, ਉਸ ਨਾਲ ਬਣੀ ਦਵਾਈ ਨੂੰ ਮੈਨੂੰ ਆਪਣੇ ਪਤੀ ਨੂੰ ਪਿਆਉਣਾ ਹੋਵੇਗਾ।"

ਸਵਸਾਨ ਦੱਸਦੇ ਹਨ ਕਿ ਜਿਸ ਤਰ੍ਹਾਂ ਉਸ ਨੇ ਇਹ ਸੁਝਾਅ ਦਿੱਤਾ ਸੀ, ਉਸ ਤੋਂ ਸਾਫ਼ ਸੀ ਕਿ ਉਹ ਬਿਲਕੁਲ ਨਿਡਰ ਸੀ।

ਉਹ ਕਹਿੰਦੇ ਹਨ, "ਉਸ ਨੂੰ ਯਕੀਨ ਸੀ ਕਿ ਮੈਂ ਇਸ ਬਾਰੇ ਪੁਲਿਸ, ਅਦਾਲਤ ਜਾਂ ਆਪਣੇ ਪਤੀ ਨਾਲ ਕੋਈ ਗੱਲ ਨਹੀਂ ਕਰਾਂਗੀ।"

ਸਵਸਾਨ ਦੱਸਦੇ ਹਨ ਉਹ ਤੁਰੰਤ ਉੱਥੋਂ ਆ ਗਏ ਅਤੇ ਉਨ੍ਹਾਂ ਨੇ ਆਪਣੇ ਅਨੁਭਵ ਦਾ ਜ਼ਿਕਰ ਵੀ ਕਿਸੇ ਕੋਲ ਨਹੀਂ ਕੀਤਾ।

ਰੂਹਾਨੀ ਇਲਾਜ

ਤਸਵੀਰ ਸਰੋਤ, Getty Images

ਅਸੀਂ ਸੁਡਾਨ ਵਿੱਚ 50 ਔਰਤਾਂ ਨਾਲ ਗੱਲ ਕੀਤੀ। ਸਵਸਾਨ ਸਮੇਤ ਤਿੰਨ ਔਰਤਾਂ ਨੇ ਸ਼ੇਖ ਇਬਰਾਹਿਮ ਦਾ ਨਾਮ ਲਿਆ।

ਇਨ੍ਹਾਂ ਵਿਚ ਇੱਕ ਅਜਿਹੀ ਔਰਤ ਵੀ ਹੈ ਜੋ ਆਪਣਾ ਨਾਂ ਨਹੀਂ ਦੱਸਣਾ ਚਾਹੁੰਦੀ ਸੀ। ਉਨ੍ਹਾਂ ਦੱਸਿਆ ਕਿ ਸ਼ੇਖ ਨੇ ਉਨ੍ਹਾਂ ਨੂੰ ਸਰੀਰਕ ਸਬੰਧ ਬਣਾਉਣ ਲਈ ਮਜਬੂਰ ਕੀਤਾ ਸੀ।

ਇਕ ਹੋਰ ਔਰਤ ਅਫ਼ਾਫ਼ ਨੇ ਕਿਹਾ ਕਿ ਜਦੋਂ ਸ਼ੇਖ ਇਬਰਾਹਿਮ ਨੇ ਉਨ੍ਹਾਂ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਉਸ ਨੂੰ ਪਿੱਛੇ ਧੱਕ ਦਿੱਤਾ। ਅਫ਼ਾਫ਼ ਪੂਰੀ ਤਰ੍ਹਾਂ ਬੇਵੱਸ ਮਹਿਸੂਸ ਕਰ ਰਹੇ ਸਨ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਲੋਕਾਂ ਨੂੰ ਵਿਸ਼ਵਾਸ ਨਹੀਂ ਹੈ ਕਿ ਸ਼ੇਖ ਇਬਰਾਹਿਮ ਅਜਿਹਾ ਕਰ ਸਕਦਾ ਹੈ। ਉਹ ਇਸ ਗੱਲ 'ਤੇ ਬਿਲਕੁਲ ਵਿਸ਼ਵਾਸ ਨਹੀਂ ਕਰਨਗੇ। ਮੈਂ ਆਪਣੇ ਪੱਖ ਦੇ ਗਵਾਹ ਕਿੱਥੋਂ ਲਿਆਉਂਦੀ? ਉਸ ਕਮਰੇ ਵਿੱਚ ਮੈਨੂੰ ਦੇਖਣ ਵਾਲਾ ਕੋਈ ਨਹੀਂ ਸੀ।"

