ਕੋਰੋਨਾਵਾਇਰਸ: 'ਮੈਂ ਕਈਆਂ ਨੂੰ ਐਂਬੂਲੈਂਸਾਂ ਵਿੱਚ ਮਰਦੇ ਵੇਖਿਆ, ਹਸਪਤਾਲ ਮਰੀਜ਼ਾਂ ਨੂੰ ਭਜਾ ਰਹੇ ਹਨ'

ਕੋਰੋਨਾਵਾਇਰਸ

ਤਸਵੀਰ ਸਰੋਤ, Sumit kumar

ਤਸਵੀਰ ਕੈਪਸ਼ਨ, ਕਾਰ ਵਿਚ ਬੈਠੇ ਅਤੇ ਚਿਹਰੇ ਉੱਤੇ ਆਕਸੀਜਨ ਮਾਸਕ ਲਗਾਏ ਸੁਸ਼ੀਲ ਕੁਮਾਰ ਸ਼੍ਰੀਵਾਸਤਵ ਦੀ ਫੋਟੋ ਸਾਹਮਣੇ ਆਈ ਹੈ ਜਿਨ੍ਹਾਂ ਨੂੰ ਬੈੱਡ ਨਹੀਂ ਮਿਲ ਰਿਹਾ ਸੀ
    • ਲੇਖਕ, ਗੀਤਾ ਪਾਂਡੇ
    • ਰੋਲ, ਬੀਬੀਸੀ ਪੱਤਰਕਾਰ

ਭਾਰਤ ਵਿੱਚ ਕੋਵਿਡ -19 ਦੀ ਦੂਜੀ ਖਤਰਨਾਕ ਲਹਿਰ ਚੱਲ ਰਹੀ ਹੈ। ਭਾਰਤ ਦੇ ਸਭ ਤੋਂ ਵੱਧ ਆਬਾਦੀ ਵਾਲੇ ਸੂਬੇ ਉੱਤਰ ਪ੍ਰਦੇਸ਼ ਤੋਂ ਲਗਾਤਾਰ ਵੱਧ ਰਹੇ ਲਾਗ ਦੇ ਮਾਮਲਿਆਂ ਦਰਮਿਆਨ ਅਵਿਵਸਥਾ ਦੀਆਂ ਖਬਰਾਂ ਆ ਰਹੀਆਂ ਹਨ।

ਪ੍ਰਸ਼ਾਸਨ ਦਾ ਦਾਅਵਾ ਹੈ ਕਿ ਮੌਜੂਦਾ ਸਥਿਤੀ ਕੰਟਰੋਲ ਵਿੱਚ ਹੈ ਪਰ ਲੋਕਾਂ ਨੇ ਆਪਣੀਆਂ ਸਮੱਸਿਆਵਾਂ ਬੀਬੀਸੀ ਨਾਲ ਸਾਂਝੀਆਂ ਕੀਤੀਆਂ।

ਕੰਵਲ ਜੀਤ ਸਿੰਘ ਦੇ 58 ਸਾਲਾ ਪਿਤਾ ਨਿਰੰਜਨ ਪਾਲ ਸਿੰਘ ਦੀ ਇੱਕ ਐਂਬੂਲੈਂਸ ਵਿੱਚ ਮੌਤ ਹੋ ਗਈ ਜਦੋਂ ਉਹ ਇੱਕ ਹਸਪਤਾਲ ਤੋਂ ਦੂਜੇ ਹਸਪਤਾਲ ਜਾ ਰਹੇ ਸਨ। ਬੈੱਡ ਦੀ ਘਾਟ ਕਾਰਨ ਉਨ੍ਹਾਂ ਨੂੰ ਚਾਰ ਹਸਪਤਾਲਾਂ ਤੋਂ ਵਾਪਸ ਭੇਜਿਆ ਗਿਆ ਸੀ।

ਇਹ ਵੀ ਪੜ੍ਹੋ

ਕਾਨਪੁਰ ਸਥਿਤ ਆਪਣੇ ਘਰ ਤੋਂ, ਉਨ੍ਹਾਂ ਨੇ ਫੋਨ 'ਤੇ ਦੱਸਿਆ, "ਇਹ ਮੇਰੇ ਲਈ ਬਹੁਤ ਦੁਖਦਾਈ ਦਿਨ ਸੀ। ਮੈਨੂੰ ਪੂਰਾ ਯਕੀਨ ਹੈ ਕਿ ਜੇ ਉਹ ਸਮੇਂ ਸਿਰ ਇਲਾਜ ਕਰਵਾ ਲੈਂਦੇ ਤਾਂ ਬਚ ਜਾਂਦੇ। ਪਰ ਪੁਲਿਸ, ਸਿਹਤ ਪ੍ਰਸ਼ਾਸਨ ਜਾਂ ਸਰਕਾਰ ਨੇ ਸਾਡੀ ਕਿਸੀ ਤਰ੍ਹਾਂ ਦੀ ਕੋਈ ਮਦਦ ਨਹੀਂ ਕੀਤੀ।"

