ਕੋਲਕਾਤਾ ਬਲਾਤਕਾਰ ਮਾਮਲਾ: ਪੀੜਤ ਡਾਕਟਰ ਦੀ ਅਣਕਹੀ ਕਹਾਣੀ, ਕੀ ਸਨ ਉਸ ਦੇ ਆਖ਼ਰੀ ਸ਼ਬਦ

ਮੁਜ਼ਾਹਰੇ ਕਰਦੇ ਹੋਏ ਵਿਦਿਆਰਥੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਰਤ ਵਿੱਚ ਔਰਤਾਂ ਵਿਰੁੱਧ ਹਿੰਸਾ ਇੱਕ ਵੱਡਾ ਮੁੱਦਾ ਹੈ
    • ਲੇਖਕ, ਕੀਰਤੀ ਦੁਬੇ
    • ਰੋਲ, ਬੀਬੀਸੀ ਪੱਤਰਕਾਰ

“62 ਸਾਲ ਦੀ ਉਮਰ ਵਿੱਚ, ਮੇਰੇ ਸਾਰੇ ਸੁਪਨੇ ਢਹਿ-ਢੇਰੀ ਹੋ ਗਏ। ਅਸੀਂ ਦੋਸ਼ੀ ਲਈ ਸਖ਼ਤ ਤੋਂ ਸਖ਼ਤ ਸਜ਼ਾ ਚਾਹੁੰਦੇ ਹਾਂ।"

ਇਹ ਸ਼ਬਦ ਹਨ 31 ਸਾਲਾ ਉਸ ਡਾਕਟਰ ਦੇ ਪਿਤਾ ਦੇ ਹਨ, ਜਿਸ ਦੇ ਕੋਲਕਾਤਾ ਦੇ ਹਸਪਤਾਲ ਵਿੱਚ ਬਲਾਤਕਾਰ ਅਤੇ ਕਤਲ ਨੇ ਭਾਰਤ ਨੂੰ ਹਿਲਾ ਕੇ ਰੱਖ ਦਿੱਤਾ ਹੈ।

ਅਸੀਂ ਉਨ੍ਹਾਂ ਨਾਲ ਗੱਲਬਾਤ ਕਰਨ ਲਈ ਉਨ੍ਹਾਂ ਦੇ ਘਰ ਪਹੁੰਚੇ।

ਇਸ ਇਲਾਕੇ ਵਿੱਚ ਇੱਕ ਆਮ ਚਿੱਟੇ ਰੰਗ ਦਾ ਘਰ, ਜੋ ਧੀ ਦੇ ਭਿਆਨਕ ਕਤਲ ਤੋਂ ਬਾਅਦ ਮੀਡੀਆ ਜਾਂਚ ਦਾ ਕੇਂਦਰ ਬਣ ਗਿਆ ਹੈ।

ਇਸ ਰਿਪੋਰਟ ਵਿੱਚ ਸਾਰੇ ਪਰਿਵਾਰ ਦੇ ਜੀਆਂ ਦੇ ਨਾਂ ਜਾਂ ਵੇਰਵਿਆਂ ਨੂੰ ਗੁਪਤ ਰੱਖਿਆ ਗਿਆ ਹੈ ਕਿਉਂਕਿ ਪੀੜਤ ਜਾਂ ਉਸ ਦੇ ਪਰਿਵਾਰ ਦੀ ਸ਼ਨਾਖ਼ਤ ਨੂੰ ਜਨਤਕ ਕਰਨਾ ਭਾਰਤ ਵਿੱਚ ਕਾਨੂੰਨ ਦੇ ਵਿਰੁੱਧ ਹੈ।

ਡਾਕਟਰ ਦੇ ਪਿਤਾ ਅੱਗੇ ਕਹਿੰਦੇ ਹਨ, "ਸਾਡਾ ਸੂਬਾ, ਸਾਡਾ ਦੇਸ਼ ਇੱਥੋਂ ਤੱਕ ਕਿ ਪੂਰੀ ਦੁਨੀਆ ਇਨਸਾਫ਼ ਦੀ ਮੰਗ ਕਰ ਰਹੀ ਹੈ।"

