ਛੱਤੀਸਗੜ੍ਹ ਮੁਕਾਬਲਾ: ਸੁਰੱਖਿਆਂ ਬਲਾਂ 'ਤੇ ਕਈ ਹਮਲਿਆਂ ਲਈ ਜ਼ਿੰਮੇਵਾਰ ਮੰਨਿਆ ਜਾਣ ਵਾਲਾ ਮਾਦਵੀ ਹਿਡਮਾ ਕੌਣ ਹੈ

ਮਾਓਵਾਦੀ

ਤਸਵੀਰ ਸਰੋਤ, CGKHABAR/BBC

ਤਸਵੀਰ ਕੈਪਸ਼ਨ, 40 ਸਾਲਾ ਹਿਡਮਾ ਮਾਓਵਾਦੀ ਪਿਛਲੇ ਇਕ ਦਹਾਕੇ 'ਚ ਦੰਡਕਾਰਣਿਆ ਵਿਖੇ ਕਈ ਪੁਲਿਸ ਵਾਲਿਆਂ ਲਈ ਦੈਂਤ ਬਣ ਕੇ ਆਇਆ ਹੈ
    • ਲੇਖਕ, ਬਾਲਾ ਸਤੀਸ਼
    • ਰੋਲ, ਬੀਬੀਸੀ ਪੱਤਰਕਾਰ

ਛੱਤੀਸਗੜ੍ਹ 'ਚ ਪੁਲਿਸ ਅਤੇ ਮਾਓਵਾਦੀਆਂ ਵਿਚਾਲੇ ਹੋਈ ਮੁਠਭੇੜ ਤੋਂ ਬਾਅਦ ਮਾਓਵਾਦੀ ਹਿਡਮਾ ਦਾ ਨਾਂਅ ਚਰਚਾ ਵਿੱਚ ਹੈ।

40 ਸਾਲਾ ਇਹ ਮਾਓਵਾਦੀ ਪਿਛਲੇ ਇੱਕ ਦਹਾਕੇ 'ਚ ਦੰਡਕਾਰਣਿਆ ਵਿਖੇ ਕਈ ਪੁਲਿਸ ਵਾਲਿਆਂ ਲਈ ਦੈਂਤ ਬਣ ਕੇ ਆਇਆ ਹੈ।

"ਕੀ ਕੋਈ ਇਕ ਵਿਅਕਤੀ ਇਕੱਲਾ ਹੀ ਇੰਨ੍ਹੀਆਂ ਰਣਨੀਤੀਆਂ ਤਿਆਰ ਕਰ ਸਕਦਾ ਹੈ?"

ਇਹ ਵੀ ਪੜ੍ਹੋ

ਜਿਹੜੇ ਵੀ ਲੋਕ ਉਸ ਨੂੰ ਮਿਲ ਚੁੱਕੇ ਹਨ ਜਾਂ ਉਹ ਜੋ ਕਿ ਉਸ ਨੂੰ ਜਾਣਦੇ ਹਨ ਜਾਂ ਫਿਰ ਉਹ ਲੋਕ ਜੋ ਕਿ ਉਸ ਨਾਲ ਕੰਮ ਕਰਦੇ ਹਨ, ਉਹ ਸਾਰੇ ਹੀ ਹੈਰਾਨ ਹੁੰਦੇ ਹਨ ਕਿ ਕਿਵੇਂ ਇੱਕ ਵਿਅਕਤੀ ਇੰਨ੍ਹੀ ਮਜ਼ਬੂਤ ਰਣਨੀਤੀ ਨੂੰ ਅੰਜਾਮ ਦੇ ਸਕਦਾ ਹੈ।

ਬੀਬੀਸੀ ਨੇ ਉਨ੍ਹਾਂ ਕੁਝ ਲੋਕਾਂ ਨਾਲ ਗੱਲਬਾਤ ਕੀਤੀ, ਜੋ ਕਿ ਮਾਓਵਾਦੀ ਪਾਰਟੀ ਨਾਲ ਕੰਮ ਕਰ ਚੁੱਕੇ ਹਨ। ਇੰਨ੍ਹਾਂ 'ਚੋਂ ਕੁਝ ਉਹ ਲੋਕ ਵੀ ਹਨ ਜੋ ਕਿ ਹਿਡਮਾ ਨੂੰ ਇੱਕ ਜਾਂ ਦੋ ਵਾਰ ਮਿਲ ਵੀ ਚੁੱਕੇ ਹਨ।

"ਉਹ ਬਹੁਤ ਹੀ ਪਿਆਰ ਅਤੇ ਨਰਮੀ ਨਾਲ ਗੱਲਬਾਤ ਕਰਦਾ ਹੈ ਅਤੇ ਸਾਊ ਸੁਭਾਅ ਦਾ ਮਾਲਕ ਹੈ। ਜਦੋਂ ਕੋਈ ਵੀ ਉਸ ਦੇ ਬੋਲਣ ਦਾ ਢੰਗ ਵੇਖਦਾ ਹੈ ਤਾਂ ਉਹ ਇਹ ਸੋਚ ਕੇ ਹੈਰਾਨ ਹੋ ਜਾਂਦਾ ਹੈ ਕਿ ਕੀ ਇਹ ਉਹੀ ਵਿਅਕਤੀ ਹੈ ਜਿਸ ਨੇ ਇੰਨ੍ਹੀਆਂ ਵਿਨਾਸ਼ਕਾਰੀ ਰਣਨੀਤੀਆਂ ਤਿਆਰ ਕੀਤੀਆਂ ਹਨ?"

