ਕੋਰੋਨਾ ਵੈਕਸੀਨ ਲਗਵਾਉਣ ਲਈ ਸਰਕਾਰ ਫ਼ੌਰੀ ਤੌਰ 'ਤੇ ਉਮਰ ਸੀਮਾ ਕਿਉਂ ਨਹੀਂ ਹਟਾ ਦਿੰਦੀ

ਤਸਵੀਰ ਸਰੋਤ, Getty Images
- ਲੇਖਕ, ਸਰੋਜ ਸਿੰਘ
- ਰੋਲ, ਬੀਬੀਸੀ ਨਿਊਜ਼
ਕਈ ਸੂਬਿਆਂ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਕੋਰੋਨਾ ਵੈਕਸੀਨ ਲਗਵਾਉਣ ਲਈ ਭਾਰਤ ਸਰਕਾਰ ਨੂੰ ਆਪਣੇ ਨਿਯਮਾਂ ਵਿੱਚ ਹੁਣ ਥੋੜ੍ਹਾ ਬਦਲਾਅ ਕਰਨਾ ਚਾਹੀਦਾ ਹੈ।
ਮਹਾਰਾਸ਼ਟਰ ਸਰਕਾਰ ਨੇ ਇਸ ਬਾਰੇ ਕੇਂਦਰ ਸਰਕਾਰ ਨੂੰ ਚਿੱਠੀ ਲਿਖ ਕੇ 25 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਦੇ ਕੋਰੋਨਾ ਖ਼ਿਲਾਫ਼ ਟੀਕਾਕਰਨ ਦੀ ਇਜ਼ਾਜਤ ਮੰਗੀ ਹੈ।
ਉਥੇ ਹੀ ਦਿੱਲੀ ਦੀ ਸੱਤਾ 'ਤੇ ਕਾਬਜ਼ ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਢਾ ਪ੍ਰਧਾਨ ਮੰਤਰੀ ਤੋਂ ਸਵਾਲ ਪੁੱਛ ਰਹੇ ਹਨ ਕਿ ਕੀ ਭਾਰਤ ਸਰਕਾਰ ਲਈ ਪਾਕਿਸਤਾਨ ਦੇ ਲੋਕਾਂ ਦੀ ਜਾਨ ਦੀ ਕੀਮਤ, ਭਾਰਤ ਦੇ ਲੋਕਾਂ ਦੀ ਜਾਨ ਦੀ ਕੀਮਤ ਤੋਂ ਵੱਧ ਹੈ।
ਇਹ ਵੀ ਪੜ੍ਹੋ-
ਉਨ੍ਹਾਂ ਦਾ ਇਸ਼ਾਰਾ ਵੈਕਸੀਨ ਬਰਾਮਦਗੀ ਦੇ ਫ਼ੈਸਲੇ ਨੂੰ ਲੈ ਕੇ ਸੀ।
ਇਸੇ ਤਰ੍ਹਾਂ ਦੀ ਬੇਨਤੀ ਰਾਜਸਥਾਨ ਦੇ ਸਿਹਤ ਵਿਭਾਗ ਦੇ ਮੰਤਰੀ ਡਾਕਟਰ ਰਘੂ ਸ਼ਰਮਾ ਨੇ ਵੀ ਕੇਂਦਰ ਸਰਕਾਰ ਨੂੰ ਕੀਤੀ ਹੈ।
ਉਨ੍ਹਾਂ ਨੇ ਸੋਮਵਾਰ ਨੂੰ ਕਿਹਾ, "ਪ੍ਰਦੇਸ਼ ਵਿੱਚ ਜਿਸ ਤੇਜ਼ੀ ਨਾਲ ਕੋਰੋਨਾ ਲਾਗ਼ ਫ਼ੈਲ ਰਿਹਾ ਹੈ, ਕੇਂਦਰ ਸਰਕਾਰ ਨੂੰ ਚਾਹੀਦਾ ਹੈ ਤੁਰੰਤ ਕੋਰੋਨਾ ਵੈਕਸੀਨੇਸ਼ਨ ਲਈ ਉਮਰ ਸੀਮਾ ਨੂੰ ਹਟਾਏ, ਜਿਸ ਨਾਲ ਘੱਟ ਸਮੇਂ ਵਿੱਚ ਵੱਧ ਲੋਕਾਂ ਦਾ ਟੀਕਾਕਰਨ ਕਰਕੇ ਲਾਗ਼ ਦੇ ਫ਼ੈਲਾਅ ਨੂੰ ਰੋਕਿਆ ਜਾ ਸਕੇ।"
