ਕਿਸਾਨ ਅੰਦੋਲਨ : ਕਿਸਾਨਾਂ ਦੇ ਵਿਰੋਧ ਤੋਂ ਲੈ ਕੇ 'ਸਰਕਾਰ ਦੇ ਝੁਕਣ' ਤੱਕ ਦੇ 11 ਅਹਿਮ ਪੜਾਅ

ਤਸਵੀਰ ਸਰੋਤ, Getty Images
- ਲੇਖਕ, ਖੁਸ਼ਹਾਲ ਲਾਲੀ
- ਰੋਲ, ਬੀਬੀਸੀ ਪੱਤਰਕਾਰ
ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਪੰਜਾਬ ਤੋਂ ਸ਼ੁਰੂ ਹੋਕੇ ਦੇਸ ਭਰ ਵਿਚ ਫੈਲਿਆ ਕਿਸਾਨ ਅੰਦੋਲਨ ਖ਼ਤਮ ਹੋਏ ਨੂੰ 6 ਮਹੀਨੇ ਗੁਜ਼ਰ ਗਏ ਹਨ।
ਪੰਜਾਬ, ਹਰਿਆਣਾ ਤੋਂ 26 ਨਵੰਬਰ 2020 ਨੂੰ ਕਿਸਾਨਾਂ ਨੇ ਦਿੱਲੀ ਵੱਲ ਕੂਚ ਕੀਤਾ ਸੀ। ਸਰਕਾਰ ਪੁਲਿਸ ਦੀਆਂ ਸਾਰੀਆਂ ਰੋਕਾ ਅਤੇ ਜ਼ਬਰ ਨੂੰ ਪਾਰ ਕਰਕੇ ਕਿਸਾਨ ਦਿੱਲੀ ਦੀਆਂ ਸਰਹੱਦਾਂ ਉੱਤੇ ਪਹੁੰਚ ਗਏ।
ਇੱਥੇ ਦਿੱਲੀ ਪੁਲਿਸ ਨੇ ਰੋਕਿਆਂ ਤਾਂ ਇਨ੍ਹਾਂ ਸਰਹੱਦਾਂ ਉੱਤੇ ਹੀ ਡੇਰੇ ਜਮਾ ਲਏ, ਦੂਜੇ ਪਾਸਿਓ ਉੱਤਰ ਪ੍ਰਦੇਸ਼, ਉੱਤਰਾਖੰਡ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਸਣੇ ਕਈ ਹੋਰ ਸੂਬਿਆਂ ਤੋਂ ਕਿਸਾਨ ਵੀ ਆ ਗਏ
ਇਨ੍ਹਾਂ ਦਿੱਲੀ ਨੂੰ ਆਉਂਦੀਆਂ 5 ਮੁੱਖ ਸੜ੍ਹਕਾਂ ਰੋਕ ਲਈਆਂ ।
ਸਰਕਾਰ ਨਾਲ ਗੱਲਬਾਤ ਵੀ ਹੁੰਦੀ ਰਹੀ ਅਤੇ ਵੱਡੇ ਐਕਸ਼ਨ ਵੀ ਜਾਰੀ ਰਹੇ। 26 ਜਨਵਰੀ 2021 ਦੀ ਕਿਸਾਨ ਟਰੈਕਟਰ ਪਰੇਡ ਤੋਂ ਬਾਅਦ ਗੱਲਬਾਤ ਵੀ ਨਹੀਂ ਹੋਈ।
ਪਰ ਕਿਸਾਨ ਡਟੇ ਰਹੇ ਅਤੇ ਸਿਆਲ ਖਤਮ ਹੋਇਆ, ਗਰਮੀ ਆ ਗਈ ਤੇ ਫਿਰ ਬਰਸਾਤ ਕਿਸਾਨਾਂ ਨੇ ਮੋਰਚਾ ਨਹੀਂ ਛੱਡਿਆ। ਸੋਸ਼ਲ ਮੀਡੀਆ ਤੋਂ ਸੁਪਰੀਮ ਕੋਰਟ ਤੱਕ ਸਰਕਾਰ ਨੂੰ ਹਰ ਮੋਰਚੇ ਉੱਤੇ ਟੱਕਰ ਦਿੱਤੀ।
ਆਖ਼ਰ 19 ਦਸੰਬਰ 2021 ਨੂੰ ਗੁਰੂ ਨਾਨਕ ਦੇਵ ਦੀ ਦੇ ਗੁਰਪੁਰਬ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨੇ ਕਾਨੂੰਨ ਵਾਪਸ ਲੈਣ ਦਾ ਐਲਾਨ ਕਰ ਦਿੱਤਾ।
ਅਗਲੇ ਕੁਝ ਦਿਨਾਂ ਵਿਚ ਇਹ ਕਾਨੂੰਨ ਸੰਸਦ ਵਿਚੋਂ ਵੀ ਵਾਪਸ ਲੈ ਲਏ ਗਏ।
ਪਰ ਕਿਸਾਨਾਂ ਨੇ ਅੰਦੋਲਨ ਦੌਰਾਨ ਦਰਜ ਪੁਲਿਸ ਕੇਸਾਂ ਅਤੇ ਐੱਮਐੱਸਪੀ ਵਰਗੇ ਮੁੱਦਿਆਂ ਉੱਤੇ ਸਰਕਾਰ ਵਲੋਂ ਸਹਿਮਤੀ ਚਿੱਠੀ ਮਿਲਣ ਤੋਂ ਬਾਅਦ ਕਿਸਾਨਾਂ ਨੇ ਅੰਦੋਲਨ ਮੁਲਤਵੀ ਕਰਨ ਦਾ ਐਲਾਨ ਕੀਤਾ।
11 ਦਸੰਬਰ 2021 ਨੂੰ ਵਾਪਸ ਮੁੜਨ ਦਾ ਸਿਲਸਿਲਾ ਸ਼ੁਰੂ ਹੋਇਆ ਅਤੇ 12 ਦਸੰਬਰ ਨੂੰ ਬਾਰਡਰ ਖਾਲੀ ਹੋ ਗਏ ।
ਇਸ ਇਤਿਹਾਸਕ ਵਰਤਾਰੇ ਦੇ 6 ਮਹੀਨੇ ਬਾਅਦ ਅਸੀਂ ਕਿਸਾਨ ਅੰਦੋਲਨ ਦੇ 11 ਵੱਡੇ ਘਟਨਾਕ੍ਰਮਾਂ ਨੂੰ ਮੁੜ ਪਾਠਕਾਂ ਲਈ ਪੇਸ਼ ਕਰ ਰਹੇ ਹਨ।
ਸੰਯੁਕਤ ਕਿਸਾਨ ਮੋਰਚੇ ਦੀ ਬੈਠਕ 'ਚ 22 ਨਵੰਬਰ ਦੀ ਲਖਨਊ ਕਿਸਾਨ ਮਹਾਪੰਚਾਇਤ, 26 ਨਵੰਬਰ ਦੇ ਦਿੱਲੀ ਬਾਰਡਰਾਂ ਉੱਤੇ ਇਕੱਠ ਅਤੇ 29 ਨਵੰਬਰ ਦਾ ਦਿੱਲੀ ਕੂਚ ਅਜੇ ਕਾਇਮ ਹੈ।
