ਪੰਜਾਬ ਵਿੱਚ ਕਿਹੜੇ ਗੈਂਗਸਟਰ ਸਰਗਰਮ ਹਨ ਤੇ ਉਹ ਕਿਸ ਤਰ੍ਹਾਂ ਦੇ ਅਪਰਾਧ ਕਰਦੇ ਹਨ

ਤਸਵੀਰ ਸਰੋਤ, RAUL ARBOLEDA/AFP/Getty Images
- ਲੇਖਕ, ਅਰਵਿੰਦ ਛਾਬੜਾ
- ਰੋਲ, ਬੀਬੀਸੀ ਪੱਤਰਕਾਰ
ਪੰਜਾਬ ਦੇ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੇ ਪੰਜਾਬ ਵਿੱਚ ਗੈਂਗਸਟਰ ਵੱਲ ਧਿਆਨ ਖਿੱਚਿਆ ਹੈ।
ਪੰਜਾਬ ਪੁਲਿਸ ਨੇ ਕਿਹਾ ਹੈ ਕਿ ਪਹਿਲੀ ਨਜ਼ਰੇ ਮਾਨਸਾ ਵਿੱਚ ਹੋਏ ਕਤਲੇਆਮ ਦਾ ਕਾਰਨ ਕਥਿਤ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਲੱਕੀ ਪਟਿਆਲ ਦੀ ਅਗਵਾਈ ਵਾਲੇ ਗਿਰੋਹਾਂ ਦਰਮਿਆਨ ਦੁਸ਼ਮਣੀ ਲੱਗਦਾ ਹੈ, ਅਤੇ ਦਾਅਵਾ ਕੀਤਾ ਹੈ ਕਿ ਇਹ ਵਾਰਦਾਤ 2021 ਵਿੱਚ ਯੂਥ ਅਕਾਲੀ ਦਲ ਦੇ ਆਗੂ ਵਿੱਕੀ ਮਿੱਡੂਖੇੜਾ ਦੇ ਕਤਲ ਦਾ ਬਦਲਾ ਲੈਣ ਲਈ ਸੀ।
ਹਾਲ ਹੀ ਦੇ ਸਾਲਾਂ ਵਿੱਚ, ਰਾਜਨੀਤਿਕ ਆਗੂ ਇਹ ਦਾਅਵਾ ਕਰਦੇ ਰਹੇ ਹਨ ਕਿ ਉਹ ਗੈਂਗਸਟਰ ਦੀਆਂ ਗਤੀਵਿਧੀਆਂ ਨੂੰ ਰੋਕਣ ਵਿੱਚ ਕਾਮਯਾਬ ਰਹੇ ਹਨ।
ਉਨ੍ਹਾਂ ਵਿੱਚੋਂ ਬਹੁਤੇ ਜਾਂ ਤਾਂ ਮਾਰੇ ਗਏ ਜਾਂ ਗ੍ਰਿਫਤਾਰ ਕੀਤੇ ਗਏ ਹਨ ਜਾਂ ਫਿਰ ਉਹ ਦੂਜੇ ਸੂਬਿਆਂ ਵਿੱਚ ਭੱਜ ਗਏ ਹਨ।
ਪਰ ਤਾਜ਼ਾ ਘਟਨਾਵਾਂ ਤੋਂ ਇਹ ਗੱਲ ਉੱਭਰ ਕੇ ਸਾਹਮਣੇ ਆਈ ਹੈ ਕਿ ਗੈਂਗਸਟਰ ਕਾਫ਼ੀ ਸਰਗਰਮ ਹਨ।

ਸਿੱਧੂ ਮੂਸੇਵਾਲਾ ਪੰਜਾਬੀ ਦੇ ਕੌਮਾਂਤਰੀ ਪੱਧਰ ਦੇ ਪੌਪ ਸਟਾਰ ਸਨ। 29 ਮਈ 2022 ਨੂੰ ਉਨ੍ਹਾਂ ਦਾ ਮਾਨਸਾ ਜ਼ਿਲ੍ਹੇ ਦੇ ਜਵਾਹਰਕੇ ਪਿੰਡ ਵਿੱਚ ਕੁਝ ਹਮਲਾਵਰਾਂ ਵੱਲੋਂ ਆਧੁਨਿਕ ਹਥਿਆਰਾਂ ਨਾਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਸਿੱਧੂ ਮੂਸੇਵਾਲਾ ਜਿੰਨੇ ਮਸ਼ਹੂਰ ਸਨ ਉਨੇ ਹੀ ਆਪਣੀ ਗਾਇਕੀ ਅਤੇ ਬਿਆਨਾਂ ਕਾਰਨ ਵਿਵਾਦਾਂ ਵਿੱਚ ਵੀ ਘਿਰੇ ਰਹਿੰਦੇ ਸਨ।
ਮੂਸੇਵਾਲਾ ਦੇ ਕਤਲ ਦੀ ਜਾਂਚ ਲਈ ਪੰਜਾਬ ਸਰਕਾਰ ਵੱਲੋਂ ਐਸਆਈਟੀ ਬਣਾਈ ਗਈ ਹੈ। ਪੁਲਿਸ ਨੇ ਇਸ ਕੇਸ ਵਿੱਚ 8 ਗ੍ਰਿਫ਼ਤਾਰੀਆਂ ਕੀਤੀਆਂ ਹਨ।
ਪੰਜਾਬ ਪੁਲਿਸ ਨੇ ਉਨ੍ਹਾਂ ਦੇ ਦਿਨ-ਦਿਹਾੜੇ ਕਤਲ ਨੂੰ ਗੈਂਗਵਾਰ ਨਾਲ ਜੋੜਿਆ ਹੈ।
