ਕਿਸਾਨਾਂ ਦਾ ਦਿੱਲੀ ਕੂਚ : ਕੰਕਰੀਟ ਦੀਆਂ ਰੋਕਾਂ, ਲੋਕਾਂ ਦੀ ਖੱਜਲ-ਖੁਆਰੀ ਦੇ ਨਾਲ-ਨਾਲ ਹਰਿਆਣਾ ਵਿੱਚ ਕੀ ਹੋ ਰਿਹਾ

ਹਰਿਆਣਾ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਇਨ੍ਹਾਂ ਰੋਕਾਂ ਦਾ ਅਸਰ ਸਿਰਸਾ, ਕਰੂਕਸ਼ੇਤਰ ਅੰਬਾਲਾ ਸਣੇ ਵੱਖ ਜ਼ਿਲ੍ਹਿਆਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ

ਹਰਿਆਣਾ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ 13 ਫਰਵਰੀ ਨੂੰ ਦਿੱਲੀ ਕੂਚ ਦੇ ਸੱਦੇ ਦੇ ਮੱਦੇਨਜ਼ਰ ਕੰਕਰੀਟ ਦੀਆਂ ਰੋਕਾਂ ਦੇ ਨਾਲ-ਨਾਲ ਭਾਰੀ ਸੁਰੱਖਿਆ ਇੰਤਜ਼ਾਮ ਕੀਤੇ ਗਏ ਹਨ।

ਪੰਜਾਬ ਹਰਿਆਣਾ ਵਿਚਲੀਆਂ ਮੁੱਖ ਸੜਕਾਂ ਉੱਤੇ ਰੋਕਾਂ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ।

ਇਨ੍ਹਾਂ ਰੋਕਾਂ ਦਾ ਅਸਰ ਸਿਰਸਾ, ਕੁਰੂਕਸ਼ੇਤਰ, ਅੰਬਾਲਾ ਸਣੇ ਵੱਖ ਜ਼ਿਲ੍ਹਿਆਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ।

ਆਉਣ-ਜਾਣ ਵਾਲੇ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਹੋ ਰਹੀ ਹੈ, ਲੋਕ ਆਪਣਾ ਸਾਮਾਨ ਲੈ ਕੇ ਕਈ ਕਿਲੋਮੀਟਰ ਤੱਕ ਪੈਦਲ ਚੱਲਣ ਲਈ ਮਜਬੂਰ ਹੋ ਰਹੇ ਹਨ।

ਵੀਡੀਓ ਕੈਪਸ਼ਨ, ਕਿਸਾਨਾਂ ਦਾ ਮਾਰਚ ਰੋਕਣ ਲਈ ਹਰਿਆਣਾ ਵਿੱਚ ਕੀ-ਕੀ ਹੋ ਰਿਹਾ

ਦਿੱਲੀ ਕੂਚ ਕਰਨ ਦੀ ਕਾਲ ਸੰਯੁਕਤ ਕਿਸਾਨ ਮੋਰਚਾ ਦੇ ਗ਼ੈਰ ਸਿਆਸੀ ਧੜੇ ਅਤੇ ਕਿਸਾਨ ਮਜ਼ਦੂਰ ਮੋਰਚੇ ਨੇ ਐੱਮਐਸਪੀ ਅਤੇ ਕਰਜ਼ਾ ਮੁਆਫ਼ੀ ਸਣੇ ਹੋਰ ਮੰਗਾਂ ਮਨਵਾਉਣ ਦੇ ਲਈ ਦਿੱਤੀ ਗਈ ਹੈ।

ਕਿੱਥੇ-ਕਿੱਥੇ ਕਿਹੜੀਆਂ ਰੋਕਾਂ?

ਕਿਸਾਨਾਂ ਦੇ ਮਾਰਚ ਨੂੰ ਰੋਕਣ ਦੇ ਲਈ ਕੰਕਰੀਟ ਦੀਆਂ ਰੋਕਾਂ ਅਤੇ ਕੰਡਿਆਲੀ ਤਾਰ ਦੀ ਵੀ ਵਰਤੋਂ ਕੀਤੀ ਜਾ ਰਹੀ ਹੈ।

ਇਸ ਕਰਕੇ ਪੰਜਾਬ ਦੇ ਮੁੱਖ ਇਲਾਕਿਆਂ ਨੂੰ ਹਰਿਆਣਾ ਦੇ ਸ਼ਹਿਰਾਂ ਨਾਲ ਜੋੜਦੀਆਂ ਸੜਕਾਂ ਉੱਤੇ ਆਵਾਜਾਈ ਅਸਰਅੰਦਾਜ਼ ਹੋਈ ਹੈ।