ਸਰਕਾਰ ਅਤੇ ਕਿਸਾਨਾਂ ਵਿਚਾਲੇ 11 ਗੇੜ ਦੀ ਗੱਲਬਾਤ ਹੋਈ, ਸਰਕਾਰ ਸੋਧਾਂ ਲਈ ਤਿਆਰ ਸੀ ਪਰ ਕਿਸਾਨ ਤਿੰਨੇ ਕਾਨੂੰਨ ਰੱਦ ਕਰਨ ਉੱਤੇ ਅੜੇ ਹੋਏ ਸਨ।
ਹੁਣ ਪ੍ਰਧਾਨ ਮੰਤਰੀ ਦੇ ਕਾਨੂੰਨ ਰੱਦ ਕਰਨ ਦੇ ਐਲਾਨ ਨਾਲ ਇਸ ਅੰਦੋਲਨ ਦੇ ਖ਼ਤਮ ਹੋ ਦੀ ਆਸ ਬੱਝ ਗਈ ਹੈ।
ਇਹ ਵੀ ਪੜ੍ਹੋ :
ਇੱਥੇ ਅਸੀਂ ਕਿਸਾਨੀ ਅੰਦੋਲਨ ਨਾਲ ਜੁੜੀਆਂ 11 ਘਟਨਾਵਾਂ ਦਾ ਜ਼ਿਕਰ ਕਰਨ ਜਾ ਰਹੇ ਹਨ, ਜਿੰਨ੍ਹਾਂ ਕਿਸਾਨੀ ਅੰਦੋਲਨ ਨੂੰ ਫੈਸਲਾਕੁੰਨ ਮੋੜ ਦਿੱਤਾ।
1. ਪੰਜਾਬ ਤੋਂ ਉੱਠਿਆ ਅੰਦੋਲਨ
ਕੋਰੋਨਾਵਾਇਰਸ ਮਹਾਮਾਰੀ ਦੌਰਾਨ ਭਾਰਤ ਸਰਕਾਰ ਨੇ 5 ਜੂਨ 2020 ਨੂੰ ਮੰਡੀਕਰਨ ਦੇ ਬਦਲਵੇਂ ਪ੍ਰਬੰਧ ਅਤੇ ਕਿਸਾਨੀ ਆਮਦਨ ਵਾਧੇ ਦੇ ਨਾਂ ਉੱਤੇ 3 ਨਵੇਂ ਖੇਤੀ ਆਰਡੀਨੈਂਸ ਲਿਆਂਦੇ।
ਕੋਰੋਨਾ ਕਾਲ ਦੌਰਾਨ ਲੱਗੇ ਲੌਕਡਾਊਨ ਅਤੇ ਪੰਜਾਬ ਵਿਚਲੇ ਕਰਫ਼ਿਊ ਦੌਰਾਨ ਹੀ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਇਨ੍ਹਾਂ ਆਰਡੀਨੈਂਸਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ।
27 ਜੁਲਾਈ 2020 ਨੂੰ ਪੰਜਾਬ ਵਿਚ ਹੋਏ ਮੁਜ਼ਾਹਰੇ ਤੇ ਟਰੈਕਟਰ ਮਾਰਚ ਦਾ ਵੀਡੀਓ
ਗੱਲ ਨਾ ਸੁਣੇ ਜਾਣ ਕਾਰਨ ਅਗਸਤ ਮਹੀਨੇ ਵਿਚ ਕਿਸਾਨ ਜਥੇਬੰਦੀਆਂ ਨੇ ਧਰਨੇ ਅਤੇ ਰੋਸ ਮੁਜ਼ਾਹਰੇ ਸ਼ੁਰੂ ਕਰ ਦਿੱਤੇ।
14 ਸਤੰਬਰ ਨੂੰ ਜਦੋਂ ਆਰਡੀਨੈਂਸਾਂ ਨੂੰ ਸਰਕਾਰ ਨੇ ਸੰਸਦ 'ਚ ਪੇਸ਼ ਕੀਤਾ ਤਾਂ ਉਸੇ ਦਿਨ ਕਿਸਾਨਾਂ ਨੇ ਕੇਂਦਰੀ ਸੱਤਾ 'ਚ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਘਰ ਅੱਗੇ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ।
17 ਸਤੰਬਰ ਨੂੰ ਲੋਕ ਸਭਾ ਅਤੇ 20 ਸਿਤੰਬਰ ਨੂੰ ਰਾਜ ਸਭਾ ਵਿਚ ਜ਼ੁਬਾਨੀ ਵੋਟ ਰਾਹੀਂ ਬਿੱਲ ਪਾਸ ਕਰਵਾ ਦਿੱਤੇ ਗਏ।
ਉੱਧਰ 19 ਸਤੰਬਰ ਨੂੰ ਲੁਧਿਆਣਾ ਵਿਚ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੇ ਸਾਂਝਾ ਮੋਰਚਾ ਬਣਾਉਣ ਦਾ ਐਲਾਨ ਕਰ ਦਿੱਤਾ।
ਖੇਤੀ ਆਰਡੀਨੈਂਸ ਦੇ ਵਿਰੋਧ ਤੋਂ ਲੈ ਕੇ ਹਰਸਿਮਰਤ ਬਾਦਲ ਦੇ ਅਸਤੀਫ਼ੇ ਤੱਕ - (ਵੀਡੀਓ 18 ਸਿਤੰਬਰ 2020)
ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਕਿਸਾਨਾਂ ਦੇ ਅੰਦੋਲਨ ਦਾ ਸਮਰਥਨ ਕੀਤਾ। ਕਿਸਾਨ ਜਥੇਬੰਦੀਆਂ ਨੇ ਭਾਵੇਂ ਇਸ ਅੰਦੋਲਨ ਨੂੰ ਗੈਰ ਸਿਆਸੀ ਰੱਖਿਆ।
2. ਅਕਾਲੀ ਦਲ ਦਾ ਯੂ ਟਰਨ