ਰੂਹਾਨੀ ਇਲਾਜ

ਤਸਵੀਰ ਸਰੋਤ, Thinkstock

ਬੀਬੀਸੀ ਲਈ ਇੱਕ ਗੁਪਤ ਮਹਿਲਾ ਪੱਤਰਕਾਰ ਸ਼ੇਖ ਇਬਰਾਹਿਮ ਦੇ ਵਿਰੁੱਧ ਸਬੂਤ ਇਕੱਠੇ ਕਰਨ ਲਈ ਉਸ ਦੇ ਟਿਕਾਣੇ 'ਤੇ ਜਾਣ ਲਈ ਤਿਆਰ ਹੋਏ।

ਪੱਤਰਕਾਰ ਦਾ ਬਦਲਿਆ ਹੋਇਆ ਨਾਲ ਰੀਮ ਹੈ, ਜਿਨ੍ਹਾਂ ਨੇ ਸ਼ੇਖ ਨੂੰ ਦੱਸਿਆ ਕਿ ਉਨ੍ਹਾਂ ਦੀ ਕੋਈ ਔਲਾਦ ਨਹੀਂ ਹੁੰਦੀ।

ਸ਼ੇਖ ਇਬਰਾਹਿਮ ਨੇ ਕਿਹਾ ਕਿ ਉਹ ਉਨ੍ਹਾਂ ਲਈ ਦੁਆ ਕਰਨਗੇ ਅਤੇ ਇੱਕ ਬੋਤਲ ਵਿੱਚ ਪਾਣੀ ਵੀ ਦਿੱਤਾ। ਇਸ ਪਾਣੀ ਨੂੰ ਮਹੱਯਾ ਕਿਹਾ ਜਾਂਦਾ ਹੈ। ਰੀਮ ਨੂੰ ਕਿਹਾ ਗਿਆ ਕਿ ਇਹ ਪਾਣੀ ਘਰ ਲੈ ਕੇ ਜਾਓ ਅਤੇ ਪੀਆ ਕਰੋ।

ਰੀਮ ਦੱਸਦੇ ਹਨ ਕਿ ਇਸ ਤੋਂ ਬਾਅਦ ਸ਼ੇਖ ਉਨ੍ਹਾਂ ਦੇ ਬਹੁਤ ਨੇੜੇ ਆ ਕੇ ਬੈਠ ਗਿਆ। ਉਸ ਨੇ ਰੀਮ ਦੇ ਢਿੱਡ 'ਤੇ ਹੱਥ ਰੱਖਿਆ। ਜਦੋਂ ਰੀਮ ਨੇ ਹੱਥ ਹਟਾਉਣ ਲਈ ਕਿਹਾ ਤਾਂ ਉਸ ਨੇ ਆਪਣਾ ਹੱਥ ਥੋੜ੍ਹਾ ਹੋਰ ਹੇਠਾਂ ਸਰਕਾ ਦਿੱਤਾ। ਰੀਮ ਕਮਰੇ ਤੋਂ ਭੱਜ ਕੇ ਨਿਕਲ ਆਏ।

ਬਾਅਦ ਵਿੱਚ ਰੀਮ ਨੇ ਦੱਸਿਆ, ''ਮੈਂ ਪੂਰੀ ਤਰ੍ਹਾਂ ਹਿੱਲ ਗਈ ਸੀ। ਉਸ ਦਾ ਚਿਹਰਾ ਬਹੁਤ ਡਰਾਉਣਾ ਸੀ।''

ਰੀਮ ਦੱਸਦੇ ਹਨ ਕਿ ਸ਼ੇਖ ਦੀਆਂ ਹਰਕਤਾਂ ਤੋਂ ਬਿਲਕੁਲ ਵੀ ਨਹੀਂ ਲੱਗਾ ਕਿ ਉਹ ਇਹ ਸਭ ਪਹਿਲੀ ਵਾਰ ਕਰ ਰਿਹਾ ਸੀ।

