ਪਿਨਰਾਈ ਵਿਜਯਨ: ਮੋਦੀ ਤੇ ਸਟਾਲਿਨ ਨਾਲ ਤੁਲਨਾ ਕਿਉਂ ਕੀਤੀ ਜਾਂਦੀ ਤੇ ਉਨ੍ਹਾਂ ਨੂੰ 'ਕੈਪਟਨ' ਕਿਉਂ ਕਿਹਾ ਜਾਂਦਾ ਹੈ

ਤਸਵੀਰ ਸਰੋਤ, fb/cmo kerala
ਜਿਸ ਪਿਨਰਾਈ ਵਿਜਯਨ ਨੇ ਆਪਣੀ ਅਗਵਾਈ ਵਿੱਚ ਸੀਪੀਐੱਮ ਦੀ ਅਗਵਾਈ ਵਾਲੇ ਖੱਬੇਪੱਖੀ ਲੋਕਤੰਤਰਿਕ ਮੋਰਚੇ (ਐੱਲਡੀਐੱਫ਼) ਨੂੰ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਦਿਵਾਈ ਹੈ, ਅੱਜ ਉਨ੍ਹਾਂ ਦੀ ਤੁਲਨਾ ਦੋ ਅਸਧਾਰਨ ਰੂਪ ਵਿੱਚ ਤਾਕਤਵਰ ਆਗੂਆਂ ਨਾਲ ਕੀਤੀ ਜਾ ਰਹੀ ਹੈ।
ਇਹ ਆਗੂ ਭਾਰਤ ਦੇ ਹੀ ਨਹੀਂ, ਬਲਕਿ ਸਾਬਕਾ ਸੋਵੀਅਤ ਯੂਨੀਅਨ ਦੇ ਨੇਤਾ ਵੀ ਸਨ।
ਅਜੀਬ ਹੀ ਹੈ ਕਿ ਪਿਨਰਾਈ ਵਿਜਯਨ ਦੇ ਅਲੋਚਕ ਹੀ ਨਹੀਂ, ਉਨ੍ਹਾਂ ਦੇ ਜ਼ਬਰਦਸਤ ਪ੍ਰਸ਼ੰਸਕ ਵੀ ਉਨ੍ਹਾਂ ਨੂੰ, 'ਧੋਤੀ ਪਹਿਨਣ ਵਾਲੇ ਮੋਦੀ' ਜਾਂ ਕੇਰਲ ਦੇ ਸਟਾਲਿਨ ਕਹਿੰਦੇ ਹਨ। ਯਾਨੀ ਵਿਜਯਨ ਦੀ ਤੁਲਣਾ ਸਾਬਕਾ ਸੋਵੀਅਤ ਯੂਨੀਅਨ ਦੇ ਬੇਹੱਦ ਤਾਕਤਵਰ ਆਗੂ ਜੋਸੇਫ਼ ਸਟਾਲਿਨ ਨਾਲ ਵੀ ਕੀਤੀ ਜਾ ਰਹੀ ਹੈ।
ਚੋਣ ਮੁਹਿੰਮ ਦੌਰਾਨ ਉਨ੍ਹਾਂ ਦੀ ਪਾਰਟੀ ਦੇ ਕੁਝ ਆਗੂਆਂ ਨੇ ਇਸ ਗੱਲ 'ਤੇ ਇਤਰਾਜ਼ ਵੀ ਕੀਤਾ ਸੀ ਕਿ ਪਿਨਰਾਈ ਵਿਜਯਨ ਨੂੰ 'ਕੈਪਟਨ' ਕਿਉਂ ਕਿਹਾ ਜਾ ਰਿਹਾ ਹੈ? ਕਮਿਊਨਿਸਟ ਵਿਚਾਰਧਾਰਾ ਵਾਲੇ ਕਿਸੇ ਵੀ ਦਲ ਦੇ ਲਈ ਅਜਿਹੀਆਂ ਉਪਾਧੀਆਂ ਸਰਾਪ ਤੋਂ ਘੱਟ ਨਹੀਂ ਮੰਨੀਆਂ ਜਾਂਦੀਆਂ।
ਇਹ ਵੀ ਪੜ੍ਹੋ
ਸੀਪੀਐੱਮ ਦੇ ਇੱਕ ਸੀਨੀਅਰ ਆਗੂ ਨੂੰ ਆਪਣੀ ਪਾਰਟੀ ਦੇ ਕਾਰਕੁਨਾਂ ਨੂੰ ਯਾਦ ਦਿਵਾਉਣਾ ਪੈਂਦਾ ਸੀ ਕਿ ਉਨ੍ਹਾਂ ਦੇ ਖੱਬੀ ਪੱਖੀ ਦਲ ਵਿੱਚ ਸਾਰੇ ਲੋਕਾਂ ਦਾ ਦਰਜਾ ਬਰਾਬਰ ਹੁੰਦਾ ਹੈ।
ਫ਼ਿਰ ਚਾਹੇ ਉਹ ਪਾਰਟੀ ਦੇ ਫ਼ੈਸਲੇ ਲੈਣ ਵਾਲੀ ਸਰਵਉੱਚ ਸੰਸਥਾ ਪੋਲਿਟ ਬਿਊਰੋ ਦਾ ਮੈਂਬਰ ਹੋਵੇ ਜਾਂ ਫ਼ਿਰ ਕੋਈ ਆਮ ਜ਼ਮੀਨੀ ਕਾਰਕੁਨ। ਕਮਿਊਨਿਸਟ ਪਾਰਟੀ ਦਾ ਹਰ ਮੈਂਬਰ ਸਿਰਫ਼ 'ਕਾਮਰੇਡ' ਹੁੰਦਾ ਹੈ।
ਪਰ, ਜ਼ਾਹਰ ਹੈ ਕਿ ਇਨ੍ਹਾਂ ਸੀਨੀਅਰ ਆਗੂਆਂ ਦੀ ਸਲਾਹ ਨੂੰ ਅਣਸੁਣਿਆ ਕਰ ਦਿੱਤਾ ਗਿਆ। ਆਖ਼ਰਕਾਰ ਕਾਮਰੇਡ ਪਿਨਰਾਈ ਵਿਜਯਨ ਨੂੰ ਸਿਰਫ਼ 'ਕਪਤਾਨ' ਹੀ ਤਾਂ ਕਹਿ ਰਹੇ ਸਨ ਅਤੇ ਉਹ ਕਪਤਾਨ ਸੀ ਵੀ, ਅਤੇ ਹਨ ਵੀ।

ਤਸਵੀਰ ਸਰੋਤ, fb/cmo kerala
ਤੁਸੀਂ ਸਿਰਫ਼ ਇਸ ਇੱਕ ਮਿਸਾਲ ਤੋਂ ਹੀ ਸਮਝ ਸਕਦੇ ਹੋ ਕਿ ਪਿਨਰਾਈ ਵਿਜਯਨ ਦੇ ਪ੍ਰਸ਼ੰਸਕ, ਕੇਰਲ ਦੇ ਮੁੱਖ ਮੰਤਰੀ ਵਜੋਂ ਪੰਜ ਸਾਲ ਦਾ ਕਾਰਜਕਾਲ ਸੰਭਾਲਣ ਤੋਂ ਬਾਅਦ ਉਨ੍ਹਾਂ ਨੂੰ ਕੀ ਦਰਜਾ ਦਿੰਦੇ ਹਨ। ਆਖ਼ਰ, ਸੈਰ ਸਪਾਟੇ ਦੇ ਲਿਹਾਜ਼ ਨਾਲ ਕੇਰਲ ਨੂੰ ਰੱਬ ਦਾ ਆਪਣਾ ਦੇਸ ਵੀ ਕਿਹਾ ਜਾਂਦਾ ਹੈ।
