ਮਾਓਵਾਦੀਆਂ ਵਿਚਾਲੇ ਕਈ ਰਾਤਾਂ 'ਨੀਂਦ 'ਚ ਚੱਲਣ' ਵਾਲੀ ਲੰਡਨ ਦੀ ਪ੍ਰੋਫੈਸਰ ਦਾ ਤਜ਼ਰਬਾ

ਬੰਦੂਕਾਂ ਦੇ ਨਾਲ ਮਾਓਵਾਦੀ ਗੁਰੀਲੇ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬੰਦੂਕਾਂ ਦੇ ਨਾਲ ਮਾਓਵਾਦੀ ਗੁਰੀਲੇ

ਭਾਰਤ ਅਤੇ ਮਾਓਵਾਦੀਆਂ ਦੇ ਸੰਘਰਸ਼ ਦੌਰਾਨ ਹਜ਼ਾਰਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਮਾਓਵਾਦੀ ਗੁਰੀਲਿਆਂ ਨੇ ਲੋਕਤੰਤਰ ਨੂੰ ਠੁਕਰਾ ਕੇ ਹਥਿਆਰਾਂ ਦਾ ਰਸਤਾ ਕਿਉਂ ਚੁਣਿਆ, ਇਹ ਸਮਝਣ ਲਈ ਅਲਪਾ ਸ਼ਾਹ ਮਾਓਵਾਦੀ ਗੜ੍ਹ ਕਹੇ ਜਾਣ ਵਾਲੇ ਇੱਕ ਇਲਾਕੇ ਵਿੱਚ ਆਦਿਵਾਸੀਆਂ ਵਿਚਾਲੇ ਡੇਢ ਸਾਲ ਤੱਕ ਰਹੀ। ਪੜ੍ਹੋ ਉਨ੍ਹਾਂ ਦਾ ਨਜ਼ਰੀਆ:

ਡਰ ਦੇ ਨਾਲ ਅਸੀਂ ਚੌਲਾਂ ਦੇ ਖੇਤਾਂ ਦੇ ਵਿੱਚੋਂ ਜੰਗਲ ਦੇ ਸੁਰੱਖਿਅਤ ਇਲਾਕਿਆਂ ਵੱਲ ਵੱਧ ਰਹੇ ਸੀ। ਮੈਂ ਕਿਸੇ ਵੀ ਤਰ੍ਹਾਂ ਆਪਣੀਆਂ ਅੱਖਾਂ ਖੁੱਲ੍ਹੀਆਂ ਰੱਖਣ ਦੀ ਕੋਸ਼ਿਸ਼ ਕਰ ਰਹੀ ਸੀ। ਸਾਡੇ ਕੋਲ ਰੋਸ਼ਨੀ ਦੇ ਨਾਮ 'ਤੇ ਇੱਕ ਟੌਰਚ ਤੱਕ ਨਹੀਂ ਸੀ।

ਇਹ ਵੀ ਪੜ੍ਹੋ:

ਮੈਂ ਭਾਰਤ ਦੇ ਮਾਓਵਾਦੀ ਗੁਰੀਲਿਆਂ ਦੀ ਇੱਕ ਟੁੱਕੜੀ ਦੇ ਨਾਲ ਸੀ। ਇਹ ਲੋਕ ਦਾਅਵਾ ਕਰਦੇ ਹਨ ਕਿ ਉਹ ਆਦਿਵਾਸੀਆਂ ਅਤੇ ਦਿਹਾਤੀ ਗ਼ਰੀਬਾਂ ਦੇ ਹੱਕ ਲਈ ਲੜ ਰਹੇ ਹਨ।

ਇਹ ਇਨ੍ਹਾਂ ਗੁਰੀਲਿਆਂ ਦੇ ਨਾਲ ਮੇਰੀ ਸੱਤਵੀਂ ਰਾਤ ਸੀ। ਅਸੀਂ ਇਕੱਠੇ ਹਰ ਰਾਤ 30 ਕਿੱਲੋਮੀਟਰ ਚੱਲ ਰਹੇ ਸੀ। ਉਹ ਹਨੇਰਾ ਹੋਣ ਕਾਰਨ ਆਪਣੀ ਥਾਂ ਬਦਲ ਰਹੇ ਸਨ ਕਿਉਂਕਿ ਸੁਰੱਖਿਆ ਬਲਾਂ ਨੇ ਦਿਨ ਦੇ ਸਮੇਂ ਆਪਣੀ ਗਸ਼ਤ ਵਧਾ ਦਿੱਤੀ ਸੀ।