ਪੰਜਾਬ ਦੇ ਰਾਜਪੁਰਾ ਦੇ ਹਰਿਆਣਾ ਦੇ ਅੰਬਾਲਾ ਸ਼ਹਿਰ ਵਿਚਕਾਰ ਪੈਂਦੇ ਸ਼ੰਭੂ ਬੈਰੀਅਰ ਨੇੜਲੇ ਮੁੱਖ ਪੁਲ ਉੱਤੇ ਕੰਕਰੀਟ ਦੀਆਂ ਰੋਕਾਂ ਲਗਾਏ ਜਾਣ ਦੇ ਕਾਰਨ ਲੋਕ ਘੱਗਰ ਦਰਿਆ ਪੈਦਲ ਪਾਰ ਕਰ ਰਹੇ ਹਨ।

ਕੰਕਰੀਟ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਕਰੇਨਾਂ ਦੀ ਵਰਤੋਂ ਨਾਲ ਵੱਡੇ-ਵੱਡੇ ਕੰਕਰੀਟ ਦੇ ਪੱਥਰ ਰਸਤੇ ਨੂੰ ਰੋਕਣ ਦੇ ਲਈ ਟਿਕਾਏ ਜਾ ਰਹੇ ਹਨ

ਅੰਬਾਲਾ ਤੋਂ ਬੀਬੀਸੀ ਸਹਿਯੋਗੀ ਕਮਲ ਸੈਣੀ ਮੁਤਾਬਕ ਪੰਜਾਬ ਤੋਂ ਅੰਬਾਲਾ ਆਉਂਦੀ ਸੜਕ ਉੱਤੇ ਭਾਰੀ ਬੈਰੀਕੇਡਿੰਗ ਦੇ ਨਾਲ-ਨਾਲ ਪੁਲਿਸ ਅਤੇ ਹੋਰ ਸੁਰੱਖਿਆ ਬਲਾਂ ਨੂੰ ਤੈਨਾਤ ਕੀਤਾ ਗਿਆ ਹੈ।

ਕਰੇਨਾਂ ਦੀ ਵਰਤੋਂ ਨਾਲ ਵੱਡੇ-ਵੱਡੇ ਕੰਕਰੀਟ ਦੇ ਪੱਥਰ ਰਸਤੇ ਨੂੰ ਰੋਕਣ ਦੇ ਲਈ ਟਿਕਾਏ ਜਾ ਰਹੇ ਹਨ।

ਰੋਕਾਂ

ਤਸਵੀਰ ਸਰੋਤ, BBC/ Prabhu Dayal

ਤਸਵੀਰ ਕੈਪਸ਼ਨ, ਕਿਸਾਨਾਂ ਦੇ ਮਾਰਚ ਨੂੰ ਰੋਕਣ ਦੇ ਲਈ ਕੰਕਰੀਟ ਦੀਆਂ ਰੋਕਾਂ ਅਤੇ ਕੰਡਿਆਲੀ ਤਾਰ ਦੀ ਵੀ ਵਰਤੋਂ ਕੀਤੀ ਜਾ ਰਹੀ ਹੈ

ਸਿਰਸਾ ਤੋਂ ਬੀਬੀਸੀ ਸਹਿਯੋਗੀ ਪ੍ਰਭੂ ਦਿਆਲ ਨੇ ਦੱਸਿਆ ਘੱਗਰ ਦਰਿਆ ਦੇ ਪੁਲ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ।

ਘੱਗਰ ਦੇ ਪੁਲ ਨੂੰ ਬੰਦ ਕੀਤੇ ਜਾਣ ਕਾਰਨ ਕਈ ਦਰਜਨ ਪਿੰਡਾਂ ਦਾ ਸੰਪਰਕ ਸਿਰਸਾ ਸ਼ਹਿਰ ਨਾਲੋਂ ਟੁੱਟ ਗਿਆ ਹੈ।

ਨੈਸ਼ਨਲ ਹਾਈ ਵੇਅ ’ਤੇ ਚਲਣ ਵਾਲੇ ਵਾਹਨਾਂ ਦਾ ਰੂਟ ਬਦਲ ਕੇ ਪਿੰਡਾਂ ਦੀਆਂ ਸੜਕਾਂ ਰਾਹੀਂ ਕੀਤਾ ਗਿਆ ਹੈ, ਜਿਸ ਕਾਰਨ ਸੜਕਾਂ ’ਤੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ ਹਨ।

