ਕੋਰੋਨਾਵਾਇਰਸ : ਪੰਜਾਬ ਵਿੱਚ ਕੋਰਨਾ ਦੇ ਵਿਗੜ ਰਹੇ ਹਾਲਾਤ ਅਤੇ ਵੈਕਸੀਨ ਤੋਂ ਕੀ ਹਨ ਉਮੀਦਾਂ

ਵੀਡੀਓ ਕੈਪਸ਼ਨ, ਪੰਜਾਬ ਵਿੱਚ ਕੋਰੋਨਾਵਾਇਰਸ
    • ਲੇਖਕ, ਅਰਵਿੰਦ ਛਾਬੜਾ
    • ਰੋਲ, ਬੀਬੀਸੀ ਪੱਤਰਕਾਰ

ਪੰਜਾਬ ਵਿਚ ਕੋਵਿਡ 19 ਦੀ ਹਾਲਤ ਦੀ ਗੰਭੀਰਤਾ ਦਾ ਅੰਦਾਜ਼ਾ ਇੱਥੋਂ ਲਾਇਆ ਜਾ ਸਕਦਾ ਹੈ ਕਿ ਇਸ ਸਾਲ 26 ਜਨਵਰੀ ਨੂੰ ਸੂਬੇ ਵਿਚ 129 ਮਾਮਲੇ ਸਨ ਜੋ ਕਿ 31 ਮਾਰਚ ਨੂੰ 2492 ਹੋ ਗਏ।ਇਸ ਤੋਂ ਇਲਾਵਾ 56 ਲੋਕਾਂ ਦੀ ਮੌਤ ਹੋਈ।

ਇੱਕ ਅਪ੍ਰੈਲ ਨੂੰ 3161 ਮਾਮਲੇ ਸਾਹਮਣੇ ਆਏ ਤੇ 60 ਲੋਕਾਂ ਦੀ ਮੌਤ ਹੋਈ। ਦੋ ਅਪ੍ਰੈਲ ਨੂੰ ਫੇਰ 2900 ਤੋਂ ਵੱਧ ਮਾਮਲੇ ਸਾਹਮਣੇ ਆਏ ਤੇ 57 ਲੋਕਾਂ ਦੀ ਮੌਤ ਹੋ ਗਈ।

ਕੁੱਝ ਮਹੀਨੇ ਪਹਿਲਾਂ ਤੱਕ ਜਿੱਥੇ ਇੱਕ ਦਿਨ ਵਿੱਚ ਦੋ ਜਾਂ ਤਿੰਨ ਮੌਤਾਂ ਹੋ ਰਹੀਆਂ ਸਨ, ਉੱਥੇ ਹੁਣ ਰੋਜ਼ਾਨਾ 50-60 ਜਾਨਾਂ ਜਾ ਰਹੀਆਂ ਹਨ। ਇੰਨਾ ਹੀ ਨਹੀਂ, ਆਉਣ ਵਾਲਾ ਸਮਾਂ ਹੋਰ ਵੀ ਖ਼ਤਰਨਾਕ ਹੋਣ ਵਾਲਾ ਹੈ।

ਇਹ ਵੀ ਪੜ੍ਹੋ:

ਸੂਬੇ ਦੇ ਕੋਵਿਡ ਦੇ ਨੋਡਲ ਅਫ਼ਸਰ ਡਾਕਟਰ ਰਾਜੇਸ਼ ਭਾਸਕਰ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ ਕਿ ਅਗਲੇ ਹਫ਼ਤੇ ਯਾਨੀ 15 ਅਪ੍ਰੈਲ ਤੱਕ ਸੂਬੇ ਵਿਚ ਹਰ ਰੋਜ਼ 4000 ਤੋਂ ਵੱਧ ਮਾਮਲੇ ਆਉਣ ਦਾ ਖ਼ਦਸ਼ਾ ਹੈ।

