ਸੰਦੀਪ ਨੰਗਲ ਅੰਬੀਆਂ ਦਾ ਕਤਲ : ਪਿੰਡ ਵਾਲਿਆਂ ਨੂੰ ਯਕੀਨ ਨਹੀਂ ਆ ਰਿਹਾ ਕਿ ਕੋਈ ਸੰਦੀਪ ਨੂੰ ਕਤਲ ਕਰ ਸਕਦਾ ਹੈ

ਸੰਦੀਪ
ਤਸਵੀਰ ਕੈਪਸ਼ਨ, ਸੰਦੀਪ ਦੇ ਘਰ ਸੋਗ ਵਿਚ ਡੁੱਬੇ ਉਨ੍ਹਾਂ ਦੇ ਪਿਤਾ ਸਵਰਨ ਸਿੰਘ
    • ਲੇਖਕ, ਪ੍ਰਦੀਪ ਪੰਡਿਤ
    • ਰੋਲ, ਬੀਬੀਸੀ ਸਹਿਯੋਗੀ

ਨਕੋਦਰ ਦੇ ਪਿੰਡ ਮੱਲੀਆਂ ਕੱਲਾਂ ਵਿਚ ਸੋਮਵਾਰ ਨੂੰ ਕੱਬਡੀ ਕੱਪ ਦੌਰਾਨ ਹੋਈ ਗੋਲੀਬਾਰੀ ਵਿਚ ਮਾਰੇ ਗਏ ਸੰਦੀਪ ਸਿੰਘ ਸੰਧੂ, ਜਲੰਧਰ ਜ਼ਿਲ੍ਹੇ ਦੇ ਸ਼ਾਹਕੋਟ ਨੇੜੇਲੇ ਪਿੰਡ ਨੰਗਲ ਅੰਬੀਆਂ ਦੇ ਰਹਿਣ ਵਾਲੇ ਸਨ।

ਪੰਜਾਬ ਦੇ ਜਲੰਧਰ ਸ਼ਹਿਰ ਨੇੜਲੇ ਪਿੰਡ ਮੱਲੀਆਂ ਕਲਾਂ ਵਿੱਚ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਨੂੰ ਸੋਮਵਾਰ ਸ਼ਾਮ ਟੂਰਨਾਮੈਂਟ ਦੌਰਾਨ ਅੰਨ੍ਹੇਵਾਹ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

ਨਕੋਦਰ ਦੇ ਡੀਐਸਪੀ ਲਖਵਿੰਦਰ ਸਿੰਘ ਮੱਲ ਨੇ ਦੱਸਿਆ ਕਿ ਸੰਦੀਪ ਨੰਗਲ ਅੰਬੀਆਂ ਦੇ ਫੋਨ ਉੱਪਰ ਆਈਆਂ ਸਾਰੀਆਂ ਕਾਲਾਂ ਨੂੰ ਪੁਲਿਸ ਜਾਂਚ ਰਹੀ ਹੈ। ਉਨ੍ਹਾਂ ਨੇ ਅੱਗੇ ਦੱਸਿਆ," ਸੰਦੀਪ ਦਾ ਪਰਿਵਾਰ ਅੱਜ ਦੇਰ ਸ਼ਾਮ ਤੱਕ ਦਿੱਲੀ ਪਹੁੰਚ ਸਕਦਾ ਹੈ। ਉਨ੍ਹਾਂ ਦੀ ਮੌਜੂਦਗੀ ਵਿੱਚ ਕੱਲ੍ਹ ਸਵੇਰੇ 10 ਵਜੇ ਪੋਸਟਮਾਰਟਮ ਹੋਵੇਗਾ ਅਤੇ ਸ਼ਾਮ ਤਕ ਅੰਤਿਮ ਸਸਕਾਰ ਕੀਤੇ ਜਾਣ ਦੀ ਸੰਭਾਵਨਾ ਹੈ।"