ਮੇਰਾ ਸਰੀਰ ਥਕਾਵਟ ਨਾਲ ਪੂਰੀ ਤਰ੍ਹਾਂ ਟੁੱਟ ਚੁੱਕਾ ਸੀ। ਮੇਰੇ ਮੋਢੇ ਮੈਨੂੰ ਇੱਕ ਭਾਰੀ ਬੋਝ ਦੀ ਤਰ੍ਹਾਂ ਮਹਿਸੂਸ ਹੋ ਰਹੇ ਸਨ। ਪੈਰ ਸੁੰਨ ਹੋ ਚੁੱਕੇ ਸਨ।

ਮੇਰੀ ਧੌਣ ਵਿੱਚ ਝਟਕਾ ਲੱਗ ਚੁੱਕਿਆ ਸੀ। ਚੱਲਦੇ-ਚੱਲਦੇ ਮੇਰੀ ਅੱਖ ਲੱਗ ਗਈ ਸੀ ਅਤੇ ਇੱਕ ਝਟਕੇ ਨਾਲ ਹੀ ਮੇਰੀ ਨੀਂਦ ਟੁੱਟ ਗਈ। ਮੇਰਾ ਦਿਮਾਗ ਮੇਰੇ ਪੈਰ ਵਿੱਚ ਹੋ ਰਹੀਆਂ ਹਰਕਤਾਂ ਤੋਂ ਬਿਲਕੁਲ ਬੇਖ਼ਬਰ ਸੀ। ਮੇਰੇ ਪੈਰ ਲੜਖੜਾ ਗਏ ਅਤੇ ਮੇਰੀ ਧੌਣ ਵਿੱਚ ਫਿਰ ਝਟਕਾ ਲੱਗਿਆ।

ਗੁਰੀਲੇ ਇਸ ਨੂੰ 'ਨੀਂਦ ਵਿੱਚ ਚੱਲਣਾ' ਕਹਿੰਦੇ ਹਨ। ਮੈਂ ਦੇਖਿਆ ਕਿ ਉਹ ਸਾਰੇ ਇਸ ਵਿੱਚ ਸਮਰੱਥ ਹਨ। ਇੱਕ ਮਨੁੱਖੀ ਵਿਗਿਆਨੀ ਦੇ ਤੌਰ 'ਤੇ ਪਿਛਲੇ ਡੇਢ ਸਾਲ ਤੋਂ ਮੈਂ ਝਾਰਖੰਡ ਵਿੱਚ ਆਦਿਵਾਸੀਆਂ ਵਿਚਕਾਰ ਰਹਿ ਰਹੀ ਸੀ।

ਇਹ ਸਮਝਣ ਦੀ ਕੋਸ਼ਿਸ਼ ਕਰਨਾ ਚਾਹੁੰਦੀ ਸੀ ਕਿ ਕਿਉਂ ਭਾਰਤ ਦੇ ਕੁਝ ਗ਼ਰੀਬਾਂ ਨੇ ਸਭ ਤੋਂ ਵੱਡੇ ਲੋਕੰਤਤਰ ਨੂੰ ਛੱਡ ਕੇ ਇੱਕ ਚੰਗਾ ਸਮਾਜ ਬਣਾਉਣ ਲਈ ਹਥਿਆਰਾਂ ਦਾ ਰਾਹ ਚੁਣਿਆ ਹੈ। ਇਹ ਫਰਵਰੀ 2010 ਦੀ ਗੱਲ ਹੈ, ਜਦੋਂ ਮੇਰੀ ਖੋਜ ਖ਼ਤਮ ਹੋਈ ਸੀ ਅਤੇ ਮੈਂ ਇਸ ਨਾਈਟਮਾਰਚ ਵਿੱਚ ਸ਼ਾਮਲ ਹੋਈ।