17 ਸਤੰਬਰ 2020 ਨੂੰ ਸੰਸਦ 'ਚ ਬਿੱਲ ਪਾਸ ਹੋਣ ਦੌਰਾਨ ਨਰਿੰਦਰ ਮੋਦੀ ਸਰਕਾਰ ਵਿੱਚ ਅਕਾਲੀ ਦਲ ਦੀ ਇਕਲੌਤੀ ਅਕਾਲੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ।
ਹਰਸਿਮਰਤ ਕੌਰ ਨੇ ਇੱਕ ਟਵੀਟ ਰਾਹੀ ਕੈਬਨਿਟ ਮੰਤਰੀ ਦਾ ਅਹੁਦਾ ਛੱਡਣ ਦਾ ਐਲਾਨ ਕਰਦਿਆਂ ਲਿਖਿਆ ਸੀ, ''ਮੈਂ ਕਿਸਾਨ ਵਿਰੋਧੀ ਆਰਡੀਨੈਂਸ ਅਤੇ ਬਿੱਲਾਂ ਦੇ ਖ਼ਿਲਾਫ਼ ਕੈਬਨਿਟ ਮੰਤਰੀ ਦਾ ਅਹੁਦਾ ਛੱਡ ਰਹੀ ਹਾਂ। ਕਿਸਾਨਾਂ ਦੀ ਭੈਣ ਅਤੇ ਧੀ ਵਜੋਂ ਉਨ੍ਹਾਂ ਨਾਲ ਖੜ੍ਹੇ ਹੋਣ ਵਿੱਚ ਮਾਣ ਮਹਿਸੂਸ ਕਰ ਰਹੀ ਹਾਂ।''
ਉਹ ਮੌਕੇ ਜਦੋਂ ਖੇਤੀ ਆਰਡੀਨੈਂਸਾਂ 'ਤੇ ਬਾਦਲਾਂ ਨੇ ਬਦਲੇ ਸੁਰ -( ਵੀਡੀਓ 16 ਸਿਤੰਬਰ 2020)
ਇਸ ਤੋਂ ਪਹਿਲਾਂ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਖੇਤੀ ਆਰਡੀਨੈਂਸਾਂ ਦਾ ਗੁਣਗਾਣ ਕਰ ਚੁੱਕੇ ਸਨ।
3. 25-26 ਨਵੰਬਰ ਨੂੰ ਦਿੱਲੀ ਕੂਚ ਤੇ ਪੁਲਿਸ ਨਾਲ ਟੱਕਰ
26 ਨਵੰਬਰ 2020 ਦਾ ਦਿਨ ਕਿਸਾਨ ਅੰਦੋਲਨ ਦਾ ਸਭ ਤੋਂ ਅਹਿਮ ਦਿਨ ਕਿਹਾ ਜਾ ਸਕਦਾ ਹੈ।
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਪੰਜਾਬ, ਹਰਿਆਣਾ, ਯੂਪੀ, ਉਤਰਾਖੰਡ ਅਤੇ ਮੱਧ ਪ੍ਰਦੇਸ਼ ਤੋਂ ਕਿਸਾਨਾਂ ਨੇ ਦਿੱਲੀ ਵੱਲ ਚਾਲੇ ਪਾਏ।

ਮੱਧ ਪ੍ਰਦੇਸ਼, ਕਰਨਾਟਕ, ਤੇਲੰਗਾਨਾ ਤੇ ਮਹਾਰਾਸ਼ਟਰਾ ਵਰਗੇ ਸੂਬਿਆਂ ਤੋਂ ਕਿਸਾਨ ਕੋਵਿਡ ਕਾਰਨ ਰੇਲ ਗੱਡੀਆਂ ਬੰਦ ਹੋਣ ਕਾਰਨ ਜਾਂ ਭਾਜਪਾ ਸਰਕਾਰਾਂ ਵਲੋਂ ਲਾਈਆਂ ਪਾਬੰਦੀਆਂ ਕਾਰਨ ਘੱਟ ਗਿਣਤੀ ਵਿੱਚ ਪਹੁੰਚੇ ਸਨ।
ਪੰਜਾਬ ਦੇ ਕਿਸਾਨਾਂ ਨੂੰ 25-26 ਨਵੰਬਰ ਨੂੰ ਹਰਿਆਣਾ ਪੁਲਿਸ ਨੇ ਜ਼ਬਰੀ ਰੋਕਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਦੀ ਬੈਰੀਕੇਡਿੰਗ ਅਤੇ ਹੰਝੂ ਗੈਸ ਦੇ ਗੋਲੇ ਕਿਸਾਨਾਂ ਦਾ ਰਾਹ ਰੋਕ ਨਾ ਸਕੇ ਅਤੇ ਕਿਸਾਨ ਦਿੱਲੀ ਦੇ ਬਾਰਡਰਾਂ ਤੱਕ ਜਾ ਪਹੁੰਚੇ।
ਦਿੱਲੀ ਕੂਚ ਦੌਰਾਨ ਕਿਸਾਨਾਂ ਤੇ ਪਾਣੀ ਦੀ ਬੁਛਾੜਾਂ ਤੇ ਹੰਝੂ ਗੈਸ ਦੇ ਗੋਲੇ - (ਵੀਡੀਓ 25 ਨਵੰਬਰ 2020)
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
4. ਗੱਲਬਾਤ ਦੇ 11 ਨਾਕਾਮ ਗੇੜ
22 ਜਨਵਰੀ 2021 ਦਾ ਦਿਨ ਸਰਕਾਰ ਨਾਲ ਗੱਲਬਾਤ ਦੇ ਹਵਾਲੇ ਨਾਲ ਅਹਿਮ ਸਮਝਿਆ ਜਾ ਸਕਦਾ ਹੈ। ਇਸ ਦਿਨ ਸਰਕਾਰ ਤੇ ਕਿਸਾਨ ਜਥੇਬੰਦੀਆਂ ਵਿਚਾਲੇ ਗੱਲਬਾਤ ਦਾ ਆਖ਼ਰੀ 11ਵਾਂ ਗੇੜ ਸੀ।
ਪਹਿਲਾਂ ਹਰ ਗੱਲਬਾਤ ਦੀ ਬੈਠਕ ਵਿੱਚੋਂ ਉੱਠਣ ਤੋਂ ਪਹਿਲਾਂ ਅਗਲੀ ਤਾਰੀਖ਼ ਤੈਅ ਕਰ ਲਈ ਜਾਂਦੀ ਸੀ। ਪਰ ਇਸ ਵਾਰ ਸਰਕਾਰ ਨੇ ਕਿਹਾ ਕਿ ਉਹ ਅੱਗੇ ਗੱਲਬਾਤ ਤਾਂ ਹੀ ਕਰੇਗੀ ਜੇਕਰ ਕਿਸਾਨ ਸਰਕਾਰ ਦੀ ਇਸ ਪੇਸ਼ਕਸ਼ ਨੂੰ ਮੰਨਣਗੇ।