ਪੰਜਾਬ ਵਿਚ ਕੋਰੋਨਾ ਕਿੰਨਾ ਖ਼ਤਰਨਾਕ

ਕੋਵਿਡ 19 ਜਦੋਂ ਆਪਣੇ ਸਿਖ਼ਰ ֹ'ਤੇ ਸੀ ਤਾਂ ਵੀ ਔਸਤ 2000 ਮਾਮਲੇ ਰੋਜ਼ਾਨਾ ਵੇਖਣ ਨੂੰ ਮਿਲਦੇ ਸੀ। ਇਸ ਦਾ ਮਤਲਬ ਹੈ ਕਿ ਹੁਣ ਇਹ ਗਿਣਤੀ ਦੋ ਗੁਣੀ ਹੋਣ ਵਾਲੀ ਹੈ, ਜੋ ਕਿ ਚਿੰਤਾ ਦਾ ਸਬੱਬ ਹੈ।

ਗੁਆਂਢੀ ਸੂਬੇ ਹਰਿਆਣਾ ਨਾਲ ਤੁਲਨਾ ਕਰੀਏ ਤਾਂ ਸਥਿਤੀ ਹੋਰ ਸਪੱਸ਼ਟ ਹੋ ਜਾਂਦੀ ਹੈ। ਦੋ ਅਪ੍ਰੈਲ ਨੂੰ ਜਦੋਂ ਪੰਜਾਬ ਵਿੱਚ ਕੋਵਿਡ-19 ਨੇ 57 ਜਾਨਾਂ ਲਈਆਂ ਤਾਂ ਹਰਿਆਣਾ ਵਿੱਚ 10 ਲੋਕਾਂ ਦੀ ਮੌਤ ਹੋਈ ਸੀ। ਹਰਿਆਣਾ ਵਿੱਚ 3 ਅਪ੍ਰੈਲ ਤੱਕ ਹਰਿਆਣੇ ਵਿੱਚ 3174 ਮੌਤਾਂ ਹੋਈਆਂ ਉੱਥੇ ਹੀ ਪੰਜਾਬ ਵਿੱਚ 7000 (6983) ਜਾਨਾਂ ਗਈਆਂ।

ਸੂਬੇ ਦੀ ਕੋਵਿਡ ਮਾਹਿਰਾਂ ਦੀ ਕਮੇਟੀ ਦੇ ਮੁਖੀ ਡਾ਼ ਕੇਕੇ। ਤਲਵਾੜ ਦਾ ਕਹਿਣਾ ਹੈ, "ਪਿਛਲੇ 4-5 ਹਫ਼ਤਿਆਂ ਤੋ ਕੋਵਿਡ ਕੇਸਾਂ ਦੀ ਗਿਣਤੀ ਵਿੱਚ ਬਹੁਤ ਤੇਜ਼ੀ ਨਾਲ ਇਜ਼ਾਫ਼ਾ ਹੋਇਆ ਹੈ। ਸਤੰਬਰ ਮਹੀਨੇ ਨਾਲੋਂ ਵੀ ਜ਼ਿਆਦਾ ਮਾਮਲੇ ਵੇਖਣ ਨੂੰ ਆ ਰਹੇ ਹਨ। ਦੋ ਹਫ਼ਤੇ ਵਿੱਚ ਇਹ ਹੋਰ ਵੀ ਜ਼ਿਆਦਾ ਵਧੇਗਾ। ਇਹ ਯੂਕੇ ਵੇਰੀਐਂਟ ਕਾਰਨ ਹੋ ਰਿਹਾ ਹੈ ਜੋ ਆਮ ਕਿਸਮ ਨਾਲੋਂ 40-50% ਵੱਧ ਲਾਗਸ਼ੀਲ ਹੈ।"