ਮਾਓਵਾਦੀ, ਨਕਸਲੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਾਓਵਾਦੀ ਹਮਲੇ ਵਿੱਚ ਮਾਰੇ ਗਏ ਆਪਣੇ ਇੱਕ ਸਾਥੀ ਦੀ ਮ੍ਰਿਤਕ ਦੇਹ ਲਿਜਾਉਂਦੇ ਭਾਰਤੀ ਫੌਜੀ

ਛੇਤੀ ਹੀ ਮੈਂ ਲੰਡਨ ਵਾਪਿਸ ਆਉਣ ਵਾਲੀ ਸੀ, ਪਰ ਇਨ੍ਹਾਂ ਲੋਕਾਂ ਦੀ ਮੁਸ਼ਕਿਲ ਜ਼ਿੰਦਗੀ ਇਸੇ ਤਰ੍ਹਾਂ ਚੱਲਦੀ ਰਹਿਣ ਵਾਲੀ ਸੀ। ਸੁਰੱਖਿਆ ਬਲਾਂ ਤੋਂ ਬਚਣ ਲਈ ਸਾਲ-ਦਰ-ਸਾਲ ਉਹ ਥਾਂ ਬਦਲਦੇ ਰਹਿੰਦੇ ਅਤੇ ਜੰਗਲ ਦੇ ਕਿਸੇ ਹਿੱਸੇ ਵਿੱਚ ਕੁਝ ਦਿਨ ਤੋਂ ਵੱਧ ਨਹੀਂ ਸੌਂਦੇ।

'ਕਮਿਊਨਿਸਟ ਸਮਾਜ' ਦੀ ਸਥਾਪਨਾ ਲਈ ਸੰਘਰਸ਼

ਪਿਛਲੇ 50 ਸਾਲਾਂ ਤੋਂ ਮਾਓਵਾਦੀ ਗੁਰੀਲਾ ਕਮਿਊਨਿਸਟ ਸਮਾਜ ਦੀ ਸਥਾਪਨਾ ਲਈ ਭਾਰਤ ਦੇ ਖ਼ਿਲਾਫ਼ ਲੜ ਰਹੇ ਹਨ।

ਇਸ ਸੰਘਰਸ਼ ਵਿੱਚ ਹੁਣ ਤੱਕ 40 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। 1967 ਵਿੱਚ ਨਕਸਲਬਾੜੀ ਨਾਮ ਦੇ ਪਿੰਡ ਤੋਂ ਸ਼ੁਰੂ ਹੋਏ ਖੱਬੇ ਪੱਖੀ ਅੰਦੋਲਨ ਦੇ ਕਾਰਨ ਇਨ੍ਹਾਂ ਗੁਰੀਲਿਆਂ ਨੂੰ ਨਕਸਲੀ ਵੀ ਕਿਹਾ ਜਾਂਦਾ ਹੈ।

ਹਾਲਾਂਕਿ ਇਹ ਅੰਦੋਲਨ ਕੁਝ ਸਮੇਂ ਬਾਅਦ ਖ਼ਤਮ ਹੋ ਗਿਆ ਸੀ। ਪਰ ਮਾਓਵਾਦੀਆਂ ਨੇ ਮੁੜ ਗੁੱਟ ਬਣਾਏ ਅਤੇ ਮੱਧ ਤੇ ਪੂਰਬੀ ਭਾਰਤ ਦੇ ਕੁਝ ਇਲਾਕਿਆਂ 'ਤੇ ਕਬਜ਼ਾ ਕਰ ਲਿਆ।

ਇਹ ਵੀ ਪੜ੍ਹੋ:

ਇਸ ਅੰਦੋਲਨ ਵਿੱਚ ਮਾਰਕਸਵਾਦੀ ਵਿਚਾਰਾਂ ਤੋਂ ਲੈ ਕੇ ਗ਼ਰੀਬੀ, ਪੱਛੜੀਆਂ ਜਾਤਾਂ ਦੇ ਲੋਕ ਅਤੇ ਆਦਿਵਾਸੀ ਲੜਾਕੇ ਵੀ ਸ਼ਾਮਲ ਹਨ ਅਤੇ ਉਹ ਸਾਰੇ ਮਿਲ ਕੇ ਉਸ ਪ੍ਰਬੰਧ ਨੂੰ ਖ਼ਤਮ ਕਰ ਦੇਣਾ ਚਾਹੁੰਦੇ ਹਨ, ਜਿਸ ਨੂੰ ਉਹ 'ਅਰਧ-ਸਾਮੰਤੀ ਪ੍ਰਬੰਧ' ਕਹਿੰਦੇ ਹਨ। ਪਰ ਭਾਰਤ ਸਰਕਾਰ ਉਨ੍ਹਾਂ ਨੂੰ 'ਅੱਤਵਾਦੀ ਗੁੱਟ' ਮੰਨਦੀ ਹੈ।

