ਸੈਕਸ ਵਰਕਰਾਂ ਨੂੰ ਪਹਿਲੀ ਵਾਰ ਮਿਲੇਗੀ ਜਣੇਪਾ ਛੁੱਟੀ, ਕਿੰਨੀ ਸੁਧਰੇਗੀ ਜ਼ਿੰਦਗੀ

- ਲੇਖਕ, ਸੋਫੀਆ ਬੇਟੀਜ਼ਾ
- ਰੋਲ, ਬੀਬੀਸੀ ਨਿਊਜ਼
ਚੇਤਾਵਨੀ: ਇਸ ਰਿਪੋਰਟ ਵਿੱਚ ਜਿਨਸੀ ਪ੍ਰਵਿਰਤੀ ਦਾ ਵਰਣਨ ਸ਼ਾਮਲ ਹੈ।
ਬੈਲਜੀਅਮ ਵਿੱਚ ਸੈਕਸ ਵਰਕਰ ਸੋਫੀ ਦੱਸਦੀ ਹੈ, “ਜਦੋਂ ਮੈਂ ਨੌਂ ਮਹੀਨਿਆਂ ਦੀ ਗਰਭਵਤੀ ਸੀ, ਉਦੋਂ ਵੀ ਮੈਨੂੰ ਕੰਮ ਕਰਨਾ ਪਿਆ ਸੀ। ਬੱਚੇ ਨੂੰ ਜਨਮ ਦੇਣ ਤੋਂ ਇੱਕ ਹਫ਼ਤਾ ਪਹਿਲਾਂ ਤੱਕ ਮੈਂ ਗਾਹਕਾਂ ਨਾਲ ਸੈਕਸ ਕਰ ਰਹੀ ਸੀ।’’
ਉਹ ਆਪਣੀ ਸੈਕਸ ਵਰਕਰ ਵਜੋਂ ਨੌਕਰੀ ਦੇ ਨਾਲ-ਨਾਲ ਪੰਜ ਬੱਚਿਆਂ ਦੀ ਮਾਂ ਵੀ ਹੈ ਜੋ ਕਿ ‘ਬਹੁਤ ਔਖਾ’ ਹੈ।
ਸੋਫੀ, ਜੋ ਆਪਣਾ ਨਾਮ ਨਹੀਂ ਦੱਸਣਾ ਚਾਹੁੰਦੀ ਸੀ, ਨੇ ਜਦੋਂ ਆਪਣੇ ਪੰਜਵੇਂ ਬੱਚੇ ਨੂੰ ਜਨਮ ਦਿੱਤਾ ਤਾਂ ਇਹ ਬੱਚਾ ਸੀਜੇਰੀਅਨ ਨਾਲ ਹੋਇਆ ਸੀ। ਉਹਨਾਂ ਨੂੰ ਦੱਸਿਆ ਗਿਆ ਸੀ ਕਿ ਉਹਨਾਂ ਨੂੰ ਛੇ ਹਫ਼ਤਿਆਂ ਲਈ ਆਰਾਮ ਕਰਨ ਦੀ ਲੋੜ ਹੈ। ਪਰ ਉਸ ਦਾ ਕਹਿਣਾ ਹੈ ਕਿ ਉਸ ਲਈ ਕੋਈ ਵਿਕਲਪ ਨਹੀਂ ਸੀ ਅਤੇ ਉਹ ਤੁਰੰਤ ਕੰਮ ’ਤੇ ਵਾਪਸ ਆ ਗਈ।
‘‘ਮੈਂ ਕੰਮ ਕਰਨਾ ਛੱਡ ਨਹੀਂ ਸਕਦੀ ਸੀ ਕਿਉਂਕਿ ਮੈਨੂੰ ਪੈਸੇ ਦੀ ਲੋੜ ਸੀ।’’
ਸੋਫੀ ਦੀ ਜ਼ਿੰਦਗੀ ਬਹੁਤ ਸੌਖੀ ਹੁੰਦੀ, ਜੇਕਰ ਉਹਨਾਂ ਨੂੰ ਜਣੇੇਪੇ ਦੀ ਛੁੱਟੀ ਦਾ ਅਧਿਕਾਰ ਮਿਲਦਾ, ਜਿਸ ਦਾ ਭੁਗਤਾਨ ਉਹਨਾਂ ਨੂੰ ਨਿਯੁਕਤ ਕਰਨ ਵਾਲੇ ਵੱਲੋਂ ਕੀਤਾ ਜਾਂਦਾ।