ਪੀੜਤਾ ਦੀ ਮਾਂ ਉਨ੍ਹਾਂ ਦੇ ਕੋਲ ਚੁੱਪਚਾਪ ਬੈਠੀ ਸੀ, ਅਜਿਹਾ ਲੱਗ ਰਿਹਾ ਸੀ ਕਿ ਉਹ ਗਹਿਰੇ ਸਦਮੇ ਵਿੱਚ ਹੈ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਪੂਰਬੀ ਸ਼ਹਿਰ ਕੋਲਕਾਤਾ ਵਿੱਚ ਜੂਨੀਅਰ ਡਾਕਟਰ ਸ਼ਹਿਰ ਦੇ ਆਰਜੀ ਕਰ ਮੈਡੀਕਲ ਕਾਲਜ ਵਿੱਚ ਰਾਤ ਦੀ ਸ਼ਿਫਟ 'ਤੇ ਸੀ।

ਇਸ ਦੌਰਾਨ ਜਦੋਂ ਉਹ 9 ਅਗਸਤ ਦੀ ਰਾਤ ਨੂੰ ਇਮਾਰਤ ਦੇ ਸੈਮੀਨਾਰ ਹਾਲ ਵਿੱਚ ਆਰਾਮ ਕਰਨ ਗਈ ਤਾਂ ਉਸ ਨਾਲ ਬਲਾਤਕਾਰ ਕੀਤਾ ਗਿਆ ਅਤੇ ਫਿਰ ਉਸ ਦਾ ਕਤਲ ਕਰ ਦਿੱਤਾ ਗਿਆ ਸੀ।

ਉਸ ਨੇ ਕੁਝ ਘੰਟੇ ਪਹਿਲਾਂ ਰਾਤ ਕਰੀਬ 11 ਵਜੇ ਆਪਣੀ ਮਾਂ ਨਾਲ ਗੱਲ ਕੀਤੀ ਸੀ।

ਉਸ ਦੀ ਮਾਂ ਨੇ ਫ਼ੋਨ 'ਤੇ ਉਸ ਦੇ ਖ਼ੁਸ਼ੀ ਭਰੇ ਆਖ਼ਰੀ ਸ਼ਬਦਾਂ ਨੂੰ ਯਾਦ ਕੀਤਾ, "ਪਲੀਜ਼ ਪਾਪਾ ਨੂੰ ਟਾਈਮ ਨਾਲ ਦਵਾਈ ਦੇ ਦੇਣਾ ਅਤੇ ਮੇਰੀ ਚਿੰਤਾ ਨਾ ਕਰੋ।"

“ਇਹੀ ਆਖ਼ਰੀ ਵਾਰ ਸੀ ਜਦੋਂ ਅਸੀਂ ਗੱਲ ਕੀਤੀ ਸੀ। ਅਗਲੇ ਦਿਨ ਉਸ ਦਾ ਫ਼ੋਨ ਵੱਜਦਾ ਰਿਹਾ।”

ਉਸ ਦੇ ਪਿਤਾ ਹਾਈ ਬਲੱਡ ਪ੍ਰੈਸ਼ਰ ਤੋਂ ਪੀੜਤ ਹਨ ਅਤੇ ਸਮੇਂ ਸਿਰ ਦਵਾਈਆਂ ਲੈਣੀਆਂ ਜ਼ਰੂਰੀ ਹਨ।

ਉਸ ਦੇ ਪਿਤਾ ਨੇ ਬੀਬੀਸੀ ਨਾਲ ਗੱਲ ਕਰਦਿਆਂ ਕਿਹਾ, "ਉਸ ਦੀ ਹਮੇਸ਼ਾ ਕੋਸ਼ਿਸ਼ ਰਹਿੰਦੀ ਸੀ ਕਿ ਦਵਾਈ ਵਿੱਚ ਨਾਗਾ ਨਾ ਪਵੇ।"