ਧਿਆਨ ਦੇਣ ਵਾਲੀ ਗੱਲ ਹੈ ਕਿ ਇੰਨਾਂ ਤਿੰਨਾਂ ਸੂਬਿਆਂ ਵਿੱਚ ਗ਼ੈਰ-ਭਾਜਪਾ ਪਾਰਟੀ ਦੀਆਂ ਸਰਕਾਰਾਂ ਹਨ।
ਇਸ ਦੇ ਇਲਾਵਾ ਮੰਗਲਵਾਰ ਨੂੰ ਅਜਿਹੀ ਹੀ ਮੰਗ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਵੀ ਕੀਤੀ।
ਆਈਐੱਮਏ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਸੁਝਾਅ ਦਿੱਤਾ ਹੈ ਕਿ 18 ਸਾਲ ਤੋਂ ਵੱਧ ਉਮਰ ਦੇ ਸਾਰੇ ਭਾਰਤੀਆਂ ਨੂੰ ਕੋਰੋਨਾ ਵੈਕਸੀਨ ਲਗਵਾਉਣ ਦੀ ਆਗਿਆ ਦੇ ਦੇਣੀ ਚਾਹੀਦੀ ਹੈ।

ਤਸਵੀਰ ਸਰੋਤ, Getty Images
ਹੁਣ ਵੱਖ-ਵੱਖ ਖੇਤਰਾਂ ਵਿੱਚ ਇੰਨੀ ਮੰਗ ਹੋ ਰਹੀ ਹੈ, ਤਾਂ ਆਖ਼ਰ ਮੋਦੀ ਸਰਕਾਰ ਇਸ ਬਾਰੇ ਫ਼ੌਰੀ ਤੌਰ 'ਤੇ ਫ਼ੈਸਲਾ ਲੈ ਕਿਉਂ ਨਹੀਂ ਰਹੀ। ਮੰਗਲਵਾਰ ਨੂੰ ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਵੀ ਇੱਕ ਪ੍ਰੈਸ ਕਾਨਫਰੰਸ ਵਿੱਚ ਇਸ ਦਾ ਜਵਾਬ ਦਿੱਤਾ ਸੀ।
ਉਨ੍ਹਾਂ ਨੇ ਕਿਹਾ, "ਦੁਨੀਆਂ ਵਿੱਚ ਹਰ ਜਗ੍ਹਾਂ ਲੋੜ ਦੇ ਆਧਾਰ 'ਤੇ ਪਹਿਲਾਂ ਟੀਕਾਕਰਨ ਕੀਤਾ ਗਿਆ ਹੈ, ਨਾ ਕਿ ਲੋਕਾਂ ਦੀ ਇੱਛਾ ਦੇ ਆਧਾਰ 'ਤੇ।"
ਉਨ੍ਹਾਂ ਨੇ ਦੁਨੀਆਂ ਦੇ ਕਈ ਦੇਸਾਂ ਜਿਵੇਂ ਕਿ ਯੂਕੇ, ਅਮਰੀਕਾ, ਫ਼ਰਾਂਸ ਅਤੇ ਆਸਟਰੇਲੀਆ ਦੀ ਉਦਾਹਰਣ ਵੀ ਦਿੱਤੀ ਤੇ ਦੱਸਿਆ ਕਿ ਹਰ ਦੇਸ ਨੇ ਪੜਾਅਬੰਦ ਤਰੀਕੇ ਨਾਲ ਉਮਰ ਸੀਮਾਂ ਦੇ ਨਾਲ ਟੀਕਾਕਰਨ ਮੁਹਿੰਮ ਸ਼ੁਰੂ ਕੀਤੀ ਹੈ।
ਪਰ ਫ਼ਿਰ ਵੀ ਲੋਕ ਸਵਾਲ ਖੜਾ ਕਰ ਰਹੇ ਹਨ- ਕੋਰੋਨਾ ਵੈਕਸੀਨ ਲਗਵਾਉਣ ਲਈ ਮੋਦੀ ਸਰਕਾਰ ਉਮਰ ਹੱਦ ਨੂੰ ਫ਼ਿਲਹਾਲ ਕਿਉਂ ਨਹੀਂ ਹਟਾ ਸਕਦੀ?