ਪਰ ਹੁਣ ਅਜਿਹਾ ਸੰਭਵ ਹੋਵੇਗਾ। ਬੈਲਜੀਅਮ ਦੇ ਨਵੇਂ ਕਾਨੂੰਨ ਤਹਿਤ ਇਹ ਸੰਭਵ ਹੋਇਆ ਹੈ ਜੋ ਦੁਨੀਆਂ ਦਾ ਪਹਿਲਾਂ ਅਜਿਹਾ ਕਾਨੂੰਨ ਹੈ।
ਇਸ ਤਹਿਤ ਸੈਕਸ ਵਰਕਰ ਅਧਿਕਾਰਤ ਰੁਜ਼ਗਾਰ ਕੰਟਰੈਕਟ, ਸਿਹਤ ਬੀਮਾ, ਪੈਨਸ਼ਨ, ਜਣੇਪਾ ਛੁੱਟੀ ਅਤੇ ਬਿਮਾਰ ਹੋਣ ਦੇ ਦਿਨਾਂ ਵਿੱਚ ਛੁੱਟੀ ਦੀਆਂ ਹੱਕਦਾਰ ਹੋਣਗੀਆਂ। ਇਨ੍ਹਾਂ ਨਿਯਮਾਂ ਨੂੰ ਕਿਸੇ ਵੀ ਹੋਰ ਨੌਕਰੀ ਵਾਂਗ ਲਾਜ਼ਮੀ ਤੌਰ ’ਤੇ ਮੰਨਿਆ ਜਾਵੇਗਾ।
ਸੋਫੀ ਕਹਿੰਦੀ ਹੈ, ‘‘ਇਹ ਸਾਡੇ ਲਈ ਇੱਕ ਮੌਕਾ ਹੈ ਕਿ ਅਸੀਂ ਇੱਕ ਇਨਸਾਨ ਦੇ ਰੂਪ ਵਿੱਚ ਮੌਜੂਦ ਰਹੀਏ।’’
ਇੰਟਰਨੈਸ਼ਨਲ ਯੂਨੀਅਨ ਆਫ ਸੈਕਸ ਵਰਕਰਜ਼ ਅਨੁਸਾਰ, ਦੁਨੀਆਂ ਭਰ ਵਿੱਚ ਲਗਭਗ 52 ਮਿਲੀਅਨ ਸੈਕਸ ਵਰਕਰ ਹਨ। ਬੈਲਜੀਅਮ ਵਿੱਚ 2022 ਵਿੱਚ ਇਸ ਪੇਸ਼ੇ ਨੂੰ ਅਪਰਾਧ ਤੋਂ ਮੁਕਤ ਕਰ ਦਿੱਤਾ ਗਿਆ ਅਤੇ ਤੁਰਕੀ ਅਤੇ ਪੇਰੂ ਸਮੇਤ ਕਈ ਹੋਰ ਦੇਸ਼ਾਂ ਵਿੱਚ ਵੀ ਇਹ ਕਾਨੂੰਨੀ ਹੈ।
ਪਰ ਰੁਜ਼ਗਾਰ ਅਧਿਕਾਰ ਅਤੇ ਕੰਟਰੈਕਟ ਕਰਨਾ ਵਿਸ਼ਵ ਪੱਧਰ ’ਤੇ ਪਹਿਲੀ ਵਾਰ ਹੋਇਆ ਹੈ।
“ਸਾਨੂੰ ਚਾਹੀਦਾ ਹੈ ਕਿ ਹਰ ਦੇਸ਼ ਇਸ ਦਿਸ਼ਾ ਵਿੱਚ ਅੱਗੇ ਵਧੇ”

ਤਸਵੀਰ ਸਰੋਤ, UTSOPI
ਹਿਊਮਨ ਰਾਈਟਸ ਵਾਚ ਦੀ ਰਿਸਰਚਰ ਏਰਿਨ ਕਿਲਬ੍ਰਾਈਡ ਕਹਿੰਦੀ ਹੈ, ‘‘ਇਹ ਕ੍ਰਾਂਤੀਕਾਰੀ ਕਦਮ ਹੈ ਅਤੇ ਇਹ ਦੁਨੀਆਂ ਵਿੱਚ ਹੁਣ ਤੱਕ ਸਭ ਤੋਂ ਵਧੀਆ ਕਦਮ ਹੈ।’’
“ਸਾਨੂੰ ਚਾਹੀਦਾ ਹੈ ਕਿ ਹਰ ਦੇਸ਼ ਇਸ ਦਿਸ਼ਾ ਵਿੱਚ ਅੱਗੇ ਵਧੇ।”
