ਕੀ ਔਰਤ ਬਲਾਤਕਾਰ ਦੀ ਮੁਲਜ਼ਮ ਬਣ ਸਕਦੀ ਹੈ, ਪੰਜਾਬ ਦੇ ਇਸ ਮਾਮਲੇ ਤੋਂ ਬਾਅਦ ਮੁੜ ਉੱਠੀ ਚਰਚਾ

ਤਸਵੀਰ ਸਰੋਤ, THINKSTOCK
- ਲੇਖਕ, ਅਰਵਿੰਦ ਛਾਬੜਾ
- ਰੋਲ, ਬੀਬੀਸੀ ਪੱਤਰਕਾਰ
ਪੰਜਾਬ ਦੀ 62 ਸਾਲਾ ਵਿਧਵਾ ਵਿਰੁੱਧ ਬਲਾਤਕਾਰ ਦੀ ਐੱਫਆਈਆਰ ਨੇ ਸੁਪਰੀਮ ਕੋਰਟ ਅੱਗੇ ਸਵਾਲ ਖੜ੍ਹਾ ਕੀਤਾ ਹੈ ਕਿ ਕੀ ਕਿਸੇ ਔਰਤ 'ਤੇ ਬਲਾਤਕਾਰ ਦਾ ਇਲਜ਼ਾਮ ਲਗਾਇਆ ਜਾ ਸਕਦਾ ਹੈ।
ਇਸ ਔਰਤ ਨੇ ਜ਼ਮਾਨਤ ਲਈ ਅਦਾਲਤ ਤੱਕ ਪਹੁੰਚ ਕੀਤੀ ਸੀ ਤਾਂ ਕਿ ਉਸ ਨੂੰ ਗ੍ਰਿਫ਼ਤਾਰ ਨਾ ਕੀਤਾ ਜਾਵੇ। ਉਸ ਦੇ ਵਕੀਲ ਨੇ ਦਲੀਲ ਦਿੱਤੀ ਕਿ ਔਰਤ 'ਤੇ ਬਲਾਤਕਾਰ ਦਾ ਇਲਜ਼ਾਮ ਨਹੀਂ ਲਗਾਇਆ ਜਾ ਸਕਦਾ।
ਅੰਤਿਮ ਫ਼ੈਸਲਾ ਹੋਣ ਤੱਕ ਅਦਾਲਤ ਨੇ ਨਿਰਦੇਸ਼ ਦਿੱਤਾ ਹੈ ਕਿ ਉਸ ਨੂੰ ਗ੍ਰਿਫ਼ਤਾਰੀ ਤੋਂ ਬਚਾਇਆ ਜਾਵੇਗਾ ਪਰ ਉਹ ਅਪਰਾਧ ਦੀ ਜਾਂਚ ਵਿੱਚ ਸਹਿਯੋਗ ਕਰੇਗੀ।
ਔਰਤ ਦੇ ਵਕੀਲ ਨੇ ਸਾਲ 2006 ਵਿੱਚ ਸੁਪਰੀਮ ਕੋਰਟ ਦੇ ਇੱਕ ਫ਼ੈਸਲੇ ਦਾ ਹਵਾਲਾ ਦਿੱਤਾ ਹੈ ਜਦੋਂ ਅਦਾਲਤ ਨੇ ਇੱਕ ਔਰਤ ਬਿਨੈਕਾਰ ਦੇ ਹੱਕ ਵਿੱਚ ਫ਼ੈਸਲਾ ਸੁਣਾਇਆ ਸੀ ਜਿਸ ਦੇ ਉੱਪਰ ਰੇਪ ਦੇ ਇਲਜ਼ਾਮ ਲੱਗੇ ਸਨ।

ਤਸਵੀਰ ਸਰੋਤ, Getty Images
ਸਿਰਫ਼ ਇੱਕ ਮਰਦ ਹੀ ਬਲਾਤਕਾਰ ਕਰ ਸਕਦਾ ਹੈ- ਕੋਰਟ