ਮਾਓਵਾਦੀ

ਤਸਵੀਰ ਸਰੋਤ, CGKHABAR/BBC

ਤਸਵੀਰ ਕੈਪਸ਼ਨ, ਹਿਡਮਾ ਜਦੋਂ ਮਾਓਵਾਦੀ ਪਾਰਟੀ ਵਿੱਚ ਸ਼ਾਮਿਲ ਹੋਇਆ ਤਾਂ ਸਿਰਫ਼ 17 ਸਾਲ ਦਾ ਸੀ

ਇਸ ਨਰਮ ਅਤੇ ਸਾਊ ਸੁਭਾਅ ਵਾਲੇ ਹਿਡਮਾ ਨੇ ਸੁਰੱਖਿਆ ਬਲਾਂ 'ਤੇ ਲਗਭਗ 10 ਹਮਲੇ ਕੀਤੇ ਹਨ ਅਤੇ ਕਈ ਸੁਰੱਖਿਆ ਬਲਾਂ ਦੀ ਮੌਤ ਦਾ ਜ਼ਿੰਮੇਵਾਰ ਵੀ ਹੈ।

ਹਿਡਮਾ ਦਾ ਮਾਓਵਾਦੀ ਪਾਰਟੀ 'ਚ ਪ੍ਰਭਾਵ ਅਤੇ ਵਾਧਾ ਹੈਰਾਨ ਕਰਨ ਵਾਲਾ ਹੈ। ਮਾਦਵੀ ਹਿਡਮਾ 1996-97 ਦੇ ਆਸ-ਪਾਸ ਮਾਓਵਾਦੀ ਪਾਰਟੀ 'ਚ ਸ਼ਾਮਲ ਹੋਇਆ ਸੀ। ਉਸ ਸਮੇਂ ਉਹ ਮਹਿਜ਼ 17 ਸਾਲਾਂ ਦਾ ਨੌਜਵਾਨ ਮੁੰਡਾ ਸੀ। ਉਸ ਦੇ ਦੋ ਹੋਰ ਨਾਂਅ ਵੀ ਹਨ- ਹਿਡਮੁੱਲੂ ਅਤੇ ਸੰਤੋਸ਼।

ਉਸ ਦਾ ਜੱਦੀ ਪਿੰਡ ਪੂਵਾਰਥੀ ਹੈ, ਜੋ ਕਿ ਦੱਖਣੀ ਬਸਤਰ ਖੇਤਰ ਦੇ ਸੁਕਮਾ ਜ਼ਿਲ੍ਹੇ 'ਚ ਸਥਿਤ ਹੈ।

ਅੰਦਾਜ਼ਾ ਲਗਾਇਆ ਜਾਂਦਾ ਹੈ ਕਿ ਉਸ ਪਿੰਡ ਦੇ 40 ਤੋਂ 50 ਲੋਕ ਮਾਓਵਾਦੀ ਪਾਰਟੀ ਦੇ ਮੈਂਬਰ ਹਨ। ਮਾਓਵਾਦੀ ਪਾਰਟੀ 'ਚ ਸ਼ਾਮਲ ਹੋਣ ਤੋਂ ਪਹਿਲਾਂ ਹਿਡਮਾ ਖੇਤੀਬਾੜੀ ਹੀ ਕਰਦਾ ਸੀ।

ਘੱਟ ਬੋਲਣ ਵਾਲਾ ਹਿਡਮਾ, ਹਮੇਸ਼ਾ ਹੀ ਨਵੀਆਂ ਚੀਜ਼ਾਂ ਸਿੱਖਣ 'ਚ ਦਿਲਚਸਪੀ ਰੱਖਦਾ ਹੈ। ਜਿਸ ਦੇ ਨਤੀਜੇ ਵਜੋਂ ਉਸ ਨੇ ਮਾਓਵਾਦੀ ਪਾਰਟੀ 'ਚ ਕੰਮ ਕਰਨ ਵਾਲੇ ਇੱਕ ਲੈਕਚਰਾਰ ਤੋਂ ਅੰਗਰੇਜ਼ੀ ਬੋਲਣੀ ਵੀ ਸਿੱਖੀ।

ਉਸ ਨੇ ਹਿੰਦੀ ਬੋਲਣੀ ਵੀ ਸਿੱਖੀ, ਜੋ ਕਿ ਉਸ ਦੀ ਮਾਂ ਬੋਲੀ ਨਹੀਂ ਹੈ। ਉਸ ਨੇ ਸਿਰਫ 7ਵੀਂ ਜਮਾਤ ਤੱਕ ਹੀ ਪੜ੍ਹਾਈ ਕੀਤੀ ਹੋਈ ਹੈ।

"ਹਿਡਮਾ ਨੂੰ ਮਾਓਵਾਦੀਆਂ ਲਈ ਹਥਿਆਰ ਤਿਆਰ ਕਰਨ ਵਾਲੇ ਵਿੰਗ 'ਚ ਤਾਇਨਾਤ ਕੀਤਾ ਗਿਆ ਸੀ। ਇਹ ਵਿੰਗ ਸਾਲ 2000 ਦੇ ਸਮੇਂ ਦੌਰਾਨ ਮਾਓਵਾਦੀਆਂ ਨੂੰ ਹਥਿਆਰ ਸਪਲਾਈ ਕਰਦਾ ਸੀ। ਲੋਕਾਂ ਦਾ ਕਹਿਣਾ ਹੈ ਕਿ ਹਿਡਮਾ ਨੇ ਇੱਥੇ ਆਪਣੀ ਯੋਗਤਾ ਦਾ ਪ੍ਰਦਰਸ਼ਨ ਕਰਦਿਆਂ ਕਈ ਨਵੀਆਂ ਤਕਨੀਕਾਂ ਦੀ ਵਰਤੋਂ ਕੀਤੀ।"