ਪਿਨਰਾਈ ਵਿਜਯਨ ਦੇ ਪ੍ਰਸ਼ੰਸਕ ਹੋਣ ਜਾਂ ਅਲੋਚਕ, ਦੋਵੇਂ ਹੀ ਤੁਹਾਨੂੰ ਇਹ ਗੱਲ ਦੱਸਣਗੇ ਕਿ ਉਨ੍ਹਾਂ ਨੇ ਕੇਰਲ ਦੀ ਜਨਤਾ ਦੇ ਚੰਗੇ ਲਈ ਕਿਵੇਂ ਭਲਾਈ ਦੇ ਕੰਮ ਕੀਤੇ ਹਨ। ਉਨ੍ਹਾਂ ਨੇ ਪੈਨਸ਼ਨ ਅਤੇ ਮੁਫ਼ਤ ਰਾਸ਼ਨ ਦਿੱਤਾ ਹੈ।
ਵਿਜਯਨ ਨੇ ਕੇਰਲ ਨੂੰ ਉਨ੍ਹਾਂ ਮੌਕਿਆਂ 'ਤੇ ਵੀ ਮਜ਼ਬੂਤ ਅਗਵਾਈ ਦਿੱਤੀ ਹੈ, ਜਦੋਂ ਕੁਦਰਤੀ ਆਫ਼ਤਾਂ ਨੇ ਕੇਰਲ 'ਤੇ ਹਮਲਾ ਕੀਤਾ। ਫ਼ਿਰ ਚਾਹੇ ਨਿਪਾਹ ਵਾਇਰਸ ਹੋਵੇ ਜਾਂ ਕੋਰੋਨਾ ਵਾਇਰਸ ਦਾ ਪ੍ਰਕੋਪ।
ਕੇਰਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅਤੇ ਸਿਆਸੀ ਵਿਸ਼ਲੇਸ਼ਖ ਪ੍ਰੋਫ਼ੈਸਰ ਜੇ. ਪ੍ਰਭਾਸ਼ ਨੇ ਬੀਬੀਸੀ ਨੂੰ ਦੱਸਿਆ, "ਵਿਜਯਨ ਨੇ ਜਨਤਾ ਨੂੰ ਦਿਖਾਇਆ ਹੈ ਕਿ ਉਹ ਇੱਕ ਮਜ਼ਬੂਤ ਆਗੂ ਹੀ ਨਹੀਂ ਹਨ, ਕੰਮ ਕਰਨ ਵਾਲੇ ਮੁੱਖ ਮੰਤਰੀ ਵੀ ਹਨ। ਇਹ ਤਾਂ ਉਨ੍ਹਾਂ ਦੇ ਵਿਅਕਤੀਤਵ ਦੀ ਬੱਸ ਇੱਕ ਪਹਿਲੂ ਹੈ।"
ਇਹ ਵਿਜਯਨ ਦੇ ਕਿਰਦਾਰ ਦਾ ਦੂਜਾ ਪਹਿਲੂ ਹੈ, ਜੋ ਉਨ੍ਹਾਂ ਨੇ ਕੇਰਲ ਦੇ ਕਮਿਊਨਿਸਟ ਅੰਦੋਲਨ ਦੇ ਬਾਕੀ ਆਗੂਆਂ ਦੀ ਕਤਾਰ ਤੋਂ ਅਗੱਗ ਖੜਾ ਕਰਦਾ ਹੈ।
ਅਤੇ ਇਹ ਉਨ੍ਹਾਂ ਦੇ ਵਿਅਕਤੀਤਵ ਦਾ ਦੂਜਾ ਪਹਿਲੂ ਹੀ ਹੈ, ਜੋ ਲੋਕਾਂ ਨੂੰ ਇਹ ਕਹਿਣ ਤੇ ਮਜ਼ਬੂਰ ਕਰਦਾ ਹੈ ਕਿ ਵਿਜਯਨ ਵਿੱਚ ਅਗਵਾਈ ਕਰਨ ਨੂੰ ਲੈ ਕੇ ਕਈ ਅਜਿਹੀਆਂ ਖ਼ੂਬੀਆਂ ਹਨ, ਜੋ ਅਸੀਂ ਨਰਿੰਦਰ ਮੋਦੀ ਵਿੱਚ ਦੇਖਦੇ ਹਾਂ ਜਾਂ ਜੋਸੇਫ਼ ਸਟਾਲਿਨ ਵਿੱਚ ਦੇਖ ਚੁੱਕੇ ਹਾਂ।
ਪਰ, ਉਸ ਤੋਂ ਪਹਿਲਾਂ ਸਾਨੂੰ ਇਹ ਦੇਖਣਾ ਪਵੇਗਾ ਕਿ ਪਿਨਰਾਈ ਵਿਜਯਨ ਦਾ ਇਹ ਅਕਸ ਬਣਿਆ ਕਿਵੇਂ?

ਤਸਵੀਰ ਸਰੋਤ, fb/cmo kerala
ਇੱਕ ਮਜ਼ਬੂਤ ਆਗੂ ਦਾ ਨਿਰਮਾਣ
ਨਰਿੰਦਰ ਮੋਦੀ ਦੀ ਤਰ੍ਹਾਂ ਹੀ ਪਿਨਰਾਈ ਵਿਜਯਨ ਵੀ ਇੱਕ ਸਧਾਰਨ ਪਰਿਵਾਰ ਨਾਲ ਸਬੰਧਤ ਹਨ। ਵਿਜਯਨ ਦੇ ਮਾਤਾ-ਪਿਤਾ ਕੇਰਲ ਦੇ ਕਨੂਰ ਜ਼ਿਲ੍ਹੇ ਦੇ ਪਿਨਰਾਈ ਪਿੰਡ ਦੇ ਰਹਿਣ ਵਾਲੇ ਸਨ। ਉਹ ਤਾੜੀ (ਇੱਕ ਸਥਾਨਕ ਸ਼ਰਾਬ) ਬਣਾਉਣ ਵਾਲੇ ਭਾਈਚਾਰੇ ਏਲਵਾ ਤੋਂ ਸਨ।
ਪ੍ਰਸ਼ਾਸਨ ਨਾਲ ਪਿਨਰਾਈ ਵਿਜਯਨ ਦਾ ਪਹਿਲਾ ਵਾਸਤਾ ਉਸ ਸਮੇਂ ਪਿਆ ਜਦੋਂ ਉਨ੍ਹਾਂ ਨੇ ਫ਼ੇਰੀ ਦਾ ਕਿਰਾਇਆ ਵਧਾਉਣ ਖ਼ਿਲਾਫ਼ ਵਿਦਿਆਰਥੀਆਂ ਦੀ ਇੱਕ ਹੜਤਾਲ ਦਾ ਆਯੋਜਨ ਕੀਤਾ ਸੀ। ਉਸ ਸਮੇਂ ਕੇਰਲ ਸਟੂਡੈਂਟ ਫ਼ੈਡਰੇਸ਼ਨ ਦੇ ਮੈਂਬਰ ਸਨ, ਜੋ ਕਮਿਉਨਿਸਟ ਪਾਰਟੀ ਦੇ ਭੰਗ ਹੋਣ ਤੋਂ ਬਾਅਦ ਸਟੂਡੈਂਟ ਫ਼ੈਡਰੇਸ਼ਨ ਆਫ਼ ਇੰਡੀਆ ਵਿੱਚ ਤਬਦੀਲ ਹੋ ਗਈ ਸੀ।