ਕਬੱਡੀ ਖਿਡਾਰੀ ਨੰਗਲ ਅੰਬੀਆਂ ਅਤੇ ਸਿੱਧੂ ਮੂਸੇਵਾਲਾ ਦੇ ਕਤਲ ਵਰਗੀਆਂ ਘਟਨਾਵਾਂ ਨੇ ਪੰਜਾਬ ਦੇ ਸਮੁੱਚੇ ਮਾਹੌਲ ਨੂੰ ਗਮਗੀਨ ਕੀਤਾ ਹੈ।

ਦਰਅਸਲ ਬੀਬੀਸੀ ਪੰਜਾਬੀ ਨਾਲ ਗੱਲ ਕਰਦਿਆਂ ਗੈਂਗਸਟਰ ਦੇ ਅਪਰਾਧਾਂ ਨਾਲ ਨਜਿੱਠਣ ਵਾਲੇ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਮੰਨਿਆ ਕਿ ਹਾਲ ਹੀ ਦੇ ਮਹੀਨਿਆਂ ਵਿੱਚ ਉਨ੍ਹਾਂ ਦੀ ਸਰਗਰਮੀ ਵਧੀ ਹੈ।
ਬੀਬੀਸੀ ਨੇ ਪੰਜਾਬ ਦੇ ਕੁਝ ਅਧਿਕਾਰੀਆਂ ਨਾਲ ਗੱਲ ਕੀਤੀ ਜੋ ਗੈਂਗਸਟਰ ਵੱਲੋਂ ਕੀਤੇ ਗਏ ਜੁਰਮ ਨੂੰ ਰੋਕਣ ਲਈ ਕੰਮ ਕਰਦੇ ਹਨ।
ਉਨ੍ਹਾਂ ਮੁਤਾਬਕ ਪੰਜਾਬ ਵਿੱਚ ਕੁੱਲ 40 ਦੇ ਕਰੀਬ ਗਿਰੋਹ ਹਨ, ਜਿਨ੍ਹਾਂ ਵਿੱਚੋਂ 7-8 ਗਿਰੋਹ ਕਾਫੀ ਸਰਗਰਮ ਹਨ ਅਤੇ 3-4 ਅਜਿਹੇ ਹਨ ਜੋ ਸਭ ਤੋਂ ਵੱਧ ਵਾਰਦਾਤਾਂ ਨੂੰ ਅੰਜ਼ਾਮ ਦਿੰਦੇ ਹਨ।
ਪੰਜਾਬ ਵਿੱਚ ਗਿਰੋਹ ਭਾਵੇਂ ਕਈ ਸਰਗਰਮ ਹਨ ਪਰ ਇੱਥੇ ਅਸੀਂ ਉਨ੍ਹਾਂ 4 ਗਿਰੋਹਾਂ ਦੀ ਗੱਲ ਕਰਾਂਗੇ, ਜਿਹੜੇ ਪੁਲਿਸ ਮੁਤਾਬਕ, ਸਭ ਤੋਂ ਵੱਧ ਸਰਗਰਮ ਹਨ-
ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ
ਪੁਲਿਸ ਸੂਤਰਾਂ ਅਨੁਸਾਰ ਇਹ ਸਭ ਤੋਂ ਵੱਧ ਸਰਗਰਮ ਗਿਰੋਹਾਂ ਵਿੱਚੋਂ ਇੱਕ ਹੈ।
ਇੱਕ ਅਧਿਕਾਰੀ ਨੇ ਦੱਸਿਆ, "ਗੋਲਡੀ ਬਰਾੜ ਕੈਨੇਡਾ ਵਿੱਚ ਰਹਿੰਦਾ ਹੈ ਅਤੇ ਉਹ ਉੱਥੋਂ ਗੈਂਗ ਚਲਾ ਰਿਹਾ ਹੈ ਜਦਕਿ ਲਾਰੈਂਸ ਜੇਲ੍ਹ ਵਿੱਚ ਹੈ।"
"ਉਹ ਦਿੱਲੀ ਐੱਨਸੀਆਰ ਅਤੇ ਪੰਜਾਬ ਦੇ ਮੁੰਡਿਆਂ ਨੂੰ ਨਿਸ਼ਾਨੇਬਾਜ਼ਾਂ ਵਜੋਂ ਵਰਤ ਰਹੇ ਹਨ ਅਤੇ ਇਹ ਹੀ ਉਨ੍ਹਾਂ ਦੀਆਂ ਯੋਜਨਾਵਾਂ ਨੂੰ ਅੰਜਾਮ ਦਿੰਦੇ ਹਨ, ਜਿਸ ਲਈ ਉਨ੍ਹਾਂ ਨੂੰ ਭੁਗਤਾਨ ਕੀਤਾ ਜਾਂਦਾ ਹੈ।"
ਅਧਿਕਾਰੀ ਮੁਤਾਬਕ, "ਪੁਲਿਸ ਨੂੰ ਸਿੱਧੂ ਮੂਸੇਵਾਲਾ ਦੇ ਕਤਲ ਪਿੱਛੇ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ 'ਤੇ ਸ਼ੱਕ ਹੈ। ਬਿਸ਼ਨੋਈ ਗੈਂਗ ਪੰਜਾਬ, ਹਰਿਆਣਾ, ਦਿੱਲੀ ਅਤੇ ਰਾਜਸਥਾਨ ਵਿੱਚ ਕੰਮ ਕਰਦਾ ਹੈ।"