ਸੰਦੀਪ ਪਿੰਡ ਨੰਗਲ ਅੰਬੀਆਂ ਵਿੱਚ ਪੈਦਾ ਹੋਇਆ ਸੀ ਅਤੇ ਇਸ ਵੇਲੇ ਯੂਕੇ ਦਾ ਨਾਗਰਿਕ ਸੀ
ਤਸਵੀਰ ਕੈਪਸ਼ਨ, ਸੰਦੀਪ ਪਿੰਡ ਨੰਗਲ ਅੰਬੀਆਂ ਵਿੱਚ ਪੈਦਾ ਹੋਇਆ ਸੀ ਅਤੇ ਇਸ ਵੇਲੇ ਯੂਕੇ ਦਾ ਨਾਗਰਿਕ ਸੀ

ਸੰਦੀਪ ਪਿੰਡ ਨੰਗਲ ਅੰਬੀਆਂ ਵਿੱਚ ਪੈਦਾ ਹੋਇਆ ਸੀ ਅਤੇ ਇਸ ਵੇਲੇ ਯੂਕੇ ਦਾ ਨਾਗਰਿਕ ਸੀ। ਸੰਦੀਪ ਆਪਣੇ ਪਿੱਛੇ ਜੌੜੇ ਪੁੱਤਰ ਅਤੇ ਪਤਨੀ ਛੱਡ ਗਏ ਹਨ।

ਮੰਗਲਵਾਰ ਸਵੇਰੇ ਜਦੋਂ ਬੀਬੀਸੀ ਪੰਜਾਬੀ ਦੀ ਟੀਮ ਪਿੰਡ ਨੰਗਲ ਅੰਬੀਆਂ ਪਹੁੰਚੀ ਤਾਂ ਵੱਡੇ ਕੌਮਾਂਤਰੀ ਪੱਧਰ ਦੇ ਇਸ ਖਿਡਾਰੀ ਦੇ ਤੁਰ ਜਾਣ ਦਾ ਅਸਰ ਪਿੰਡ ਦੀਆਂ ਬਰੂਹਾਂ ਤੋਂ ਸਾਫ਼ ਮਹਿਸੂਸ ਕੀਤਾ ਜਾ ਸਕਦਾ ਸੀ।

ਭਾਵੇਂ ਕਿ ਸੰਦੀਪ ਦਾ ਪਰਿਵਾਰ ਇਸ ਵੇਲੇ ਇੰਗਲੈਂਡ ਵਿਚ ਹੈ ਪਰ ਉਸਦੇ ਦੇ ਜੱਦੀ ਘਰ ਵਿਚ ਹਾਜ਼ਰ ਰਿਸ਼ਤੇਦਾਰਾਂ ਦੇ ਵੈਣ ਤਾਂ ਸੁਣੇ ਹੀ ਨਹੀਂ ਜਾ ਰਹੇ ਸਨ ਅਤੇ ਉਹ ਵੀ ਇਹ ਨਹੀਂ ਦੱਸ ਪਾ ਰਹੇ ਕਿ ਆਖ਼ਰ ਉਸ ਦਾ ਕਤਲ ਕਿਸ ਨੇ ਕੀਤਾ।

ਸੰਦੀਪ ਦੇ ਪਿੰਡ ਦੇ ਲੋਕਾਂ ਨੂੰ ਅਜੇ ਤੱਕ ਇਸ ਗੱਲ ਦਾ ਭਰੋਸਾ ਹੀ ਨਹੀਂ ਆ ਰਿਹਾ ਕਿ ਉਨ੍ਹਾਂ ਦੇ ਪਿੰਡ ਨੂੰ ਖੇਡ ਜਗਤ ਵਿਚ ਕੌਮਾਂਤਰੀ ਪਛਾਣ ਦੁਆਉਣ ਵਾਲਾ ਕਬੱਡੀ ਸਿਤਾਰਾ ਸਦਾ ਲਈ ਤੁਰ ਗਿਆ ਹੈ।

ਇਹ ਵੀ ਪੜ੍ਹੋ:

ਪਿੰਡ ਵਾਲੇ ਦੱਸਦੇ ਹਨ ਕਿ ਸਕੂਲ ਦੇ ਦੌਰਾਨ ਹੀ ਸੰਦੀਪ ਨੂੰ ਕੱਬਡੀ ਖੇਡਣ ਦਾ ਸ਼ੌਕ ਪੈਦਾ ਹੋਇਆ ਤੇ 2002 ਵਿੱਚ ਉਸਦੀ ਖੇਡ ਨਿਖਰਨੀ ਸ਼ੁਰੂ ਹੋਈ।

2004 ਵਿਚ ਸੰਦੀਪ ਇੰਗਲੈਂਡ ਚਲਾ ਗਿਆ ਤੇ ਕੰਮ ਦੇ ਨਾਲ ਨਾਲ ਉਸ ਨੇ ਕੱਬਡੀ ਖੇਡਣੀ ਵੀ ਨਹੀਂ ਛੱਡੀ।

ਘਰ ਵਿੱਚ ਸੱਥਰ ਵਿਛੇ ਹੋਏ ਹਨ, ਪਰਿਵਾਰ ਅਤੇ ਦੋਸਤ ਮਿੱਤਰ ਸੰਦੀਪ ਦੀਆਂ ਯਾਦਾਂ ਨੂੰ ਸਾਂਝੀਆਂ ਕਰਕੇ ਭਾਵੁਕ ਹੋ ਰਹੇ ਹਨ।

ਪਿੰਡ ਦੇ ਲੋਕ ਦੱਸਦੇ ਨੇ ਕਿ ਜਦੋਂ ਵੀ ਉਹ ਪਿੰਡ ਆਉਂਦਾ ਤਾਂ ਹਮੇਸ਼ਾ ਹੀ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਨੂੰ ਪ੍ਰੇਰਿਤ ਕਰਦਾ ਤੇ ਕੱਬਡੀ ਖੇਡਣ ਲਈ ਕਿਹੋ ਜਿਹਾ ਸਰੀਰ ਚਾਹੀਦਾ ਜਾਂ ਜਿਮ 'ਚ ਕਿਸ ਤਰਾਂ ਕਸਰਤ ਕਰਨੀ ਹੈ, ਉਸ ਬਾਰੇ ਦੱਸਦਾ ਰਹਿੰਦਾ ਸੀ।

ਵੀਡੀਓ ਕੈਪਸ਼ਨ, ਕਬੱਡੀ ਖਿਡਾਰੀ ਸੰਦੀਪ ਦਾ ਕਤਲ, ਗੋਲੀਕਾਂਡ ਦਾ LIVE ਵੀਡੀਓ

ਪਰਿਵਾਰ ਨਾਲ ਅਚਾਨਕ ਵਾਪਰੇ ਇਸ ਹਾਦਸੇ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਲੋਕਾਂ ਦਾ ਕਹਿਣਾ ਹੈ ਕਿ ਸੰਦੀਪ ਦੀ ਕਿਸੇ ਨਾਲ ਕੋਈ ਦੁਸ਼ਮਣੀ ਜਾਂ ਲੜਾਈ ਝਗੜਾ ਨਹੀਂ ਸੀ।

''ਸੰਦੀਪ ਦੀ ਇੱਕੋ ਤਮੰਨਾ ਸੀ ਕਿ ਕਬੱਡੀ ਨੂੰ ਨਸ਼ਾ ਮੁਕਤ ਕਰਨਾ ਹੈ''

ਮੱਲੀਆਂ ਕਲਾਂ ਵਿੱਚ ਕਬੱਡੀ ਟੂਰਨਾਮੈਂਟ ਵਿੱਚ ਸ਼ਾਮਲ ਹੋਣ ਗਏ ਸੰਦੀਪ ਨੰਗਲ ਅੰਬੀਆਂ ਦੇ ਨਾਲ ਉੱਘੇ ਖੇਡ ਪ੍ਰਮੋਟਰ ਬਲਵਿੰਦਰ ਸਿੰਘ ਚੱਠਾ ਵੀ ਮੌਜੂਦ ਸਨ।