ਆਲੋਚਕਾਂ ਦਾ ਕਹਿਣਾ ਹੈ ਕਿ ਦੇਹ ਵਪਾਰ ਕਾਰਨ ਤਸਕਰੀ, ਸ਼ੋਸ਼ਣ ਅਤੇ ਦੁਰਵਿਵਹਾਰ ਹੁੰਦਾ ਹੈ ਜਿਸ ਨੂੰ ਇਹ ਕਾਨੂੰਨ ਨਹੀਂ ਰੋਕ ਸਕੇਗਾ।
ਬੈਲਜੀਅਮ ਵਿੱਚ ਸੜਕਾਂ ’ਤੇ ਸੈਕਸ ਵਰਕਰਾਂ ਦੀ ਮਦਦ ਕਰਨ ਵਾਲੇ ਗੈਰ ਸਰਕਾਰੀ ਸੰਗਠਨ ‘ਇਸਾਲਾ’ ਦੀ ਇੱਕ ਵਾਲੰਟੀਅਰ ਜੂਲੀਆ ਕ੍ਰੂਮੀਅਰ ਕਹਿੰਦੀ, ‘‘ਇਹ ਖ਼ਤਰਨਾਕ ਹੈ ਕਿਉਂਕਿ ਇਹ ਇੱਕ ਅਜਿਹੇ ਪੇਸ਼ੇ ਨੂੰ ਆਮ ਬਣਾਉਂਦਾ ਹੈ ਜੋ ਆਪਣੇ ਆਪ ਵਿੱਚ ਹਮੇਸ਼ਾਂ ਹਿੰਸਕ ਰਿਹਾ ਹੈ।’’
ਕਈ ਸੈਕਸ ਵਰਕਰਾਂ ਲਈ ਇਹ ਨੌਕਰੀ ਉਨ੍ਹਾਂ ਦੀ ਇੱਕ ਜ਼ਰੂਰਤ ਹੈ, ਅਤੇ ਇਸ ਸਬੰਧ ਵਿੱਚ ਕਾਨੂੰਨ ਜਲਦੀ ਨਹੀਂ ਆ ਸਕਦਾ ਹੈ।
ਮੇਲ ਨੂੰ ਉਦੋਂ ਬਹੁਤ ਬੁਰਾ ਲੱਗਿਆ ਜਦੋਂ ਉਸ ਨੂੰ ਇੱਕ ਗਾਹਕ ਨਾਲ ਬਿਨਾਂ ਕੰਡੋਮ ਤੋਂ ਓਰਲ ਸੈਕਸ ਕਰਨ ਲਈ ਮਜਬੂਰ ਕੀਤਾ ਗਿਆ, ਜਦੋਂਕਿ ਉਸ ਨੂੰ ਪਤਾ ਸੀ ਕਿ ਵੇਸ਼ਵਾਘਰ ਵਿੱਚ ਜਿਨਸੀ ਤੌਰ 'ਤੇ ਸੰਚਾਰਿਤ ਲਾਗ (ਐੱਸਟੀਆਈ) ਫੈਲ ਰਹੀ ਹੈ। ਪਰ ਉਸ ਨੇ ਮਹਿਸੂਸ ਕੀਤਾ ਕਿ ਉਸ ਕੋਲ ਕੋਈ ਵਿਕਲਪ ਨਹੀਂ ਹੈ।
“ਮੇਰੇ ਕੋਲ ਜਾਂ ਤਾਂ ਬਿਮਾਰੀ ਫੈਲਾਉਣ ਦਾ ਵਿਕਲਪ ਸੀ, ਜਾਂ ਫਿਰ ਪੈਸਾ ਨਾ ਕਮਾਉਣ ਦਾ।’’
ਜਦੋਂ ਮੇਲ 23 ਸਾਲ ਦੀ ਸੀ ਤਾਂ ਉਹ ਇੱਕ ਐਸਕੋਰਟ (ਇੱਕ ਸੈਕਸ ਵਰਕਰ ਜੋ ਕਿਸੇ ਵਿਅਕਤੀ ਨਾਲ ਬਾਹਰ ਵੀ ਚਲੀ ਜਾਂਦੀ ਹੈ) ਬਣ ਗਈ ਸੀ। ਉਸ ਨੂੰ ਪੈਸਿਆਂ ਦੀ ਲੋੜ ਸੀ ਅਤੇ ਜਲਦੀ ਹੀ ਉਸ ਨੇ ਉਮੀਦ ਤੋਂ ਵੱਧ ਕਮਾਈ ਕਰਨੀ ਸ਼ੁਰੂ ਕਰ ਦਿੱਤੀ।