ਮਾਓਵਾਦੀ ਪਾਰਟੀ ਦੇ ਇੱਕ ਸਾਬਕਾ ਮੈਂਬਰ ਨੇ ਬੀਬੀਸੀ ਨੂੰ ਦੱਸਿਆ, "ਉਸ ਨੂੰ ਹਥਿਆਰ ਬਣਾਉਣੇ ਆਉਂਦੇ ਸਨ ਅਤੇ ਉਹ ਉਨ੍ਹਾਂ ਦੀ ਮੁਰੰਮਤ ਕਰਨ 'ਚ ਵੀ ਮਾਹਰ ਸੀ। ਇਸ ਦੇ ਨਾਲ ਹੀ ਉਹ ਸਥਾਨਕ ਪੱਧਰ 'ਤੇ ਗ੍ਰੇਨੇਡ ਅਤੇ ਲਾਂਚਰ ਵੀ ਤਿਆਰ ਕਰਦਾ ਸੀ।"

2001-02 ਦੇ ਆਸ-ਪਾਸ ਹਿਡਮਾ ਨੇ ਦੱਖਣੀ ਬਸਤਰ ਜ਼ਿਲ੍ਹਾ ਪਲਟੂਨ 'ਚ ਸ਼ਮੂਲੀਅਤ ਕੀਤੀ। ਬਾਅਦ 'ਚ ਉਹ ਮਾਓਵਾਦੀ ਹਥਿਆਰਬੰਦ ਵਿੰਗ ਪੀਐਲਜੀਏ (ਪੀਪਲਜ਼ ਲਿਬਰੇਸ਼ਨ ਗੁਰੀਲਾ ਆਰਮੀ) 'ਚ ਸ਼ਾਮਲ ਹੋ ਗਏ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਵਿਕਾਸ, ਕਦਮ ਦਰ ਕਦਮ

ਮਾਓਵਾਦੀਆਂ ਦੀਆਂ ਗਤੀਵਿਧੀਆਂ ਦਾ ਵਿਸ਼ਲੇਸ਼ਣ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਸਾਲ 2001 ਤੋਂ 2007 ਦਰਮਿਆਨ ਹਿਡਮਾ ਮਾਓਵਾਦੀ ਪਾਰਟੀ ਦਾ ਇੱਕ ਸਧਾਰਣ ਜਿਹਾ ਹੀ ਮੈਂਬਰ ਸੀ।

ਪਰ ਬਸਤਰ ਖੇਤਰ 'ਚ ਸਲਵਾ ਜੁਡਮ ਦੇ ਵਾਧੇ ਨੇ ਹਿਡਮਾ ਦੀ ਸਰਗਰਮ ਹੋਣ 'ਚ ਅਹਿਮ ਭੂਮਿਕਾ ਨਿਭਾਈ।

ਉਨ੍ਹਾਂ ਵੱਲੋਂ ਕੀਤੇ ਵਿਸ਼ਲੇਸ਼ਣ ਅਨੁਸਾਰ ਸਲਵਾ ਜੁਡਮ ਦੇ ਵਿੱਰੁਧ ਸਥਾਨਕ ਲੋਕਾਂ ਦੇ ਬਦਲੇ ਨੇ ਬਸਤਰ 'ਚ ਮਾਓਵਾਦੀ ਪਾਰਟੀ ਨੂੰ ਮੁੜ ਸੁਰਜੀਤ ਕਰਨ 'ਚ ਅਹਿਮ ਭੂਮਿਕਾ ਨਿਭਾਈ ਸੀ।

1990 ਦੇ ਦਹਾਕੇ ਦੇ ਅੱਧ 'ਚ ਬਸਤਰ 'ਚ ਮਾਓਵਾਦੀ ਪਾਰਟੀ ਦਾ ਦਬਦਬਾ ਬਹੁਤ ਘੱਟ ਸੀ। ਲੋਕਾਂ ਦਾ ਕਹਿਣਾ ਹੈ ਕਿ ਇਹ ਉਹੀ ਨੁਕਤਾ ਹੋ ਸਕਦਾ ਹੈ ਜਿਸ ਨੇ ਹਿਡਮਾ ਦੇ ਹੱਕ 'ਚ ਕੰਮ ਕੀਤਾ।

ਇੱਕ ਸਾਬਕਾ ਮਾਓਵਾਦੀ ਨੇ ਦੱਸਿਆ, "ਇਹ ਉਹ ਅੱਤਿਆਚਾਰ, ਤਸ਼ੱਦਦ ਸਨ ਜੋ ਕਿ ਉਸ ਦੇ ਆਪਣੇ ਹੀ ਲੋਕਾਂ 'ਤੇ ਕੀਤੇ ਗਏ ਸਨ ਅਤੇ ਇਸ ਕਾਰਨ ਹੀ ਉਸ ਨੂੰ ਇਹ ਸਭ ਕਰਨ ਦਾ ਹੌਂਸਲਾ ਵੀ ਮਿਲਿਆ।"