ਲਾਰੈਂਸ ਬਿਸ਼ਨੋਈ ਗੈਂਗ ਦੇ ਇੱਕ ਸਾਥੀ ਗੋਲਡੀ ਬਰਾੜ ਨੇ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਵੀ ਲਈ ਸੀ। ਦੋ ਪੁਰਾਣੇ ਮਾਮਲਿਆਂ ਵਿੱਚ ਇੰਟਰਪੋਲ ਵੱਲੋਂ ਗੋਲਡੀ ਬਰਾੜ ਦੇ ਖਿਲਾਫ਼ ਰੈੱਡ ਕਾਰਨਰ ਨੋਟਿਸ ਵੀ ਜਾਰੀ ਹੋ ਗਿਆ ਹੈ।
ਲਾਰੈਂਸ ਅਤੇ ਗੋਲਡੀ ਦੋਵੇਂ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਦੀ ਵਿਦਿਆਰਥੀ ਰਾਜਨੀਤੀ ਨਾਲ ਜੁੜੇ ਹੋਏ ਹਨ।

ਤਸਵੀਰ ਸਰੋਤ, HINDUSTAN TIMES VIA GETTY IMAGES
ਲਾਰੈਂਸ ਅਬੋਹਰ ਦਾ ਰਹਿਣ ਵਾਲਾ ਹੈ ਅਤੇ ਡੀਏਵੀ ਕਾਲਜ ਵਿੱਚ ਪੜ੍ਹਦਾ ਰਿਹਾ ਹੈ।
ਪੁਲਿਸ ਅਧਿਕਾਰੀਆਂ ਦਾ ਇਲਜ਼ਾਮ ਹੈ ਕਿ 2015 ਤੋਂ ਜੇਲ੍ਹ ਵਿੱਚ ਹੋਣ ਦੇ ਬਾਵਜੂਦ, ਉਹ ਫ਼ੋਨ ਅਤੇ ਸੋਸ਼ਲ ਮੀਡੀਆ 'ਤੇ ਆਪਣੇ ਸਾਥੀਆਂ ਨਾਲ ਸੰਪਰਕ ਕਾਇਮ ਰੱਖਦਾ ਰਿਹਾ ਹੈ।
ਹਾਲਾਂਕਿ, ਉਹ ਇਸ ਤੋਂ ਇਨਕਾਰ ਕਰਦਾ ਰਿਹਾ ਹੈ ਤੇ ਉਹ ਦਾਅਵਾ ਕਰਦਾ ਹੈ ਕਿ ਪੁਲਿਸ ਦੇ ਦਾਅਵੇ ਹਿਰਾਸਤ ਵਿੱਚ ਰੱਖੇ ਹੋਏ ਲੋਕਾਂ ਦੇ ਸੰਸਕਰਣਾਂ 'ਤੇ ਆਧਾਰਤ ਹਨ।
ਬੰਬੀਬਾ ਗੈਂਗ
ਬੰਬੀਹਾ ਗੈਂਗ ਦੀ ਅਗਵਾਈ ਗੌਰਵ (ਉਰਫ਼ ਲੱਕੀ) ਪਟਿਆਲ ਕਰ ਰਿਹਾ ਹੈ।
ਬੰਬੀਹਾ ਗੈਂਗ ਦਾ ਨਾਂ ਮ੍ਰਿਤਕ ਗੈਂਗਸਟਰ ਦਵਿੰਦਰ ਬੰਬੀਹਾ ਦੇ ਨਾਂ 'ਤੇ ਰੱਖਿਆ ਗਿਆ ਸੀ ਜੋ 2016 'ਚ ਪੁਲਿਸ ਮੁਕਾਬਲੇ 'ਚ ਮਾਰਿਆ ਗਿਆ ਸੀ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਗਿਰੋਹ ਲਾਰੈਂਸ ਬਿਸ਼ਨੋਈ ਗੈਂਗ ਦਾ ਵਿਰੋਧੀ ਹੈ।
ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਇਸ ਗਿਰੋਹ ਦੀ ਅਗਵਾਈ ਇਸ ਸਮੇਂ ਲੱਕੀ ਪਟਿਆਲ ਕਰ ਰਿਹਾ ਹੈ ਅਤੇ "ਜਦੋਂ ਅਸੀਂ ਆਖ਼ਰੀ ਵਾਰ ਸੁਣਿਆ ਸੀ ਕਿ ਉਹ ਅਰਮੇਨੀਆ ਵਿੱਚ ਸੀ।"
ਉਸ ਦੇ ਸਹਿਯੋਗੀ ਸੁਖਪ੍ਰੀਤ ਸਿੰਘ ਬੁੱਢਾ ਨੂੰ ਅਰਮੇਨੀਆ ਤੋਂ ਡਿਪੋਰਟ ਕਰ ਦਿੱਤਾ ਗਿਆ ਸੀ ਅਤੇ ਨਵੰਬਰ 2019 ਵਿੱਚ ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ।
ਪੁਲਿਸ ਦਾ ਇਲਜ਼ਾਮ ਹੈ ਕਿ ਸੁਖਪ੍ਰੀਤ ਸਿੰਘ ਅਤੇ ਉਸ ਦੇ ਸਾਥੀਆਂ ਨੇ ਪੰਜਾਬੀ ਸੰਗੀਤ ਅਤੇ ਫ਼ਿਲਮ ਇੰਡਸਟਰੀ ਵਿੱਚ ਡਰ ਅਤੇ ਦਹਿਸ਼ਤ ਫੈਲਾਈ ਸੀ।

ਤਸਵੀਰ ਸਰੋਤ, Jose CABEZAS/AFP/Getty Images