ਪੁਲਿਸ ਪ੍ਰਸ਼ਾਸਨ ਨੇ ਵੱਡੇ ਵਾਹਨਾਂ ਲਈ ਐਡਵਾਈਜਰੀ ਜਾਰੀ ਕਰਕੇ ਕਿਹਾ ਹੈ ਕਿ ਵੱਡੇ ਵਾਹਨ ਸੜਕਾਂ ਕੰਢੇ ਢਾਬਿਆਂ ’ਤੇ ਰੋਕ ਦਿੱਤੇ ਜਾਣ।

ਸ਼ੰਭੂ ਬਾਰਡਰ 'ਤੇ ਤਾਇਨਾਤ ਫੋਰਸ ਦੇ ਨਾਲ ਡੀਐਸਪੀ ਅਰਸ਼ਦੀਪ ਸਿੰਘ ਦਾ ਕਹਿਣਾ ਹੈ, "ਕਿਸਾਨਾਂ ਦੇ ਅੰਦੋਲਨ ਕਾਰਨ ਬਾਰਡਰ ਸੀਲ ਕਰ ਦਿੱਤਾ ਗਿਆ ਹੈ, ਜੇਕਰ ਕਿਸਾਨ ਆਉਂਦੇ ਹਨ ਤਾਂ ਉਨ੍ਹਾਂ ਨੂੰ ਇਸ ਤੋਂ ਅੱਗੇ ਨਾ ਜਾਣ ਲਈ ਕਿਹਾ ਜਾਵੇਗਾ ਕਿਉਂਕਿ ਉਨ੍ਹਾਂ ਕੋਲ ਇਜਾਜ਼ਤ ਨਹੀਂ ਹੈ।"

ਬੀਬੀਸੀ

ਪ੍ਰਸ਼ਾਸਨ ਨੇ ਪਿਹੋਵਾ ਦੇ ਪਿੰਡ ਟੁੱਕੜ 'ਚ ਹਰਿਆਣਾ ਪੰਜਾਬ ਸਰਹੱਦ ਨੂੰ ਸੀਲ ਕਰ ਦਿੱਤਾ ਹੈ।

ਜੀਂਦ ਵਿੱਚ ਪੰਜਾਬ ਸਰਹੱਦ 'ਤੇ ਨੀਮ ਫੌਜੀ ਬਲਾਂ ਦੀ ਤਾਇਨਾਤੀ ਕੀਤੀ ਗਈ ਹੈ ਅਤੇ ਦਾਤਾ ਸਿੰਘ ਸਰਹੱਦ 'ਤੇ ਫੋਰਸ ਦੇ ਸੈਂਕੜੇ ਜਵਾਨ ਤਾਇਨਾਤ ਕੀਤੇ ਗਏ ਹਨ।

ਜੀਂਦ ਵਿੱਚ ਹੀ ਵਜਰ ਗੱਡੀਆਂ, ਫਾਇਰ ਬ੍ਰਿਗੇਡ ਅਤੇ ਜਲ ਤੋਪਾਂ ਦੀਆਂ ਗੱਡੀਆਂ ਤਾਇਨਾਤ ਹਨ ਅਤੇ ਸੁਰੱਖਿਆ ਦੇ ਮੱਦੇਨਜ਼ਰ ਜੀਂਦ ਵਿੱਚ ਡਾਕਟਰਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ ਪੈਟਰੋਲ ਪੰਪ ਸੰਚਾਲਕਾਂ ਨੂੰ ਖੁੱਲ੍ਹੇ ਵਿੱਚ ਤੇਲ ਨਾ ਸੁੱਟਣ ਦੀ ਹਦਾਇਤ ਕੀਤੀ ਗਈ ਹੈ।

ਅੰਦੋਲਨ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਵੱਖ-ਵੱਖ ਕਿਸਾਨ ਜਥੇਬੰਦੀਆਂ, ਖਾਪ ਪੰਚਾਇਤਾਂ ਅਤੇ ਸਰਪੰਚਾਂ ਦੀ ਮੀਟਿੰਗ ਕਰਕੇ ਕਿਸਾਨ ਅੰਦੋਲਨ ਵਿੱਚ ਸ਼ਾਮਲ ਨਾ ਹੋਣ ਦੀ ਅਪੀਲ ਕੀਤੀ ਹੈ।

ਖ਼ਬਰ ਏਜੰਸੀ ਏਐਨਆਈ ਮੁਤਾਬਕ ਦਿੱਲੀ ਪੁਲਿਸ ਨੇ ਵੀ ਕਿਸਾਨਾਂ ਨੂੰ ਰੋਕਣ ਲਈ ਗਾਜ਼ੀਪੁਰ ਬਾਰਡਰ ਉੱਪਰ ਬੈਰੀਕੇਡ ਲਗਾ ਦਿੱਤੇ ਹਨ।

ਕੀ ਹਨ ਕਿਸਾਨਾਂ ਦੀਆਂ ਮੰਗਾਂ?