ਮਾਰਚ 2007 'ਚ ਉਰਪਾਲ ਮੈਟ ਖੇਤਰ 'ਚ ਪੁਲਿਸ ਦਲ 'ਤੇ ਹਮਲਾ ਹੋਇਆ ਸੀ ਜਿਸ 'ਚ ਸੀਆਰਪੀਐਫ ਦੇ 24 ਜਵਾਨ ਮਾਰੇ ਗਏ ਸਨ। ਕਿਹਾ ਜਾਂਦਾ ਹੈ ਕਿ ਇਸ ਹਮਲੇ ਨੂੰ ਹਿਡਮਾ ਦੀ ਅਗਵਾਈ 'ਚ ਅੰਜਾਮ ਦਿੱਤਾ ਗਿਆ ਸੀ।

ਮਾਓਵਾਦੀ ਪਾਰਟੀ ਦੇ ਇੱਕ ਸਾਬਕਾ ਮੈਂਬਰ ਨੇ ਬੀਬੀਸੀ ਅੱਗੇ ਖੁਲਾਸਾ ਕੀਤਾ ਕਿ ਸੀਆਰਪੀਐਫ ਦੇ ਲੋਕਾਂ ਨੇ ਇੱਕ ਪਿੰਡ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਸੀ ਅਤੇ ਜਦੋਂ ਹਿਡਮਾ ਸਮੂਹ ਨੂੰ ਇਸ ਘਟਨਾ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਨੇ ਪੁਲਿਸ ਨੂੰ ਅਜਿਹਾ ਕਰਨ ਤੋਂ ਰੋਕਿਆ ਅਤੇ ਫਿਰ ਸੀਆਰਪੀਐਫ 'ਤੇ ਹਮਲਾ ਕਰ ਦਿੱਤਾ।"

ਬੀਬੀਸੀ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ ਕਿ ਸੀਆਰਪੀਐਫ ਦੇ ਸਮੂਹ ਨੇ ਪਿੰਡਾਂ ਨੂੰ ਅੱਗ ਲਗਾਈ ਸੀ।

ਮਾਓਵਾਦੀ

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਹਿਡਮਾ ਨੇ ਮਾਓਵਾਦੀ ਪਾਰਟੀ 'ਚ ਕੰਮ ਕਰਨ ਵਾਲੇ ਇੱਕ ਲੈਕਚਰਾਰ ਤੋਂ ਅੰਗਰੇਜ਼ੀ ਬੋਲਣੀ ਵੀ ਸਿੱਖੀ

ਇਸ ਘਟਨਾ ਦੀ ਇੱਕ ਖਾਸ ਮਹੱਤਤਾ ਹੈ। ਉਸ ਸਮੇਂ ਤੱਕ ਮਾਓਵਾਦੀ ਜ਼ਿਆਦਾਤਰ ਲੈਂਡ ਮਾਈਨ ਦੀ ਮਦਦ ਨਾਲ ਧਮਾਕੇ ਕਰਨ 'ਤੇ ਨਿਰਭਰ ਕਰਦੇ ਸਨ।

ਪਰ ਇਹ ਪਹਿਲੀ ਵਾਰ ਸੀ ਕਿ ਉਨ੍ਹਾਂ ਨੇ ਪੁਲਿਸ ਨਾਲ ਆਹਮੋ-ਸਾਹਮਣੇ ਮੁਕਾਬਲਾ ਕਰਨ ਦੀ ਹਿੰਮਤ ਕੀਤੀ ਸੀ।

ਲੋਕਾਂ ਦਾ ਕਹਿਣਾ ਹੈ ਕਿ ਇਹ ਹਿਡਮਾ ਹੀ ਹੈ, ਜਿਸ ਨੇ ਮਾਓਵਾਦੀਆਂ ਨੂੰ ਬਾਰੂਦੀ ਸੁਰੰਗਾਂ ਤੋਂ ਬੰਦੂਕਾਂ ਵੱਲ ਮੋੜਿਆ ਹੈ।

ਮਾਓਵਾਦੀ ਪਾਰਟੀ ਦੀ ਇੱਕ ਸਾਬਕਾ ਔਰਤ ਮੈਂਬਰ ਨੇ ਦੱਸਿਆ, "ਦਰਅਸਲ ਪਾਰਟੀ ਦੀ ਲੀਡਰਸ਼ਿਪ ਵੀ ਹਿਡਮਾ ਦੀ ਹਮਲਾਵਰ ਨੀਤੀ ਤੋਂ ਹੈਰਾਨ ਸੀ। ਬਾਅਦ 'ਚ ਵੀ ਉਸ ਦੀ ਇਹ ਹਮਲਾਵਰ ਨੀਤੀ ਜਾਰੀ ਰਹੀ। ਇਸੇ ਕਰਕੇ ਹੀ ਪਾਰਟੀ 'ਚ ਹਿਡਮਾ ਨੂੰ ਉੱਚ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਸਨ।"

ਸਾਲ 2008-09 ਦੇ ਅਰਸੇ ਦੌਰਾਨ ਹਿਡਮਾ ਨੂੰ ਮਾਓਵਾਦੀ ਪਾਰਟੀ ਵੱਲੋਂ ਬਣਾਈ ਗਈ ਪਹਿਲੀ ਬਟਾਲੀਅਨ ਦਾ ਕਮਾਂਡਰ ਨਿਯੁਕਤ ਕੀਤਾ ਗਿਆ ਸੀ। ਇਹ ਬਟਾਲੀਅਨ ਬਸਤਰ ਖੇਤਰ 'ਚ ਪੂਰੀ ਤਰ੍ਹਾਂ ਨਾਲ ਸਰਗਰਮ ਹੈ।