ਇਹ ਹੀ ਸਮਝਣ ਲਈ ਅਸੀਂ ਮੌਲਾਨਾ ਆਜ਼ਾਦ ਮੈਡੀਕਲ ਕਾਲਜ ਵਿੱਚ ਕਮਿਊਨਿਟੀ ਮੈਡੀਸਨ ਵਿਭਾਗ ਦੇ ਮੁਖੀ ਡਾ. ਸੁਨੀਲਾ ਗਰਗ ਨਾਲ ਗੱਲਬਾਤ ਕੀਤੀ।
ਉਮਰ ਦੇ ਹਿਸਾਬ ਨਾਲ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਨੂੰ ਉਹ ਸਹੀ ਕਹਿੰਦੇ ਹਨ। ਸਰਕਾਰ ਦੇ ਫ਼ੈਸਲੇ ਪਿੱਛੇ ਦਲੀਲ ਵੀ ਦਿੰਦੇ ਹਨ।
ਪਹਿਲਾ ਤਰਕ: ਸਾਰਿਆਂ ਦੇ ਚੱਕਰ ਵਿੱਚ ਲੋੜਮੰਦ ਨਾ ਛੁੱਟ ਜਾਣ
ਅੰਕੜੇ ਦੱਸਦੇ ਹਨ ਕਿ ਕੋਰੋਨਾ ਮਹਾਂਮਾਰੀ 45 ਤੋਂ ਵੱਧ ਉਮਰ ਹੱਦ ਵਾਲਿਆਂ ਲਈ ਜ਼ਿਆਦਾ ਖ਼ਤਰਨਾਕ ਰਹੀ ਹੈ।
ਜੇ 18 ਸਾਲ ਤੋਂ ਵੱਧ ਉਮਰ ਵਾਲਿਆਂ ਲਈ ਹੁਣੇ ਇਜ਼ਾਜਤ ਦੇ ਦਿੱਤੀ ਗਈ ਤਾਂ ਕਿਤੇ ਅਜਿਹਾ ਨਾ ਹੋਵੇ ਕਿ ਘੱਟ ਉਮਰ ਵਾਲੇ ਵੈਕਸੀਨ ਪਹਿਲਾਂ ਕਰਵਾ ਲੈਣ ਤੇ ਜ਼ਿਆਦਾ ਉਮਰ ਵਾਲੇ ਟੀਕਾ ਨਾ ਲਗਵਾ ਸਕਣ।

ਕਿਤੇ ਅਜਿਹਾ ਨਾ ਹੋਵੇ ਕਿ ਸਰਕਾਰ ਫ਼ਿਰ ਅੱਗੇ ਜਾ ਕੇ ਉਨ੍ਹਾਂ ਦਾ ਟੀਕਾਕਰਨ ਨਾ ਕਰ ਸਕੇ। ਜੇ ਅਜਿਹਾ ਹੋਇਆ ਤਾਂ ਕੋਰੋਨਾ ਤੋਂ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵੱਧ ਸਕਦੀ ਹੈ।
ਦੁਜਾ ਤਰਕ: ਵੈਕਸੀਨ ਨਵੀਂ ਹੈ, ਘਰ-ਘਰ ਜਾ ਟੀਕਾ ਨਹੀਂ ਲਗਾਇਆ ਜਾ ਸਕਦਾ
ਇਹ ਪਹਿਲਾ ਮੌਕਾ ਹੈ ਕਿ ਕੋਵਿਡ-19 ਵੈਕਸੀਨ ਰਿਕਾਰਡ ਸਮੇਂ ਵਿੱਚ ਤਿਆਰ ਹੋਈ ਹੈ। ਇਸ ਦੇ ਕੁਝ ਉੱਲਟ ਪ੍ਰਭਾਵ ਵੀ ਹਨ। ਹਾਲੇ ਤੱਕ ਤਾਂ ਕੋਈ ਵੱਡੀ ਅਣਹੋਣੀ ਦੀ ਖ਼ਬਰ ਭਾਰਤ ਵਿੱਚ ਨਹੀਂ ਆਈ ਹੈ। ਪਰ ਅੱਗੇ ਵੀ ਸਾਵਧਾਨੀ ਵਰਤਣ ਦੀ ਲੋੜ ਹੈ।
ਇਸ ਲਈ ਘਰ ਘਰ ਜਾ ਕੇ ਜਾਂ ਫਿਰ ਰੇਲਵੇ ਸਟੇਸ਼ਨ 'ਤੇ ਬੂਥ ਬਣਾਕੇ ਇਸ ਨੂੰ ਨਹੀਂ ਦਿੱਤਾ ਸਕਦਾ। ਇਹ ਦੂਜੀ ਵੱਡੀ ਵਜ੍ਹਾ ਹੈ ਕਿ ਭਾਰਤ ਸਰਕਾਰ ਲੋਕਾਂ ਦੇ ਸਹਿਯੋਗ 'ਤੇ ਹੀ ਟੀਕਾਕਰਨ ਲਈ ਨਿਰਭਰ ਹੈ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਤੀਜਾ ਤਰਕ: ਵੈਕਸਿਨ ਹੈਜ਼ੀਟੇਸ਼ਨ ਨਾਲ ਨਜਿੱਠਣਾ