ਜਗਜੀਤ ਸਿੰਘ ਡੱਲੇਵਾਲ
ਤਸਵੀਰ ਕੈਪਸ਼ਨ, ਇਸ ਮੋਰਚੇ ਲਈ ਕਿਸਾਨਾਂ ਵੱਲੋਂ ਦੋ ਫੋਰਮਾਂ ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚਾ ਬਣਾਈਆਂ ਗਈਆਂ ਹਨ

ਫਰਵਰੀ ਮਹੀਨੇ ਦੇ ਪਹਿਲੇ ਹਫ਼ਤੇ ਦੌਰਾਨ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਪੱਤਰਕਾਰਾਂ ਨੂੰ ਵਿੱਢੇ ਜਾ ਰਹੇ ਕਿਸਾਨ ਅੰਦੋਲਨ ਬਾਰੇ ਜਾਣਕਾਰੀ ਦਿੱਤੀ ਸੀ।

ਇਸ ਮੋਰਚੇ ਲਈ ਕਿਸਾਨਾਂ ਵੱਲੋਂ ਦੋ ਫੋਰਮਾਂ ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚਾ ਬਣਾਈਆਂ ਗਈਆਂ ਹਨ।

ਡੱਲੇਵਾਲ ਨੇ ਕਿਹਾ ਸੀ ਕਿ ਸਾਰੀਆਂ ਜੱਥੇਬੰਦੀਆਂ ਕਾਰਪੋਰੇਟ ਘਰਾਣਿਆਂ ਦੇ ਖਿਲਾਫ਼ ਇੱਕ ਵੱਡੀ ਲੜਾਈ ਲੜਨ ਜਾ ਰਹੀਆਂ ਹਨ। ਦੇਸ ਭਰ ਦੀਆਂ 200 ਤੋਂ ਜ਼ਿਆਦਾ ਕਿਸਾਨ ਜਥੇਬੰਦੀਆਂ ਇਸ ਵਿੱਚ ਸ਼ਾਮਲ ਹੋ ਰਹੀਆਂ ਹਨ।

ਸਰਕਾਰ ਨੇ ਅੰਦੋਲਨ ਦੌਰਾਨ ਜੋ ਐੱਮਐੱਸਪੀ ਕਨੂੰਨ ਦਾ ਵਾਅਦਾ ਕੀਤਾ ਸੀ ਸਰਕਾਰ ਉਸ ਤੋਂ ਕਾਰਪੋਰੇਟ ਦੇ ਦਬਾਅ ਹੇਠ ਆਨਾਕਾਨੀ ਕਰ ਰਹੀ ਹੈ।

ਉਨ੍ਹਾਂ ਨੇ ਕਿਹਾ ਕਿ ਦੇਸ ਦਾ ਕਿਸਾਨ ਅਤੇ ਮਜ਼ਦੂਰ ਸੰਤਾਪ ਭੋਗ ਰਿਹਾ ਹੈ। ਕਰਜ਼ਾ ਉਨ੍ਹਾਂ ਨੂੰ ਨਿਗਲ ਰਿਹਾ ਹੈ ਤੇ ਦੋਵੇਂ ਹੀ ਖ਼ੁਦਕੁਸ਼ੀਆਂ ਕਰ ਰਹੇ ਹਨ।

ਇੱਕ ਅਧਿਐਨ ਦਾ ਹਵਾਲਾ ਦਿੰਦਿਆਂ ਡੱਲੇਵਾਲ ਨੇ ਕਿਹਾ ਸੀ ਕਿ ਲਗਭਗ 14 ਲੱਖ ਕਰੋੜ ਰੁਪਿਆ ਕਿਸਾਨਾਂ ਨੂੰ ਦਿੱਤੇ ਜਾਣ ਦੀ ਥਾਂ ਇੱਕ ਸਾਲ ਵਿੱਚ ਉਨ੍ਹਾਂ ਤੋਂ ਲੁੱਟਿਆ ਗਿਆ।