ਉਹ ਦੱਸਦੇ ਹਨ, ''ਅਸੀਂ ਇਕੱਠੇ ਗਏ ਸੀ, ਟੂਰਨਾਮੈਂਟ 'ਤੇ ਸੰਦੀਪ ਲੁਧੜ ਦਾ ਸਨਮਾਨ ਕੀਤਾ। ਉਸ ਤੋਂ ਬਾਅਦ ਸੰਦੀਪ ਲੁਧੜ ਨੂੰ ਵਿਦਾ ਕਰਨ ਲਈ ਸੰਦੀਪ ਨੰਗਲ ਚਲਾ ਗਿਆ, ਸੰਦੀਪ ਲੁਧੜ ਤਾਂ ਸੜਕ ਪਾਰ ਕਰ ਗਿਆ ਤੇ ਸੰਦੀਪ ਨੰਗਲ ਪਿੱਛੇ ਰਹਿ ਗਿਆ ਤੇ ਚਾਰ ਅਣਪਛਾਤਿਆਂ ਨੇ ਹਮਲਾ ਕਰ ਦਿੱਤਾ।''

ਬਲਵਿੰਦਰ ਸਿੰਘ ਚੱਠਾ

ਉਨ੍ਹਾਂ ਅੱਗੇ ਕਿਹਾ, ''ਦੋ ਅਣਪਛਾਤਿਆਂ ਨੇ ਲੋਕਾਂ ਉੱਤੇ ਫਾਇਰਿੰਗ ਕੀਤੀ ਅਤੇ ਦੋ ਨੇ ਸੰਦੀਪ ਨੰਗਲ ਉੱਤੇ ਗੋਲੀਆਂ ਚਲਾਈਆਂ।''

ਬਲਵਿੰਦਰ ਸਿੰਘ ਨੇ ਇਹ ਵੀ ਦੱਸਿਆ ਕਿ ਸੰਦੀਪ ਦੀ ਇੱਕੋ ਖਹਾਇਸ਼ ਸੀ ਕਿ ਕਬੱਡੀ ਨੂੰ ਨਸ਼ਾ ਮੁਕਤ ਕਰਨਾ ਹੈ।

''ਛੋਟੀ ਉਮਰ ਵਿੱਚ ਵੱਡੀ ਸੋਚ ਰੱਖਣ ਵਾਲਾ ਇਨਸਾਨ ਸੀ''

ਸੰਦੀਪ ਨੰਗਲ ਅੰਬੀਆਂ ਦੇ ਦੋਸਤ ਜਸਪ੍ਰੀਤ ਸਿੰਘ ਉਨ੍ਹਾਂ ਨਾਲ ਆਪਣੀਆਂ ਯਾਦਾਂ ਸਾਂਝੀਆਂ ਕਰਦੇ ਭਾਵੁਕ ਹੋ ਗਏ।

ਉਨ੍ਹਾਂ ਮੁਤਾਬਕ ਕਬੱਡੀ ਜਗਤ ਨੂੰ ਬਹੁਤ ਵੱਡਾ ਘਾਟਾ ਪਿਆ ਹੈ।

ਜਸਪ੍ਰੀਤ ਸਿੰਘ
ਤਸਵੀਰ ਕੈਪਸ਼ਨ, ਸੰਦੀਪ ਦੇ ਦੋਸਤ ਜਸਪ੍ਰੀਤ ਸਿੰਘ

ਉਨ੍ਹਾਂ ਕਿਹਾ, ''ਸੰਦੀਪ ਵਰਲਡ ਪੱਧਰ ਦਾ ਸਟਾਰ ਸੀ ਅਤੇ ਸੁਭਾਅ ਪੱਖੋਂ ਬਹੁਤ ਹਲੀਮੀ ਵਾਲਾ ਇਨਸਾਨ ਸੀ। ਬਹੁਤ ਮਿਹਨਤ ਕਰਕੇ ਇੱਥੋਂ ਤੱਕ ਪਹੁੰਚਿਆ। ਸਾਡਾ ਬਚਪਨ ਇਕੱਠਿਆਂ ਲੰਘਿਆ।''