ਅਰਥਸ਼ਾਸਤਰ ਦੀ ਡਿਗਰੀ ਹਾਸਿਲ ਕਰਨ ਤੋਂ ਬਾਅਦ ਪਿਨਰਾਈ ਵਿਡਯਨ ਹੈਂਡਲੂਮ ਮਜ਼ਦੂਰ ਦਾ ਵੀ ਕੰਮ ਕੀਤਾ ਸੀ। ਆਪਣੀ ਉਮਰ ਦੇ ਦੂਜੇ ਦਹਾਕੇ ਦੌਰਾਨ ਪਿਨਰਾਈ ਵਿਜਯਨ ਅਤੇ ਸੀਪੀਐੱਮ ਦੇ ਕਈ ਹੋਰ ਕਾਰਕੁਨਾਂ 'ਤੇ ਕੇਰਲ ਵਿੱਚ ਰਾਸ਼ਟਰੀ ਸਵੈਂਮ ਸੇਵਕ ਸੰਘ ਦੇ ਕਿਸੇ ਮੈਂਬਰ ਦੇ ਸਿਆਸੀ ਕਤਲ ਦਾ ਦੋਸ਼ੀ ਬਣਾਇਆ ਗਿਆ ਸੀ।
ਹਾਲਾਂਕਿ, ਪਿਨਰਾਈ ਵਿਜਯਨ ਨੂੰ ਉਸ ਸਮੇਂ ਅਦਾਲਨ ਨੇ ਰਿਹਾਅ ਕਰ ਦਿੱਤਾ ਸੀ, ਜਦੋਂ ਆਰਐੱਸਐੱਸ ਕਾਰਕੁਨ ਵੱਡੀਕਲ ਰਾਮਾਕ੍ਰਿਸ਼ਣਨ ਦੇ ਕਤਲ ਦੇ ਇਸ ਮਾਮਲੇ ਦਾ ਇਕਲੌਤਾ ਗਵਾਹ 1969 ਵਿੱਚ ਆਪਣੇ ਬਿਆਨ ਤੋਂ ਪਲਟ ਗਿਆ ਸੀ।
ਪਿਨਰਾਈ ਵਿਜਯਨ ਦਾ ਅਕਸ ਇੱਕ ਸੰਗਠਨ ਵਾਲੇ ਵਿਅਤੀ ਦਾ ਹੈ। 1975 ਵਿੱਚ ਜਦੋਂ ਐਮਰਜੈਂਸੀ ਲੱਗੀ, ਤਾਂ ਵਿਜਯਨ ਨੂੰ ਕੈਦ ਕਰ ਦਿੱਤਾ ਗਿਆ ਸੀ। ਇਲਜ਼ਾਮ ਹੈ ਕਿ ਇਸ ਦੌਰਾਨ ਉਨ੍ਹਾਂ 'ਤੇ ਕਾਫ਼ੀ ਜ਼ੁਰਮ ਢਾਹੇ ਗਏ ਸਨ। ਕੇਰਲ ਦੇ ਇੱਕ ਸੇਵਾਮੁਕਤ ਅਧਿਕਾਰੀ ਨੇ ਨਾਮ ਨਾ ਛਾਪਣ ਦੀ ਸ਼ਰਤ 'ਤੇ ਸਾਨੂੰ ਦੱਸਿਆ ਕਿ ਪੁਲਿਸ ਦੇ ਹੱਥੋਂ ਬੁਰਾ ਵਿਵਹਾਰ ਝੱਲਣ 'ਤੇ ਤਜ਼ਰਬੇ ਨੇ ਵਿਜਯਨ ਦੇ ਵਿਅਕਤੀਤਵ 'ਤੇ ਕਾਫ਼ੀ ਗਹਿਰਾ ਅਸਰ ਪਾਇਆ।

ਤਸਵੀਰ ਸਰੋਤ, fb/cmo kerala
ਤਾਨਾਸ਼ਾਹੀ ਵਿਵਹਾਰ ਦੇ ਸੰਕੇਤ
ਮਸ਼ਹੂਰ ਮਲਿਆਲਮ ਕਵੀ ਉਮੇਸ਼ ਬਾਬੂ, ਇੱਕ ਜ਼ਮਾਨੇ ਵਿੱਚ ਸੀਪੀਐਮ ਦੇ ਸਭਿਆਚਾਰਕ ਮੋਰਚੇ ਦੇ ਮੈਂਬਰ ਹੋਇਆ ਕਰਦੇ ਸਨ। ਉਮੇਸ਼ ਬਾਬੂ ਨੇ ਉਨ੍ਹਾਂ ਦਿਨਾਂ ਨੂੰ ਯਾਦ ਕਰਦਿਆਂ ਬੀਬੀਸੀ ਨੂੰ ਦੱਸਿਆ, "ਭਾਰਤੀ ਲੋਕਤੰਤਰਿਕ ਯੁਵਾ ਫ਼ੌਡਰੇਸ਼ਨ ( ਡੀਵਾਈਐੱਫ਼ਆਈ) ਦੇ ਨੇਤਾ ਰਹਿੰਦਿਆਂ ਪਿਨਰਾਈ ਵਿਜਯਨ ਬਿਲਕੁਲ ਤਾਨਾਸ਼ਾਹੀ ਵਿਵਹਾਰ ਕਰਦੇ ਸਨ। ਉਹ ਆਪਣੀ ਅਲੋਚਣਾ ਬਿਲਕੁਲ ਬਰਦਾਸ਼ਤ ਨਹੀਂ ਸਨ ਕਰਦੇ।"
ਪਰ ਕਨੂਰ ਜ਼ਿਲ੍ਹੇ ਵਿੱਚ ਪਾਰਟੀ ਦੇ ਸਕੱਤਰ ਵਜੋਂ ਪਿਨਰਾਈ ਵਿਜਯਨ ਦੇ ਕੰਮ ਨੇ ਉਨ੍ਹਾਂ ਨੂੰ ਕੇਰਲ ਵਿੱਚ ਕਮਿਊਨਿਸਟ ਪਾਰਟੀ ਦੇ ਬੇਹੱਦ ਸੀਨੀਅਰ ਆਗੂ ਵੀਐੱਮ ਅਚਿਉਤਾਨੰਦਨ ਦਾ ਨਜ਼ਦੀਕੀ ਬਣਾ ਦਿੱਤਾ। ਭਾਰਤੀ ਕਮਿਊਨਿਸਟ ਪਾਰਟੀ ਦੇ ਭੰਗ ਹੋਣ ਤੋਂ ਬਾਅਦ ਅਚਿਉਤਾਨੰਦਨ, ਸੀਪੀਐੱਮ ਦੇ ਸੰਸਥਾਪਕਾਂ ਵਿੱਚੋਂ ਇੱਕ ਸਨ।
1998 ਵਿੱਚ ਚਦਾਯਨ ਗੋਵਿੰਦਨ ਦੀ ਅਚਾਨਕ ਮੌਤ ਹੋ ਗਈ, ਜਿਸ ਤੋਂ ਬਾਅਦ ਵਿਜਯਨ ਉਨ੍ਹਾਂ ਦੀ ਜਗ੍ਹਾ ਪਾਰਟੀ ਦੇ ਸੂਬਾ ਸਕੱਤਰ ਬਣੇ। ਵਿਜਯਨ ਨੇ ਸੂਬਾ ਸਕੱਤਰ ਦਾ ਆਹੁਦਾ ਰਿਕਾਰਡ 17 ਸਾਲ ਤੱਕ ਸੰਭਾਲਿਆ ਸੀ। ਉਹ 2015 ਤੱਕ ਸੀਪੀਐੱਮ ਦੇ ਸਟੇਟ ਸਕੱਤਰ ਰਹੇ ਸਨ।