ਜਦਕਿ ਮੌਜੂਦਾ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਕਾਰਪੋਰੇਟ ਘਰਾਣਿਆਂ ਦਾ ਸਾਢੇ 14 ਲੱਖ ਕਰੋੜ ਰੁਪਿਆ ਮਾਫ਼ ਕੀਤਾ।

ਉਨ੍ਹਾਂ ਨੇ ਦੱਸਿਆ ਕਿ ਕਿਸਾਨ ਸ਼ੰਭੂ ਬਾਰਡਰ, ਖਨੌਰੀ ਬਾਰਡਰ, ਡਬਵਾਲੀ ਬਾਰਡਰ ਅਤੇ ਅਗਲੇ ਪਾਸੇ ਫਤਿਹਾਬਾਦ ਬਾਰਡਰ ਤੋਂ ਹੋ ਕੇ ਹਰਿਆਣੇ ਵਿੱਚ ਦਾਖਲ ਹੋਣਗੇ।

ਲੋਕ ਕੀ ਪ੍ਰੇਸ਼ਾਨੀ ਝੱਲ ਰਹੇ ?

ਪਿਹੋਵਾ

ਤਸਵੀਰ ਸਰੋਤ, Kamal Saini/ BBC

ਪਟਿਆਲਾ ਤੋਂ ਪਿਹੋਵਾ ਜਾਣ ਵਾਲੀ ਸੜਕ ਉੱਤੇ ਖੱਜਲ ਖੁਆਰ ਹੋ ਰਹੇ ਇੱਕ ਯਾਤਰੀ ਨੇ ਦੱਸਿਆ ਕਿ ਉਹ ਨਸ਼ਾ ਮੁਕਤੀ ਕੇਂਦਰ ਵਿੱਚ ਆਪਣੇ ਭਤੀਜੇ ਨੂੰ ਮਿਲਣ ਲਈ ਜਾ ਰਹੇ ਸਨ ਅਤੇ ਰਸਤਾ ਬੰਦ ਹੋਣ ਕਾਰਨ ਉਨ੍ਹਾਂ ਨੂੰ ਰੁਕਣਾ ਪਿਆ।

ਉਨ੍ਹਾਂ ਨੇ ਦੱਸਿਆ, "ਮੇਰੇ ਪਿਤਾ ਤੁਰ ਨਹੀਂ ਸਕਦੇ, ਇਨ੍ਹਾਂ ਨੇ ਰਸਤਾ ਬੰਦ ਕੀਤਾ ਹੋਇਆ ਹੈ ਅਤੇ ਉੱਤੋਂ ਦੀ ਕਿੱਲਾਂ ਲਾਈਆਂ ਹੋਈਆਂ ਹਨ।"

ਇਨ੍ਹਾਂ ਦੇ ਹੀ ਇੱਕ ਰਿਸ਼ਤੇਦਾਰ ਨੇ ਦੱਸਿਆ ਕਿ ਉਹ ਆਪਣੇ ਪੁੱਤਰ ਨੂੰ ਮਿਲਣ ਜਾ ਰਹੇ ਸਨ ਅਤੇ ਰੋਕਾਂ ਕਾਰਨ ਉਨ੍ਹਾਂ ਨੇ ਆਪਣੀ ਗੱਡੀ ਪਿੱਛੇ ਹੀ ਖੜ੍ਹੀ ਕਰ ਦਿੱਤੀ ਪਰ ਉਨ੍ਹਾਂ ਨੂੰ ਅੱਗੇ ਜਾਣ ਵਿੱਚ ਬਹੁਤ ਦਿੱਕਤ ਹੋ ਰਹੀ ਹੈ।

ਪੰਜਾਬ ਤੋਂ ਕੁਰੂਕਸ਼ੇਤਰ ਜਾ ਰਹੇ ਇੱਕ ਰਾਹਗੀਰ ਨੇ ਦੱਸਿਆ, "ਅਸੀਂ ਕੁਰੂਕਸ਼ੇਤਰ ਕਿਸੇ ਕੰਮ ਲਈ ਜਾਣਾ ਸੀ ਅਤੇ ਹੁਣ ਵਾਪਸ ਜਾ ਰਹੇ ਹਨ, ਸਾਡੇ ਵਰਗੇ ਦਿਹਾੜੀਦਾਰ ਬੰਦੇ ਖੱਜਲ ਖੁਆਰ ਹੋ ਰਹੇ ਹਨ ਜਲਦੀ ਤੋਂ ਜਲਦੀ ਇਸ ਦਾ ਹੱਲ ਕੱਢਿਆ ਜਾਣਾ ਚਾਹੀਦਾ ਹੈ ਤਾਂ ਜੋ ਆਵਾਜਾਈ ਚਲਦਾ ਰਹੇ।"

ਮੁੱਖ ਮੰਤਰੀ ਮਨੋਹਰ ਲਾਲ ਨੇ ਕੀ ਕਿਹਾ?