''ਸਾਡੇ ਸਾਹਮਣੇ ਸੰਦੀਪ ਆਮ ਇਨਸਾਨ ਤੋਂ ਸਟਾਰ ਬਣਿਆ। ਸੰਦੀਪ ਕਰਕੇ ਸਾਡਾ ਸਤਿਕਾਰ ਅਤੇ ਮਾਣ ਹੁੰਦਾ ਸੀ। ਸੰਦੀਪ ਛੋਟੀ ਉਮਰ ਵਿੱਚ ਵੱਡੀ ਸੋਚ ਰੱਖਣ ਵਾਲਾ ਇਨਸਾਨ ਸੀ।

ਕੌਣ ਸੀ ਸੰਦੀਪ ਤੇ ਉਸ ਦਾ ਕੀ ਸੀ ਪਿਛੋਕੜ?

ਸੰਦੀਪ ਦਾ ਸਬੰਧ ਇੱਕ ਜਿੰਮੀਦਾਰ ਪਰਿਵਾਰ ਤੋਂ ਸੀ ਅਤੇ ਉਸ ਦੀ ਜ਼ਿੰਦਗੀ ਦਾ ਬਹੁਤ ਸਮਾਂ ਗਰੀਬੀ ਦੇ ਦੌਰ ਵਿੱਚੋਂ ਲੰਘਿਆ।

ਇੱਕ ਉਹ ਵੀ ਸਮਾਂ ਸੀ ਕਿ ਸੰਦੀਪ ਨੂੰ ਇਹ ਵੀ ਪਤਾ ਨਹੀਂ ਹੁੰਦਾ ਸੀ ਕਿ ਕਬੱਡੀ ਕੀ ਹੁੰਦੀ ਹੈ।

ਸੰਦੀਪ ਦਾ ਪਰਿਵਾਰ ਖੇਤੀਬਾੜੀ ਨਾਲ ਜੁੜਿਆ ਸੀ, ਆਪਣੇ ਖੇਤਾਂ ਦੀਆਂ ਸਬਜ਼ੀਆਂ ਨੂੰ ਮੰਡੀ ਵਿੱਚ ਵੇਚ ਕੇ ਪਰਿਵਾਰ ਗੁਜ਼ਾਰਾ ਕਰਦਾ ਸੀ।

ਸੰਦੀਪ ਮੁਤਾਬਕ ਉਨ੍ਹਾਂ ਦਾ ਦੋਸਤ ਇੱਕ ਵਾਰ ਉਨ੍ਹਾਂ ਨੂੰ ਕਬੱਡੀ ਖਿਡਾਉਣ ਲਈ ਲੈ ਗਿਆ ਅਤੇ ਜੇਤੂ ਖਿਡਾਰੀ ਹੋਣ ਉੱਤੇ ਉਨ੍ਹਾਂ ਨੂੰ ਪਹਿਲੀ ਵਾਰ 5-10 ਰੁਪਏ ਇਨਾਮੀ ਰਾਸ਼ੀ ਅਤੇ ਕੁਝ ਭਾਂਡੇ ਤੋਹਫ਼ੇ ਵਜੋਂ ਮਿਲੇ ਸਨ।

ਸੰਦੀਪ

ਤਸਵੀਰ ਸਰੋਤ, FB/Sandeep Nangal

ਤਸਵੀਰ ਕੈਪਸ਼ਨ, ਆਪਣੇ ਜੁੜਵੇ ਪੁੱਤਰਾਂ ਨਾਲ ਸੰਦੀਪ

ਸਾਰਾ ਦਿਨ ਮੰਡੀ ਵਿੱਚ ਸਬਜ਼ੀ ਵੇਚਣ ਲਈ ਹੋਕਾ ਲਾਉਣ ਮਗਰੋਂ ਕਮਾਈ ਕਰਨ ਵਾਲੇ ਸੰਦੀਪ ਨੂੰ ਕੁਝ ਕੁ ਮਿੰਟਾਂ ਵਿੱਚ ਹੀ ਕਬੱਡੀ ਨੇ ਪੈਸੇ ਅਤੇ ਭਾਂਡਿਆਂ ਦੇ ਨਾਲ-ਨਾਲ ਸ਼ੌਹਰਤ ਦਿੱਤੀ।