ਉਮੇਸ਼ ਬਾਬੂ ਕਹਿੰਦੇ ਹਨ ਕਿ, ''...ਜਦੋਂ ਵਿਜਯਨ ਸੂਬਾ ਸਕੱਤਰ ਬਣ ਗਏ, ਤਦ ਵੀਐੱਮ ਅਚਿਉਤਾਨੰਦਨ ਨੂੰ ਨਿਸ਼ਾਨਾ ਬਣਾਇਆ ਗਿਆ। ਉਨ੍ਹਾਂ 'ਤੇ ਪਾਰਟੀ ਦੇ ਅੰਦਰ ਤੋਂ ਲਗਾਤਾਰ ਹਮਲੇ ਹੋਣ ਲੱਗੇ। ਹਾਲਾਤ ਇੰਨੇ ਖ਼ਰਾਬ ਹੋ ਗਏ ਕਿ 2006 ਵਿੱਚ ਪਿਨਰਾਈ ਵਿਜਯਨ ਨੇ ਅਚਿਉਤਾਨੰਦਨ ਨੂੰ ਚੋਣ ਲੜਨ ਤੋਂ ਵੀ ਰੋਕਣ ਦੀ ਕੋਸ਼ਿਸ਼ ਕੀਤੀ, ਜਿਸ 'ਤੇ ਬਹੁਤ ਰੌਲਾ ਪਿਆ। ਹਾਲਾਂਕਿ ਪਾਰਟੀ ਨੇ ਵਿਜਯਨ ਦੇ ਇਸ ਫ਼ੈਸਲੇ ਨੂੰ ਖ਼ਾਰਜ ਕਰ ਦਿੱਤਾ ਸੀ।"
ਉਮੇਸ਼ ਬਾਬੂ ਕਹਿੰਦੇ ਹਨ ਕਿ, ''ਵਿਜਯਨ ਨੇ ਜੋ ਤੌਰ ਤਰੀਕੇ ਅਪਣਾਏ ਸਨ, ਉਹ ਸਟਾਲਿਨ ਤੋਂ ਬਿਲਕੁਲ ਵੱਖਰੇ ਸਨ। ਜਦੋਂ ਸਟਾਲਿਨ ਸੋਵੀਅਤ ਯੂਨੀਅਨ ਵਿੱਚ ਕਮਿਉਨਿਸਟ ਪਾਰਟੀ ਦੇ ਸਕੱਤਰ ਬਣੇ ਸਨ, ਤਾਂ ਉਨ੍ਹਾਂ ਨੇ ਹਰ ਉਸ ਆਗੂ ਨੂੰ ਕੱਢ ਬਾਹਰ ਕਰ ਦਿੱਤਾ ਜੋ ਭਵਿੱਖ ਵਿੱਚ ਉਨ੍ਹਾਂ ਲਈ ਖ਼ਤਰਾ ਬਣ ਸਕਦਾ ਸੀ। ਇਸ ਤੋਂ ਬਾਅਦ ਉਹ ਪਾਰਟੀ ਵਿੱਚ ਸਭ ਤੋਂ ਪ੍ਰਭਾਵਸ਼ਾਲੀ ਆਗੂ ਬਣ ਗਿਆ।"
ਪਿਨਰਾਈ ਦੋ ਦੋਸਤ ਤੋਂ ਦੁਸ਼ਮਣ ਅਤੇ ਫ਼ਿਰ ਦੁਸ਼ਮਣ ਤੋਂ ਦੋਸਤ ਬਣੇ ਕੁਨਾਹਾਨੰਦਾ ਨਾਇਰ (ਜੋ ਬਰਲਿਨ ਨਾਇਰ ਦੇ ਨਾਮ ਨਾਲ ਮਸ਼ਹੂਰ ਹਨ) ਨੇ ਬੀਬੀਸੀ ਨੂੰ ਦੱਸਿਆ, "ਮੈਂ ਉਨ੍ਹਾਂ ਨੂੰ ਹਮਸ਼ਾਂ ਹੀ ਕੇਰਲ ਦਾ ਸਟਾਲਿਨ ਕਹਿਕੇ ਬੁਲਾਉਂਦਾ ਸੀ। ਸਟਾਲਿਨ ਨੇ ਖੱਬੇਪੱਖੀ ਦਲ ਲਈ ਬਹੁਤ ਕੁਝ ਕੀਤਾ। ਪਿਨਰਾਈ ਵਿਜਯਨ ਨਰਮ ਦਿਲ ਇਨਸਾਨ ਹਨ। ਉਹ ਇਸ ਮਾਇਨੇ ਵਿੱਚ ਉਨ੍ਹਾਂ ਦੀ ਤੁਲਣਾ ਸਟਾਲਿਨ ਨਾਲ ਕੀਤੀ ਜਾ ਸਕਦੀ ਹੈ। ਮੇਰੇ ਕਹਿਣ ਦਾ ਅਰਥ ਹੈ ਕਿ ਇਹ ਤੁਲਣਾ ਸਕਾਰਾਤਮਕ ਹੈ, ਨਕਾਰਾਤਮਕ ਨਹੀਂ।"
ਹਾਲਾਂਕਿ, ਕੇਰਲ ਦੇ ਸੀਨੀਅਰ ਸਿਆਸੀ ਵਿਸ਼ਲੇਸ਼ਕ ਬੀਆਰਪੀ ਭਾਸਕਰ ਦੀ ਰਾਇ ਬਿਲਕੁਲ ਵੱਖਰੀ ਹੈ। ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਵਿਜਯਨ 'ਤੇ ਇਲਜ਼ਾਮ ਇਹ ਹੈ ਕਿ ਉਹ ਮੁੰਡੂ ਪਹਿਨਣ ਵਾਲੇ ਮੌਦੀ ਹਨ (ਮਲਿਆਲਣ ਵਿੱਚ ਮੁੰਡੂ ਧੋਤੀ ਨੂੰ ਕਹਿੰਦੇ ਹਨ) ਕਿਉਂਕਿ ਉਹ ਤਾਨਾਸ਼ਾਹੀ ਰਵੱਈਏ ਵਾਲੇ ਇਨਸਾਨ ਹਨ।
ਇਹ ਵੀ ਪੜ੍ਹੋ

ਤਸਵੀਰ ਸਰੋਤ, fb/cmo kerala
ਵਿਜਯਨ ਨੇ ਪਾਰਟੀ ਦਾ ਵਿਸਥਾਰ ਕੀਤਾ
ਸਾਰੀਆਂ ਅਲੋਚਣਾਵਾਂ ਦੇ ਬਾਵਜੂਦ, ਕੋਈ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦਾ ਕਿ ਵਿਜਯਨ ਨੇ ਪਾਰਟੀ ਦਾ ਆਧਾਰ ਵਧਾਇਆ ਹੈ। ਸੀਪੀਐੱਮ ਨੂੰ ਕੇਰਲ ਵਿੱਚ ਹਮੇਸ਼ਾਂ ਹੀ 'ਹਿੰਦੂ ਪਾਰਟੀ' ਮੰਨਿਆ ਜਾਂਦਾ ਰਿਹਾ ਸੀ।
