ਕਿਸਾਨ ਅੰਦੋਲਨ: 'ਸਾਡੇ ਬੱਚੇ ਪੁੱਛਣਗੇ ਕਿ ਅਸੀਂ ਕਿਸਾਨ ਅੰਦੋਲਨ ਵਿੱਚ ਕੀ ਕੀਤਾ'

ਕਿਸਾਨ ਔਰਤਾਂ
    • ਲੇਖਕ, ਅਰਸ਼ਦੀਪ ਕੌਰ
    • ਰੋਲ, ਬੀਬੀਸੀ ਪੱਤਰਕਾਰ

ਕਿਸਾਨ ਅੰਦੋਲਨ ਵਿੱਚ ਸੋਨੀਪਤ ਦੀ ਰਮੇਸ਼ ਅੰਤਿਲ ਨੇ ਆਪਣੇ ਪਤੀ ਨੂੰ ਗਵਾਇਆ ਹੈ ਅਤੇ ਉਨ੍ਹਾਂ ਦੇ ਬੱਚਿਆਂ ਨੇ ਆਪਣੇ ਪਿਤਾ ਨੂੰ। ਪਤੀ ਦੇ ਜਾਣ ਤੋਂ ਬਾਅਦ ਉਹ ਅਤੇ ਉਨ੍ਹਾਂ ਦੇ ਬੱਚੇ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੁੰਦੇ ਹਨ।

ਸੰਸਦ ਦੇ ਮਾਨਸੂਨ ਸੈਸ਼ਨ ਦੌਰਾਨ ਕਿਸਾਨਾਂ ਨੇ ਜੰਤਰ ਮੰਤਰ 'ਤੇ ਆਪਣੀ ਬਰਾਬਰ ਕਿਸਾਨ ਸੰਸਦ ਸ਼ੁਰੂ ਕੀਤੀ ਹੈ।

ਸੋਮਵਾਰ ਨੂੰ ਕਿਸਾਨ ਅੰਦੋਲਨ ਦੇ ਅੱਠ ਮਹੀਨੇ ਪੂਰੇ ਹੋਣ ਮੌਕੇ ਇਸ ਸੰਸਦ ਨੂੰ ਕੇਵਲ ਔਰਤਾਂ ਨੇ ਚਲਾਇਆ।

ਇਹ ਵੀ ਪੜ੍ਹੋ

ਇਸ ਵਿੱਚ ਕਿਸਾਨ ਅੰਦੋਲਨ ਦੀਆਂ ਮਹਿਲਾਵਾਂ ਹੀ ਸਪੀਕਰ, ਡਿਪਟੀ ਸਪੀਕਰ, ਖੇਤੀ ਮੰਤਰੀ, ਸੰਸਦ ਮੈਂਬਰ ਅਤੇ ਸਰਕਾਰ ਸਨ।

ਕਿਸਾਨ ਸੰਸਦ ਵਿੱਚ ਚਿੱਟੀ ਪਗੜੀ ਪਾ ਕੇ ਸ਼ਾਮਲ ਹੋਏ ਰਮੇਸ਼ ਅੰਤਿਲ ਦੇ ਪਤੀ ਸਤੀਸ਼ ਕੁਮਾਰ ਦੀ 3 ਫਰਵਰੀ 2021 ਨੂੰ ਮੌਤ ਹੋ ਗਈ ਸੀ।

ਪਤੀ ਦੀ ਮੌਤ ਤੋਂ ਬਾਅਦ ਅੰਤਿਲ ਉੱਪਰ ਹੁਣ ਚਾਰ ਬੱਚਿਆਂ ਨੂੰ, ਬਜ਼ੁਰਗ ਸੱਸ ਨੂੰ ਅਤੇ ਇੱਕ ਕਿੱਲਾ ਜ਼ਮੀਨ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਆਣ ਪਈ ਹੈ।

ਕਿਸਾਨ ਔਰਤਾਂ
ਤਸਵੀਰ ਕੈਪਸ਼ਨ, ਕਿਸਾਨ ਸੰਸਦ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਨੇ ਸ਼ਮੂਲੀਅਤ ਕੀਤੀ

ਬੀਬੀਸੀ ਨਾਲ ਗੱਲ ਕਰਦੇ ਅੰਤਿਲ ਨੇ ਕਿਹਾ, "ਮੈਂ ਆਪਣੇ ਪਤੀ ਨੂੰ ਗੁਆਇਆ ਹੈ ਪਰ ਮੈਂ ਇਸ ਨੂੰ ਗਵਾਉਣਾ ਨਹੀਂ ਮੰਨਦੀ ਕਿਉਂਕਿ ਉਹ ਸ਼ਹੀਦ ਹੋਏ ਹਨ।"