ਸ਼ੁਰੂਆਤ ਵਿੱਚ ਲੋਕਾਂ ਵਿੱਚ ਵੈਕਸੀਨ ਲਗਵਾਉਣ ਨੂੰ ਲੈ ਕਿ ਕਾਫ਼ੀ ਝਿਜਕ ਨਜ਼ਰ ਆਈ। ਇਸ ਲਈ ਕਈ ਲੋਕਾਂ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਕਿ ਡਾਕਟਰਾਂ ਅਤੇ ਫਰੰਟਲਾਈਨ ਕਾਮਿਆਂ ਨੇ ਵੀ ਟੀਕਾ ਨਹੀਂ ਲਗਵਾਇਆ।
ਹੁਣ ਜਦੋਂ ਡਾਕਟਰਾਂ ਦੀ ਰਜਿਸਟਰੇਸ਼ਨ ਬੰਦ ਹੋ ਗਈ ਹੈ ਤਾਂ ਕਈ ਡਾਕਟਰ ਹੁਣ ਵੈਕਸੀਨ ਲਗਵਾਉਣ ਦੀ ਇੱਛਾ ਜ਼ਾਹਰ ਕਰ ਰਹੇ ਹਨ।
ਅਜਿਹੀ ਦਿੱਕਤ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਵਿੱਚ ਨਾ ਆਏ, ਇਸ ਲਈ ਉਨ੍ਹਾਂ ਨੂੰ ਥੋੜ੍ਹਾ ਹੋਰ ਸਮਾਂ ਦੇਣ ਦੀ ਲੋੜ ਹੈ।
ਜਨਵਰੀ ਵਿੱਚ ਹੀ ਟੀਕਾਕਰਨ ਸ਼ੁਰੂ ਹੋਇਆ ਤੇ ਹਾਲੇ ਤੱਕ ਤਿੰਨ ਮਹੀਨੇ ਵੀ ਨਹੀਂ ਹੋਏ ਹਨ।
ਚੌਥਾ ਤਰਕ: ਨਿਗਰਾਨੀ ਕਰਨਾ ਔਖਾ ਹੋਵੇਗਾ
ਭਾਰਤ ਵਿੱਚ ਆਬਾਦੀ ਜ਼ਿਆਦਾ ਹੈ। ਸਰਕਾਰ ਦਾ ਟੀਚਾ ਹੈ ਕਿ 80 ਕਰੋੜ ਲੋਕਾਂ ਦਾ ਟੀਕਾਕਰਨ ਕਰਨ ਦਾ। ਇਸ ਲਈ 160 ਕਰੋੜ ਖ਼ੁਰਾਕਾਂ ਦੀ ਲੋੜ ਹੈ।
ਸਾਰੇ ਲੋਕਾਂ ਨੂੰ ਟੀਕਾ ਲਗਵਾਉਣ ਲਈ ਨਿੱਜੀ ਖੇਤਰ ਦੀ ਮਦਦ ਵੀ ਚਾਹੀਦੀ ਹੋਵੇਗੀ।
ਅਜਿਹੀ ਸੂਰਤ ਵਿੱਚ ਨਿਗਰਾਨੀ ਦੀ ਸਮੱਸਿਆ ਆ ਸਕਦੀ ਹੈ।

ਤਸਵੀਰ ਸਰੋਤ, Getty Images
ਕੋਰੋਨਾ ਨਵੀਂ ਬੀਮਾਰੀ ਹੈ, ਹਾਲੇ ਤੱਕ ਕੇਂਦਰ ਸਰਕਾਰ ਹੀ ਸਭ ਕੁਝ ਸੰਚਾਲਿਤ ਕਰ ਰਹੀ ਹੈ। ਉਮਰ ਹੱਦ ਹਟਾ ਦੇਣ 'ਤੇ ਕੇਂਦਰ ਸਰਕਾਰ ਲਈ ਨਿਗਰਾਨੀ ਕਰਨ ਵਿੱਚ ਦਿੱਕਤ ਆ ਸਕਦੀ ਹੈ।
ਪੰਜਵਾਂ ਤਰਕ: ਘੱਟ ਉਮਰ ਵਾਲਿਆਂ ਲਈ ਮਾਸਕ ਹੀ ਹੈ ਵੈਕਸੀਨ
ਇੱਕ ਤਰਕ ਹੋਰ ਵੀ ਦਿੱਤਾ ਜਾ ਰਿਹਾ ਹੈ ਕਿ ਸਰਕਾਰ ਉਸ ਉਮਰ ਦੇ ਲੋਕਾਂ ਨੂੰ ਵੈਕਸੀਨ ਲਗਾ ਰਹੀ ਹੈ ਜੋ ਘਰਾਂ ਵਿੱਚ ਬੈਠੇ ਹਨ। 18 ਸਾਲ ਤੋਂ ਉੱਪਰ ਅਤੇ 45 ਸਾਲ ਤੋਂ ਘੱਟ ਉਮਰ ਵਾਲੇ ਹੀ ਜ਼ਿਆਦ ਕੋਰੋਨਾ ਫ਼ੈਲਾਅ ਰਹੇ ਹਨ।