ਇਸ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਧਾਰਾ 375 ਨੂੰ ਪੜ੍ਹ ਕੇ ਇਹ ਸਥਿਤੀ ਸਪਸ਼ਟ ਹੋ ਜਾਂਦੀ ਹੈ ਕਿ ਬਲਾਤਕਾਰ ਸਿਰਫ਼ ਮਰਦ ਹੀ ਕਰ ਸਕਦਾ ਹੈ।
ਇਹ ਮਾਮਲਾ ਮੱਧ ਪ੍ਰਦੇਸ਼ ਦੇ ਸਾਗਰ ਵਿਖੇ ਬਲਾਤਕਾਰ ਦੀ ਘਟਨਾ ਨਾਲ ਸਬੰਧਤ ਹੈ। ਇਸ ਮਾਮਲੇ ਵਿਚ ਪੀੜਤਾ ਨੇ ਇਲਜ਼ਾਮ ਲਾਇਆ ਸੀ ਕਿ ਉਹ ਇੱਕ ਸਪੋਰਟਸ ਮੀਟ ਵਿਚ ਸ਼ਾਮਲ ਹੋਣ ਤੋਂ ਬਾਅਦ ਉਤਕਲ ਐਕਸਪ੍ਰੈੱਸ ਰੇਲਗੱਡੀ ਰਾਹੀਂ ਵਾਪਸ ਆ ਰਹੀ ਸੀ।
ਜਦੋਂ ਉਹ ਸਾਗਰ ਵਿਖੇ ਆਪਣੀ ਮੰਜ਼ਿਲ 'ਤੇ ਪਹੁੰਚੀ ਤਾਂ ਰੇਲਵੇ ਸਟੇਸ਼ਨ 'ਤੇ ਇੱਕ ਵਿਅਕਤੀ ਉਸ ਨੂੰ ਮਿਲਿਆ ਅਤੇ ਉਸ ਨੂੰ ਦੱਸਿਆ ਕਿ ਉਸ ਦੇ ਪਿਤਾ ਨੇ ਉਸ ਨੂੰ ਲਿਆਉਣ ਲਈ ਕਿਹਾ ਹੈ।
ਕਿਉਂਕਿ ਉਸ ਨੂੰ ਬੁਖ਼ਾਰ ਸੀ, ਉਸ ਆਦਮੀ ਦੇ ਨਾਲ ਉਹ ਔਰਤ ਉਸ ਦੇ ਘਰ ਚਲੀ ਗਈ। ਉਸ ਆਦਮੀ ਨੇ ਕਥਿਤ ਤੌਰ 'ਤੇ ਉਸ ਨਾਲ ਬਲਾਤਕਾਰ ਕੀਤਾ। ਇਸ ਦੌਰਾਨ ਉਸ ਦੀ ਪਤਨੀ ਉੱਥੇ ਪਹੁੰਚ ਗਈ।
ਪੀੜਤ ਔਰਤ ਨੇ ਉਸ ਦੀ ਪਤਨੀ ਨੂੰ ਬਚਾਉਣ ਲਈ ਬੇਨਤੀ ਕੀਤੀ। ਬਲਾਤਕਾਰ ਪੀੜਤਾ ਨੂੰ ਬਚਾਉਣ ਦੀ ਬਜਾਇ ਔਰਤ ਨੇ ਕਥਿਤ ਤੌਰ 'ਤੇ ਉਸ ਦੇ ਥੱਪੜ ਮਾਰਿਆ, ਘਰ ਦਾ ਦਰਵਾਜ਼ਾ ਬੰਦ ਕਰ ਦਿੱਤਾ ਅਤੇ ਘਟਨਾ ਵਾਲੀ ਜਗਾ ਛੱਡ ਕੇ ਚਲੀ ਗਈ।
ਉਸ ਔਰਤ 'ਤੇ ਉਸ ਦੇ ਪਤੀ ਸਮੇਤ ਇਲਜ਼ਾਮ ਲਗਾਏ ਗਏ ਸਨ। ਪਰ ਉਸ ਔਰਤ ਵੱਲੋਂ ਇਸ ਮਾਮਲੇ ਨੂੰ ਚੁਣੌਤੀ ਦੇਣ 'ਤੇ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚ ਗਿਆ ਸੀ।