ਖੇਤੀ ਕਾਨੂੰਨਾਂ ਉੱਪਰ ਬੋਲਦਿਆਂ ਉਨ੍ਹਾਂ ਆਖਿਆ, "ਇਹ ਕਾਨੂੰਨ ਧੋਖਾਧੜੀ ਹਨ। ਸਾਡੇ ਬੱਚੇ ਪੁੱਛਣਗੇ ਕਿ ਅਸੀਂ ਅੰਦੋਲਨ ਵਿੱਚ ਕੀ ਕੀਤਾ। ਮੇਰੇ ਬੱਚੇ ਇਹ ਸਵਾਲ ਨਹੀਂ ਕਰਨਗੇ ਕਿਉਂਕਿ ਉਨ੍ਹਾਂ ਨੇ ਆਪਣੇ ਪਿਤਾ ਨੂੰ ਗਵਾਇਆ ਹੈ।"

ਕਿਸਾਨ ਅੰਦੋਲਨ ਵਿੱਚ ਆਪਣੇ ਪਿਤਾ ਨੂੰ ਗੁਆ ਚੁੱਕੇ ਸਭ ਬੱਚਿਆਂ ਦੀ ਪੜ੍ਹਾਈ ਦੀ ਜ਼ਿੰਮੇਵਾਰੀ ਸਰਕਾਰ ਨੂੰ ਚੁੱਕਣ ਦੀ ਅਪੀਲ ਅੰਤਿਲ ਨੇ ਕੀਤੀ ਹੈ।

ਵੀਡੀਓ ਕੈਪਸ਼ਨ, ਕਿਸਾਨਾਂ ਦੀ ਸੰਸਦ ’ਚ ਪੁੱਜੀ ਅਦਾਕਾਰਾ ਗੁਲ ਪਨਾਗ ਕਿਸਾਨ ਅੰਦੋਲਨ ਬਾਰੇ ਕੀ ਰਾਇ ਰੱਖਦੀ ਹੈ

ਕਿਸਾਨ ਆਗੂਆਂ ਅਨੁਸਾਰ ਇਸ ਅੰਦੋਲਨ ਵਿੱਚ ਪੰਜ ਸੌ ਤੋਂ ਵੱਧ ਕਿਸਾਨਾਂ ਦੀ ਮੌਤ ਹੋਈ ਹੈ ਪਰ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਅਨੁਸਾਰ ਸਰਕਾਰ ਕੋਲ ਇਸ ਦਾ ਕੋਈ ਰਿਕਾਰਡ ਮੌਜੂਦ ਨਹੀਂ ਹੈ।

ਅੰਤਿਲ ਇਸ ਕਿਸਾਨ ਸੰਸਦ ਵਿੱਚ ਇਕੱਲੇ ਨਹੀਂ ਸਨ ਜਿਨ੍ਹਾਂ ਨੇ ਆਪਣੇ ਪਰਿਵਾਰ ਦੇ ਮੈਂਬਰ ਨੂੰ ਗੁਆਇਆ ਹੈ।

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਕੁਲਵਿੰਦਰ ਕੌਰ ਅਨੁਸਾਰ 26 ਜਨਵਰੀ ਦੀ ਟਰੈਕਟਰ ਰੈਲੀ ਵਿੱਚ ਮਾਰੇ ਗਏ ਨਵਰੀਤ ਸਿੰਘ ਉਨ੍ਹਾਂ ਦੇ ਭਾਣਜੇ ਸਨ ਅਤੇ ਉਹ ਇੱਕ ਵੱਡੇ ਮਕਸਦ ਲਈ ਸ਼ਹੀਦ ਹੋਏ ਹਨ।