ਪਿਛਲੇ ਸਾਲ ਮਹਾਂਮਾਰੀ ਦੇ ਫੈਲਣ ਤੋਂ ਬਾਅਦ ਕੁੱਲ 8,51,620 ਲਾਗ ਦੇ ਮਾਮਲਿਆਂ ਅਤੇ 9,830 ਮੌਤਾਂ ਦੇ ਨਾਲ, ਉੱਤਰ ਪ੍ਰਦੇਸ਼ ਦੀ ਸਥਿਤੀ ਪਹਿਲੀ ਲਹਿਰ ਜਿੰਨੀ ਮਾੜੀ ਨਹੀਂ ਸੀ। ਪਰ ਦੂਸਰੀ ਲਹਿਰ ਨੇ ਇਸ ਨੂੰ ਡੁੱਬਣ ਵਾਲੀ ਸਥਿਤੀ ਵਿੱਚ ਲੈ ਆਂਦਾ ਹੈ।

ਅਧਿਕਾਰੀ ਅਜੇ ਵੀ ਕਹਿੰਦੇ ਹਨ ਕਿ ਸਥਿਤੀ ਕੰਟਰੋਲ ਵਿੱਚ ਹੈ।

ਰਾਜਧਾਨੀ ਲਖਨਉ, ਵਾਰਾਣਸੀ, ਕਾਨਪੁਰ ਅਤੇ ਇਲਾਹਾਬਾਦ ਵਰਗੇ ਹੋਰ ਵੱਡੇ ਸ਼ਹਿਰਾਂ ਦੇ ਜਾਂਚ ਕੇਂਦਰਾਂ 'ਤੇ ਜੁਟੀ ਭੀੜ, ਹਸਪਤਾਲਾਂ ਤੋਂ ਵਾਪਸ ਆ ਰਹੇ ਮਰੀਜ਼ਾਂ ਦੀਆਂ ਪ੍ਰੇਸ਼ਾਨ ਕਰਨ ਵਾਲੀਆਂ ਤਸਵੀਰਾਂ ਅਤੇ ਸ਼ਮਸ਼ਾਨਘਾਟ ਘਾਟ 'ਤੇ ਲਗਾਤਾਰ 24 ਘੰਟੇ ਚਿਤਾ ਸੜਨ ਦੀਆਂ ਤਸਵੀਰਾਂ ਰਾਸ਼ਟਰੀ ਪੱਧਰ 'ਤੇ ਸੁਰਖੀਆਂ ਬਣੀਆਂ ਹਨ।

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੋਰੋਨਾ ਜਾਂਚ ਕੇਂਦਰਾਂ ਦੀਆਂ ਇਹ ਤਸਵੀਰਾਂ ਡਰਾ ਦੇਣ ਵਾਲੀਆਂ ਹਨ

ਦੇਸ਼ ਦਾ ਸਭ ਤੋਂ ਵੱਡਾ ਰਾਜ

ਉੱਤਰ ਪ੍ਰਦੇਸ਼ 24 ਕਰੋੜ ਦੀ ਆਬਾਦੀ ਨਾਲ ਭਾਰਤ ਦਾ ਸਭ ਤੋਂ ਵੱਧ ਆਬਾਦੀ ਵਾਲਾ ਰਾਜ ਹੈ। ਹਰ ਛੇਵਾਂ ਭਾਰਤੀ ਇਸ ਰਾਜ ਦਾ ਵਸਨੀਕ ਹੈ।

ਜੇ ਇਹ ਇੱਕ ਵੱਖਰਾ ਦੇਸ਼ ਹੁੰਦਾ, ਤਾਂ ਇਹ ਚੀਨ, ਭਾਰਤ, ਅਮਰੀਕਾ ਅਤੇ ਇੰਡੋਨੇਸ਼ੀਆ ਤੋਂ ਬਾਅਦ ਦੁਨੀਆਂ ਦਾ ਪੰਜਵਾਂ ਸਭ ਤੋਂ ਵੱਡਾ ਦੇਸ਼ ਹੁੰਦਾ, ਜੋ ਪਾਕਿਸਤਾਨ ਅਤੇ ਬ੍ਰਾਜ਼ੀਲ ਤੋਂ ਵੀ ਵੱਡਾ ਹੁੰਦਾ।