ਔਰਤ ਦੇ ਪੱਖ 'ਚ ਫ਼ੈਸਲਾ ਸੁਣਾਉਂਦੇ ਹੋਏ ਅਦਾਲਤ ਨੇ ਕਿਹਾ, "ਇਹ (375) ਧਾਰਾ ਖ਼ੁਦ ਦੱਸਦੀ ਹੈ ਕਿ ਕਦੋਂ ਇਹ ਕਿਹਾ ਜਾ ਸਕਦਾ ਹੈ ਕਿ ਕਿਸੇ ਪੁਰਸ਼ ਨੇ ਬਲਾਤਕਾਰ ਕੀਤਾ ਹੈ। ਧਾਰਾ 376 (2) ਬਲਾਤਕਾਰ ਦੇ ਗੰਭੀਰ ਮਾਮਲਿਆਂ ਦੀ ਗਲ ਕਰਦੀ ਹੈ। ਇਨ੍ਹਾਂ ਵਿੱਚੋਂ ਇੱਕ ਦਾ ਸਬੰਧ "ਗੈਂਗ ਰੇਪ" ਨਾਲ ਹੈ।"
ਅਦਾਲਤ ਨੇ ਅੱਗੇ ਕਿਹਾ, "ਜੋ ਕੋਈ ਵੀ 'ਗੈਂਗ ਰੇਪ' ਕਰਦਾ ਹੈ, ਉਸ ਨੂੰ ਸਜ਼ਾ ਦਿੱਤੀ ਜਾਵੇਗੀ। ਇਹ ਸਪੱਸ਼ਟ ਕਰਦਾ ਹੈ ਕਿ ਜਦੋਂ ਕਿਸੇ ਔਰਤ ਨਾਲ ਇੱਕ ਤੋਂ ਵੱਧ ਲੋਕਾਂ ਦੁਆਰਾ ਬਲਾਤਕਾਰ ਕੀਤਾ ਜਾਂਦਾ ਹੈ ਤਾਂ ਸਾਰਿਆ ਉੱਤੇ ਗੈਂਗ ਰੇਪ ਦਾ ਇਲਜ਼ਾਮ ਲੱਗੇਗਾ।"
"ਸਾਂਝੇ ਇਰਾਦੇ ਵਾਲੇ ਹਰੇਕ ਅਜਿਹੇ ਵਿਅਕਤੀ ਨੂੰ ਇਸ ਉਪ-ਧਾਰਾ (2) ਦੇ ਅੰਦਰ ਸਮੂਹਿਕ ਬਲਾਤਕਾਰ ਦਾ ਮੁਲਜ਼ਮ ਮੰਨਿਆ ਜਾਵੇਗਾ। ਪਰ ਇਹ ਕਿਸੇ ਔਰਤ ਨੂੰ ਬਲਾਤਕਾਰ ਲਈ ਮੁਲਜ਼ਮ ਨਹੀਂ ਬਣਾ ਸਕਦੀ। ਇਹ ਸੰਕਲਪਿਕ ਤੌਰ 'ਤੇ ਅਸੰਭਵ ਹੈ।”
ਅਦਾਲਤ ਨੇ ਆਈਪੀਸੀ ਦੀ ਧਾਰਾ 34 ਦੇ ਤਹਿਤ ਸਾਂਝੇ ਇਰਾਦੇ ਦਾ ਵਿਸ਼ਾ ਵੀ ਚੁੱਕਿਆ ਸੀ। ਬੈਂਚ ਨੇ ਨੋਟ ਕੀਤਾ ਕਿ "ਇਹ ਨਹੀਂ ਕਿਹਾ ਜਾ ਸਕਦਾ ਕਿ ਕਿਸੇ ਔਰਤ ਦਾ ਬਲਾਤਕਾਰ ਕਰਨ ਦਾ ਇਰਾਦਾ ਸੀ।"
ਇਸ ਲਈ ਅਦਾਲਤ ਨੇ ਕਿਹਾ ਕਿ ਅਪੀਲ ਕਰਤਾ ਔਰਤ 'ਤੇ ਧਾਰਾ 376 (2) (ਜੀ) ਦੇ ਤਹਿਤ ਸਜ਼ਾ ਯੋਗ ਅਪਰਾਧ ਦੇ ਕਥਿਤ ਕਮਿਸ਼ਨ ਲਈ ਮੁਕੱਦਮਾ ਨਹੀਂ ਚਲਾਇਆ ਜਾ ਸਕਦਾ।