ਤਰਨਤਾਰਨ ਤੋਂ ਆਏ ਕੁਲਵਿੰਦਰ ਕੌਰ ਲਗਾਤਾਰ ਅੱਠ ਮਹੀਨਿਆਂ ਤੋਂ ਸਿੰਘੂ ਬਾਰਡਰ 'ਤੇ ਮੌਜੂਦ ਹਨ।

ਕਿਸਾਨ ਔਰਤਾਂ

ਤਰਨਤਾਰਨ ਤੋਂ ਹੀ ਆਏ ਰਣਜੀਤ ਕੌਰ ਵੀ ਇਸ ਧਰਨੇ ਵਿੱਚ ਅੱਠ ਮਹੀਨੇ ਤੋਂ ਸ਼ਾਮਿਲ ਹਨ।

ਇਹ ਵੀ ਪੜ੍ਹੋ:-

ਘਰ ਦੀ ਸੁਆਣੀ ਦੇ ਧਰਨੇ ਉਪਰ ਬੈਠੇ ਹੋਣ ਤੇ ਪਿੱਛੋਂ ਪਰਿਵਾਰ ਦਾ ਹਾਲ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਨੇ ਆਖਿਆ ਕਿ ਉਨ੍ਹਾਂ ਨੂੰ ਪਰਿਵਾਰ ਦੀ ਯਾਦ ਆਉਂਦੀ ਹੈ।

ਰਣਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਪੋਤੇ ਅਤੇ ਪਰਿਵਾਰਕ ਮੈਂਬਰ ਉਨ੍ਹਾਂ ਨੂੰ ਮਿਲ ਜਾਂਦੇ ਹਨ ਪਰ ਜਦੋਂ ਤੱਕ ਖੇਤੀ ਕਾਨੂੰਨ ਵਾਪਸ ਨਹੀਂ ਹੁੰਦੇ ਉਦੋਂ ਤੱਕ ਉਨ੍ਹਾਂ ਨੇ ਇੱਥੇ ਹੀ ਰਹਿਣ ਦਾ ਨਿਸ਼ਚਾ ਕੀਤਾ ਹੈ।

ਫ਼ਸਲਾਂ ਉੱਤੇ ਐੱਮਐੱਸਪੀ ਸੁਨਿਸ਼ਚਿਤ ਕੀਤੇ ਜਾਣ ਦੀ ਮੰਗ ਵੀ ਮਹਿਲਾ ਕਿਸਾਨਾਂ ਨੇ ਚੁੱਕੀ।

ਕਿਸਾਨ ਔਰਤਾਂ

ਉਨ੍ਹਾਂ ਅਨੁਸਾਰ ਸਰ੍ਹੋਂ, ਮੱਕੀ ਅਤੇ ਹੋਰ ਫ਼ਸਲਾਂ ਨੂੰ ਸਰਕਾਰ ਸਸਤੇ ਭਾਅ 'ਤੇ ਖਰੀਦ ਕੇ ਮਹਿੰਗੇ ਭਾਅ ਦਾ ਆਟਾ ਤੇਲ ਅਤੇ ਹੋਰ ਵਸਤੂਆਂ ਵੇਚਦੀ ਹੈ।

ਕਿਸਾਨ ਸੰਸਦ ਚਾਹੇ ਔਰਤਾਂ ਚਲਾ ਰਹੀਆਂ ਸਨ ਪਰ 'ਵਿਜ਼ਿਟਰ ਗੈਲਰੀ' ਵਿੱਚ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ, ਡਾ. ਦਰਸ਼ਨਪਾਲ, ਬੂਟਾ ਸਿੰਘ ਬੁਰਜਗਿੱਲ, ਆਦਿ ਨਜ਼ਰ ਆਏ।

'ਕੋਈ ਰਸਤਾ ਦੱਸੋ ਜਿਸ ਨਾਲ ਸਾਡੀ ਇੱਜ਼ਤ ਬਚ ਜਾਏ'

ਬੀਬੀਸੀ ਨਾਲ ਗੱਲ ਕਰਦਿਆਂ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਇਸ ਅੰਦੋਲਨ ਦੀ ਸ਼ੁਰੂਆਤ ਤੋਂ ਹੀ ਔਰਤਾਂ ਨੇ ਇੱਕ ਅਹਿਮ ਭੂਮਿਕਾ ਨਿਭਾਈ ਹੈ।

ਰਾਜੇਵਾਲ ਅਨੁਸਾਰ ਸਰਕਾਰਾਂ ਦੇ ਫ਼ੈਸਲਿਆਂ ਦਾ ਮਹਿਲਾਵਾਂ ਅਤੇ ਉਨ੍ਹਾਂ ਦੇ ਘਰੇਲੂ ਬਜਟ ਉੱਤੇ ਡੂੰਘਾ ਪ੍ਰਭਾਵ ਪੈਂਦਾ ਹੈ।

ਬਲਬੀਰ ਸਿੰਘ ਰਾਜੇਵਾਲ
ਤਸਵੀਰ ਕੈਪਸ਼ਨ, ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਇਸ ਅੰਦੋਲਨ ਦੀ ਸ਼ੁਰੂਆਤ ਤੋਂ ਹੀ ਔਰਤਾਂ ਨੇ ਇਕ ਅਹਿਮ ਭੂਮਿਕਾ ਨਿਭਾਈ ਹੈ