ਬਾਅਦ 'ਚ ਸਾਲ 2011 'ਚ ਹਿਡਮਾ ਦੰਡਕਾਰਣਿਆ ਵਿਸ਼ੇਸ਼ ਜ਼ੋਨ ਕਮੇਟੀ ਦਾ ਮੈਂਬਰ ਬਣਿਆ।

ਇਹ ਵੀ ਪੜ੍ਹੋ-

ਅਪ੍ਰੈਲ 2010 'ਚ ਤਾਡੀਮੇਟਲਾ ਘਟਨਾ 'ਚ 76 ਪੁਲਿਸ ਮੁਲਾਜ਼ਮਾ ਦੀ ਮੌਤ ਹੋਈ ਸੀ।

ਮਾਰਚ 2017 'ਚ ਸੀਆਰਪੀਐਫ ਪੁਲਿਸ ਦੇ 12 ਜਵਾਨ ਮਾਰੇ ਗਏ ਸਨ। ਕਿਹਾ ਜਾਂਦਾ ਹੈ ਕਿ ਇੰਨ੍ਹਾਂ ਦੋਵਾਂ ਹੀ ਘਟਨਾਵਾਂ 'ਚ ਹਿਡਮਾ ਦਾ ਹੱਥ ਸੀ।

ਹਿਡਮਾ ਨੇ ਬੰਦੂਕ ਬਹੁਤ ਘੱਟ ਹੀ ਆਪਣੇ ਹੱਥ 'ਚ ਲਈ

ਇੱਕ ਮਾਓਵਾਦੀ ਜੋ ਕਿ ਸਾਲ 2011 ਦੇ ਆਸ-ਪਾਸ ਮਾਓਵਾਦੀ ਪਾਰਟੀ ਦਾ ਮੈਂਬਰ ਸੀ ਅਤੇ ਬਾਅਦ 'ਚ ਪਤਾ ਲੱਗਿਆ ਕਿ ਪਾਰਟੀ 'ਚ ਹਿਡਮਾ ਦੇ ਬਾਰੇ 'ਚ ਦਿਲਚਸਪ ਚਰਚਾ ਹੋਈ ਸੀ।

"ਇਹ ਉਸ ਦੀ ਹਮਲਾਵਰ ਲੜਾਈ ਕਰਨ ਦੀ ਸ਼ੈਲੀ ਬਾਰੇ ਸੀ। ਹਾਲਾਂਕਿ ਹਿਡਮਾ ਨੇ ਕਈ ਖੇਤਰ ਪੱਧਰੀ ਲੜਾਈਆਂ 'ਚ ਹਿੱਸਾ ਲਿਆ, ਪਰ ਉਸ ਨੇ ਬਹੁਤ ਘੱਟ ਗੋਲੀਆਂ ਚਲਾਈਆਂ। ਪਰ ਉਹ ਦੂਜੇ ਮਾਓਵਾਦੀਆਂ ਦੀ ਅਗਵਾਈ ਜ਼ਰੂਰ ਕਰਦਾ ਅਤੇ ਉਨ੍ਹਾਂ ਦੇ ਨਾਲ ਅੱਗੇ ਵੀ ਵੱਧਦਾ।"

"ਭਾਵੇਂ ਕਿ ਉਹ ਆਪਣੀ ਬੰਦੂਕ ਦੀ ਬਹੁਤ ਘੱਟ ਵਰਤੋਂ ਕਰਦਾ ਹੈ ਪਰ ਫਿਰ ਵੀ ਉਸ ਦੀ ਅਗਵਾਈ 'ਚ ਮਾਓਵਾਦੀ ਟੀਮ ਬਹੁਤ ਹੀ ਸਰਗਰਮੀ ਨਾਲ ਆਪਣੀ ਯੋਜਨਾ ਨੂੰ ਅੰਜਾਮ ਦਿੰਦੀ ਹੈ। ਉਹ ਕਦੇ ਵੀ ਜੰਗ ਦੇ ਮੈਦਾਨ ਤੋਂ ਦੂਰ ਨਹੀਂ ਰਹਿੰਦਾ ਹੈ। ਉਹ ਆਪਣੇ ਸਾਥੀਆਂ ਦੇ ਨਾਲ ਰਹਿ ਕੇ ਹੀ ਉਨ੍ਹਾਂ ਦੀ ਹੌਂਸਲਾ ਹਫ਼ਜ਼ਾਈ ਕਰਦਾ ਹੈ।"

"ਇੱਕ ਹੋਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਉਹ ਕਈ ਮੁਕਾਬਲਿਆਂ 'ਚ ਮੌਜੂਦ ਰਿਹਾ ਹੈ, ਪਰ ਉਹ ਕਦੇ ਵੀ ਜ਼ਖਮੀ ਨਹੀਂ ਹੋਇਆ ਹੈ। ਮੈਨੂੰ ਨਹੀਂ ਲੱਗਦਾ ਕਿ 2012 ਤੋਂ ਬਾਅਦ ਉਸ ਨੂੰ ਕਦੇ ਕੋਈ ਸੱਟ ਲੱਗੀ ਹੋਵੇ।"