ਮੁੱਖ ਮੰਤਰੀ ਮਨੋਹਰ ਲਾਲ ਖੱਟਰ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ

ਚੰਡੀਗੜ੍ਹ ਵਿੱਚ ਬੋਲਦਿਆਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਇਹ ਪ੍ਰਬੰਧ ਲਾਅ ਐਂਡ ਆਰਡਰ ਦੀ ਸਥਿਤੀ ਬਰਕਰਾਰ ਰੱਖ ਲਈ ਕੀਤੇ ਗਏ ਹਨ।

ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦਾ ਪ੍ਰਦਰਸ਼ਨ ਲੋਕਤੰਤਰ ਲਈ ਠੀਕ ਨਹੀਂ ਹੈ।

ਉਨ੍ਹਾਂ ਕਿਹਾ, "ਜਾਣ ਲਈ ਬੱਸਾਂ ਅਤੇ ਟਰੇਨਾਂ ਬਹੁਤ ਹਨ ਅਤੇ ਟਰੈਕਟਰ ਲੈ ਕੇ ਹੀ ਜਾਣਾ ਅਤੇ ਉਸ ਉੱਤੇ ਕੋਈ ਹਥਿਆਰ ਲਾਉਣਾ ਅਤੇ ਰੋਕਣ ਉੱਤੇ ਰੁਕਣਾ ਨਹੀਂ, ਠੀਕ ਨਹੀਂ ਹੈ, ਲਾਅ ਐਂਡ ਆਰਡਰ ਨੂੰ ਠੀਕ ਰੱਖਣ ਲਈ ਪ੍ਰਬੰਧ ਕਰਨਾ ਪੈਂਦਾ ਹੈ।"

ਉਨ੍ਹਾਂ ਅੱਗੇ ਕਿਹਾ, "ਪਿਛਲਾ ਤਜੁਰਬਾ ਸਾਡੇ ਸਾਹਮਣੇ ਹੈ ਇਸ ਤਰੀਕੇ ਦਾ ਪ੍ਰਦਰਸ਼ਨ ਲੋਕਤੰਤਰ ਵਿੱਚ ਤੈਅ ਮਾਨਕਾਂ ਦੇ ਮੁਤਾਬਕ ਕਰਨਾ ਚਾਹੀਦਾ ਹੈ।"

ਪ੍ਰਸ਼ਾਸਨ ਦੀ ਹਰਿਆਣਾ ਤੇ ਪੰਜਾਬ ਦੇ ਯਾਤਰੀਆਂ ਨੂੰ ਕੀ ਸਲਾਹ?

ਕਿਸਾਨਾਂ ਨੂੰ ਰੋਕਣ ਲਈ ਪੱਕੀਆਂ ਰੋਕਾਂ ਲਾਉਂਦੇ ਮਜ਼ਦੂਰ

ਤਸਵੀਰ ਸਰੋਤ, Kamal Saini/BBC

ਇਸ ਦੌਰਾਨ ਹਰਿਆਣਾ ਪੁਲਿਸ ਨੇ ਲੋਕਾਂ ਨੂੰ 13 ਫਰਵਰੀ ਨੂੰ ਸੂਬੇ ਦੀਆਂ ਮੁੱਖ ਸੜਕਾਂ ਦੀ ਵਰਤੋਂ ਸਿਰਫ ਜ਼ਰੂਰੀ ਸਥਿਤੀਆਂ ਵਿੱਚ ਕਰਨ ਦੀ ਸਲਾਹ ਦਿੱਤੀ ਹੈ।

ਹਰਿਆਣਾ ਤੋਂ ਪੰਜਾਬ ਨੂੰ ਜਾਣ ਵਾਲੇ ਸਾਰੇ ਮੁੱਖ ਮਾਰਗਾਂ ’ਤੇ ਆਵਾਜਾਈ ਵਿੱਚ ਵਿਘਨ ਪੈਣ ਦੀ ਸੰਭਾਵਨਾ ਹੈ। ਇਸ ਲਈ ਆਮ ਲੋਕਾਂ ਨੂੰ ਅਤਿ ਜ਼ਰੂਰੀ ਸਥਿਤੀ ਵਿੱਚ ਹੀ ਪੰਜਾਬ ਦੀ ਯਾਤਰਾ ਕਰਨ ਦੀ ਅਪੀਲ ਕੀਤੀ ਗਈ ਹੈ।

