ਪ੍ਰਧਾਨ ਮੰਤਰੀ ਕੇਅਰਜ਼ ਫੰਡ ਜ਼ਰੀਏ ਵੈਂਟੀਲੇਟਰ ਮੰਗਵਾਏ ਗਏ, ਕਿੰਨ੍ਹੇ ਆਏ, ਕਿੰਨੇ ਕਾਰਗਰ ਅਤੇ ਕਿੰਨ੍ਹੇ ਨਿਕਲੇ ਬੇਕਾਰ: ਬੀਬੀਸੀ ਜਾਂਚ

ਤਸਵੀਰ ਸਰੋਤ, Getty Images
- ਲੇਖਕ, ਕੀਰਤੀ ਦੁਬੇ
- ਰੋਲ, ਬੀਬੀਸੀ ਪੱਤਰਕਾਰ
ਪਿਛਲੇ ਸਾਲ ਪ੍ਰਧਾਨ ਮੰਤਰੀ ਕੇਅਰਜ਼ ਫੰਡ 'ਚੋਂ 2 ਹਜ਼ਾਰ ਕਰੋੜ ਰੁਪਏ ਵੈਂਟੀਲੇਟਰਾਂ ਦੀ ਪੂਰਤੀ ਕਰਨ ਲਈ ਦਿੱਤੇ ਗਏ ਸਨ, ਪਰ ਉਨ੍ਹਾਂ ਵੈਂਟੀਲੇਟਰਾਂ ਦਾ ਕੀ ਹੋਇਆ?
ਬੀਬੀਸੀ ਨੇ ਆਪਣੀ ਜਾਂਚ 'ਚ ਪਾਇਆ ਕਿ-
• ਪੀਐਮ ਕੇਅਰਜ਼ ਫੰਡ ਜ਼ਰੀਏ ਆਰਡਰ ਕੀਤੇ ਗਏ 58 ਹਜ਼ਾਰ 850 ਵੈਂਟੈਲਟਰਾਂ 'ਚੋਂ ਤਕਰੀਬਨ 30 ਹਜ਼ਾਰ ਵੈਂਟੀਲੇਟਰ ਹੀ ਖਰੀਦੇ ਗਏ ਸਨ।
• ਕੋਰੋਨਾ ਦੀ ਪਹਿਲੀ ਲਹਿਰ ਦੇ ਮੱਠਾ ਪੈਣ 'ਤੇ ਵੈਂਟੀਲੇਟਰਾਂ ਦੀ ਕਰੀਦ 'ਚ ਵੀ ਢਿੱਲ ਵਰਤੀ ਗਈ।
• ਇੱਕ ਹੀ ਸਪੇਸੀਫੀਕੇਸ਼ਨ ਵਾਲੇ ਵੈਂਟੀਲੇਟਰਾਂ ਦੀ ਕੀਮਤ 'ਚ ਭਾਰੀ ਅੰਤਰ।
• ਬਿਹਾਰ, ਯੂਪੀ, ਛੱਤੀਸਗੜ੍ਹ, ਰਾਜਸਥਾਨ ਵਰਗੇ ਸੂਬਿਆਂ ਦੇ ਕਈ ਹਸਪਤਾਲਾਂ 'ਚ ਪੀਐਮ ਕੇਅਰਜ਼ ਦੇ ਵੈਂਟੀਲੇਟਰ ਬੇਕਾਰ ਪਏ ਹਨ।
• ਕਈ ਥਾਵਾਂ 'ਤੇ ਤਾਂ ਵੈਂਟੀਲੇਟਰਾਂ ਦੇ ਠੀਕ ਢੰਗ ਨਾਲ ਕੰਮ ਨਾ ਕਰਨ ਦੀ ਸ਼ਿਕਾਇਤ ਵੀ ਆ ਰਹੀ ਹੈ।
• ਕਈ ਥਾਵਾਂ 'ਤੇ ਤਾਂ ਸਿਖਲਾਈ ਪ੍ਰਾਪਤ ਸਟਾਫ ਦੀ ਕਮੀ ਹੈ ਅਤੇ ਕਈ ਥਾਵਾਂ 'ਤੇ ਵਾਇਰਿੰਗ ਖਰਾਬ ਹੈ ਅਤੇ ਕਿਤੇ ਤਾਂ ਅਡੈਪਟਰ ਹੀ ਨਹੀਂ ਹਨ ।
ਇਹ ਵੀ ਪੜ੍ਹੋ
ਦਿੱਲੀ ਦੇ ਸਾਕੇਤ 'ਚ ਰਹਿਣ ਵਾਲੇ ਆਲੋਕ ਗੁਪਤਾ ਆਪਣੀ 66 ਸਾਲਾ ਮਾਂ ਲਈ ਵੈਂਟੀਲੇਟਰ ਵਾਲਾ ਬੈੱਡ ਲੱਭ ਰਹੇ ਹਨ।
ਦਿੱਲੀ, ਫਰੀਦਾਬਾਦ, ਗੁਰੂਗ੍ਰਾਮ ਅਤੇ ਨੋਇਡਾ ਦੇ ਸਾਰੇ ਹੀ ਹਸਪਤਾਲਾਂ ਨਾਲ ਉਹ ਸੰਪਰਕ ਕਰ ਚੁੱਕੇ ਹਨ, ਪਰ ਉਨ੍ਹਾਂ ਨੂੰ ਕਿਤੇ ਵੀ ਬੈੱਡ ਨਹੀਂ ਮਿਲਿਆ ਹੈ। ਉਨ੍ਹਾਂ ਦੀ ਮਾਂ ਦਾ ਆਕਸੀਜਨ ਦਾ ਪੱਧਰ ਜਾਨਲੇਵਾ ਸਥਿਤੀ ਤੱਕ ਪਹੁੰਚ ਗਿਆ ਹੈ।
ਉਹ ਦੱਸਦੇ ਹਨ ਕਿ ਜਿਸ ਦਿਨ ਉਨ੍ਹਾਂ ਦੀ ਮਾਂ ਦਾ ਆਕਸੀਜਨ ਦਾ ਪੱਧਰ 90 ਤੋਂ ਹੇਠਾਂ ਆਇਆ, ਉਦੋਂ ਤੋਂ ਹੀ ਉਹ ਹਸਪਤਾਲ 'ਚ ਵੈਂਟੀਲੇਟਰ ਵਾਲਾ ਬੈੱਡ ਲੱਭ ਰਹੇ ਹਨ। ਪਰ ਅਜੇ ਤੱਕ ਨਹੀਂ ਮਿਲਿਆ ਹੈ। "ਮੇਰੀ ਮਾਂ ਨੂੰ ਆਈਸੀਯੂ ਬੈੱਡ ਦੀ ਸਖਤ ਜ਼ਰੂਰਤ ਹੈ।"
ਯੂਪੀ ਦੇ ਅਲੀਗੜ੍ਹ 'ਚ 18 ਸਾਲ ਦੇ ਨਦੀਮ ਦੀ ਦੋ ਦਿਨ ਪਹਿਲਾਂ ਹੀ ਆਈਸੀਯੂ 'ਚ ਬੈੱਡ ਨਾ ਮਿਲਣ ਦੇ ਕਾਰਨ ਮੌਤ ਹੋ ਗਈ ਸੀ।
ਅਲਾਹਾਬਾਦ 'ਚ ਸਵਰੂਪ ਰਾਣੀ ਹਸਪਤਾਲ 'ਚ 50 ਸਾਲ ਬਤੌਰ ਡਾਕਟਰ ਸੇਵਾਵਾਂ ਨਿਭਾਉਣ ਵਾਲੇ 80 ਸਾਲਾ ਡਾ. ਜੇ ਕੇ ਮਿਸ਼ਰਾ ਨੂੰ ਉਨ੍ਹਾਂ ਦੇ ਹਸਪਤਾਲ 'ਚ ਹੀ ਬੈੱਡ ਨਾ ਮਿਲਿਆ ਅਤੇ ਇਲਾਜ ਦੀ ਘਾਟ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੀ ਪਤਨੀ ਵੀ ਸ਼ਹਿਰ ਦੀ ਮਸ਼ਹੂਰ ਡਾਕਟਰ ਹੈ, ਪਰ ਫਿਰ ਵੀ ਉਹ ਆਪਣੇ ਪਤੀ ਦੀ ਜਾਨ ਨਾ ਬਚਾ ਸਕੀ।
ਰਾਜਧਾਨੀ ਅਤੇ ਦੇਸ਼ ਦੇ ਦੂਜੇ ਸ਼ਹਿਰਾਂ ਦੇ ਹਸਪਤਾਲਾਂ ਦੀ ਜੋ ਸਥਿਤੀ ਹੈ, ਉਸ ਲਈ 'ਭਿਆਨਕ' ਸ਼ਬਦ ਵੀ ਬਹੁਤ ਛੋਟਾ ਹੈ। ਰੋਜ਼ਾਨਾਂ ਹੀ ਕਈ ਅਜਿਹੀਆਂ ਖ਼ਬਰਾਂ ਅਸੀਂ ਪੜ੍ਹ-ਸੁਣ ਰਹੇ ਹਾਂ ਜਿਸ 'ਚ ਇੱਕ-ਇੱਕ ਸਾਹ ਲਈ ਤੜਪਦੇ ਲੋਕਾਂ ਬਾਰੇ ਦੱਸਿਆ ਜਾ ਰਿਹਾ ਹੈ।

ਤਸਵੀਰ ਸਰੋਤ, Getty Images
ਪਹਿਲਾਂ ਹੀ ਸਭ ਕੁਝ ਪਤਾ ਸੀ
ਜਦੋਂ ਪਿਛਲੇ ਸਾਲ ਦੇਸ਼ 'ਚ ਕੋਰੋਨਾ ਦੇ ਮਾਮਲਿਆਂ 'ਚ ਵਾਧਾ ਹੋਇਆ ਸੀ, ਤਾਂ ਇੱਕ ਗੱਲ ਜੋ ਕਿ ਪੂਰੀ ਤਰ੍ਹਾਂ ਨਾਲ ਸਪਸ਼ੱਟ ਸੀ ਕਿ ਹਸਪਤਾਲ 'ਚ ਭਰਤੀ ਹੋਣ ਵਾਲੇ ਕੋਵਿਡ-19 ਵਾਲੇ ਮਰੀਜ਼ਾਂ ਨੂੰ ਸਾਹ ਲੈਣ 'ਚ ਦਿੱਕਤ ਹੋ ਰਹੀ ਹੈ ਅਤੇ ਦੇਸ਼ 'ਚ ਵੈਂਟੀਲੇਟਰਾਂ ਦੀ ਭਾਰੀ ਘਾਟ ਹੈ।
ਵੈਂਟੀਲੇਟਰ ਇੱਕ ਕਿਸਮ ਦਾ ਮੈਡੀਕਲ ਉਪਕਰਣ ਹੈ, ਜੋ ਕਿ ਲਾਗ ਦਾ ਸ਼ਿਕਾਰ ਹੋ ਚੁੱਕੇ ਮਨੁੱਖੀ ਫੇਫੜਿਆਂ ਦੇ ਕਮਜ਼ੋਰ ਹੋਣ 'ਤੇ ਉਨ੍ਹਾਂ ਨੂੰ ਲੋੜੀਂਦੀ ਆਕਸੀਜਨ ਦੇ ਕੇ ਕੰਮ ਕਰਨ ਦੀ ਸਥਿਤੀ 'ਚ ਕਾਇਮ ਕਰਦਾ ਹੈ। ਇਸ ਦੀ ਵਰਤੋਂ ਨਾਲ ਗੰਭੀਰ ਮਰੀਜ਼ਾਂ ਦੀ ਜਾਨ ਬਚਾਈ ਜਾ ਸਕਦੀ ਹੈ।
ਹਾਲਾਂਕਿ ਸਾਲ 2000 'ਚ ਦੇਸ਼ 'ਚ ਵੈਂਟੀਲੇਟਰਾਂ ਦੀ ਗਿਣਤੀ ਸਬੰਧੀ ਕੋਈ ਸਰਕਾਰੀ ਅੰਕੜਾ ਉਪਲਬਧ ਨਹੀਂ ਸੀ, ਪਰ ਸਰਕਾਰੀ ਹਸਪਤਾਲਾਂ 'ਚ ਕੁੱਲ ਆਈਸੀਯੂ ਬੈੱਡਾਂ ਦੇ ਹਿਸਾਬ ਨਾਲ ਅੰਦਾਜ਼ਨ ਦੇਸ਼ 'ਚ 18 ਤੋਂ 20 ਹਜ਼ਾਰ ਵੈਂਟੀਲੇਟਰ ਉਪਲਬਧ ਸਨ।