ਉੱਤਰ ਪ੍ਰਦੇਸ਼ ਰਾਜਨੀਤਿਕ ਤੌਰ 'ਤੇ ਵੀ ਦੇਸ਼ ਦਾ ਸਭ ਤੋਂ ਮਹੱਤਵਪੂਰਨ ਰਾਜ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਰਾਜ ਦੇ 80 ਸੰਸਦ ਮੈਂਬਰਾਂ ਨੂੰ ਇਹ ਸੰਸਦ ਭੇਜਦਾ ਹੈ।

ਹਾਲਾਂਕਿ, ਇਸ ਰਾਜਨੀਤਿਕ ਪ੍ਰਭਾਵ ਦੇ ਬਾਵਜੂਦ ਰਾਜ ਜ਼ਿਆਦਾ ਵਿਕਾਸ ਨਹੀਂ ਕਰ ਸਕਿਆ ਹੈ।

ਇਸ ਸਮੇਂ ਇਸ ਰਾਜ ਵਿੱਚ ਕੋਰੋਨਾ ਦੇ 1,91,000 ਸਰਗਰਮ ਕੇਸ ਹਨ। ਹਰ ਰੋਜ਼ ਹਜ਼ਾਰਾਂ ਨੂੰ ਲਾਗ ਲੱਗ ਰਹੀ ਹੈ। ਸੰਕਰਮਿਤ ਲੋਕਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਅਤੇ ਇਨ੍ਹਾਂ ਕਾਰਨਾਂ ਕਰਕੇ ਰਾਜ ਦਾ ਮਾੜਾ ਸਿਹਤ ਢਾਂਚਾ ਸੁਰਖੀਆਂ ਵਿੱਚ ਆ ਗਿਆ ਹੈ।

ਮਰੀਜ਼ਾਂ ਵਿੱਚ ਰਾਜ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਉਨ੍ਹਾਂ ਦੇ ਮੰਤਰੀ ਮੰਡਲ ਦੇ ਕਈ ਸਹਿਯੋਗੀ, ਦਰਜਨਾਂ ਸਰਕਾਰੀ ਅਧਿਕਾਰੀ ਅਤੇ ਸੈਂਕੜੇ ਡਾਕਟਰ, ਨਰਸਾਂ ਅਤੇ ਹੋਰ ਸਿਹਤ ਕਰਮਚਾਰੀ ਸ਼ਾਮਲ ਹਨ।

ਪਿਛਲੇ ਦਿਨਾਂ ਵਿੱਚ ਅਸੀਂ ਰਾਜ ਦੇ ਦਰਜਨਾਂ ਲੋਕਾਂ ਨਾਲ ਗੱਲਬਾਤ ਕੀਤੀ ਹੈ। ਅਤੇ ਉਨ੍ਹਾਂ ਤੋਂ ਹੈਰਾਨ ਕਰਨ ਵਾਲੀਆਂ ਕਹਾਣੀਆਂ ਸੁਣੀਆਂ ਹਨ।

ਇਹ ਵੀ ਪੜ੍ਹੋ

ਦਿਲ ਝਿੰਜੋੜ ਦੇਣ ਵਾਲੀਆਂ ਕਹਾਣੀਆਂ

ਕਾਨਪੁਰ ਦੇ ਇੱਕ ਪੱਤਰਕਾਰ ਦੁਆਰਾ ਸਾਂਝੇ ਕੀਤੇ ਇੱਕ ਵੀਡੀਓ ਵਿੱਚ, ਇੱਕ ਮਰੀਜ਼ ਸਰਕਾਰੀ ਲਾਲਾ ਲਾਜਪਤ ਰਾਏ ਹਸਪਤਾਲ ਦੀ ਪਾਰਕਿੰਗ ਵਿੱਚ ਜ਼ਮੀਨ ਉੱਤੇ ਪਿਆ ਵੇਖਿਆ ਗਿਆ।