ਤਸਵੀਰ ਸਰੋਤ, THINKSTOCK
ਧਾਰਾ 375 ਕੀ ਕਹਿੰਦੀ ਹੈ
ਆਈਪੀਸੀ ਦੀ ਧਾਰਾ 375 ਮੁਤਾਬਕ, ਜੇਕਰ ਕੋਈ ਵਿਅਕਤੀ ਇਨ੍ਹਾਂ ਛੇ ਹਾਲਤਾਂ ਵਿੱਚ ਕਿਸੇ ਔਰਤ ਨਾਲ ਸਰੀਰਕ ਸਬੰਧ ਬਣਾਉਂਦਾ ਹੈ, ਤਾਂ ਇਹ ਕਿਹਾ ਜਾਵੇਗਾ ਕਿ ਬਲਾਤਕਾਰ ਹੋਇਆ ਹੈ।
- ਔਰਤ ਦੀ ਇੱਛਾ ਦੇ ਵਿਰੁੱਧ
- ਔਰਤ ਦੀ ਸਹਿਮਤੀ ਤੋਂ ਬਿਨਾਂ
- ਔਰਤ ਦੀ ਸਹਿਮਤੀ ਨਾਲ, ਪਰ ਇਹ ਸਹਿਮਤੀ ਉਸ ਨੂੰ ਮੌਤ ਜਾਂ ਨੁਕਸਾਨ ਦੇ ਡਰ ਵਿੱਚ ਪਾ ਕੇ ਜਾਂ ਆਪਣੇ ਕਿਸੇ ਨਜ਼ਦੀਕੀ ਦੇ ਨਾਲ ਅਜਿਹਾ ਕਰਨ ਦਾ ਡਰ ਦਿਖਾ ਕੇ ਹਾਸਿਲ ਕੀਤੀ ਗਈ ਹੈ।
- ਔਰਤ ਦੀ ਸਹਿਮਤੀ ਨਾਲ, ਪਰ ਔਰਤ ਨੇ ਇਹ ਸਹਿਮਤੀ ਇਸ ਵਿਅਕਤੀ ਦੀ ਵਿਆਹੁਤਾ ਹੋਣ ਦੇ ਭਰਮ ਵਿੱਚ ਦਿੱਤੀ ਹੋਵੇ।
- ਔਰਤ ਦੀ ਸਹਿਮਤੀ ਨਾਲ, ਪਰ ਇਹ ਸਹਿਮਤੀ ਦੇਣ ਵੇਲੇ ਔਰਤ ਦੀ ਮਾਨਸਿਕ ਹਾਲਤ ਠੀਕ ਨਾ ਹੋਵੇ ਜਾਂ ਫਿਰ ਉਸ 'ਤੇ ਕਿਸੇ ਨਸ਼ੀਲੇ ਪਦਾਰਥ ਦਾ ਅਸਰ ਹੋਵੇ ਅਤੇ ਕੁੜੀ ਸਹਿਮਤੀ ਦੇਣ ਨਤੀਜੇ ਨੂੰ ਸਮਝਣ ਦੀ ਹਾਲਤ ਵਿੱਚ ਨਾਲ ਹੋਵੇ।
- ਕੁੜੀ ਦੀ ਉਮਰ 16 ਤੋਂ ਘੱਟੋ ਹੋਵੇ ਤਾਂ ਉਸ ਦੀ ਮਰਜ਼ਾ ਨਾਲ ਜਾਂ ਉਸ ਦੀ ਸਹਿਮਤੀ ਤੋਂ ਬਿਨਾਂ ਬਣਾਏ ਗਏ, ਜਿਨਸੀ ਸਬੰਧ।
ਅਪਵਾਦ- ਪਤਨੀ ਜੇਕਰ 16 ਤੋਂ ਘੱਟ ਉਮਰ ਦੀ ਹੋਵੇ ਤਾਂ ਪਤੀ ਦਾ ਉਸ ਨਾਲ ਜਿਨਸੀ ਸਬੰਧ ਬਣਾਉਣਾ ਬਲਾਤਕਾਰ ਨਹੀਂ ਹੈ।