ਇਸਾਈ ਅਤੇ ਮੁਸਲਮਾਨ ਆਮ ਤੌਰ 'ਤੇ ਕਾਂਗਰਸ ਦੀ ਅਗਵਾਈ ਵਾਲੇ ਸੰਯੁਕਤ ਲੋਕਤੰਤਰਿਕ ਮੋਰਚੇ (ਯੂਡੀਐਫ਼) ਨੂੰ ਤਰਜ਼ੀਹ ਦਿੰਦੇ ਆਏ ਹਨ, ਜਿਸ ਵਿੱਚ ਇੰਡੀਅਨ ਯੂਨੀਅਨ ਮੁਸਲਿਮ ਲੀਗ (ਆਈਯੂਐੱਮਐੱਲ) ਠੀਕ ਉਸੇ ਤਰ੍ਹਾਂ ਇੱਕ ਵੱਡਾ ਭਾਈਵਾਲ ਹੈ, ਜਿਵੇਂ ਕੇਰਲ ਕਾਂਗਰਸ (ਮਣੀ) ਜੋ ਇਸਾਈ ਭਾਈਚਾਰੇ ਦੇ ਹਿੱਤਾਂ ਦੀ ਨੁਮਾਇੰਦਗੀ ਕਰਦੀ ਹੈ।
ਵਿਜਯਨ ਨੇ ਸੀਪੀਐੱਣ ਦੀ 'ਹਿੰਦੂ ਪਾਰਟੀ' ਹੋਣ ਦੇ ਅਕਸ ਨੂੰ ਉਸ ਸਮੇਂ ਬਦਲਿਆ ਜਦੋਂ ਕੇਰਲ ਦੀ ਸਿਆਸਤ ਬੇਹੱਤ ਅਹਿਮ ਮੋੜ 'ਤੇ ਖੜੀ ਸੀ। ਇੱਕ ਸਮਾਂ ਅਜਿਹਾ ਸੀ ਜਦੋਂ ਕਿਹਾ ਜਾਂਦਾ ਸੀ ਕਿ ਸੀਪੀਐੱਮ ਆਪਣੇ ਮੈਂਬਰਾਂ ਨੂੰ ਗਵਾ ਰਹੀ ਹੈ, ਪਰ ਉਸ ਦੀ ਮੈਂਬਰਸ਼ਿਪ ਵਿੱਚ ਕਮੀ ਨਹੀਂ ਆ ਰਹੀ ਸੀ। ਇਸ ਦਾ ਕਾਰਨ ਇਹ ਸੀ ਕਿ ਪਾਰਟੀ ਮੁਸਲਮਾਨ ਅਤੇ ਇਸਾਈ ਭਾਈਚਾਰਿਆਂ ਦੇ ਲੋਕਾਂ ਨੂੰ ਆਪਣੇ ਨਾਲ ਜੋੜਕੇ ਨਵੇਂ ਮੈਂਬਰ ਬਣਾ ਰਹੀ ਸੀ।
ਭਾਸਕਰ ਕਹਿੰਦੇ ਹਨ ਕਿ, "ਵਿਜਯਨ ਨੇ ਇਹ ਕੰਮ ਬਹੁਤ ਚਤੁਰਾਈ ਨਾਲ ਕੀਤਾ। ਹੁਣ ਸੀਪੀਐੱਮ ਪੁਰਾਣੇ ਆਗੂਆਂ ਦੀ ਪਾਰਟੀ ਨਹੀਂ ਰਹਿ ਗਈ ਸੀ। ਪਾਰਟੀ ਦੇ ਨਵੇਂ ਮੈਂਬਰ ਉਨ੍ਹਾਂ ਦੇ ਸ਼ੁਕਰਗੁਜ਼ਾਰ ਸਨ। ਉਹ ਰਣਨੀਤੀ ਘਾੜੇ ਹਨ। ਇਸ ਵਿੱਚ ਕੋਈ ਦੋ ਰਾਇ ਨਹੀਂ। ਇਸ ਮਾਮਲੇ ਵਿੱਚ ਅਸੀਂ ਵਿਯਜਨ ਅਤੇ ਮੋਦੀ ਵਿੱਚ ਕਈ ਸਮਾਨਤਾਵਾਂ ਦੇਖ ਸਕਦੇ ਹਾਂ।"
ਵਿਯਜਨ ਨੇ ਪਾਰਟੀ ਲਈ ਫ਼ੰਡ ਇਕੱਠੇ ਕਰਨ ਲਈ ਬਹੁਤ ਫ਼ੁਰਤੀ ਨਾਲ 'ਚੀਨ ਵਾਲੀ ਲਾਈਨ' ਫ਼ੜ ਲਈ ਸੀ।
ਭਾਸਰਕ ਕਹਿੰਦੇ ਹਨ, "ਕੈਰਾਲੀ ਟੈਲੀਵੀਜ਼ਨ ਚੈਨਲ ਇਸ ਦਾ ਬਹਿਤਰੀਨ ਉਦਾਹਰਣ ਹੈ। ਇਸ ਨੂੰ ਸਿਰਫ਼ ਇੱਕ ਸਾਲ ਵਿੱਚ ਮਹਿਜ਼ ਕਲਪਨਾਂ ਤੋਂ ਹਕੀਕਤ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ ਅਤੇ ਇਸ ਲਈ ਖਾੜੀ ਦੇਸਾਂ ਵਿੱਚ ਰਹਿਣ ਵਾਲੇ ਮਲਿਆਈ ਲੋਕਾਂ ਦੀ ਮਦਦ ਲਈ ਗਈ ਸੀ।"
ਉਹ ਦੱਸਦੇ ਹਨ, "ਵਿਜਯਨ ਨੇ ਉਸ ਸਮੇਂ ਕਰਾਉਡ ਫ਼ੰਡਿਗ ਦੀ ਮਦਦ ਲਈ ਸੀ,ਜਦੋਂ ਇਹ ਭਾਰਤ ਦੇ ਉਦਯੋਗ ਜਗਤ ਵਿੱਚ ਪ੍ਰਚਲਤ ਵੀ ਨਹੀਂ ਸੀ ਹੋਈ। ਚੀਨ ਦੀ ਸਮਾਜਵਾਦੀ ਬਾਜ਼ਾਰਵਾਦੀ ਅਰਥਵਿਵਸਥਾ ਦੀ ਤਰ੍ਹਾਂ, ਵਿਜਯਨ ਨੇ ਵੀ ਇੱਕ ਸਮਾਜਵਾਦੀ ਬਾਜ਼ਾਰਵਾਦੀ ਪਾਰਟੀ ਬਣਾਈ ਹੈ।"
ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਅਤੇ ਪੁਰਸਕਾਰ ਜੇਤੂ ਕਵਿਤਰੀ ਡਾ. ਪ੍ਰਭਾ ਵਰਮਾਂ ਨੇ ਬੀਬੀਸੀ ਹਿੰਦੀ ਨੂੰ ਦੱਸਿਆ, "ਵਿਜਯਨ ਜੋ ਵੀ ਫ਼ੈਸਲਾ ਲੈਂਦੇ ਹਨ, ਉਹ ਉਸ ਨੂੰ ਹਮੇਸ਼ਾਂ ਪਾਰਟੀ ਦੀਆਂ ਨੀਤੀਆਂ ਨੂੰ ਧਿਆਨ ਵਿੱਚ ਰੱਖਕੇ ਲੈਂਦੇ ਹਨ। ਉਹ ਪੋਲਿਟ ਬਿਊਰੋ ਦੇ ਮੈਂਬਰ ਹਨ ਅਤੇ ਪਾਰਟੀ ਲਾਈਨ ਤੋਂ ਚੰਗੀ ਤਰ੍ਹਾਂ ਵਾਕਫ਼ ਹਨ।"