ਉਸ ਨੇ ਸੋਚਿਆ ਕਿ ਉਸ ਨੂੰ ਤਾਂ ਸੋਨੇ ਦੀ ਖਾਣ ਹੀ ਮਿਲ ਗਈ ਹੈ, ਪਰ ਐੱਸਟੀਆਈ ਦੇ ਅਨੁਭਵ ਨੇ ਉਸ ਨੂੰ ਅਚਾਨਕ ਜ਼ਮੀਨ ’ਤੇ ਲਿਆ ਕੇ ਖੜ੍ਹਾ ਕਰ ਦਿੱਤਾ।
ਮੇਲ ਹੁਣ ਕਿਸੇ ਵੀ ਗਾਹਕ ਜਾਂ ਜਿਨਸੀ ਕੰਮ ਤੋਂ ਇਨਕਾਰ ਕਰ ਸਕੇਗੀ ਜਿਸ ਨਾਲ ਉਹ ਅਸਹਿਜ ਮਹਿਸੂਸ ਕਰਦੀ ਹੈ। ਇਸ ਦਾ ਮਤਲਬ ਇਹ ਹੈ ਕਿ ਉਹ ਉਸ ਸਥਿਤੀ ਨੂੰ ਵੱਖਰੇ ਢੰਗ ਨਾਲ ਸੰਭਾਲ ਸਕਦੀ ਹੈ।
‘‘ਮੈਂ ਆਪਣੀ ਮੈਡਮ [ਨਿਯੁਕਤੀਕਰਤਾ] ਵੱਲ ਉਂਗਲ ਉਠਾ ਸਕਦੀ ਹਾਂ ਅਤੇ ਕਹਿ ਸਕਦੀ ਹਾਂ: ‘‘ਤੁਸੀਂ ਇਨ੍ਹਾਂ ਸ਼ਰਤਾਂ ਦੀ ਉਲੰਘਣਾ ਕਰ ਰਹੇ ਹੋ ਅਤੇ ਤੁਹਾਨੂੰ ਮੇਰੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਕਰਨਾ ਚਾਹੀਦਾ ਹੈ। ਮੈਂ ਕਾਨੂੰਨੀ ਤੌਰ ’ਤੇ ਸੁਰੱਖਿਅਤ ਹਾਂ।’’
2022 ਤੋਂ ਪਹਿਲਾਂ ਸੈਕਸ ਵਰਕਰਾਂ ਦੀ ਜ਼ਿੰਦਗੀ

ਬੈਲਜੀਅਮ ਦੀ ਸਰਕਾਰ ਦਾ ਫੈਸਲਾ 2022 ਵਿੱਚ ਕਈ ਮਹੀਨਿਆਂ ਦੇ ਵਿਰੋਧ ਪ੍ਰਦਰਸ਼ਨਾਂ ਦਾ ਨਤੀਜਾ ਹੈ ਜੋ ਕੋਵਿਡ ਮਹਾਮਾਰੀ ਦੇ ਦੌਰਾਨ ਸੈਕਸ ਵਰਕਰਾਂ ਲਈ ਸਰਕਾਰ ਦੇ ਸਮਰਥਨ ਦੀ ਘਾਟ ਕਾਰਨ ਹੋਇਆ ਸੀ।
ਇਸ ਦੇ ਮੋਹਰੀਆਂ ਵਿੱਚੋਂ ਇੱਕ ਵਿਕਟੋਰੀਆ ਸੀ, ਜੋ ਬੈਲਜੀਅਨ ਯੂਨੀਅਨ ਆਫ ਸੈਕਸ ਵਰਕਰਜ਼ (ਯੂਟੀਐੱਸਓਪੀਆਈ) ਦੀ ਪ੍ਰਧਾਨ ਸੀ ਅਤੇ ਇਸ ਤੋਂ ਪਹਿਲਾਂ 12 ਸਾਲਾਂ ਤੱਕ ਐਸਕੋਰਟ ਰਹਿ ਚੁੱਕੀ ਸੀ।
ਉਸ ਲਈ, ਇਹ ਇੱਕ ਨਿੱਜੀ ਲੜਾਈ ਸੀ। ਵਿਕਟੋਰੀਆ ਵੇਸਵਾਗਮਨੀ ਨੂੰ ਇੱਕ ਸਮਾਜਿਕ ਸੇਵਾ ਮੰਨਦੀ ਹੈ ਅਤੇ ਉਹ ਜੋ ਕਰਦੀ ਹੈ, ਉਸ ਵਿੱਚ ਸੈਕਸ ਦਾ ਹਿੱਸਾ ਸਿਰਫ਼ 10% ਹੀ ਹੈ।
