ਕਿਸਾਨ ਅੰਦੋਲਨ ’ਤੇ ਨਜ਼ਰੀਆ: ‘ਉਲਟੀ ਹੋ ਗਈਂ ਸਭ ਤਦਬੀਰੇਂ...’

modi-shah

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ‘ਮੋਦੀ ਅਤੇ ਅਮਿਤ ਸ਼ਾਹ ਸਮਝਦੇ ਹੋਣਗੇ ਕਿ ਉਨ੍ਹਾਂ ਨੇ ਕਿਸੇ ਵੀ ਵਿਰੋਧ ਨੂੰ ਦਬਾਉਣ ਜਾਂ ਕਾਬੂ ਕਰਨ ਦਾ ਇਕ ਮੁਕੰਮਲ ਨੁਸਖ਼ਾ ਲੱਭ ਲਿਆ ਹੈ’
    • ਲੇਖਕ, ਸ਼ਮੀਲ
    • ਰੋਲ, ਸੀਨੀਅਰ ਪੱਤਰਕਾਰ, ਕੈਨੇਡਾ ਤੋਂ

ਕਿਸਾਨ ਅੰਦੋਲਨ ਬਾਰੇ ਕੁਝ ਟਿੱਪਣੀਕਾਰ ਕਹਿੰਦੇ ਹਨ ਕਿ ਮੋਦੀ ਸਰਕਾਰ ਨੇ ਸਭ ਤੋਂ ਵੱਡੀ ਗ਼ਲਤੀ ਇਹ ਕੀਤੀ ਕਿ ਉਹ ਪੰਜਾਬ ਨੂੰ ਸਮਝ ਨਹੀਂ ਸਕੇ।

ਮੇਰਾ ਖਿਆਲ ਹੈ ਕਿ ਮੋਦੀ-ਸ਼ਾਹ ਜੋੜੀ ਦੀ ਗ਼ਲਤੀ ਪੰਜਾਬ ਨੂੰ ਨਾ ਸਮਝਣ ਵਿੱਚ ਨਹੀਂ ਸੀ, ਸਗੋਂ ਇਸ ਵਹਿਮ ਵਿੱਚ ਸੀ ਕਿ ਸਮਾਜ ਨੂੰ ਤੁਸੀਂ ਆਪਣੀਆਂ ਜੁਗਤਾਂ/ਸਕੀਮਾਂ ਨਾਲ ਪੂਰੀ ਤਰਾਂ ਬੰਨ੍ਹ ਸਕਦੇ ਹੋ ਜਾਂ ਅਜਿਹੇ ਭੁਲੇਖੇ ਦਾ ਸ਼ਿਕਾਰ ਹੋਣ 'ਚ ਸੀ ਕਿ ਤੁਸੀਂ ਕੋਈ ਅਜਿਹਾ ਨੁਸਖਾ ਲੱਭ ਸਕਦੇ ਹੋ, ਜਿਸ ਨਾਲ ਤੁਸੀਂ ਹਮੇਸ਼ਾ ਲਈ ਰਾਜ ਕਰ ਸਕਦੇ ਹੋ।

ਇੱਕ ਪੰਜਾਬੀ ਕਹਾਵਤ ਹੈ ਕਿ ਜਦੋਂ ਇਨਸਾਨ ਦੇ ਬੁਰੇ ਦਿਨ ਆਉਂਦੇ ਹਨ ਤਾਂ ਊਠ 'ਤੇ ਬੈਠੇ ਨੂੰ ਵੀ ਕੁੱਤਾ ਵੱਢ ਜਾਂਦਾ ਹੈ। ਇਸ ਤਰ੍ਹਾਂ ਬਹੁਤ ਵਾਰ ਹੁੰਦਾ ਹੈ ਕਿ ਤੁਸੀਂ ਕਰਨ ਕੁਝ ਹੋਰ ਲੱਗਦੇ ਹੋ ਤੇ ਹੋ ਕੁਝ ਹੋਰ ਜਾਂਦਾ ਹੈ। ਇੱਕ ਚੀਜ਼ ਠੀਕ ਕਰਦੇ ਹੋ ਤਾਂ ਦੂਜੀ ਵਿਗੜ ਜਾਂਦੀ ਹੈ। ਉਸ ਨੂੰ ਦਰੁਸਤ ਕਰਨ ਲੱਗਦੇ ਹੋ ਤਾਂ ਤੀਜੀ ਵਿਗੜ ਜਾਂਦੀ ਹੈ।

ਆਪਣੀ ਪਸੰਦੀਦਾ ਭਾਰਤੀ ਖਿਡਾਰਨ ਨੂੰ ਚੁਣਨ ਲਈ CLICK HERE

ਮੁਸੀਬਤ ਦਾ ਇੱਕ ਰਾਹ ਬੰਦ ਕਰਦੇ ਹੋ ਤਾਂ ਇਹ ਕਿਸੇ ਹੋਰ ਪਾਸੇ ਤੋਂ ਨਿਕਲ ਆਉਂਦੀ ਹੈ। ਪੁਰਾਣੇ ਲੋਕ ਸਮਝਦੇ ਸਨ ਕਿ ਇਹ ਨਿਸ਼ਾਨੀਆਂ ਹਨ ਕਿ ਸਮਾਂ ਬੁਰਾ ਚੱਲ ਰਿਹਾ ਹੈ। ਮੋਦੀ ਸਰਕਾਰ ਦੀ ਹਾਲਤ ਵੀ ਅੱਜਕੱਲ੍ਹ ਕੁਝ ਇਸੇ ਤਰ੍ਹਾਂ ਦੀ ਹੈ।

ਦੂਜੀ ਵਾਰ ਚੋਣਾਂ ਜਿੱਤਣ, ਕਸ਼ਮੀਰ ਵਿੱਚ ਧਾਰਾ 370 ਖਤਮ ਕਰਨ, ਸਿਟੀਜ਼ਨਸ਼ਿਪ ਐਕਟ ਦੇ ਵਿਰੋਧ ਵਿੱਚ ਚੱਲੀ ਲਹਿਰ ਦੇ ਖਤਮ ਹੋਣ ਅਤੇ ਰਾਮ ਮੰਦਰ ਦੇ ਉਦਘਾਟਨ ਤੋਂ ਬਾਅਦ ਮੋਦੀ ਤੇ ਅਮਿਤ ਸ਼ਾਹ ਸਮਝਦੇ ਹੋਣਗੇ ਕਿ ਉਨ੍ਹਾਂ ਨੇ ਕਿਸੇ ਵੀ ਵਿਰੋਧ ਨੂੰ ਕਾਬੂ ਕਰਨ ਦਾ ਇੱਕ ਮੁਕੰਮਲ ਨੁਸਖ਼ਾ ਲੱਭ ਲਿਆ ਹੈ ਅਤੇ ਹੁਣ ਕੋਈ ਵੀ ਚੁਣੌਤੀ ਸਾਹਮਣੇ ਆਏ ਤਾਂ ਉਸ ਨਾਲ ਨਜਿੱਠਣ ਦੇ ਸਭ ਟੂਲ ਉਨ੍ਹਾਂ ਕੋਲ ਹਨ।