ਕੁਝ ਮਹੀਨੇ ਪਹਿਲਾਂ ਪੰਜਾਬ ਪੁਲਿਸ ਨੇ ਚੰਡੀਗੜ੍ਹ ਤੋਂ ਸੇਵਾਮੁਕਤ ਡਿਪਟੀ ਪਾਸਪੋਰਟ ਅਫ਼ਸਰ ਬਿਧੀ ਚੰਦ ਨੂੰ ਗ੍ਰਿਫ਼ਤਾਰ ਕੀਤਾ ਸੀ।
ਪੁਲਿਸ ਸੂਤਰਾਂ ਮੁਤਾਬਕ, "ਉਸ ਨੇ ਗੌਰਵ ਪਟਿਆਲ ਤੋਂ 50 ਹਜ਼ਾਰ ਰੁਪਏ ਲਏ ਸਨ ਤਾਂ ਜੋ ਇੱਕ ਜਾਅਲੀ ਨਾਮ ਅਤੇ ਪਤੇ 'ਤੇ ਆਪਣਾ ਭਾਰਤੀ ਪਾਸਪੋਰਟ ਤਿਆਰ ਕੀਤਾ ਜਾ ਸਕੇ ਅਤੇ ਇਸ ਨੂੰ ਉਸ ਨੂੰ ਸੌਂਪਿਆ ਜਾ ਸਕੇ।"
"ਬੁੱਢਾ ਆਪਣੀ ਹਿਰਾਸਤ ਦੇ ਸਮੇਂ ਅਰਮੇਨੀਆ ਤੋਂ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ।"
"ਗਾਇਕ ਪਰਮੀਸ਼ ਵਰਮਾ 'ਤੇ ਹਮਲੇ ਤੋਂ ਬਾਅਦ ਅਪ੍ਰੈਲ 2018 'ਚ ਬੁੱਢਾ ਪੰਜਾਬ ਤੋਂ ਭੱਜ ਗਿਆ ਸੀ। ਉਸ ਨੂੰ ਇੰਟਰਪੋਲ ਵੱਲੋਂ ਜਾਰੀ ਰੈੱਡ ਕਾਰਨਰ ਨੋਟਿਸ ਦੇ ਆਧਾਰ 'ਤੇ ਹਿਰਾਸਤ 'ਚ ਲਿਆ ਗਿਆ ਸੀ।"
ਬੁੱਢਾ ਫ਼ਰੀਦਕੋਟ ਜੇਲ੍ਹ ਵਿੱਚ ਸੀ ਪਰ ਪੈਰੋਲ ਮਿਲਣ ਤੋਂ ਬਾਅਦ ਉਹ ਵਾਪਸ ਨਹੀਂ ਆਇਆ।
ਪੁਲਿਸ ਨੇ ਦਾਅਵਾ ਕੀਤਾ ਕਿ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਜਨਵਰੀ 2017 ਵਿੱਚ ਹਰਿਆਣਾ ਦੇ ਪਿੰਡ ਚੌਟਾਲਾ ਵਿੱਚ ਦੋ ਵਿਅਕਤੀਆਂ ਦਾ ਕਤਲ ਕਰ ਦਿੱਤਾ ਸੀ।
"14 ਅਪ੍ਰੈਲ, 2018 ਨੂੰ, ਉਸ ਨੇ ਗਾਇਕ ਪਰਮੀਸ਼ ਵਰਮਾ 'ਤੇ ਕਥਿਤ ਤੌਰ 'ਤੇ ਗੋਲੀ ਚਲਾ ਦਿੱਤੀ ਕਿਉਂਕਿ ਉਸ ਨੇ 20 ਲੱਖ ਰੁਪਏ ਦੀ ਜਬਰੀ ਰਕਮ ਦੇਣ ਤੋਂ ਇਨਕਾਰ ਕਰ ਦਿੱਤਾ ਸੀ।"
ਇਹ ਵੀ ਪੜ੍ਹੋ-
ਲਖਬੀਰ ਸਿੰਘ ਲੰਡਾ
ਪੰਜਾਬ ਪੁਲਿਸ ਨੇ ਕਿਹਾ ਕਿ ਲਖਬੀਰ ਸਿੰਘ ਲੰਡਾ ਕੈਨੇਡਾ ਵਿੱਚ ਵਸਿਆ ਪੰਜਾਬ ਦਾ ਗੈਂਗਸਟਰ ਹੈ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਇੱਕ ਗੈਂਗਸਟਰ ਹੈ ਅਤੇ ਇੱਕ ਕੱਟੜਪੰਥੀ ਵੀ।
ਉਨ੍ਹਾਂ ਨੇ ਅੱਗੇ ਕਿਹਾ ਕਿ ਉਸ ਨੇ 9 ਮਈ ਨੂੰ ਮੋਹਾਲੀ ਸਥਿਤ ਇੰਟੈਲੀਜੈਂਸ ਵਿੰਗ ਦੇ ਹੈੱਡ ਕੁਆਰਟਰ 'ਤੇ ਹਮਲੇ ਦੀ ਯੋਜਨਾ ਬਣਾਈ ਸੀ।
ਹਮਲੇ ਵਿੱਚ ਕੋਈ ਜ਼ਖਮੀ ਨਹੀਂ ਹੋਇਆ ਪਰ ਨਿਸ਼ਾਨੇ ਦੀ ਚੋਣ ਰਹੇ ਖ਼ੁਫ਼ੀਆ ਹੈੱਡ ਕੁਆਰਟਰ, ਨੇ ਨਾ ਸਿਰਫ਼ ਪੰਜਾਬ ਵਿੱਚ ਬਲਕਿ ਦਿੱਲੀ ਵਿੱਚ ਵੀ ਸੁਰੱਖਿਆ ਬਲਾਂ ਨੂੰ ਹੈਰਾਨ ਕਰ ਦਿੱਤਾ।