2010 ਵਿੱਚ ਅਸੀਂ ਬਿਹਾਰ ਦੇ ਜੰਗਲਾਂ ਵਿੱਚ ਹੋਈ ਇੱਕ ਅੰਡਰਗ੍ਰਾਊਂਡ ਗੁਰੀਲਾ ਕਾਨਫਰੰਸ ਤੋਂ ਝਾਰਖੰਡ ਵਿੱਚ ਹੋਣ ਵਾਲੀ ਇੱਕ ਕਾਨਫਰੰਸ ਲਈ ਜਾ ਰਹੇ ਸੀ।

ਮਾਓਵਾਦੀ, ਨਕਸਲੀ, ਆਦਿਵਾਸੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇੱਕ ਆਦਿਵਾਸੀ ਔਰਤ ਮਹੁਏ ਦੇ ਫੁੱਲ ਇਕੱਠੇ ਕਰ ਰਹੀ ਹੈ, ਇਨ੍ਹਾਂ ਫੁੱਲਾਂ ਨਾਲ ਮਹੁਲੀ ਨਾਮਕ ਸ਼ਰਾਬ ਬਣਾਈ ਜਾਂਦੀ ਹੈ

ਭਾਰਤ ਦੇ ਸ਼ਹਿਰਾਂ ਦੀਆਂ ਉੱਚੀਆਂ ਅਤੇ ਚਮਕਦਾਰ ਇਮਾਰਤਾਂ ਦੇ ਮੁਕਾਬਲੇ ਕਾਨਫਰੰਸ ਦੇ ਕੈਂਪ ਬਿਲਕੁਲ ਵੱਖਰੇ ਸਨ, ਪਰ ਪ੍ਰਭਾਵਿਤ ਕਰਦੇ ਸਨ। ਉਨ੍ਹਾਂ ਰਸਤਿਆਂ ਤੋਂ ਹੋ ਕੇ ਜਿਨ੍ਹਾਂ 'ਤੇ ਸਤਰੰਗੀ ਪੀਂਘ ਦਿਖਾਈ ਦੇ ਰਹੀ ਸੀ, ਅਸੀਂ ਕੈਂਪ ਤੱਕ ਪਹੁੰਚੇ।

ਉੱਥੇ ਗੁਰੀਲਿਆਂ ਲਈ ਕਮਰੇ ਸਨ, ਇੱਕ ਕਾਨਫਰੰਸ ਰੂਮ ਸੀ। ਇੱਕ ਮੈਡੀਕਲ ਟੈਂਟ, ਇੱਕ ਟੇਲਰ ਟੈਂਟ, ਇੱਕ ਕੰਪਿਊਟਰ ਰੂਮ ਅਤੇ ਇੱਕ ਰਸੋਈ ਸੀ।

ਟੁਆਇਲਟ ਚਾਰੇ ਪਾਸਿਆਂ ਤੋਂ ਢੱਕੇ ਹੋਏ ਸਨ, ਜਦਕਿ ਆਲੇ-ਦੁਆਲੇ ਦੇ ਪਿੰਡਾਂ ਵਿੱਚ ਟੁਆਇਲਟ ਵੀ ਨਹੀਂ ਸਨ। ਅਜਿਹੇ ਖੁਫ਼ੀਆ ਸ਼ਹਿਰ ਬਿਨਾਂ ਨਿਸ਼ਾਨ ਛੱਡੇ ਦੋ ਘੰਟੇ ਦੇ ਅੰਦਰ ਗਾਇਬ ਕੀਤੇ ਜਾ ਸਕਦੇ ਸੀ।