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨਾਲ 23 ਦਸੰਬਰ ਨੂੰ ਕੀਤੀ ਗਈ ਮੁਲਾਕਾਤ -ਵੀਡੀਓ
ਸਰਕਾਰ ਖੇਤੀ ਕਾਨੂੰਨਾਂ ਨੂੰ ਡੇਢ ਸਾਲ ਲਈ ਰੋਕਣ ਲਈ ਤਿਆਰ ਸੀ। ਐੱਮਐੱਸਪੀ ਅਤੇ ਕਾਨੂੰਨਾਂ ਦੀ ਪੜਚੋਲ ਲਈ ਕਮੇਟੀ ਦੇ ਗਠਨ ਦੀ ਪੇਸ਼ਕਸ਼ ਕਰ ਰਹੀ ਸੀ, ਪਰ ਕਿਸਾਨ ਆਗੂ ਤਿੰਨੇ ਕਾਨੂੰਨ ਰੱਦ ਕਰਨ ਅਤੇ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਦੇਣ ਦੀ ਮੰਗ ਉੱਤੇ ਅੜੇ ਰਹੇ।
ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਸਰਕਾਰ ਇਸ ਤੋਂ ਵੱਧ ਹੋਰ ਆਫ਼ਰ ਨਹੀਂ ਕਰ ਸਕਦੀ। ਜੇਕਰ ਕਿਸਾਨ ਇਸ ਪੇਸ਼ਕਸ਼ ਨੂੰ ਸਵੀਕਾਰ ਕਰਨ ਤਾਂ ਅੱਗੇ ਗੱਲਬਾਤ ਹੋ ਸਕਦੀ ਹੈ।
5. ਕਿਸਾਨ ਅੰਦੋਲਨ ਦੇ ਪੱਖ ਵਿੱਚ ਕੌਮਾਂਤਰੀ ਹਸਤੀਆਂ
ਕੌਮਾਂਤਰੀ ਪੋਪ ਸਟਾਰ ਰਿਹਾਨਾ ਨੇ ਕਿਸਾਨ ਅੰਦੋਲਨ ਨੂੰ ਆਪਣੀ ਹਮਾਇਤ ਦਿੱਤੀ ਸੀ। ਉਨ੍ਹਾਂ ਨੇ ਦਿੱਲੀ ਬਾਰਡਰਾਂ 'ਤੇ ਇੰਟਰਨੈੱਟ ਬੰਦ ਹੋਣ ਦੀ ਇੱਕ ਖ਼ਬਰ ਨੂੰ ਟਵਿੱਟ ਕਰਦਿਆਂ ਲਿਖਿਆ ਸੀ, "ਅਸੀਂ ਕਿਉਂ ਇਸ ਬਾਰੇ ਗੱਲ ਨਹੀਂ ਕਰ ਰਹੇ ਹਾਂ।"
ਇਸ ਟਵੀਟ ਕਾਰਨ ਗਾਇਕ ਰਿਹਾਨਾ ਟਵਿੱਟਰ ਉੱਤੇ ਟਰੈਂਡ ਹੋਣ ਲੱਗੇ ਤੇ ਕਈ ਟਵੀਟ ਉਨ੍ਹਾਂ ਦੀ ਹਮਾਇਤ ਤੇ ਵਿਰੋਧ ਵਿੱਚ ਹੋਏ।
ਰਿਹਾਨਾ ਮਗਰੋਂ ਵਾਤਾਵਰਨ ਕਾਰਕੁਨ ਗਰੇਟਾ ਥਨਬਰਗ ਨੇ ਵੀ ਆਪਣੀ ਹਮਾਇਤ ਜ਼ਾਹਿਰ ਕੀਤੀ ਸੀ। ਗਰੇਟਾ ਨੇ ਕਿਹਾ, "ਅਸੀਂ ਭਾਰਤ ਵਿੱਚ ਹੋ ਰਹੇ ਕਿਸਾਨ ਅੰਦੋਲਨ ਦੇ ਨਾਲ ਖੜ੍ਹੇ ਹਾਂ।"
ਗਰੇਟਾ ਦੇ ਇਸ ਟਵੀਟ ਨੇ ਉਨ੍ਹਾਂ ਨੂੰ ਚਰਚਾ ਵਿੱਚ ਲਿਆ ਦਿੱਤਾ। ਭਾਰਤ ਵਿੱਚ ਉਨ੍ਹਾਂ ਬਾਰੇ ਗੱਲਾਂ ਹੋਣ ਲਗੀਆਂ। ਉਨ੍ਹਾਂ ਦੀਆਂ ਸਿਫ਼ਤਾਂ ਹੋਈਆਂ ਤੇ ਉਨ੍ਹਾਂ ਦੀ ਨਿਖੇਧੀ ਵੀ ਹੋਈ।
ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਭਾਣਜੀ ਮੀਨਾ ਹੈਰਿਸ ਇੱਕ ਲੇਖਕ ਅਤੇ ਵਕੀਲ ਹਨ। ਉਨ੍ਹਾਂ ਨੇ ਵੀ ਕਿਸਾਨਾਂ ਦੇ ਹੱਕ ਵਿੱਚ ਟਵੀਟ ਕੀਤੇ ਸਨ।
ਮੀਨਾ ਹੈਰਿਸ ਨੇ ਇਸ ਸਬੰਧ ਵਿੱਚ ਕਈ ਟਵੀਟ ਕੀਤੇ। ਉਨ੍ਹਾਂ ਨੇ ਲਿਖਿਆ, "ਇਹ ਮੌਕਾ ਮੇਲ ਨਹੀਂ ਹੈ ਕਿ ਦੁਨੀਆਂ ਦੇ ਸਭ ਤੋਂ ਪੁਰਾਣੇ ਲੋਕਤੰਤਰ ਉੱਪਰ ਹਮਲੇ ਨੂੰ ਮਹੀਨਾ ਵੀ ਨਹੀਂ ਹੋਇਆ ਕਿ ਦੁਨੀਆਂ ਦੇ ਸਭ ਤੋਂ ਵੱਧ ਵਸੋਂ ਵਾਲੇ ਲੋਕਤੰਤਰ ਉੱਪਰ ਹਮਲਾ ਹੋ ਰਿਹਾ ਹੈ। ਸਾਨੂੰ ਸਾਰਿਆਂ ਨੂੰ ਭਾਰਤ ਵਿੱਚ ਇੰਟਰਨੈੱਟ ਬੰਦ ਕੀਤੇ ਜਾਣ ਤੋਂ ਅਤੇ ਅਰਧਸੈਨਿਕ ਹਿੰਸਾ ਤੋਂ ਗੁੱਸਾ ਆਉਣਾ ਚਾਹੀਦਾ ਹੈ।"