ਪਿਨਰਾਈ ਵਿਜਯਨ ਅਤੇ ਤੱਤਕਾਲੀਨ ਮੁੱਖ ਮੰਤਰੀ ਬੀਐੱਸ ਅਚਿਉਤਾਨੰਦਨ ਦਰਮਿਆਨ ਲਗਾਤਾਰ ਚਲੀ ਖਿਚੋਂਤਾਣ ਇੱਕ ਸਮੇਂ ਅਜਿਹੇ ਮੋੜ 'ਤੇ ਆ ਪਹੁੰਚੀ ਕਿ ਪਾਰਟੀ ਦੀ ਕੇਂਦਰੀ ਅਗਵਾਈ ਨੇ ਦੋਵਾਂ ਹੀ ਆਗੂਆਂ ਨੂੰ ਕੁਝ ਸਮੇਂ ਲਈ ਪੋਲਿਟ ਬਿਊਰੋ ਤੋਂ ਬਾਹਰ ਕਰ ਦਿੱਤਾ ਸੀ। ਅਚਿਉਤਾਨੰਦਨ ਚਾਹੇ ਹੀ ਬੇਹੱਦ ਮਸ਼ਹੂਰ ਜ਼ਮੀਨੀ ਆਗੂ ਰਹੇ ਹਨ, ਪਰ ਉਨ੍ਹਾਂ ਨੂੰ ਆਪਣੇ ਹਰ ਫ਼ੈਸਲੇ ਲਈ ਪਾਰਟੀ ਵਿੱਚ ਉਨ੍ਹਾਂ ਦੇ ਬੌਸ ਵਿਜਯਨ ਦੀ ਸਹਿਮਤੀ ਲੈਣੀ ਪੈਂਦੀ ਸੀ।
2016 ਦੀਆਂ ਵਿਧਆਨ ਸਭਾ ਚੋਣਾਂ ਵਿੱਚ ਸੀਪੀਐੱਮ ਦੀ ਕੇਂਦਰੀ ਅਗਵਾਈ ਵਿੱਚ ਮੁੱਖ ਮੰਤਰੀ ਦੇ ਆਹੁਦੇ ਲਈ ਵਿਜਯਨ ਨੂੰ ਤਰਜ਼ੀਹ ਦਿੱਤੀ ਗਈ ਕਿਉਂਕਿ ਅਚਿਉਤਾਨੰਦਨ ਤੋਂ ਉਮਰ ਵਿੱਚ ਵੀਹ ਸਾਲ ਘੱਟ ਸਨ, ਹਾਲਾਂਕਿ ਉਸ ਸਮੇਂ ਵੀ ਉਨ੍ਹਾਂ ਦੀ ਉਮਰ 72 ਸਾਲ ਸੀ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਹਰ ਸੰਕਟ ਵਿੱਚ ਮਾਰਗਦਰਸ਼ਕ
ਪਰ ਮੁੱਖ ਮੰਤਰੀ ਬਣਨ ਤੋਂ ਬਾਅਦ ਵਿਜਯਨ ਨੇ ਖ਼ੁਦ ਨੂੰ ਇੱਕ ਕੁਸ਼ਲ ਪ੍ਰਸ਼ਾਸਕ ਵਜੋਂ ਸਥਾਪਿਤ ਕਰ ਲਿਆ। ਜਿਨ੍ਹਾਂ ਲੋਕਾਂ ਨੇ ਸ਼ੁਰੂਆਤ ਵਿੱਚ ਅਜਿਹਾ ਲੱਗਦਾ ਸੀ ਕਿ ਉਹ ਮੁੱਖ ਮੰਤਰੀ ਦੀ ਬਜਾਇ ਪਾਰੀਟ ਦੇ ਸਕੱਤਰ ਵਰਗਾ ਵਿਵਹਾਰ ਕਰ ਰਹੇ ਹਨ, ਉਨ੍ਹਾਂ ਲੋਕਾਂ ਨੇ ਵੀ ਵਿਜਯਨ ਬਾਰੇ ਆਪਣੀ ਰਾਇ ਬਹੁਤ ਜਲਦ ਬਦਲ ਲਈ। ਕੇਰਲ 'ਤੇ ਜਦੋਂ ਵੀ ਕਿਸੇ ਕੁਦਰਤੀ ਆਫ਼ਤ ਨੇ ਹਮਲਾ ਕੀਤਾ, ਤਾਂ ਵਿਜਯਨ ਦੇ ਕੁਸ਼ਲ ਪ੍ਰਸ਼ਾਸਕ ਹੋਣ ਦਾ ਇੱਕ ਨਵਾਂ ਪਹਿਲੂ ਨਜ਼ਰ ਆਇਆ। ਇਸੇ ਕਾਰਨ ਲੋਕਾਂ ਨੇ ਵਿਜਯਨ ਨੂੰ 'ਕਪਤਾਨ' ਕਹਿਣਾ ਸ਼ੁਰੂ ਕਰ ਦਿੱਤਾ।
ਫ਼ਿਰ ਚਾਹੇ ਸਮੁੰਦਰੀ ਤੁਫ਼ਾਨ ਹੋਣ ਜਿੰਨਾਂ ਨੇ ਮਛਿਆਰਿਆਂ ਨੂੰ ਤਬਾਹ ਕਰ ਦਿੱਤਾ ਜਾਂ ਫ਼ਿਰ 2018 ਵਿੱਚ ਆਏ ਭਿਆਨਕ ਹੜ੍ਹ ਅਤੇ 2019 ਵਿੱਚ ਨਿਪਾਹ ਵਾਇਰਸ ਦਾ ਪ੍ਰਕੋਪ ਜਾਂ ਫਡਿਰ ਲੰਬੇ ਸਮੇਂ ਤੋਂ ਕਹਿਰ ਢਾਹ ਰਹੀ ਕੋਵਿਡ-19 ਮਹਾਂਮਾਰੀ। ਮੁੱਖ ਮੰਤਰੀ ਵਜੋਂ ਵਿਜਯਨ ਦੀ ਹਮੇਸ਼ਾ ਹਾਲਾਤ 'ਤੇ ਮਜ਼ਬੂਤ ਪਕੜ ਬਣੀ ਰਹੀ।
2018 ਦੇ ਹੜ੍ਹਾਂ ਦੌਰਾਨ ਉਨ੍ਹਾਂ ਨੇ ਫ਼ੈਸਲਾ ਲਿਆ ਕਿ ਪ੍ਰੀਕਿਰਿਆ ਦਾ ਵਿਕੇਂਦਰੀਕਰਨ ਕਰਕੇ ਸਾਰੇ ਵਰਗਾਂ ਦੇ ਲੋਕਾਂ ਨੂੰ ਇੱਕਜੁੱਟ ਕਰਕੇ ਮਜ਼ਬੂਤੀ ਨਾਲ ਉਸ ਆਫ਼ਤ ਨਾਲ ਨਜਿੱਠਣ ਲਈ ਇਕੱਠਾ ਕੀਤਾ। ਉਸ ਸਮੇਂ ਵਿਜਯਨ ਨੇ ਪੰਚਾਇਤ ਪੱਧਰ 'ਤੇ ਅਧਿਕਾਰੀਆਂ ਨੂੰ ਵੀ ਫ਼ੈਸਲਾ ਲੈਣ ਦਾ ਅਧਿਕਾਰ ਦੇ ਦਿੱਤੇ ਸਨ।