ਇਹ ਵੀ ਪੜ੍ਹੋ

ਸੱਤਾ ਦੇ ਹਰ ਅੰਗ ’ਤੇ ਉਨ੍ਹਾਂ ਦੀ ਮੁਕੰਮਲ ਪਕੜ ਹੈ। ਇੰਝ ਲਗਦਾ ਹੈ ਕਿ ਜੂਡੀਸ਼ਰੀ, ਮੀਡੀਆ, ਚੋਣ ਕਮਿਸ਼ਨ, ਜਾਂਚ ਏਜੰਸੀਆਂ, ਟੈਕਸ ਪੁਲਿਸ, ਇੰਟੈਲੀਜੈਂਸ ਨੈੱਟਵਰਕ ਸਾਰਾ ਕੁਝ ਮੁੱਠੀ ਵਿੱਚ ਹੈ ਅਤੇ ਪੈਸਾ ਦੀ ਵੀ ਕੋਈ ਕਮੀ ਨਹੀਂ ਹੈ।

ਸੱਤਾ ’ਤੇ ਹਮੇਸ਼ਾ ਬਣੇ ਰਹਿਣ ਲਈ ਸਾਰੀ ਮਸ਼ੀਨਰੀ ਪੂਰੀ ਤਰ੍ਹਾਂ ਉਨ੍ਹਾਂ ਦੇ ਕਾਬੂ ਹੇਠ ਹੈ ਜਿਵੇਂ ਰਾਵਣ ਨੇ ਕਾਲ ਮੰਜੇ ਦੇ ਪਾਵੇ ਨਾਲ ਬੰਨ੍ਹਿਆ ਸੀ। ਪਰ ਕੁਦਰਤ ਇਨਸਾਨ ਦੀਆਂ ਸਭ ਘਾੜਤਾਂ ਤੋਂ ਬਲਵਾਨ ਹੈ।

ਬਾਈਬਲ ਵਿੱਚ ਇਕ ਸਤਰ ਹੈ ਕਿ ਇਨਸਾਨ ਆਪਣੇ ਦਿਲ ਵਿੱਚ ਕਿਸੇ ਰਸਤੇ ਦੀ ਯੋਜਨਾ ਬਣਾਉਂਦਾ ਹੈ, ਪਰ ਕਦਮ ਕਿਸ ਪਾਸੇ ਚਲੇ ਜਾਣਗੇ, ਇਸ ਦਾ ਫੈਸਲਾ ਰੱਬ ਕਰਦਾ ਹੈ। ਮਤਲਬ ਕਿ ਕਹਾਣੀ ਅਸਲ ਵਿਚ ਕਿਸੇ ਹੋਰ ਪਾਸੇ ਚਲੇ ਜਾਂਦੀ ਹੈ।

ਵੀਡੀਓ ਕੈਪਸ਼ਨ, 26 ਜਨਵਰੀ ਤੋਂ ਤਿਹਾੜ ’ਚ ਬੰਦ ਗੁਰਮੁਖ ਸਿੰਘ ਘਰ ਪਰਤਨ ’ਤੇ ਕੀ ਦੱਸਦੇ?

ਆਪਣੇ ਵਿਰੋਧ ਨਾਲ ਨਿਪਟਣ ਦੇ ਜਿੰਨੇ ਨੁਸਖੇ ਮੋਦੀ-ਸ਼ਾਹ ਤੰਤਰ ਨੇ ਵਿਕਸਤ ਕੀਤੇ ਸਨ, ਉਹ ਤਕਰੀਬਨ ਸਾਰੇ ਕਿਸਾਨ ਅੰਦੋਲਨ ’ਤੇ ਅਜ਼ਮਾਏ ਜਾ ਚੁੱਕੇ ਹਨ। ਹੋ ਸਕਦਾ ਹੈ ਕਿ ਇੱਕ ਅੱਧ ਬ੍ਰਹਮਅਸਤਰ ਅਜੇ ਕੋਲ ਰੱਖਿਆ ਹੋਵੇ।

ਪਰ ਹੁਣ ਤੱਕ ਜੋ ਸਾਹਮਣੇ ਹੈ, ਉਸ ਤੋਂ ਲੱਗਦਾ ਹੈ ਕਿ ਜਿੰਨੇ ਤੀਰ ਚਲਾਏ ਗਏ, ਸਭ ਫੇਲ੍ਹ ਹੋ ਗਏ ਜਿਵੇਂ ਮਸ਼ਹੂਰ ਸ਼ਾਇਰ ਮੀਰ ਤਕੀ ਮੀਰ ਨੇ ਲਿਖਿਆ ਸੀ...'ਉਲਟੀ ਹੋ ਗਈਂ ਸਭ ਤਦਬੀਰੇਂ, ਕੁਛ ਨਾ ਦਵਾ ਨੇ ਕਾਮ ਕੀਆ...।'

ਜਦੋਂ ਕਿਸਾਨ ਪੰਜਾਬ ਵਿੱਚ ਅੰਦੋਲਨ ਕਰ ਰਹੇ ਸਨ ਅਤੇ ਰੇਲਵੇ ਲਾਈਨਾਂ ’ਤੇ ਬੈਠੇ ਸਨ ਤਾਂ ਉਸ ਵੇਲੇ ਮੋਦੀ ਸਰਕਾਰ ਦੀ ਸੱਤਾ ’ਤੇ ਪਕੜ ਸਿਖਰ ’ਤੇ ਸੀ। ਭਾਜਪਾ ਜਿਨ੍ਹਾਂ ਮੁੱਦਿਆਂ ਨੂੰ ਲੈ ਕੇ ਸ਼ੁਰੂ ਹੋਈ ਸੀ, ਉਹ ਲਗਭਗ ਸਾਰੇ ਪੂਰੇ ਕੀਤੇ ਜਾ ਚੁੱਕੇ ਸਨ।

modi

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, ਭਾਜਪਾ ਜਿਨ੍ਹਾਂ ਮੁੱਦਿਆਂ ਨੂੰ ਲੈ ਕੇ ਸ਼ੁਰੂ ਹੋਈ ਸੀ, ਉਹ ਲਗਭਗ ਸਾਰੇ ਪੂਰੇ ਕੀਤੇ ਜਾ ਚੁੱਕੇ ਸਨ