ਪੋਰਨ ਸਟਾਰ ਰਹਿ ਚੁੱਕੀ ਮੀਆ ਖਲੀਫਾ ਨੇ ਵੀ ਕਿਸਾਨਾਂ ਦੇ ਹੱਕ ਵਿੱਚ ਟਵੀਟ ਕੀਤਾ। ਉਨ੍ਹਾਂ ਨੇ ਕਿਹਾ, "ਮਨੁੱਖੀ ਹੱਕਾਂ ਦੀ ਕੀ ਉਲੰਘਣਾ ਹੋ ਰਹੀ ਹੈ। ਉਨ੍ਹਾਂ ਨੇ ਦਿੱਲੀ ਦੇ ਆਲੇ-ਦੁਆਲੇ ਇੰਟਰਨੈਟ ਬੰਦ ਕਰ ਦਿੱਤਾ।"
6. 26 ਜਨਵਰੀ ਦੀ ਟਰੈਕਟਰ ਪਰੇਡ ਤੇ ਹਿੰਸਾ
ਸੰਯੁਕਤ ਕਿਸਾਨ ਮੋਰਚੇ ਨੇ 26 ਜਨਵਰੀ 2021 ਨੂੰ ਦਿੱਲੀ ਵਿਚ ਗਣਤੰਤਰ ਦਿਵਸ ਮੌਕੇ ਕਿਸਾਨ ਟਰੈਕਟਰ ਮਾਰਚ ਕਰਨ ਦਾ ਐਲਾਨ ਕੀਤਾ।
ਸੰਯੁਕਤ ਮੋਰਚੇ ਅਤੇ ਦਿੱਲੀ ਪੁਲਿਸ ਵਿਚਾਲੇ ਰੂਟ ਵੀ ਤੈਅ ਹੋਇਆ, ਪਰ ਇੱਕ ਕਿਸਾਨ ਜਥੇਬੰਦੀ ਅਤੇ ਕੁਝ ਹੋਰ ਸੰਗਠਨ ਦੇ ਕਾਰਕੁਨ ਰਿੰਗ ਰੋਡ ਉੱਤੇ ਟਰੈਟਕਰ ਮਾਰਚ ਕਰਨ ਦੀ ਜਿੱਦ 'ਚ ਮਾਹੌਲ ਖ਼ਰਾਬ ਕਰ ਬੈਠੇ।
ਇਹ ਵੀ ਪੜ੍ਹੋ :
- ਕਿਸਾਨ ਅੰਦੋਲਨ: 26 ਨਵੰਬਰ ਤੋਂ 26 ਜਨਵਰੀ ਤੱਕ ਦੇ ਅੰਦੋਲਨ ਦੇ ਅਹਿਮ ਪਹਿਲੂ
- ਲਾਲ ਕਿਲੇ ਦੀ ਘਟਨਾ ਤੋਂ ਬਾਅਦ ਕੇਸਰੀ ਨਿਸ਼ਾਨ ਬਾਰੇ ਸੋਸ਼ਲ ਮੀਡੀਆ ਉੱਤੇ ਚੱਲ ਰਹੇ ਸਵਾਲਾਂ ਦੇ ਜਵਾਬ
- ਕਿਸਾਨ ਟਰੈਕਟਰ ਪਰੇਡ ਦੌਰਾਨ ਹੋਏ ਹੰਗਾਮੇ ਨੂੰ ਵਿਦੇਸ਼ੀ ਪ੍ਰੈੱਸ ਨੇ ਕਿਵੇਂ ਰਿਪੋਰਟ ਕੀਤਾ
- ਕਿਸਾਨ ਟਰੈਕਟਰ ਪਰੇਡ ਦੌਰਾਨ ਲਾਲ ਕਿਲੇ ’ਤੇ ਹੰਗਾਮੇ ਮਗਰੋਂ ਕਿਸਾਨ ਆਗੂਆਂ ਲਈ 4 ਚੁਣੌਤੀਆਂ
- ਸ਼ੰਭੂ ਬਾਰਡਰ ’ਤੇ ਕਿਸਾਨੀ ਲਈ ਸਟੇਜ ਲਾਉਣ ਵਾਲੇ ਦੀਪ ਸਿੱਧੂ ਦਾ ਟਰੈਕਟਰ ਪਰੇਡ ’ਚ ਲਾਲ ਕਿਲੇ ਤੱਕ ਦਾ ਸਫ਼ਰ
ਕਾਫ਼ੀ ਗਿਣਤੀ 'ਚ ਕਿਸਾਨ ਲਾਲ ਕਿਲੇ ਉੱਤੇ ਪਹੁੰਚ ਗਏ ਅਤੇ ਉਨ੍ਹਾਂ ਉੱਤੇ ਕਿਸਾਨੀ ਤੇ ਕੇਸਰੀ ਝੰਡੇ ਖਾਲੀ ਪੋਲ ਉੱਤੇ ਟੰਗ ਦਿੱਤੇ।
ਇਸ ਦਿਨ ਦਿੱਲੀ ਪੁਲਿਸ ਨਾਲ ਕਿਸਾਨਾਂ ਦੀਆਂ ਤਿੱਖੀਆਂ ਝੜਪਾਂ ਵੀ ਹੋਈਆਂ ਅਤੇ ਲਾਲ ਕਿਲੇ ਤੋਂ ਕੁਝ ਕਿੱਲੋਮੀਟਰ ਦੀ ਦੂਰੀ 'ਤੇ ਇੱਕ ਨੌਜਵਾਨ ਦੀ ਮੌਤ ਵੀ ਹੋਈ।
ਟਰੈਕਟਰ ਪਰੇਡ ਕਰ ਰਹੇ ਕਿਸਾਨਾਂ ਨੇ ਲਾਲ ਕਿਲਾ 'ਤੇ ਕੇਸਰੀ ਨਿਸ਼ਾਨ ਝੁਲਾਇਆ- 26 ਜਨਵਰੀ 2021 -ਵੀਡੀਓ
ਇਸ ਘਟਨਾ ਮਗਰੋਂ ਕਈ ਲੋਕਾਂ ਨੇ ਇਸ ਨੂੰ ਰਾਸ਼ਟਰ ਵਿਰੋਧੀ ਕਾਰਵਾਈ ਵਜੋਂ ਪੇਸ਼ ਕੀਤਾ ਅਤੇ ਕਿਸਾਨ ਅੰਦੋਲਨ ਨੂੰ ਜ਼ਬਰਦਸਤ ਝਟਕਾ ਲੱਗਿਆ।
7. ਟਿਕੈਤ ਦੇ ਹੰਝਆਂ ਨੇ ਮੁੜ ਖੜਾ ਕੀਤਾ ਅੰਦੋਲਨ

ਤਸਵੀਰ ਸਰੋਤ, Ani
ਬਾਰਡਰਾਂ ਉੱਤੇ ਕਿਸਾਨਾਂ ਦੀ ਗਿਣਤੀ ਕੁਝ ਘਟਦਿਆਂ ਹੀ ਸਰਕਾਰ ਨੇ ਦਿੱਲੀ ਬਾਰਡਰਾਂ ਨੂੰ ਖ਼ਾਲੀ ਕਰਵਾਉਣ ਦੀ ਮੁਹਿੰਮ ਸ਼ੁਰੂ ਕੀਤੀ।
ਸਰਕਾਰ ਨੇ ਇਸ ਮੁਹਿੰਮ ਦੀ ਸ਼ੁਰੂਆਤ 27 ਜਨਵਰੀ ਦੀ ਰਾਤ ਨੂੰ ਬਾਗਪਤ ਤੋਂ ਕੀਤੀ, ਜਿੱਥੇ ਯੂਪੀ ਪੁਲਿਸ ਨੇ ਕਿਸਾਨਾਂ ਦਾ ਇੱਕ ਛੋਟਾ ਧਰਨਾ ਰਾਤੀਂ ਜ਼ਬਰੀ ਚੁੱਕਵਾ ਦਿੱਤਾ।