ਉਨ੍ਹਾਂ ਨੇ ਯਾਦ ਕਰਦਿਆਂ ਦੱਸਿਆ, “ਇੱਕ ਵਾਰ, ਜਦੋਂ ਮੇਰੀ ਦਵਾਈ ਖ਼ਤਮ ਹੋ ਗਈ, ਮੈਂ ਸੋਚਿਆ ਕਿ ਮੈਂ ਅਗਲੇ ਦਿਨ ਹੀ ਖਰੀਦ ਲਵਾਂਗਾ। ਪਰ ਜਦੋਂ ਉਸ ਨੂੰ ਪਤਾ ਲੱਗਾ ਤਾਂ ਰਾਤ ਦੇ ਕਰੀਬ 10 ਜਾਂ 11 ਵਜੇ ਦਾ ਸਮੇਂ ਸੀ, ਰਾਤ ਦੇ ਖਾਣੇ ਤੋਂ ਪਹਿਲਾਂ, ਉਸ ਨੇ ਕਿਹਾ, 'ਬਾਪੀ (ਆਪਣੇ ਪਿਤਾ ਨੂੰ ਕਹਿੰਦੀ ਸੀ), ਇਸ ਘਰ ਵਿੱਚ ਕੋਈ ਵੀ ਉਦੋਂ ਤੱਕ ਖਾਣਾ ਨਹੀਂ ਖਾਵੇਗਾ ਜਦੋਂ ਤੱਕ ਦਵਾਈ ਨਹੀਂ ਆ ਜਾਂਦੀ।"

"ਉਹ ਇਸੇ ਤਰ੍ਹਾਂ ਦਾ ਹੀ ਸੀ। ਉਸਨੇ ਮੈਨੂੰ ਕਦੇ ਵੀ ਕਿਸੇ ਗੱਲ ਦੀ ਚਿੰਤਾ ਨਹੀਂ ਹੋਣ ਦਿੱਤੀ।"

ਲੋਕਾਂ ਵੱਲੋਂ ਵਿਰੋਧ ਪ੍ਰਦਰਸ਼ਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 31 ਸਾਲਾ ਡਾਕਟਰ ਲਈ ਇਨਸਾਫ਼ ਅਤੇ ਭਾਰਤ ਭਰ ਵਿੱਚ ਲੱਖਾਂ ਔਰਤਾਂ ਦੀ ਸੁਰੱਖਿਆ ਦੀ ਮੰਗ ਕੀਤੀ

ਇਸ ਘਟਨਾ ਨੇ 2012 ਦੇ ਉਸ ਕੇਸ ਦੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ ਹਨ, ਜਦੋਂ ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਇੱਕ ਚੱਲਦੀ ਬੱਸ ਵਿੱਚ ਇੱਕ 22 ਸਾਲਾ ਫਿਜ਼ੀਓਥੈਰੇਪੀ ਇੰਟਰਨ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ ਸੀ।

ਉਸ ਦੀਆਂ ਸੱਟਾਂ ਤੇ ਜ਼ਖ਼ਮ ਘਾਤਕ ਸਨ, ਜੋ ਜਾਨਲੇਵਾ ਸਾਬਿਤ ਹੋਏ।

ਇਸ ਘਟਨਾ ਤੋਂ ਬਾਅਦ ਜਿਨਸੀ ਹਿੰਸਾ ਵਿਰੁੱਧ ਕਾਨੂੰਨ ਹੋਰ ਸਖ਼ਤ ਕਰ ਦਿੱਤੇ ਗਏ ਸਨ।

ਪਰ ਮੁਲਕ ਵਿੱਚ ਜਿਨਸੀ ਹਿੰਸਾ ਦੇ ਮਾਮਲੇ ਵਧੇ ਹਨ ਅਤੇ ਭਾਰਤ ਦੀਆਂ ਔਰਤਾਂ ਲਈ ਨਿਆਂ ਤੱਕ ਪਹੁੰਚ ਅਜੇ ਵੀ ਇੱਕ ਚੁਣੌਤੀ ਬਣੀ ਹੋਈ ਹੈ।