ਮਾਨਸੂਨ ਸੈਸ਼ਨ ਦੌਰਾਨ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਦੇ ਦੋ ਬਿਆਨਾਂ ਬਾਰੇ ਵੀ ਬੀਬੀਸੀ ਦੇ ਸਵਾਲਾਂ ਦਾ ਜਵਾਬ ਬਲਬੀਰ ਸਿੰਘ ਰਾਜੇਵਾਲ ਨੇ ਦਿੱਤਾ।

ਨਰਿੰਦਰ ਸਿੰਘ ਤੋਮਰ ਅਨੁਸਾਰ ਸਰਕਾਰ ਕੋਲ ਅੰਦੋਲਨ ਦੌਰਾਨ ਮਾਰੇ ਗਏ ਕਿਸਾਨਾਂ ਦਾ ਕੋਈ ਰਿਕਾਰਡ ਮੌਜੂਦ ਨਹੀਂ ਹੈ।

ਇਸ ਦੇ ਜਵਾਬ ਵਿੱਚ ਰਾਜੇਵਾਲ ਨੇ ਕਿਹਾ ਕਿ ਸੋਨੀਪਤ ਦੇ ਸਰਕਾਰੀ ਹਸਪਤਾਲ ਵਿੱਚ ਮ੍ਰਿਤਕ ਕਿਸਾਨ ਦੀ ਪੋਸਟਮਾਰਟਮ ਰਿਪੋਰਟ ਜਾਰੀ ਹੁੰਦੀ ਹੈ। ਹਰਿਆਣਾ ਵਿੱਚ ਉਨ੍ਹਾਂ ਦੀ ਆਪਣੀ ਸਰਕਾਰ ਹੈ।

ਤੋਮਰ ਵੱਲੋਂ ਇਹ ਵੀ ਆਖਿਆ ਗਿਆ ਸੀ ਕਿ ਸਰਕਾਰ ਕਿਸਾਨਾਂ ਨਾਲ ਇਸ ਮੁੱਦੇ ਉੱਪਰ ਗੱਲਬਾਤ ਲਈ ਅਤੇ ਹੱਲ ਲਈ ਤਿਆਰ ਹੈ।

ਜ਼ਿਕਰਯੋਗ ਹੈ ਕਿ ਜਨਵਰੀ ਤੋਂ ਬਾਅਦ ਕਿਸਾਨ ਅਤੇ ਕੇਂਦਰ ਸਰਕਾਰ ਵਿੱਚ ਕੋਈ ਬੈਠਕ ਨਹੀਂ ਹੋਈ।

ਰਾਜੇਵਾਲ ਨੇ ਆਖਿਆ ਕਿ ਸਰਕਾਰ ਗੱਲਬਾਤ ਬਾਰੇ ਬਿਆਨ ਦਿੰਦੀ ਹੈ ਪਰ ਇਸ ਦੇ ਨਾਲ ਹੀ ਆਖਦੀ ਹੈ ਕਿ ਕਾਨੂੰਨ ਰੱਦ ਨਹੀਂ ਹੋਣਗੇ।

ਕਿਸਾਨ ਔਰਤਾਂ

ਰਾਜੇਵਾਲ ਨੇ ਕਿਹਾ, "ਸਰਕਾਰ ਆਪਣੀ ਈਗੋ ਪ੍ਰੋਬਲਮ ਵਿੱਚ ਫਸੀ ਹੋਈ ਹੈ। ਉਹ ਆਫ ਦਾ ਰਿਕਾਰਡ ਮੰਨਦੇ ਹਨ ਕਿ ਸਾਡੇ ਤੋਂ ਕਾਨੂੰਨ ਗਲਤ ਬਣ ਗਏ ਪਰ ਉਹ ਸਾਨੂੰ ਕਹਿੰਦੇ ਨੇ ਕਿ ਕੋਈ ਰਸਤਾ ਦੱਸੋ ਜਿਸ ਨਾਲ ਸਾਡੀ ਇੱਜ਼ਤ ਬਚ ਜਾਏ। ਗ਼ੈਰ ਸੰਵਿਧਾਨਕ ਕੰਮ ਕੀਤਾ ਹੈ। ਇਨ੍ਹਾਂ ਨੂੰ ਵਾਪਸ ਲੈਣਾ ਚਾਹੀਦਾ ਹੈ ਅਤੇ ਆਪਣੀ ਗਲਤੀ ਨੂੰ ਸੁਧਾਰਨ ਵਿੱਚ ਕੀ ਮਾੜਾ ਹੈ।"