ਬੀਬੀਸੀ ਨੇ ਰੀਮ ਨਾਲ ਹੋਏ ਇਸ ਵਿਹਾਰ ਬਾਰੇ ਸ਼ੇਖ ਇਬਰਾਹਿਮ ਤੋਂ ਸਵਾਲ ਪੁੱਛੇ।

ਉਨ੍ਹਾਂ ਨੇ ਮਦਦ ਮੰਗਣ ਆਈਆਂ ਔਰਤਾਂ ਨਾਲ ਜਿਨਸੀ ਸ਼ੋਸ਼ਣ ਕਰਨ ਤੋਂ ਇਨਕਾਰ ਕੀਤਾ ਅਤੇ ਅਚਾਨਕ ਇੰਟਰਵਿਊ ਦੇਣਾ ਬੰਦ ਕਰ ਦਿੱਤਾ।

ਸ਼ੇਖ ਇਬ੍ਰਾਹਿਮ
ਤਸਵੀਰ ਕੈਪਸ਼ਨ, ਸ਼ੇਖ ਇਬ੍ਰਾਹਿਮ ਨੇ ਬੀਬੀਸੀ ਦੀ ਗੁਪਤ ਪੱਤਰਕਾਰ ਨੂੰ ਵੀ ਗਲਤ ਤਰੀਕੇ ਨਾਲ ਛੂਹਿਆ ਸੀ

ਸ਼ੇਖ ਫਾਤਿਮਾ ਅਜਿਹੇ ਲੋਕਾਂ ਦੇ ਜਾਲ ਵਿੱਚ ਨਾ ਫਸਣ ਦਾ ਸੁਝਾਅ ਦਿੰਦੇ ਹਨ।

ਉਨ੍ਹਾਂ ਨੇ ਸੁਡਾਨ ਦੀ ਰਾਜਧਾਨੀ ਖਾਰਤੂਮ ਵਿੱਚ ਔਰਤਾਂ ਲਈ ਇੱਕ ਰੂਹਾਨੀ ਕੇਂਦਰ ਖੋਲ੍ਹਿਆ ਹੈ। ਪਿਛਲੇ 30 ਸਾਲਾਂ ਤੋਂ, ਇਹ ਥਾਂ ਔਰਤਾਂ ਨੂੰ ਬਿਨਾਂ ਕਿਸੇ ਸ਼ੋਸ਼ਣ ਦੇ ਡਰ ਦੇ ਰੁਕਯਾਹ ਯਾਨਿ ਇਲਾਜ ਦਾ ਅਨੁਭਵ ਕਰਵਾ ਰਹੀ ਹੈ।

ਬੀਬੀਸੀ ਨੂੰ ਇਸ ਕੇਂਦਰ ਦਾ ਦੌਰਾ ਕਰਨ ਦਾ ਮੌਕਾ ਮਿਲਿਆ। ਇਸ ਕੇਂਦਰ ਵਿੱਚ ਔਰਤਾਂ ਨੂੰ ਦੇਖਣਾ ਇੱਕ ਵੱਖਰਾ ਅਨੁਭਵ ਸੀ।

ਔਰਤਾਂ ਬਦ-ਹਵਾਸ ਜੀਆਂ ਸਨ। ਸ਼ੇਖ ਫਾਤਿਮਾ ਨੇ ਦੱਸਿਆ ਕਿ ਅਜਿਹੀ ਦਿਮਾਗ਼ੀ ਹਾਲਤ ਵਿੱਚ ਇਹ ਔਰਤਾਂ ਰੂਹਾਨੀ ਇਲਾਜ ਕਰਨ ਵਾਲਿਆਂ ਦਾ ਸ਼ਿਕਾਰ ਬਣ ਜਾਂਦੀਆਂ ਹਨ।

ਉਨ੍ਹਾਂ ਬੀਬੀਸੀ ਨੂੰ ਦੱਸਿਆ ਕਿ "ਕਈ ਔਰਤਾਂ ਨੇ ਮੈਨੂੰ ਦੱਸਿਆ ਕਿ ਉਨ੍ਹਾਂ ਨੂੰ ਯਕੀਨ ਸੀ ਸ਼ੇਖ ਉਨ੍ਹਾਂ ਨੂੰ ਛੂਹ ਕੇ ਸ਼ੈਤਾਨ ਨੂੰ ਬਾਹਰ ਕੱਢ ਰਹੇ ਸਨ। ਉਨ੍ਹਾਂ ਨੂੰ ਲੱਗਾ ਕਿ ਇਹ ਇਲਾਜ ਦਾ ਹਿੱਸਾ ਹੈ। ਇਨ੍ਹਾਂ ਔਰਤਾਂ ਦੀਆਂ ਕਹਾਣੀਆਂ ਹੈਰਾਨ ਕਰਨ ਵਾਲੀਆਂ ਹਨ।"