ਕੋਲਕਾਤਾ ਵਿੱਚ ਤਾਜ਼ਾ ਬਲਾਤਕਾਰ ਅਤੇ ਕਤਲ ਨੇ ਸਿਹਤ ਕਾਮਿਆਂ ਨੂੰ ਦਰਪੇਸ਼ ਚੁਣੌਤੀਆਂ ਵੱਲ ਮੁੜ ਧਿਆਨ ਖਿੱਚਿਆ ਹੈ।

ਉਨ੍ਹਾਂ ਨੇ ਕੰਮ 'ਤੇ ਖ਼ਾਸ ਤੌਰ 'ਤੇ ਔਰਤਾਂ ਦੀ ਸੁਰੱਖਿਆ ਲਈ ਪੂਰੀ ਅਤੇ ਨਿਰਪੱਖ ਜਾਂਚ ਅਤੇ ਸੰਘੀ ਕਾਨੂੰਨ ਦੀ ਮੰਗ ਕੀਤੀ ਹੈ।

ਭਾਰਤ ਦੇ ਕੇਂਦਰੀ ਸਿਹਤ ਮੰਤਰੀ, ਜੇਪੀ ਨੱਡਾ ਨੇ ਡਾਕਟਰਾਂ ਨੂੰ ਭਰੋਸਾ ਦੁਆਇਆ ਕਿ ਉਹ ਉਨ੍ਹਾਂ ਦੇ ਪੇਸ਼ੇਵਰ ਵਾਤਾਵਰਨ ਵਿੱਚ ਬਿਹਤਰ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਖ਼ਤ ਕਦਮ ਚੁੱਕਣਗੇ।

ਨੈਸ਼ਨਲ ਮੈਡੀਕਲ ਕਮਿਸ਼ਨ, ਇੱਕ ਭਾਰਤੀ ਸਰਕਾਰੀ ਸੰਸਥਾ ਜੋ ਮੈਡੀਕਲ ਸਿੱਖਿਆ ਨੂੰ ਕੰਟਰੋਲ ਕਰਦੀ ਹੈ।

ਇਸ ਸੰਸਥਾ ਨੇ ਸਾਰੇ ਮੈਡੀਕਲ ਕਾਲਜਾਂ ਅਤੇ ਸੰਸਥਾਵਾਂ ਲਈ ਇੱਕ ਸੁਰੱਖਿਅਤ ਕੰਮ ਵਾਲੀ ਥਾਂ ਨੂੰ ਯਕੀਨੀ ਬਣਾਉਣ ਲਈ ਇੱਕ ਐਡਵਾਇਜ਼ਰੀ ਵੀ ਜਾਰੀ ਕੀਤੀ ਹੈ।

ਮੁਜ਼ਾਹਰਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਪਰਾਧ ਦੀ ਭਿਆਨਕਤਾ ਨੇ ਲੋਕਾਂ ਦੇ ਗੁੱਸੇ ਨੂੰ ਭੜਕਾਇਆ, ਨਾ ਸਿਰਫ਼ ਕੋਲਕਾਤਾ ਬਲਕਿ ਸਮੁੱਚੇ ਭਾਰਤ 'ਚ

ਇੱਕ ਜ਼ਿੰਦਗੀ ਚਲੀ ਗਈ

ਅਸੀਂ ਕੋਲਕਾਤਾ ਤੋਂ ਕੁਝ ਕਿਲੋਮੀਟਰ ਦੂਰ, ਇੱਕ ਤੰਗ ਗਲੀ ਵਿੱਚ ਪੀੜਤਾ ਦੇ ਪਰਿਵਾਰ ਨੂੰ ਮਿਲਣ ਪਹੁੰਚੇ।