ਤਸਵੀਰ ਸਰੋਤ, Getty Images
ਇਸ ਹਮਲੇ ਵਿੱਚ ਰਾਕੇਟ ਪ੍ਰੋਪੇਲਡ ਗ੍ਰੇਨੇਡ ਦੀ ਵਰਤੋਂ ਨੇ ਪੁਲਿਸ ਨੂੰ ਹੋਰ ਵੀ ਹੈਰਾਨ ਕਰ ਦਿੱਤਾ ਕਿਉਂਕਿ ਪਿਛਲੇ ਸਮੇਂ ਵਿੱਚ ਇਸ ਖੇਤਰ ਵਿੱਚ ਅਜਿਹਾ ਨਹੀਂ ਹੋਇਆ ਹੈ।
ਇਸ ਦਾ ਮਤਲਬ ਇਹ ਹੋ ਸਕਦਾ ਹੈ ਕਿ ਉਨ੍ਹਾਂ ਕੋਲ ਇਸ ਤਰਾਂ ਦੇ ਆਧੁਨਿਕ ਹਥਿਆਰਾਂ ਤੱਕ ਪਹੁੰਚ ਹੈ।
ਅਰਸ਼ ਡੱਲਾ
ਅਰਸ਼ ਡੱਲਾ ਮੋਗਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਪੁਲਿਸ ਦਾ ਕਹਿਣਾ ਹੈ ਕਿ ਅਰਸ਼ ਡੱਲਾ ਹੁਣ ਕੈਨੇਡਾ ਵਿੱਚ ਹੈ।
ਪੁਲਿਸ ਅਫ਼ਸਰਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਅਰਸ਼ ਡੱਲਾ ਦੇ ਕਰੀਬੀ ਸਹਿਯੋਗੀਆਂ ਦੀ ਗ੍ਰਿਫਤਾਰੀ ਅਤੇ ਆਈਈਡੀ, ਹੈਂਡ-ਗ੍ਰਨੇਡ ਅਤੇ ਹੋਰ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕਰ ਕੇ ਉਸ ਦੇ ਸਮਰਥਨ ਵਾਲੇ ਕਈ ਮਾਡਿਊਲਾਂ ਦਾ ਪਰਦਾ ਫਾਸ਼ ਕੀਤਾ ਹੈ।

ਤਸਵੀਰ ਸਰੋਤ, facebook/ vicky gounder
ਇਨ੍ਹਾਂ ਕਥਿਤ ਗੈਂਗਸਟਰਾਂ ਤੋਂ ਇਲਾਵਾ ਜੱਗੂ ਭਗਵਾਨਪੁਰੀਆ, ਮ੍ਰਿਤਕ ਗੈਂਗਸਟਰ ਵਿੱਕੀ ਗੌਂਡਰ ਦੇ ਬਚੇ ਹੋਏ ਸਾਥੀ ਅਤੇ ਸੁੱਖਾ ਦੁੱਨੇਕੇ ਵਰਗੇ ਕੁਝ ਹੋਰ ਵੀ ਸਰਗਰਮ ਹਨ।
ਗੈਂਗਸਟਰ ਕਿਹੜੇ ਅਪਰਾਧ ਕਰਦੇ ਹਨ
ਪੰਜਾਬ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਗੈਂਗਸਟਰਾਂ, ਖਾੜਕੂ ਅਤੇ ਨਸ਼ਾ ਤਸਕਰਾਂ ਦੇ ਹੱਥ ਮਿਲਾਉਣ ਨਾਲ ਇੱਕ ਖ਼ਤਰਨਾਕ ਰਲਿਆ ਮਿਲਿਆ ਕੰਮ ਚੱਲ ਰਿਹਾ ਹੈ।
ਸਰਕਾਰੀ ਸੂਤਰਾਂ ਦਾ ਕਹਿਣਾ ਹੈ ਕਿ ਗੈਂਗਸਟਰਾਂ ਦੀ ਜ਼ਿਆਦਾਤਰ ਸਰਗਰਮੀ "ਅੰਤਰ-ਗੈਂਗ ਰੰਜਿਸ਼ਾਂ ਤੱਕ ਸੀਮਤ" ਹੈ।
ਇਸ ਤੋਂ ਲੁੱਟਾ-ਖੋਹਾਂ ਤੇ ਜ਼ਬਰਨ ਵਸੂਲੀਆਂ ਕਰਦੇ ਹਨ, ਭਾਵੇਂ ਉਹ ਲੋਕ ਫਿਲਮ ਇੰਡਸਟਰੀ, ਸੰਗੀਤ ਜਗਤ ਜਾਂ ਹੋਰ ਅਮੀਰ ਲੋਕ ਹੋਣ।
ਪੰਜਾਬ ਦਾ ਸੰਗੀਤ ਜਗਤ ਭਾਰਤ ਵਿੱਚ ਮਸ਼ਹੂਰ ਹੈ। ਇਸ ਲਈ ਇਸ ਵਿੱਚ ਸ਼ਾਮਲ ਲੋਕਾਂ ਦੀ ਪਛਾਣ ਕਰਨੀ ਸੌਖੀ ਹੋ ਜਾਂਦੀ ਹੈ।