ਇਹ ਮੰਨਿਆ ਜਾ ਰਿਹਾ ਸੀ ਕਿ ਭਾਰਤ 'ਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਦੋ ਲੱਖ ਤੱਕ ਵੈਂਟੀਲੇਟਰਾਂ ਦੀ ਜ਼ਰੂਰਤ ਹੋ ਸਕਦੀ ਹੈ।
27 ਮਾਰਚ, 2020 ਨੂੰ ਪ੍ਰਧਾਨ ਮੰਤਰੀ ਮੋਦੀ ਨੇ ਪੀਐਮ ਕੇਅਰਜ਼ ਫੰਡ ਦਾ ਐਲਾਨ ਕੀਤਾ। ਇਸ ਫੰਡ ਦੀ ਸ਼ੁਰੂਆਤ ਕੋਵਿਡ-19 ਦੇ ਮੱਦੇਨਜ਼ਰ ਕੀਤੀ ਗਈ ਸੀ।
ਹਾਲਾਂਕਿ ਪ੍ਰਧਾਨ ਮੰਤਰੀ ਰਾਹਤ ਫੰਡ ਪਹਿਲਾਂ ਤੋਂ ਹੀ ਮੌਜੂਦ ਹੈ। ਪ੍ਰਧਾਨ ਮੰਤਰੀ ਨੇ ਖੁਦ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਫੰਡ 'ਚ ਬਣਦਾ ਸਹਿਯੋਗ ਕੀਤਾ ਜਾਵੇ।
ਉੱਘੀਆਂ ਸ਼ਖਸੀਅਤਾਂ ਅਤੇ ਸਨਅਤੀ ਘਰਾਣਿਆਂ ਨੇ ਇਸ ਫੰਡ 'ਚ ਭਾਰੀ ਰਕਮ ਦਾਨ ਕੀਤੀ। ਇਸ ਫੰਡ 'ਚ ਦਾਨ ਕਰਨ ਵਾਲਿਆਂ ਨੂੰ ਕਾਰਪੋਰੇਟ ਸੋਸ਼ਲ ਰਿਸਪੋਨਸੀਬਿਲੀਟੀ (ਸੀਐਸਆਰ) ਦੇ ਤਹਿਤ ਟੈਕਸ 'ਚ ਰਾਹਤ ਦਿੱਤੀ ਗਈ।
ਕਈ ਮੰਤਰਾਲਿਆਂ ਅਤੇ ਜਨਤਕ ਕਾਰਪੋਰੇਸ਼ਨਾਂ 'ਚ ਮੁਲਾਜ਼ਮਾਂ ਦੀਆਂ ਤਨਖਾਹਾਂ ਦਾ ਕੁਝ ਹਿੱਸਾ ਵੀ ਇਸ ਫੰਡ 'ਚ ਦਾਨ ਕੀਤਾ ਗਿਆ।
ਹਾਲਾਂਕਿ ਇਸ ਫੰਡ 'ਚ ਕਿੰਨ੍ਹੇ ਪੈਸੇ ਇੱਕਠੇ ਹੋਏ ਅਤੇ ਉਨ੍ਹਾਂ ਪੈਸਿਆਂ ਨਾਲ ਕੀ ਕੀਤਾ ਗਿਆ, ਇਸ ਬਾਰੇ ਜਾਣਕਾਰੀ ਨਹੀਂ ਮਿਲ ਸਕਦੀ ਹੈ ਕਿਉਂਕਿ ਸਰਕਾਰ ਨੇ ਇਸ ਫੰਡ ਨੂੰ ਕਾਫ਼ੀ ਅਲੋਚਨਾ ਦੇ ਬਾਵਜੂਦ ਸੂਚਨਾ ਦੇ ਅਧਿਕਾਰ ਸਬੰਧੀ ਆਰਟੀਆਈ ਐਕਟ ਦੇ ਦਾਇਰੇ ਤੋਂ ਬਾਹਰ ਰੱਖਿਆ ਹੈ।
ਇਹ ਵੀ ਪੜ੍ਹੋ
58,850 ਵੈਂਟੀਲੇਟਰਾਂ 'ਚੋਂ ਸਿਰਫ 30,000 ਵੈਂਟੀਲੇਟਰ ਹੀ ਖਰੀਦੇ ਗਏ
18 ਮਈ, 2020 ਨੂੰ ਪ੍ਰਧਾਨ ਮੰਤਰੀ ਦੇ ਸਲਾਹਕਾਰ ਭਾਸਕਰ ਕੁਲਬੇ ਨੇ ਸਿਹਤ ਮੰਤਰਾਲੇ ਨੂੰ ਇੱਕ ਚਿੱਠੀ ਲਿਖੀ, ਜਿਸ 'ਚ ਉਨ੍ਹਾਂ ਨੇ ਪੀਐਮ ਕੇਅਰਜ਼ ਫੰਡ 'ਚੋਂ 2 ਹਜ਼ਾਰ ਕਰੋੜ ਦੀ ਰਾਸ਼ੀ ਨਾਲ 50 ਹਜ਼ਾਰ 'ਮੇਡ ਇਨ ਇੰਡੀਆ' ਵੈਂਟੀਲੇਟਰਾਂ ਦਾ ਆਰਡਰ ਦਿੱਤੇ ਜਾਣ ਦੀ ਜਾਣਕਰੀ ਦਿੱਤੀ ਸੀ।
ਇਸ ਦੌਰਾਨ ਸਿਹਤ ਮੰਤਰਾਲੇ ਵੱਲੋਂ ਮਾਰਚ ਮਹੀਨੇ ਦੇ ਅੰਤ 'ਚ ਹੀ ਵੈਂਟੀਲੇਟਰ ਖਰੀਦਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਸੀ। 5 ਮਾਰਚ, 2020 ਨੂੰ ਸਿਹਤ ਮੰਤਰਾਲੇ ਦੇ ਉਦਯੋਗ ਐਚਐਲਐਲ ਨੇ ਵੈਂਟੀਲੇਟਰਾਂ ਦੀ ਸਪਲਾਈ ਲਈ ਇੱਕ ਟੈਂਡਰ ਕੱਢਿਆ।

ਐਚਐਲਐਲ ਨੇ ਇਸ 'ਚ ਤਕਨੀਕੀ ਵਿਸ਼ੇਸ਼ਤਾਵਾਂ ਦੀ ਸੂਚੀ ਜਾਰੀ ਕੀਤੀ, ਜੋ ਕਿ ਇੰਨ੍ਹਾਂ ਵੈਂਟੀਲੇਟਰਾਂ 'ਚ ਹੋਣੀ ਚਾਹੀਦੀ ਹੈ। ਇਸ ਸੂਚੀ ਨੂੰ ਸਮੇਂ-ਸਮੇਂ 'ਤੇ ਬਦਲਿਆ ਗਿਆ ਅਤੇ ਕੁੱਲ 9 ਵਾਰ ਇਸ 'ਚ ਸੋਧ ਕੀਤੀ ਗਈ। 18 ਅਪ੍ਰੈਲ, 2020 ਨੂੰ 9ਵੀਂ ਵਾਰ ਕੁਝ ਨਵੀਆਂ ਵਿਸ਼ੇਸ਼ਤਾਵਾਂ ਇਸ 'ਚ ਸ਼ਾਮਲ ਕੀਤੀਆਂ ਗਈਆਂ।
ਸ਼ਮਾਜ ਸੇਵੀ ਅੰਜਲੀ ਭਾਰਦਵਾਜ ਦੀ ਸਾਲ 2020 ਦੀ ਇੱਕ ਆਰਟੀਆਈ 'ਤੇ ਦਿੱਤੇ ਗਏ ਜਵਾਬ ਤੋਂ ਪਤਾ ਲੱਗਿਆ ਹੈ ਕਿ ਸਰਕਾਰੀ ਉੱਦਮ, ਭਾਰਤ ਇਲੈਕਟ੍ਰੋਨਿਕਸ ਲਿਮਟਿਡ, ਬੀਈਐਲ ਨੂੰ 30 ਹਜ਼ਾਰ ਵੈਂਟੀਲੇਟਰ ਬਣਾਉਣ ਦਾ ਕੰਟਰੈਕਟ ਮਿਲਿਆ ਹੈ। ਇਸ ਲਈ ਬੀਈਐਲ ਨੇ ਮੈਸੂਰ ਦੀ ਇੱਕ ਕੰਪਨੀ ਸਕੈਨਰ ਤੋਂ ਮਦਦ ਲਈ ਹੈ।

ਨੋਇਡਾ ਦੀ ਕੰਪਨੀ ਐਗਵਾ ਹੈਲਥਕੇਅਰ ਨੂੰ 10 ਹਜ਼ਾਰ ਵੈਂਟੀਲੇਟਰ ਬਣਾਉਣ ਦਾ ਆਰਡਰ ਮਿਲਿਆ ਹੈ। ਇਸ ਤੋਂ ਪਹਿਲਾਂ ਐਗਵਾ ਕੋਲ ਵੈਂਟੀਲੇਟਰ ਬਣਾਉਣ ਦਾ ਕੋਈ ਤਜ਼ਰਬਾ ਨਹੀਂ ਸੀ।
ਆਂਧਰਾ ਪ੍ਰਦੇਸ਼ ਦੀ ਇੱਕ ਸਰਕਾਰੀ ਕੰਪਨੀ ਆਂਧਰਾ ਪ੍ਰਦੇਸ਼ ਮੈਡਟੇਕ ਜ਼ੋਨ, ਏਐਮਟੀਜ਼ੈੱਡ ਨੂੰ 13,500 ਵੈਂਟੀਲੇਟਰ ਬਣਾਉਣ ਦਾ ਆਰਡਰ ਮਿਲਿਆ ਹੈ।
ਗੁਜਰਾਤ ਦੇ ਰਾਜਕੋਟ ਦੀ ਕੰਪਨੀ ਜੋਤੀ ਸੀਐਨਸੀ ਨੂੰ 5 ਹਜ਼ਾਰ ਵੈਂਟੀਲੇਟਰ ਬਣਾਉਣ ਦਾ ਠੇਕਾ ਹਾਸਲ ਹੋਇਆ ਹੈ। ਇਹ ਉਹੀ ਕੰਪਨੀ ਹੈ, ਜਿਸ ਦੇ ਧਮਨ-1 ਵੈਂਟੀਲੇਟਰ ਨੂੰ ਲੈ ਕੇ ਅਹਿਮਦਾਬਾਦ ਦੇ ਡਾਕਟਰਾਂ ਨੇ ਸਵਾਲ ਖੜ੍ਹੇ ਕੀਤੇ ਸਨ।
ਪਰ ਇਸ ਦੇ ਬਾਵਜੂਦ ਕੰਪਨੀ ਨੂੰ ਆਰਡਰ ਦਿੱਤਾ ਗਿਆ ਹੈ। ਗੁਗੂਗ੍ਰਾਮ ਦੀ ਕੰਪਨੀ ਅਲਾਈਡ ਮੈਡੀਕਲ ਨੂੰ 350 ਮਸ਼ੀਨਾਂ ਦਾ ਆਰਡਰ ਮਿਲਿਆ ਹੈ।
ਪ੍ਰਧਾਨ ਮੰਤਰੀ ਕੇਅਰਜ਼ ਫੰਡ ਜ਼ਰੀਏ ਕਿੰਨ੍ਹੇ ਵੈਂਟੀਲੇਟਰ ਬਣਾਏ ਗਏ ਹਨ, ਇਸ ਸਬੰਧੀ ਜਾਣਕਾਰੀ ਹਾਸਲ ਕਰਨ ਲਈ ਬੀਬੀਸੀ ਨੇ ਆਰਟੀਆਈ ਰਾਹੀਂ ਅਤੇ ਨਿਰਮਾਣ ਕੰਪਨੀਆਂ ਦੇ ਮਾਲਕਾਂ ਨਾਲ ਗੱਲਬਾਤ ਕਰਕੇ ਸਥਿਤੀ ਦਾ ਪਤਾ ਲਗਾਉਣ ਦਾ ਯਤਨ ਕੀਤਾ ਹੈ।