ਉਹ ਦੱਸਦੀ ਹੈ, ‘‘ਇਸ ਵਿੱਚ ਲੋਕਾਂ ’ਤੇ ਧਿਆਨ ਦੇਣਾ, ਉਨ੍ਹਾਂ ਦੀਆਂ ਗੱਲਾਂ ਸੁਣਨੀਆਂ, ਉਨ੍ਹਾਂ ਨਾਲ ਕੇਕ ਖਾਣਾ, ਵਾਲਟਜ਼ ਸੰਗੀਤ ’ਤੇ ਡਾਂਸ ਕਰਨਾ ਸ਼ਾਮਲ ਹੈ। ਆਖਿਰਕਾਰ, ਇਹ ਇਕੱਲੇਪਣ ਨੂੰ ਦੂਰ ਕਰਨ ਬਾਰੇ ਹੈ।’’
ਪਰ 2022 ਤੋਂ ਪਹਿਲਾਂ ਉਸ ਦੀ ਨੌਕਰੀ ਦੇ ਗੈਰ-ਕਾਨੂੰਨੀ ਹੋਣ ਨੇ ਉਸ ਲਈ ਵੱਡੀਆਂ ਚੁਣੌਤੀਆਂ ਖੜ੍ਹੀਆਂ ਕਰ ਦਿੱਤੀਆਂ।
ਉਹ ਅਸੁਰੱਖਿਅਤ ਹਾਲਤਾਂ ਵਿੱਚ ਕੰਮ ਕਰਦੀ ਸੀ, ਉਸ ਕੋਲ ਆਪਣੇ ਗਾਹਕਾਂ ਨੂੰ ਲੈ ਕੇ ਕੋਈ ਵਿਕਲਪ ਨਹੀਂ ਸੀ ਅਤੇ ਉਸ ਦੀ ਏਜੰਸੀ ਉਸ ਦੀ ਕਮਾਈ ਵਿੱਚੋਂ ਵੱਡੀ ਕਟੌਤੀ ਕਰ ਰਹੀ ਸੀ।
ਦਰਅਸਲ, ਵਿਕਟੋਰੀਆ ਦਾ ਕਹਿਣਾ ਹੈ ਕਿ ਉਸ ਦੇ ਨਾਲ ਇੱਕ ਅਜਿਹੇ ਗਾਹਕ ਨੇ ਬਲਾਤਕਾਰ ਕੀਤਾ ਸੀ ਜੋ ਉਸ ਪ੍ਰਤੀ ਪਾਗਲ ਹੋ ਗਿਆ ਸੀ।
ਉਹ ਪੁਲਿਸ ਸਟੇਸ਼ਨ ਗਈ। ਉਸ ਨੇ ਦੱਸਿਆ ਕਿ ਉੱਥੇ ਮਹਿਲਾ ਅਧਿਕਾਰੀ ਨੇ ਉਸ ਨਾਲ ‘ਬਹੁਤ ਸਖ਼ਤੀ’ ਕੀਤੀ।
‘‘ਉਸ ਨੇ ਮੈਨੂੰ ਕਿਹਾ ਕਿ ਸੈਕਸ ਵਰਕਰ ਦਾ ਬਲਾਤਕਾਰ ਨਹੀਂ ਕੀਤਾ ਜਾ ਸਕਦਾ। ਉਸ ਨੇ ਮੈਨੂੰ ਮਹਿਸੂਸ ਕਰਵਾਇਆ ਕਿ ਇਹ ਮੇਰੀ ਗਲਤੀ ਹੈ, ਕਿਉਂਕਿ ਮੈਂ ਇਹ ਕੰਮ ਕੀਤਾ ਹੈ।’’
ਇਹ ਸੁਣ ਕੇ ਵਿਕਟੋਰੀਆ ਰੋਂਦੀ ਹੋਈ ਪੁਲਿਸ ਸਟੇਸ਼ਨ ਤੋਂ ਬਾਹਰ ਨਿਕਲੀ।
ਨਵੇਂ ਕਾਨੂੰਨ ਨਾਲ ਵਰਕਰਾਂ ਨੂੰ ਸੁਧਾਰ ਦੀ ਉਮੀਦ

ਅਸੀਂ ਜਿਨ੍ਹਾਂ ਸੈਕਸ ਵਰਕਰਾਂ ਨਾਲ ਗੱਲ ਕੀਤੀ, ਉਨ੍ਹਾਂ ਵਿੱਚੋਂ ਹਰੇਕ ਨੇ ਸਾਨੂੰ ਦੱਸਿਆ ਕਿ ਕਿਸੇ ਨਾ ਕਿਸੇ ਸਮੇਂ ਉਨ੍ਹਾਂ ’ਤੇ ਉਨ੍ਹਾਂ ਦੀ ਇੱਛਾ ਦੇ ਵਿਰੁੱਧ ਕੁਝ ਕਰਨ ਲਈ ਦਬਾਅ ਪਾਇਆ ਗਿਆ ਸੀ।
