ਸੰਦੀਪ ਨੰਗਲ ਅੰਬੀਆਂ : ਕਬੱਡੀ 'ਚ ਨਸ਼ੇ ਨੂੰ ਲੈ ਕੇ ਫ਼ਿਕਰਮੰਦ ਖਿਡਾਰੀ ਦਾ ਪਿਛੋਕੜ ਜਾਣੋ

ਵੀਡੀਓ ਕੈਪਸ਼ਨ, ਕਬੱਡੀ ਖਿਡਾਰੀ ਸੰਦੀਪ ਦਾ ਕਤਲ, ਗੋਲੀਕਾਂਡ ਦਾ LIVE ਵੀਡੀਓ
    • ਲੇਖਕ, ਸਰਬਜੀਤ ਸਿੰਘ ਧਾਲੀਵਾਲ (ਬੀਬੀਸੀ ਪੱਤਰਕਾਰ)
    • ਰੋਲ, ਪਾਲ ਸਿੰਘ ਨੌਲੀ (ਬੀਬੀਸੀ ਸਹਿਯੋਗੀ)

ਜਲੰਧਰ ਸ਼ਹਿਰ ਨੇੜੇ ਪਿੰਡ ਮੱਲੀਆਂ ਕਲਾਂ ਵਿੱਚ ਕਬੱਡੀ ਖਿਡਾਰੀ ਨੂੰ ਸੋਮਵਾਰ ਸ਼ਾਮ ਟੂਰਨਾਮੈਂਟ ਦੌਰਾਨ ਅੰਨ੍ਹੇਵਾਹ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।

ਮ੍ਰਿਤਕ ਦੀ ਪਛਾਣ ਸੰਦੀਪ ਨੰਗਲ ਅੰਬੀਆਂ ਵਜੋਂ ਹੋਈ ਹੈ, ਜੋ ਕਿ ਸ਼ਾਹਕੋਟ ਨੇੜਲੇ ਪਿੰਡ ਨੰਗਲ ਅੰਬੀਆਂ ਦਾ ਰਹਿਣ ਵਾਲਾ ਸੀ।

ਸੰਦੀਪ ਦਾ ਪਿਛੋਕੜ ਕੀ ਸੀ?

ਸੰਦੀਪ ਸ਼ਾਹਕੋਟ ਦੇ ਪਿੰਡ ਨੰਗਲ ਅੰਬੀਆਂ ਵਿੱਚ ਪੈਦਾ ਹੋਇਆ ਸੀ ਅਤੇ ਇਸ ਵੇਲੇ ਯੂਕੇ ਦਾ ਨਾਗਰਿਕ ਸੀ।

ਬੀਬੀਸੀ ਪੰਜਾਬੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਨੇ 2017 ਵਿੱਚ ਸੰਦੀਪ ਨਾਲ ਗੱਲਬਾਤ ਕੀਤੀ ਸੀ ਅਤੇ ਸੰਦੀਪ ਨੇ ਆਪਣੇ ਬਾਰੇ ਉਸ ਵੇਲੇ ਤਫ਼ਸੀਲ ਵਿੱਚ ਦੱਸਿਆ ਸੀ।

ਸੰਦੀਪ ਦਾ ਸਬੰਧ ਇੱਕ ਜਿੰਮੀਦਾਰ ਪਰਿਵਾਰ ਤੋਂ ਸੀ ਅਤੇ ਉਸ ਦੀ ਜ਼ਿੰਦਗੀ ਦਾ ਬਹੁਤ ਸਮਾਂ ਗਰੀਬੀ ਦੇ ਦੌਰ ਵਿੱਚੋਂ ਲੰਘਿਆ।

ਸੰਦੀਪ ਨੰਗਲ ਅੰਬੀਆਂ

ਤਸਵੀਰ ਸਰੋਤ, FB/Sandeep Nangal

ਤਸਵੀਰ ਕੈਪਸ਼ਨ, ਸੰਦੀਪ ਆਪਣੇ ਜੁੜਵਾ ਪੁੱਤਰਾਂ ਨਾਲ

ਇੱਕ ਉਹ ਵੀ ਸਮਾਂ ਸੀ ਕਿ ਸੰਦੀਪ ਨੂੰ ਇਹ ਵੀ ਪਤਾ ਨਹੀਂ ਹੁੰਦਾ ਸੀ ਕਿ ਕਬੱਡੀ ਕੀ ਹੁੰਦੀ ਹੈ।

ਸੰਦੀਪ ਦਾ ਪਰਿਵਾਰ ਖੇਤੀਬਾੜੀ ਨਾਲ ਜੁੜਿਆ ਸੀ, ਆਪਣੇ ਖੇਤਾਂ ਦੀਆਂ ਸਬਜ਼ੀਆਂ ਨੂੰ ਮੰਡੀ ਵਿੱਚ ਵੇਚ ਕੇ ਪਰਿਵਾਰ ਗੁਜ਼ਾਰਾ ਕਰਦਾ ਸੀ।