ਵਿਜਯਨ ਦੇ ਦਫ਼ਤਰ ਦੇ ਅਧਿਕਾਰੀਆਂ ਨੇ ਮੈਨੂੰ ਕੇਰਲ ਦੀ ਵਿੱਚ ਹੜ੍ਹਾਂ ਦੌਰਾਨ ਦੱਸਿਆ ਸੀ ਕਿ ਮੁੱਖ ਮੰਤਰੀ ਸਵੇਰੇ ਨੌ ਵਜੇ ਦਫ਼ਤਰ ਆ ਜਾਂਦੇ ਸਨ ਅਤੇ ਰਾਤ ਨੂੰ ਡੇਢ ਵਜੇ ਤੱਕ ਅਧਿਕਾਰੀਆਂ ਦੇ ਨਾਲ ਕੰਮ ਵਿੱਚ ਲੱਗੇ ਰਹਿੰਦੇ ਸਨ।
ਆਮ ਦਿਨਾਂ ਵਿੱਚ ਵੀ ਉਹ ਸਵੇਰੇ ਨੌ ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਕੰਮ ਕਰਦੇ ਹਨ।
ਹਰ ਸੰਕਟ ਦੌਰਾਨ ਹਰ ਰੋਜ਼ ਵਿਜਯਨ ਖ਼ੁਦ ਮੀਡੀਆ ਨੂੰ ਜਾਣਕਾਰੀ ਦੇਣ ਨੂੰ ਤਰਜ਼ੀਹ ਦਿੰਦੇ ਹਨ। ਇਸ ਨਾਲ ਉਨ੍ਹਾਂ ਦੇ ਵਿਅਕਤੀਤਵ ਅਤੇ ਲੋਕਪ੍ਰਿਅਤਾ ਵਿੱਚ ਨਿਖ਼ਾਰ ਆਇਆ ਹੈ। ਇੱਕ ਪੱਤਰਕਾਰ ਨੇ ਨਾਮ ਨਾ ਦੱਸਣ ਦੀ ਸ਼ਰਤੇ 'ਤੇ ਕਿਹਾ, "ਲੋਕਾਂ ਦਾ ਖ਼ੁਦ 'ਤੇ ਵਿਸ਼ਵਾਸ ਵਧਿਆ, ਕਿਉਂਕਿ ਉਨ੍ਹਾਂ ਨੇ ਇਹ ਮਹਿਸੂਸ ਕੀਤਾ ਕਿ ਉਨ੍ਹਾਂ ਦੇ ਉੱਪਰ ਕੋਈ ਭਰੋਸੇਮੰਦ ਆਦਮੀ ਹੈ, ਹਾਲਾਤ ਜਿਸਦੇ ਕਾਬੂ ਵਿੱਚ ਹਨ। ਉਨ੍ਹਾਂ ਨੂੰ ਇੱਕ ਨਿਰਣਾਇਕ ਆਗੂ ਵਜੋਂ ਜਾਣਿਆ ਜਾਂਦਾ ਹੈ। "

ਤਸਵੀਰ ਸਰੋਤ, fb/cmo kerala
ਪਰ, ਇਹ ਸਾਬਰਮਤੀ ਵਿਵਾਦ ਸੀ ਜਦੋਂ ਸਵਾਮੀ ਅਏਅੱਪਾ ਦੇ ਮੰਦਰ ਵਿੱਚ ਮਹਾਂਮਾਰੀ ਵਾਲੀਆਂ ਔਰਤਾਂ ਨੂੰ ਜਾਣ ਲਈ ਸੁਪਰੀਮ ਕੋਰਟ ਨੇ ਇਜਾਜ਼ਤ ਦੇ ਦਿੱਤੀ ਸੀ, ਜਿਸ ਵਿੱਚ ਵਿਜਯਨ ਲੜਖੜਾ ਗਏ ਸਨ। ਇੱਕ ਸਾਬਕਾ ਅਧਿਕਾਰੀ ਨੇ ਨਾਮ ਨਾ ਜ਼ਾਹਰ ਕਰਨ ਦੀ ਸ਼ਰਤ 'ਤੇ ਦੱਸਿਆ, "ਇਹ ਪੂਰਾ ਵਿਵਾਦ ਪੁਲਿਸ ਦਾ ਘੜਿਆ ਹੋਇਆ ਸੀ। ਉਸ ਸਮੇਂ ਵਿਜਯਨ ਸਿਰਫ਼ ਪੁਲਿਸ ਅਧਿਕਾਰੀਆਂ ਦੀ ਸਲਾਹ 'ਤੇ ਤੁਰੇ। ਉਨ੍ਹਾਂ ਨੂੰ ਚਾਹੀਦਾ ਸੀ ਕਿ ਉਹ ਉਮੇਨ ਚਾਂਡੀ (ਕਾਂਗਰਸ ਦੇ ਆਗੂ) ਦੀ ਤਰ੍ਹਾਂ ਸਰਵ ਦਲ ਮੀਟਿੰਗ ਬੁਲਾਉਂਦੇ ਅਤੇ ਸਾਰੇ ਵਿਵਾਦ ਦੀ ਅੱਗ ਨੂੰ ਠੰਡਾ ਕਰ ਦਿੰਦੇ।"
ਕੇਰਲ ਦੇ ਇੱਕ ਹੋਰ ਸਾਬਕਾ ਅਧਿਕਾਰੀ ਕਹਿੰਦੇ ਹਨ ਕਿ, ਸਾਡੇ ਵਰਗੇ ਲੋਕ ਅਜਿਹੇ ਹਨ, ਜੋ ਇਹ ਮੰਨਦੇ ਹਨ ਕਿ ਵਿਜਯਨ ਸਟਾਕਹੌਮ ਸਿੰਡਰਮ ਦਾ ਸ਼ਿਕਾਰ ਹਨ। ਇਸ ਦਾ ਕਾਰਣ ਇਹ ਹੈ ਕਿ , ਐਮਰਜੈਂਸੀ ਦੌਰਾਨ ਉਨ੍ਹਾਂ ਨੇ ਬਹੁਤ ਟਾਰਚਰ ਝੱਲਿਆ ਸੀ। ਸਾਬਕਾ ਮੁੱਖ ਮੰਤਰੀ ਕੇ ਕਰੁਣਾਕਰਨ ਨੂੰ ਪਤੀ ਸੀ ਕਿ ਪੁਲਿਸ ਦੀ ਵਰਤੋਂ ਕਿਸਤ ਤਰ੍ਹਾਂ ਕਰਨੀ ਹੈ। ਪਰ ਵਿਜਯਨ ਦੇ ਮਾਮਲੇ ਵਿੱਚ ਸਥਿਤੀ ਇਸ ਦੇ ਉੱਲਟ ਹੈ। ਜਦੋਂ ਵੀ ਕਿਸੇ ਮਾਮਲੇ ਵਿੱਚ ਪੁਲਿਸ ਜੁੜ ਜਾਂਦੀ ਹੈ, ਤਾਂ ਉਹ ਤਰਕਹੀਣ ਹੋ ਜਾਂਦਾ ਹੈ।