ਗਿਰੋਹ ਉਨ੍ਹਾਂ ਕੋਲੋਂ ਜਬਰਨ ਵਸੂਲੀ ਅਤੇ ਫਰੌਤੀਆਂ ਦੀ ਮੰਗ ਕਰਦੇ ਹਨ ਅਤੇ ਇਨਕਾਰ ਕਰਨ 'ਤੇ ਅਗਵਾ ਜਾਂ ਹਮਲਾ ਵੀ ਕਰ ਦਿੰਦੇ ਹਨ, ਜਿਵੇਂ ਪਰਮੀਸ਼ ਵਰਮਾ 'ਤੇ ਹਮਲਾ ਕੀਤਾ ਸੀ ਅਤੇ ਮਨਕੀਰਤ ਔਲਖ ਵੱਲੋਂ ਧਮਕੀਆਂ ਮਿਲਣ ਦਾ ਦਾਅਵਾ ਕੀਤਾ ਗਿਆ ਸੀ।
ਇਸ ਤੋਂ ਗਿਰੋਹ ਹੋਰ ਮਸ਼ਹੂਰ ਹਸਤੀਆਂ, ਅਮੀਰ ਲੋਕਾਂ, ਵਪਾਰੀਆਂ, ਸ਼ਰਾਬ ਦੇ ਕਾਰੋਬਾਰੀਆਂ, ਸੱਟੇਬਾਜ਼ਾਂ ਆਦਿ ਕੋਲੋਂ ਵੀ ਵਸੂਲੀ ਕਰਦੇ ਹਨ।
ਪਰ ਕਈ ਸਿਆਸੀ ਤੇ ਕਾਰੋਬਾਰੀ ਲੋਕ ਇਨ੍ਹਾਂ ਗਿਰੋਹਾਂ ਦੀ ਵਰਤੋਂ ਆਪਣੇ ਹਿੱਤਾਂ ਦੀ ਪੂਰਤੀ ਲਈ ਕਰਦੇ ਹਨ।

ਤਸਵੀਰ ਸਰੋਤ, D-Keine/Getty Images
ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਗੈਂਗਸਟਰ ਕਤਲ, ਹਥਿਆਰਾਂ ਦੀ ਤਸਕਰੀ ਅਤੇ ਨਸ਼ਾ ਤਸਕਰੀ, ਆਦਿ ਵਿੱਚ ਵੀ ਸ਼ਾਮਲ ਰਹਿੰਦੇ ਹਨ।
ਇਹ ਦੋ ਨੰਬਰ ਦੇ ਪੈਸੇ ਨੂੰ ਆਪਣੇ ਹਿਸਾਬ ਨਾਲ ਇੰਡਸਟਰੀ ਵਿੱਚ ਇਨਵੈਸਟ ਵੀ ਕਰਦੇ ਹਨ, ਭਾਵੇਂ ਉਹ ਫਿਲਮ ਹੋਵੇ ਜਾਂ ਕੋਈ ਕਾਰੋਬਾਰ ਹੋਵੇ।
ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਦੇ ਦਫ਼ਤਰ ਤੋਂ ਉਪਲਬਧ ਅਪਰਾਧ ਅੰਕੜਿਆਂ ਅਨੁਸਾਰ ਇਸ ਸਾਲ ਅਪ੍ਰੈਲ ਦੇ ਮੱਧ ਤੱਕ ਸੂਬੇ ਵਿੱਚ ਇਸ ਸਾਲ 158 ਕਤਲ ਹੋ ਚੁੱਕੇ ਹਨ, ਜੋ ਪ੍ਰਤੀ ਮਹੀਨਾ ਔਸਤਨ 50 ਕਤਲ ਬਣਦੇ ਹਨ।
ਸਾਲ 2021 'ਚ 724 ਲੋਕਾਂ ਦਾ ਕਤਲ ਹੋਇਆ ਸੀ ਜਦਕਿ 2020 'ਚ ਸੂਬੇ 'ਚ 757 ਕਤਲ ਹੋਏ।
ਸਾਲ 2021 ਵਿੱਚ ਹਰ ਮਹੀਨੇ ਔਸਤਨ 60 ਕਤਲ ਅਤੇ 2020 ਵਿੱਚ 65 ਕਤਲ ਹੋਏ।
ਡੀਜੀਪੀ ਦਫ਼ਤਰ ਨੇ ਦਾਅਵਾ ਕੀਤਾ ਕਿ ਇਸ ਸਾਲ ਅਪ੍ਰੈਲ ਦੇ ਮੱਧ ਤੱਕ ਪੰਜਾਬ ਪੁਲਿਸ ਨੇ 16 ਗੈਂਗਸਟਰ ਮਾਡਿਊਲਾਂ ਦਾ ਪਰਦਾਫਾਸ਼ ਕੀਤਾ ਹੈ ਅਤੇ ਇਨ੍ਹਾਂ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ 98 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਇਹ ਦੱਸਿਆ ਗਿਆ ਹੈ ਕਿ 2022 ਵਿੱਚ ਸੂਬੇ ਵਿੱਚ ਗੈਂਗਸਟਰਾਂ ਨਾਲ ਜੁੜੇ ਅਪਰਾਧਾਂ ਸਬੰਧਿਤ ਛੇ ਕਤਲ ਹੋਏ ਸਨ।