ਪਰਿਵਾਰ ਵਿੱਚ ਸੰਦੀਪ ਦੇ ਜੁੜਵਾ ਪੁੱਤਰ ਅਤੇ ਪਤਨੀ ਹੈ।

ਇਹ ਵੀ ਪੜ੍ਹੋ:

ਕਬੱਡੀ ਵਿੱਚ ਕਿਵੇਂ ਹੋਈ ਐਂਟਰੀ?

ਸੰਦੀਪ ਮੁਤਾਬਕ ਉਨ੍ਹਾਂ ਦਾ ਦੋਸਤ ਇੱਕ ਵਾਰ ਉਨ੍ਹਾਂ ਨੂੰ ਕਬੱਡੀ ਖਿਡਾਉਣ ਲਈ ਲੈ ਗਿਆ ਅਤੇ ਜੇਤੂ ਖਿਡਾਰੀ ਹੋਣ ਉੱਤੇ ਉਨ੍ਹਾਂ ਨੂੰ ਪਹਿਲੀ ਵਾਰ 5-10 ਰੁਪਏ ਇਨਾਮੀ ਰਾਸ਼ੀ ਅਤੇ ਕੁਝ ਭਾਂਡੇ ਤੋਹਫ਼ੇ ਵਜੋਂ ਮਿਲੇ ਸਨ।

ਸੰਦੀਪ ਨੰਗਲ ਅੰਬੀਆਂ

ਤਸਵੀਰ ਸਰੋਤ, Sandeep Nangal/FB

ਸਾਰਾ ਦਿਨ ਮੰਡੀ ਵਿੱਚ ਸਬਜ਼ੀ ਵੇਚਣ ਲਈ ਹੋਕਾ ਲਾਉਣ ਮਗਰੋਂ ਕਮਾਈ ਕਰਨ ਵਾਲੇ ਸੰਦੀਪ ਨੂੰ ਕੁਝ ਕੁ ਮਿੰਟਾਂ ਵਿੱਚ ਹੀ ਕਬੱਡੀ ਨੇ ਪੈਸੇ ਅਤੇ ਭਾਂਡਿਆਂ ਦੇ ਨਾਲ-ਨਾਲ ਸ਼ੌਹਰਤ ਦਿੱਤੀ।

ਬਸ, ਇਸੇ ਪਲ ਨੇ ਸੰਦੀਪ ਦੀ ਦਿਲਚਸਪੀ ਕਬੱਡੀ 'ਚ ਵਧਾਈ।

ਸੰਦੀਪ ਕਬੱਡੀ ਖੇਡ ਵਿੱਚ ਇੱਕ ਜਾਫ਼ੀ ਵਜੋਂ ਮਸ਼ਹੂਰ ਸੀ।

ਇਸ ਤਰ੍ਹਾਂ ਖੇਡਦੇ - ਖੇਡਦੇ ਸੰਦੀਪ ਨੰਗਲ ਦਾ ਨਾਂ ਕਬੱਡੀ ਦੀ ਦੁਨੀਆਂ 'ਚ ਮਸ਼ਹੂਰ ਹੋ ਗਿਆ।

ਗਲੇਡੀਏਟਰ ਦੇ ਨਾਂ ਨਾਲ ਮਸ਼ਹੂਰ ਸੀ ਸੰਦੀਪ

ਕਬੱਡੀ ਦੀ ਦੁਨੀਆਂ ਵਿੱਚ ਹਰਜੀਤ ਬਾਜੇਖਾਨਾ ਤੋਂ ਬਾਅਦ ਸੰਦੀਪ ਨੰਗਲ ਦਾ ਨਾਮ ਚਰਚਾ ਵਿੱਚ ਰਿਹਾ।

ਕਿਸੇ ਵੇਲੇ ਕਬੱਡੀ ਖੇਡਣ ਲਈ ਸਾਈਕਲ ਉੱਤੇ ਜਾਣ ਵਾਲੇ ਸੰਦੀਪ ਦੀ ਮਿਹਨਤ ਅਤੇ ਸ਼ਿੱਦਤ ਨੇ ਉਸ ਨੂੰ ਕਈ ਮੁਲਕਾਂ ਵਿੱਚ ਜਹਾਜ਼ ਉੱਤੇ ਸਫ਼ਰ ਕਰਵਾਇਆ।