ਮੋਦੀ ਸਰਕਾਰ ਦੀ ਤਾਕਤ

ਮੁਲਕ ਵਿੱਚ ਕਿਸੇ ਵੀ ਧਿਰ ਕੋਲ ਐਨੀ ਤਾਕਤ ਨਹੀਂ ਸੀ ਕਿ ਮੋਦੀ ਸਰਕਾਰ ਨਾਲ ਲੜ ਸਕੇ। ਅਜਿਹੇ 'ਚ ਪੰਜਾਬ ਦੀਆਂ ਰੇਲਵੇ ਲਾਈਨਾਂ ’ਤੇ ਬੈਠੇ ਕਿਸਾਨ ਕਿਸੇ ਵੀ ਪੱਖ ਤੋਂ ਵੱਡਾ ਖਤਰਾ ਨਹੀਂ ਸਨ ਲੱਗਦੇ। ਸ਼ਾਇਦ ਇਹੀ ਵਜ੍ਹਾ ਸੀ ਕਿ ਸਰਕਾਰ ਨੇ ਕਈ ਹਫਤੇ ਇਨ੍ਹਾਂ ਨੂੰ ਬਿਲਕੁਲ ਵੀ ਗੰਭੀਰਤਾ ਨਾਲ ਨਹੀਂ ਲਿਆ।

ਇੱਥੋਂ ਤੱਕ ਕਿ ਜਦੋਂ ਦਿੱਲੀ ਮੀਟਿੰਗ ਲਈ ਬੁਲਾਇਆ ਤਾਂ ਖੇਤੀ ਮੰਤਰੀ ਨੇ ਇਹ ਵੀ ਜ਼ਰੂਰਤ ਨਹੀਂ ਸਮਝੀ ਕਿ ਉਹ ਕਿਸਾਨ ਨੇਤਾਵਾਂ ਨਾਲ ਆਕੇ ਮੀਟਿੰਗ ਹੀ ਕਰ ਲੈਣ। ਕੁਝ ਅਧਿਕਾਰੀਆਂ ਨੂੰ ਭੇਜ ਦਿੱਤਾ ਗਿਆ ਕਿ ਉਹ 'ਅਨਪੜ੍ਹ' ਕਿਸਾਨਾਂ ਨੂੰ ਬਿਲਾਂ ਦੇ ਫਾਇਦੇ ਸਮਝਾ ਦੇਵੇ।

ਵੀਡੀਓ ਕੈਪਸ਼ਨ, ਰੁਪਿੰਦਰ ਨੇ ਕਿਹੜੇ ਜਜ਼ਬਾਤਾਂ ’ਚ ਸਟੇਜ ਤੋਂ ਕਿਹਾ ਸੀ ਕਿ ਮੈਂ ਕਿਸਾਨਾਂ ਲਈ ਆਪਣਾ ਘਰ ਵੀ ਵੇਚ ਦਿਆਂਗੀ

ਸਰਕਾਰ ਸ਼ਾਇਦ ਸੋਚਦੀ ਸੀ ਕਿ ਦਿੱਲੀ ਅਤੇ ਪੰਜਾਬ ਦੇ ਵਿਚਾਲੇ ਹਰਿਆਣੇ ਦਾ ਭਾਜਪਾ-ਕਿਲ੍ਹਾ ਸੀ, ਜਿਸ ਕਰਕੇ ਦਿਲੀ ਤੱਕ ਕਿਸਾਨ ਆ ਹੀ ਨਹੀਂ ਸਕਦੇ। ਸਰਕਾਰ ਸੋਚਦੀ ਹੋਵੇਗੀ ਕਿ ਆਪਣੇ ਆਪ ਕੁਝ ਹਫਤੇ ਬੈਠਕੇ ਥੱਕ ਜਾਣਗੇ ਅਤੇ ਵਾਪਿਸ ਆਪਣੇ ਘਰਾਂ ਨੂੰ ਚਲੇ ਜਾਣਗੇ।

ਪਰ ਹਰਿਆਣੇ ਦਾ ਕਿਲਾ ਬੜੀ ਅਸਾਨੀ ਨਾਲ ਟੁੱਟ ਗਿਆ ਅਤੇ ਕਿਸਾਨ ਦਿੱਲੀ ਪਹੁੰਚ ਗਏ। ਬਹੁਤੇ ਲੋਕਾਂ ਨੂੰ ਲੱਗਦਾ ਸੀ ਕਿ ਕਿਸਾਨ ਦਿੱਲੀ ਤਾਂ ਪਹੁੰਚ ਗਏ, ਪਰ ਇਥੇ ਆਕੇ ਉਨ੍ਹਾਂ ਦੀ ਲੜਾਈ ਹੋਰ ਮੁਸ਼ਕਲ ਹੋ ਜਾਣੀ ਹੈ।

ਇੱਕ ਤਾਂ ਉਹ ਪੰਜਾਬ ਤੋਂ ਦੂਰ ਹਨ। ਦੂਜਾ ਕਿਸਾਨਾਂ ਦੀ ਕੋਈ ਇੱਕ ਜਥੇਬੰਦੀ ਨਹੀਂ, ਬਲਕਿ 30-32 ਜਥੇਬੰਦੀਆਂ ਦਾ ਮਿਲਗੋਭਾ ਹੈ। ਕੋਈ ਇੱਕ ਲੀਡਰ ਅਜਿਹਾ ਨਹੀਂ, ਜਿਸ ਦੀ ਸਾਰੇ ਸੁਣਨ।

ਉੱਪਰੋਂ ਇਹ ਲੋਕ ਸਿਆਸਤਦਾਨ ਨਹੀਂ, ਬਲਕਿ ਕਿਸਾਨ ਨੇਤਾ ਹਨ ਅਤੇ ਇਨ੍ਹਾਂ ਦਾ ਕੋਈ ਅਜਿਹਾ ਤਜਰਬਾ ਨਹੀਂ ਕਿ ਦਿਲੀ ਦੇ ਘਾਗ ਸਿਆਸਤਦਾਨਾਂ ਦੀਆਂ ਚਾਲਾਂ ਦਾ ਟਾਕਰਾ ਕਰ ਸਕਣ।

farmers
ਤਸਵੀਰ ਕੈਪਸ਼ਨ, ‘ਸਰਕਾਰ ਸ਼ਾਇਦ ਸੋਚਦੀ ਸੀ ਕਿ ਦਿੱਲੀ ਤੇ ਪੰਜਾਬ ਦੇ ਵਿਚਾਲੇ ਹਰਿਆਣੇ ਦਾ ਭਾਜਪਾ-ਕਿਲ੍ਹਾ ਸੀ, ਜਿਸ ਕਰਕੇ ਦਿਲੀ ਤੱਕ ਕਿਸਾਨ ਆ ਹੀ ਨਹੀਂ ਸਕਦੇ’