7 ਸਤੰਬਰ, 2020 ਦੀ ਆਰਟੀਆਈ ਅਰਜ਼ੀ ਦੇ ਜਵਾਬ 'ਚ ਐਚਐਲਐਲ ਨੇ ਦੱਸਿਆ ਕਿ ਬੀਈਐਲ ਨੇ 24,332, ਐਗਵਾ ਨੇ 5,000 ਅਤੇ ਅਲਾਈਡ ਮੈਡੀਕਲ ਨੇ 350 ਵੈਂਟੀਲੇਟਰ ਅਤੇ ਬੀਪੀਐਲ ਨੇ 13 ਵੈਂਟੀਲੇਟਰਾਂ ਦੀ ਸਪਲਾਈ ਕੀਤੀ ਹੈ।
ਇਸ ਤੋਂ ਬਾਅਦ ਵੈਂਟੀਲੇਟਰਾਂ ਦੀ ਸਪਾਲਈ ਨਹੀਂ ਹੋਈ ਹੈ। ਇੱਕ ਸਾਲ ਬਾਅਦ 2965 ਵੈਂਟੀਲੇਟਰਾਂ ਦੀ ਸਪਲਾਈ ਹੋਈ ਹੈ ਜਦਕਿ ਜ਼ਰੂਰਤ ਡੇਢ ਲੱਖ ਤੋਂ ਵੀ ਵੱਧ ਵੈਂਟੀਲੇਟਰਾਂ ਦੀ ਸੀ।

ਤਸਵੀਰ ਸਰੋਤ, Getty Images
ਵੈਂਟੀਲੇਟਰ ਤਿਆਰ ਹੋਣ ਦੇ ਬਾਵਜੂਦ ਐਚਐਲਐਲ ਨੇ ਪਰਚੇਜ਼ ਆਰਡਰ ਨਹੀਂ ਦਿੱਤਾ
ਐਗਵਾ ਹੈਲਥ ਨੇ ਆਖ਼ਰੀ ਖੇਪ ਜੁਲਾਈ 2020 ਦੇ ਪਹਿਲੇ ਹਫ਼ਤੇ ਭੇਜੀ ਸੀ ਅਤੇ ਪਿਛਲੇ ਸਤੰਬਰ ਮਹੀਨੇ ਤੱਕ ਉਸ ਨੂੰ 41 ਕਰੋੜ 59 ਲੱਖ 40 ਹਜ਼ਾਰ ਦੀ ਅਦਾਇਗੀ ਕੀਤੀ ਗਈ ਹੈ। ਅਲ਼ਾਈਡ ਮੈਡੀਕਲ ਨੂੰ ਉਸ ਦੇ 350 ਵੈਂਟੀਲੇਟਰਾਂ ਲਈ 27 ਕਰੋੜ 16 ਲੱਖ ਰੁਪਏ ਅਤੇ ਬੀਈਐਲ ਨੂੰ 1 ਕਰੋੜ 71 ਲੱਖ ਦਾ ਭੁਗਤਾਨ ਕੀਤਾ ਗਿਆ ਹੈ।
ਆਰਟੀਆਈ ਦੇ ਜਵਾਬ ਤੋਂ ਇੱਕ ਗੱਲ ਤਾਂ ਸਾਹਮਣੇ ਆਈ ਹੈ ਕਿ ਇੱਕ ਹੀ ਸਰਕਾਰੀ ਟੈਂਡਰ 'ਚ ਇੱਕੋ ਜਿਹੀ ਵਿਸ਼ੇਸ਼ਤਾ ਵਾਲੇ ਵੱਖ-ਵੱਖ ਕੰਨੀਆਂ ਦੇ ਵੈਂਟੀਲੇਟਰਾਂ ਦੀ ਕੀਮਤ 'ਚ ਬਹੁਤ ਵੱਡਾ ਅੰਤਰ ਹੈ।
ਅਲਾਈਡ ਮੈਡੀਕਲ ਦੇ ਇੱਕ ਵੈਂਟੀਲੇਟਰ ਦਾ ਮੁੱਲ 8.62 ਲੱਖ ਹੈ, ਜਦਕਿ ਐਗਵਾ ਦੇ ਇੱਕ ਵੈਂਟੀਲੇਟਰ ਦੀ ਕੀਮਤ 1.66 ਲੱਖ ਹੈ। ਇਸ ਦਾ ਮਤਲਬ ਇਹ ਹੈ ਕਿ ਕੀਮਤ 'ਚ ਸੱਤ ਤੋਂ ਅੱਠ ਗੁਣਾ ਦਾ ਅੰਤਰ ਹੈ।
ਬੀਬੀਸੀ ਨੇ ਸਿਹਤ ਮੰਤਰਾਲੇ ਦੇ ਸਕੱਤਰ ਅਤੇ ਨੀਤੀ ਆਯੋਗ ਦੇ ਮੈਂਬਰ ਵੀ ਕੇ ਪੌਲ ਨੂੰ ਮੇਲ ਜ਼ਰੀਏ ਵੈਂਟੀਲੇਟਰ ਦੇ ਮਾਮਲੇ ਸਬੰਧੀ ਸਵਾਲ ਭੇਜੇ ਹਨ, ਜਿਸ ਦਾ ਜਵਾਬ ਮਿਲਦਿਆਂ ਹੀ ਇਸ ਰਿਪੋਰਟ ਨੂੰ ਅਪਡੇਟ ਕਰ ਦਿੱਤਾ ਜਾਵੇਗਾ।
ਨੋਇਡਾ ਸਥਿਤ ਐਗਵਾ ਹੈਲਥਕੇਅਰ, ਜਿਸ ਦਾ ਕਿ ਇਸ ਤੋਂ ਪਹਿਲਾਂ ਵੈਂਟੀਲੇਟਰ ਬਣਾਉਣ ਦਾ ਕੋਈ ਤਜ਼ਰਬਾ ਨਹੀਂ ਹੈ, ਉਸ ਨੇ 10 ਹਜ਼ਾਰ ਦੇ ਆਰਡਰ 'ਚੋਂ ਸਿਰਫ 5 ਹਜ਼ਾਰ ਵੈਨਟੀਲੇਟਰਾਂ ਦੀ ਸਪਲਾਈ ਕੀਤੀ ਹੈ। ਇਹ ਜਾਣਕਾਰੀ ਕੰਪਨੀ ਨੇ ਖੁਦ ਦਿੱਤੀ ਹੈ।

ਤਸਵੀਰ ਸਰੋਤ, Getty Images
ਐਗਵਾ ਦੇ ਸਹਿ-ਸੰਸਥਾਪਕ ਪ੍ਰੋ. ਦਿਵਾਕਰ ਵੈਸ਼ਿਆ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੇ ਪਿਛਲੇ ਸਾਲ ਜੁਲਾਈ ਮਹੀਨੇ ਦੇ ਪਹਿਲੇ ਹਫ਼ਤੇ ਵੈਂਟੀਲੇਟਰ ਡਲੀਵਰ ਕੀਤੇ ਸਨ ਅਤੇ ਉਸ ਤੋਂ ਬਾਅਦ ਉਨ੍ਹਾਂ ਤੋਂ ਵੈਂਟੀਲਟਰ ਨਹੀਂ ਲਏ ਗਏ ਹਨ। ਹੁਣ ਕੁਝ ਹਫ਼ਤੇ ਪਹਿਲਾਂ ਹੀ ਸਾਨੂੰ ਬਾਕੀ ਰਹਿੰਦੇ ਵੈਂਟੀਲੇਟਰ ਦੇਣ ਲਈ ਕਿਹਾ ਗਿਆ ਹੈ। ਹਾਲਾਂਕਿ ਉਨ੍ਹਾਂ ਨੇ ਇਸ ਸਬੰਧੀ ਕੋਈ ਵੀ ਕਾਗਜ਼ ਪੱਤਰ ਬੀਬੀਸੀ ਨੂੰ ਨਹੀਂ ਦਿਖਾਏ ਹਨ।
ਆਂਧਰਾ ਪ੍ਰਦੇਸ਼ ਰਾਜ ਸਰਕਾਰ ਦੇ ਹੇਠ ਕੰਮ ਕਰਨ ਵਾਲੀ ਏਐਮਟੀਜ਼ੈੱਡ, ਜਿਸ ਨੂੰ ਕਿ 13 ਹਜ਼ਾਰ ਵੈਂਟੀਲੇਟਰ ਬਣਾਉਣ ਦਾ ਠੇਕਾ ਮਿਲਿਆ ਸੀ, ਉਸ ਨੇ ਅਜੇ ਤੱਕ ਇੱਕ ਵੀ ਵੈਂਟੀਲੇਟਰ ਸਰਕਾਰ ਨੂੰ ਨਹੀਂ ਦਿੱਤਾ ਹੈ। ਉਸ ਨੂੰ 950 ਬੇਸਿਕ ਵੈਂਟੀਲੇਟਰ ਅਤੇ 4,000 ਹਾਈ ਐਂਡ ਵੈਂਟੀਲੇਟਰ ਬਣਾਉਣ ਦਾ ਆਰਡਰ ਦਿੱਤਾ ਗਿਆ ਸੀ।
ਬੀਬੀਸੀ ਨੂੰ ਵੈਂਕਟੇਸ਼ ਨਾਇਕ ਵੱਲੋਂ ਦਾਇਰ ਕੀਤੀ ਆਰਟੀਆਈ ਮਿਲੀ ਹੈ, ਜਿਸ ਦੇ ਅਨੁਸਾਰ ਬੇਸਿਕ ਮਾਡਲ ਦੀ ਕੀਮਤ 1 ਲੱਖ 66 ਹਜ਼ਾਰ ਰੁਪਏ ਅਤੇ ਹਾਈ ਐਂਡ ਮਾਡਲ ਦੀ ਕੀਮਤ 8 ਲੱਖ 56 ਹਜ਼ਾਰ ਰੁਪਏ ਤੈਅ ਕੀਤੀ ਗਈ ਸੀ।
ਅਪ੍ਰੈਲ 'ਚ ਏਐਮਟੀਜ਼ੈੱਡ ਨੇ ਚੇਨੰਈ ਦੀ ਇੱਕ ਮੈਡੀਕਲ ਤਕਨੋਲੋਜੀ ਕੰਪਨੀ ਟ੍ਰਿਵਿਟੌਨ ਹੈਲਥ ਕੇਅਰ ਨੂੰ 6 ਹਜ਼ਾਰ ਵੈਂਟੀਲੇਟਰ ਬਣਾਉਣ ਦਾ ਕੰਮ ਦਿੱਤਾ ਸੀ।
ਟ੍ਰਿਵਿਟੌਨ ਦੇ ਮੈਨੇਜਿੰਗ ਨਿਰਦੇਸ਼ਕ ਡਾ. ਜੀ ਐਸ ਕੇ ਵੇਲੂ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਨੂੰ 4000 ਬੇਸਿਕ ਅਤੇ 2000 ਹਾਈ ਐਂਡ ਮਾਡਲ ਤਿਆਰ ਕਰਨ ਲਈ ਕਿਹਾ ਗਿਆ ਹੈ। ਇਸ ਵੈਂਟੀਲੇਟਰ ਦੇ ਬਣਨ ਤੋਂ ਬਾਅਦ ਸਾਨੂੰ ਕਈ ਤਕਨੀਕੀ ਟਰਾਇਲ ਦੇਣੇ ਪਏ ਹਨ।
"ਇਸ ਕਾਰਨ ਹੀ ਦੇਰੀ ਹੋਈ ਅਤੇ ਜਦੋਂ ਤੱਕ ਟਰਾਇਲ ਮੁਕੰਮਲ ਹੋਏ ਉਦੋਂ ਤੱਕ ਕੋਰੋਨਾ ਦੀ ਪਹਿਲੀ ਲਹਿਰ ਘੱਟ ਹੋਣੀ ਸ਼ੁਰੂ ਹੋ ਗਈ ਸੀ ਅਤੇ ਫਿਰ ਸਾਨੂੰ ਕਿਹਾ ਗਿਆ ਕਿ ਹੁਣ ਵੈਂਟੀਲੇਟਰਾਂ ਦੀ ਜ਼ਰੂਰਤ ਨਹੀਂ ਹੈ।"