ਅਜਿਹੇ ਲੋਕਾਂ ਲਈ ਤਰਕ ਇਹ ਹੈ ਕਿ ਘੱਟ ਉਮਰ ਵਾਲੇ ਇਹ ਸਮਝਣ ਕਿ ਉਨ੍ਹਾਂ ਲਈ ਮਾਸਕ ਹੀ ਵੈਕਸੀਨ ਹੈ।
ਸਮਾਜਿਕ ਦੂਰੀ ਜ਼ਰੂਰੀ ਹੈ। ਸਾਬਣ ਨਾਲ ਹੱਥ ਥੋਣ ਦੀ ਆਦਤ ਉਨ੍ਹਾਂ ਨੂੰ ਛੱਡਣੀ ਨਹੀਂ ਚਾਹੀਦੀ। ਵੈਸੇ ਵੀ ਵੈਕਸੀਨ 100 ਫ਼ੀਸਦ ਸੁਰੱਖਿਆ ਦੀ ਗਾਰੰਟੀ ਨਹੀਂ ਹੈ।
ਛੇਵਾਂ ਤਰਕ: ਵੈਕਸੀਨ ਰਾਸ਼ਟਰਵਾਦ ਅਤੇ ਕੋਵੈਕਸ ਦੋਵਾਂ ਦਾ ਨਾਲ ਨਾਲ ਚਲਣਾ ਜ਼ਰੂਰੀ
ਭਾਰਤ ਦੁਨੀਆਂ ਦਾ ਸਭ ਤੋਂ ਵੱਡਾ ਵੈਕਸੀਨ ਨਿਰਮਾਤਾ ਦੇਸ ਹੈ। ਇਸ ਕਾਰਨ ਭਾਰਤ ਦੀਆਂ ਆਪਣੀਆਂ ਵੀ ਕੁਝ ਜ਼ਿੰਮੇਵਾਰੀਆਂ ਹਨ। ਭਾਰਤ ਕੋਵੈਕਸ ਪ੍ਰੀਕਿਰਿਆ (ਲੋੜਮੰਦਾਂ ਲਈ ਵੈਕਸੀਨ ਪਹਿਲਾਂ) ਵਿੱਚ ਹਿੱਸੇਦਾਰ ਹੈ।
ਇਸ ਦੇ ਨਾਲ ਹੀ ਭਾਰਤ ਨੇ ਸਮਾਜਿਕ ਜ਼ਿੰਮੇਵਾਰੀ ਵਜੋਂ ਵੈਕਸੀਨ ਦੂਜੇ ਦੇਸਾਂ ਨੂੰ ਵੰਡੀ। ਪਰ ਕੇਂਦਰ ਸਰਕਾਰ ਦੇਸ ਦੀ ਜਨਤਾ ਦੀ ਸਿਹਤ ਨੂੰ ਜ਼ੋਖ਼ਮ ਵਿੱਚ ਰੱਖ ਕੇ ਕੁਝ ਨਹੀਂ ਕਰ ਰਹੀ।
ਹਾਲ ਦੀ ਘੜੀ ਸਰਕਾਰ ਦੇਸਵਾਲਿਆਂ ਦੀ ਲੋੜ ਪੂਰੀ ਕਰਨ ਵੱਲ ਧਿਆਨ ਦੇ ਰਹੀ ਹੈ। ਵੈਸੇ ਪੂਰੇ ਭਾਰਤ ਲਈ ਇੱਕ ਜਾਂ ਦੋ ਵੈਕਸੀਨ ਕਾਫ਼ੀ ਨਹੀਂ ਹੈ।
ਛੇ ਹੋਰ ਵੈਕਸੀਨਸ ਨੂੰ ਭਾਰਤ ਵਿੱਚ ਇਜ਼ਾਜਤ ਦੇਣ ਦੀ ਗੱਲ ਚੱਲ ਰਹੀ ਹੈ। ਜਿਵੇਂ ਹੀ ਮੰਨਜ਼ੂਰੀ ਮਿਲ ਜਾਵੇਗੀ, ਭਾਰਤ ਆਪਣੀ ਸਮਾਜਿਕ ਜ਼ਿੰਮੇਵਾਰੀ ਨੂੰ ਵੀ ਇੱਕ ਵਾਰ ਫ਼ਿਰ ਤੋਂ ਨਿਭਾ ਸਕੇਗਾ।
ਡਾ. ਸੁਨੀਤਾ ਨੇ ਆਸ ਪ੍ਰਗਟਾਈ ਕਿ ਭਾਰਤ ਵਿੱਚ ਅਗਲੇ ਗੇੜ ਵਿੱਚ 30 ਸਾਲ ਤੋਂ ਉੱਪਰ ਦੇ ਲੋਕਾਂ ਲਈ ਟੀਕਾਕਰਨ ਦੀ ਇਜ਼ਾਜਤ ਦੇ ਦਿੱਤੀ ਜਾਵੇਗੀ।

ਕੁਝ ਸੂਬਾ ਸਰਕਾਰਾਂ ਤੱਤਕਾਲ ਪ੍ਰਭਾਵ ਨਾਲ 18 ਸਾਲ ਤੋਂ ਵੱਧ ਉਮਰ ਵਰਗ ਲਈ, ਤਾਂ ਕੁਝ 25 ਤੋਂ ਉੱਪਰਲੇ ਉਮਰ ਵਰਗ ਲਈ ਵੈਕਸੀਨ ਲਗਵਾਉਣ ਦੀ ਮੰਗ ਕਰ ਰਹੀਆਂ ਹਨ।
ਅਜਿਹੀ ਸਲਾਹ ਦੇ ਪਿੱਛੇ ਕੀ ਤਰਕ ਹੈ?