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਕੀ ਹੈ ਇਹ ਯੂਕੇ ਦਾ ਵੇਰੀਐਂਟ

ਪੰਜਾਬ ਵਿੱਚ ਪੌਜ਼ੀਟਿਵ ਦਰ ਵਿੱਚ ਵਾਧੇ ਦੀ ਸਮੀਖਿਆ ਕਰਨ ਲਈ ਪਿਛਲੇ ਮਹੀਨੇ ਭਾਰਤ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੀ ਇੱਕ ਟੀਮ ਨੇ ਸੂਬੇ ਦਾ ਦੌਰਾ ਕੀਤਾ ਸੀ। ਇਸ ਮਗਰੋਂ ਇਸ ਵਾਇਰਸ ਦਾ ਸਰੂਪ ਜਾਨਣ ਲਈ 1 ਜਨਵਰੀ, 2021 ਤੋਂ ਲੈ ਕੇ 10 ਮਾਰਚ, 2021 ਲਏ ਗਏ 401 ਨਮੂਨੇ ਐਨਸੀਡੀਸੀ ਨੂੰ ਭੇਜੇ।

ਸੂਬੇ ਦੇ ਕੋਵਿਡ ਮਾਹਿਰਾਂ ਦੀ ਕਮੇਟੀ ਦੇ ਮੁਖੀ ਡਾ਼ ਕੇਕੇ ਤਲਵਾੜ ਮੁਤਾਬਕ ਇਨ੍ਹਾਂ ਨਮੂਨਿਆਂ ਦੇ ਨਤੀਜੇ ਚਿੰਤਾਜਨਕ ਸਨ ਕਿਉਂਕਿ 326 ਕੋਵਿਡ ਨਮੂਨਿਆਂ ਵਿੱਚ ਬੀ.1.1.7 ਵੇਰੀਐਂਟ ਪਾਇਆ ਗਿਆ ਹੈ।

ਡਾ਼ ਕੇਕੇ ਤਲਵਾੜ ਨੇ ਦੱਸਿਆ ਕਿ ਯੂਕੇ ਦੀ ਇਹ ਕਿਸਮ ਬੀ.1.1.7 ਜ਼ਿਆਦਾ ਲਾਗਸ਼ੀਲ ਹੈ ਪਰ ਜ਼ਿਆਦਾ ਮਾਰੂ ਨਹੀਂ ਹੈ। ਉਨ੍ਹਾਂ ਨੇ ਦੱਸਿਆ ਕਿ ਆਕਸਫੋਰਡ (ਕੋਵੀਸ਼ੀਲਡ) ਦੀ ਦਵਾਈ ਯੂਕੇ ਵੇਰੀਐਂਟ ਲਈ ਪੂਰੀ ਤਰਾਂ ਕਾਰਗਰ ਹੈ।

ਡਾਕਟਰ ਰਾਜੇਸ਼ ਭਾਸਕਰ ਨੇ ਬੀਬੀਸੀ ਨੂੰ ਦੱਸਿਆ ਕਿ ਪੰਜਾਬ ਵਿੱਚ ਲਗਭਗ 80% ਮਾਮਲੇ ਇਸੇ ਕਿਸਮ ਦੇ ਹਨ।

ਡਾ਼ ਕੇਕੇ ਤਲਵਾੜ
ਤਸਵੀਰ ਕੈਪਸ਼ਨ, ਡਾ਼ ਕੇਕੇ ਤਲਵਾੜ

ਸੂਬੇ ਵਿੱਚ ਇਸ ਕਿਸਮ ਦੇ ਫ਼ੈਲਣ ਦੇ ਕਾਰਨਾਂ ਬਾਰੇ ਉਨ੍ਹਾਂ ਨੇ ਦੱਸਿਆ ਕਿ ਇੱਥੇ ਆ ਕੇ ਲੋਕਾਂ ਦਾ ਆਪਣੇ ਬਾਰੇ ਜਾਣਕਾਰੀ ਨਾ ਦੇਣ ਨਾਲ ਇਹ ਵਾਇਰਸ ਕਾਫ਼ੀ ਫੈਲ ਗਿਆ।

ਕੀ ਕਾਰਨ ਹੈ ਕਿ ਪੰਜਾਬ ਵਿਚ ਇਸ ਕਿਸਮ ਦਾ ਕਾਫ਼ੀ ਪ੍ਰਭਾਅ ਵੇਖਣ ਨੂੰ ਮਿਲ ਰਿਹਾ ਹੈ?