ਹਰਿਆਣਾ 'ਚ ਕਰਨਾਲ ਕੋਲ ਕਿਸਾਨਾਂ ਲਈ ਹਰਿਆਣਾ ਦੀ ਸਿੱਖ ਸੰਸਥਾ ਵੱਲੋਂ ਚਲਾਇਆ ਜਾ ਰਿਹਾ ਲੰਗਰ ਬੰਦ ਕਰਵਾ ਦਿੱਤਾ ਗਿਆ।
28 ਜਨਵਰੀ ਨੂੰ ਸਿੰਘੂ ਅਤੇ ਟਿਕਰੀ ਉੱਤੇ ਕਿਸਾਨੀ ਧਰਨਿਆਂ ਉੱਤੇ ਕੁਝ ਹਿੰਦੂ ਸੰਗਠਨਾਂ ਦੇ ਕਾਰਕੁਨਾਂ ਨੇ ਪੱਥਰਬਾਜ਼ੀ ਕੀਤੀ, ਇਸ ਵਿਚ ਬਚਾਅ ਲਈ ਅੱਗੇ ਆਏ ਕੁਝ ਕਿਸਾਨਾਂ ਨੂੰ ਹੀ ਹਿਰਾਸਤ 'ਚ ਲਿਆ ਗਿਆ।
ਗਾਜੀਪੁਰ ਬਾਰਡਰ ਉੱਤੇ ਕਿਸਾਨਾਂ ਨੂੰ ਉਠਾਉਣ ਲਈ ਕਿਸਾਨ ਆਗੂ ਰਾਕੇਸ਼ ਟਿਕੈਤ ਨੂੰ ਗ੍ਰਿਫ਼ਤਾਰ ਕਰਨ ਲਈ ਭਾਰੀ ਗਿਣਤੀ 'ਚ ਪੁਲਿਸ ਫੋਰਸ ਪਹੁੰਚੀ।
ਪਰ ਜਦੋਂ ਗ੍ਰਿਫਤਾਰੀ ਦੀ ਸਮਾਂ ਆਇਆ ਤਾਂ ਟਿਕੈਤ ਨੇ ਇਲਜ਼ਾਮ ਲਾਇਆ ਕਿ ਪੁਲਿਸ ਦੀ ਆੜ ਹੇਠ ਦੋ ਭਾਜਪਾ ਵਿਧਾਇਕ ਗੁੰਡਿਆਂ ਨਾਲ ਆਏ ਹਨ ਅਤੇ ਕਿਸਾਨਾਂ, ਖਾਸਕਰ ਸਿੱਖਾਂ ਨੂੰ ਨਿਸ਼ਾਨਾਂ ਬਣਾਉਣ ਦੀ ਕੋਸ਼ਿਸ਼ 'ਚ ਹਨ।
ਉਨ੍ਹਾਂ ਕਿਹਾ ਕਿ ਜੋ ਵੀ ਹੋਵੇ ਉਹ ਗ੍ਰਿਫ਼ਤਾਰੀ ਨਹੀਂ ਦੇਣਗੇ ਅਤੇ ਕਿਸਾਨਾਂ ਨੂੰ ਛੱਡਕੇ ਨਹੀਂ ਜਾਣਗੇ। ਇਹ ਕਹਿੰਦਿਆਂ ਉਹ ਰੋ ਪਏ ਅਤੇ ਉਨ੍ਹਾਂ ਦੇ ਹੰਝੂ ਦੇਖ ਕੇ ਕੁਝ ਹੀ ਘੰਟਿਆਂ ਵਿਚ ਯੂਪੀ ਅਤੇ ਹਰਿਆਣਾ ਤੋਂ ਕਿਸਾਨ ਗਾਜ਼ੀਪੁਰ ਪਹੁੰਚ ਗਏ।
ਇਸ ਤਰ੍ਹਾਂ ਅੰਦੋਲਨ 'ਚ ਮੁੜ ਕੇ ਜਾਨ ਪੈ ਗਈ ਅਤੇ ਅੰਦੋਲਨ ਮੁੜ ਖੜ੍ਹਾ ਹੋ ਗਿਆ।
8. ਕਿਸਾਨ ਪੰਚਾਇਤਾਂ ਅਤੇ ਵੋਟ ਕੀ ਚੋਟ
ਰਾਕੇਸ਼ ਟਿਕੈਤ ਦੇ ਹੰਝੂਆਂ ਦੀ ਘਟਨਾ ਤੋਂ ਬਾਅਦ ਇੱਕ ਵਾਰ ਫੇਰ ਕਿਸਾਨ ਅੰਦੋਲਨ ਜੋਸ਼ ਫੜ੍ਹ ਗਿਆ। ਦਿੱਲੀ ਦੀਆਂ ਸਰਹੱਦਾਂ ਤੋਂ ਇਸ ਨੇ ਪੰਜਾਬ, ਹਰਿਆਣ, ਯੂਪੀ, ਰਾਜਸਥਾਨ, ਮੱਧ ਪ੍ਰਦੇਸ਼ ਸਣੇ ਕਈ ਹੋਰ ਰਾਜਾਂ ਵਿਚ ਕਿਸਾਨ ਪੰਚਾਇਤਾਂ ਦਾ ਸਿਲਸਿਲਾ ਸ਼ੁਰੂ ਹੋਇਆ।
ਇਸ ਨਾਲ ਕਿਸਾਨ ਅੰਦੋਲਨ ਦਿੱਲੀ ਦੇ ਬਾਰਡਰਾਂ ਤੋਂ ਦੇਸ ਵਿਆਪੀ ਜਾਗੋ ਮੁਹਿੰਮ ਵਿਚ ਬਦਲ ਗਈ।
ਇਸੇ ਦੌਰਾਨ ਪੱਛਮੀ ਬੰਗਾਲ ਸਣੇ ਕਈ ਸੂਬਿਆਂ ਵਿਚ ਵਿਧਾਨ ਸਭਾ ਚੋਣਾਂ ਆਇਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੰਗਾਲ ਜਿੱਤਣ ਲ਼ਈ ਆਪਣਾ ਵੱਕਾਰ ਦਾਅ ਉੱਤੇ ਲਾਇਆ ਹੋਇਆ ਸੀ।

ਕਿਸਾਨਾਂ ਨਾਲ ਕੋਈ ਗੱਲਬਾਤ ਨਹੀਂ ਹੋ ਰਹੀ ਸੀ। ਕਿਸਾਨਾਂ ਨੇ ਅੰਦੋਲਨ ਤੋਂ ਵੋਟ ਕੀ ਚੋਟ ਮੁਹਿੰਮ ਚਲਾਕੇ ਸੂਬਿਆਂ ਵਿਚ ਭਾਜਪਾ ਖ਼ਿਲਾਫ਼ ਮੁਹਿੰਮ ਚਲਾਈ।
ਭਾਜਪਾ ਨੂੰ ਬੰਗਾਲ ਵਿਚ ਹਾਰ ਦੀ ਮੂੰਹ ਦੇਖਣਾ ਪਿਆ।
ਉੱਧਰ ਕਿਸਾਨ ਮਹਾਪੰਚਾਇਤਾਂ ਨੇ ਸੂਬਿਆਂ ਵਿਚ ਕਿਸਾਨੀ ਅੰਦੋਲਨ ਦੀਆਂ ਜੜ੍ਹਾਂ ਹੋਰ ਗਹਿਰੀਆਂ ਕਰ ਦਿੱਤੀਆਂ।
ਇਸੇ ਤਰ੍ਹਾਂ ਹਰਿਆਣਾ ਅਤੇ ਹਿਮਾਚਲ ਵਿਚ ਭਾਜਪਾ ਦੀਆਂ ਸਰਕਾਰਾਂ ਹੋਣ ਦੇ ਬਾਵਜੂਦ ਕੋਈ ਜ਼ਿਮਨੀ ਸੀਟ ਭਾਜਪਾ ਨਹੀਂ ਜਿੱਤ ਸਕੀ।