ਕਬੱਡੀ ਦੀ ਦੁਨੀਆਂ ਵਿੱਚ ਹਰਜੀਤ ਬਾਜੇਖਾਨਾ ਤੋਂ ਬਾਅਦ ਸੰਦੀਪ ਨੰਗਲ ਦਾ ਨਾਮ ਚਰਚਾ ਵਿੱਚ ਰਿਹਾ।
ਤਸਵੀਰ ਕੈਪਸ਼ਨ, ਕਬੱਡੀ ਦੀ ਦੁਨੀਆਂ ਵਿੱਚ ਹਰਜੀਤ ਬਾਜੇਖਾਨਾ ਤੋਂ ਬਾਅਦ ਸੰਦੀਪ ਨੰਗਲ ਦਾ ਨਾਮ ਚਰਚਾ ਵਿੱਚ ਰਿਹਾ।

ਪਿੰਡ ਨੰਗਲ ਅੰਬੀਆਂ ਵਿੱਚ ਉਸ ਦੇ ਘਰ ਵਿੱਚ ਬਣੇ ਇੱਕ ਕਮਰੇ ਵਿੱਚ ਵੱਖ-ਵੁੱਖ ਮੁਕਾਬਲਿਆਂ ਵਿੱਚੋਂ ਜਿੱਤੇ ਮੈਡਲ ਅਤੇ ਟ੍ਰਾਫ਼ੀਆਂ ਭਰੀਆਂ ਹੋਈਆਂ ਹਨ।

ਮਜ਼ਬੂਤ ਤੇ ਤਕੜੇ ਸਰੀਰ ਵਾਲਾ ਹੋਣ ਕਰਕੇ ਸੰਦੀਪ ਨੂੰ ਗਲੇਡੀਏਟਰ ਕਿਹਾ ਜਾਂਦਾ ਸੀ।

ਸੰਦੀਪ ਦੀ ਚਿੰਤਾ

ਸੰਦੀਪ ਪਿਛਲੇ ਕੁਝ ਸਮੇਂ ਤੋਂ ਇਸ ਗੱਲ ਨੂੰ ਲੈ ਕੇ ਚਿੰਤਤ ਸੀ ਕਿ ਕਬੱਡੀ ਨੂੰ ਨਸ਼ਾ ਖਾ ਰਿਹਾ ਹੈ।

Sandeeop

ਤਸਵੀਰ ਸਰੋਤ, Facebook

ਕਬੱਡੀ ਪ੍ਰਤੀ ਅਥਾਹ ਪਿਆਰ ਨਾਲ ਭਰਿਆ ਸੰਦੀਪ ਹਰ ਸਾਲ ਫਰਵਰੀ ਮਹੀਨੇ ਆਪਣੇ ਪਿੰਡ ਨੰਗਲ ਅੰਬੀਆਂ (ਸ਼ਾਹਕੋਟ) ਵਿਖੇ ਕਬੱਡੀ ਟੂਰਨਾਮੈਂਟ ਕਰਵਾਉਂਦਾ ਸੀ।