ਬਸ, ਇਸੇ ਪਲ ਨੇ ਸੰਦੀਪ ਦੀ ਦਿਲਚਸਪੀ ਕਬੱਡੀ 'ਚ ਵਧਾਈ। ਸੰਦੀਪ ਕਬੱਡੀ ਖੇਡ ਵਿੱਚ ਇੱਕ ਜਾਫ਼ੀ ਵਜੋਂ ਮਸ਼ਹੂਰ ਸੀ।

ਕਿਸੇ ਵੇਲੇ ਕਬੱਡੀ ਖੇਡਣ ਲਈ ਸਾਈਕਲ ਉੱਤੇ ਜਾਣ ਵਾਲੇ ਸੰਦੀਪ ਦੀ ਮਿਹਨਤ ਅਤੇ ਸ਼ਿੱਦਤ ਨੇ ਉਸ ਨੂੰ ਕਈ ਮੁਲਕਾਂ ਵਿੱਚ ਜਹਾਜ਼ ਉੱਤੇ ਸਫ਼ਰ ਕਰਵਾਇਆ।

ਪਿੰਡ ਨੰਗਲ ਅੰਬੀਆਂ ਵਿੱਚ ਉਸ ਦੇ ਘਰ ਵਿੱਚ ਬਣੇ ਇੱਕ ਕਮਰੇ ਵਿੱਚ ਵੱਖ-ਵੁੱਖ ਮੁਕਾਬਲਿਆਂ ਵਿੱਚੋਂ ਜਿੱਤੇ ਮੈਡਲ ਅਤੇ ਟ੍ਰਾਫ਼ੀਆਂ ਭਰੀਆਂ ਹੋਈਆਂ ਹਨ।

ਸੰਦੀਪ
ਤਸਵੀਰ ਕੈਪਸ਼ਨ, ਕਬੱਡੀ ਖੇਡਣ ਲਈ ਸਾਈਕਲ ਉੱਤੇ ਜਾਣ ਵਾਲੇ ਸੰਦੀਪ ਦੀ ਮਿਹਨਤ ਅਤੇ ਸ਼ਿੱਦਤ ਨੇ ਉਸ ਨੂੰ ਕਈ ਮੁਲਕਾਂ ਵਿੱਚ ਜਹਾਜ਼ ਉੱਤੇ ਸਫ਼ਰ ਕਰਵਾਇਆ।

ਮਜ਼ਬੂਤ ਤੇ ਤਕੜੇ ਸਰੀਰ ਵਾਲਾ ਹੋਣ ਕਰਕੇ ਸੰਦੀਪ ਨੂੰ ਗਲੇਡੀਏਟਰ ਕਿਹਾ ਜਾਂਦਾ ਸੀ। ਸੰਦੀਪ ਪਿਛਲੇ ਕੁਝ ਸਮੇਂ ਤੋਂ ਇਸ ਗੱਲ ਨੂੰ ਲੈ ਕੇ ਚਿੰਤਤ ਸੀ ਕਿ ਕਬੱਡੀ ਨੂੰ ਨਸ਼ਾ ਖਾ ਰਿਹਾ ਹੈ।

ਸੰਦੀਪ ਦੀ ਮੌਤ ਤੋਂ ਬਾਅਦ ਪੰਜਾਬ ਤੋਂ ਲੈ ਕੇ ਆਲਮੀ ਪੱਧਰ ਤੱਕ ਕਬੱਡੀ ਨੂੰ ਪਸੰਦ ਕਰਨ ਵਾਲੇ ਲੋਕਾਂ ਵਿੱਚ ਇਸ ਵੇਲੇ ਸੋਗ ਦੀ ਲਹਿਰ ਹੈ।