ਥੋੜੀ ਦੂਰੀ 'ਤੇ ਇੱਕ ਬਜ਼ੁਰਗ ਇੱਕ ਬੈਂਚ ਉੱਤੇ ਬੈਠੇ ਹਨ। ਇਨ੍ਹਾਂ ਦੋਹਾਂ ਨੂੰ ਕੋਰੋਨਾ ਦੀ ਲਾਗ ਲੱਗੀ ਹੈ ਪਰ ਹਸਪਤਾਲ ਵਿੱਚ ਉਨ੍ਹਾਂ ਨੂੰ ਦਾਖ਼ਲ ਕਰਨ ਲਈ ਕੋਈ ਬੈੱਡ ਨਹੀਂ ਹਨ।

ਸਰਕਾਰ ਦੇ ਹੀ ਕਾਂਸ਼ੀ ਰਾਮ ਹਸਪਤਾਲ ਦੇ ਬਾਹਰ ਇੱਕ ਕੁੜੀ ਨੇ ਰੋਂਦੇ ਹੋਏ ਦੱਸਿਆ ਕਿ ਦੋ ਹਸਪਤਾਲਾਂ ਨੇ ਉਸ ਦੀ ਬੀਮਾਰ ਮਾਂ ਨੂੰ ਦਾਖ਼ਲ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

ਉਸ ਕੁੜੀ ਨੇ ਰੋਂਦੇ ਹੋਏ ਦੱਸਿਆ, "ਉਹ ਕਹਿ ਰਹੇ ਹਨ ਕਿ ਉਨ੍ਹਾਂ ਕੋਲ ਬੈੱਡ ਨਹੀਂ ਹਨ। ਜੇ ਹਸਪਤਾਲ ਵਿੱਚ ਕੋਈ ਬੈੱਡ ਨਹੀਂ ਹੈ, ਤਾਂ ਮਰੀਜ਼ ਨੂੰ ਫਰਸ਼ 'ਤੇ ਪਾਓ ਪਰ ਘੱਟੋ ਘੱਟ ਉਸ ਨੂੰ ਕੁਝ ਇਲਾਜ ਤਾਂ ਦਿਓ। ਮੇਰੇ ਵਰਗੇ ਬਹੁਤ ਸਾਰੇ ਲੋਕ ਹਨ।''

''ਮੈਂ ਬਹੁਤ ਸਾਰੇ ਮਰੀਜ਼ਾਂ ਨੂੰ ਵਾਪਸ ਪਰਤਦਿਆਂ ਵੇਖਿਆ ਹੈ। ਮੁੱਖ ਮੰਤਰੀ ਕਹਿੰਦੇ ਹਨ ਕਿ ਕਾਫ਼ੀ ਬੈੱਡ ਹਨ। ਕਿਰਪਾ ਕਰਕੇ ਮੈਨੂੰ ਦੱਸੋ ਕਿ ਉਹ ਬੈੱਡ ਕਿੱਥੇ ਹਨ? ਕਿਰਪਾ ਕਰਕੇ ਮੇਰੀ ਮਾਂ ਦਾ ਇਲਾਜ ਕਰੋ। "

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

'ਕੋਈ ਵੀ ਮਦਦ ਲਈ ਨਹੀਂ ਆਇਆ'

ਰਾਜਧਾਨੀ ਲਖਨਉ ਦੀ ਹਾਲਤ ਵੀ ਉਨੀ ਹੀ ਮਾੜੀ ਹੈ।

ਕਾਰ ਵਿਚ ਬੈਠੇ ਅਤੇ ਚਿਹਰੇ ਉੱਤੇ ਆਕਸੀਜਨ ਮਾਸਕ ਲਗਾਏ ਸੁਸ਼ੀਲ ਕੁਮਾਰ ਸ਼੍ਰੀਵਾਸਤਵ ਦੀ ਫੋਟੋ ਸਾਹਮਣੇ ਆਈ ਹੈ। ਉਨ੍ਹਾਂ ਦਾ ਪਰਿਵਾਰ ਉਨ੍ਹਾਂ ਨੂੰ ਦਾਖਲ ਕਰਾਉਣ ਲਈ ਇੱਕ ਹਸਪਤਾਲ ਤੋਂ ਦੂਜੇ ਹਸਪਤਾਲ ਦੌੜਦਾ ਰਿਹਾ। ਜਦੋਂ ਤੱਕ ਉਨ੍ਹਾਂ ਨੂੰ ਬੈੱਡ ਮਿਲਿਆ, ਉਸ ਵੇਲੇ ਤੱਕ ਬਹੁਤ ਦੇਰ ਹੋ ਗਈ ਸੀ।