ਇਸ ਕਰਕੇ, ਵਿਕਟੋਰੀਆ ਦਾ ਇਹ ਪੱਕਾ ਵਿਸ਼ਵਾਸ ਹੈ ਕਿ ਇਹ ਨਵਾਂ ਕਾਨੂੰਨ ਉਨ੍ਹਾਂ ਦੇ ਜੀਵਨ ਵਿੱਚ ਸੁਧਾਰ ਲਿਆਵੇਗਾ।
‘‘ਜੇ ਕੋਈ ਕਾਨੂੰਨ ਨਹੀਂ ਹੈ ਅਤੇ ਤੁਹਾਡਾ ਕੰਮ ਗੈਰ-ਕਾਨੂੰਨੀ ਹੈ ਤਾਂ ਤੁਹਾਡੀ ਮਦਦ ਕਰਨ ਲਈ ਕੋਈ ਪ੍ਰੋਟੋਕੋਲ ਨਹੀਂ ਹੈ। ਇਹ ਕਾਨੂੰਨ ਲੋਕਾਂ ਨੂੰ ਸਾਨੂੰ ਸੁਰੱਖਿਅਤ ਬਣਾਉਣ ਲਈ ਸਾਧਨ ਪ੍ਰਦਾਨ ਕਰਦਾ ਹੈ।”
ਨਵੇਂ ਕਾਨੂੰਨ ਤਹਿਤ ਸੈਕਸ ਵਰਕਰ ਨੂੰ ਨਿਯੰਤਰਿਤ ਕਰਨ ਵਾਲੇ ਦਲਾਲਾਂ ਨੂੰ ਕਾਨੂੰਨੀ ਤੌਰ ’ਤੇ ਕੰਮ ਕਰਨ ਦੀ ਇਜਾਜ਼ਤ ਹੋਵੇਗੀ - ਬਸ਼ਰਤੇ ਉਹ ਸਖ਼ਤ ਨਿਯਮਾਂ ਦੀ ਪਾਲਣਾ ਕਰਨ।
ਕਿਸੇ ਵੀ ਗੰਭੀਰ ਅਪਰਾਧ ਲਈ ਦੋਸ਼ੀ ਠਹਿਰਾਏ ਗਏ ਵਿਅਕਤੀ ਨੂੰ ਸੈਕਸ ਵਰਕਰਾਂ ਨੂੰ ਕੰਮ ’ਤੇ ਰੱਖਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਕ੍ਰਿਸ ਰੀਕਮੈਨਜ਼ ਕਹਿੰਦੇ ਹਨ, ‘‘ਮੈਨੂੰ ਲੱਗਦਾ ਹੈ ਕਿ ਬਹੁਤ ਸਾਰੇ ਕਾਰੋਬਾਰਾਂ ਨੂੰ ਬੰਦ ਕਰਨਾ ਪਏਗਾ, ਕਿਉਂਕਿ ਇਹ ਕੰਮ ਕਰਨ ਵਾਲੇ ਬਹੁਤ ਸਾਰੇ ਮਾਲਕਾਂ ਦਾ ਅਪਰਾਧਿਕ ਰਿਕਾਰਡ ਹੈ।’’
ਕ੍ਰਿਸ ਅਤੇ ਉਨ੍ਹਾਂ ਦੀ ਪਤਨੀ ਅਲੈਗਜ਼ੈਂਡਰਾ ਛੋਟੇ ਜਿਹੇ ਸ਼ਹਿਰ ਬੇਕੇਵਾਰਟ ਦੇ ‘ਲਵ ਸਟ੍ਰੀਟ’ ਉੱਤੇ ਇੱਕ ਕਾਮੁਕ ਮਸਾਜ ਪਾਰਲਰ ਚਲਾਉਂਦੇ ਹਨ।