ਚੰਡੀਗੜ੍ਹ ਦੇ ਡਾਕਟਰ ਐਸਕੇ ਜਿੰਦਲ ਦਾ ਕਹਿਣਾ ਹੈ ਕਿ ਯੂਕੇ ਤੇ ਪੰਜਾਬ ਦੇ ਵੈਸੇ ਵੀ ਕਾਫ਼ੀ ਪੁਰਾਣੇ ਸੰਬੰਧ ਹਨ ਤੇ ਲੋਕਾਂ ਦਾ ਆਉਣਾ-ਜਾਣਾ ਕਾਫ਼ੀ ਲੱਗਿਆ ਰਹਿੰਦਾ ਹੈ। ਇਸ ਵਾਇਰਸ ਦੇ ਫੈਲਣ ਦਾ ਇਹ ਕਾਰਨ ਵੀ ਹੋ ਸਕਦਾ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਮਾਸਕ ਤੇ ਸੋਸ਼ਲ ਡਿਸਟੈਂਸਿਗ

ਡਾਕਟਰਾਂ ਤੇ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਤੇਜ਼ੀ ਨਾਲ ਵੱਧ ਰਹੇ ਮਾਮਲਿਆਂ ਦਾ ਕਾਰਨ ਲੋਕਾਂ ਦਾ ਕੋਈ ਪਰਹੇਜ਼ ਨਾ ਕਰਨਾ ਵੀ ਹੈ।

ਡਾਕਟਰ ਰਾਜੇਸ਼ ਭਾਸਕਰ ਦੱਸਦੇ ਹਨ ਕਿ ਲੋਕ ਨਾ ਤਾਂ ਮਾਸਕ ਪਾ ਰਹੇ ਹਨ ਤੇ ਨਾ ਹੀ ਸੋਸ਼ਲ ਡਿਸਟੈਂਸਿੰਗ ਬਾਰੇ ਹੀ ਗੰਭੀਰ ਹਨ। ਉਹ ਦੱਸਦੇ ਹਨ ਕਿ ਵਿਆਹ ਸ਼ਾਦੀਆਂ ਤੇ ਬਾਕੀ ਇਕੱਠਾਂ ਵਿਚ ਵੱਡੀ ਗਿਣਤੀ ਵਿਚ ਲੋਕ ਆ ਜਾ ਰਹੇ ਹਨ ਜਿਸ ਦਾ ਨਤੀਜਾ ਇਹ ਹੈ ਕਿ ਕੋਵਿਡ-19 ਬੜੀ ਹੀ ਤੇਜ਼ੀ ਨਾਲ ਵੱਧ ਰਿਹਾ ਹੈ।

ਕਿਹੜੇ ਜ਼ਿਲ੍ਹੇ ਜ਼ਿਆਦਾ ਪ੍ਰਭਾਵਿਤ

ਡਾਕਟਰ ਭਾਸਕਰ ਦੱਸਦੇ ਹਨ ਕਿ ਇਸ ਵਕਤ ਪੂਰੇ ਪੰਜਾਬ ਵਿੱਚ ਹੀ ਕੋਵਿਡ ਫ਼ੈਲਿਆ ਹੋਇਆ ਹੈ ਤੇ ਯੂਕੇ ਦੀ ਕਿਸਮ ਵੀ ਸਾਰੇ ਪਾਸੇ ਵੇਖਣ ਨੂੰ ਮਿਲ ਰਹੀ ਹੈ ਹਾਲਾਂਕਿ ਕੁਝ ਦਿਨ ਇਹ ਪਹਿਲਾਂ ਤੱਕ ਦੁਆਬੇ ਵਿੱਚ ਹੀ ਵਧੇਰੇ ਵੇਖਣ ਨੂੰ ਮਿਲ ਰਿਹਾ ਸੀ।