ਇਸ ਬਾਰੇ ਅਸੀਂ ਮੁੰਬਈ ਦੇ ਜਸਲੋਕ ਹਸਪਤਾਲ ਦੇ ਮੈਡੀਕਲ ਰਿਸਰਚ ਦੇ ਨਿਰਦੇਸ਼ਕ ਡਾ. ਰਾਜੇਸ਼ ਪਾਰੇਖ਼ ਨਾਲ ਗੱਲ ਕੀਤੀ।
ਉਨ੍ਹਾਂ ਨੇ 'ਦਿ ਕੋਰੋਨਾਵਾਇਰਸ ਬੁੱਕ' 'ਦਿ ਵੈਕਸੀਨ' ਬੁੱਕ ਨਾਮ ਦੀ ਕਿਤਾਬ ਵੀ ਲਿਖੀ ਹੈ। ਆਉ ਉਨ੍ਹਾਂ ਵੱਲੋਂ ਦਿੱਤੀਆਂ ਦਲੀਲਾਂ ਨੂੰ ਜਾਣਦੇ ਹਾਂ।
ਪਹਿਲਾ ਤਰਕ: ਕੋਰੋਨਾ ਦੀ ਦੂਜੀ ਲਹਿਰ ਨਾਲ ਨਜਿੱਠਣ ਲਈ ਜ਼ਰੂਰੀ ਹੈ ਉਮਰ ਹੱਦ ਹਟੇ
ਕੋਰੋਨਾ ਦੀ ਦੂਜੀ ਲਹਿਰ ਭਾਰਤ ਦੇ ਕੁਝ ਸੂਬਿਆਂ ਵਿੱਚ ਆ ਚੁੱਕੀ ਹੈ ਅਤੇ ਪਹਿਲੀ ਲਹਿਰ ਦੇ ਮੁਕਾਬਲੇ ਹੁਣ ਕੋਰੋਨਾ ਤੇਜ਼ੀ ਨਾਲ ਫ਼ੈਲ ਰਿਹਾ ਹੈ।
ਸੀਰੋ ਸਰਵੇ ਵਿੱਚ ਪਤਾ ਲੱਗਿਆ ਹੈ ਕਿ ਕੁਝ ਇਲਾਕਿਆਂ ਵਿੱਚ ਲੋਕਾਂ ਦੇ ਅੰਦਰ ਕੋਰੋਨਾ ਖ਼ਿਲਾਫ਼ ਐਂਟੀ ਬਾਡੀਜ਼ ਜ਼ਿਆਦਾ ਹਨ ਅਤੇ ਕੁਝ ਇਲਾਕਿਆਂ ਵਿੱਚ ਘੱਟ।
ਜਿੱਥੇ ਲੋਕਾਂ ਵਿੱਚ ਐਂਟੀ ਬਾਡੀਜ਼ ਘੱਟ ਹਨ, ਉਥੇ ਹਾਟਸਪੌਟ ਬਣਨ ਦਾ ਖ਼ਤਰਾ ਜ਼ਿਆਦਾ ਹੈ। ਇਸ ਕਾਰਨ ਉਨ੍ਹਾਂ ਇਲਾਕਿਆਂ ਵਿੱਚ ਹਰ ਉਮਰ ਵਰਗ ਦੇ ਲੋਕਾਂ ਲਈ ਟੀਕਾਕਰਨ ਦੀ ਇਜ਼ਾਜਤ ਸਰਕਾਰ ਨੂੰ ਹੁਣ ਦੇਣੀ ਚਾਹੀਦੀ ਹੈ। ਇਸ ਨਾਲ ਦੂਜੀ ਲਹਿਰ 'ਤੇ ਜਲਦ ਕਾਬੂ ਪਾਇਆ ਜਾ ਸਕਦਾ ਹੈ।
ਦੂਜਾ ਤਰਕ: ਟੀਕਾਕਕਰਨ ਟੀਚਾ ਜਲਦ ਪੂਰਾ ਕਰ ਸਕਾਂਗੇ
ਭਾਰਤ ਸਰਕਾਰ ਨੇ ਪਹਿਲੇ ਗੇੜ ਵਿੱਚ ਸਿਹਤ ਕਾਮਿਆਂ ਅਤੇ ਫ਼ਰੰਟ ਲਾਈਨ ਕਾਮਿਆਂ ਦੇ ਟੀਕਾਕਰਨ ਦਾ ਟੀਚਾ ਰੱਖਿਆ ਸੀ। ਪਰ ਉਹ ਤਿੰਨ ਮਹੀਨੇ ਬਾਅਦ ਵੀ ਪੂਰਾ ਨਹੀਂ ਹੋਇਆ।

ਤਸਵੀਰ ਸਰੋਤ, Getty Images