ਪਿੰਡ ਦੇ ਮੁੰਡਿਆਂ ਲਈ ਪ੍ਰੇਰਣਾ ਸੀ ਸੰਦੀਪ

ਸੰਦੀਪ ਦੇ ਪਿੰਡ ਵਿੱਚ ਗੁਆਂਢੀ ਗੁਰਮੀਤ ਸਿੰਘ ਦੱਸਦੇ ਹਨ ਕਿ ਉਹ ਨੌਜਵਾਨਾਂ ਨੂੰ ਨਸ਼ਿਆਂ ਤੋਂ ਵਰਜਦਾ ਸੀ।

ਸੰਦੀਪ ਨੰਗਲ ਅੰਬੀਆਂ

ਤਸਵੀਰ ਸਰੋਤ, PArdeep Pandit

ਤਸਵੀਰ ਕੈਪਸ਼ਨ, ਸੰਦੀਪ ਦੇ ਪਿੰਡ ਵਿੱਚ ਗੁਆਂਢੀ ਗੁਰਮੀਤ ਸਿੰਘ ਦੱਸਦੇ ਹਨ ਕਿ ਉਹ ਨੌਜਵਾਨਾਂ ਨੂੰ ਨਸ਼ਿਆਂ ਤੋਂ ਵਰਜਦਾ ਸੀ।

ਉਨ੍ਹਾਂ ਕਿਹਾ, ''ਸੰਦੀਪ ਨੰਗਲ ਅੰਬੀਆਂ ਦੇ ਸਕੂਲ ਵਿੱਚ ਹੀ ਪੜ੍ਹਦਾ ਸੀ ਅਤੇ ਇੱਥੋਂ ਦੇ ਮੈਦਾਨ ਵਿੱਚੋਂ ਇਹ ਤਕੜਾ ਖਿਡਾਰੀ ਬਣਿਆ। ਇਸ ਦਾ ਇੱਕੋ ਸ਼ੌਂਕ ਸੀ, ਕਸਰਤ ਕਰਨਾ ਜਾਂ ਕਬੱਡੀ ਖੇਡਣਾ। ਜਦੋਂ ਵੀ ਵਿਹਲਾ ਹੁੰਦਾ ਸੀ ਤਾਂ ਹਮੇਸ਼ਾ ਸਰੀਰ ਉੱਤੇ ਹੀ ਧਿਆਨ ਦਿੰਦਾ ਸੀ।''

ਇਨ੍ਹਾਂ ਦਾ ਸਾਰਾ ਪਰਿਵਾਰ ਇਸ ਵੇਲੇ ਇੰਗਲੈਂਡ ਵਿੱਚ ਹੈ।

ਪਿੰਡ ਦੇ ਹੀ ਖਿਡਾਰੀ ਪ੍ਰਦੀਪ ਸਿੰਘ ਦੱਸਦੇ ਹਨ ਕਿ ਸੰਦੀਪ ਉਨ੍ਹਾਂ ਨੂੰ ਖੇਡਾਂ ਪ੍ਰਤੀ ਟਿਪਸ ਦਿੰਦੇ ਸਨ।

ਉਨ੍ਹਾਂ ਦੱਸਿਆ, ''ਸੰਦੀਪ ਸਾਡੇ ਪਰਿਵਾਰ ਵਾਂਗ ਸੀ, ਹਮੇਸ਼ਾ ਨਾਲ ਖੜ੍ਹਦੇ ਸੀ। ਸਾਨੂੰ ਦੱਸਦੇ ਸੀ ਕਿ ਘਰ ਦੀ ਖ਼ੁਰਾਕ ਹੀ ਖਾਣੀ ਹੈ ਤੇ ਬਾਹਰੋਂ ਕੁਝ ਨਹੀਂ ਲੈ ਕੇ ਖਾਣਾ।''

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)