ਇੱਕ ਅਪ੍ਰੈਲ ਦੇ ਅੰਕੜੇ ਦੱਸਦੇ ਹਨ ਕਿ ਪੰਜਾਬ ਵਿੱਚ ਸਭ ਤੋਂ ਵੱਧ ਮਾਮਲੇ ਇਨ੍ਹਾਂ ਜ਼ਿਲ੍ਹਿਆਂ ਵਿੱਚ ਹਨ:

ਜਲੰਧਰ (416), ਹੁਸ਼ਿਆਰਪੁਰ (258), ਮੋਹਾਲੀ ਜਾਂ ਐਸਏਐਸ ਨਗਰ (409), ਲੁਧਿਆਣਾ (376), ਅੰਮ੍ਰਿਤਸਰ (332), ਅਤੇ ਪਟਿਆਲਾ (268)।

ਜੇ ਸੂਬੇ ਵਿੱਚ ਹੋਣ ਵਾਲੀਆਂ ਮੌਤਾਂ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਵਿੱਚ 11 ਮੌਤਾਂ ਹੋਈਆਂ, ਹੁਸ਼ਿਆਰਪੁਰ ਤੇ ਜਲੰਧਰ ਵਿੱਚ 9-9 ਅਤੇ ਸ਼ਹੀਦ ਭਗਤ ਸਿੰਘ ਨਗਰ ਵਿੱਚ ਚਾਰ ਮੌਤਾਂ ਹੋਈਆਂ।

ਕੋਰੋਨਾਵਾਇਰਸ

ਤਸਵੀਰ ਸਰੋਤ, EPA

ਵੈਕਸੀਨ ਤੋਂ ਉਮੀਦ

ਮਾਹਿਰਾਂ ਦਾ ਮੰਨਣਾ ਹੈ ਕਿ ਚੰਗੀ ਗੱਲ ਇਹ ਹੈ ਕਿ ਸਰਕਾਰ ਨੇ ਵੈਕਸੀਨ ਦੀ ਪਾਲਿਸੀ ਬਦਲ ਦਿੱਤੀ ਹੈ ਤੇ ਹੁਣ ਸਾਰੇ ਲੋਕ ਜਿਨਾਂ ਦੀ ਉਮਰ 45 ਤੋਂ ਵੱਧ ਹੈ ਉਹ ਟੀਕਾ ਲਵਾ ਸਕਦੇ ਹਨ। ਇਸ ਤੋਂ ਪਹਿਲਾਂ ਸਿਰਫ਼ 60 ਸਾਲ ਤੋਂ ਵੱਡੇ ਜਾਂ ਫ਼ਿਰ 45 ਤੋਂ ਵੱਡੀ ਉਮਰ ਦੇ ਉਹ ਲੋਕ ਜਿਨਾਂ ਨੂੰ ਕੋਈ ਹੋਰ ਬਿਮਾਰੀ ਹੋਵੇ, ਟੀਕਾ ਲਗਵਾ ਸਕਦੇ ਸਨ।

ਪੰਜਾਬ ਵਿਚ ਵੈਕਸੀਨ ਲਵਾਉਣ ਵਾਲ਼ਿਆਂ ਦੀ ਗਿਣਤੀ ਕਈ ਸੂਬਿਆਂ ਨਾਲੋਂ ਘੱਟ ਹੈ। ਜੇ ਆਪਾਂ ਗਵਾਂਢੀ ਸੂਬੇ ਹਰਿਆਣੇ ਨਾਲ ਤੁਲਨਾ ਕਰੀਏ ਤਾਂ ਪੰਜਾਬ ਵਿੱਚ ਤਿੰਨ ਅਪ੍ਰੈਲ ਨੂੰ ਸਵੇਰ ਤਕ 11 ਲੱਖ ਤੋਂ ਘੱਟ ਲੋਕਾਂ ਨੇ ਟੀਕਾ ਲਵਾਇਆ ਸੀ ਜਦੋਂ ਕਿ ਇਹ ਗਿਣਤੀ ਹਰਿਆਣਾ ਵਿਚ 17 ਲੱਖ ਤੋਂ ਵੀ ਵੱਧ ਸੀ।