ਜਦੋਂ ਮੈਂ ਉਨ੍ਹਾਂ ਦੇ ਬੇਟੇ ਆਸ਼ੀਸ਼ ਨੂੰ ਫੋਨ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਟੁੱਟ ਚੁੱਕੇ ਹਨ ਅਤੇ ਗੱਲ ਕਰਨ ਦੀ ਸਥਿਤੀ ਵਿੱਚ ਨਹੀਂ ਹਨ।

ਉਨ੍ਹਾਂ ਨੇ ਕਿਹਾ, "ਤੁਹਾਨੂੰ ਪਤਾ ਹੈ ਕਿ ਕੀ ਹੋਇਆ ਸੀ। ਮੈਂ ਗੱਲ ਕਰਨ ਦੀ ਸਥਿਤੀ ਵਿੱਚ ਨਹੀਂ ਹਾਂ।"

ਰਿਟਾਇਰਡ ਜੱਜ ਰਮੇਸ਼ ਚੰਦਰ ਦਾ ਹਿੰਦੀ ਵਿੱਚ ਹੱਥ ਨਾਲ ਲਿਖਿਆ ਨੋਟ ਸੈਂਕੜੇ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ। ਉਹ ਕੋਰੋਨਾ ਦੀ ਲਾਗ ਵਾਲੀ ਆਪਣੀ ਪਤਨੀ ਦੀ ਲਾਸ਼ ਘਰ ਲੈ ਕੇ ਜਾਣ ਲਈ ਅਧਿਕਾਰੀਆਂ ਨੂੰ ਬੇਨਤੀ ਕਰ ਰਹੇ ਸੀ। ਪਰ ਕੋਈ ਉਨ੍ਹਾਂ ਦੀ ਗੱਲ ਨਹੀਂ ਸੁਣ ਰਿਹਾ ਸੀ।

ਉਨ੍ਹਾਂ ਨੇ ਪੱਤਰ ਵਿੱਚ ਲਿਖਿਆ, "ਮੈਂ ਅਤੇ ਮੇਰੀ ਪਤਨੀ ਦੋਵੇਂ ਕੋਰੋਨਾ ਪੌਜ਼ੀਟਿਵ ਹੋ ਗਏ। ਕੱਲ੍ਹ ਸਵੇਰ ਤੋਂ ਹੀ ਮੈਂ ਸਰਕਾਰੀ ਹੈਲਪਲਾਈਨ ਨੰਬਰਾਂ ਉੱਤੇ ਘੱਟੋ ਘੱਟ 50 ਵਾਰ ਫ਼ੋਨ ਕੀਤਾ। ਪਰ ਕੋਈ ਵੀ ਦਵਾਈ ਦੇਣ ਜਾਂ ਹਸਪਤਾਲ ਲਿਜਾਣ ਲਈ ਨਹੀਂ ਆਇਆ। ਮੇਰੀ ਪਤਨੀ ਦੀ ਅੱਜ ਸਵੇਰੇ ਪ੍ਰਸ਼ਾਸਨ ਦੀ ਢਿਲਾਈ ਕਾਰਨ ਮੌਤ ਹੋ ਗਈ। "

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਲਕੇ ਵਾਰਾਣਸੀ ਵਿੱਚ ਰਹਿ ਰਹੇ 70 ਸਾਲਾ ਨਿਰਮਲਾ ਕਪੂਰ ਦੀ ਵੀਰਵਾਰ ਨੂੰ ਇੱਕ ਹਸਪਤਾਲ ਵਿੱਚ ਕੋਰੋਨਾ ਨਾਲ ਮੌਤ ਹੋ ਗਈ। ਉਨ੍ਹਾਂ ਦੇ ਬੇਟੇ ਵਿਮਲ ਕਪੂਰ ਨੇ ਮੌਜੂਦਾ ਸਥਿਤੀ ਨੂੰ 'ਭਿਆਨਕ' ਦੱਸਿਆ ਹੈ।

ਵਿਮਲ ਕਪੂਰ ਨੇ ਕਿਹਾ, "ਮੈਂ ਕਈਆਂ ਨੂੰ ਐਂਬੂਲੈਂਸਾਂ ਵਿੱਚ ਮਰਦੇ ਵੇਖਿਆ ਹੈ। ਹਸਪਤਾਲ ਮਰੀਜ਼ਾਂ ਨੂੰ ਭਜਾ ਰਹੇ ਹਨ ਕਿਉਂਕਿ ਉਨ੍ਹਾਂ ਕੋਲ ਬੈੱਡ ਨਹੀਂ ਹਨ, ਦੁਕਾਨਕਦਾਰਾਂ ਕੋਲ ਕੋਰੋਨਾ ਦਵਾਈਆਂ ਨਹੀਂ ਹਨ ਅਤੇ ਆਕਸੀਜਨ ਵੀ ਕਾਫ਼ੀ ਨਹੀਂ ਹੈ।"