ਕਬੱਡੀ ਵਿੱਚ ਵੱਧ ਰਹੀ ਡਰੱਗ ਦੀ ਸ਼ਮੂਲੀਅਤ ਨੂੰ ਲੈਕੇ ਸੰਦੀਪ ਫਿਕਰਮੰਦ ਰਹਿੰਦਾ ਸੀ।

ਸੰਦੀਪ, ਖੇਡ ਕਬੱਡੀ ਨੂੰ ਪ੍ਰੋਫ਼ੈਸਨਲ ਖੇਡ ਬਣਾਉਣ ਦੀ ਕੋਸ਼ਿਸ਼ ਵਿੱਚ ਸੀ।

ਕਬੱਡੀ ਪ੍ਰੇਮੀਆਂ ਵਿੱਚ ਸੋਗ

ਸੰਦੀਪ ਕਬੱਡੀ ਦੀ ਦੁਨੀਆਂ ਦਾ ਚਰਚਿਤ ਅਤੇ ਹਲੀਮੀ ਨਾਲ ਭਰਿਆ ਨਾਮ ਬਣ ਚੁੱਕਿਆ ਸੀ।

ਸੰਦੀਪ ਦੀ ਮੌਤ ਤੋਂ ਬਾਅਦ ਪੰਜਾਬ ਤੋਂ ਲੈ ਕੇ ਆਲਮੀ ਪੱਧਰ ਤੱਕ ਕਬੱਡੀ ਨੂੰ ਪਸੰਦ ਕਰਨ ਵਾਲੇ ਲੋਕਾਂ ਵਿੱਚ ਇਸ ਵੇਲੇ ਸੋਗ ਦੀ ਲਹਿਰ ਹੈ।

ਕਬੱਡੀ ਦੇ ਵੱਡੇ ਮੁਕਾਬਲਿਆਂ ਵਿੱਚੋਂ ਸੰਦੀਪ ਕਈ ਵਾਰ ਮੁੱਖ ਖਿਡਾਰੀ ਬਣ ਕੇ ਉੱਭਰੇ ਸੀ। ਇੱਥੋਂ ਤੱਕ ਕਿ ਕਬੱਡੀ ਲੀਗ ਦੇ ਮੁੱਖ ਖਿਡਾਰੀ ਵਜੋਂ ਵੀ ਸੰਦੀਪ ਦਾ ਹੀ ਨਾਮ ਰਿਹਾ।

ਕਬੱਡੀ ਦੀ ਦੁਨੀਆਂ ਵਿੱਚ ਕੁਝ ਕੁ ਮਸ਼ਹੂਰ ਖਿਡਾਰੀਆਂ ਦੀ ਲਿਸਟ ਵਿੱਚ ਸੰਦੀਪ ਲੁਧੜ, ਖੁਸ਼ੀ ਦੁੱਗਾ ਅਤੇ ਸੰਦੀਪ ਨੰਗਲ ਅੰਬੀਆਂ ਦੇ ਨਾਮ ਮੋਹਰੀ ਹਨ।

ਕਬੱਡੀ ਦੇ ਵੱਡੇ ਮੁਕਾਬਲਿਆਂ ਵਿੱਚੋਂ ਸੰਦੀਪ ਕਈ ਵਾਰ ਮੁੱਖ ਖਿਡਾਰੀ ਬਣ ਕੇ ਉੱਭਰੇ ਸੀ।
ਤਸਵੀਰ ਕੈਪਸ਼ਨ, ਕਬੱਡੀ ਦੇ ਵੱਡੇ ਮੁਕਾਬਲਿਆਂ ਵਿੱਚੋਂ ਸੰਦੀਪ ਕਈ ਵਾਰ ਮੁੱਖ ਖਿਡਾਰੀ ਬਣ ਕੇ ਉੱਭਰੇ ਸੀ।

ਬੀਬੀਸੀ ਪੰਜਾਬੀ ਨਾਲ ਕੈਨੇਡਾ ਦੀ ਓਂਟਾਰੀਓ ਕਬੱਡੀ ਫੈਡਰੇਸ਼ਨ ਦੇ ਤੀਰਥ ਸਿੰਘ ਦਿਓ ਨੇ ਫੋਨ ਉੱਤੇ ਗੱਲਬਾਤ ਕੀਤੀ ਅਤੇ ਦੱਸਿਆ ਕਿ ਸੰਦੀਪ ਦੀ ਮੌਤ ਕਾਰਨ ਪੂਰੇ ਕੈਨੇਡਾ ਵਿੱਚ ਮੌਜੂਦ ਕਬੱਡੀ ਪ੍ਰੇਮੀਆਂ ਵਿੱਚ ਸੋਗ ਹੈ।

ਉਨ੍ਹਾਂ ਇਹ ਦੱਸਿਆ ਕਿ ਸੰਦੀਪ ਦੇ ਕਾਤਲਾਂ ਦੀ ਗ੍ਰਿਫ਼ਤਾਰੀ ਨਾ ਹੋਣ ਤੱਕ ਉੱਥੇ ਕੋਈ ਕਬੱਡੀ ਮੁਕਾਬਲਾ ਨਹੀਂ ਕਰਵਾਇਆ ਜਾਵੇਗਾ।