ਜਾਤ ਅਤੇ ਵਰਗ ਆਜ਼ਾਦ ਸਮਾਜ ਦੀ ਝਲਕ

ਗੁਰੀਲਾ ਫੌਜਾਂ ਦੀ ਜ਼ਿੰਦਗੀ ਭਾਰਤੀ ਸਮਾਜ ਵਿੱਚ ਸੰਪੂਰਨ ਸਮਾਜਿਕ ਵਰਗੀਕਰਣ ਤੋਂ ਵੱਖ ਸੀ। ਇੱਕ ਛੋਟੀ ਜਿਹੀ ਜਾਤਹੀਨ ਅਤੇ ਵਰਗਹੀਣ ਦੁਨੀਆਂ ਸੀ, ਜਿਵੇਂ ਆਦਰਸ਼ਵਾਦੀ ਸਮਾਜ ਉਹ ਬਣਾਉਣਾ ਚਾਹੁੰਦੇ ਹਨ।

ਮਤਭੇਦ ਮਿਟਾਉਣਾ ਜ਼ਰੂਰੀ ਸੀ। ਲਿੰਗੀ ਅਸਮਾਨਤਾ ਨੂੰ ਦੂਰ ਕਰਨਾ ਸੀ, ਮਾਨਸਿਕ ਅਤੇ ਦਸਤੀ ਮਜ਼ਦੂਰੀ ਵਿਚਾਲੇ ਭੇਦ ਮਿਟਾਇਆ ਜਾਣਾ ਸੀ। ਹਰੇਕ ਵਿਅਕਤੀ 'ਕਾਮਰੇਡ' ਸੀ ਅਤੇ ਉਸ ਨੇ ਆਪਣੀ ਜਾਤੀਗਤ ਅਤੇ ਵਰਗੀ ਪਛਾਣ ਤੋਂ ਵੱਖ ਇੱਕ ਨਵੇਂ ਨਾਮ ਨਾਲ ਮੁੜ ਜਨਮ ਲਿਆ ਸੀ।

ਖਾਣ ਬਣਾਉਣ ਦੀ ਡਿਊਟੀ ਮਰਦ ਅਤੇ ਔਰਤਾਂ ਦੋਵਾਂ ਦੀ ਲਗਦੀ ਸੀ। ਨੀਵੇਂ ਪੱਧਰ ਦੇ ਕਾਡਰ ਨੂੰ ਸਿੱਖਣ ਲਈ ਛੱਡ ਦਿੱਤਾ ਜਾਂਦਾ ਸੀ ਅਤੇ ਵੱਡੇ ਲੀਡਰ ਟਾਇਲਟ ਟੋਆ ਪੁੱਟਦੇ ਸਨ।

ਪਰ ਸਮੇਂ ਦੇ ਨਾਲ ਇਹ ਮਾਓਵਾਦੀ ਇੱਕ ਔਸਤ ਫੌਜ ਬਣ ਕੇ ਰਹਿ ਗਏ। ਉਨ੍ਹਾਂ ਨੇ ਖ਼ੁਦ ਨੂੰ ਜਿਉਂਦਾ ਰੱਖਣ ਲਈ ਫੌਜੀ ਰਣਨੀਤੀ 'ਤੇ ਜ਼ੋਰ ਦਿੱਤਾ ਅਤੇ ਸਮਾਜਿਕ ਨਿਆਂ ਦੀ ਲੜਾਈ ਨੂੰ ਮੁੱਖ ਰੱਖਿਆ ਗਿਆ।

Uttar Pradesh, Naxal, forest

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਉੱਤਰ ਪ੍ਰਦੇਸ਼ ਦੇ ਸੋਨਭਦਰ ਜ਼ਿਲ੍ਹੇ ਦੇ ਇੱਕ ਜੰਗਲ ਵਿੱਚ ਨਕਸਲੀਆਂ ਦੀ ਭਾਲ ਕਰਦੇ ਭਾਰਤੀ ਸੁਰੱਖਿਆ ਕਰਮੀ