ਵੇਲੂ ਕਹਿੰਦੇ ਹਨ, "ਸਾਡੇ ਕੋਲ ਬਹੁਤ ਸਾਰਾ ਸਟਾਕ ਪਿਆ ਹੋਇਆ ਸੀ ਪਰ ਐਚਐਲਐਲ ਵੱਲੋਂ ਕੋਈ ਪਰਚੇਜ਼ ਆਰਡਰ ਨਹੀਂ ਮਿਲਿਆ ਹੈ। ਐਚਐਲਐਲ ਵੱਲੋਂ ਕਿਹਾ ਗਿਆ ਕਿ ਸੀ ਕਿ ਸਰਕਾਰ ਟੀਕਾਕਰਨ 'ਤੇ ਜ਼ੋਰ ਦੇ ਰਹੀ ਹੈ ਅਤੇ ਹੁਣ ਇੰਨ੍ਹੇ ਵੈਂਟੀਲੇਟਰਾਂ ਦੀ ਜ਼ਰੂਰਤ ਨਹੀਂ ਹੈ।"
"ਪਰ ਹੁਣ ਕੋਰੋਨਾ ਦੀ ਦੂਜੀ ਲਹਿਰ ਆਉਣ ਤੋਂ ਬਾਅਦ ਦੋ ਹਫ਼ਤੇ ਪਹਿਲਾਂ ਹੀ ਸਾਨੂੰ ਆਰਡਰ ਮਿਲਿਆ ਹੈ ਅਤੇ ਅਸੀਂ 1000 ਵੈਂਟੀਲੇਟਰ ਗੁਜਰਾਤ ਸਮੇਤ ਕੁਝ ਹੋਰ ਰਾਜ ਸਰਕਾਰਾਂ ਨੂੰ ਭੇਜ ਚੁੱਕੇ ਹਾਂ।"
ਮੰਤਰਾਲੇ ਵੱਲੋਂ ਐਚਐਲਐਲ ਨੇ ਸਿੱਧੇ ਤੌਰ 'ਤੇ ਟ੍ਰਿਵਿਟੌਨ ਨੂੰ ਠੇਕਾ ਨਹੀਂ ਦਿੱਤਾ ਸੀ, ਬਲਕਿ ਏਐਮਟੀਜ਼ੈੱਡ ਨੂੰ ਠੇਕਾ ਦਿੱਤਾ ਗਿਆ ਸੀ ਅਤੇ ਉਸ ਨੇ ਅੱਗੇ ਟ੍ਰਿਵਿਟੌਨ ਨੂੰ ਇਹ ਕੰਮ ਸੌਂਪਿਆ ਸੀ। ਮਤਲਬ ਕਿ ਏਐਮਟੀਜ਼ੈੱਡ ਨੇ ਆਪਣੇ 13,500 ਵੈਂਟੀਲੇਟਰਾਂ ਦੇ ਆਰਡਰ 'ਚੋਂ 6 ਹਜ਼ਾਰ ਵੈਂਟੀਲੇਟਰ ਦਾ ਆਰਡਰ ਟ੍ਰਿਵਿਟੌਨ ਨੂੰ ਦੇ ਦਿੱਤਾ ਸੀ।
ਟ੍ਰਿਵਿਟੌਨ ਦੇ ਬੇਸਿਕ ਮਾਡਲ ਦੀ ਕੀਮਤ 1,50,000 ਰੁਪਏ ਅਤੇ ਹਾਈ ਐਂਡ ਮਾਡਲ ਦੀ ਕੀਮਤ 7 ਲੱਖ ਤੋਂ ਵੱਧ ਹੈ। ਹਾਲਾਂਕਿ ਵੇਲੂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਸਰਕਾਰ ਹਾਈ ਐਂਡ ਮਾਡਲ ਖਰੀਦਣਾ ਚਾਹੁੰਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਵੈਂਟੀਲੇਟਰਾਂ ਦਾ ਪੂਰਾ ਭੁਗਤਾਨ ਵੀ ਨਹੀਂ ਹੋਇਆ ਹੈ।
ਸਤੰਬਰ 'ਚ ਪ੍ਰਕਾਸ਼ਤ ਹੋਈ ਹਫਪੋਸਟ ਦੀ ਇੱਕ ਰਿਪੋਰਟ ਅਨੁਸਾਰ, ਟ੍ਰਿਵਿਟੌਨ ਨੂੰ 10 ਹਜ਼ਾਰ ਵੈਂਟੀਲੇਟਰਾਂ ਦਾ ਆਰਡਰ ਆਂਧਰਾ ਪ੍ਰਦੇਸ਼ ਦੇ ਏਐਮਟੀਜ਼ੈੱਡ ਵੱਲੋਂ ਦਿੱਤਾ ਗਿਆ ਸੀ। ਹਾਲਾਂਕਿ ਬੀਬੀਸੀ ਨਾਲ ਗੱਲਬਾਤ ਕਰਦਿਆਂ ਵੇਲੂ ਨੇ ਇਸ ਤੋਂ ਇਨਕਾਰ ਕੀਤਾ ਹੈ।
ਬੀਬੀਸੀ ਨੇ ਏਐਮਟੀਜ਼ੈੱਡ ਨੂੰ ਈਮੇਲ ਜ਼ਰੀਏ ਸਵਾਲਾਂ ਦੀ ਸੂਚੀ ਭੇਜੀ ਹੈ, ਜਿਸ ਦਾ ਅਜੇ ਤੱਕ ਕੋਈ ਜਵਾਬ ਸਾਡੇ ਤੱਕ ਨਹੀਂ ਪਹੁੰਚਿਆ ਹੈ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਏਐਮਟੀਜ਼ੈੱਡ ਦਾ ਮਾਮਲਾ
20 ਜੁਲਾਈ, 2020 ਨੂੰ ਇੱਕ ਆਰਟੀਆਈ ਦੇ ਜਵਾਬ 'ਚ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਦੱਸਿਆ ਕਿ ਮੰਤਰਾਲੇ ਨੇ ਪੀਐਮ ਕੇਅਰਜ਼ ਫੰਡ ਤੋਂ ਮਿਲੇ 2 ਹਜ਼ਾਰ ਕਰੋੜ ਰੁਪਏ ਨਾਲ 58 ਹਜ਼ਾਰ 850 ਵੈਂਟੀਲੇਟਰਾਂ ਦਾ ਆਰਡਰ ਦਿੱਤਾ ਸੀ।
ਪਰ ਡਾਇਰੈਕਟਰ ਜਨਰਲ ਆਫ਼ ਹੈਲਥ ਸਰਵਿਸ, ਡੀਜੀਐਚਐਸ ਦੀ ਤਕਨੀਕੀ ਕਮੇਟੀ ਦੇ ਕਲੀਨਿਕਲ ਟਰਾਇਲ ਦੌਰਾਨ ਗੁਜਰਾਤ ਦੀ ਕੰਪਨੀ ਜੋਤੀ ਸੀਐਨਸੀ ਅਤੇ ਏਐਮਟੀਜ਼ੈੱਡ ਦੇ ਵੈਂਟੀਲੇਟਰ ਅਸਫਲ ਰਹੇ। ਅਜਿਹੇ 'ਚ ਇੰਨ੍ਹਾਂ ਦੋਵਾਂ ਕੰਪਨੀਆਂ ਦਾ ਨਾਂਅ ਨਿਰਮਾਤਾਵਾਂ ਦੀ ਸੂਚੀ ਤੋਂ ਬਾਹਰ ਕਰ ਦਿੱਤਾ ਗਿਆ ਸੀ।
ਇਸ ਤੋਂ ਇਲਾਵਾ ਤਿੰਨ ਵੈਂਟੀਲੇਟਰ ਨਿਰਮਾਤਾ ਪੀਐਮ ਕੇਅਰਜ਼ ਲਈ ਵੈਂਟੀਲੇਟਰ ਤਿਆਰ ਕਰ ਰਹੇ ਸਨ। ਜਿਸ 'ਚ ਬੀਈਐਲ-30 ਹਜ਼ਾਰ, ਐਗਵਾ-10 ਹਜ਼ਾਰ ਅਤੇ ਅਲਾਈਡ-350 ਵੈਂਟੀਲੇਟਰ ਬਣਾ ਰਹੇ ਸਨ। ਕੁੱਲ 58 ਹਜ਼ਾਰ 850 ਵੈਂਟੀਲੇਟਰਾਂ ਦੀ ਗਿਣਤੀ ਘੱਟ ਕੇ 40 ਹਜ਼ਾਰ 350 ਰਹਿ ਗਈ ਹੈ।

20 ਜੁਲਾਈ, 2020 ਨੂੰ ਇੱਕ ਆਰਟੀਆਈ ਦੇ ਜਵਾਬ 'ਚ ਸਹਿਤ ਮੰਤਰਾਲੇ ਨੇ ਦੱਸਿਆ ਕਿ 17 ਹਜ਼ਾਰ ਵੈਂਟੀਲੇਟਰ ਡਿਸਪੈਚ ਕੀਤੇ ਜਾ ਚੁੱਕੇ ਹਨ।
ਫਰ ਵੈਂਕਟੇਸ਼ ਨਾਇਕ ਨੇ 7 ਸਤੰਬਰ, 2020 ਦੀ ਆਰਟੀਆਈ ਦਾ ਜੋ ਡਾਟਾ ਬੀਬੀਸੀ ਨਾਲ ਸਾਂਝਾ ਕੀਤਾ ਹੈ, ਉਸ ਅਨੁਸਾਰ 13 ਹਜ਼ਾਰ 500 ਵੈਂਟੀਲੇਟਰਾਂ ਦੇ ਪੀਓ (ਪਰਚੇਜ਼ ਆਰਡਰ) ਦੇ ਨਾਲ ਏਐਮਟੀਜ਼ੈਡ ਦਾ ਨਾਂਅ ਨਿਰਮਾਤਾਵਾਂ ਦੀ ਸੂਚੀ 'ਚ ਸ਼ਾਮਲ ਕੀਤਾ ਗਿਆ ਸੀ।
ਇੱਕ ਹੋਰ ਗੱਲ ਜੋ ਸਮਝਣੀ ਮੁਸ਼ਕਲ ਹੋ ਰਹੀ ਹੈ ਕਿ ਜਦੋਂ ਐਚਐਲਐਲ ਨੇ ਟੈਂਡਰ ਕੱਢਿਆ ਸੀ ਤਾਂ ਉਸ ਦੀਆਂ ਵਿਸ਼ੇਸ਼ਤਾਵਾਂ ਇੱਕ ਹੀ ਕਮੇਟੀ ਵੱਲੋਂ ਤੈਅ ਕੀਤੀਆਂ ਗਈਆਂ ਸਨ ਅਤੇ ਸ਼ਰਤ ਰੱਖੀ ਗਈ ਸੀ ਕਿ ਹਰ ਨਿਰਮਾਤਾ ਆਪਣੇ ਵੈਂਟੀਲੇਟਰਾਂ 'ਚ ਇੰਨ੍ਹਾਂ ਵਿਸ਼ੇਸ਼ਤਾਵਾਂ ਨੂੰ ਸ਼ਾਮਲ ਕਰੇਗਾ।
ਅਜਿਹੇ 'ਚ ਬੇਸਿਕ ਅਤੇ ਹਾਈ ਐਂਡ ਦਾ ਅੰਤਰ ਕਿੱਥੋਂ ਆਇਆ? ਇਸ ਤੋਂ ਇਲਾਵਾ ਇੰਨ੍ਹਾਂ ਦੋਵਾਂ ਦੇ ਫੀਚਰ ਇੱਕ ਦੂਜੇ ਨਾਲੋਂ ਕਿਵੇਂ ਵੱਖ ਹੋਣਗੇ, ਇਹ ਵੀ ਪੂਰੀ ਤਰ੍ਹਾਂ ਨਾਲ ਸਪੱਸ਼ਟ ਨਹੀਂ ਹੈ।