ਮਾਓਵਾਦੀ ਵੱਜੋਂ ਇੱਕ ਲੰਬਾ ਸਫ਼ਰ

ਪਿਛਲੇ ਸਮੇਂ ਕਈ ਪ੍ਰਭਾਵਸ਼ਾਲੀ ਅਤੇ ਮਜ਼ਬੂਤ ਨਕਸਲਵਾਦੀਆਂ ਦੇ ਨਾਂਅ ਸਾਹਮਣੇ ਆਏ ਹਨ।

ਮਾਓਵਾਦੀ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਲੋਕਾਂ ਦਾ ਕਹਿਣਾ ਹੈ ਕਿ ਇਹ ਹਿਡਮਾ ਹੀ ਹੈ, ਜਿਸ ਨੇ ਮਾਓਵਾਦੀਆਂ ਨੂੰ ਬਾਰੂਦੀ ਸੁਰੰਗਾਂ ਤੋਂ ਬੰਦੂਕਾਂ ਵੱਲ ਮੋੜਿਆ ਹੈ

ਪਰ ਉਨ੍ਹਾਂ ਸਾਰਿਆਂ ਨੇ ਬਹੁਤ ਹੀ ਜਲਦਬਾਜ਼ੀ ਨਾਲ ਪੁਲਿਸ 'ਤੇ ਹਮਲਾ ਕੀਤਾ। ਪਰ ਇੰਨ੍ਹਾਂ ਸਾਰਿਆਂ ਨਾਲੋਂ ਹਿਡਮਾ ਦੇ ਸਰਗਰਮ ਰਹਿਣ ਦੀ ਮਿਆਦ ਵਧੇਰੇ ਹੈ।

ਮਾਓਵਾਦੀ ਹਿੰਮਤ ਵਾਲੇ ਮੰਨੇ ਜਾਂਦੇ ਹਨ, ਪਰ ਉਹ ਆਪਣੀ ਮੂਰਖਤਾ ਜਾਂ ਫਿਰ ਜਲਦਬਾਜ਼ੀ ਦੇ ਚੱਕਰ 'ਚ ਜ਼ਿਆਦਾ ਸਮਾਂ ਹੋਂਦ 'ਚ ਨਹੀਂ ਰਹਿ ਪਾਉਂਦੇ ਹਨ। ਜਾਂ ਤਾਂ ਉਹ ਮਾਰੇ ਜਾਂਦੇ ਹਨ ਜਾਂ ਫਿਰ ਆਤਮ ਸਮਰਪਣ ਕਰ ਦਿੰਦੇ ਹਨ।

ਪਰ ਹਿਡਮਾ ਇੰਨ੍ਹਾਂ ਵਰਗਾ ਨਹੀਂ ਹੈ। ਉਹ ਖੇਤਰੀ ਪੱਧਰ 'ਤੇ ਸਰਗਰਮ ਰਿਹਾ ਹੈ। ਕਈ ਪੁਲਿਸ ਮੁਲਾਜ਼ਮਾਂ ਨੇ ਪੁਸ਼ਟੀ ਕੀਤੀ ਹੈ ਕਿ ਤਾਜ਼ਾ ਘਟਨਾ 'ਚ ਹਿਡਮਾ ਵਿਅਕਤੀਗਤ ਤੌਰ 'ਤੇ ਮੌਜੂਦ ਸੀ।

ਕਈ ਪੁਲਿਸ ਅਧਿਕਾਰੀਆਂ ਨੇ ਬੀਬੀਸੀ ਨੂੰ ਜਾਣਕਾਰੀ ਦਿੱਤੀ ਕਿ ਹਿਡਮਾ ਤੋਂ ਇਲਾਵਾ, ਕੇਂਦਰੀ ਮਿਲਟਰੀ ਕਮਿਸ਼ਨ ਦੇ ਮੁਖੀ ਦੇਵ ਜੀ, ਤੇਲੰਗਾਨਾ ਕਮੇਟੀ ਦੇ ਸਕੱਤਰ ਹਰੀਭੂਸ਼ਣ ਵੀ ਸ਼ਨੀਵਾਰ ਦੇ ਮੁਕਾਬਲੇ 'ਚ ਮੌਜੂਦ ਸਨ।

ਸਥਾਨਕ ਲੋਕਾਂ ਲਈ ਰੱਬ

ਜੋ ਸਥਾਨਕ ਲੋਕ ਹਿਡਮਾ ਨੂੰ ਰੱਬ ਨਾਲੋਂ ਘੱਟ ਨਹੀਂ ਮੰਨਦੇ, ਉਨ੍ਹਾਂ ਨੇ ਇੱਕ ਸਥਾਨਕ ਪੱਤਰਕਾਰ, ਜਿਸ ਨੇ ਕਿ ਦੰਡਕਰਾਣਿਆ ਤੋਂ ਬੀਬੀਸੀ ਲਈ ਇਹ ਖ਼ਬਰ ਕਵਰ ਕੀਤੀ ਹੈ, ਨੂੰ ਦੱਸਿਆ ਕਿ ਬਸਤਰ 'ਚ ਹਿਡਮਾ ਕਿਸੇ ਨਾਇਕ ਨਾਲੋਂ ਘੱਟ ਨਹੀਂ ਹੈ।

ਉਹ ਇੱਕ ਸਥਾਨਕ ਕਬੀਲੇ ਨਾਲ ਸੰਬੰਧ ਰੱਖਦਾ ਹੈ। ਉਹ ਸਥਾਨਕ ਲੋਕਾਂ ਨਾਲ ਮਿਲਦਾ-ਜੁਲਦਾ ਹੈ ਅਤੇ ਉਸ ਦੇ ਸਥਾਨਕ ਲੋਕਾਂ ਨਾਲ ਵਧੀਆ ਸਬੰਧ ਵੀ ਹਨ। ਸਥਾਨਕ ਨੌਜਵਾਨਾਂ ਲਈ ਉਹ ਇੱਕ ਨਾਇਕ ਹੈ।