ਪੁਲਿਸ ਬੈਰੀਕੇਡ ਦੇ ਇੱਕ ਪਾਸੇ, ਕਈ ਨਿਊਜ਼ ਚੈਨਲਾਂ ਦੇ ਦਰਜਨਾਂ ਕੈਮਰੇ ਲੱਗੇ ਹੋਏ ਸਨ, ਜੋ ਹਰ ਪਲ਼ ਨੂੰ ਕੈਦ ਕਰਨ ਦੀ ਫਿਰਾਕ ਵਿੱਚ ਸਨ।

ਦੂਜੇ ਪਾਸੇ, 10 ਤੋਂ 15 ਪੁਲਿਸ ਅਫਸਰਾਂ ਦਾ ਇੱਕ ਸਮੂਹ ਪਹਿਰੇਦਾਰੀ ਲਈ ਖੜ੍ਹਾ ਸੀ, ਉਨ੍ਹਾਂ ਦੀਆਂ ਚਿੱਟੀਆਂ ਵਰਦੀਆਂ ਧੁੱਪ ਵਿੱਚ ਹੋਰ ਵੀ ਚਮਕ ਰਹੀਆਂ ਸਨ।

ਉਨ੍ਹਾਂ ਦਾ ਇੱਕੋ ਇੱਕ ਉਦੇਸ਼ ਇਹ ਯਕੀਨੀ ਬਣਾਉਣਾ ਸੀ ਕਿ ਕੈਮਰੇ ਬੈਰੀਕੇਡ ਤੋਂ ਪਿੱਛੇ ਦੀ ਝਲਕ ਨਾ ਕੈਦ ਕਰਨ, ਜੋ ਕਿ ਪੀੜਤਾ ਦਾ ਜੱਦੀ ਘਰ ਸੀ।

9 ਅਗਸਤ ਦੀ ਰਾਤ ਨੂੰ ਪੀੜਤਾ, ਜੂਨੀਅਰ ਡਾਕਟਰ 36 ਘੰਟੇ ਦੀ ਨਾਈਟ ਸ਼ਿਫਟ 'ਤੇ ਸੀ ਅਤੇ ਸੈਮੀਨਾਰ ਹਾਲ 'ਚ ਥੋੜ੍ਹੀ ਦੇਰ ਲਈ ਆਰਾਮ ਕਰਨ ਗਈ ਸੀ।

ਸਵੇਰ ਤੱਕ ਉਸ ਦੀ ਅੱਧੇ-ਅਧੂਰੇ ਕੱਪੜਿਆਂ ਵਿੱਚ ਲਾਸ਼ ਮਿਲੀ।

ਅਪਰਾਧ ਦੀ ਭਿਆਨਕਤਾ ਨੇ ਲੋਕਾਂ ਦੇ ਗੁੱਸੇ ਨੂੰ ਭੜਕਾਇਆ, ਨਾ ਸਿਰਫ਼ ਕੋਲਕਾਤਾ ਵਿੱਚ, ਬਲਕਿ ਬਹੁਤ ਸਾਰੇ ਭਾਰਤੀ ਸ਼ਹਿਰਾਂ ਵਿੱਚ ਜਿੱਥੇ ਮੁਜ਼ਾਹਰਾਕਾਰੀਆਂ ਨੇ ਇਨਸਾਫ਼ ਦੀ ਮੰਗ ਕਰਦੇ ਹੋਏ ਮਾਰਚ ਕੱਢੇ।

ਦੇਸ ਭਰ ਦੀਆਂ ਲੱਖਾਂ ਔਰਤਾਂ ਦੀ ਸੁਰੱਖਿਆ ਦੀ ਮੰਗ ਕਰਨ ਲਈ ਕੋਲਕਾਤਾ ਵਿੱਚ ਇੱਕ 'ਰੀਕਲੇਮ ਦਿ ਨਾਈਟ' ਮਾਰਚ ਕੱਢਿਆ ਗਿਆ।