ਤਸਵੀਰ ਸਰੋਤ, Getty Images
ਐਗਵਾ ਵੈਂਟੀਲੇਟਰ 'ਤੇ ਉੱਠ ਰਹੇ ਸਵਾਲ
ਐਗਵਾ ਹੈਲਥਕੇਅਰ, ਜਿਸ ਨੂੰ ਕਿ ਨੀਤੀ ਆਯੋਗ ਨੇ ਬਹੁਤ ਪ੍ਰਚਾਰ ਦਿੱਤਾ ਹੈ, ਉਸ ਕੋਲ ਵੈਂਟੀਲੇਟਰ ਬਣਾਉਣ ਦਾ ਕੋਈ ਤਜਰਬਾ ਹੀ ਨਹੀਂ ਸੀ। ਪਰ ਫਿਰ ਵੀ ਉਸ ਨੂੰ 10 ਹਜ਼ਾਰ ਵੈਂਟੀਲੇਟਰ ਬਣਾਉਣ ਦਾ ਠੇਕਾ ਦਿੱਤਾ ਗਿਆ। ਐਗਵਾ ਨੇ ਕਾਰ ਨਿਰਮਾਤਾ ਕੰਪਨੀ ਮਾਰੂਤੀ ਨਾਲ ਮਿਲ ਕੇ ਵੈਂਟੀਲੇਟਰ ਬਣਾਏ।
ਹਫਪੋਸਟ ਇੰਡੀਆ ਦੀ ਇੱਕ ਰਿਪੋਰਟ ਮੁਤਾਬਕ ਸਰਕਾਰ ਵੱਲੋਂ ਬਣਾਈ ਗਈ ਇੱਕ ਤਕਨੀਕੀ ਮੁਲਾਂਕਣ ਕਮੇਟੀ ਨੇ 16 ਮਈ, 2020 ਨੂੰ ਦਿੱਲੀ ਦੇ ਰਾਮਮਨੋਹਰ ਲੋਹੀਆ ਹਸਪਤਾਲ 'ਚ ਇੰਨ੍ਹਾਂ ਵੈਂਟੀਲੇਟਰਾਂ ਦਾ ਟਰਾਇਲ ਕੀਤਾ ਸੀ। ਇਸ ਤੋਂ ਬਾਅਦ ਕਿਹਾ ਗਿਆ ਸੀ ਕਿ ਐਗਵਾ ਵੈਂਟੀਲੇਟਰ ਰੇਸਪੀਰੇਟਰੀ ਮਾਪਦੰਡਾਂ ਨੂੰ ਪੂਰਾ ਨਹੀਂ ਕਰ ਰਹੇ ਹਨ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਇਸ ਕਮੇਟੀ ਨੇ ਆਪਣੇ ਮੁਲਾਂਕਣ 'ਚ ਕਿਹਾ, "ਇਸ ਵੈਂਟੀਲੇਟਰ ਦੀ ਹੋਰ ਜਾਂਚ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਨੂੰ ਇਸ ਦੀ ਵਰਤੋਂ ਵਧੇਰੇ ਬਿਮਾਰੀਆਂ ਵਾਲੇ ਮਰੀਜ਼ਾਂ 'ਤੇ ਕਰਕੇ ਵੇਖਣਾ ਹੋਵੇਗਾ ਕਿ ਕੀ ਇਹ ਐਮਰਜੈਂਸੀ ਵੈਂਟੀਲੇਟਰ ਦੀ ਤਰ੍ਹਾਂ ਕੰਮ ਕਰ ਸਕਦਾ ਹੈ ਜਾਂ ਫਿਰ ਨਹੀਂ।"
"ਇਸ ਦੇ ਨਾਲ ਹੀ ਇਹ ਵੇਖਣਾ ਵੀ ਜ਼ਰੂਰੀ ਹੈ ਕਿ ਜਿੱਥੇ ਮੈਡੀਕਲ ਗੈਸ ਪਾਈਪਲਾਈਨ ਸਿਸਟਮ ਨਹੀਂ ਹੈ, ਉੱਥੇ ਇਹ ਮਸ਼ੀਨ ਕਿਵੇਂ ਕੰਮ ਕਰੇਗੀ।"
ਮੈਡੀਕਲ ਗੈਸ ਪਾਈਪਲਾਈਨ ਸਿਸਟਮ ਇੱਕ ਸੈਂਟਰਲ ਆਕਸੀਜਨ ਪਾਈਪਲਾਈਨ ਸਿਸਟਮ ਹੁੰਦਾ ਹੈ, ਜੋ ਕਿ ਵੱਡੇ ਹਸਪਤਾਲਾਂ 'ਚ ਮੌਜੂਦ ਹੁੰਦਾ ਹੈ। ਪਰ ਛੋਟੇ ਸ਼ਹਿਰਾਂ ਦੇ ਹਸਪਤਾਲਾਂ 'ਚ ਇਹ ਸਹੂਲਤ ਨਹੀਂ ਹੁੰਦੀ ਹੈ ਅਤੇ ਆਕਸੀਜਨ ਸਿਲੰਡਰ ਦੀ ਵਰਤੋਂ ਵਧੇਰੇ ਕੀਤੀ ਜਾਂਦੀ ਹੈ।
ਇਸ ਰਿਪੋਰਟ ਦੇ 11 ਦਿਨ ਬਾਅਦ 27 ਮਈ ਨੂੰ ਐਗਵਾ ਵੈਂਟੀਲੇਟਰ ਦੀ ਮੁੜ ਜਾਂਚ ਲਈ ਇੱਕ ਨਵੀਂ ਟੀਮ ਦਾ ਗਠਨ ਕੀਤਾ ਗਿਆ ਅਤੇ ਦੁਬਾਰਾ ਜਾਂਚ ਹੋਈ। ਇਸ ਟੀਮ ਨੇ ਕਿਹਾ ਕਿ ਐਗਵਾ ਨੇ ਪਹਿਲੀ ਟੀਮ ਵੱਲੋਂ ਦਿੱਤੇ ਸੁਝਾਅ ਅਨੁਸਾਰ ਸੁਧਾਰ ਕੀਤਾ ਹੈ ਅਤੇ ਇਸ ਦਾ ਪੀਈਈਪੀ ਠੀਕ ਢੰਗ ਨਾਲ ਕੰਮ ਕਰ ਰਿਹਾ ਹੈ।
1 ਜੂਨ 2020 ਨੂੰ ਇਸ ਕਮੇਟੀ ਨੇ ਆਪਣੀ ਰਿਪੋਰਟ 'ਚ ਲਿਖਿਆ ਕਿ ਇਸ ਵੈਂਟੀਲੇਟਰ ਨੂੰ ਜਾਂਚ ਦੌਰਾਨ ਪਾਸ ਕਰ ਦਿੱਤਾ ਗਿਆ ਹੈ, ਜਿਵੇਂ ਕਿ ਕੋਵਿਡ-19 ਕਾਰਨ ਪੈਦਾ ਹੋਏ ਹਾਲਾਤਾਂ ਦੇ ਮੱਦੇਨਜ਼ਰ ਦੇਸ਼ 'ਚ ਵੈਂਟੀਲੇਟਰਾਂ ਦੀ ਬਹੁਤ ਜ਼ਰੂਰਤ ਹੈ।
ਹਾਲਾਂਕਿ ਦਿਵਾਕਰ ਇਸ ਗੱਲ ਤੋਂ ਇਨਕਾਰ ਕਰਦੇ ਹਨ। ਉਹ ਵਾਰ-ਵਾਰ ਕਹਿੰਦੇ ਹਨ ਕਿ ਉਨ੍ਹਾਂ ਦੇ ਵੈਂਟੀਲੇਟਰ ਕਿਸੇ ਵੀ ਮਹਿੰਗੇ ਵੈਂਟੀਲੇਟਰ ਤੋਂ ਘੱਟ ਨਹੀਂ ਹਨ ਅਤੇ ਨਾ ਹੀ ਸਰਕਾਰੀ ਕਮੇਟੀ ਵੱਲੋਂ ਇਸ ਤਰ੍ਹਾਂ ਦੀ ਕੋਈ ਗੱਲ ਕਹੀ ਗਈ ਹੈ।

ਤਸਵੀਰ ਸਰੋਤ, Getty Images
ਬੇਕਾਰ ਪਏ ਵੈਂਟੀਲੇਟਰ
ਬੀਬੀਸੀ ਨੇ ਬਿਹਾਰ, ਰਾਜਸਥਾਨ, ਉੱਤਰ ਪ੍ਰਦੇਸ਼, ਛੱਤੀਸਗੜ੍ਹ ਵਰਗੇ ਰਾਜਾਂ ਨੂੰ ਪੀਐਮ ਕੇਅਰਜ਼ ਫੰਡ ਦੇ ਤਹਿਤ ਮਿਲੇ ਵੈਂਟੀਲੇਟਰਾਂ ਦੀ ਸਥਿਤੀ ਜਾਣਨ ਲਈ ਕੁਝ ਹਸਪਤਾਲਾਂ ਨਾਲ ਸੰਪਰਕ ਕਾਇਮ ਕੀਤਾ ਅਤੇ ਜ਼ਿਆਦਾਤਰ ਹਸਪਤਾਲਾਂ ਤੋਂ ਸਾਨੂੰ ਇਹ ਹੀ ਪਤਾ ਲੱਗਿਆ ਹੈ ਕਿ ਜਾਂ ਤਾਂ ਵੈਂਟੀਲੇਟਰ ਹਾਲੇ ਤੱਕ ਇੰਸਟਾਲ ਹੀ ਨਹੀਂ ਹੋਏ ਹਨ ਜਾਂ ਫਿਰ ਸਟਾਫ ਦੀ ਜ਼ਰੂਰੀ ਸਿਖਲਾਈ ਨਹੀਂ ਹੋਈ ਹੈ।
ਜਿੰਨ੍ਹਾਂ ਹਸਪਤਾਲਾਂ 'ਚ ਵੈਂਟੀਲੇਟਰ ਇੰਸਟਾਲ ਹੋ ਗਏ ਹਨ ਅਤੇ ਸਟਾਫ ਵੀ ਮੌਜੂਦ ਹੈ, ਉੱਥੇ ਡਾਕਟਰਾਂ ਨੂੰ ਇਸ 'ਚ ਆਕਸੀਜਨ ਨੂੰ ਲੈ ਕੇ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
'ਦਿ ਟਾਈਮਜ਼ ਆਫ਼ ਇੰਡੀਆ' 'ਚ 8 ਜੁਲਾਈ, 2020 ਨੂੰ ਕੇਂਦਰੀ ਸਿਹਤ ਰਾਜ ਮੰਤਰੀ ਅਸ਼ਵਨੀ ਕੁਮਾਰ ਚੌਬੇ ਦੇ ਹਵਾਲੇ ਨਾਲ ਛਪੀ ਇੱਕ ਰਿਪੋਰਟ ਅਨੁਸਾਰ, ਪੀਐਮ ਕੇਅਰਜ਼ ਫੰਡ ਦੇ ਤਹਿਤ ਬਿਹਾਰ ਨੂੰ 500 ਵੈਂਟੀਲੇਟਰ ਹਾਸਲ ਹੋਏ ਹਨ। ਲੋੜ ਮੁਤਾਬਕ ਇਹ ਵੈਂਟੀਲੇਟਰ ਰਾਜਧਾਨੀ ਪਟਨਾ ਸਮੇਤ ਸੂਬੇ ਦੇ ਵੱਖ-ਵੱਖ ਹਸਪਤਾਲਾਂ 'ਚ ਭੇਜੇ ਗਏ ਹਨ।