ਉਧਰ ਕਬੱਡੀ ਮੁਕਾਬਲਿਆਂ ਵਿੱਚ ਕੁਮੈਂਟਰੀ ਕਰਨ ਵਾਲੇ ਰੁਪਿੰਦਰ ਜਲਾਲ ਨੇ ਦੱਸਿਆ ਕਿ ਸੰਦੀਪ ਇੱਕ ਵੱਡਾ ਅਤੇ ਪੜ੍ਹਿਆ ਲਿਖਿਆ ਖਿਡਾਰੀ ਹੋਣ ਦੇ ਬਾਵਜੂਦ ਹਲੀਮੀ ਵਾਲਾ ਇਨਸਾਨ ਸੀ ਅਤੇ ਹਮੇਸ਼ਾ ਕਬੱਡੀ ਦੀ ਬਿਹਤਰੀ ਬਾਰੇ ਸੋਚਦਾ ਸੀ।

ਕੀ ਹੈ ਘਟਨਾ?

ਜ਼ਿਲ੍ਹਾ ਦਿਹਾਤੀ ਦੇ ਐੱਸਐੱਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੀ ਗੋਲੀਆਂ ਲੱਗਣ ਨਾਲ ਮੌਤ ਹੋ ਗਈ ਹੈ।

ਖ਼ਬਰ ਏਜੰਸੀ ਏਐੱਨਆਈ ਮੁਤਾਬਕ ਐੱਸਐੱਸਪੀ ਸਤਿੰਦਰ ਸਿੰਘ ਨੇ ਆਖਿਆ ਹੈ ਕਿ ਮੈਚ ਦੌਰਾਨ ਚਾਰ ਲੋਕ ਇੱਕ ਗੱਡੀ ਵਿਚ ਆਏ ਅਤੇ ਸੰਦੀਪ ਉੱਪਰ ਗੋਲੀਆਂ ਚਲਾਈਆਂ। ਇਸ ਸਬੰਧੀ ਐਫਆਈਆਰ ਦਰਜ ਕਰ ਲਈ ਗਈ ਹੈ ਅਤੇ ਉਨ੍ਹਾਂ ਵੱਲੋਂ ਜਾਂਚ ਜਾਰੀ ਹੈ। ਬਾਕੀ ਜਾਣਕਾਰੀ ਸੰਦੀਪ ਦੇ ਪੋਸਟਮਾਰਟਮ ਬਾਅਦ ਮੁਹੱਈਆ ਕਰਵਾਈ ਜਾਵੇਗੀ।

Skip X post
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post

ਉਨ੍ਹਾਂ ਦੱਸਿਆ ਕਿ ਗੋਲੀਆਂ ਚਲਾਉਣ ਵਾਲੇ ਚਾਰ ਅਣਪਛਾਤੇ ਲੋਕ ਸਨ ਜਿਨ੍ਹਾਂ ਦੀ ਪੁਲਿਸ ਭਾਲ ਕਰ ਰਹੀ ਹੈ।

ਇਸ ਘਟਨਾ 'ਚ ਹੋਰ ਦੋ ਜਣਿਆਂ ਦੇ ਗੋਲੀਆਂ ਲੱਗੀਆਂ ਹਨ, ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਸ਼ਾਮੀਂ ਉਦੋਂ ਵਾਪਰੀ ਜਦੋਂ ਕਬੱਡੀ ਟੂਰਨਾਮੈਂਟ ਚੱਲ ਰਿਹਾ ਸੀ ਤਾਂ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਸਟੇਜ ਤੋਂ ਸਨਮਾਨ ਲੈ ਕੇ ਵਾਪਸ ਜਾਣ ਲਈ ਸੜਕ ਕਿਨਾਰੇ ਪੁੱਜਾ ਹੀ ਸੀ ਤਾਂ ਚਿੱਟੇ ਰੰਗ ਦੀ ਕਾਰ ਵਿਚ ਆਏ ਹਮਲਾਵਰਾਂ ਨੇ ਉਸ 'ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ।

'8 ਤੋਂ 10 ਗੋਲੀਆਂ ਦੇ ਖੋਲ ਬਰਾਮਦ'

ਗੰਭੀਰ ਜ਼ਖਮੀ ਹੋਏ ਸੰਦੀਪ ਨੂੰ ਨਕੋਦਰ ਦੇ ਇਕ ਨਿੱਜੀ ਹਸਪਤਾਲ ਵਿਚ ਲਿਜਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ। ਗੋਲੀਆਂ ਦੀ ਆਵਾਜ਼ ਸੁਣ ਕੇ ਉਥੇ ਹਫੜਾ-ਦਫੜੀ ਮਚ ਗਈ।