ਲੋਕਾਂ ਦਾ ਅੰਦੋਲਨ ਪ੍ਰਤੀ ਨਜ਼ਰੀਆ

ਇੱਕ ਕੈਨੇਡੀਅਨ ਪੰਜਾਬੀ ਸਿਆਸਤਦਾਨ ਮੇਰਾ ਦੋਸਤ ਹੈ ਅਤੇ ਉਸ ਨਾਲ ਇਸ ਬਾਰੇ ਗੱਲ ਹੋ ਰਹੀ ਸੀ। ਉਹ ਕਹਿੰਦਾ ਕਿ ਕਿਸਾਨ ਲੀਡਰਾਂ ਨੂੰ ਚਾਹੀਦਾ ਹੈ ਕਿ ਜੇ ਮੋਦੀ ਸਰਕਾਰ ਐਮਐਸਪੀ ਵਰਗੀ ਮੰਗ ’ਤੇ ਕੋਈ ਮਾੜਾ-ਮੋਟਾ ਭਰੋਸਾ ਵੀ ਦੇ ਦੇਵੇ ਤਾਂ ਕਿਸਾਨਾਂ ਨੂੰ ਤੁਰੰਤ ਇੱਜ਼ਤਦਾਰ ਤਰੀਕੇ ਨਾਲ ਵਾਪਿਸ ਆ ਜਾਣਾ ਚਾਹੀਦਾ ਹੈ, ਨਹੀਂ ਤਾਂ ਇਹ ਚਾਲਬਾਜ਼ਾਂ ਦੇ ਚੱਕਰਵਿਊ ਵਿੱਚ ਉਲਝ ਜਾਣਗੇ।

ਬਹੁਤਿਆਂ ਨੂੰ ਲੱਗਦਾ ਕਿ ਕਿਸਾਨ ਲੜਾਈ ਦੇ ਉਸ ਮੈਦਾਨ ਵਿੱਚ ਪਹੁੰਚ ਗਏ ਹਨ, ਜਿਸ ਮੈਦਾਨ ਦਾ ਉਨ੍ਹਾਂ ਨੂੰ ਤਜਰਬਾ ਨਹੀਂ ਅਤੇ ਉਨ੍ਹਾਂ ਨੂੰ ਉਲਝਾਉਣਾ ਸਰਕਾਰ ਲਈ ਬਹੁਤ ਸੌਖਾ ਹੋਵੇਗਾ। ਜ਼ਿਆਦਾ ਨਹੀਂ ਤਾਂ ਸਰਕਾਰ ਕੁਝ ਨੇਤਾਵਾਂ ਨੂੰ ਖਰੀਦ ਹੀ ਲਵੇਗੀ।

ਪਰ ਕਹਾਣੀ ਇੱਥੇ ਵੀ ਕੁਝ ਹੋਰ ਹੋ ਗਈ। ਪੰਜਾਬ ਅਤੇ ਦੁਨੀਆਂ ਦੇ ਹੋਰ ਹਿੱਸਿਆਂ ਵਿੱਚ ਬੈਠੇ ਪੰਜਾਬੀ ਜਿਵੇਂ ਕਿਸਾਨਾਂ ਦੀ ਪਿੱਠ 'ਤੇ ਆ ਗਏ, ਉਸ ਨਾਲ ਮੋਦੀ ਸਰਕਾਰ ਨੂੰ ਅਹਿਸਾਸ ਹੋ ਗਿਆ ਕਿ ਕਹਾਣੀ ਵਿਗੜ ਸਕਦੀ ਹੈ।

ਮੋਦੀ ਦੇ ਰਾਜ ਦੌਰਾਨ ਇਹ ਪਹਿਲੀ ਵਾਰ ਸੀ ਕਿ ਸਰਕਾਰ ਨੇ ਕਿਸੇ ਧਿਰ ਨਾਲ ਬੈਠਕੇ ਗੱਲ ਕੀਤੀ ਅਤੇ ਆਪਣੇ ਬਣਾਏ ਕਾਨੂੰਨਾਂ ਵਿੱਚ ਸੋਧ ਕਰਨ ਦੀ ਪੇਸ਼ਕਸ਼ ਦਿੱਤੀ। ਇਹ ਬਹੁਤ ਵੱਡੀ ਜਿੱਤ ਸੀ।

ਮੇਰੀ ਸਮਝ ਮੁਤਾਬਕ ਕਿਸਾਨਾਂ ਦਾ ਮੋਰਚਾ ਤਾਂ ਇੱਥੇ ਹੀ ਫਤਿਹ ਹੋ ਗਿਆ ਸੀ। ਪਰ ਕਿਸਾਨ ਨੇਤਾਵਾਂ ਨੇ ਸੋਧਾਂ ਦੀ ਪੇਸ਼ਕਸ਼ ਰੱਦ ਕਰ ਦਿੱਤੀ। ਮੇਰੇ ਵਰਗੇ ਬਹੁਤ ਸਾਰੇ ਲੋਕਾਂ ਨੂੰ ਲੱਗਿਆ ਕਿ ਕਿਸਾਨਾਂ ਨੇ ਗ਼ਲਤੀ ਕੀਤੀ ਹੈ।

ਉਨ੍ਹਾਂ ਲਈ ਇੱਜ਼ਤਦਾਰ ਤਰੀਕੇ ਨਾਲ ਅਤੇ ਫਤਿਹ ਦੇ ਝੰਡੇ ਗੱਡਕੇ ਵਾਪਿਸ ਮੁੜਨ ਦਾ ਇਹ ਬਹੁਤ ਵਧੀਆ ਮੌਕਾ ਸੀ।

ਵੀਡੀਓ ਕੈਪਸ਼ਨ, ਕਿਸਾਨ ਅੰਦੋਲਨ: ਖੇਤੀਬਾੜੀ ਨਰਿੰਦਰ ਸਿੰਘ ਤੋਮਰ ਮੰਤਰੀ ਦਾ ਪੰਜਾਬ ਦੇ ਲੋਕਾਂ ਨੂੰ ਸਵਾਲ

ਸਰਕਾਰ ਦੇ ਦਾਅ-ਪੇਚ

ਇਸ ਤੋਂ ਬਾਅਦ ਸਰਕਾਰ ਆਪਣੇ ਅਗਲੇ ਦਾਅ-ਪੇਚਾਂ ’ਤੇ ਆ ਸਕਦੀ ਹੈ, ਜਿਹੜੇ ਕਿਸਾਨਾਂ ਲਈ ਨੁਕਸਾਨਦੇਹ ਸਾਬਤ ਹੋ ਸਕਦੇ ਹਨ। ਕਿਸਾਨ ਨੇਤਾਵਾਂ ਨੇ ਹੋਰ ਸਖ਼ਤ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ। 26 ਜਨਵਰੀ ਨੂੰ ਟਰੈਕਟਰ ਰੈਲੀ ਕਰਨ ਦਾ ਐਲਾਨ ਕਰ ਦਿੱਤਾ।