9. ਭਾਜਪਾ ਤੇ ਸਾਥੀਆਂ ਦਾ ਵਿਰੋਧ
ਭਾਜਪਾ ਅਤੇ ਇਸ ਦੀਆਂ ਸਹਿਯੋਗੀ ਪਾਰਟੀਆਂ ਦੇ ਆਗੂਆਂ ਦਾ ਕਿਸਾਨਾਂ ਨੇ ਘਰੋਂ ਨਿਕਲਣਾ ਬੰਦ ਕਰ ਦਿੱਤਾ।
ਵੈਸੇ ਤਾਂ ਮੱਧ ਪ੍ਰਦੇਸ਼ ਵਿਚ ਕੇਂਦਰੀ ਖੇਤੀ ਮੰਤਰੀ ਨਰਿੰਦਰ ਤੋਮਰ ਦੇ ਆਪਣੇ ਹਲਕੇ ਵਿਚ ਹੀ ਵਿਰੋਧ ਹੋਣਾ ਅਤੇ ਪੱਛਮੀ ਉੱਤਰ ਪ੍ਰਦੇਸ਼ ਵਿਚ ਕੇਂਦਰੀ ਮੰਤਰੀ ਸੰਜੀਵ ਬਾਲਿਆਨ ਦਾ ਵਿਰੋਧ ਮੀਡੀਆ ਦੀਆਂ ਸੁਰਖੀਆਂ ਬਣੇ।
ਪਰ ਕਰਨਾਲ ਵਿਚ ਹਰਿਆਣ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਉੱਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦਾ ਜੱਦੀ ਹਲਕੇ ਉਚਾਣਾ ਹੈਲੀਕਾਪਟਰ ਨਾ ਉਤਰਣ ਦੇਣਾ ਹਰਿਆਣਾ ਵਿਚ ਭਾਜਪਾ ਆਗੂਆਂ ਦੇ ਤਿੱਖੇ ਵਿਰੋਧ ਦੀਆਂ ਘਟਨਾਵਾਂ ਨੂੰ ਦਿਖਾਉਦਾ ਹੈ।
ਅਬੋਹਰ ਤੋਂ ਭਾਜਪਾ ਵਿਧਾਇਕ ਅਰੁਨ ਨਾਰੰਗ ਨਾਲ ਮਲੋਟ ਵਿੱਚ ਕੁੱਟਮਾਰ- (ਵੀਡੀਓ 27 ਮਾਰਚ 2021)
ਪੰਜਾਬ ਵਿਚ ਵੀ ਤੀਕਸ਼ਣ ਸੂਦ ਦੇ ਘਰ ਅੱਗੇ ਗੋਹੇ ਦੀ ਟਰਾਲੀ ਲਾਹਣਾ, ਅਬੋਹਰ ਤੋਂ ਭਾਜਪਾ ਵਿਧਾਇਕ ਅਰੁਣ ਨਾਰੰਗ ਦੇ ਕੱਪੜੇ ਪਾੜਣਾ ਸੂਬੇ ਵਿਚ ਭਾਜਪਾ ਆਗੂਆਂ ਦੇ ਵਿਰੋਧ ਦੀ ਅਹਿਮ ਘਟਨਾਵਾਂ ਹਨ।
ਪੰਜਾਬ 'ਚ ਤਾਂ ਕਿਸਾਨਾਂ ਨੇ ਸਾਰੀਆਂ ਹੀ ਸਿਆਸੀ ਪਾਰਟੀਆਂ ਨੂੰ ਘੇਰ-ਘੇਰ ਕੇ ਸਵਾਲ ਪੁੱਛੇ ਅਤੇ ਪਿੰਡਾਂ ਵਿਚੋਂ ਭਜਾਇਆ।
ਪੰਜਾਬ ਦੇ ਇਤਿਹਾਸ 'ਚ ਪਹਿਲੀ ਵਾਰ ਸੀ ਕਿ ਕਿਸਾਨਾਂ ਨੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਤਲਬ ਕੀਤਾ ਅਤੇ ਚੋਣਾਂ ਦੇ ਐਲਾਨ ਤੱਕ ਚੋਣ ਪ੍ਰਚਾਰ ਬੰਦ ਕਰਨ ਲਈ ਕਿਹਾ।
10. ਲਖੀਮਪੁਰ ਖ਼ੀਰੀ ਹਿੰਸਾ ਕਾਂਡ
ਅਕਤੂਬਰ 3, 2021 ਨੂੰ ਉੱਤਰ ਪ੍ਰਦੇਸ਼ ਦੇ ਲਖੀਮਪੁਰ 'ਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਦੇ ਕਾਫ਼ਲੇ ਨੂੰ ਕਾਲੀਆਂ ਝੰਡੀਆਂ ਦਿਖਾਉਣ ਆਏ ਕਿਸਾਨਾਂ ਨੂੰ ਜੀਪ ਥੱਲੇ ਦਰੜ ਦਿੱਤਾ ਗਿਆ।
ਇਸ ਘਟਨਾ ਦੌਰਾਨ ਕਿਸਾਨਾਂ ਉੱਤੇ ਕਥਿਤ ਤੌਰ 'ਤੇ ਪਿਛਿੱਓ ਗੱਡੀ ਚਾੜ੍ਹ ਦਿੱਤੀ ਗਈ ਅਤੇ 4 ਕਿਸਾਨਾਂ ਅਤੇ ਇੱਕ ਪੱਤਰਕਾਰ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਭੜਕੀ ਹਿੰਸਾ ਵਿੱਚ 3 ਭਾਜਪਾ ਵਰਕਰ ਵੀ ਮਾਰੇ ਗਏ।
ਸਰਕਾਰ ਨੇ ਮ੍ਰਿਤਕ ਕਿਸਾਨਾਂ ਨੂੰ 50-50 ਲੱਖ ਮੁਆਵਜ਼ਾ ਰਾਸ਼ੀ, ਪਰਿਵਾਰ ਦੇ ਜੀਅ ਨੂੰ ਸਰਕਾਰੀ ਨੌਕਰੀ ਦਾ ਐਲਾਨ ਕੀਤਾ ਤੇ ਅਜੇ ਮਿਸ਼ਰਾ ਦੇ ਮੁੰਡੇ ਅਸ਼ੀਸ਼ ਮਿਸ਼ਰਾ ਅਤੇ ਉਸਦੇ ਕੁਝ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਕਿਸਾਨ ਅਜੇ ਵੀ ਅਜੇ ਮਿਸ਼ਰਾ ਟੇਨੀ ਨੂੰ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਹਟਾਉਣ ਅਤੇ ਗ੍ਰਿਫ਼ਤਾਰੀ ਦੀ ਮੰਗ ਕਰ ਰਹੇ ਹਨ।