ਜਦੋਂ ਅਸੀਂ ਉੱਥੇ ਗਏ ਤਾਂ ਇਹ ਪੂਰੀ ਤਰ੍ਹਾਂ ਨਾਲ ਬੁੱਕ ਸੀ। ਸੋਮਵਾਰ ਦੀ ਸਵੇਰ ਲਈ ਅਸੀਂ ਜੋ ਉਮੀਦ ਕਰ ਰਹੇ ਸੀ, ਉਹ ਨਹੀਂ ਸੀ। ਸਾਨੂੰ ਮਸਾਜ ਬੈੱਡ, ਨਵੇਂ ਤੌਲੀਏ ਅਤੇ ਗਾਊਨ, ਹੌਟ ਟੱਬ ਅਤੇ ਸਵਿਮਿੰਗ ਪੂਲ ਦੇ ਨਾਲ ਬਹੁਤ ਬਾਰੀਕੀ ਨਾਲ ਸਜਾਏ ਕਮਰੇ ਦਿਖਾਏ ਗਏ।
“ਨਵਾਂ ਕਾਨੂੰਨ ਮਾਲਕਾਂ ਦੇ ਅਧਿਕਾਰਾਂ ਨੂੰ ਘੱਟ ਕਰੇਗਾ”

ਕ੍ਰਿਸ ਅਤੇ ਉਨ੍ਹਾਂ ਦੀ ਪਤਨੀ 15 ਸੈਕਸ ਵਰਕਰਾਂ ਨੂੰ ਰੁਜ਼ਗਾਰ ਦਿੰਦੇ ਹਨ, ਅਤੇ ਉਨ੍ਹਾਂ ਨਾਲ ਆਦਰ ਨਾਲ ਪੇਸ਼ ਆਉਂਦੇ ਹਨ। ਉਨ੍ਹਾਂ ਨੂੰ ਸੁਰੱਖਿਆ ਅਤੇ ਚੰਗੀ ਤਨਖਾਹ ਦੇਣ ’ਤੇ ਮਾਣ ਮਹਿਸੂਸ ਕਰਦੇ ਹਨ।
ਉਹ ਕਹਿੰਦੇ ਹਨ, ‘‘ਮੈਨੂੰ ਉਮੀਦ ਹੈ ਕਿ ਬੁਰੇ ਰੁਜ਼ਗਾਰਦਾਤਿਆਂ ਨੂੰ ਇਸ ਤੋਂ ਬਾਹਰ ਕਰ ਦਿੱਤਾ ਜਾਵੇਗਾ ਅਤੇ ਚੰਗੇ ਲੋਕ, ਜੋ ਇਸ ਪੇਸ਼ੇ ਨੂੰ ਇਮਾਨਦਾਰੀ ਨਾਲ ਕਰਨਾ ਚਾਹੁੰਦੇ ਹਨ, ਉਹ ਬਣੇ ਰਹਿਣਗੇ। ਜਿੰਨੇ ਜ਼ਿਆਦਾ ਲੋਕ ਹੋਣਗੇ, ਓਨਾ ਬਿਹਤਰ ਹੋਵੇਗਾ।’’
ਹਿਊਮਨ ਰਾਈਟਸ ਵਾਚ ਦੀ ਏਰਿਨ ਕਿਲਬ੍ਰਾਈਡ ਵੀ ਇਸ ਤਰ੍ਹਾਂ ਦੀ ਹੀ ਸੋਚ ਰੱਖਦੀ ਹੈ। ਉਹ ਕਹਿੰਦੀ ਹੈ ਕਿ ਮਾਲਕਾਂ ’ਤੇ ਪਾਬੰਦੀਆਂ ਲਗਾ ਕੇ ਨਵਾਂ ਕਾਨੂੰਨ ‘‘ਸੈਕਸ ਵਰਕਰਾਂ 'ਤੇ ਮਾਲਕਾਂ ਦੇ ਅਧਿਕਾਰਾਂ ਨੂੰ ਕਾਫ਼ੀ ਹੱਦ ਤੱਕ ਘੱਟ ਕਰ ਦੇਵੇਗਾ।’’
ਪਰ ਜੂਲੀਆ ਕਰੂਮੀਅਰ ਦਾ ਕਹਿਣਾ ਹੈ ਕਿ ਜਿਨ੍ਹਾਂ ਔਰਤਾਂ ਦੀ ਉਹ ਮਦਦ ਕਰਦੇ ਹਨ, ਉਨ੍ਹਾਂ ਵਿੱਚੋਂ ਜ਼ਿਆਦਾਤਰ ਸਿਰਫ਼ ਇਸ ਪੇਸ਼ੇ ਨੂੰ ਛੱਡਣ ਅਤੇ ‘ਆਮ ਨੌਕਰੀ’ ਪ੍ਰਾਪਤ ਕਰਨ ਲਈ ਮਦਦ ਚਾਹੁੰਦੀਆਂ ਹਨ, ਇਸ ਪੇਸ਼ੇ ਦੇ ਲੇਬਰ ਅਧਿਕਾਰ ਨਹੀਂ ਹਨ।