ਕਿਸਾਨਾਂ ਦੇ ਬਹੁਤ ਸਾਰੇ ਸ਼ੁਭਚਿੰਤਕਾਂ ਦੇ ਮਨ ਵਿੱਚ ਡਰ ਸੀ ਕਿ ਕਿਸਾਨ ਨੇਤਾਵਾਂ ਨੇ ਇੱਥੇ ਦੂਰਦ੍ਰਿਸ਼ਟੀ ਨਹੀਂ ਦਿਖਾਈ ਅਤੇ ਉਨ੍ਹਾਂ ਨੇ ਅਜਿਹਾ ਪ੍ਰੋਗਰਾਮ ਐਲਾਨ ਦਿੱਤਾ ਹੈ, ਜਿਹੜਾ ਉਨ੍ਹਾਂ ਦੇ ਅੰਦੋਲਨ ਲਈ ਬਹੁਤ ਰਿਸਕੀ ਸਾਬਤ ਹੋ ਸਕਦਾ ਹੈ।

26 ਜਨਵਰੀ ਵਾਲੇ ਦਿਨ ਅਜਿਹਾ ਪ੍ਰੋਗਰਾਮ ਰੱਖਣਾ ਸਰਕਾਰ ਲਈ ਬਹੁਤ ਵੱਡਾ ਚੈਲੰਜ ਸੀ। ਪਰ ਇਸ ਨਾਲ ਸਰਕਾਰ ਨੂੰ ਇਹ ਮੌਕਾ ਵੀ ਮਿਲ ਰਿਹਾ ਸੀ ਕਿ ਆਪਣੀ ਪੂਰੀ ਤਾਕਤ ਨਾਲ ਇਸ ਨੂੰ ਫੇਲ੍ਹ ਕਰਨ ਦੇ ਰਸਤੇ ’ਤੇ ਪੈ ਜਾਵੇ।

ਜਦੋਂ ਤੁਸੀਂ ਇਸ ਤਰ੍ਹਾਂ ਖੁੱਲ੍ਹਾ ਸੱਦਾ ਦਿੰਦੇ ਹੋ ਤਾਂ ਉਸ ਵਿੱਚ ਇਹ ਖ਼ਤਰਾ ਰਹਿੰਦਾ ਹੈ ਕਿ ਐਨੀ ਭੀੜ ਵਿੱਚ ਕੋਈ ਵੀ ਆ ਜਾਵੇ ਅਤੇ ਕੁਝ ਵੀ ਕਰ ਜਾਵੇ, ਜਿਸਦਾ ਜਵਾਬ ਮੁੜ ਤੁਹਾਨੂੰ ਦੇਣਾ ਪਵੇ। ਜੋ ਕੁਝ ਪਹਿਲਾਂ ਹੀ ਸਿੰਘੂ ਮੋਰਚੇ ’ਤੇ ਰਿੱਝ ਰਿਹਾ ਸੀ, ਉਹ ਵੀ ਬਾਹਰ ਆ ਰਿਹਾ ਸੀ। 26 ਜਨਵਰੀ ਤੋਂ ਪਹਿਲਾਂ ਮਨ ਵਿੱਚ ਬਹੁਤ ਡਰ ਸਨ, ਸ਼ੰਕੇ ਸਨ।

ਇੰਡੀਆ ਵਿੱਚ ਜਦੋਂ 26 ਜਨਵਰੀ ਦਾ ਦਿਨ ਸੀ ਤਾਂ ਕੈਨੇਡਾ ਵਿੱਚ ਉਹ 25 ਦੀ ਰਾਤ ਸੀ। ਸਵੇਰੇ ਉੱਠ ਕੇ ਫੇਸਬੁੱਕ ਫੀਡ ਦੇਖਣੀ ਸ਼ੁਰੂ ਕੀਤੀ ਤਾਂ ਉਹ ਡਰ ਸੱਚ ਸਾਬਤ ਹੋਏ। ਉਸ ਵਕਤ ਲੱਗਣ ਲੱਗਿਆ ਸੀ ਕਿ ਸਾਰੀ ਕਹਾਣੀ ਖਤਮ ਹੋ ਗਈ ਹੈ।

ਸਾਫ ਨਜ਼ਰ ਆ ਰਿਹਾ ਸੀ ਕਿ ਵੱਡੀ ਸਾਜਿਸ਼ ਰਚੀ ਗਈ ਹੈ, ਪਰ ਮਨ ਵਿੱਚ ਅਫਸੋਸ ਇਸ ਗੱਲ ’ਤੇ ਹੋ ਰਿਹਾ ਸੀ ਕਿ ਕਿਸਾਨ ਨੇਤਾ ਐਨੀ ਦੂਰਦ੍ਰਿਸ਼ਟੀ ਕਿਉਂ ਨਹੀਂ ਦਿਖਾ ਸਕੇ ਕਿ ਇਸ ਖਤਰੇ ਨੂੰ ਪਹਿਲਾਂ ਸਮਝ ਸਕਦੇ।

ਕਈਆਂ ਨੂੰ ਲੱਗਦਾ ਕਿ ਪੰਜਾਬੀਆਂ ਅਤੇ ਸਿੱਖਾਂ ਦਾ ਜੋ ਇੱਜ਼ਤਮਾਣ ਪਿਛਲੇ ਕੁਝ ਹਫਤਿਆਂ ਵਿੱਚ ਬਣਿਆ ਸੀ, ਸਾਰਾ ਕੁਝ ਇੱਕ ਦਿਨ ਵਿੱਚ ਮਿੱਟੀ 'ਚ ਮਿਲ ਗਿਆ।

ਪੰਜਾਬੀਆਂ ਦੀ ਉਦਾਸੀ

ਮੈਂ ਆਪਣੀ ਜ਼ਿੰਦਗੀ ਵਿੱਚ ਸਾਰੇ ਪੰਜਾਬੀ ਲੋਕਾਂ ਨੂੰ ਸਮੂਹਿਕ ਤੌਰ ’ਤੇ ਐਨੇ ਉਦਾਸ ਕਦੇ ਨਹੀਂ ਦੇਖਿਆ। ਇਨਸਾਨੀ ਬੁੱਧੀ ਨਾਲ ਸੋਚੀਏ ਤਾਂ ਮਾਮਲਾ ਖਤਮ ਲੱਗਦਾ ਸੀ। ਕਦੇ ਖਿਆਲ ਆਉਂਦਾ ਕਿ ਕਿਸਾਨ ਨੇਤਾਵਾਂ ਦੀ ਜ਼ਿੱਦ ਕਰਕੇ ਸਾਰੀ ਖੇਡ ਵਿਗੜ ਗਈ ਹੈ।