ਅੱਜ ਗੁਰੀਲਿਆਂ ਦੇ ਗੜ੍ਹ ਵਾਲੇ ਇਲਾਕੇ ਸੁਰੱਖਿਆ ਬਲਾਂ ਦੀਆਂ ਅਜਿਹੀਆਂ ਟੀਮਾਂ ਨਾਲ ਘਿਰੇ ਹੋਏ ਹਨ ਜਿਨ੍ਹਾਂ ਦੇ ਝਾਰਖੰਡ ਜਗੁਆਰਸ, ਕੋਬਰਾ ਅਤੇ ਗ੍ਰੇਹਾਉਂਡਸ ਵਰਗੇ ਨਾਮ ਹਨ। ਉਨ੍ਹਾਂ ਨੂੰ ਗੁਰੀਲਿਆਂ ਨਾਲ ਜੰਗਲ ਵਿੱਚ ਲੜਾਈ ਲਈ ਹੀ ਖ਼ਾਸ ਤੌਰ 'ਤੇ ਟ੍ਰੇਨਿੰਗ ਦਿੱਤੀ ਗਈ ਹੈ।

ਮਨੁੱਖੀ ਅਧਿਕਾਰ ਕਾਰਕੁਨ ਇਲਜ਼ਾਮ ਲਗਾਉਂਦੇ ਹਨ ਕਿ ਸੁਰੱਖਿਆ ਬਲਾਂ ਦੀ ਇਸ ਮੁਹਿੰਮ ਦਾ ਮਕਸਦ ਉੱਥੋਂ ਆਦਿਵਾਸੀ ਲੜਾਕਿਆਂ ਨੂੰ ਹਟਾਉਣਾ ਹੈ ਤਾਂ ਜੋ ਨਿੱਜੀ ਕੰਪਨੀਆਂ ਲਈ ਕੋਲਾ, ਲੋਹਾ ਅਤੇ ਬੌਕਸਾਈਟ ਦੇ ਖਨਨ ਦਾ ਰਾਹ ਸਾਫ਼ ਕੀਤਾ ਜਾ ਸਕੇ।

ਕਈ ਭਾਰਤੀ ਅਤੇ ਮਲਟੀਨੈਸ਼ਨਲ ਕੰਪਨੀਆਂ ਨੂੰ ਖਨਣ ਅਤੇ ਬਾਕੀ ਲਾਇਸੈਂਸ ਦਿੱਤੇ ਗਏ ਹਨ। ਪਰ ਜੰਗਲਾਂ ਦੀ ਰਾਖੀ ਕਰਨ ਵਾਲੇ ਪੁਰਾਣੇ ਕਾਨੂੰਨ ਅਤੇ ਆਦਿਵਾਸੀਆਂ ਦੀਆਂ ਜ਼ਮੀਨਾਂ ਉਨ੍ਹਾਂ ਦੇ ਰਾਹ ਵਿੱਚ ਰੋੜਾ ਬਣੇ ਹੋਏ ਹਨ।

ਗੁਰੀਲਿਆਂ ਨੇ ਪੁਲਿਸ ਤੋਂ ਚੋਰੀ ਹਾਸਲ ਕੀਤੀਆਂ ਗਈਆਂ ਅਤੇ ਬਾਰੂਦੀ ਸੁਰੰਗਾ ਦੇ ਬਲਬੂਤੇ 'ਤੇ ਆਪਣਾ ਕਬਜ਼ਾ ਕੀਤਾ ਹੋਇਆ ਹੈ। ਉਹ ਕੈਮਰੇ ਅਤੇ ਫਲੈਸ਼ ਦੀ ਵਰਤੋਂ ਨਾਲ ਡੇਟੋਨੇਟਰ ਅਤੇ ਗਊ-ਮੂਤਰ ਤੋਂ ਵਿਸਫੋਟਕ ਬਣਾਉਣ ਦਾ ਦਾਅਵਾ ਕਰਦੇ ਹਨ।

ਇਹ ਵੀ ਪੜ੍ਹੋ:

ਪਰ ਉਹ ਹੁਣ ਗਿਣਤੀ ਵਿੱਚ ਦਸ ਹਜ਼ਾਰ ਤੋਂ ਵੀ ਘੱਟ ਹਨ ਅਤੇ ਉਹ ਭਾਰਤ ਸਰਕਾਰ ਦੇ ਸੁਰੱਖਿਆ ਤੰਤਰ ਦੀ ਤਾਕਤ ਦਾ ਗੁੱਸਾ ਝੱਲ ਰਹੇ ਹਨ। ਇਸ ਲਈ ਉਨ੍ਹਾਂ ਦੀਆਂ ਗਤੀਵਿਧੀਆਂ ਬਹੁਤ ਸੀਮਤ ਰਹਿ ਗਈਆਂ ਹਨ।