‘‘ਇਸ ਦਾ ਮਤਲਬ ਹੈ ਠੰਡ ਦੇ ਮੌਸਮ ਵਿੱਚ ਬਾਹਰ ਨਾ ਰਹਿਣਾ ਅਤੇ ਉਨ੍ਹਾਂ ਅਜਨਬੀਆਂ ਨਾਲ ਜਿਨਸੀ ਸਬੰਧ ਬਣਾਉਣਾ ਜੋ ਤੁਹਾਡੇ ਸਰੀਰ ਤੱਕ ਪਹੁੰਚਣ ਲਈ ਪੈਸੇ ਦਿੰਦੇ ਹਨ।’’

ਤਸਵੀਰ ਸਰੋਤ, Getty Images
ਬੈਲਜੀਅਮ ਦੇ ਨਵੇਂ ਕਾਨੂੰਨ ਤਹਿਤ, ਹਰੇਕ ਕਮਰੇ ਵਿੱਚ ਜਿੱਥੇ ਜਿਨਸੀ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ, ਉੱਥੇ ਇੱਕ ਅਲਾਰਮ ਬਟਨ ਲੱਗਿਆ ਹੋਣਾ ਚਾਹੀਦਾ ਹੈ ਜੋ ਸੈਕਸ ਵਰਕਰ ਦਾ ਉਸ ਦੇ ਕਿਸੇ ‘ਸਬੰਧਿਤ ਵਿਅਕਤੀ’ ਨਾਲ ਸੰਪਰਕ ਕਰਾਏਗਾ।
ਪਰ ਜੂਲੀਆ ਦਾ ਮੰਨਣਾ ਹੈ ਕਿ ਸੈਕਸ ਵਰਕ ਨੂੰ ਸੁਰੱਖਿਅਤ ਬਣਾਉਣ ਦਾ ਕੋਈ ਤਰੀਕਾ ਨਹੀਂ ਹੈ।
‘‘ਕਿਸੇ ਹੋਰ ਨੌਕਰੀ ਵਿੱਚ ਤੁਹਾਨੂੰ ਪੈਨਿਕ ਬਟਨ ਦੀ ਲੋੜ ਹੋਵੇਗੀ? ਇਹ ਦੁਨੀਆ ਦਾ ਸਭ ਤੋਂ ਪੁਰਾਣਾ ਪੇਸ਼ਾ ਨਹੀਂ ਹੈ, ਇਹ ਦੁਨੀਆ ਦਾ ਸਭ ਤੋਂ ਪੁਰਾਣਾ ਸ਼ੋਸ਼ਣ ਹੈ।’’
ਸੈਕਸ ਉਦਯੋਗ ਨੂੰ ਕਿਵੇਂ ਨਿਯੰਤ੍ਰਿਤ ਕੀਤਾ ਜਾਵੇ, ਇਹ ਵਿਸ਼ਵ ਪੱਧਰ 'ਤੇ ਇੱਕ ਰਾਇ ਵੰਡਣ ਵਾਲਾ ਮੁੱਦਾ ਬਣਿਆ ਹੋਇਆ ਹੈ। ਪਰ ਮੇਲ ਲਈ, ਇਸ ਨੂੰ ਮਾੜੇ ਵਿਵਹਾਰ ਤੋਂ ਬਾਹਰ ਲਿਆਉਣਾ ਔਰਤਾਂ ਲਈ ਹੀ ਮਦਦਗਾਰ ਹੋ ਸਕਦਾ ਹੈ।
ਉਹ ਕਹਿੰਦੀ ਹੈ, ‘‘ਮੈਨੂੰ ਬਹੁਤ ਮਾਣ ਹੈ ਕਿ ਬੈਲਜੀਅਮ ਇੰਨਾ ਅੱਗੇ ਹੈ। ਹੁਣ ਮੇਰਾ ਭਵਿੱਖ ਹੈ।’’
ਲੋਕਾਂ ਦੀ ਸੁਰੱਖਿਆ ਲਈ ਕੁਝ ਨਾਂ ਬਦਲੇ ਗਏ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)