ਕੋਈ ਵੀ ਅੰਦੋਲਨ ਕਰਦਿਆਂ ਸਰਕਾਰ ਦੀ ਤਾਕਤ ਦਾ ਅਨੁਮਾਨ ਵੀ ਤੁਹਾਨੂੰ ਹੋਣਾ ਚਾਹੀਦਾ ਹੈ। ਭੁਲੇਖਿਆਂ ਦੇ ਸੰਸਾਰ 'ਚ ਰਹਿ ਕੇ ਖੁਦਕੁਸ਼ੀ ਵਾਲਾ ਰਸਤਾ ਨਹੀਂ ਚੁਣਨਾ ਚਾਹੀਦਾ। ਇਸ ਤਰ੍ਹਾਂ ਦੇ ਖਿਆਲ ਮਨ ਵਿੱਚ ਆ ਰਹੇ ਸਨ। ਅਜੇ ਮਨ ਅਜਿਹੇ ਖਿਆਲਾਂ ਨਾਲ ਜੂਝ ਹੀ ਰਿਹਾ ਸੀ ਕਿ ਕਹਾਣੀ ਵਿੱਚ ਇਕ ਹੋਰ ਮੋੜ ਆ ਗਿਆ।

ਇਹ ਕਹਿਣ 'ਚ ਕੋਈ ਝਿਜਕ ਨਹੀਂ ਹੋਣੀ ਚਾਹੀਦੀ ਕਿ ਜੇ ਅੰਦੋਲਨ ਦਾ ਪਹਿਲਾ ਪੜਾਅ ਪੰਜਾਬ ਦੇ ਕਿਸਾਨਾਂ ਦੀ ਜੁਅਰਤ ਅਤੇ ਜੋਸ਼ 'ਤੇ ਖੜ੍ਹਾ ਸੀ, ਉੱਥੇ 26 ਜਨਵਰੀ ਤੋਂ ਬਾਅਦ ਦਾ ਅੰਦੋਲਨ ਰਾਕੇਸ਼ ਟਿਕੈਤ ਦੇ ਹੰਝੂਆਂ ’ਤੇ ਖੜ੍ਹਾ ਹੈ। ਜੇ ਗੱਲ ਸਿਰਫ ਪੰਜਾਬ ਦੇ ਕਿਸਾਨ ਨੇਤਾਵਾਂ ਸਿਰ ਖੜ੍ਹੀ ਹੁੰਦੀ ਤਾਂ ਉਨ੍ਹਾਂ ਦੀ ਕਹਾਣੀ ਦਾ ਭੋਗ 26 ਜਨਵਰੀ ਨੂੰ ਹੀ ਪਾ ਦਿੱਤਾ ਸੀ।

ਇਹ ਵੀ ਪੜ੍ਹੋ

ਇਸ ਵਾਰ ਲੋਕ ਯੂਪੀ ਅਤੇ ਹਰਿਆਣਾ ਵਿੱਚੋਂ ਵਾਪਿਸ ਆ ਰਹੇ ਸਨ। ਗਾਜ਼ੀਪੁਰ ਬਾਰਡਰ ਅੰਦੋਲਨ ਦਾ ਵੱਡਾ ਸੈਂਟਰ ਬਣ ਗਿਆ। ਅੰਦੋਲਨ ਦਾ ਰਾਸ਼ਟਰੀ ਚਿਹਰਾ ਰਾਕੇਸ਼ ਟਿਕੈਤ ਬਣ ਗਿਆ। ਪੰਜਾਬ ਦੇ ਨੇਤਾ ਪਿੱਛੇ ਪੈ ਗਏ।

ਕਈ ਸੋਚਦੇ ਕਿ ਚੰਗਾ ਹੈ ਕਿ ਪੰਜਾਬ ਦੇ ਕਿਸਾਨ ਨੇਤਾ ਕੁਝ ਪਿੱਛੇ ਹੀ ਰਹਿਣ, ਇਨ੍ਹਾਂ ਦੀ ਮਾਅਰਕੇਬਾਜ਼ੀ ਨੇ ਪੂਰੀ ਕੌਮ ਨੂੰ ਮਰਵਾ ਦੇਣਾ ਸੀ। ਰਾਕੇਸ਼ ਟਿਕੈਤ ਦੀ ਅਗਵਾਈ ਹੇਠ ਅੰਦੋਲਨ ਦਾ ਚਿਹਰਾ ਮੋਹਰਾ ਬਦਲਣਾ ਸ਼ੁਰੂ ਹੋ ਗਿਆ। ਜਿਸ ਤਰੀਕੇ ਨਾਲ ਰਾਕੇਸ਼ ਟਿਕੈਤ ਨੇ ਨਾ ਸਿਰਫ ਅੰਦੋਲਨ ਨੂੰ ਡੁੱਬਣ ਤੋਂ ਬਚਾਇਆ, ਬਲਕਿ ਸਿੱਖਾਂ ਦੇ ਪੱਖ ਵਿੱਚ ਖੜ੍ਹਿਆ, ਉਹ ਮਿਸਾਲੀ ਹੈ।

ਰਾਕੇਸ਼ ਟਿਕੈਤ ਅੱਗੇ ਕਿਸ ਪੱਧਰ ਤੱਕ ਅੰਦੋਲਨ ਨੂੰ ਲਿਜਾਂਦਾ ਹੈ, ਉਹ ਅਜੇ ਸਮਾਂ ਦੱਸੇਗਾ, ਪਰ ਸਿੱਖ ਸਮਾਜ ਵਿੱਚ ਇੱਕ ਵੱਖਰੀ ਥਾਂ ਬਣਾ ਲਈ ਹੈ। ਮੇਰਾ ਮੰਨਣਾ ਹੈ ਕਿ ਰਾਕੇਸ਼ ਟਿਕੈਤ ਦਾ ਇਹ ਅਹਿਸਾਨ ਦੇਰ ਤੱਕ ਯਾਦ ਰੱਖਿਆ ਜਾਵੇਗਾ।

farmers

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ‘ 26 ਜਨਵਰੀ ਤੋਂ ਬਾਅਦ ਦਾ ਅੰਦੋਲਨ ਰਾਕੇਸ਼ ਟਿਕੈਤ ਦੇ ਹੰਝੂਆਂ 'ਤੇ ਖੜ੍ਹਾ ਹੈ’