ਸੁਪਰੀਮ ਕੋਰਟ ਨੇ ਮਾਮਲੇ ਦੀ ਜਾਂਚ ਲਈ ਯੂਪੀ ਤੋਂ ਬਾਹਰਲੀ ਹਾਈ ਕੋਰਟ ਦੇ ਇੱਕ ਸੇਵਾ ਮੁਕਤ ਜੱਜ ਦੀ ਕੇਸ ਦੀ ਨਿਗਰਾਨੀ ਲਈ ਨਿਯੁਕਤੀ ਕੀਤੀ ਹੈ।
11. ਸਿੰਘੂ ਬਾਰਡਰ ਉੱਤੇ ਨਿੰਹਗਾਂ ਨੇ ਕੀਤਾ ਕਤਲ
16 ਅਕਤੂਰ ਨੂੰ ਸਿੰਘੂ ਬਾਰਡਰ ਉੱਤੇ ਬੈਠੇ ਨਿਹੰਗਾ ਨੇ ਲਖਬੀਰ ਸਿੰਘ ਨਾਂ ਦੇ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ। ਇਹ ਵਿਅਕਤੀ ਤਰਨ ਤਾਰਨ ਜ਼ਿਲ੍ਹੇ ਨਾਲ ਸਬੰਧਤ ਸੀ ਅਤੇ ਇਸ ਉੱਤੇ ਨਿਹੰਗ ਛਾਉਣੀ ਉੱਤੇ ਸਰਬਲੋਹ ਗ੍ਰੰਥ ਦੀ ਬੇਅਦਬੀ ਕਰਨ ਦਾ ਇਲਜ਼ਾਮ ਲਾਇਆ ਗਿਆ ।
ਹੱਥ ਪੈਰ ਵੱਢ ਕੇ ਕਤਲ ਕੀਤੇ ਗਏ ਲਖਬੀਰ ਦੀ ਲਾਸ਼ ਪੁਲਿਸ ਬੈਰੀਕੇਡ ਨਾਲ ਲਮਕਾਈ ਗਈ ਸੀ । ਸੋਸ਼ਲ ਮੀਡੀਆ 'ਤੇ ਇਸ ਘਟਨਾ ਦੇ ਕਈ ਵੀਡੀਓ ਵਾਇਰਲ ਹੋ ਹੋਏ ਹਨ।
ਇਸ ਘਟਨਾ ਦਾ ਮੀਡੀਆ ਤੇ ਸੋਸ਼ਲ ਮੀਡੀਆ ਉੱਤੇ ਤਿੱਖਾ ਪ੍ਰਤੀਕਰਮ ਹੋਇਆ ਅਤੇ ਕਿਸਾਨ ਅੰਦੋਲਨ ਦੀ ਬਦਨਾਮੀ ਦਾ ਕਾਰਨ ਬਣਿਆ।
ਇਸ ਦੀ ਜ਼ਿੰਮੇਵਾਰੀ ਚੁੱਕਣ ਵਾਲੇ ਨਿਹੰਗ ਅਮਨ ਸਿੰਘ ਦੀਆਂ ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨਾਲ ਤਸਵੀਰਾਂ ਵੀ ਕਾਫ਼ੀ ਵਿਵਾਦ ਦਾ ਕਾਰਨ ਬਣੀਆਂ।
ਸਿੰਘੂ ਬਾਰਡਰ 'ਤੇ ਕਤਲ ਹੋਏ ਲਖਬੀਰ ਦੀ ਭੈਣ ਨਾਲ ਆਖਰੀ ਗੱਲਬਾਤ- ਵੀਡੀਓ 16 ਅਕਤੂਬਰ
ਸਿੰਘੂ ਬਾਰਡਰ 'ਤੇ ਕਿਸਾਨ ਅੰਦੋਲਨ ਵਾਲੀ ਥਾਂ 'ਤੇ ਸ਼ੁੱਕਰਵਾਰ ਤੜਕੇ ਹੋਏ ਕਤਲ ਦੇ ਮਾਮਲੇ 'ਚ ਦੋ ਨਿਹੰਗਾਂ ਨੇ ਆਤਮ ਸਮਰਪਣ ਕੀਤਾ।
ਇਸ ਮਾਮਲੇ ਨੂੰ ਕੁਝ ਸਿਆਸੀ ਲੋਕਾਂ ਨੇ ਦਲਿਤ ਸੋਸ਼ਣ ਦਾ ਮਾਮਲਾ ਬਣਾਉਣ ਦੀ ਵੀ ਕੋਸ਼ਿਸ਼ ਕੀਤੀ।
ਇਸ ਕਤਲ ਦਾ ਜ਼ਿੰਮੇਵਾਰੀ ਕਿਸਾਨ ਆਗੂਆਂ ਨੂੰ ਲੈਣ ਲਈ ਕਿਹਾ ਗਿਆ ਪਰ ਸੰਯੁਕਤ ਮੋਰਚੇ ਨੇ ਕਤਲ ਦੀ ਨਿਖੇਧੀ ਕੀਤੀ ਅਤੇ ਇਸ ਤੋਂ ਸੰਯੁਕਤ ਮੋਰਚੇ ਨੂੰ ਵੱਖ ਕਰ ਲਿਆ।
19 ਨਵੰਬਰ ਨੂੰ ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਦਿਹਾੜੇ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਵੇਰੇ ਅਚਾਨਕ ਟੀਵੀ ਉੱਤੇ ਆਏ ਅਤੇ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕਰ ਦਿੱਤਾ।
ਪ੍ਰਧਾਨ ਮੰਤਰੀ ਵਲੋਂ ਇੱਕਤਰਫ਼ਾ ਐਲਾਨ ਦਾ ਕਿਸਾਨਾਂ ਨੇ ਸਵਾਗਤ ਕੀਤਾ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2