ਭਾਰਤ ਵਿੱਚ ਸਿਰਫ਼ ਪੰਜ ਫ਼ੀਸਦ ਆਬਾਦੀ ਨੂੰ ਹੀ ਵੈਕਸੀਨ ਲੱਗ ਸਕੀ ਹੈ। ਜਦੋਂ ਕਿ ਯੂਕੇ ਵਿੱਚ 50 ਫ਼ੀਸਦ ਆਬਾਦੀ ਦਾ ਟੀਕਾਕਰਨ ਹੋ ਚੁੱਕਾ ਹੈ। ਇਸਰਾਈਲ ਵਿੱਚ ਵੀ ਟੀਕਾਕਰਨ ਦੀ ਰਫ਼ਤਾਰ ਚੰਗੀ ਹੈ। ਇਸ ਕਾਰਨ ਮਾਮਲੇ ਕਾਬੂ ਵਿੱਚ ਵੀ ਹਨ। ਭਾਰਤ ਨੂੰ ਅਜਿਹੇ ਦੇਸਾਂ ਤੋਂ ਸਿੱਖਣਾ ਚਾਹੀਦਾ ਹੈ।
ਹਾਲ ਦੀ ਘੜੀ ਜਿਸ ਰਫ਼ਤਾਰ ਨਾਲ ਭਾਰਤ ਵਿੱਚ ਟੀਕਾਕਰਨ ਹੋ ਰਿਹਾ ਹੈ, ਸਾਰੇ ਲੋਕਾਂ ਨੂੰ ਟੀਕਾ ਲਗਾਉਣ ਵਿੱਚ ਤਿੰਨ ਸਾਲ ਦਾ ਸਮਾਂ ਲੱਗ ਸਕਦਾ ਹੈ। ਉਮਰ ਦੀ ਹੱਦ ਹਟਾਕੇ ਇਸ ਸਮੇਂ ਦੀ ਹੱਦ ਨੂੰ ਹੋਰ ਘੱਟ ਕੀਤਾ ਜਾ ਸਕਦਾ ਹੈ।
ਤੀਜਾ ਤਰਕ: ਵੈਕਸੀਨ ਬਰਬਾਦੀ 'ਤੇ ਰੋਕ
ਭਾਰਤ ਸਰਕਾਰ ਨੇ ਖ਼ੁਦ ਸੂਬਾ ਸਰਕਾਰਾਂ ਦੇ ਨਾਲ ਮੀਟਿੰਗ ਵਿੱਚ ਮੰਨਿਆ ਹੈ ਕਿ ਵੈਕਸੀਨ ਨਾ ਲੱਗ ਸਕਣ ਦੇ ਕਾਰਨ ਕੁਝ ਵੈਕਸੀਨ ਬਰਬਾਦ ਹੋ ਰਹੀ ਹੈ।
ਅੰਕੜਿਆਂ ਦੀ ਗੱਲ ਕਰੀਏ ਤਾਂ ਸੱਤ ਫ਼ੀਸਦ ਵੈਕਸੀਨ ਭਾਰਤ ਵਿੱਚ ਇਸ ਕਾਰਨ ਹੀ ਬਰਬਾਦ ਹੋ ਰਹੀ ਹੈ। ਜੇ ਉਮਰ ਦੀ ਹੱਦ ਹਟਾ ਦਿੱਤੀ ਜਾਵੇ ਤਾਂ ਇਸ ਬਰਬਾਦੀ ਨੂੰ ਰੋਕਿਆ ਜਾ ਸਕਦਾ ਹੈ।
ਹਾਲਾਂਕਿ ਡਾ. ਸੁਨੀਲਾ ਕਹਿੰਦੇ ਹਨ, ''ਵੈਕਸੀਨ ਬਰਬਾਦੀ ਨੂੰ ਬਹੁਤ ਹੱਦ ਤੱਕ ਵਾਕ-ਇੰਨ ਵੈਕਸੀਨੇਸ਼ਨ ਨਾਲ ਘੱਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਨੂੰ ਹੋਰ ਘੱਟ ਕਰਨ ਲਈ ਨਿਰਮਾਤਾਵਾਂ ਨੂੰ ਵੈਕਸੀਨ ਦੇ ਛੋਟੇ ਪੈਕ ਬਣਾਉਣ ਪੈਣਗੇ।
ਅੱਜ ਜੇ ਵੀਹ ਖ਼ੁਰਾਕਾਂ ਦਾ ਪੈਕ ਆ ਰਿਹਾ ਹੈ ਤਾਂ ਲੋੜ ਹੈ ਇਸ ਨੂੰ ਪੰਜ ਖ਼ੁਰਾਕਾਂ ਦਾ ਬਣਾਉਣ ਦੀ।
ਚੌਥਾ ਤਰਕ: ਦੂਜੀ ਲਹਿਰ ਵਿੱਚ ਟੀਕਾਕਰਨ ਮੁਹਿੰਮ ਰੁਕ ਨਾ ਜਾਵੇ