ਪੀੜਤਾ ਦੇ ਪਿਤਾ ਨੇ ਉਸ ਜਗ੍ਹਾ ਦਾ ਹਵਾਲਾ ਦਿੰਦੇ ਹੋਏ ਕਿਹਾ, ਜਿਸ ਨੂੰ ਸੁਰੱਖਿਅਤ ਮੰਨਿਆ ਜਾਂਦਾ ਹੈ "ਹਸਪਤਾਲ ਉਹੀ ਜਗ੍ਹਾ ਹੈ, ਜਿੱਥੇ ਡਿਊਟੀ 'ਤੇ ਉਸ ਨਾਲ ਕੁਝ ਅਜਿਹਾ ਵਹਿਸ਼ੀਪੁਣਾ ਹੋਇਆ ਸੀ।"

ਮੁਜ਼ਾਹਰਾ ਕਰਦੇ ਹੋਏ ਵਿਦਿਆਰਥੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜੂਨੀਅਰ ਡਾਕਟਰ 36 ਘੰਟੇ ਦੀ ਸਖ਼ਤ ਸ਼ਿਫਟ 'ਤੇ ਸੀ ਅਤੇ ਰਾਤ ਨੂੰ ਸੈਮੀਨਾਰ ਹਾਲ ਵਿੱਚ ਆਰਾਮ ਕਰਨ ਲਈ ਗਈ ਸੀ

ਉਸ ਦੇ ਜਾਣ ਨਾਲ ਪਰਿਵਾਰ ਖਾਲ੍ਹੀ ਹੋ ਗਿਆ।

ਪੀੜਤਾ ਦੇ ਪਿਤਾ ਯਾਦ ਕਰਦੇ ਹਨ ਕਿ ਕਿਵੇਂ ਉਹ ਹਮੇਸ਼ਾ ਦੂਜਿਆਂ ਨੂੰ ਪਹਿਲ ਦਿੰਦੀ ਸੀ, "ਉਸ ਦਾ ਵਿਆਹ ਲਗਭਗ ਤੈਅ ਹੋ ਗਿਆ ਸੀ, ਪਰ ਉਹ ਕਹਿੰਦੀ ਸੀ, 'ਬਾਪੀ, ਤੁਸੀਂ ਇੰਨੇ ਪੈਸੇ ਕਿੱਥੋਂ ਲਿਆਓਗੇ? ਚਿੰਤਾ ਨਾ ਕਰੋ, ਮੈਂ ਇਸਦਾ ਧਿਆਨ ਰੱਖਾਂਗਾʼ।"

ਜਦੋਂ-ਜਦੋਂ ਉਹ ਬੋਲਦੇ ਸਨ ਤਾਂ ਪੀੜਤਾ ਦੀ ਮਾਂ ਦੀਆਂ ਸਿਸਕੀਆਂ ਭਰਨ ਵੀ ਅਵਾਜ਼ ਪਿੱਛੋਂ ਆ ਰਹੀ ਸੀ।

ਪੀੜਤਾ ਦੇ ਪਿਤਾ ਦਰਜੀ ਹਨ ਅਤੇ ਘਰ ਦਾ ਲਿਵਿੰਗ ਰੂਮ ਉਨ੍ਹਾਂ ਦੇ ਉਮਰ ਭਰ ਦੇ ਔਜ਼ਾਰਾਂ ਨਾਲ ਘਿਰਿਆ ਹੋਇਆ ਸੀ।

ਜਿੱਥੇ ਇੱਕ ਸਿਲਾਈ ਮਸ਼ੀਨ, ਧਾਗ਼ੇ ਦੀਆਂ ਰੀਲਾਂ, ਵੱਡੀ ਪ੍ਰੈੱਸ ਅਤੇ ਫਰਸ਼ ʼਤੇ ਖਿੱਲਰੀਆਂ ਕੱਪੜੇ ਦੀਆਂ ਕਾਤਰਾਂ।