ਬੀਬੀਸੀ ਦੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਪਟਨਾ ਦੇ ਏਮਜ਼ ਨੂੰ ਛੱਡ ਕੇ ਰਾਜ ਦੇ ਲਗਭਗ ਸਾਰੇ ਸਰਕਾਰੀ ਹਸਪਤਾਲਾਂ 'ਚ ਪੀਐਮ ਕੇਅਰਜ਼ ਫੰਡ ਅਧੀਨ ਆਏ ਵੈਂਟੀਲੇਟਰ ਅਜੇ ਤੱਕ ਚਾਲੂ ਵੀ ਨਹੀਂ ਹੋਏ ਹਨ।
ਕਿਸੇ ਥਾਂ 'ਤੇ ਸਟਾਫ ਦੀ ਕਮੀ ਦਾ ਹਵਾਲਾ ਅਤੇ ਕਿਸੇ ਥਾਂ 'ਤੇ ਵੈਂਟੀਲੇਟਰ ਚਲਾਉਣ ਲਈ ਸਰੋਤਾਂ ਦੀ ਘਾਟ ਦੱਸੀ ਜਾ ਰਹੀ ਹੈ।
ਗਯਾ ਦੇ ਅਨੁਰਾਗ ਨਾਰਾਇਣ ਮਗਧ ਮੈਡੀਕਲ ਕਾਲਜ ਨੂੰ ਵੀ ਪਿਛਲੇ ਸਾਲ ਪੀਐਮ ਕੇਅਰਜ਼ ਫੰਡ ਅਧੀਨ 30 ਵੈਂਟੀਲੇਟਰ ਮਿਲੇ ਸਨ। ਪਰ ਮੌਜੂਦਾ ਸਮੇਂ ਇੰਨ੍ਹਾਂ 'ਚੋਂ ਇੱਕ ਵੀ ਚਾਲੂ ਸਥਿਤੀ 'ਚ ਨਹੀਂ ਹੈ।
ਹਸਪਤਾਲ ਦੇ ਨੋਡਲ ਅਫ਼ਸਰ ਡਾ. ਐਨ ਕੇ ਪਾਸਵਾਨ ਦਾ ਕਹਿਣਾ ਹੈ, "ਵੈਂਟੀਲੇਟਰ ਨੂੰ ਚਲਾਉਣ ਲਈ ਤਕਨੀਕੀ ਤੌਰ 'ਤੇ ਕਾਬਲ ਸਟਾਫ ਅਤੇ ਸਰੋਤਾਂ ਦੀ ਜ਼ਰੂਰਤ ਹੁੰਦੀ ਹੈ, ਜੋ ਕਿ ਫਿਲਹਾਲ ਸਾਡੇ ਕੋਲ ਨਹੀਂ ਹੈ। ਅਸੀਂ ਇਸ ਸਬੰਧੀ ਰਾਹ ਸਿਹਤ ਵਿਭਾਗ ਨੂੰ ਲਿੱਖ ਚੁੱਕੇ ਹਾਂ। ਜਲਦੀ ਹੀ ਵੈਂਟੀਲੇਟਰ ਚਾਲੂ ਹੋ ਜਾਣਗੇ।"

ਤਸਵੀਰ ਸਰੋਤ, Getty Images
ਦਰਭੰਗਾ ਮੈਡੀਕਲ ਕਾਲਜ ਹਸਪਤਾਲ 'ਚ ਵੀ ਪੀਐਮ ਕੇਅਰਜ਼ ਅਧੀਨ 40 ਵੈਂਟੀਲੇਟਰ ਦਿੱਤੇ ਗਏ ਸਨ, ਪਰ ਉੱਥੇ ਵੀ ਇੱਕ ਵੀ ਵੈਂਟੀਲੇਟਰ ਚਾਲੂ ਨਹੀਂ ਹੋਇਆ ਹੈ।
ਹਸਪਤਾਲ ਦੇ ਡਾਕਟਰ ਮਨੀਭੂਸ਼ਣ ਸ਼ਰਮਾ ਦਾ ਕਹਿਣਾ ਹੈ, "ਬਿਜਲੀ ਦੀਆਂ ਤਾਰਾਂ 'ਚ ਦਿੱਕਤ ਹੋਣ ਦੇ ਕਾਰਨ ਹੀ ਵੈਂਟੀਲੇਟਰ ਚਾਲੂ ਨਹੀਂ ਹੋ ਪਾ ਰਹੇ ਹਨ। ਇਸ ਲਈ ਬੰਗਲੁਰੂ ਤੋਂ ਇੱਕ ਟੀਮ ਬੁਲਾਈ ਗਈ ਹੈ। ਜਲਦੀ ਹੀ ਵੈਂਟੀਲੇਟਰ ਸ਼ੁਰੂ ਹੋ ਜਾਣਗੇ।"
ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਸਦਰ ਹਸਪਤਾਲਾਂ 'ਚ ਵੀ ਵੈਂਟੀਲੇਟਰ ਦੇ ਮਾਮਲੇ 'ਚ ਸਥਿਤੀ ਬਹੁਤ ਨਾਜ਼ੁਕ ਹੈ। ਸੁਪੌਲ ਸਦਰ ਹਸਪਤਾਲ 'ਚ ਪੀਐਮ ਕੇਅਰਜ਼ ਫੰਡ ਅਧੀਨ 6 ਵੈਂਟੀਲੇਟਰ ਆਏ ਸਨ, ਪਰ ਪਿਛਲੇ 10 ਮਹੀਨਿਆਂ ਤੋਂ ਇਹ ਵੈਂਟੀਲੇਟਰ ਬੰਦ ਹੀ ਪਏ ਹਨ।
ਹਸਪਤਾਲ ਦੇ ਮੈਨੇਜਰ ਅਭਿਲਾਸ਼ ਵਰਮਾ ਦਾ ਕਹਿਣਾ ਹੈ, "ਸਿਹਤ ਵਿਭਾਗ ਨੂੰ ਕਈ ਮਹੀਨੇ ਪਹਿਲਾਂ ਵੈਂਟੀਲੇਟਰ ਇੰਸਟਾਲ ਕਰਨ ਲਈ ਅਰਜ਼ੀ ਭੇਜੀ ਜਾ ਚੁੱਕੀ ਹੈ, ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਹੈ। ਅਸੀਂ ਫਿਰ ਵਿਭਾਗ ਨੂੰ ਗੁਜ਼ਾਰਿਸ਼ ਕਰਾਂਗੇ।"
ਮੁਜ਼ੱਫਰਪੁਰ ਦੇ ਸ਼੍ਰੀਕ੍ਰਿਸ਼ਨ ਮੈਡੀਕਲ ਕਾਲਜ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਨੇ ਦੱਸਿਆ, "ਸਾਡੇ ਕੋਲ 80 ਵੈਂਟੀਲੇਟਰ ਹਨ, ਜੋ ਕਿ ਪੀਐਮ ਕੇਅਰਜ਼ ਫੰਡ ਅਧੀਨ ਹੀ ਮਿਲੇ ਹਨ। ਇੰਨ੍ਹਾਂ 'ਚੋਂ 15 ਵੈਂਟੀਲੇਟਰ ਕੋਵਿਡ ਵਾਰਡ 'ਚ ਲਗਾਏ ਗਏ ਹਨ ਅਤੇ ਬਾਕੀ ਦੇ ਵੈਂਟੀਲੇਟਰ ਬੱਚਾ ਵਾਰਡ 'ਚ ਰੱਖੇ ਗਏ ਹਨ।'
"ਜ਼ਰੂਰਤ ਪੈਣ 'ਤੇ ਉਨ੍ਹਾਂ ਵੈਂਟੀਲੇਟਰਾਂ ਨੂੰ ਵੀ ਕੋਵਿਡ ਵਾਰਡ 'ਚ ਲਗਾ ਦਿੱਤਾ ਜਾਵੇਗਾ, ਪਰ ਸਾਡੇ ਕੋਲ ਅਜੇ ਸਟਾਫ ਦੀ ਕਮੀ ਹੈ। ਸਿਹਤ ਵਿਭਾਗ ਨੂੰ ਇਸ ਬਾਰੇ ਦੱਸ ਦਿੱਤਾ ਗਿਆ ਹੈ।"

ਤਸਵੀਰ ਸਰੋਤ, Getty Images
ਉੱਤਰ ਪ੍ਰਦੇਸ਼ ਦੀ ਸਥਿਤੀ
ਯੂਪੀ 'ਚ ਪੀਐਮ ਕੇਅਰਜ਼ ਫੰਡ ਤਹਿਤ 500 ਤੋਂ ਵੀ ਵੱਧ ਵੈਂਟੀਲੇਟਰ ਦਿੱਤਾ ਗਏ ਸਨ, ਪਰ ਵਧੇਰੇਤਰ ਵੈਂਟੀਲੇਟਰ ਅੱਜ ਵੀ ਹਸਪਤਾਲਾਂ 'ਚ ਬੰਦ ਹੀ ਪਏ ਹਨ ਅਤੇ ਮਰੀਜ਼ ਵੈਂਟੀਲੇਟਰਾਂ ਦੀ ਘਾਟ ਕਾਰਨ ਆਪਣੀਆਂ ਜਾਨਾਂ ਗਵਾ ਰਹੇ ਹਨ।
ਰਾਜਧਾਨੀ ਲਖਨਊ ਦੇ ਕੇਜੀਐਮਯੂ, ਲੋਹੀਆ, ਪੀਜੀਆਈ ਸਮੇਤ ਕੁਝ ਹੀ ਹਸਪਤਾਲਾਂ 'ਚ ਆਈਸੀਯੂ ਬੈੱਡ ਉਪਲਬਧ ਹਨ, ਜਿੱਥੇ ਕਿ ਵੈਂਟੀਲੇਟਰ ਦੀ ਸਹੂਲਤ ਮੌਜੂਦ ਹੈ। ਪਰ ਕਈ ਹਸਪਤਾਲ ਅਜਿਹੇ ਵੀ ਹਨ ਜਿੱਥੇ ਵੈਂਟੀਲੇਟਰ ਹਨ ਪਰ ਕਈ ਕਾਰਨਾਂ ਕਰਕੇ ਉਨ੍ਹਾਂ ਨੂੰ ਇੰਸਟਾਲ ਨਹੀਂ ਕੀਤਾ ਗਿਆ ਹੈ, ਜਿਸ ਕਰਕੇ ਉਹ ਪਏ-ਪਏ ਖ਼ਰਾਬ ਹੋ ਰਹੇ ਹਨ।
ਲਖਨਊ ਦੇ ਲੋਕਬੰਧੂ ਹਸਪਤਾਲ ਦੇ ਡਾਇਰੈਕਟਰ ਅਰੁਣ ਲਾਲ ਨੇ ਬੀਬੀਸੀ ਨੂੰ ਦੱਸਿਆ, "ਸਾਡੇ ਇੱਥੇ ਆਈਸੀਯੂ ਬੈੱਡ ਨਹੀਂ ਹੈ, ਇਸ ਲਈ ਗੰਭੀਰ ਮਰੀਜ਼ਾਂ ਨੂੰ ਦੂਜੇ ਹਸਪਤਾਲਾਂ 'ਚ ਭੇਜਣਾ ਪੈਂਦਾ ਹੈ। ਵੈਂਟੀਲੇਟਰ ਤਾਂ ਆਏ ਸਨ ਪਰ ਅਜੇ ਉਹ ਚਾਲੂ ਨਹੀਂ ਹੋਏ ਹਨ। ਸਾਡੇ ਹਸਪਤਾਲ 'ਚ ਕੁੱਲ ਕਿੰਨ੍ਹੇ ਵੈਂਟੀਲੇਟਰ ਹਨ ਇਸ ਬਾਰੇ ਸਹੀ ਜਾਣਕਾਰੀ ਨਹੀਂ ਹੈ।"