ਉਨ੍ਹਾਂ ਨੇ ਕਿਹਾ ਕਿ ਜਦੋਂ ਉਹ ਆਪਣੀ ਮਾਂ ਦੀ ਮ੍ਰਿਤਕ ਦੇਹ ਨੂੰ ਸ਼ਮਸ਼ਾਨਘਾਟ ਲੈ ਕੇ ਗਏ ਤਾਂ ਉਸ ਘਾਟ 'ਤੇ 'ਲਾਸ਼ਾਂ ਦਾ ਢੇਰ' ਲੱਗਿਆ ਸੀ।

ਚਿਤਾ ਲਈ ਲੱਕੜ ਦੀ ਕੀਮਤ ਤਿੰਨ ਗੁਣਾ ਹੋ ਗਈ ਹੈ। ਸਸਕਾਰ ਲਈ ਉਡੀਕ ਦੀ ਮਿਆਦ 15-20 ਮਿੰਟ ਤੋਂ ਵੱਧ ਕੇ ਪੰਜ-ਛੇ ਘੰਟੇ ਹੋ ਗਈ ਹੈ।

ਉਨ੍ਹਾਂ ਨੇ ਕਿਹਾ, "ਮੈਂ ਪਹਿਲਾਂ ਕਦੇ ਅਜਿਹਾ ਦ੍ਰਿਸ਼ ਨਹੀਂ ਵੇਖਿਆ ਸੀ। ਤੁਸੀਂ ਜਿਥੇ ਵੀ ਦੇਖੋ, ਤੁਸੀਂ ਸਿਰਫ ਐਂਬੂਲੈਂਸਾਂ ਅਤੇ ਲਾਸ਼ਾਂ ਹੀ ਵੇਖਦੇ ਹੋ।"

ਕੋਰੋਨਾਵਾਇਰਸ

ਤਸਵੀਰ ਸਰੋਤ, Sumit kumar

ਤਸਵੀਰ ਕੈਪਸ਼ਨ, ਸ਼ਮਸ਼ਾਨ ਘਾਟ ਉੱਤੇ ਲਾਸ਼ਾਂ ਦੇ ਢੇਰ ਲੱਗੇ ਹਨ

ਸਹੀ ਤਸਵੀਰ ਸਾਹਮਣੇ ਨਹੀਂ ਆ ਰਹੀ

ਕੋਵਿਡ -19 ਨਾਲ ਹੋਈਆਂ ਮੌਤਾਂ ਅਤੇ ਇਸ ਨਾਲ ਤਬਾਹ ਹੋਏ ਪਰਿਵਾਰਾਂ ਦੀਆਂ ਕਹਾਣੀਆਂ ਦੇ ਵਿਚਕਾਰ ਰਾਜ ਵਿੱਚ ਲਾਗ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ।

ਐਤਵਾਰ ਨੂੰ ਸੂਬੇ ਵਿੱਚ 30,596 ਨਵੇਂ ਕੇਸ ਦਰਜ ਕੀਤੇ ਗਏ, ਜੋ ਇੱਕ ਦਿਨ ਵਿੱਚ ਲਾਗ ਦੇ ਮਾਮਲਿਆਂ ਦੀ ਸਭ ਤੋਂ ਵੱਡੀ ਗਿਣਤੀ ਹੈ।

ਇਥੋਂ ਤੱਕ ਕਿ ਵਿਰੋਧੀ ਧਿਰ ਦੇ ਨੇਤਾ ਅਤੇ ਕਾਰਕੁਨ ਕੋਰੋਨਾ ਦੀ ਲਾਗ ਦੇ ਫੈਲਣ ਦੀ ਸਹੀ ਤਸਵੀਰ ਨਹੀਂ ਦੱਸ ਰਹੇ ਹਨ।