ਸਰਕਾਰ ਦਾ ਸ਼ਿੰਕਜਾ

ਪਰ ਸਰਕਾਰੀ ਤੰਤਰ ਨੇ ਕਿਸਾਨ ਅੰਦੋਲਨ ਦੁਆਲੇ ਆਪਣਾ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਸੀ। ਸਿੰਘੂ ਬਾਰਡਰ ’ਤੇ ਦੰਗਈ ਲੋਕਾਂ ਵੱਲੋਂ ਹਮਲੇ ਕਰਨ ਦੀਆਂ ਘਟਨਾਵਾਂ ਵਾਪਰੀਆਂ। ਕਾਫੀ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ।

ਸਰਕਾਰ ਨੇ ਦਿੱਲੀ ਬਾਰਡਰਾਂ ’ਤੇ ਇੰਟਰਨੈੱਟ ਬੰਦ ਕਰ ਦਿੱਤਾ ਅਤੇ ਇਸ ਗੱਲ ਦੀਆਂ ਰਿਪੋਰਟਾਂ ਇੰਟਰਨੈਸ਼ਨਲ ਮੀਡੀਆ ਵਿੱਚ ਵੀ ਆ ਗਈਆਂ। ਕਈ ਸੋਚਦੇ ਸਨ ਕਿ ਸਰਕਾਰ ਕੋਈ ਵੱਡਾ ਅਪਰੇਸ਼ਨ ਕਰਨ ਵਾਲੀ ਹੈ।

ਰਿਹਾਨਾ ਦੇ ਟਵੀਟ ’ਤੇ ਪ੍ਰਤੀਕਰਮ ਦਾ ਅਸਲ ਮਕਸਦ

ਇਸੇ ਦੌਰਾਨ ਪੌਪ ਸਟਾਰ ਰਿਆਨਾ ਦਾ ਛੋਟਾ ਜਿਹਾ ਇੱਕ ਲਾਈਨ ਦਾ ਟਵੀਟ ਆਉਂਦਾ ਹੈ। ਅੰਦੋਲਨ ਵਿੱਚ ਸ਼ਾਮਲ ਬਹੁਤੇ ਕਿਸਾਨਾਂ ਜਾਂ ਕਿਸਾਨ ਨੇਤਾਵਾਂ ਨੇ ਇਸ ਤੋਂ ਪਹਿਲਾਂ ਇਸ ਦਾ ਸ਼ਾਇਦ ਕਦੇ ਨਾਂ ਵੀ ਨਹੀਂ ਸੁਣਿਆ ਹੋਵੇਗਾ।

ਉਸ ਤੋਂ ਬਾਅਦ ਇੱਕ ਸਿਲਸਿਲਾ ਸ਼ੁਰੂ ਹੋ ਗਿਆ। ਕਲਾਈਮੇਟ ਐਕਟਵਿਸਟ ਗਰੇਟਾ ਥਨਬਰਗ ਦਾ ਵੀ ਟਵੀਟ ਆਉਂਦਾ ਹੈ। ਕਈ ਟਿੱਪਣੀਕਾਰ ਇਸ ਗੱਲ ’ਤੇ ਹੈਰਾਨੀ ਜ਼ਾਹਰ ਕਰਦੇ ਹਨ ਕਿ ਕਿਸੇ ਪੌਪ ਸਟਾਰ ਦੇ ਟਵੀਟ ’ਤੇ ਇੰਡੀਆ ਸਰਕਾਰ ਐਨਾ ਵੱਡਾ ਅਧਿਕਾਰਤ ਪ੍ਰਤੀਕਰਮ ਕਿਉਂ ਕਰਦੀ ਹੈ।

ਉਸ ਦਾ ਕਾਰਨ ਇਹ ਸੀ ਕਿ ਮੋਦੀ ਸਰਕਾਰ ਇਸ ਦੇ ਅਸਰ ਨੂੰ ਇਨ੍ਹਾਂ ਟਿੱਪਣੀਕਾਰਾਂ ਨਾਲੋਂ ਵੱਧ ਸਮਝਦੀ ਸੀ। ਇਨ੍ਹਾਂ ਇੰਟਰਨੈਸ਼ਨਲ ਸਟਾਰਾਂ ਦੇ ਟਵੀਟਸ ਨੇ ਕਿਸਾਨ ਅੰਦੋਲਨ ਨੂੰ ਇੱਕ ਇੰਟਰਨੈਸ਼ਨਲ ਮੁੱਦਾ ਬਣਾ ਦਿੱਤਾ।

farmers

ਤਸਵੀਰ ਸਰੋਤ, EPA

ਸਰਕਾਰ ਨੂੰ ਪਤਾ ਸੀ ਕਿ ਟਵੀਟਸ ਦਾ ਹੁਣ ਇੱਕ ਲੰਬਾ ਸਿਲਸਿਲਾ ਚੱਲੇਗਾ। ਇਸ ਦਾ ਟਾਕਰਾ ਕਰਨ ਲਈ ਸਰਕਾਰ ਨੇ ਆਪਣਾ ਅਗਲਾ ਟੂਲ ਕੱਢ ਲਿਆ। ਇਸ ਸਾਰੇ ਗਲੋਬਲ ਪ੍ਰਤੀਕਰਮ ਦਾ ਮੁਕਾਬਲਾ ਕਰਨ ਲਈ ਇਸ ਨੂੰ ਇਕ ਇੰਟਰਨੈਸ਼ਨਲ ਸਾਜਿਸ਼ ਬਣਾਕੇ ਪੇਸ਼ ਕਰ ਦਿੱਤਾ ਗਿਆ ਤਾਂ ਜੋ ਮੁਲਕ ਦੇ ਅੰਦਰ ਇਸ ਦੇ ਖਿਲਾਫ ਰਾਸ਼ਟਰੀ ਇਕਜੁਟਤਾ ਦਾ ਮਾਹੌਲ ਪੈਦਾ ਕੀਤਾ ਜਾ ਸਕੇ।