ਦਿੱਲੀ ਚੰਡੀਗੜ੍ਹ ਲਈ ਬਦਲਵੇਂ ਰਾਹਾਂ ਬਾਰੇ ਹਰਿਆਣਾ ਦੀ ਵਧੀਕ ਪੁਲਿਸ ਡਾਇਰੈਕਟਰ ਜਨਰਲ (ਕਾਨੂੰਨ ਵਿਵਸਥਾ), ਮਮਤਾ ਸਿੰਘ ਨੇ ਜਾਣਕਾਰੀ ਦਿੱਤੀ।

ਉਨ੍ਹਾਂ ਨੇ ਕਿਹਾ, ਕੌਮੀ ਸ਼ਾਹ ਰਾਹ-44 ਦਿੱਲੀ ਚੰਡੀਗੜ੍ਹ ਹਾਈਵੇਅ ਉੱਤੇ ਆਵਾਜਾਈ ਵਿੱਚ ਕਿਸੇ ਵੀ ਵਿਘਨ ਦੀ ਸਥਿਤੀ ਵਿੱਚ, ਚੰਡੀਗੜ੍ਹ ਤੋਂ ਦਿੱਲੀ ਜਾਣ ਵਾਲੇ ਯਾਤਰੀਆਂ ਨੂੰ ਡੇਰਾਬੱਸੀ, ਬਰਵਾਲਾ/ਰਾਮਗੜ੍ਹ, ਸਾਹਾ, ਸ਼ਾਹਬਾਦ, ਕੁਰੂਕਸ਼ੇਤਰ ਜਾਂ ਪੰਚਕੂਲਾ, ਨੈਸ਼ਨਲ ਹਾਈਵੇ-344 ਯਮੁਨਾਨਗਰ ਇੰਦਰੀ/ਪਿਪਲੀ, ਕਰਨਾਲ ਰਾਹੀਂ ਦਿੱਲੀ ਪਹੁੰਚਣਾ ਚਾਹੀਦਾ ਹੈ।

ਵੀਡੀਓ ਕੈਪਸ਼ਨ, ਪੰਜਾਬ ਤੋਂ ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਵਿੱਚ ਪੂਰੀ ਤਿਆਰੀ, ਪੁਲਿਸ ਨੇ ਇੱਥੇ ਰਾਹ ਰੋਕੇ

ਇਸੇ ਤਰ੍ਹਾਂ ਦਿੱਲੀ ਤੋਂ ਚੰਡੀਗੜ੍ਹ ਜਾਣ ਵਾਲੇ ਯਾਤਰੀ ਕਰਨਾਲ, ਇੰਦਰੀ/ਪਿਪਲੀ, ਯਮੁਨਾਨਗਰ, ਪੰਚਕੂਲਾ ਜਾਂ ਕੁਰੂਕਸ਼ੇਤਰ, ਸ਼ਾਹਬਾਦ, ਸਾਹਾ, ਬਰਵਾਲਾ, ਰਾਮਗੜ੍ਹ ਹੁੰਦੇ ਹੋਏ ਆਪਣੀ ਮੰਜ਼ਿਲ 'ਤੇ ਪਹੁੰਚੇ।

ਲੋਕਾਂ ਨੂੰ ਕਿਸੇ ਵੀ ਅਣਸੁਖਾਵੀਂ ਸਥਿਤੀ ਵਿੱਚ ਡਾਇਲ-112 'ਤੇ ਸੰਪਰਕ ਕਰਨ ਅਤੇ ਮੌਜੂਦਾ ਟ੍ਰੈਫਿਕ ਸਥਿਤੀ ਨੂੰ ਜਾਣਨ ਲਈ ਹਰਿਆਣਾ ਪੁਲਿਸ ਦੇ ਸੋਸ਼ਲ ਮੀਡੀਆ ਪਲੇਟਫਾਰਮ ਦੇਖਦੇ ਰਹਿਣ ਦੀ ਸਲਾਹ ਦਿੱਤੀ ਗਈ ਹੈ।

ਮਮਤਾ ਸਿੰਘ ਨੇ ਕਿਹਾ, “ਪੁਲਿਸ ਵੱਲੋਂ ਅਮਨ-ਕਾਨੂੰਨ ਬਣਾਈ ਰੱਖਣ, ਕਿਸੇ ਵੀ ਤਰ੍ਹਾਂ ਦੀ ਹਿੰਸਾ ਨੂੰ ਰੋਕਣ ਅਤੇ ਆਵਾਜਾਈ ਅਤੇ ਜਨਤਕ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।”