ਕੀ ਹੈ ਪੰਜਾਬ ਵਿਚਲਾ ਮਾਮਲਾ
ਹੁਣ ਜੋ ਮਾਮਲਾ ਸੁਪਰੀਮ ਕੋਰਟ ਅੱਗੇ ਹੈ ਉਸ ਵਿਚ ਕਥਿਤ ਬਲਾਤਕਾਰ ਪੀੜਤ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੀ ਰਹਿਣ ਵਾਲੀ ਹੈ। ਉਸ ਦੀ ਸ਼ਿਕਾਇਤ ਹੈ ਕਿ ਉਹ ਅਤੇ ਅਮਰੀਕਾ ਨਿਵਾਸੀ ਮਨਪ੍ਰੀਤ ਸਿੰਘ ਨੂੰ ਫੇਸਬੁੱਕ ਰਾਹੀਂ ਪਿਆਰ ਹੋ ਗਿਆ ਸੀ।
ਸਾਲ 2022 ਵਿੱਚ, ਜਦੋਂ ਉਸ ਦੇ ਮਾਤਾ-ਪਿਤਾ ਉਸ ਦਾ ਵਿਆਹ ਕਿਸੇ ਨਾਲ ਕਰਨਾ ਚਾਹੁੰਦੇ ਸਨ, ਤਾਂ ਮਨਪ੍ਰੀਤ ਨੇ ਕਥਿਤ ਤੌਰ 'ਤੇ ਉਸ 'ਤੇ ਦਬਾਅ ਪਾਇਆ ਕਿ ਉਹ ਉਸ ਨਾਲ ਵਿਆਹ ਕਰਾਵੇ ਨਹੀਂ ਤਾਂ ਉਹ ਉਸ ਦੇ ਪਰਿਵਾਰ ਨੂੰ ਮਾਰ ਦੇਵੇਗਾ ਅਤੇ ਖ਼ੁਦਕੁਸ਼ੀ ਕਰ ਲਵੇਗਾ।
ਉਹ ਡਰ ਕਾਰਨ ਮੰਨ ਗਈ। ਵਿਆਹ ਆਨਲਾਈਨ ਹੀ ਕੀਤਾ ਗਿਆ ਸੀ। ਉਸ ਨੇ ਕਥਿਤ ਤੌਰ 'ਤੇ ਉਸ ਨੂੰ ਕਿਹਾ ਸੀ ਕਿ ਜਦੋਂ ਤੱਕ ਉਹ ਅਮਰੀਕਾ ਤੋਂ ਉਸ ਨੂੰ ਲੈਣ ਨਹੀਂ ਆਉਂਦਾ, ਉਹ ਪੰਜਾਬ ਵਿਚ ਉਨ੍ਹਾਂ ਦੀ ਰਿਹਾਇਸ਼ 'ਤੇ ਰਹਿ ਸਕਦੀ ਹੈ।
ਤਿੰਨ ਮਹੀਨਿਆਂ ਬਾਅਦ ਮਨਪ੍ਰੀਤ ਦਾ ਭਰਾ ਹਰਪ੍ਰੀਤ ਸਿੰਘ ਜੋ ਪੁਰਤਗਾਲ ਵਿਚ ਰਹਿੰਦਾ ਸੀ, ਉਹ ਉੱਥੋਂ ਆਇਆ ਅਤੇ ਉਸ ਔਰਤ ਨੂੰ ਮਨਪ੍ਰੀਤ ਨੂੰ ਛੱਡ ਕੇ ਉਸ ਨਾਲ ਵਿਆਹ ਕਰਨ ਲਈ ਕਿਹਾ।