ਵਿਜਯਨ 'ਤੇ ਪੁਲਿਸ ਅਧਿਕਾਰੀਆਂ ਦਾ ਬਹੁਤ ਅਸਰ ਹੋਣ ਦੀ ਸੋਚ ਨੂੰ ਛੱਡ ਦਈਏ ਤਾਂ ਵਿਜਯਨ ਦੇ ਸਿਹਤ, ਬੁਨਿਆਦੀ ਢਾਂਚੇ ਅਤੇ ਸਮਾਜਿਕ ਸੁਰੱਖਿਆ 'ਤੇ ਜ਼ੋਰ ਦੇਣ ਕਾਰਨ ਉਨ੍ਹਾਂ ਨੂੰ ਬਹੁਤ ਲੋਕਪ੍ਰਿਆ ਮੰਨਿਆ ਜਾਂਦਾ ਹੈ।
ਇਸ ਤੋਂ ਇਲਾਵਾ, ਵਿਜਯਨ ਦੇ ਸਖ਼ਤ ਅਕਸ ਦੇ ਚਲਦਿਆਂ ਅਕਸਰ ਅਧਿਕਾਰੀ ਹੀ ਨਹੀਂ ਬਲਕਿ ਰਾਜਨੇਤਾ ਵੀ ਉਨ੍ਹਾਂ ਅੱਗੇ ਮੂੰਹ ਖੋਲ੍ਹਣ ਤੋਂ ਡਰਦੇ ਹਨ। ਪਰ ਕੁਝ ਅਧਿਕਾਰੀ ਨਿੱਜੀ ਤੌਰ ਤੇ ਇਹ ਸਵਿਕਾਰ ਕਰਦੇ ਹਨ ਕਿ ਉਨ੍ਹਾਂ ਨੇ ਕਦੀ ਵੀ ਇਮਾਨਦਾਰ ਲੋਕਾਂ ਨੂੰ ਅਜਿਹਾ ਕੁਝ ਕਰਨ ਨੂੰ ਨਹੀਂ ਕਿਹਾ ਜੋ ਗ਼ਲਤ ਹੋਵੇ। ਆਮ ਧਾਰਨਾ ਇਹ ਹੀ ਹੈ ਕਿ ਉਹ ਕਿਸੇ ਦੀ ਸਲਾਹ ਨਹੀਂ ਲੈਂਦੇ। ਪਰ ਇਹ ਸੱਚ ਨਹੀਂ ਹੈ। ਉਹ ਲੋਕਾਂ ਦੀਆਂ ਗੱਲਾਂ ਨੂੰ ਸੁਣਦੇ ਹਨ, ਹਾਲਾਂਕਿ ਫ਼ੈਸਲੇ ਉਹ ਖ਼ੁਦ ਲੈਂਦੇ ਹਨ।
ਹਾਲਾਂਕਿ, ਪਿਨਰਾਈ ਵਿਜਯਨ ਦੀ ਫ਼ੈਸਲੇ ਲੈਣ ਦੀ ਸਮਰੱਥਾ ਨੂੰ ਲੈ ਕੇ ਪ੍ਰੋਫ਼ੈਸਰ ਜੇ. ਪ੍ਰਭਾਸ਼ ਦੀ ਰਾਇ ਬਿਲਕੁਲ ਵੱਖਰੀ ਹੈ।
ਪ੍ਰੋਫ਼ੈਸਰ ਪ੍ਰਭਾਸ਼ ਕਹਿੰਦੇ ਹਨ ਕਿ, "ਵਿਜਯਨ ਆਪਣੇ ਆਪ ਵਿੱਚ ਇੱਕ ਪਾਵਰ ਸੈਂਟਰ ਬਣ ਗਏ ਹਨ। ਇਹ ਗੱਲ ਕਮਿਉਨਿਸਟ ਪਾਰਟੀ ਦੀ ਸਮੂਹਿਕ ਅਗਵਾਈ ਦੀ ਕਲਪਣਾ ਦੇ ਬਿਲਕੁਲ ਉੱਲਟ ਹੈ। ਹੁਣ ਜੇ ਅਜਿਹਾ ਹੈ ਤਾਂ ਸੀਪੀਐੱਮ ਅਤੇ ਦੂਜੀਆਂ ਪਾਰਟੀਆਂ ਵਿੱਚ ਕੀ ਫ਼ਰਕ ਰਹਿ ਗਿਆ? ਇਹ ਹੀ ਹਾਲਾਤ ਭਾਜਪਾ ਵਿੱਚ ਵੀ ਦੇਖਣ ਨੂੰ ਮਿਲਦੇ ਹਨ। ਫ਼ਰਕ ਬਸ ਇੰਨੀ ਹੈ ਕਿ ਕੇਰਲ ਵਿੱਚ ਭਾਜਪਾ ਦੀ ਤਰ੍ਹਾਂ ਫ਼ੈਸਲਾ ਲੈਣ ਵਾਲੇ ਦੋ ਲੋਕ ਨਹੀਂ ਹਨ, ਇੱਕ ਹੀ ਵਿਅਕਤੀ ਹੈ।"
ਇਸ ਤੋਂ ਇਲਾਵਾ ਪ੍ਰੋਫ਼ੈਸਰ ਪ੍ਰਭਾਸ਼ ਕਹਿੰਦੇ ਹਨ, "ਸਮਾਜਿਕ ਕਲਿਆਣ ਇੱਕ ਸੁਰੱਖਿਆ ਘੇਰਾ ਹੈ। ਪਰ ਜਿਥੋਂ ਤੱਕ ਕਿਸੇ ਸਮਾਜ ਦੀ ਗੱਲ ਹੈ ਤਾਂ ਉਸ ਦੀ ਬੁਨਿਆਦੀ ਜ਼ਰੂਰਤ ਸਮਾਜਿਕ ਬਦਲਾਅ ਹੈ। ਮੈਨੂੰ ਨਹੀਂ ਲੱਗਦਾ ਕਿ ਵਿਜਯਨ ਦੀ ਸਰਕਾਰ ਸਮਾਜਿਕ ਬਦਲਾਅ ਦੇ ਇਮਤਿਹਾਨ ਵਿੱਚ ਪਾਸ ਹੋਣ ਕਾਬਲ ਮੰਨੀ ਜਾ ਸਕਦੀ ਹੈ।
ਵਿਜਯਨ ਨੇ ਇੱਕ ਅਜਿਹੀ ਸਰਕਾਰ ਦੀ ਅਗਵਾਈ ਕਰ ਰਹੀ ਹੈ, ਜੋ ਬਦਲਾਅ ਲਿਆਉਣ ਦਾ ਬਜਾਇ ਬਸ ਹਾਲਾਤ ਦੇ ਪ੍ਰਬੰਧਨ ਵਿੱਚ ਲੱਗੀ ਹੋਈ ਹੈ।"
ਸਵਾਲ ਇਹ ਹੈ ਕਿ, ਕੀ ਪਿਨਰਾਈ ਵਿਜਯਨ ਆਪਣੇ ਦੂਜੇ ਕਾਰਜਕਾਲ ਵਿੱਚ ਆਪਣੀ ਪਾਰਟੀ ਦੇ ਭਵਿੱਖ ਦੇ ਫ਼ਾਇਦੇ ਲਈ ਆਪਣੇ ਤਰੀਕਿਆਂ ਵਿੱਚ ਬਦਲਾਅ ਲਿਆਉਣਗੇ?
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