ਇਹ ਹਾਲ ਕਿਸੇ ਇੱਕ ਹਸਪਤਾਲ ਦਾ ਨਹੀਂ ਬਲਕਿ ਜ਼ਿਆਦਾਤਰ ਹਸਪਤਾਲਾਂ ਦੀ ਸਥਿਤੀ ਇੰਝ ਦੀ ਹੀ ਹੈ।
ਪ੍ਰਯਾਗਰਾਜ ਦੇ ਜ਼ਿਲ੍ਹਾ ਹਸਪਤਾਲ ਦੇ ਇੱਕ ਸੀਨੀਅਰ ਡਾਕਟਰ ਨੇ ਨਾਂਅ ਨਾ ਦੱਸੇ ਜਾਣ ਦੀ ਸ਼ਰਤ 'ਤੇ ਦੱਸਿਆ ਕਿ " ਬੇਲੀ ਹਸਪਤਾਲ 'ਚ ਤਾਂ ਅਜੇ ਤੱਕ ਵੈਂਟੀਲੇਟਰਾਂ ਦੀ ਪੈਕਿੰਗ ਵੀ ਨਹੀਂ ਖੁੱਲ੍ਹੀ ਹੈ, ਉਨ੍ਹਾਂ ਨੂੰ ਅਪਰੇਟ ਕਰਨ ਦੀ ਤਾਂ ਗੱਲ ਦੂਰ ਦੀ ਹੈ।"
ਦੂਜੇ ਪਾਸੇ ਜੇਕਰ ਪੈਂਡੂ ਖੇਤਰਾਂ ਦੀ ਗੱਲ ਕੀਤੀ ਜਾਵੇ ਤਾਂ ਗੋਡਾਂ ਜ਼ਿਲ੍ਹੇ 'ਚ ਟਾਟਾ ਕੰਪਨੀ ਦੇ ਸਹਿਯੋਗ ਨਾਲ ਬਣਾਏ ਗਏ ਕੋਵਿਡ ਹਸਪਤਾਲ 'ਚ ਵੀ ਵੈਂਟੀਲੇਟਰ ਚਾਲੂ ਨਾਲ ਹੋਣ ਕਰਕੇ ਬੇਕਾਰ ਪਏ ਹਨ। ਗੋਡਾਂ ਦੇ ਮੁੱਖ ਮੈਡੀਕਲ ਸੁਪਰਡੈਂਟ ਅਜੈ ਸਿੰਘ ਗੌਤਮ ਨੇ ਦੱਸਿਆ, " ਐਲ-2 ਪੱਧਰ ਦੇ ਇਸ ਕੋਵਿਡ ਹਸਪਤਾਲ 'ਚ ਗੋਡਾਂ ਜ਼ਿਲ੍ਹੇ ਤੋਂ ਇਲਾਵਾ ਲਖਨਊ, ਬਲਰਾਮਪੁਰ, ਸੰਤਕਬੀਰ ਨਗਰ ਅਤੇ ਬਸਤੀ ਦੇ 45 ਕੋਵਿਡ ਮਰੀਜ਼ ਭਰਤੀ ਹਨ। ਇੱਥੇ 17 ਵੈਂਟੀਲੇਟਰ ਲੱਗੇ ਹੋਏ ਹਨ, ਪਰ ਕਾਬਲ ਸਟਾਫ ਦੀ ਘਾਟ ਕਰਕੇ ਇਹ ਚਾਲੂ ਸਥਿਤੀ 'ਚ ਨਹੀਂ ਹਨ।"

ਤਸਵੀਰ ਸਰੋਤ, Sagar farikar
ਰਾਜਸਥਾਨ
ਰਾਜਸਥਾਨ ਨੂੰ ਪਿਛਲੇ ਸਾਲ ਪੀਐਮ ਕੇਅਰਜ਼ ਫੰਡ ਅਧੀਨ 15000 ਵੈਂਟੀਲੇਟਰ ਮਿਲੇ ਸਨ, ਪਰ ਇੱਥੇ ਵੀ ਵੈਂਟੀਲੇਟਰਾਂ ਦੀ ਬੁਕੱਤ ਨਹੀਂ ਪੈ ਰਹੀ ਹੈ। ਕਈ ਵੈਂਟੀਲੇਟਰਾਂ 'ਚ ਤਾਂ ਸਾਫਟਵੇਅਰ, ਪ੍ਰੇਸ਼ਰ ਡਰਾਪ, ਆਪਣੇ ਆਪ ਬੰਦ ਹੋਣ ਸਮੇਤ ਹੋਰ ਕਈ ਸ਼ਿਕਾਇਤਾਂ ਆ ਰਹੀਆਂ ਹਨ।
ਉਦੇਪੁਰ ਦੇ ਰਵਿੰਦਰਨਾਥ ਟੈਗੋਰ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਲਖਨ ਪੋਸਵਾਲ ਦਾ ਕਹਿਣਾ ਹੈ, " ਮਰੀਜ਼ ਨੂੰ ਵੈਨਟੀਲੇਟਰ 'ਤੇ ਰੱਖਦੇ ਸਮੇਂ ਸਾਨੂੰ ਬਹੁਤ ਹੀ ਚੌਕਸ ਰਹਿਣਾ ਪੈਂਦਾ ਹੈ। ਵੈਂਟੀਲੇਟਰ 2-3 ਘੰਟਿਆਂ 'ਚ ਆਪਣੇ ਆਪ ਹੀ ਬੰਦ ਹੋ ਜਾਂਦੇ ਹਨ ਅਤੇ ਕਈ ਵਾਰ ਤਾਂ ਆਕਸੀਜਨ ਪ੍ਰੇਸ਼ਰ ਘੱਟ ਜਾਂਦਾ ਹੈ। ਇਸ 'ਚ ਆਕਸੀਜਨ ਸੈਂਸਰ ਵੀ ਨਹੀਂ ਹੈ, ਇਸ ਲਈ ਪਤਾ ਨਹੀਂ ਲੱਗਦਾ ਕਿ ਮਰੀਜ਼ ਨੂੰ ਕਿੰਨ੍ਹੀ ਆਕਸੀਜਨ ਮਿਲ ਰਹੀ ਹੈ। ਇਸ ਲਈ ਵੈਂਟੀਲੇਟਰ ਕਦੋਂ ਧੋਖਾ ਦੇ ਦੇਵੇ ਅਤੇ ਮਰੀਜ਼ ਨੂੰ ਦੂਜੇ ਵੈਂਟੀਲੇਟਰ 'ਤੇ ਪਾਉਣਾ ਪਵੇ, ਇਸ ਲਈ ਇੱਕ ਰੈਜ਼ੀਡੈਂਟ ਡਾਕਟਰ ਵੈਂਟੀਲੇਟਰ ਦੇ ਨੇੜੇ ਹੀ ਖੜ੍ਹਾ ਰਹਿੰਦਾ ਹੈ।"
" ਸਾਨੂੰ 95 ਵੈਂਟੀਲੇਟਰ ਮਿਲੇ ਹਨ ਅਤੇ ਲਗਭਗ ਸਾਰਿਆਂ 'ਚ ਹੀ ਇਹ ਸਮੱਸਿਆ ਮੌਜੂਦ ਹੈ। ਮੁੱਖ ਮੰਤਰੀ ਨਾਲ ਹੋਈ ਵੀਡੀਓ ਕਾਨਫਰੰਸ ਬੈਠਕ 'ਚ ਵੀ ਇਸ ਸਮੱਸਿਆ ਬਾਰੇ ਉਨ੍ਹਾਂ ਨੂੰ ਜਾਣੂ ਕਰਵਾਇਆ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਹਰ ਥਾਂ ਤੋਂ ਰਿਪੋਰਟ ਮੰਗੀ ਹੈ।"
ਜੈਪੁਰ ਦੇ ਸਵਾਈ ਮਾਨਸਿੰਘ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਸੁਧੀਰ ਭੰਡਾਰੀ ਵੀ ਇਸ ਗੱਲ ਨਾਲ ਸਹਿਮਤ ਹਨ ਕਿ ਪੀਐਮ ਕੇਅਰਜ਼ ਫੰਡ 'ਚ ਮਿਲੇ ਵੈਂਟੀਲੇਟਰਾਂ 'ਚ ਕਈ ਸਮੱਸਿਆਵਾਂ ਹਨ।
ਪਿਛਲੇ ਸਾਲ ਕੋਰੋਨਾ ਲਾਗ ਮਾਮਲਿਆਂ ਨੂੰ ਲੈ ਕੇ ਭੀਲਵਾੜਾ ਮਾਡਲ ਦੇਸ਼ ਭਰ 'ਚ ਚਰਚਾ 'ਚ ਰਿਹਾ ਸੀ। ਪਰ ਹੁਣ ਭੀਲਵਾੜਾ ਮੈਡੀਕਲ ਕਾਲਜ ਦੀ ਸਥਿਤੀ ਕੁਝ ਹੋਰ ਹੀ ਹੈ। ਭੀਲਵਾੜਾ ਮੈਡੀਕਲ ਕਾਲਜ ਦੇ ਸਾਬਕਾ ਪ੍ਰਿੰਸੀਪਲ ਰਾਜਨ ਨੰਦਾ, ਜੋ ਕਿ ਮੌਜੂਦਾ ਸਮੇਂ ਝਾਲਵਾੜਾ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਹਨ, ਉਨ੍ਹਾਂ ਦੱਸਿਆ ਕਿ ਪੀਐਮ ਕੇਅਰਜ਼ ਫੰਡ ਰਾਹੀਂ ਭੀਲਵਾੜਾ ਮੈਡੀਕਲ ਕਾਲਜ ਨੂੰ 67 ਵੈਂਟੀਲੇਟਰ ਮਿਲੇ ਸਨ। ਜਿਸ 'ਚੋਂ 30 ਵੈਂਟੀਲੇਟਰ ਅੱਜ ਵੀ ਇੰਸਟਾਲ ਨਹੀਂ ਹੋਏ ਹਨ, ਕਿਉਂਕਿ ਸੈਂਟਰ ਲਾਈਨ ਨਾਲ ਜੋੜਨ ਲਈ ਐਡੇਪਟਰ ਹੀ ਨਹੀਂ ਦਿੱਤੇ ਗਏ ਹਨ।"
ਕੇਂਦਰ ਵੱਲੋਂ ਪੀਐਮ ਕੇਅਰਜ਼ ਫੰਡ ਅਧੀਨ ਮਿਲੇ ਇੰਨ੍ਹਾਂ ਵੈਂਟੀਲੇਟਰਾਂ 'ਚ ਆ ਰਹੀ ਸਮੱਸਿਆ ਅਤੇ ਇਸ ਦੇ ਹੱਲ ਲਈ ਰਾਜ ਸਰਕਾਰ ਵੱਲੋਂ ਕੀਤੀ ਜਾ ਰਹੀ ਕਾਰਵਾਈ 'ਤੇ ਰਾਜਸਥਾਨ ਮੈਡੀਕਲ ਸਿੱਖਿਆ ਵਿਭਾਗ ਦੇ ਸਕੱਤਰ ਵੈਭਵ ਗਾਲਰੀਆ ਨੇ ਫੋਨ 'ਤੇ ਬੀਬੀਸੀ ਨੂੰ ਦੱਸਿਆ ਕਿ " ਪੀਐਮ ਕੇਅਰਜ਼ ਜ਼ਰੀਏ ਸਾਨੂੰ 15000 ਤੋਂ ਵੱਧ ਵੈਂਟੀਲੇਟਰ ਮਿਲੇ ਹਨ, ਜਿਸ 'ਚੋਂ 1200 ਮੈਡੀਕਲ ਕਾਲਜਾਂ ਅਤੇ ਬਾਕੀ ਜ਼ਿਲ੍ਹਾ ਹਸਪਤਾਲਾਂ 'ਚ ਸਥਾਪਤ ਕੀਤੇ ਗਏ ਹਨ। ਇੰਨ੍ਹਾਂ 'ਚ ਪ੍ਰੇਸ਼ਰ ਡਰਾਪ ਦੀ ਸਮੱਸਿਆ ਆ ਰਹੀ ਸੀ।"