ਕਿਸਾਨੀ ਅੰਦੋਲਨ ਦੇ ਭਵਿੱਖ ਬਾਰੇ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਸੰਘਰਸ਼ ਜਾਰੀ ਰਹੇਗਾ ਅਤੇ ਇਸ ਮਹੀਨੇ ਉਹ ਮਹਾਰੈਲੀਆਂ ਵੀ ਕਰਨਗੇ।

5 ਨਵੰਬਰ ਨੂੰ ਇੱਕ ਪੂਰੇ ਦੇਸ਼ ਦੀ ਵੱਡੀ ਰੈਲੀ ਮੁਜ਼ੱਫਰਨਗਰ ਵਿਖੇ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ, "ਅਸੀਂ ਪ੍ਰੈਸ਼ਰ ਗਰੁੱਪ ਹਾਂ ਪਰ ਅਸੀਂ ਆਪ ਚੋਣਾਂ ਨਹੀਂ ਲੜਾਂਗੇ।"

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਪੁਲਿਸ ਹਿਰਾਸਤ ਵਿੱਚ ਔਰਤਾਂ ਨੂੰ ਕੀਤਾ ਗਿਆ ਬਰੀ

ਸੰਯੁਕਤ ਕਿਸਾਨ ਮੋਰਚੇ ਵੱਲੋਂ ਜਾਰੀ ਬਿਆਨ ਅਨੁਸਾਰ ਕਿਸਾਨ ਸੰਸਦ ਵਿੱਚ ਸ਼ਾਮਲ ਹੋਣ ਆਈਆਂ ਮਹਿਲਾਵਾਂ ਦੇ ਸਵਾਗਤ ਲਈ ਔਰਤ ਅਧਿਕਾਰ ਕਾਰਕੁਨਾਂ ਦਾ ਇੱਕ ਸਮੂਹ ਪੁਲੀਸ ਵੱਲੋਂ ਹਿਰਾਸਤ ਵਿੱਚ ਲਿਆ ਗਿਆ ਸੀ ਜਿਸ ਨੂੰ ਬਾਅਦ ਵਿੱਚ ਛੱਡ ਦਿੱਤਾ ਗਿਆ।

ਮਹਿਲਾ ਕਿਸਾਨ ਸੰਸਦ ਵਿੱਚ ਪੰਜਾਬ, ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼ ਅਤੇ ਹੋਰ ਕਈ ਸੂਬਿਆਂ ਤੋਂ ਔਰਤਾਂ ਨੇ ਹਿੱਸਾ ਲਿਆ।

ਔਰਤਾਂ ਦੀ ਸੰਸਦ ਵਿੱਚ ਸੰਕਲਪ ਲਿਆ ਗਿਆ ਕਿ ਸੰਸਦ ਤੇ ਰਾਜ ਵਿਧਾਨ ਸਭਾਵਾਂ ਵਿੱਚ ਔਰਤਾਂ ਲਈ 33% ਰਾਖਵਾਂਕਰਨ ਹੋਣਾ ਚਾਹੀਦਾ ਹੈ।

ਇਸ ਕਿਸਾਨ ਸੰਸਦ ਵਿੱਚ ਤਿੰਨ ਸੈਸ਼ਨ ਰੱਖੇ ਗਏ ਜਿਸ ਦੇ ਵੱਖ ਵੱਖ ਸਪੀਕਰ ਅਤੇ ਡਿਪਟੀ ਸਪੀਕਰ ਵੀ ਸਨ। ਕਿਸਾਨ ਸੰਸਦ ਵਿੱਚ ਸੰਸਦ ਬਣੀਆਂ ਕੁਝ ਔਰਤਾਂ ਕੇਸਰੀ ਅਤੇ ਚਿੱਟੀ ਪਗੜੀ ਵਿੱਚ ਵੀ ਨਜ਼ਰ ਆਈਆਂ।

ਕਿਸਾਨਾਂ ਦੇ ਨਾਲ ਉਨ੍ਹਾਂ ਦੀ ਆਪਣੀ ਐਂਬੂਲੈਂਸ ਸੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਲਈ ਲੰਗਰ ਦਾ ਇੰਤਜ਼ਾਮ ਵੀ ਕੀਤਾ ਗਿਆ ਸੀ।

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)