ਉਨ੍ਹਾਂ ਨੇ ਸਰਕਾਰ 'ਤੇ ਇਲਜ਼ਾਮ ਲਾਇਆ ਕਿ ਕੋਰੋਨਾ ਦੀ ਲਾਗ ਵਾਲੇ ਲੋਕਾਂ ਦੀਆਂ ਮੌਤਾਂ ਦੀ ਗਿਣਤੀ ਨੂੰ ਲੋੜੀਂਦੇ ਟੈਸਟ ਨਾ ਕਰਕੇ ਅਤੇ ਨਿੱਜੀ ਲੈਬਾਂ ਦੇ ਅੰਕੜਿਆਂ ਸਮੇਤ ਘੱਟ ਰੱਖਿਆ ਜਾ ਰਿਹਾ ਹੈ।

ਅਤੇ ਇਨ੍ਹਾਂ ਲੋਕਾਂ ਦੇ ਦਾਅਵਿਆਂ ਵਿੱਚ ਦਮ ਵਿੱਖਦਾ ਹੈ। ਜਿਨ੍ਹਾਂ ਲੋਕਾਂ ਨਾਲ ਮੈਂ ਗੱਲ ਕੀਤੀ, ਉਨ੍ਹਾਂ ਵਿੱਚੋਂ ਕਈਆਂ ਦੀ ਜਾਂਚ ਨਹੀਂ ਹੋਈ ਸੀ, ਹਾਲਾਂਕਿ ਉਨ੍ਹਾਂ ਵਿੱਚੋਂ ਬਹੁਤ ਸਾਰੇ ਪੌਜ਼ੀਟਿਵ ਸਨ, ਉਨ੍ਹਾਂ ਦਾ ਡਾਟਾ ਰਾਜ ਸਰਕਾਰ ਦੀ ਵੈਬਸਾਈਟ 'ਤੇ ਅਪਲੋਡ ਨਹੀਂ ਕੀਤਾ ਗਿਆ ਸੀ।

ਲਖਨਉ ਦੇ 62 ਸਾਲਾ ਅਜੈ ਸਿੰਘ ਨੇ ਸਾਨੂੰ ਆਪਣੀ ਪਤਨੀ ਦੇ ਪੌਜ਼ੀਟਿਵ ਹੋਣ ਬਾਰੇ ਰਿਪੋਰਟ ਭੇਜੀ, ਪਰ ਰਾਜ ਸਰਕਾਰ ਦੇ ਰਿਕਾਰਡ ਵਿੱਚ ਉਨ੍ਹਾਂ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ।

ਰਾਜ ਵਿੱਚ ਕੋਰੋਨਾ ਮਹਾਂਮਾਰੀ ਦੁਆਰਾ ਮਾਰੇ ਗਏ ਲੋਕਾਂ ਦੀ ਸੂਚੀ ਵਿੱਚ ਕਾਨਪੁਰ ਦੇ ਨਿਰੰਜਨ ਪਾਲ ਸਿੰਘ ਅਤੇ ਵਾਰਾਣਸੀ ਦੀ ਨਿਰਮਲਾ ਕਪੂਰ ਦੋਵਾਂ ਦੇ ਨਾਮ ਸ਼ਾਮਲ ਹਨ।

ਇਸਦੇ ਬਾਅਦ ਵੀ, ਉਨ੍ਹਾਂ ਦੇ ਡੈੱਥ ਸਰਟੀਫਿਕੇਟ ਵਿੱਚ ਕੋਰੋਨਾਵਾਇਰਸ ਦਾ ਕਿਤੇ ਵੀ ਜ਼ਿਕਰ ਨਹੀਂ ਕੀਤਾ ਗਿਆ ਸੀ।

ਮੀਡੀਆ ਨੇ ਵੀ ਸਰਕਾਰ ਦੇ ਅੰਕੜਿਆਂ ਉੱਤੇ ਵੀ ਸਵਾਲ ਖੜੇ ਕੀਤੇ ਹਨ।

ਮੀਡੀਆ ਰਿਪੋਰਟਾਂ ਦੇ ਅਨੁਸਾਰ, ਲਖਨਉ ਅਤੇ ਵਾਰਾਣਸੀ ਦੇ ਸ਼ਮਸ਼ਾਨ ਘਾਟ 'ਤੇ ਸੜਨ ਵਾਲੀਆਂ ਲਾਸ਼ਾਂ ਅਤੇ ਕੋਰੋਨਾ ਨਾਲ ਮਰੇ ਲੋਕਾਂ ਦੇ ਅਧਿਕਾਰਤ ਅੰਕੜਿਆਂ 'ਚ ਕੋਈ ਮੇਲ-ਮਿਲਾਪ ਨਹੀਂ ਮਿਲ ਰਿਹਾ ਹੈ।