ਉਨ੍ਹਾਂ ਦੀ ਮਾਂ (ਜਿਸ ਨੇ ਹੁਣ ਸੁਪਰੀਮ ਕੋਰਟ ਵਿੱਚ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਹੈ) ਨੇ ਵੀ ਉਸ ਨੂੰ ਅਜਿਹਾ ਕਰਨ ਲਈ ਕਿਹਾ। ਪਰ ਔਰਤ ਦੇ ਮਨ੍ਹਾਂ ਕਰਨ 'ਤੇ ਮਨਪ੍ਰੀਤ ਦੇ ਪਰਿਵਾਰ ਨੇ ਕਥਿਤ ਤੌਰ 'ਤੇ ਉਸ ਨੂੰ ਤੰਗ-ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ।

ਤਸਵੀਰ ਸਰੋਤ, Getty Images
‘ਕਮਰੇ ਵਿਚ ਕੀਤਾ ਬੰਦ ਤੇ ਕੀਤਾ ਬਲਾਤਕਾਰ’
ਇੱਕ ਦਿਨ ਹਰਪ੍ਰੀਤ, ਉਸ ਦਾ ਇੱਕ ਦੋਸਤ ਅਤੇ ਉਸ ਦੀ ਸੱਸ ਨੇ ਉਸ ਨੂੰ ਇੱਕ ਕਮਰੇ ਵਿਚ ਬੰਦ ਕਰ ਦਿੱਤਾ ਅਤੇ ਹਰਪ੍ਰੀਤ ਨੇ ਕਥਿਤ ਤੌਰ 'ਤੇ ਦੋ ਦਿਨਾਂ ਤੱਕ ਉਸ ਦੇ ਨਾਲ ਬਲਾਤਕਾਰ ਕੀਤਾ।
ਉਸ ਨੇ ਕਥਿਤ ਤੌਰ 'ਤੇ ਉਸ ਦੀਆਂ ਨਗਨ ਤਸਵੀਰਾਂ ਵੀ ਖਿੱਚੀਆਂ ਅਤੇ ਧਮਕੀਆਂ ਦਿੱਤੀਆਂ ਕਿ ਉਹ ਇਸ ਨੂੰ ਸੋਸ਼ਲ ਮੀਡੀਆ ’ਤੇ ਪਾ ਦੇਵੇਗਾ। ਉਸ ਔਰਤ ਨੇ ਆਪਣੇ ਮਾਪਿਆਂ ਨੂੰ ਬੁਲਾਇਆ ਜੋ ਉਸ ਨੂੰ ਵਾਪਸ ਲੈ ਗਏ, ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਕੋਲ ਐੱਫਆਈਆਰ ਦਰਜ ਕਰਵਾਈ।
ਪਹਿਲਾਂ ਸੈਸ਼ਨ ਕੋਰਟ ਅਤੇ ਫਿਰ ਨਵੰਬਰ ਦੇ ਮਹੀਨੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਉਸ ਦੀ ਜ਼ਮਾਨਤ ਪਟੀਸ਼ਨ ਖ਼ਾਰਜ ਕਰ ਦਿੱਤੀ ਸੀ।
ਹਾਈ ਕੋਰਟ ਨੇ ਫ਼ੈਸਲਾ ਸੁਣਾਇਆ ਕਿ ਪਟੀਸ਼ਨਰ ਦੇ ਬਜ਼ੁਰਗ ਔਰਤ ਹੋਣ ਦਾ ਸਿਰਫ਼ ਤੱਥ ਹੀ ਉਸ ਨੂੰ ਅਗਾਊ ਜ਼ਮਾਨਤ ਦੀ ਰਿਆਇਤ ਵਧਾਉਣ ਲਈ ਕਾਫ਼ੀ ਨਹੀਂ ਹੈ।