ਲਿਵਿੰਗ ਰੂਮ ਦੇ ਨਾਲ ਵਾਲੀ ਪੌੜੀ ਉਸਦੇ (ਪੀੜਤਾ) ਬੈੱਡਰੂਮ ਤੱਕ ਜਾਂਦੀ ਹੈ।

ਦਰਵਾਜ਼ਾ ਪਿਛਲੇ 11 ਦਿਨਾਂ ਤੋਂ ਬੰਦ ਹੈ, 10 ਅਗਸਤ ਤੋਂ ਉਸ ਦੇ ਮਾਪਿਆਂ ਨੇ ਆਪਣੀ ਧੀ ਦੇ ਕਮਰੇ ਵਿੱਚ ਪੈਰ ਤੱਕ ਨਹੀਂ ਰੱਖਿਆ।

ਉਹ ਆਖਦੇ ਹਨ, "ਜਦੋਂ ਉਹ ਛੋਟੀ ਸੀ, ਅਸੀਂ ਆਰਥਿਕ ਤੰਗੀ ਨਾਲ ਸੰਘਰਸ਼ ਕਰਦੇ ਸੀ। ਉਹ ਲਗਭਗ ਪੰਜ ਕੁ ਸਾਲਾਂ ਦੀ ਹੋਵੇਗੀ। ਉਸ ਨੂੰ ਫਲ, ਖ਼ਾਸ ਕਰਕੇ ਅਨਾਰ ਬਹੁਤ ਪਸੰਦ ਸਨ।"

"ਇੱਕ ਵਾਰ ਬਾਹਰ ਜਾਂਦੇ ਹੋਏ, ਉਸ ਨੇ ਕੁਝ ਦੇਖਿਆ ਅਤੇ ਕਿਹਾ, 'ਬਾਪੀ, ਕੀ ਤੁਸੀਂ ਪੂਜਾ ਲਈ ਅਨਾਰ ਨਹੀਂ ਖਰੀਦੋਗੇ?' ਉਹ ਕਦੇ ਵੀ ਆਪਣੇ ਲਈ ਕੁਝ ਮੰਗਣ ਲਈ ਆਪਣੇ-ਆਪ ਨੂੰ ਮੂਹਰੇ ਨਹੀਂ ਲਿਆਉਂਦੀ ਸੀ...।"

ਉਹ ਅਲਫਾਜ਼ ਖ਼ਤਮ ਕਰਦੇ, ਇਸ ਤੋਂ ਪਹਿਲਾਂ ਉਹ ਰੋਣ ਲੱਗੇ। ਉਨ੍ਹਾਂ ਦੇ ਨੇੜੇ ਬੈਠੇ ਇੱਕ ਰਿਸ਼ਤੇਦਾਰ ਨੇ ਉਨ੍ਹਾਂ ਨੂੰ ਦਿਲਾਸਾ ਦਿੰਦਿਆਂ ਕਿਹਾ, "ਹੌਸਲਾ ਰੱਖੋ।"

ਇੱਕ ਡਾਕਟਰ ਇੱਕ ਮੂਰਤੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਡਾਕਟਰ, ਮੂਰਤੀ ਦੇ ਗੁੱਟ ਉੱਤੇ ਰੱਖੜੀ ਬੰਨ੍ਹਦੇ ਹੋਏ, ਜਿਸ ਵਿੱਚ ਉਸ ਪੀੜਤ ਡਾਕਟਰ ਨੂੰ ਦਰਸਾਇਆ ਗਿਆ

ਉਸ ਦੇ ਆਖ਼ਰੀ ਸ਼ਬਦ

ਮਜ਼ਬੂਤ ਰਹਿਣ ਦਾ ਬੋਝ ਉਨ੍ਹਾਂ ਦੇ ਮੋਢਿਆਂ ਲਈ ਬਹੁਤ ਭਾਰਾ ਹੈ।

ਉਹ ਉਨ੍ਹਾਂ ਦੀ ਇਕਲੌਤੀ ਬੱਚੀ ਸੀ, ਜਿਸ ਨੂੰ ਛੋਟੀ ਉਮਰ ਤੋਂ ਹੀ ਸਿੱਖਣ ਦਾ ਜਨੂੰਨ ਸੀ, ਜਿਸ ਨੂੰ ਸਕੂਲ ਵਿੱਚ ਉਸਦੇ ਅਧਿਆਪਕ ਵੀ ਬਹੁਤ ਪਿਆਰ ਕਰਦੇ ਸਨ।