ਵੀਡੀਓ ਕੈਪਸ਼ਨ, ਕੋਰੋਨਾਵਾਇਰਸ: ਆਕਸੀਜਨ ਸਿਲੰਡਰਾਂ ਦੀ ਕਮੀ ਨਾਲ ਜੂਝ ਰਿਹਾ ਨਾਂਦੇੜ

ਸਰਕਾਰ ਨੇ ਮੌਕਾ ਗੁਆ ਦਿੱਤਾ ਹੈ

ਵਾਰਾਣਸੀ ਦੇ ਇੱਕ ਨਿੱਜੀ ਹਸਪਤਾਲ ਹੈਰੀਟੇਜ ਹਸਪਤਾਲ ਦੇ ਡਾਇਰੈਕਟਰ ਅੰਸ਼ੁਮਨ ਰਾਏ ਨੇ ਮੌਜੂਦਾ ਸਥਿਤੀ ਨੂੰ 'ਅਸਾਧਾਰਣ' ਦੱਸਿਆ ਹੈ।

ਉਹ ਕਹਿੰਦੇ ਹਨ, "ਸਿਹਤ ਸੇਵਾਵਾਂ ਦੇ ਢਹਿਣ ਦਾ ਕਾਰਨ ਇਹ ਹੈ ਕਿ ਸਿਹਤ ਕਰਮਚਾਰੀ ਜਿਵੇਂ ਡਾਕਟਰ, ਨਰਸਾਂ, ਵਾਰਡ ਬੁਆਏ ਅਤੇ ਲੈਬ ਟੈਕਨੀਸ਼ੀਅਨ ਬਹੁਤ ਬਿਮਾਰ ਹੋ ਰਹੇ ਹਨ।"

ਉਨ੍ਹਾਂ ਨੇ ਦੱਸਿਆ, "ਅਜਿਹੇ ਸਮੇਂ ਜਦੋਂ ਸਾਨੂੰ 200 ਪ੍ਰਤੀਸ਼ਤ ਕੰਮ ਕਰਨਾ ਚਾਹੀਦਾ ਹੈ, ਅਸੀਂ 100 ਪ੍ਰਤੀਸ਼ਤ ਯੋਗਦਾਨ ਪਾਉਣ ਦੇ ਵੀ ਸਮਰੱਥ ਨਹੀਂ ਹਾਂ। ਇਹ ਇਸ ਲਈ ਹੈ ਕਿਉਂਕਿ ਸਿਹਤ ਖੇਤਰ ਪੂਰੀ ਤਰ੍ਹਾਂ ਮਨੁੱਖ ਸ਼ਕਤੀ 'ਤੇ ਨਿਰਭਰ ਹੈ।"

ਹਾਲਾਂਕਿ, ਆਲੋਚਕ ਦੂਜੀ ਲਹਿਰ ਦੀ ਉਮੀਦ ਕਰਨ ਵਿੱਚ ਅਸਫਲ ਰਹਿਣ ਲਈ ਰਾਜ ਅਤੇ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ।

ਆਲੋਚਕ ਕਹਿੰਦੇ ਹਨ ਕਿ ਸਤੰਬਰ ਅਤੇ ਫਰਵਰੀ ਦੇ ਵਿਚਕਾਰ ਕੁਝ ਨਹੀਂ ਕੀਤਾ ਗਿਆ ਸੀ, ਜਦੋਂ ਕਿ ਉਸ ਸਮੇਂ ਸਿਹਤ ਸੇਵਾਵਾਂ ਅਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਜਾ ਸਕਦਾ ਸੀ। ਰਾਜ ਸਰਕਾਰਾਂ ਆਕਸੀਜਨ ਬੈਂਕ ਬਣਾਉਣ ਦੇ ਨਾਲ ਦਵਾਈਆਂ ਜਮ੍ਹਾਂ ਕਰਵਾ ਸਕਦੇ ਹਨ। ਹਾਲਾਂਕਿ, ਉਨ੍ਹਾਂ ਨੇ ਸਿਰਫ਼ ਇਸ ਮੌਕੇ ਨੂੰ ਇਸ ਤਰ੍ਹਾਂ ਹੀ ਜਾਣ ਦਿੱਤਾ।

ਅਤੇ ਹੁਣ ਜਦੋਂ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ, ਇਸ ਸਮੇਂ ਸਭ ਕੁਝ ਠੀਕ ਹੋਣ ਦੀਆਂ ਉਮੀਦਾਂ ਦਿਖਾਈ ਨਹੀਂ ਦੇ ਰਹੀਆਂ ਹਨ।

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)