ਅਦਾਲਤ ਨੇ ਇਹ ਵੀ ਕਿਹਾ ਕਿ ਕਥਿਤ ਅਪਰਾਧ ਵਿੱਚ ਉਸ ਦੀ ਸਰਗਰਮ ਭਾਗੀਦਾਰੀ ਬਾਰੇ ਐੱਫਆਈਆਰ ਵਿੱਚ ਹੀ ਖ਼ਾਸ ਅਤੇ ਸਪੱਸ਼ਟ ਇਲਜ਼ਾਮ ਹਨ।
ਔਰਤ ਨੇ ਹੁਣ ਸੁਪਰੀਮ ਕੋਰਟ ਦਾ ਰੁੱਖ ਕੀਤਾ ਹੈ। ਸੁਪਰੀਮ ਕੋਰਟ ਨੂੰ ਹੁਣ ਇਸ ਮਹਿਲਾ ਦੇ ਵਕੀਲ ਨੇ ਇਹ ਦੱਸਣਾ ਹੈ ਕਿ ਕਿਉਂ ਔਰਤਾਂ ਦੇ ਖ਼ਿਲਾਫ਼ ਬਲਾਤਕਾਰ ਦਾ ਇਲਜ਼ਾਮ ਨਹੀਂ ਲਾਇਆ ਜਾ ਸਕਦਾ। ਅਦਾਲਤ ਨੇ ਇਸ ਮਾਮਲੇ ਵਿਚ ਚਾਰ ਹਫ਼ਤਿਆਂ ਦਾ ਨੋਟਿਸ ਦਿੱਤਾ ਹੈ।
ਪੰਜਾਬ ਵਿਚ ਰੇਪ ਮਾਮਲਿਆਂ ਵਿਚ ਵਾਧਾ
ਨੈਸ਼ਨਲ ਕ੍ਰਾਈਮ ਰਜਿਸਟ੍ਰੇਸ਼ਨ ਬਿਊਰੋ (ਐੱਨਸੀਆਰਬੀ) ਦੇ ਤਾਜ਼ੇ ਅੰਕੜਿਆਂ ਅਨੁਸਾਰ ਪੰਜਾਬ ਵਿਚ ਰੇਪ ਦੇ ਮਾਮਲੇ ਵੱਧ ਰਹੇ ਹਨ।
ਐੱਨਸੀਆਰਬੀ ਦੇ ਮੁਤਾਬਕ ਸੂਬੇ ਵਿੱਚ ਬਲਾਤਕਾਰ ਦੇ ਮਾਮਲਿਆਂ ਵਿੱਚ ਲਗਭਗ 10% ਵਾਧਾ ਹੋਇਆ ਹੈ।
2021 ਵਿੱਚ 464 ਦੇ ਮੁਕਾਬਲੇ 2022 ਵਿੱਚ 517 ਰੇਪ ਦੇ ਮਾਮਲੇ ਦਰਜ ਕੀਤੇ ਗਏ। 2021 ਵਿੱਚ 60 ਦੇ ਮੁਕਾਬਲੇ 2022 ਵਿੱਚ ਸੂਬੇ ਵਿੱਚ ਬਲਾਤਕਾਰ ਦੀ ਕੋਸ਼ਿਸ਼ ਦੇ 42 ਕੇਸ ਦਰਜ ਕੀਤੇ ਗਏ।
2022 ਵਿੱਚ, ਬਲਾਤਕਾਰ ਦੇ ਸਾਰੇ 517 ਪੀੜਤ 18 ਸਾਲ ਤੋਂ ਵੱਧ ਉਮਰ ਦੇ ਸਨ ਜਦੋਂ ਕਿ 2021 ਵਿੱਚ, ਕੁੱਲ 464 ਕੇਸਾਂ ਵਿੱਚੋਂ 10 ਪੀੜਤਾਂ ਦੀ ਉਮਰ 18 ਸਾਲ ਤੋਂ ਘੱਟ ਸੀ।