ਸਰਕਾਰ ਦਾ ਕਹਿਣਾ ਹੈ ਕਿ ਗੈਂਗਸਟਰਾਂ 'ਤੇ ਕਾਬੂ ਪਾਉਣ ਲਈ ਪੰਜਾਬ ਸਰਕਾਰ ਨੇ ਏਡੀਜੀਪੀ ਪ੍ਰਮੋਦ ਬਾਨ ਨੂੰ ਇਸ ਦੇ ਮੁਖੀ ਵਜੋਂ ਤੈਨਾਤ ਕਰ ਕੇ ਗੈਂਗਸਟਰ ਵਿਰੋਧੀ ਟਾਸਕ ਫੋਰਸ ਦਾ ਗਠਨ ਕਰ ਕੇ ਪ੍ਰਸ਼ਾਸਨਿਕ ਕਦਮ ਚੁੱਕੇ ਹਨ।
ਏਆਈਜੀ ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ (ਓਸੀਸੀਯੂ) ਗੁਰਮੀਤ ਸਿੰਘ ਚੌਹਾਨ ਏਆਈਜੀ ਏਜੀਟੀਐੱਫ ਹਨ ਅਤੇ ਗੁਰਪ੍ਰੀਤ ਸਿੰਘ ਭੁੱਲਰ ਡੀਆਈਜੀ ਏਜੀਟੀਐੱਫ ਹਨ।
ਡੀਐੱਸਪੀ ਖਰੜ ਬਿਕਰਮਜੀਤ ਸਿੰਘ ਬਰਾੜ ਨੂੰ ਡੀਐੱਸਪੀ ਏਜੀਟੀਐੱਫ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਫੋਰਸ ਨੂੰ ਰਾਜ ਵਿੱਚ ਨਿਯਮਤ ਪੁਲਿਸ ਦਾ ਸਮਰਥਨ ਪ੍ਰਾਪਤ ਹੈ।

ਹਥਿਆਰਾਂ ਨਾਲ ਸਬੰਧਿਤ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਤੋਂ ਪ੍ਰਾਪਤ ਅੰਕੜੇ ਦੱਸਦੇ ਹਨ ਕਿ ਪੰਜਾਬ ਦੇ ਹਾਲਾਤ ਕਾਫ਼ੀ ਖ਼ਰਾਬ ਹਨ।
ਭਾਰਤੀ ਦੰਡ ਸੰਹਿਤਾ (IPC) ਦੀ ਧਾਰਾ 324 ਖ਼ਤਰਨਾਕ ਹਥਿਆਰਾਂ ਨਾਲ ਹੋਣ ਵਾਲੀਆਂ ਸੱਟਾਂ ਨਾਲ ਸੰਬੰਧਿਤ ਹੈ।
2020 ਦੇ ਰਿਕਾਰਡ, ਜੋ ਕਿ ਨਵੀਨਤਮ ਐੱਨਸੀਆਰਬੀ ਅੰਕੜੇ ਹਨ, ਦਰਸਾਉਂਦੇ ਹਨ ਕਿ ਪੰਜਾਬ ਵਿੱਚ 2301 ਪੀੜਤ ਸਨ ਤੇ 7.4 ਦੀ ਅਪਰਾਧ ਦਰ ਹੈ।
ਇਸ ਦੇ ਮੁਕਾਬਲੇ ਗੁਆਂਢੀ ਸੂਬੇ ਹਰਿਆਣਾ ਵਿੱਚ 1871 ਪੀੜਤ ਹਨ ਅਤੇ ਅਪਰਾਧ ਦਰ 5.9 ਹੈ।
ਆਈਪੀਸੀ ਦੀ ਧਾਰਾ 326 ਖ਼ਤਰਨਾਕ ਹਥਿਆਰਾਂ ਦੀ ਵਰਤੋਂ ਕਰ ਕੇ ਗੰਭੀਰ ਨੁਕਸਾਨ ਪਹੁੰਚਾਉਣ ਨਾਲ ਸੰਬੰਧਿਤ ਹੈ।
ਪੰਜਾਬ ਵਿੱਚ ਸਾਲ 2020 ਇਸ ਸ਼੍ਰੇਣੀ ਵਿੱਚ 598 ਪੀੜਤ ਸਨ ਜਦੋਂ ਕਿ ਹਰਿਆਣਾ ਵਿੱਚ 112 ਪੀੜਤ ਸਨ ਜਦੋਂ ਕਿ ਇੱਕ ਹੋਰ ਗੁਆਂਢੀ ਰਾਜ ਹਿਮਾਚਲ ਪ੍ਰਦੇਸ਼ ਵਿੱਚ ਸਿਰਫ਼ ਇੱਕ ਕੇਸ ਸੀ।
ਹਾਲਾਂਕਿ, ਪੰਜਾਬ ਵਿੱਚ ਕਤਲਾਂ ਦੀ ਗਿਣਤੀ (757) 2020 ਵਿੱਚ ਹਰਿਆਣਾ (1143) ਨਾਲੋਂ ਘੱਟ ਸਨ।
ਇਤਫ਼ਾਕਨ, ਐੱਨਸੀਆਰਬੀ ਦੇ ਅੰਕੜਿਆਂ ਅਨੁਸਾਰ 2020 ਵਿੱਚ ਪੰਜਾਬ ਵਿੱਚ ਗੈਂਗ ਰੰਜਿਸ਼ ਕਾਰਨ ਇੱਕ ਵੀ ਵਿਅਕਤੀ ਦਾ ਕਤਲ ਨਹੀਂ ਹੋਇਆ ਸੀ, ਜਦੋਂ ਕਿ ਹਰਿਆਣਾ ਵਿੱਚ 2 ਕਤਲ ਗੈਂਗ ਕਾਰਨ ਹੋਏ ਸਨ।
ਪੰਜਾਬ ਵਿਚ ਲਾਇਸੈਂਸੀ ਹਥਿਆਰਾਂ ਦੀ ਗਿਣਤੀ ਦੇਸ਼ ਦੇ ਮੋਹਰੀ ਰਾਜਾਂ ਵਿੱਚੋਂ ਹੈ।