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਡਾਕਟਰ ਤਲਵਾੜ ਦਾ ਕਹਿਣਾ ਹੈ ਕਿ ਹੁਣ ਸਭ ਤੋ ਵੱਡੀ ਰਾਹਤ ਦੀ ਗੱਲ ਇਹ ਹੈ ਕਿ ਵੈਕਸੀਨ ਮਿਲ ਰਹੀ ਹੈ। ਸਰਕਾਰ ਬਹੁਤ ਮਿਹਨਤ ਕਰ ਰਹੀ ਹੈ। ਇੱਥੋਂ ਤੱਕ ਕਿ ਜਿਲ੍ਹਿਆਂ ਵਿੱਚ ਮੁਹੱਲਾ ਤੇ ਛੋਟੇ ਹਸਪਤਾਲਾਂ ਵਿੱਚ ਵੀ ਸਰਕਾਰ ਇਸ ਨੂੰ ਮੁਹੱਈਆ ਕਰਵਾ ਰਹੀ ਹੈ।"

ਕੋਵਿਡ-19 ਟੀਕਾਕਰਨ ਮੁਹਿੰਮ ਦੇ ਤੀਜੇ ਪੜਾਅ ਦੇ ਪਹਿਲੇ ਦਿਨ, ਪਹਿਲੀ ਅਪ੍ਰੈਲ ਨੂੰ ਪੰਜਾਬ ਵਿੱਚ 77,000 ਲੋਕਾਂ ਨੇ ਟੀਕਾ ਲਵਾਇਆ। ਪੂਰੇ ਸੂਬੇ ਵਿੱਚ ਕੁੱਲ 2500 ਟੀਕਾਕਰਨ ਕੇਂਦਰਾਂ ਤੇ 45 ਤੇ 59 ਸਾਲ ਦੀ ਉਮਰ ਦੇ ਦਰਮਿਆਨ ਵਾਲੇ ਕੁੱਲ 48,800 ਲੋਕਾਂ ਨੇ ਟੀਕਾਕਰਨ ਕਰਵਾਇਆ ਹੈ।

ਪੰਜਾਬ ਦੇ ਡਾਕਟਰ ਕਹਿੰਦੇ ਹਨ ਕਿ ਸੂਬੇ ਵਿੱਚ ਪਹਿਲਾਂ ਬਹੁਤ ਘੱਟ ਲੋਕ ਵੈਕਸੀਨ ਲਗਵਾ ਰਹੇ ਸਨ ਪਰ ਹੁਣ ਇਸ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ।

ਪੰਜਾਬ ਸਰਕਾਰ ਨੇ ਇੱਕ ਲੱਖ ਵੈਕਸੀਨ ਰੋਜ਼ਾਨਾ ਲਾਉਣ ਦਾ ਟੀਚਾ ਰੱਖਿਆ ਹੈ। ਹਾਲੇ ਵੈਕਸੀਨ ਲਵਾਉਣ ਵਾਲੇ ਲੋਕਾਂ ਦੀ ਗਿਣਤੀ ਇਸ ਅੰਕੜੇ ਤੋਂ ਘੱਟ ਹੈ ਪਰ ਸਰਕਾਰ ਦਾ ਦਾਅਵਾ ਹੈ ਕਿ ਜਲਦੀ ਹੀ ਉਹ ਇਸ ਟੀਚੇ ਨੂੰ ਹਾਸਲ ਕਰ ਲਵੇਗੀ।

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)