"ਉਹ ਹਰ ਕਿਸੇ ਦੀ ਗੱਲ ਬਹੁਤ ਹੀ ਸਹਿਜ ਅਤੇ ਧਿਆਨ ਨਾਲ ਸੁਣਦਾ ਹੈ ਅਤੇ ਉਸ 'ਤੇ ਕਾਰਵਾਈ ਵੀ ਕਰਦਾ ਹੈ।"

ਉਸ ਨੇ ਅੱਗੇ ਕਿਹਾ, "ਇਹ ਕਹਿਣਾ ਗ਼ਲਤ ਹੋਵੇਗਾ ਕਿ ਹਿਡਮਾ ਨੇ ਵਿਦੇਸ਼ ਤੋਂ ਸਿਖਲਾਈ ਹਾਸਲ ਕੀਤੀ ਸੀ। ਜਿੱਥੋਂ ਤੱਕ ਕਿ ਮੈਂ ਜਾਣਦਾ ਹਾਂ, ਉਸ ਨੇ ਸ਼ਾਇਦ ਕਦੇ ਵੀ ਕੋਈ ਵੱਡਾ ਸ਼ਹਿਰ ਵੀ ਨਹੀਂ ਵੇਖਿਆ ਹੋਵੇਗਾ। ਉਹ ਕਦੇ ਵੀ ਬਸਤਰ ਜਾਂ ਦੰਡਕਾਰਣਿਆ ਖੇਤਰ ਤੋਂ ਬਾਹਰ ਵੀ ਨਹੀਂ ਗਿਆ ਹੋਵੇਗਾ। ਇਸ ਦਾ ਵੀ ਕੋਈ ਸਬੂਤ ਨਹੀਂ ਹੈ ਕਿ ਹਿਡਮਾ ਨੇ ਮੁੱਖ ਮਾਰਗਾਂ ਰਾਹੀਂ ਕਦੇ ਸਫ਼ਰ ਕੀਤਾ ਹੈ।"

ਫਿਲਹਾਲ ਹਿਡਮਾ 'ਤੇ 25 ਲੱਖ ਰੁਪਏ ਦਾ ਇਨਾਮ ਹੈ। ਸਤੰਬਰ 2010 'ਚ 'ਦ ਹਿੰਦੂ' ਅਖ਼ਬਾਰ 'ਚ ਲਿਖਿਆ ਗਿਆ ਸੀ ਕਿ ਹਿਡਮਾ ਪਾਰਟੀ ਦੀ ਕੇਂਦਰੀ ਕਮੇਟੀ ਦਾ ਮੈਂਬਰ ਬਣ ਗਿਆ ਹੈ, ਜੋ ਕਿ ਮਾਓਵਾਦੀ ਪਾਰਟੀ ਦੀ ਉੱਚ ਕਮੇਟੀ ਹੈ।

ਮਾਊਵਾਦੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਥਾਨਕ ਲੋਕ ਹਿਡਮਾ ਨੂੰ ਰੱਬ ਨਾਲੋਂ ਘੱਟ ਨਹੀਂ ਮੰਨਦੇ

ਪਰ ਇੱਕ ਪੁਲਿਸ ਖੁਫੀਆ ਅਧਿਕਾਰੀ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਅਜੇ ਤੱਕ ਕੇਂਦਰੀ ਕਮੇਟੀ ਦਾ ਮੈਂਬਰ ਨਹੀਂ ਬਣਿਆ ਹੈ। ਇਹ ਸਪੱਸ਼ਟ ਨਹੀਂ ਹੈ ਕਿ ਉਹ ਕੇਂਦਰੀ ਕਮੇਟੀ 'ਚ ਹੈ ਜਾਂ ਫਿਰ ਨਹੀਂ।

ਮਾਓਵਾਦੀ ਪਾਰਟੀ ਦਾ ਢਾਂਚਾ ਕੀ ਹੈ?

ਮਾਓਵਾਦੀ ਪਾਰਟੀ 'ਚ ਮੁੱਖ ਤੌਰ 'ਤੇ ਤਿੰਨ ਵਿੰਗ ਹਨ-

  • ਪਹਿਲਾ ਵਿੰਗ: ਪਾਰਟੀ
  • ਦੂਜਾ ਵਿੰਗ: ਹਥਿਆਰਬੰਦ ਬਲ
  • ਤੀਜਾ: ਲੋਕਾਂ ਦੀ ਸਰਕਾਰ

ਪਾਰਟੀ: ਸੰਸਥਾਗਤ ਵਿਕਾਸ, ਸੁਸਾਇਟੀਆਂ ਦਾ ਗਠਨ, ਪਾਰਟੀ ਕਮੇਟੀ ਵੱਲੋਂ ਦਿਸ਼ਾ ਨਿਰਦੇਸ਼। ਪਾਰਟੀ ਉਨ੍ਹਾਂ ਲਈ ਸਰਵਉੱਚ ਸੰਸਥਾ ਹੈ।