ਇਸ ਨਾਲ ਆਪਣੇ ਉਗਰ-ਰਾਸ਼ਟਰਵਾਦ ਨੂੰ ਹੋਰ ਮਜ਼ਬੂਤ ਕੀਤਾ ਜਾਵੇ।

ਇੰਝ ਲਗਿਆ ਕਿ ਇਸ ਦੇ ਮੁਕਾਬਲੇ ਵਿੱਚ ਇੰਡੀਅਨ ਫਿਲਮ ਅਤੇ ਕ੍ਰਿਕਟ ਸਟਾਰਾਂ ਤੋਂ ਟਵੀਟ ਕਰਵਾਏ ਗਏ।

ਇਨ੍ਹਾਂ ਟਵੀਟਸ ਦਾ ਮਕਸਦ ਰਿਆਨਾ ਜਾਂ ਗਰੈਟਾ ਨੂੰ ਜਵਾਬ ਦੇਣਾ ਨਹੀਂ ਸੀ, ਜਿਵੇਂ ਕਿ ਕਈ ਟਿਪਣੀਕਾਰਾਂ ਨੂੰ ਲੱਗਦਾ ਹੋਵੇਗਾ। ਬਲਕਿ ਮੁਲਕ ਦੇ ਅੰਦਰ ਇਹ ਸੰਦੇਸ਼ ਦੇਣਾ ਸੀ ਕਿ ਮੁਲਕ ਦੇ ਖਿਲਾਫ ਕੋਈ ਇੰਟਰਨੈਸ਼ਨਲ ਸਾਜਿਸ਼ ਚੱਲ ਰਹੀ ਹੈ ਜਿਸ ਦੇ ਖਿਲਾਫ ਸਾਨੂੰ ਸਭ ਨੂੰ ਇਕਜੁੱਟ ਹੋਣ ਦੀ ਲੋੜ ਹੈ ਤਾਂ ਜੋ ਇਨ੍ਹਾਂ ਟਵੀਟਸ ਦੇ ਅਸਰ ਕਰਕੇ ਇੰਡੀਅਨ ਸ਼ਹਿਰੀ ਤਬਕੇ ਜਾਂ ਯੂਥ ਵਿਚ ਕੋਈ ਕਿਸਾਨਾਂ ਪ੍ਰਤੀ ਹਮਦਰਦੀ ਵਾਲੀ ਲਹਿਰ ਨਾ ਚੱਲ ਪਵੇ।

ਪਰ ਸਰਕਾਰ ਦਾ ਇਹ ਤੀਰ ਵੀ ਜ਼ਿਆਦਾ ਚੱਲ ਨਹੀਂ ਸਕਿਆ। ਉਲਟਾ ਇਸ ਦੀਆਂ ਕਮਜ਼ੋਰੀਆਂ ਬਾਹਰ ਆ ਗਈਆਂ, ਜਦੋਂ ਇਕੋ ਤਰਾਂ ਦੇ ਟਵੀਟ ਦੋ ਦੋ ਜਣਿਆਂ ਨੇ ਕੀਤੇ ਸਨ। ਇਹ ਪਾਸਾ ਵੀ ਉਲਟਾ ਪੈ ਗਿਆ।

ਇਸ ਵਕਤ ਹਾਲਤ ਇਹ ਹੈ ਕਿ ਕਿਸਾਨ ਅੰਦੋਲਨ ਪੂਰੇ ਮੁਲਕ ਵਿਚ ਪਹਿਲਾਂ ਨਾਲੋਂ ਤਕੜਾ ਲੱਗ ਰਿਹਾ ਹੈ। ਸਭ ਤੋਂ ਵੱਡਾ ਖਤਰਾ ਪੰਜਾਬ ਵਿਚ ਜਾਂ ਪੰਜਾਬੀਆਂ ਵਿਚ ਸੀ, ਜਿੱਥੇ ਇਕ ‘ਫੌਜ’ ਨੇ ਫੇਸਬੁੱਕ ’ਤੇ ਕਲੇਸ਼ ਪਾਇਆ ਹੋਇਆ ਹੈ।

ਵੀਡੀਓ ਕੈਪਸ਼ਨ, ਰਾਕੇਸ਼ ਟਿਕੈਤ ਨੂੰ ਲੰਡਨ ਤੋਂ ਥੇਮਜ਼ ਨਦੀ ਦਾ ਪਾਣੀ ਕਿਉਂ ਪਿਆਉਣ ਆਏ ਇਹ ਸਨਅਤਕਾਰ

ਪਰ ਘਟਨਾਵਾਂ ਨੇ ਅਜਿਹਾ ਮੋੜ ਲਿਆ ਕਿ ਇਸ ਵਕਤ ਪੰਜਾਬ ਕਿਸਾਨ ਅੰਦੋਲਨ ਦਾ ਕੇਂਦਰ ਨਹੀਂ ਰਿਹਾ। ਜੇ ਕੁੱਝ ਧਿਰਾਂ ਪੰਜਾਬ ਵਿਚ ਕਿਸਾਨ ਅੰਦੋਲਨ ਨੂੰ ਖਰਾਬ ਕਰਨ ਵਿਚ ਵੀ ਕਾਮਯਾਬ ਹੋ ਜਾਂਦੀਆਂ ਹਨ, ਫੇਰ ਵੀ ਮੁਲਕ ਦੇ ਕਿਸਾਨ ਅੰਦੋਲਨ 'ਤੇ ਕੋਈ ਵੱਡਾ ਅਸਰ ਨਹੀਂ ਪਵੇਗਾ।

ਜੇ ਸ਼ੁਰੂ ਤੋਂ ਹੁਣ ਤੱਕ ਦੇਖੀਏ, ਲਗਾਤਾਰ ਸਰਕਾਰ ਦੀ ਹਰ ਕੋਸ਼ਿਸ਼ ਫੇਲ੍ਹ ਹੋ ਰਹੀ ਹੈ। ਮੋਦੀ ਸਰਕਾਰ ਦੇ ਅਜ਼ਮਾਏ ਹੋਏ ਹਥਿਆਰ ਕੰਮ ਨਹੀਂ ਕਰ ਰਹੇ। ਜੇ ਸਮਾਜਕ ਘਟਨਾਵਾਂ ’ਤੇ ਸੱਤਾ ਵਿਚ ਕਾਬਜ਼ ਲੋਕਾਂ ਦਾ ਐਨਾ ਕੰਟਰੋਲ ਹੁੰਦਾ ਤਾਂ ਸ਼ਾਇਦ ਦੁਨੀਆ ਵਿਚ ਕੋਈ ਵੀ ਤਬਦੀਲੀ ਕਦੇ ਨਾ ਆਉਂਦੀ।

ਮੋਦੀ ਸਰਕਾਰ ਨੂੰ ਵੀ ਸ਼ਾਇਦ ਗੱਲ ਸਮਝ ਆ ਰਹੀ ਹੋਵੇਗੀ ਕਿ ਤੁਸੀਂ ਕਿਸੇ ਵੀ ਸਮਾਜ ਨੂੰ ਹਮੇਸ਼ਾ ਆਪਣੀ ਜਕੜ ਵਿਚ ਬੰਨ੍ਹਕੇ ਰੱਖ ਨਹੀਂ ਸਕਦੇ। ਇਸ ਕਰਕੇ ਜਕੜਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ।

ISWOTY

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)