ਤਸਵੀਰ ਸਰੋਤ, Sagar farikar
ਛੱਤੀਸਗੜ੍ਹ
ਛੱਤੀਸਗੜ੍ਹ 'ਚ ਤਾਂ ਪੀਐਮ ਕੇਅਰਜ਼ ਰਾਹੀਂ ਮਿਲੇ ਵੈਂਟੀਲੇਟਰਾਂ 'ਤੇ ਵੱਖਰਾ ਹੀ ਵਿਵਾਦ ਚੱਲ ਰਿਹਾ ਹੈ। ਸੂਬੇ 'ਚ ਕਾਂਗਰਸ ਪਾਰਟੀ ਦੇ ਸੰਚਾਰ ਪ੍ਰਮੁੱਖ ਨਿਤਿਨ ਤ੍ਰਿਵੇਦੀ ਨੇ 12 ਅਪ੍ਰੈਲ ਨੂੰ ਮੁੱਖ ਮੰਤਰੀ ਭੂਪੇਸ਼ ਬਘੇਲ ਦੀ ਇੱਕ ਬੈਠਕ ਦਾ ਹਵਾਲਾ ਦਿੰਦਿਆਂ ਦਾਅਵਾ ਕੀਤਾ ਹੈ ਕਿ ਕੇਂਦਰ ਸਰਕਾਰ ਵੱਲੋਂ ਮਿਲੇ 69 ਵੈਂਟੀਲੇਟਰਾਂ 'ਚੋਂ 58 ਵੈਂਟੀਲੇਟਰ ਚੱਲ ਹੀ ਨਹੀਂ ਰਹੇ ਹਨ। ਕੰਪਨੀ ਨਾਲ ਸੰਪਰਕ ਕਰਨ 'ਤੇ ਕੰਪਨੀ 'ਚ ਕੋਈ ਫੋਨ ਹੀ ਨਹੀਨ ਚੁੱਕ ਰਿਹਾ ਹੈ।
ਸੂਬੇ ਦੇ ਸਾਬਕਾ ਮੁੱਖ ਮੰਤਰੀ ਰਮਨ ਸਿੰਘ ਅਤੇ ਭਾਜਪਾ ਦੇ ਹੋਰ ਆਗੂ ਵੀ ਹਰਕਤ 'ਚ ਆਏ ਅਤੇ ਇਹ ਮਾਮਲਾ ਰਾਜਭਵਨ ਤੱਕ ਪਹੁੰਚਿਆ।
ਰਮਨ ਸਿੰਘ ਦੇ ਅਨੁਸਾਰ, " ਕੇਂਦਰ ਸਰਕਾਰ ਵੱਲੋਂ ਜੋ ਵੈਂਟੀਲੇਟਰ ਮਿਲੇ ਸਨ, ਉਨ੍ਹਾਂ ਦੀ ਵਰਤੋਂ ਰਾਜ ਸਰਕਾਰ ਵੱਲੋਂ ਕਿਉਂ ਨਹੀਂ ਕੀਤੀ ਗਈ ? ਉਨ੍ਹਾਂ ਨੇ ਰਾਜਪਾਲ ਅੱਗੇ ਇਸ ਸਭ ਦੀ ਜਾਂਚ ਦੀ ਮੰਗ ਕੀਤੀ ਹੈ ਕਿ ਇਹ ਵੈਂਟੀਲੇਟਰ ਪਹਿਲਾਂ ਹੀ ਖ਼ਰਾਬ ਸਨ ਜਾਂ ਫਿਰ ਛਤੀਸਗੜ੍ਹ ਆਉਣ ਤੋਂ ਬਾਅਦ ਇੰਨ੍ਹਾਂ ਦੀ ਇਹ ਸਥਿਤੀ ਹੋਈ ਹੈ।"

ਤਸਵੀਰ ਸਰੋਤ, Getty Images
ਕਿਸੇ ਵੀ ਵੈਂਟੀਲੇਟਰ ਕੋਲ ਪ੍ਰਮਾਣਿਕ ਸਰਟੀਫਿਕੇਟ ਨਹੀਂ
ਜਦੋਂ ਅਪ੍ਰੈਲ 2020 'ਚ ਦੇਸ਼ ਭਰ 'ਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧਣ ਲੱਗੇ ਤਾਂ ਵੈਂਟੀਲੇਟਰਾਂ ਦੀ ਮੰਗ 'ਚ ਵੀ ਇਜ਼ਾਫਾ ਹੋਇਆ।
ਇਸ ਤੋਂ ਪਹਿਲਾਂ ਭਾਰਤ 'ਚ ਜ਼ਿਆਦਾਤਰ ਵੈਂਟੀਲੇਟਰ ਵਿਦੇਸ਼ਾਂ ਤੋਂ ਹੀ ਆਉਂਦੇ ਸਨ। ਜਿਸ ਵੀ ਦੇਸ਼ ਤੋਂ ਇਹ ਵੈਂਟੀਲੇਟਰ ਆਉਂਦੇ ਸਨ, ਉੱਥੋਂ ਦੀ ਕੁਆਲਿਟੀ ਟੈਸਟਿੰਗ ਕੰਪਨੀ ਦਾ ਸਰਟੀਫਿਕੇਟ ਉਸ ਨਾਲ ਹੁੰਦਾ ਸੀ।
ਜਿਵੇਂ ਕਿ ਅਮਰੀਕੀ ਸੰਸਥਾ ਯੂਐਸ ਐਫਡੀਏ ਜਾਂ ਫਿਰ ਯੂਰਪ ਦੀ ਸੰਸਥਾ ਯੂਰਪੀਅਨ ਸਰਟੀਫਿਕੇਸ਼ਨ। ਇਹ ਸੰਸਥਾਵਾਂ ਕਿਸੇ ਮੈਡੀਕਲ ਮਸ਼ੀਨ ਦੀ ਆਪਣੇ ਪੱਧਰ 'ਤੇ ਜਾਂਚ ਪਰਖ ਕਰਦੀਆਂ ਹਨ ਅਤੇ ਇੱਕ ਪ੍ਰਮਾਣ ਪੱਤਰ ਜਾਰੀ ਕਰਦੀਆਂ ਹਨ।
ਜਦੋਂ ਭਾਰਤ 'ਚ ਕੋਰੋਨਾ ਦੇ ਕਾਰਨ ਸਵਦੇਸ਼ੀ ਕੰਪਨੀਆਂ ਨੂੰ ਵੈਂਟੀਲੇਟਰ ਬਣਾਉਣ ਦਾ ਕੰਮ ਸੌਂਪਿਆ ਗਿਆ ਤਾਂ ਉਸ ਸਮੇਂ ਤੱਕ ਦੇਸ਼ 'ਚ ਇਸ ਸਬੰਧੀ ਕੋਈ ਸੰਸਥਾਗਤ ਨਿਯਮ ਨਹੀਂ ਸਨ।
ਇਸ ਦੌਰਾਨ ਗੁਜਰਾਤ 'ਚ ਜੋਤੀ ਸੀਐਨਸੀ ਕੰਪਨੀ ਦੇ ਧਮਨ-1 ਵੈਂਟੀਲੇਟਰ ਦੀ ਗੁਣਵੱਤਾ 'ਤੇ ਸਵਾਲ ਖੜ੍ਹੇ ਹੋਏ ਤਾਂ ਇਹ ਗੱਲ ਸਾਹਮਣੇ ਆਈ ਕਿ ਭਾਰਤ 'ਚ ਵੈਂਟੀਲੇਟਰਾਂ ਨੂੰ ਪ੍ਰਮਾਣਿਤ ਕਰਨ ਦੀ ਲੋੜ ਹੈ, ਕਿਉਂਕਿ ਬਿਨ੍ਹਾਂ ਸਰਟੀਫਿਕੇਟ ਦੇ ਚੰਗੇ ਅਤੇ ਖ਼ਰਾਬ ਵੈਂਟੀਲੇਟਰ 'ਚ ਅੰਤਰ ਕਰਨਾ ਬਹੁਤ ਮੁਸ਼ਕਲ ਕੰਮ ਸੀ।
ਇਸ ਸਬੰਧ 'ਚ 5 ਜੂਨ ਨੂੰ ਭਾਰਤੀ ਮਾਪਦੰਡ ਬਿਊਰੋ ਦੀ ਬੈਠਕ ਹੋਈ ਅਤੇ ਇਹ ਤੈਅ ਕੀਤਾ ਗਿਆ ਕਿ ਕੋਵਿਡ-19 ਦੇ ਵੈਂਟੀਲੇਟਰਾਂ ਲਈ ਮਾਪਦੰਡ ਤੈਅ ਕੀਤੇ ਜਾਣਗੇ। 26 ਜੂਨ, 2020 ਨੂੰ ਬੀਆਈਐਸ ਨੇ ਵੈਂਟੀਲੇਟਰ ਦੀ ਗੁਣਵੱਤਾ ਲਈ ਮਾਪਦੰਡ ਤੈਅ ਕਰਨ ਲਈ ਮਾਨਕ ਵਿਸ਼ੇਸ਼ਤਾਵਾਂ ਤਿਆਰ ਕੀਤੀਆਂ।
ਪਰ 12 ਅਕਤੂਬਰ ਨੂੰ ਵੈਂਕਟੇਸ਼ ਨਾਇਕ ਦੀ ਆਰਟੀਆਈ ਦੇ ਜਵਾਬ 'ਚ ਬੀਆਈਐਸ ਨੇ ਦੱਸਿਆ ਕਿ ਅਜੇ ਤੱਕ ਕਿਸੇ ਵੀ ਕੰਪਨੀ ਨੇ ਕੋਵਿਡ-19 ਵੈਂਟੀਲੇਟਰ ਲਈ ਪ੍ਰਮਾਣ ਪੱਤਰ ਹਾਸਲ ਕਰਨ ਲਈ ਅਰਜ਼ੀ ਨਹੀਂ ਦਿੱਤੀ ਹੈ।
ਜਦੋਂ ਅਸੀਂ ਇਹੀ ਸਵਾਲ ਐਗਵਾ ਹੈਲਥ ਕੇਅਰ ਦੇ ਦਿਵਾਕਰ ਨੂੰ ਕੀਤਾ ਤਾਂ ਉਨ੍ਹਾਂ ਕਿਹਾ ਕਿ "ਸਾਡੇ ਕੋਲ ਆਈਓਸੀ ਦਾ ਸਰਟੀਫਿਕੇਟ ਹੈ।"
ਦਰਅਸਲ ਇਹ ਇੱਕ ਫ੍ਰੈਂਚ ਪ੍ਰਾਮਣੀਕਰਣ ਸੰਸਥਾ ਹੈ, ਜਿਸ ਦੇ ਸਰਟੀਫਿਕੇਟ ਦੀ ਜ਼ਰੂਰਤ ਉੱਤਰ ਅਮਰੀਕਾ ਅਤੇ ਯੂਰਪ ਦੇ ਬਾਜ਼ਾਰਾਂ 'ਚ ਮਸ਼ੀਨ ਵੇਚਣ ਲਈ ਪੈਂਦੀ ਹੈ।
ਇੱਥੇ ਸਵਾਲ ਇਹ ਉੱਠਦਾ ਹੈ ਕਿ ਭਾਰਤ 'ਚ ਬਣਨ ਵਾਲੇ ਵੈਂਟੀਲੇਟਰਾਂ, ਜਿੰਨ੍ਹਾਂ ਦੀ ਗੁਣਵੱਤਾ 'ਤੇ ਵਾਰ-ਵਾਰ ਸਵਾਲੀਆ ਚਿੰਨ੍ਹ ਲੱਗ ਰਹੇ ਹਨ, ਉਨ੍ਹਾਂ ਦੇ ਨਿਰਮਾਤਾਵਾਂ ਨੇ ਭਾਰਤ ਦੇ ਮਾਪਦੰਡਾਂ ਤਹਿਤ ਪ੍ਰਮਾਣ ਪੱਤਰ ਅਰਜ਼ੀ ਕਿਉਂ ਨਹੀਂ ਦਿੱਤੀ ਹੈ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2