ਪਾਰਟੀ ਦੀ ਕੇਂਦਰੀ ਕਮੇਟੀ ਅੰਤਿਮ ਫ਼ੈਸਲਾ ਲੈਂਦੀ ਹੈ। ਪਾਰਟੀ ਲਈ ਇੱਕ ਕੇਂਦਰੀ ਕਮੇਟੀ, ਰਾਜ ਕਮੇਟੀ ਅਤੇ ਜ਼ੋਨਲ ਕਮੇਟੀ ਹੁੰਦੀ ਹੈ।

ਪਾਰਟੀ ਦੀ ਸਰਕਾਰ ਅਤੇ ਪਾਰਟੀ ਦੇ ਹਥਿਆਰਬੰਦ ਵਿੰਗ ਵੀ ਪਾਰਟੀ ਦੀ ਕਮਾਨ ਹੇਠ ਕੰਮ ਕਰਦੇ ਹਨ।

ਆਰਮਡ ਵਿੰਗ: ਇਹ ਉਹ ਵਿੰਗ ਹੈ ਜੋ ਕਿ ਪੁਲਿਸ ਨਾਲ ਟੱਕਰ ਲੈਂਦਾ ਹੈ। ਹਾਂਲਾਕਿ ਹਰ ਮਾਓਵਾਦੀ ਬੰਦੂਕ ਚਲਾਉਣੀ ਜਾਣਦਾ ਹੈ, ਪਰ ਇਸ ਵਿੰਗ 'ਚ ਉਹ ਲੋਕ ਸ਼ਾਮਲ ਹੁੰਦੇ ਹਨ ਜੋ ਮੁੱਖ ਤੌਰ 'ਤੇ ਹਥਿਆਰਬੰਦ ਬਲ ਦੇ ਮੈਂਬਰ ਹੁੰਦੇ ਹਨ। ਇੰਨ੍ਹਾਂ ਨੂੰ ਪੀਐਲਜੀਏ ਜਾਂ ਪੀਪਲਜ਼ ਲਿਬਰੇਸ਼ਨ ਗੁਰੀਲਾ ਆਰਮੀ ਵੀ ਕਿਹਾ ਜਾਂਦਾ ਹੈ।

ਇਹ ਬਟਾਲੀਅਨਾਂ, ਖੇਤਰੀ ਸਮੂਹਾਂ ਅੰਦਰ ਹੁੰਦੀਆਂ ਹਨ ਜੋ ਕਿ ਕਮਾਂਡਰਾਂ ਦੀ ਅਗਵਾਈ ਅਤੇ ਪਾਰਟੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਕੰਮ ਕਰਦੇ ਹਨ।

ਜਨਤਾ ਸਰਕਾਰ: ਇਸ ਨੂੰ ਇਨਕਲਾਬੀ ਲੋਕ ਕਮੇਟੀ (ਰੇਵੋਲੂਸ਼ਨਰੀ ਪੀਪਲਜ਼ ਕਮੇਟੀ) ਕਿਹਾ ਜਾਂਦਾ ਹੈ। ਇਸ ਦੇ ਕਬਜੇ ਹੇਠ ਇਲਾਕੇ ਨੂੰ ਲਿਬਰੇਟਿਡ ਖੇਤਰ ਵੱਜੋਂ ਐਲਾਨਿਆ ਜਾਂਦਾ ਹੈ।

ਇੱਥੇ, ਉਹ ਸਰਕਾਰ ਦੀ ਤਰ੍ਹਾਂ ਹੀ ਸਭ ਕੁਝ ਪ੍ਰਬੰਧ ਕਰਦੇ ਹਨ। ਜੋ ਲੋਕ ਇਸ ਖੇਤਰ 'ਚ ਰਹਿੰਦੇ ਹਨ ਉਨ੍ਹਾਂ ਨੂੰ ਘੱਟੋ-ਘੱਟ ਮੈਡੀਕਲ ਦੇਖਰੇਖ, ਕੁਝ ਸਿੱਖਿਆ ਆਦਿ ਦਿੱਤੀ ਜਾਂਦੀ ਹੈ ਅਤੇ ਇਸ ਦੇ ਨਾਲ ਹੀ ਖੇਤੀਬਾੜੀ ਬਾਰੇ ਵੀ ਸਲਾਹ ਮਸ਼ਵਰਾ ਦਿੱਤਾ ਜਾਂਦਾ ਹੈ।

ਖਾਸ ਕਰਕੇ ਆਦਿਵਾਸੀਆਂ ਨੂੰ ਮਲੇਰੀਆ, ਦਸਤ ਵਰਗੀਆਂ ਬਿਮਾਰੀਆਂ ਤੋਂ ਬਚਾਅ ਲਈ ਡਾਕਟਰੀ ਦੇਖਭਾਲ ਪ੍ਰਦਾਨ ਕੀਤੀ ਜਾਂਦੀ ਹੈ।

ਇਸ ਸਮੇਂ ਮਾਓਵਾਦੀ ਭਾਵ ਇੰਡੀਅਨ ਕਮਿਊਨਿਸਟ ਪਾਰਟੀ ਮਾਓਵਾਦੀ ਸੈਂਟਰਲ ਕਮੇਟੀ ਲਈ ਨੰਬਾਲਾ ਕੇਸਾਵਾ ਰਾਓ, ਜੋ ਕਿ ਤੇਲੁਗੂ ਵਿਅਕਤੀ ਹੈ, ਉਹ ਮੁੱਖ ਸਕੱਤਰ ਵੱਜੋਂ ਸੇਵਾਵਾਂ ਨਿਭਾ ਰਿਹਾ ਹੈ।

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)