ਸਰਕਾਰੀ ਪੱਖ਼ ਦਾ ਪ੍ਰਤੀਕਰਮ

ਬੀਬੀਸੀ ਨੇ ਇਸ ਬਾਰੇ ਮੋਰੱਕੋ ਅਤੇ ਸੂਡਾਨ ਦੀ ਸਿਆਸੀ ਲੀਡਰਸ਼ਿਪ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ।

ਸੂਡਾਨ ਵਿੱਚ, ਡਾਕਟਰ ਅਲਾ ਅਬੂ ਜ਼ੈਦ ਦੇਸ਼ ਦੇ ਇਸਲਾਮਿਕ ਮਾਮਲਿਆਂ ਦੇ ਵਿਭਾਗ ਵਿੱਚ ਹਨ।

ਉਨ੍ਹਾਂ ਨੇ ਸਵੀਕਾਰ ਕੀਤਾ ਕਿ ਰੂਹਾਨੀ ਇਲਾਜ ਕਰਨ ਵਾਲਿਆਂ ਨੂੰ ਰੇਗੂਲੇਟ ਕਰਨ ਦਾ ਕੋਈ ਤਰੀਕਾ ਨਹੀਂ ਹੈ, ਇਸ ਲਈ ਇਹ ਲੋਕ ਬਹੁਤ ਪਰੇਸ਼ਾਨੀ ਪੈਦਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹਾ ਕੰਮ ਅਕਸਰ ਉਨ੍ਹਾਂ ਲੋਕਾਂ ਵੱਲੋਂ ਕੀਤਾ ਜਾਂਦਾ ਹੈ, ਜਿਨ੍ਹਾਂ ਕੋਲ ਹੋਰ ਕੋਈ ਕੰਮ ਨਹੀਂ ਹੁੰਦਾ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੇ ਪਹਿਲਾਂ ਵੀ ਇਸ ਕੰਮ ਨੂੰ ਰੈਗੂਲੇਟ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਦੇਸ਼ ਵਿੱਚ ਫੈਲੀ ਅਸਥਿਰਤਾ ਕਾਰਨ ਅਜਿਹਾ ਨਹੀਂ ਹੋ ਸਕਿਆ।

ਮੋਰੱਕੋ ਵਿੱਚ ਇਸਲਾਮਿਕ ਮਾਮਲਿਆਂ ਦੇ ਮੰਤਰੀ ਅਹਿਮਦ ਤੌਫੀਕ ਨੇ ਦੱਸਿਆ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਇਸ ਲਈ ਵੱਖਰਾ ਕਾਨੂੰਨ ਬਣਾਉਣ ਦੀ ਲੋੜ ਹੈ।

ਅਹਿਮਦ ਤੌਫੀਕ ਕਹਿੰਦੇ ਹਨ, "ਅਜਿਹੇ ਮਾਮਲਿਆਂ ਵਿੱਚ ਕਾਨੂੰਨੀ ਤੌਰ 'ਤੇ ਦਖ਼ਲ ਦੇਣਾ ਮੁਸ਼ਕਲ ਹੈ। ਇਸ ਦਾ ਹੱਲ ਲੋਕਾਂ ਨੂੰ ਧਰਮ ਬਾਰੇ ਸਿੱਖਿਅਤ ਕਰਨਾ ਅਤੇ ਉਪਦੇਸ਼ ਦੇਣਾ ਹੈ।"

ਇੰਨੇ ਸਬੂਤ ਇਕੱਠੇ ਕਰਨ ਤੋਂ ਬਾਅਦ ਵੀ ਮੋਰੱਕੋ ਅਤੇ ਸੂਡਾਨ ਦੇ ਅਧਿਕਾਰੀ ਕੋਈ ਕਾਰਵਾਈ ਕਰਨ ਤੋਂ ਝਿਜਕ ਰਹੇ ਹਨ।

ਅਜਿਹੀ ਸਥਿਤੀ ਵਿੱਚ ਜਿੰਨਾਂ ਤੋਂ ਛੁਟਕਾਰਾ ਦਿਵਾਉਣ ਦੇ ਪੇਸ਼ੇ ਪਿੱਛੇ ਛੁਪੇ ਲੋਕਾਂ ਵਿਰੁੱਧ ਬੋਲਣ ਦਾ ਬੋਝ ਸਿਰਫ਼ ਮਹਿਲਾਵਾਂ ਦੇ ਸਿਰ ਹੀ ਹੈ।

ਲਾਈਨ