ਉਸ ਦੇ ਪਿਤਾ ਯਾਦ ਕਰਦੇ ਹੋਏ ਕਹਿੰਦੇ ਹਨ, “ਜਦੋਂ ਉਹ ਛੋਟੀ ਸੀ, ਉਸ ਦੇ ਅਧਿਆਪਕ ਉਸ ਨੂੰ ਆਪਣੀਆਂ ਗੋਦੀ ਚੁੱਕ ਕੇ ਸਕੂਲ ਲੈ ਜਾਂਦੇ ਸਨ।”

“ਅਸੀਂ ਹੇਠਲੀ-ਸ਼੍ਰੇਣੀ ਦਾ ਪਿਛੋਕੜ ਰੱਖਦੇ ਹਾਂ ਅਤੇ ਅਸੀਂ ਸਭ ਕੁਝ ਆਪਣੇ ਆਪ ਹੀ ਬਣਾਇਆ ਹੈ।”

"ਲੋਕ ਕਹਿੰਦੇ ਸਨ, 'ਤੁਸੀਂ ਆਪਣੀ ਧੀ ਨੂੰ ਡਾਕਟਰ ਨਹੀਂ ਬਣਾ ਸਕਦੇ', ਪਰ ਮੇਰੀ ਧੀ ਨੇ ਸਾਰਿਆਂ ਨੂੰ ਗ਼ਲਤ ਸਾਬਤ ਕਰ ਦਿੱਤਾ ਅਤੇ ਸਰਕਾਰੀ ਮੈਡੀਕਲ ਕਾਲਜ ਵਿੱਚ ਦਾਖ਼ਲਾ ਲੈ ਲਿਆ।"

ਇਸ ਦੌਰਾਨ ਪੀੜਤਾ ਮਾਂ ਚੁੱਪ-ਚਾਪ ਯਾਦਾਂ ਸੁਣਦੀ, ਸਿਸਕੀਆਂ ਭਰ ਰਹੀ ਸੀ।

ਉਸ ਦੇ ਹੱਥ ਵਾਰ-ਵਾਰ ਲਾਲ ਅਤੇ ਚਿੱਟੀ ਚੂੜੀ ਦੇ ਵਿਚਕਾਰ ਪਈ ਸੋਨੇ ਦੀ ਚੂੜੀ ਨੂੰ ਛੂਹਦੇ ਸਨ, ਦਰਅਸਲ ਇਹ ਚੂੜੀ ਉਨ੍ਹਾਂ ਨੇ ਆਪਣੀ ਧੀ ਨਾਲ ਖਰੀਦੀ ਸੀ।

ਉਸ ਨੂੰ ਯਾਦ ਕਰਦੇ ਹਨ ਕਿ ਉਨ੍ਹਾਂ ਦੀ ਧੀ ਹਰ ਰਾਤ ਸੌਣ ਤੋਂ ਪਹਿਲਾਂ ਡਾਇਰੀ ਲਿਖਦੀ ਹੁੰਦੀ ਸੀ।

ਪੀੜਤਾ ਦੀ ਮਾਂ ਨੇ ਹੌਲੇ ਜਿਹੇ ਕਿਹਾ, "ਉਸ ਨੇ ਲਿਖਿਆ ਹੈ ਕਿ ਉਹ ਆਪਣੀ ਮੈਡੀਕਲ ਡਿਗਰੀ ਵਿੱਚ ਗੋਲਡ ਮੈਡਲ ਹਾਸਿਲ ਕਰਨਾ ਚਾਹੁੰਦੀ ਹੈ। ਉਹ ਬਿਹਤਰੀਨ ਜ਼ਿੰਦਗੀ ਜੀਣਾ ਚਾਹੁੰਦੀ ਅਤੇ ਸਾਡਾ ਵੀ ਖ਼ਿਆਲ ਰੱਖਣਾ ਚਾਹੁੰਦੀ ਸੀ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)