ਮੈਚ ਦੇਖਣ ਆਏ ਲੋਕ ਇਧਰ-ਉਧਰ ਦੌੜਨ ਲੱਗ ਪਏ ਤੇ ਉਥੇ ਲੱਗੇ ਲਾਊਡ ਸਪੀਕਰ ਵਿਚ ਵੀ ਕਿਹਾ ਜਾ ਰਿਹਾ ਸੀ ਕਿ ਲੋਕ ਆਪਣੀ ਜਾਨ ਬਚਾਉਣ।

ਜ਼ਖਮੀਆਂ ਵਿਚ ਸ਼ਾਮਲ ਮੱਲ੍ਹੀਆਂ ਖੁਰਦ ਦੇ ਰਹਿਣ ਵਾਲੇ ਜਤਿਨ ਦੇ ਲੱਕ ਵਿਚ ਗੋਲੀ ਲੱਗੀ ਹੈ ਜਦਕਿ ਹੁੰਦਲ ਢੱਡਾ ਪਿੰਡ ਦੇ ਨੌਜਵਾਨ ਪ੍ਰਤਾਪ ਸਿੰਘ ਦੀ ਛਾਤੀ 'ਚ ਗੋਲੀ ਲੱਗੀ ਹੈ।

ਐੱਸਐੱਸਪੀ ਸਤਿੰਦਰ ਸਿੰਘ ਨੇ ਆਖਿਆ ਹੈ ਕਿ ਮੈਚ ਦੌਰਾਨ ਚਾਰ ਲੋਕ ਇੱਕ ਗੱਡੀ ਵਿਚ ਆਏ ਅਤੇ ਸੰਦੀਪ ਉੱਪਰ ਗੋਲੀਆਂ ਚਲਾਈਆਂ।

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਐੱਸਐੱਸਪੀ ਸਤਿੰਦਰ ਸਿੰਘ ਨੇ ਆਖਿਆ ਹੈ ਕਿ ਮੈਚ ਦੌਰਾਨ ਚਾਰ ਲੋਕ ਇੱਕ ਗੱਡੀ ਵਿਚ ਆਏ ਅਤੇ ਸੰਦੀਪ ਉੱਪਰ ਗੋਲੀਆਂ ਚਲਾਈਆਂ।

ਨਕੋਦਰ ਦੇ ਥਾਣਾ ਸਦਰ ਦੇ ਐੱਸਐੱਚਓ ਪਰਮਿੰਦਰ ਸਿੰਘ ਨੇ ਦੱਸਿਆ ਕਿ ਘਟਨਾ ਵਾਲੀ ਥਾਂ 'ਤੇ 8 ਤੋਂ 10 ਗੋਲੀਆਂ ਦੇ ਖੋਲ ਮਿਲੇ ਹਨ। ਉਨ੍ਹਾਂ ਨੇ ਅਣਪਛਾਤੇ ਹਮਲਾਵਰਾਂ ਵਿਰੁੱਧ ਥਾਣਾ ਸਦਰ ਵਿਚ ਮਾਮਲਾ ਦਰਜ ਕਰ ਦਿੱਤਾ ਹੈ।

ਜ਼ਿਕਰਯੋਗ ਹੈ ਕਿ 28 ਫਰਵਰੀ ਨੂੰ ਪਿੰਡ ਅਠੌਲਾ ਵਿਚ ਵੀ ਟੂਰਨਾਮੈਂਟ ਦੌਰਾਨ ਗੋਲੀ ਚੱਲੀ ਸੀ ਤੇ ਕੋਹਾਲਾ ਪਿੰਡ ਦੇ ਕਬੱਡੀ ਖਿਡਾਰੀ ਇੰਦਰਜੀਤ ਸਿੰਘ ਇਟਲੀ ਦੀ ਲੱਤ ਵਿਚ ਗੋਲੀ ਲੱਗੀ ਸੀ।

15 ਦਿਨਾਂ ਵਿਚ ਚੱਲਦੇ ਟੂਰਨਾਮੈਂਟ ਦੌਰਾਨ ਗੋਲੀਆਂ ਚੱਲਣ ਦੀ ਇਹ ਦੂਜੀ ਘਟਨਾ ਹੈ।

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)