ਕੁਝ ਵੱਡੀਆਂ ਵਾਰਦਾਤਾਂ
27 ਨਵੰਬਰ 2016: ਪੰਜਾਬ ਵਿੱਚ ਗੈਂਗਵਾਰ ਦੀ ਸਭ ਤੋਂ ਵੱਡੀ ਘਟਨਾ ਜਿਸ ਨੇ ਗਿਰੋਹਬਾਜ਼ੀ ਨੂੰ ਕੇਂਦਰੀ ਮੰਚ ਉੱਤੇ ਲਿਆਂਦਾ ਉਹ ਸੀ ਨਾਭਾ ਜੇਲ੍ਹ ਬਰੇਕ। ਗੈਂਗਸਟਰਾਂ ਨੇ ਜੇਲ੍ਹ ਉੱਤੇ ਹਮਲਾ ਕੀਤਾ ਤੇ 6 ਕੈਦੀਆਂ ਨੂੰ ਛੁਡਾ ਲਿਆ, ਇਨ੍ਹਾਂ ਵਿੱਚ 2 ਖਾਲਿਸਤਾਨੀ ਖਾੜਕੂ ਸਨ ਅਤੇ 4 ਗੈਂਗਸਟਰ (ਹਰਿੰਦਰ ਸਿੰਘ ਮਿੰਟੂ, ਸੋਨੂੰ ਮੁੱਕਦੀ, ਵਿੱਕੀ ਗੌਂਡਰ, ਨੀਟਾ ਦਿਓਲ, ਅਮਦੀਪ ਢੋਟੀਆ ਤੇ ਕਸ਼ਮੀਰ ਸਿੰਘ)
26 ਜਨਵਰੀ 2018: ਨਾਭਾ ਜੇਲ੍ਹ ਵਿੱਚੋਂ ਭੱਜੇ ਗੈਂਗਸਟਰ ਹਰਿੰਦਰ ਸਿੰਘ ਉਰਫ਼ ਵਿੱਕੀ ਗੌਂਡਰ ਅਤੇ ਉਸ ਦੇ ਸਾਥੀ ਪ੍ਰੇਮਾ ਲਾਹੌਰੀਆ ਨੂੰ ਪੁਲਿਸ ਨੇ ਗੰਗਾਨਗਰ ਦੇ ਇੱਕ ਪਿੰਡ ਵਿੱਚ ਪੁਲਿਸ ਮੁਕਾਬਲੇ ਵਿੱਚ ਮਾਰਨ ਦਾ ਦਾਅਵਾ ਕੀਤਾ।

ਤਸਵੀਰ ਸਰੋਤ, FACEBOOK/@VICKYGOUNDERX
14 ਅਪ੍ਰੈਲ 2018: ਗਾਇਕ ਪਰਮੀਸ਼ ਵਰਮਾ ਉੱਤੇ ਗੋਲੀਆਂ ਚਲਾਈਆਂ ਗਈਆਂ, ਪਰ ਉਨ੍ਹਾਂ ਦਾ ਬਚਾਅ ਹੋ ਗਿਆ।
11 ਅਕਤੂਬਰ 2020: ਕਾਂਗਰਸ ਦੇ ਵਿਦਿਆਰਥੀ ਵਿੰਗ ਦੇ ਪੰਜਾਬ ਯੂਨੀਵਰਸਿਟੀ ਦੇ ਪ੍ਰਧਾਨ ਗੁਰਲਾਲ ਨੂੰ ਚੰਡੀਗੜ੍ਹ ਦੇ ਸਿਟੀ ਇਮਪੋਰੀਅਮ ਹੋਟਲ ਦੇ ਬਾਹਰ ਹਲਾਕ ਕੀਤਾ ਗਿਆ। ਉਸ ਨੂੰ ਲਾਰੈਂਸ ਬਿਸ਼ਨੋਈ ਦੇ ਨੇੜੇ ਸਮਝਿਆ ਜਾਂਦਾ ਸੀ।
22 ਅਕਤੂਬਰ 2020: ਰਣਜੀਤ ਸਿੰਘ ਉਰਫ਼ ਰਾਣਾ ਸਿੱਧੂ ਦਾ ਕਤਲ ਕਰ ਦਿੱਤਾ ਗਿਆ। ਮੁਕਤਸਰ ਪੁਲਿਸ ਨੇ ਦਾਅਵਾ ਕੀਤਾ ਸੀ ਇਕ ਇਹ ਕਤਲ ਗੁਰਲਾਲ ਦਾ ਬਦਲਾ ਲੈਣ ਲਈ ਕੀਤਾ ਗਿਆ।
7 ਅਗਸਤ 2021: ਮੁਹਾਲੀ ਵਿੱਚ ਅਕਾਲੀ ਆਗੂ ਵਿੱਕੀ ਮਿੱਡੂਖੇੜਾ ਨੂੰ ਗੋਲੀਆਂ ਮਾਰ ਕੇ ਹਲ਼ਾਕ ਕੀਤਾ ਗਿਆ।
14 ਮਾਰਚ 2022: ਜਲੰਧਰ ਦੇ ਮੱਲ੍ਹੀਆਂ ਪਿੰਡ ਵਿੱਚ ਕਬੱਡੀ ਟੂਰਨਾਮੈਂਟ ਦੌਰਾਨ ਕੌਮਾਂਤਰੀ ਪੱਧਰ ਦੇ ਕਬੱਡੀ ਖਿਡਾਰੀ ਨੰਗਲ ਅੰਬੀਆਂ ਦਾ ਕਤਲ ਕਰ ਦਿੱਤਾ ਗਿਆ।
9 ਮਈ 2022: ਮੁਹਾਲੀ ਵਿੱਚ ਪੰਜਾਬ ਪੁਲਿਸ ਦੇ ਖ਼ੁਫ਼ੀਆ ਵਿਭਾਗ ਦੇ ਮੁੱਖ ਦਫ਼ਤਰ ਉੱਤੇ ਹਮਲਾ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post