“ਇਸ ਸਬੰਧ ਵਿੱਚ ਜ਼ਿਲ੍ਹਿਆਂ ਦੇ ਸਾਰੇ ਰੇਂਜ ਏਡੀਜੀਪੀਜ਼/ਆਈਜੀਪੀਜ਼, ਪੁਲਿਸ ਕਮਿਸ਼ਨਰਾਂ ਅਤੇ ਐਸਪੀਜ਼ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ ਤਾਂ ਜੋ ਆਮ ਲੋਕਾਂ ਨੂੰ ਘੱਟੋ-ਘੱਟ ਅਸੁਵਿਧਾ ਨਾ ਹੋਵੇ ਅਤੇ ਕਾਨੂੰਨ ਵਿਵਸਥਾ ਨਿਰਵਿਘਨ ਬਣੀ ਰਹੇ।”

ਕਿਸਾਨਾਂ ਨੂੰ ਰੋਕਣ ਲਈ ਪੱਕੀਆਂ ਰੋਕਾਂ ਵਿੱਚ ਕੰਕਰੀਟ ਪਾਉਂਦੇ ਮਜ਼ਦੂਰ

ਤਸਵੀਰ ਸਰੋਤ, Kamal Saini/BBC

ਇਸ ਤੋਂ ਇਲਾਵਾ ਪ੍ਰਭਾਵਿਤ ਜ਼ਿਲ੍ਹਿਆਂ ਖਾਸ ਤੌਰ 'ਤੇ ਅੰਬਾਲਾ, ਕੁਰੂਕਸ਼ੇਤਰ, ਕੈਥਲ, ਜੀਂਦ, ਫਤਿਹਾਬਾਦ, ਸਿਰਸਾ ਵਿੱਚ ਆਵਾਜਾਈ ਦੇ ਰੂਟਾਂ ਨੂੰ ਅਸਥਾਈ ਤੌਰ 'ਤੇ ਬਦਲਣ ਦੀਆਂ ਤਿਆਰੀਆਂ ਕੀਤੀਆਂ ਜਾ ਚੁੱਕੀਆਂ ਹਨ।

ਉਨ੍ਹਾਂ ਅੱਗੇ ਕਿਹਾ, “ਸਾਰੇ ਨਾਗਰਿਕਾਂ ਨੂੰ ਇਨ੍ਹਾਂ ਪ੍ਰਬੰਧਾਂ ਬਾਰੇ ਪਹਿਲਾਂ ਹੀ ਸੂਚਿਤ ਕੀਤਾ ਜਾ ਰਿਹਾ ਹੈ ਤਾਂ ਜੋ ਉਹ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਤੋਂ ਬਚਣ ਲਈ ਆਪਣੀ ਯਾਤਰਾ ਦੀ ਯੋਜਨਾ ਬਣਾਉਣ ਸਮੇਂ ਇਸ ਨੂੰ ਧਿਆਨ ਵਿੱਚ ਰੱਖਣ।''

ਹਰਿਆਣਾ ਪੁਲਿਸ

ਤਸਵੀਰ ਸਰੋਤ, Kamal Saini/BBC

''ਸਬੰਧਤ ਜ਼ਿਲ੍ਹਿਆਂ ਨੂੰ ਇਸ ਸਬੰਧੀ ਸਥਾਨਕ ਐਡਵਾਈਜ਼ਰੀਆਂ ਜਾਰੀ ਕਰਨ ਲਈ ਵੀ ਕਿਹਾ ਗਿਆ ਹੈ। ਹਾਲਾਂਕਿ ਸੂਬੇ ਦੇ ਬਾਕੀ ਸਾਰੇ ਮਾਰਗਾਂ 'ਤੇ ਆਵਾਜਾਈ ਨਿਰਵਿਘਨ ਰਹੇਗੀ।”

ਮਮਤਾ ਸਿੰਘ ਨੇ ਕਿਹਾ, “ਅਮਨ-ਕਾਨੂੰਨ ਨੂੰ ਕਾਇਮ ਰੱਖਣਾ ਪੁਲਿਸ ਦੀ ਸਭ ਤੋਂ ਵੱਡੀ ਤਰਜੀਹ ਹੈ। ਕਿਸੇ ਵੀ ਵਿਅਕਤੀ ਨੂੰ ਕਾਨੂੰਨ ਆਪਣੇ ਹੱਥ ਵਿੱਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਅਮਨ-ਕਾਨੂੰਨ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।”

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)