ਡਾ. ਪਾਰੇਖ ਦੱਸਦੇ ਹਨ ਕਿ ਇਸਰਾਈਲ ਵਿੱਚ ਦੋ ਮਹੀਨੇ ਪਹਿਲਾਂ ਅਜਿਹੀ ਮੁਸ਼ਕਿਲ ਆਈ ਸੀ, ਜਦੋਂ ਦੂਜੀ ਲਹਿਰ ਦਰਮਿਆਨ ਇੱਕ ਦੋ ਦਿਨਾਂ ਲਈ ਟੀਕਾਕਰਨ ਮੁਹਿੰਮ ਨੂੰ ਰੋਕਣਾ ਪਿਆ ਸੀ।
ਭਾਰਤ ਵਿੱਚ ਜਿਸ ਤੇਜ਼ੀ ਨਾਲ ਮਾਮਲੇ ਵੱਧ ਰਹੇ ਹਨ, ਉਨ੍ਹਾਂ ਨੂੰ ਦੇਖਦੇ ਹੋਏ ਅਜਿਹੀ ਮੁਸ਼ਕਿਲ ਨਾ ਆਉਣ ਦੇਣਾ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਹੈ।
ਇਸ ਲਈ ਭਾਰਤ ਨੂੰ ਇਸਰਾਈਲ ਤੋਂ ਸਬਕ ਸਿੱਖਣਾ ਚਾਹੀਦਾ ਹੈ।
ਪੰਜਵਾਂ ਤਰਕ: ਭਾਰਤ ਦੂਜੇ ਦੇਸਾਂ ਤੋਂ ਸਬਕ ਲਏ
ਅਮਰੀਕਾ ਅਤੇ ਯੂਕੇ ਵਰਗੇ ਦੇਸਾਂ ਵਿੱਚ ਜਿੱਥੇ ਵੈਕਸੀਨ ਲਗਵਾਉਣ ਦੀ ਰਫ਼ਤਾਰ ਤੇਜ਼ ਹੈ ਅਤੇ ਆਬਾਦੀ ਦੇ ਇੱਕ ਵੱਡੇ ਹਿੱਸੇ ਨੂੰ ਟੀਕਾ ਲੱਗ ਚੁੱਕਿਆ ਹੈ ਉਥੇ ਕੋਰੋਨਾ ਦਾ ਫ਼ੈਲਾਅ ਹੌਲੀ ਹੌਲੀ ਘੱਟ ਹੋ ਰਿਹਾ ਹੈ।
ਇਸ ਕਾਰਨ ਭਾਰਤ ਸਰਕਾਰ ਨੂੰ ਆਪਣੀ ਰਣਨੀਤੀ 'ਤੇ ਦੁਬਾਰਾ ਵਿਚਾਰ ਕਰਨਾ ਚਾਹੀਦਾ ਹੈ।
ਦੋ ਹਫ਼ਤੇ ਪਹਿਲਾਂ ਤੱਕ ਭਾਰਤ ਨੇ ਜਿੰਨੀਆਂ ਖ਼ੁਰਾਕਾਂ ਆਪਣੇ ਨਾਗਰਿਕਾਂ ਨੂੰ ਲਾਈਆਂ ਸਨ, ਉਸ ਤੋਂ ਜ਼ਿਆਦਾ ਦੂਜੇ ਦੇਸਾਂ ਨੂੰ ਮਦਦ ਲਈ ਭੇਜੀਆਂ ਸਨ।
ਉਸ ਸਮੇਂ ਇਹ ਰਣਨੀਤੀ ਠੀਕ ਸੀ। ਇੱਕ ਆਦਮੀ ਤੋਂ ਸ਼ੁਰੂ ਹੋਈ ਮਹਾਂਮਾਰੀ ਅੱਜ ਵਿਸ਼ਵ ਵਿੱਚ ਇਸ ਪੱਧਰ 'ਤੇ ਪਹੁੰਚ ਗਈ ਹੈ। ਇਸ ਲਈ ਵੀ ਟੀਕਾਕਰਨ ਮੁਹਿੰਮ ਨੂੰ ਜਲਦ ਤੋਂ ਜਲਦ ਵਿਸਥਾਰ ਦੇਣ ਦੀ ਲੋੜ ਹੈ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2