ਭਾਰਤ ਦੇ ਆਦਿਵਾਸੀ ਇਲਾਕਿਆਂ ਵਿੱਚ ਹੁਣ ਸੜਕਾਂ ਅਤੇ ਬਿਜਲੀ ਦੀਆਂ ਤਾਰਾਂ ਪੁੱਜਣ ਲੱਗੀਆਂ ਹਨ। ਨਵੇਂ ਢਾਂਚੇ ਨੇ ਸੁਰੱਖਿਆ ਬਲਾਂ ਦੇ ਆਉਣ-ਜਾਣ ਦਾ ਰਾਹ ਸੌਖਾ ਕਰ ਦਿੱਤਾ ਹੈ।

ਸਾਊਥ ਏਸ਼ੀਆ ਟੈਰਰਿਸਟ ਪੋਰਟਲ ਦੇ ਮੁਤਾਬਕ ਪਿਛਲੇ 6 ਸਾਲਾਂ ਵਿੱਚ ਕਰੀਬ 6 ਹਜ਼ਾਰ ਕਥਿਤ ਨਕਸਲੀਆਂ ਨੇ ਆਤਮ-ਸਮਰਪਣ ਕੀਤਾ ਹੈ। ਪਰ ਮਨੁੱਖੀ ਅਧਿਕਾਰ ਕਾਰਕੁਨਾਂ ਮੁਤਾਬਕ ਇਨ੍ਹਾਂ ਵਿੱਚੋਂ ਬਹੁਤ ਸਾਰੇ ਲੋਕ ਆਦਿਵਾਸੀ ਸਨ ਜਿਨ੍ਹਾਂ ਨੂੰ ਪੁਲਿਸ ਨੇ ਜ਼ਬਰਦਸਤੀ ਨਕਸਲੀ ਸਾਬਤ ਕੀਤਾ।

ਇਕੱਲੇ ਝਾਰਖੰਡ ਵਿੱਚ ਹੀ ਕਰੀਬ 4000 ਆਦਿਵਾਸੀਆਂ 'ਤੇ ਨਕਸਲੀ ਹੋਣ ਦੇ ਇਲਜ਼ਾਮ ਲੱਗੇ ਹਨ, ਇਹ ਆਦਿਵਾਸੀ ਬਿਨਾਂ ਕਿਸੇ ਸੁਣਵਾਈ ਦੇ ਸਾਲਾਂ ਤੋਂ ਜੇਲ ਵਿੱਚ ਬੰਦ ਹਨ।

ਤਮਾਮ ਮੁਸ਼ਕਿਲਾਂ ਦੇ ਬਾਵਜੂਦ ਨਕਸਲੀ ਅੰਦੋਲਨ ਚਲਦਾ ਰਿਹਾ ਅਤੇ ਜਦੋਂ-ਜਦੋਂ ਸਰਕਾਰ ਨੇ ਸੋਚਿਆ ਕਿ ਇਹ ਖ਼ਤਮ ਹੋ ਗਿਆ ਹੈ ਉਦੋਂ-ਉਦੋਂ ਇਹ ਮੁੜ ਉਭਰ ਕੇ ਸਾਹਮਣੇ ਆਇਆ।

(ਅਲਪਾ ਸ਼ਾਹ ਲੰਡਨ ਸਕੂਲ ਆਫ਼ ਇਕੌਨੋਮਿਕਸ ਵਿੱਚ ਪ੍ਰੋਫੈਸਰ ਹਨ। ਉਨ੍ਹਾਂ ਨੇ ਹਾਲ ਹੀ ਵਿੱਚ ਆਦਿਵਾਸੀਆਂ 'ਤੇ ਇੱਕ ਕਿਤਾਬ ਲਿਖੀ ਹੈ ਜਿਸਦਾ ਨਾਮ ਹੈ ਨਾਈਟਮਾਰਚ: ਅਮੰਗ ਇੰਡੀਆਜ਼ਰੈਵੋਲਿਊਸ਼ਨਰੀ ਗੁਰੀਲਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)